ਡਾæ ਸਤਿਨਾਮ ਸਿੰਘ ਸੰਧੂ*
ਫੋਨ: 91-98144-70175
ਹਰ ਸ਼ਬਦ ਵਿਚਾਰ ਹੈ। ਵਿਚਾਰ ਹੀ ਸ਼ਬਦ ਹੈ। ਵਿਚਾਰ, ਅੰਦਰੂਨੀ ਸੋਚ ਦਾ ਗਿਆਨਮਈ ਤਰਕ ਹੈ। ਸ਼ਬਦ, ਵਿਚਾਰਮਈ ਤਰਕ ਦਾ ਠੋਸ ਰੂਪ ਹੈ। ਸ਼ਬਦ ਵਿਚਾਰ ਤੋਂ ਬਿਨਾ ਅਤੇ ਵਿਚਾਰ ਸ਼ਬਦ ਤੋਂ ਬਿਨਾ ਸੰਭਵ ਨਹੀਂ। ਸ਼ਬਦ ਤੇ ਵਿਚਾਰ ਇਕ ਦੂਜੇ ਦੇ ਪੂਰਕ ਹਨ। ਵਿਚਾਰ, ਸ਼ਬਦਾਂ ਵਿਚੋਂ ਆਪਣੀ ਹੋਂਦ ਤਲਾਸ਼ਦਾ ਹੈ।
ਸ਼ਬਦ ਰਾਹੀਂ ਹੀ ਵਿਚਾਰ, ਨੇਮ, ਸਮਾਜ, ਸਭਿਆਚਾਰ, ਰੱਬ, ਗ੍ਰੰਥ ਅਤੇ ਫਲਸਫੇ ਦੀ ਸਿਰਜਣਾ ਹੁੰਦੀ ਹੈ। ਸ਼ਬਦ ਅਤੇ ਵਿਚਾਰ ਦੀ ਲੰਬੀ ਜੁਗਲਬੰਦੀ ਹੀ ਇਤਿਹਾਸ ਹੈ। ਸਮਾਜ ਵਿਚ ਵਿਚਾਰ ਤੇ ਵਿਹਾਰ ਦੀ ਪਰੰਪਰਾ ਦੇ ਗਿਆਨ ਨਾਲ ਸਭਿਆਚਾਰ ਉਪਜਦਾ ਹੈ। ਸ਼ਬਦ ਇਤਿਹਾਸ ਅਤੇ ਸਭਿਆਚਾਰ ਨੂੰ ਇਕੱਤਰ ਕਰਦਾ ਹੈ। ਸਮਾਜ ਵਿਚ ਸ਼ਬਦ ਤੇ ਵਿਚਾਰ ਨਦੀ ਦੇ ਪਾਣੀ ਵਾਂਗ ਧਾਰਾ ਦੇ ਰੂਪ ਵਿਚ ਵਹਿਣ ਲੱਗ ਜਾਣ ਤਾਂ ਉਹ ਵਿਚਾਰ ਵਿਚਾਰਧਾਰਾ ਬਣ ਜਾਂਦੇ ਹਨ। ਵਿਚਾਰਧਾਰਾ ਦੇ ਨਿਰੰਤਰ ਪ੍ਰਵਾਹ ਵਿਚੋਂ ਹੀ ਫਲਸਫਾ ਪਨਪਦਾ ਹੈ।
ਵਿਚਾਰ ਕੀ ਹੈ? ਕਿਉ ਹੈ? ਕਿੱਥੇ ਹੈ? ਕਿਵੇਂ ਹੈ? ਕੀ ਵਿਚਾਰ ਸਮਾਜ ਦੀ ਉਪਜ ਹੈ? ਕੀ ਵਿਚਾਰ ਵਿਅਕਤੀ ਦੀ ਸਿਰਜਣਾ ਹੈ? ਕੀ ਵਿਚਾਰ ਕਿਸੇ ਅਣਦਿਖ ਤਾਕਤ ਤੋਂ ਹਾਸਲ ਹੁੰਦਾ ਹੈ? ਇਨ੍ਹਾਂ ਪ੍ਰਸ਼ਨਾਂ ਦੇ ਉਤਰ ਤਲਾਸ਼ਣ ਵਾਲਿਆਂ ਨੂੰ ਦਾਰਸ਼ਨਿਕ, ਮਹਾਤਮਾ, ਗੁਰੂ ਜਾਂ ਫਿਲਾਸਫਰ ਕਹਿ ਦਿੰਦੇ ਹਨ। ਇਸ ਖੋਜ ਵਿਚੋਂ ਹੀ ਦੁਨੀਆਂ ਵਿਚ ਗਿਆਨ ਦੀਆਂ ਸਾਰੀਆਂ ਖੱਬੀਆਂ-ਸੱਜੀਆਂ ਲਹਿਰਾਂ ਨੇ ਜਨਮ ਲਿਆ ਹੈ। ਇਸ ਵਿਚੋਂ ਹੀ ਸਮਾਜਕ ਤੇ ਰਾਜਨੀਤਕ ਕ੍ਰਾਂਤੀਆਂ ਜਨਮੀਆਂ ਹਨ। ਇਸ ਵਿਚੋਂ ਹੀ ਵੇਦ, ਕਤੇਬ, ਗੀਤਾ, ਬਾਈਬਲ, ਗ੍ਰੰਥ ਅਤੇ ਹੋਰ ਗਿਆਨ ਤੇ ਧਰਮ ਦੀਆਂ ਰਚਨਾਵਾਂ ਪੈਦਾ ਹੋਈਆਂ ਹਨ।
ਵਿਚਾਰ ਜਿਉਂਦੀ-ਜਾਗਦੀ ਚੀਜ਼ ਹੈ ਤੇ ਸ਼ਬਦ ਉਸ ਦਾ ਠੋਸ ਸਰੂਪ ਹੈ। ਸ਼ਬਦ, ਵਿਚਾਰ ਨੂੰ ਆਕਾਰ, ਉਮਰ, ਵਿਹਾਰ ਤੇ ਰਫਤਾਰ ਦਿੰਦਾ ਹੈ। ਕਿਸ ਵਿਚਾਰ ਦਾ ਕਰਮ-ਖੇਤਰ, ਗਿਆਨ ਤੇ ਵਿਗਿਆਨ ਦਾ ਘੇਰਾ ਕਿੰਨਾ ਵਿਸ਼ਾਲ ਹੋਵੇ, ਕਿਸ ਵਿਚਾਰ ਦੀ ਉਮਰ ਕਿੰਨੀ ਹੋਵੇ, ਕਿਸ ਵਿਚਾਰ ਦਾ ਫੈਲਾਓ ਕਿੰਨਾ ਹੋਵੇ, ਇਹ ਸ਼ਬਦ ਸਿਰਜਣਾ ਦੇ ਵਿਵੇਕ ‘ਤੇ ਨਿਰਭਰ ਕਰਦਾ ਹੈ। ਵਿਚਾਰ ਦੇ ਬੋਧ ਤੋਂ ਵਿਹੂਣੇ ਕੱਚੇ ਸ਼ਬਦ, ਸਮਾਜ ਦੀਆਂ ਗਲੀਆਂ ਵਿਚ ਰੁਲ ਜਾਂਦੇ ਹਨ।
ਕਾਗਜ਼ ‘ਤੇ ਸ਼ਬਦ ਤਾਂ ਇਕੋ ਪ੍ਰਕਾਰ ਦੇ ਹੁੰਦੇ ਹਨ। ਵਿਚਾਰ ਕਾਰਨ ਸ਼ਬਦ ਪਵਿਤਰ ਬਣਦੇ ਹਨ। ਪਵਿਤਰਤਾ, ਵਿਚਾਰ ਦੇ ਲਿਖਤ ਰੂਪ ਲਿਪੀ ਵਿਚ ਨਹੀਂ, ਉਸ ਦੇ ਵਿਚਾਰ ਵਿਚ ਹੁੰਦੀ ਹੈ। ਅਖਬਾਰ ਵਿਚਲੀ ਤੇ ਗ੍ਰੰਥਾਂ ਵਿਚਲੀ ਗੁਰਮੁਖੀ ਤਾਂ ਉਹੀ ਹੈ ਪ੍ਰੰਤੁ ਵਿਚਾਰ ਕਾਰਨ ਹੀ ਸ਼ਬਦ ਨਾਲ ਮਾਨ-ਅਪਮਾਨ ਜੁੜ ਜਾਂਦਾ ਹੈ। ਇਸ ਤੋਂ ਸਿੱਧ ਹੋਇਆ ਕਿ ਸ਼ਬਦ ਤਾਂ ਸਿਰਫ ਵਿਚਾਰ ਦਾ ਲਿਬਾਸ ਹਨ। ਸਤਿਕਾਰ, ਸ਼ਬਦ ਦੇ ਕੇਵਲ ਭੌਤਿਕ ਰੂਪ ਦਾ ਨਹੀਂ, ਵਿਚਾਰ ਦਾ ਹੋਣਾ ਚਾਹੀਦਾ ਹੈ। ਵਿਚਾਰ ਤੋਂ ਬਿਨਾ ਵਿਵੇਕਹੀਣ ਸ਼ਬਦ ਦੀ ਪੂਜਾ ਤਾਂ ਮੂਰਤੀ ਪੂਜਾ ਵਾਂਗ ਹੈ। ਕਈ ਸਿਆਣੇ, ਔਲੀਏ ਤੇ ਕਲੰਦਰੀ ਬਾਬੇ ਸ਼ਬਦਾਂ ਦੇ ਤਵੀਤ ਬਣਾ ਦਿੰਦੇ ਹਨ। ਸਹਿਜ ਬੁੱਧ ਵਾਲੇ ਵੀਰ, ਉਸ ਨੂੰ ਦੁਕਾਨਾਂ, ਮਕਾਨਾਂ ‘ਤੇ ਚਿਪਕਾ ਦਿੰਦੇ ਹਨ ਜਾਂ ਤਵੀਤ ਬਣਾ ਕੇ ਗਲ ਵਿਚ ਪਾ ਲੈਂਦੇ ਹਨ। ਸ਼ਬਦ ਵਿਚ ਮੰਤਰ ਲਿਖਦੇ ਉਸ ਤੋਂ ਕੋਈ ਆਸ ਕਰਨੀ ਉਵੇਂ ਹੀ ਹੈ ਜਿਵੇਂ ਕਿਸੇ ਫੌਜੀ ਦੀ ਇਕੱਲੀ ਵਰਦੀ ਤੋਂ ਮੁਲਕ ਦੀਆਂ ਸਰਹੱਦਾਂ ਦੀ ਰਾਖੀ ਦੀ ਆਸ ਕਰਨੀ।
ਵਿਚਾਰ ਝੂਠ ਵੀ ਹੈ ਅਤੇ ਸੱਚ ਵੀ। ਕਈ ਵਾਰ ਵਿਚਾਰ ਵਿਚ ਝੂਠ ਨੂੰ ਸੱਚ ਵਾਂਗ ਤੇ ਸੱਚ ਨੂੰ ਝੂਠ ਵਾਂਗ ਪੇਸ਼ ਕਰ ਦਿੱਤਾ ਜਾਂਦਾ ਹੈ। ਇਸ ਵਿਚੋਂ ਤਰਕ ਤੇ ਕੁਤਰਕ ਦੀ ਪਛਾਣ ਔਖੀ ਹੋ ਜਾਂਦੀ ਹੈ। ਤਰਕ, ਵਿਚਾਰ ਦੀ ਦੋ ਧਾਰੀ ਤਲਵਾਰ ਹੈ। ਗਾਂ ਅਤੇ ਮੱਝ ਦੁੱਧ ਦੇਣ ਵਾਲੇ ਪਸੂ ਹਨ। ਮੱਝ ਏਸ਼ੀਆ ਦੀ ਮੂਲ ਜਾਤੀ ਦਾ ਪਸੂ ਹੈ। ਅੱਜ ਦੇ ਤਰਕ ਵਿਚ ਗਾਂ ਤਾਂ ‘ਮਾਂ’ ਹੋ ਗਈ ਅਤੇ ‘ਮੱਝ’ ਵਿਚਾਰੀ ‘ਭੂਆ’ ਵੀ ਨਾ ਬਣ ਸਕੀ। ਗਾਂ ਨੂੰ ਕਤਲ ਕਰਨਾ, ਮਨੁੱਖ ਦੇ ਕਤਲ ਤੋਂ ਵੀ ਵੱਡਾ ਗੁਨਾਹ ਹੋ ਗਿਆ ਹੈ ਤੇ ਮੱਝ ਦੇ ਕਤਲ ‘ਤੇ ਕੋਈ ਸਮੱਸਿਆ ਨਹੀਂ। ਦੋ ਪਸੂ, ਦੋਵੇਂ ਦੁੱਧ ਦੇਣ ਵਾਲੇ, ਦੋਵੇਂ ਸ਼ਾਕਾਹਾਰੀ, ਦੋਵੇਂ ਪਾਲਤੂ ਪਰ ਵਿਚਾਰ ਦਾ ਤਰਕ ਹੀ ਹੈ ਕਿ ਇਕ ਨੂੰ ਪਵਿਤਰਤਾ ਦਾ ਸਿੱਖਰ ਬਣਾ ਦਿੱਤਾ ਤੇ ਦੂਜੇ ਨੂੰ ਜਮਦੂਤ ਦੀ ਸਵਾਰੀ ਬਣਾ ਦਿੱਤਾ।
ਵਿਚਾਰ ਇਕ ਬੰਦੇ ਦੇ ਵੀ ਹੁੰਦੇ ਹਨ ਜਾਂ ਕਈਆਂ ਦੇ ਮਿਲ ਕੇ ਵੀ ਇਕ ਬਣ ਸਕਦੇ ਹਨ। ਇਕ ਤੋਂ ਵੱਧ ਵਿਅਕਤੀਆਂ ਦੇ ਵਿਚਾਰਾਂ ਦਾ ਸੰਯੋਗ, ਵਿਕਾਸ ਤੇ ਇਤਿਹਾਸ ਨੂੰ ਹੀ ਫਲਸਫਾ ਕਿਹਾ ਜਾ ਸਕਦਾ ਹੈ। ਫਲਸਫਾ, ਸਾਡੀ ਹੋਂਦ, ਪ੍ਰਕਿਰਤੀ, ਸ੍ਰਿਸ਼ਟੀ ਤੇ ਧਰਮ ਨਾਲ ਜੁੜੇ ਪ੍ਰਸ਼ਨਾਂ ਦੇ ਉਤਰ ਤਲਾਸ਼ਦਾ ਹੈ। ਜੇ ਪਸੂ ਜਗਤ ਨੂੰ ਦੇਖੀਏ, ਸ਼ਾਇਦ ਵਿਚਾਰ ਤਾਂ ਹੋਣਗੇ ਪਰ ਸ਼ਬਦ ਨਹੀਂ। ਸ਼ਬਦ ਵਿਹੂਣੇ ਵਿਚਾਰ ਸਮਾਜ, ਸਭਿਆਚਾਰ, ਸਾਹਿਤ, ਕਲਾ, ਧਰਮ ਜਾਂ ਇਤਿਹਾਸ ਦੀ ਸਿਰਜਣਾ ਨਹੀਂ ਕਰ ਸਕਦੇ। ਮਾਨਵ ਸਮਾਜ ਦੀ ਬਣਤਰ ਤੇ ਵਿਕਾਸ ਦਾ ਆਧਾਰ ਹੀ ਸ਼ਬਦ ਤੇ ਵਿਚਾਰ ਹੈ।
ਵਿਚਾਰ ਆਪਣੇ ਆਪ ਵਿਚ ਨਿਰਜੀਵ ਅਤੇ ਨਿਸ਼ਕ੍ਰਿਆ ਵਰਤਾਰਾ ਬਣ ਜਾਣ, ਜੇ ਉਨ੍ਹਾਂ ਨੂੰ ਸ਼ਬਦਾਂ ਦੀ ਸਵਾਰੀ ਕਰਨ ਦਾ ਮੌਕਾ ਨਾ ਮਿਲੇ। ਵਿਚਾਰ ਅਤੇ ਤਰਕ, ਨੀਤੀ ਤੇ ਕ੍ਰਾਂਤੀ ਦਾ ਆਧਾਰ ਹਨ ਅਤੇ ਉਹ ਸ਼ਬਦ ‘ਤੇ ਸਵਾਰ ਹਨ। ਹਰ ਵਿਅਕਤੀ, ਸਮੇਂ, ਖਿੱਤੇ ਤੇ ਸਭਿਅਤਾ ਦਾ ਆਪਣਾ ਵਿਚਾਰਧਾਰਕ ਪੈਟਰਨ ਹੁੰਦਾ ਹੈ। ਸਮਾਜ ਵਿਚ ਵਿਚਾਰ ਨਾਲ ਸਹਿਮਤੀ ਵੀ ਹੁੰਦੀ ਹੈ ਅਤੇ ਅਸਹਿਮਤੀ ਵੀ। ਕਦੇ ਵੀ ਕੋਈ ਵਿਚਾਰ ਅੰਤਿਮ ਨਹੀਂ ਹੁੰਦਾ। ਹਰ ਵਿਚਾਰ ਦਾ ਭੂਤ ਵੀ ਹੁੰਦਾ ਹੈ, ਵਰਤਮਾਨ ਵੀ ਅਤੇ ਭਵਿਖ ਵੀ। ਜੇ ਸਮਾਜ ਵਿਚ ਸਹਿਮਤੀ ਵਾਲਾ ਵਿਚਾਰ ਭਾਰੂ ਹੋ ਜਾਵੇ ਤਾਂ ਉਹ ਨੀਤੀ ਬਣ ਜਾਂਦੀ ਹੈ, ਜੇ ਅਸਹਿਮਤੀ ਵਾਲੇ ਵਿਚਾਰ ਭਾਰੂ ਹੋ ਜਾਣ ਤਾਂ ਉਹ ਬਗਾਵਤ ਬਣ ਜਾਂਦੀ ਹੈ। ਇਸ ਲਈ ਨੀਅਤ, ਨੀਤੀ, ਨੈਤਿਕਤਾ, ਕਲਾ ਅਤੇ ਬਗਾਵਤ, ਸ਼ਬਦ ਤੇ ਵਿਚਾਰ ਦੀ ਹੀ ਉਪਜ ਹਨ।
*ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ।