ਸੁਖਨਿੰਦਰ ਕੌਰ
ਫੋਨ: 707-419-6040
ਸਭ ਤੋਂ ਪਹਿਲਾਂ ਜਿਹੜੀਆਂ ਬੱਚੀਆਂ ਪੜ੍ਹਾਈ, ਖੇਡਾਂ ਜਾਂ ਹੋਰ ਖੇਤਰਾਂ ਵਿਚ ਮੁੰਡਿਆਂ ਤੋਂ ਅੱਗੇ ਨਿਕਲ ਜਾਂਦੀਆਂ ਹਨ, ਉਹ ਵਧਾਈ ਦੀਆਂ ਪਾਤਰ ਹਨ। ਉਨ੍ਹਾਂ ਨੂੰ ਹੋਰ ਉਚੀਆਂ ਪ੍ਰਾਪਤੀਆਂ ਲਈ ਮਾਹੌਲ ਮਿਲਣਾ ਹੀ ਚਾਹੀਦਾ ਹੈ। ਅੱਜ ਕੋਈ ਵੀ ਖੇਤਰ ਅਜਿਹਾ ਨਹੀਂ, ਜਿਥੇ ਔਰਤ ਨੇ ਪ੍ਰਵੇਸ਼ ਨਾ ਕੀਤਾ ਹੋਵੇ। ਉਂਜ, ਪੁਰਸ਼ ਤੋਂ ਵੱਧ ਨਿਪੁੰਨ ਹੋਣ ਦੇ ਬਾਵਜੂਦ ਉਹ ਮਰਦ ਤੋਂ ਪਿਛੇ ਰਹਿ ਜਾਂਦੀਆਂ ਹਨ। ਮੁਲਕ ਦੀਆਂ ਸੜਕਾਂ ‘ਤੇ ਉਹ ਬੇ-ਫਿਕਰ ਘੁੰਮ-ਫਿਰ ਨਹੀਂ ਸਕਦੀਆਂ।
ਉਨ੍ਹਾਂ ਦੀ ਲਿਆਕਤ ਮੁਤਾਬਕ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਨਹੀਂ ਦਿੱਤਾ ਜਾਂਦਾ। ਅਖਬਾਰਾਂ ਵਿਚ ਇੱਜਤ ਲਈ ਕੀਤੇ ਜਾ ਰਹੇ ਕਤਲਾਂ ਦੀਆਂ ਖਬਰਾਂ ਰੋਜ਼ ਛਪਦੀਆਂ ਹਨ। ਸਕੂਲਾਂ-ਕਾਲਜਾਂ ਜਾਂ ਕੰਮ ਵਾਲੀਆਂ ਥਾਂਵਾਂ ‘ਤੇ ਉਹ ਮਰਦ ਵਾਂਗ ਸੁਤੰਤਰ ਨਹੀਂ। ਪੱਛਮੀ ਦੁਨੀਆਂ ਦੀ ਰੀਸੇ ਉਸ ਨੂੰ ਆਜ਼ਾਦੀ ਦੇ ਨਾਂ ‘ਤੇ ਮਹਿਜ਼ ਗਲੈਮਰ ਬਣਾ ਕੇ, ਸ਼ੋਅ ਪੀਸ ਵਾਂਗ ਇਸਤੇਮਾਲ ਕੀਤਾ ਜਾ ਰਿਹਾ ਹੈ।
ਅਸਲ ਵਿਚ, ਔਰਤ ਨਾਲ ਪੁਰਾਤਨ ਸਮੇਂ ਤੋਂ ਹੀ ਵਿਤਕਰਾ ਹੁੰਦਾ ਆਇਆ ਹੈ। ਮਰਦ ਪ੍ਰਧਾਨ ਸਮਾਜ ਵਿਚ ਅੱਜ ਵੀ ਧੀ ਅਤੇ ਮਾਂ ਨੂੰ ਤਰਸ ਭਰੀਆਂ ਨਜ਼ਰਾਂ ਨਾਲ ਵੇਖਿਆ ਜਾਂਦਾ ਹੈ। ਆਪਣੇ ਮੋਢਿਆਂ ‘ਤੇ ਮਰਦ ਨਾਲੋਂ ਵੱਧ ਭਾਰ ਚੁੱਕਣ ਵਾਲੀ ਔਰਤ ਦਾ ਪਤੀ, ਪਰਮੇਸ਼ਵਰ ਦਾ ਦਰਜਾ ਚੁੱਕੀ ਫਿਰਦਾ ਹੈ। ਸਮਾਜਿਕ ਕਦਰਾਂ-ਕੀਮਤਾਂ ਗਿਰ ਚੁੱਕੀਆਂ ਹਨ। ਸਾਰੇ ਪਿੰਡ ਦੀ ਧੀ ਜਾਂ ਭੈਣ ਅਖਵਾਉਣ ਵਾਲੀ ਔਰਤ ਹੁਣ ਸਿਰਫ ਘਰ ਵਿਚ ਆਪਣੇ ਬਾਪ ਦੀ ਧੀ ਤੇ ਵੀਰ ਦੀ ਹੀ ਭੈਣ ਹੈ! ਇਕ ਦੂਜੇ ਲਈ ਅਪਣੱਤ ਅਤੇ ਨੇੜਤਾ ਕਿਤੇ ਦੇਖਣ ਨੂੰ ਨਹੀਂ ਮਿਲਦੀ। ਰਿਸ਼ਤਿਆਂ ਦੀ ਸਾਂਝ ਦਿਨ-ਬ-ਦਿਨ ਪਤਲੀ ਹੋ ਰਹੀ ਹੈ। ਸੋ, ਇਸ ਬਿਮਾਰ ਮਾਨਸਿਕਤਾ ਨੂੰ ਖਤਮ ਕਰਨਾ, ਸਮਾਜਿਕ ਕਦਰਾਂ-ਕੀਮਤਾਂ ਅਤੇ ਆਪਣੀ ਅਮੀਰ ਸਭਿਅਤਾ ਨੂੰ ਬਰਕਰਾਰ ਰੱਖਣਾ ਇਨ੍ਹਾਂ ਬੱਚੀਆਂ ਦੇ ਭਵਿਖ ਨੂੰ ਸੰਵਾਰਨ ਵਿਚ ਸਹਾਈ ਹੋਵੇਗਾ। ਸਰਕਾਰਾਂ ਦਾ ਵੀ ਫਰਜ਼ ਹੈ ਕਿ ਇਨ੍ਹਾਂ ਦੇ ਸਨਮਾਨ ਅਤੇ ਇਨ੍ਹਾਂ ਲਈ ਸਾਫ-ਸੁਥਰਾ ਵਾਤਾਵਰਣ ਮੁਹੱਈਆ ਕਰਨ।
ਪੰਜਾਹਵਿਆਂ ਤੋਂ ਸੱਠਵਿਆਂ ਤੱਕ, ਤੇ ਇਸ ਤੋਂ ਪਹਿਲਾਂ ਵੀ ਪਿੰਡਾਂ ਵਿਚ ਬਹੁਤੀ ਵਸੋਂ ਖੇਤੀ ਆਧਾਰਤ ਸੀ। ਮੁੰਡਿਆਂ ਨਾਲੋਂ ਕੁੜੀਆਂ ਘੱਟ ਪੜ੍ਹਦੀਆਂ ਸਨ। ਹਰ ਪਿੰਡ ਵਿਚ ਸਕੂਲ ਨਹੀਂ ਸੀ। ਜੇ ਕਿਸੇ ਪਿੰਡ ਦੇ 10-12 ਮੁੰਡੇ ਕਿਸੇ ਦੂਜੇ ਪਿੰਡ ਦੇ ਹਾਈ ਸਕੂਲ ਵਿਚ ਪੜ੍ਹਨ ਜਾਂਦੇ ਸਨ ਤਾਂ ਕੁੜੀਆਂ ਮਸੀਂ 3-4 ਹੀ ਪੜ੍ਹਨ ਜਾਂਦੀਆਂ। ਮਾਪੇ ਕੁੜੀਆਂ ਨੂੰ ਪੜ੍ਹਾਉਂਦੇ ਹੀ ਨਹੀਂ ਸਨ! ਜੇ ਕਿਤੇ ਪਿੰਡ ਵਿਚ ਪ੍ਰਾਇਮਰੀ ਸਕੂਲ ਹੁੰਦਾ ਤਾਂ ਕੁੜੀਆਂ ਨੂੰ ਪੰਜਵੀਂ ਕਰਵਾ ਕੇ ਹਟਾ ਲੈਂਦੇ ਸਨ।
ਫਲਸਰੂਪ, ਜੇ ਕੋਈ ਮੁੰਡਾ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਕਰ ਲੈਂਦਾ, ਤਾਂ ਉਸ ਨੂੰ ਉਸ ਦੀ ਪੜ੍ਹਾਈ ਅਨੁਸਾਰ ਨੌਕਰੀ ਮਿਲ ਜਾਂਦੀ। ਉਦੋਂ ਇੰਨੀ ਜ਼ਿਆਦਾ ਘਪਲੇਬਾਜ਼ੀ ਨਹੀਂ ਸੀ। ਮਾੜੀ-ਮੋਟੀ ਸਿਫਾਰਸ਼ ਜ਼ਰੂਰ ਚੱਲਦੀ ਸੀ। ਜ਼ਿਆਦਾ ਗਿਣਤੀ ਮੱਧ ਵਰਗੀ ਅਤੇ ਗਰੀਬ ਪਰਿਵਾਰਾਂ ਦੀ ਸੀ। ਇਸ ਤਰ੍ਹਾਂ ਇਨ੍ਹਾਂ ਪੜ੍ਹੇ-ਲਿਖੇ ਮੁੰਡਿਆਂ ਦੇ ਵਿਆਹ ਉਨ੍ਹਾਂ ਤੋਂ ਘੱਟ ਪੜ੍ਹੀਆਂ ਕੁੜੀਆਂ ਨਾਲ ਹੁੰਦੇ ਸਨ। ਵਿਰਲੇ ਮੁੰਡੇ ਘਰਦਿਆਂ ਦੀ ਮਰਜ਼ੀ ਮੰਨਦਿਆਂ ਅਨਪੜ੍ਹਾਂ (ਜਿਹੜੀਆਂ ਸੀਣ-ਪਰੋਣ, ਕੱਤਣ-ਤੁੰਬਣ, ਕਢਾਈ-ਸਿਲਾਈ, ਰੋਟੀ-ਟੁੱਕ, ਖੇਸ-ਦਰੀਆਂ-ਫੁਲਕਾਰੀਆਂ ਬਣਾਉਣ ਦੀ ਮੁਹਾਰਤ ਰੱਖਦੀਆਂ ਸਨ) ਨਾਲ ਵਿਆਹ ਦਿੱਤੇ ਜਾਂਦੇ ਸਨ। ਜੇ ਮੁੰਡਾ ਚੰਗਾ ਅਫਸਰ ਲੱਗਾ ਹੁੰਦਾ ਤਾਂ ਕੁੜੀ 10-12 ਜਾਂ ਬੀæਏæ ਪਾਸ ਹੁੰਦੀ। ਕਿਤੇ ਵਿਰਲਾ ਜੋੜਾ ਹੀ ਬਰਾਬਰ ਦੀ ਪੜ੍ਹਾਈ ਵਾਲਾ ਹੁੰਦਾ, ਫਿਰ ਵੀ ਤਲਾਕ ਕਦੀ ਸੁਣਨ ਨੂੰ ਨਾ ਮਿਲਦਾ। ਉਨ੍ਹਾਂ ਵਿਚਕਾਰ ਭਾਵੇਂ ਬਹੁਤੀ ਨਾ ਬਣਦੀ ਹੋਵੇ, ਫਿਰ ਵੀ ਗ੍ਰਹਿਸਥ ਦੀ ਗੱਡੀ ਸਾਂਝੇ ਪਰਿਵਾਰ ਹੋਣ ਕਰ ਕੇ ਚੱਲ ਹੀ ਜਾਂਦੀ। ਘਰਦਿਆਂ ਦਾ ਗੂੜ੍ਹਾ ਪਰਛਾਵਾਂ ਉਨ੍ਹਾਂ ਦੀ ਜੀਵਨ ਤੋਰ ਨਿਭਾਈ ਜਾਂਦਾ।
ਫਿਰ ਸੱਤਰਵਿਆਂ ਦਾ ਸਮਾਂ ਆਇਆ। ਲੋਕਾਂ ਵਿਚ ਜਾਗ੍ਰਿਤੀ ਆ ਗਈ। ਹਰਾ ਇਨਕਲਾਬ ਆਇਆ ਹੋਣ ਕਰ ਕੇ ਅਤੇ ਸਰਕਾਰ ਵੱਲੋਂ ਪੜ੍ਹਾਈ ਨੂੰ ਉਤਸ਼ਾਹਿਤ ਕਰਨ ਲਈ ਸਕੂਲ, ਕਾਲਜ ਵਧੇਰੇ ਖੋਲ੍ਹਣ ਕਰ ਕੇ ਕੁੜੀਆਂ ਨੂੰ ਪੜ੍ਹਾਉਣ ਦਾ ਰੁਝਾਨ ਵਧ ਗਿਆ। ਇਉਂ ਮੀਆਂ-ਬੀਵੀ ਦੀ ਯੋਗਤਾ ਕਿਸੇ ਹੱਦ ਤੱਕ ਬਰਾਬਰ ਦੀ ਹੋਣ ਲੱਗ ਪਈ। ਪੜ੍ਹਦਿਆਂ ਅਤੇ ਨੌਕਰੀ ਕਰਦਿਆਂ ਬਾਹਰ ਦੇ ਸਮਾਜ ਨਾਲ ਵਾਹ ਪੈਂਦਾ ਹੋਣ ਕਰ ਕੇ ਕੁੜੀਆਂ ਵੀ ਉਡਾਰੂ ਹੋ ਗਈਆਂ। ਉਨ੍ਹਾਂ ਨੂੰ ਤਰੱਕੀ ਦੇ ਮੌਕੇ ਮਰਦ ਦੇ ਬਰਾਬਰ ਮਿਲਣ ਲੱਗੇ। ਨੌਕਰੀ ਪੇਸ਼ਾ ਜੋੜਿਆਂ ਨੇ ਬਹੁਤ ਤਰੱਕੀ ਕੀਤੀ। ਵਧੀਆ ਘਰ ਬਣਾਏ, ਬੱਚੇ ਪੜ੍ਹਾਏ ਅਤੇ ਉਨ੍ਹਾਂ ਨੂੰ ਵਧੀਆ ਸੁੱਖ ਸਹੂਲਤਾਂ ਦੇ ਕੇ ਚੰਗੀ ਜੀਵਨ ਸ਼ੈਲੀ ਬਣਾਉਣ ਦੇ ਯੋਗ ਬਣਾਇਆ।
ਅੱਸੀਵਿਆਂ ਅਤੇ ਨੱਬੇਵਿਆਂ ਦਾ ਐਸਾ ਦੌਰ ਆਇਆ ਕਿ ਅਤਿਵਾਦ ਨੇ ਖਾਂਦੇ-ਪੀਂਦੇ ਘਰਾਂ ਦੇ ਮਿਹਨਤੀ ਅਤੇ ਪੜ੍ਹਦੇ ਅਲੂੰਏਂ ਮੁੰਡੇ ਨਿਗਲ ਲਏ। ਪੰਜਾਬ ਨੂੰ ਐਸੀ ਨਜ਼ਰ ਲੱਗੀ ਕਿ ਅੱਧੇ ਤੋਂ ਵੱਧ ਪੰਜਾਬੀ ਮੁੰਡੇ ਜਾਂ ਤਾਂ ਪੁਲਿਸ ਨੇ ਮਾਰ ਮੁਕਾਏ ਅਤੇ ਕੁਝ ਕੁਰਾਹੇ ਪੈ ਕੇ ਅਤਿਵਾਦ ਦੀ ਭੱਠੀ ਵਿਚ ਝੋਕੇ ਗਏ। ਉਨ੍ਹਾਂ ਨੇ ਕੀ ਪੜ੍ਹਨਾ-ਪੜ੍ਹਾਉਣਾ ਸੀ? ਧਾਰਮਿਕ ਸਥਾਨ ਅਤੇ ਵਿਦਿਅਕ ਅਦਾਰੇ ਭ੍ਰਿਸ਼ਟਾਚਾਰ ਦੇ ਅੱਡੇ ਬਣ ਗਏ। ਸਕੂਲਾਂ ਵਿਚ ਨਕਲ ਇੰਨੀ ਕੁ ਵਧ ਗਈ ਕਿ ਬੱਚਿਆਂ ਨੇ ਪੜ੍ਹਨਾ ਹੀ ਛੱਡ ਦਿੱਤਾ। ਅੱਠਵੀਂ-ਦਸਵੀਂ ਤੇ ਬਾਹਰਵੀਂ ਦੇ ਇਮਤਿਹਾਨ ਕੇਂਦਰਾਂ ਵਿਚ ਪੈਸਾ, ਨਸ਼ਾ ਅਤੇ ਰਾਜਨੀਤੀ ਕਾਰਨ ਇੰਨਾ ਗੰਦ ਪੈ ਗਿਆ ਕਿ ਅਗਲੀ ਪੜ੍ਹਾਈ ਲਈ ਮਾੜੇ ਤੋਂ ਮਾੜਾ ਟੈਸਟ ਪਾਸ ਕਰਨਾ ਵੀ ਅਸੰਭਵ ਹੋ ਗਿਆ। ਅਧਿਆਪਕਾਂ ਨੇ ਵੀ ਮਾੜੇ ਨਤੀਜੇ ਆਉਣ ਦੇ ਡਰੋਂ ਨਕਲ ਵਿਰੁਧ ਬਹੁਤਾ ਉਜ਼ਰ ਨਾ ਕੀਤਾ। ਹੌਲੀ-ਹੌਲੀ ਪਿੰਡਾਂ ਵਿਚ ਪੜ੍ਹਾਈ ਖਤਮ ਹੁੰਦੀ ਗਈ। ਜਿਹੜੀਆਂ ਕੁੜੀਆਂ ਪੜ੍ਹਾਈ ਵਿਚ ਅੱਗੇ ਆਉਂਦੀਆਂ ਸਨ, ਉਹ ਸ਼ਹਿਰਾਂ ਵਿਚ ਚੰਗੇ ਵਾਤਾਵਰਣ ਵਿਚ ਪੜ੍ਹਨ ਅਤੇ ਚੰਗੀਆਂ ਸੁੱਖ-ਸਹੂਲਤਾਂ ਮਿਲਣ ਕਰ ਕੇ ਅੱਗੇ ਵਧ ਗਈਆਂ। ਉਦੋਂ ਤੱਕ ਰਾਜਨੀਤੀ ਪੈਸੇ ਦੀ ਖੇਡ ਬਣ ਚੁੱਕੀ ਸੀ। ਪੁਰਾਣੇ ਲੀਡਰਾਂ ਦੇ ਬਾਲ-ਬੱਚਿਆਂ ਅਤੇ ਬੀਵੀਆਂ ਨੇ ਪੈਸਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਸੀ। ਗਰੀਬੀ ਵਿਚੋਂ ਉਠ ਕੇ ਜੇ ਕੋਈ ਹੁਸ਼ਿਆਰ ਬੱਚਾ ਪੜ੍ਹ ਜਾਂਦਾ ਤਾਂ ਉਸ ਨੂੰ ਨੌਕਰੀ ਨਾ ਮਿਲਦੀ। ਖੇਤੀਬਾੜੀ ਜਿਹੜਾ ਕਠਿਨ ਧੰਦਾ ਹੈ, ਕਾਲਜ ਪੜ੍ਹੇ ਪੁੱਤਾਂ ਨੂੰ ਰਾਸ ਨਾ ਆਈ। ਨੌਕਰੀ ਵੱਲੋਂ ਉਚਾਟ ਹੋ ਕੇ ਜਾਂ ਤਾਂ ਉਹ ਨਸ਼ੇ ਵੱਲ ਤੁਰ ਪਏ ਤੇ ਜਾਂ ਪਿਓ ਦੀ ਜਮੀਨ ਵੇਚ ਕੇ ਜਾਇਜ਼-ਨਾਜਾਇਜ਼ ਤਰੀਕੇ ਨਾਲ ਵਿਦੇਸ਼ ਤੁਰ ਪਏ। ਪਿਓ ਹੱਲ ਵਾਹੁੰਦਾ ਅਤੇ ਪੁੱਤ ਮੋਟਰ ਸਾਈਕਲ ‘ਤੇ ਖੇਤ ਗੇੜਾ ਕੱਢ ਆਉਂਦਾ।
ਉਧਰ, ਸਿਆਸਤਦਾਨਾਂ ਦੀ ਜ਼ਮੀਰ ਇੰਨੀ ਡਿਗ ਗਈ ਕਿ ਨਸ਼ੇ ਦੇ ਵਪਾਰ ਵਿਚ ਲੱਗ ਕੇ ਲੋਕਾਂ ਨੂੰ ਨਸ਼ਾ ਵੰਡਣ ਲੱਗ ਪਏ। ਜੇ ਕਿਸਾਨ ਦਾ ਮੁੰਡਾ ਘਰ ਦੇ ਕਿਸੇ ਲਾਭ ਵਾਲੇ ਕੰਮ ਲਈ ਕਰਜ਼ਾ ਚੁਕਦਾ ਤਾਂ ਉਹ ਘਰ ਦੀਆਂ ਥੁੜ੍ਹਾਂ ਵਿਚ ਹੀ ਵੜ ਜਾਂਦਾ। ਅਖੀਰ ਵਿਆਜ ਸਮੇਤ ਇਹ ਕਰਜ਼ਾ ਇੰਨਾ ਹੋ ਜਾਂਦਾ ਕਿ ਉਤਾਰਨਾ ਵਸੋਂ ਬਾਹਰਾ ਹੋ ਜਾਂਦਾ ਜਿਸ ਨਾਲ ਖੁਦਕੁਸ਼ੀਆਂ ਦੀ ਨੌਬਤ ਆ ਜਾਂਦੀ।
ਇਨ੍ਹਾਂ ਕਾਰਨਾਂ ਕਰ ਕੇ ਮੁੰਡਿਆਂ ਨੇ ਪੜ੍ਹਨਾ ਤਾਂ ਕੀ ਸੀ, ਉਹ ਕਿਸੇ ਕੰਮ ਜੋਗੇ ਵੀ ਨਾ ਰਹੇ। ਸਾਡੇ ਸਭਿਆਚਾਰ ਵਿਚ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਨੂੰ ਬਾਹਰ ਨਿਕਲਣ ਦੀ ਘੱਟ ਹੀ ਇਜਾਜ਼ਤ ਹੁੰਦੀ ਹੈ। ਸਿੱਟੇ ਵਜੋਂ ਕੁੜੀਆਂ ਦਾ ਬਹੁਤਾ ਸਮਾਂ ਅਤੇ ਧਿਆਨ ਪੜ੍ਹਨ, ਖੇਡਾਂ ਵੱਲ ਜਾਂ ਹੋਰ ਸਾਰਥਕ ਕੰਮਾਂ ਵੱਲ ਹੋ ਗਿਆ। ਉਂਜ, ਅਜੇ ਵੀ ਹਾਲਾਤ ਇਹ ਹਨ ਕਿ ਮੱਧ ਵਰਗੀ ਪਰਿਵਾਰ ਦੀ ਪੜ੍ਹੀ-ਲਿਖੀ ਲੜਕੀ ਦਾ ਵਿਆਹ ਕਿਸੇ ਘੱਟ ਪੜ੍ਹੇ-ਲਿਖੇ ਮੁੰਡੇ ਨਾਲ ਸਿਰਫ ਜਮੀਨ ਜਾਇਦਾਦ ਕਰ ਕੇ ਹੀ ਕਰ ਦਿੱਤਾ ਜਾਂਦਾ ਹੈ। ਕਈ ਵਾਰੀ ਤਾਂ ਵਿਦੇਸ਼ੀ ਸ਼ਾਨੋ-ਸ਼ੌਕਤ ਕਾਰਨ ਅੱਠਵੀਂ-ਦਸਵੀਂ ਪਾਸ ਮੁੰਡੇ ਨਾਲ ਪੜ੍ਹੀ-ਲਿਖੀ ਕੁੜੀ ਨੂੰ ਨਰੜ ਦਿੱਤਾ ਜਾਂਦਾ ਹੈ। ਇਸ ਦਾ ਫਲ ਫਿਰ ਕੁੜੀ ਜਾਂ ਕੁੜੀ ਦੇ ਮਾਪੇ ਸਾਰੀ ਉਮਰ ਭੁਗਤਦੇ ਹਨ। ਕਈ ਘਰਾਂ ਵਿਚ ਕੁੜੀ ਤਾਂ ਨੌਕਰੀ ਕਰਦੀ ਹੈ, ਪਰ ਪਤੀ ਦੇਵ ਆਪਣੀ ਜੀਵਨ ਸ਼ੈਲੀ ਨੂੰ ਗਲਤ ਪਾਸੇ ਲੈ ਗਏ ਹੁੰਦੇ ਹਨ। ਇਹੋ ਜਿਹੇ ਅਣਜੋੜ ਵਿਆਹ ਅਖੀਰ ਵਿਚ ਤਲਾਕ ਦਾ ਕਾਰਨ ਬਣਦੇ ਹਨ।
ਅੱਜ ਸਿੱਖਿਆ ਪ੍ਰਾਈਵੇਟ ਦੁਕਾਨਾਂ ‘ਤੇ ਵਿਕ ਰਹੀ ਹੈ। ਧਰਮ, ਰਾਜਨੀਤੀ ਅਤੇ ਸਿੱਖਿਆ, ਜਿਨ੍ਹਾਂ ਨੇ ਨਵੀਂ ਪੀੜ੍ਹੀ ਲਈ ਚੰਗਾ ਸਮਾਜ ਸਿਰਜਣਾ ਸੀ, ਦਾ ਨਵੀਂ ਪੀੜ੍ਹੀ ਨੂੰ ਕੋਈ ਆਸਰਾ ਨਹੀਂ ਮਿਲਦਾ। ਕੁੜੀਆਂ ‘ਆਇਲੈਟਸ’ ਕਰ ਕੇ ਆਪਣੇ ਆਪ ਨੂੰ ਸਵਰਗ ਦੀ ਕੁੰਜੀ ਸਮਝ ਬੈਠਦੀਆਂ ਹਨ ਅਤੇ ਨਸ਼ਈ, ਆਲਸੀ ਤੇ ਨਿਕੰਮੇ, ਪਰ ਪੈਸੇ ਵਾਲੇ ਮਾਪਿਆਂ ਦੇ ਪੁੱਤਰਾਂ ਨੂੰ ਵਿਦੇਸ਼ ਪਹੁੰਚਾ ਕੇ ਫਿਰ ਸਾਰੀ ਉਮਰ ਨਰਕ ਭੋਗਦੀਆਂ ਹਨ। ਸੋ, ਕੁੜੀਆਂ ਮੁੰਡਿਆਂ ਦੀ ਪੜ੍ਹਾਈ ਵਿਚ ਸੰਤੁਲਨ ਬਣਿਆ ਰਹਿਣਾ ਚਾਹੀਦਾ ਹੈ ਤਾਂ ਜੋ ਨਰੋਏ ਸਮਾਜ ਦੀ ਸਿਰਜਣਾ ਹੋ ਸਕੇ।