ਤਖਤੀਆਂ ਦਾ ਮੁਥਾਜ ਨਹੀਂ ਸ਼ਹੀਦ ਭਗਤ ਸਿੰਘ ਦਾ ਨਾਮ

ਸ਼ਗਨਦੀਪ ਸਿੰਘ
ਫੋਨ: 91-95014-59259
ਭਗਤ ਸਿੰਘ ਇੱਕ ਅਜਿਹਾ ਕਿਰਦਾਰ ਹੈ ਜਿਸ ਨੂੰ ਕਿਸੇ ਜਾਣ ਪਛਾਣ ਦੀ ਲੋੜ ਨਹੀਂ। ਅੱਜ ਹਰ ਨੌਜੁਆਨ ਭਗਤ ਸਿੰਘ ਨੂੰ ਆਪਣੇ ਮਨ ਵਿਚ ਬੇਸ਼ਕ ਹੀਰੋ ਮੰਨਦਾ ਹੋਵੇ ਪਰ ਕੋਈ ਵੀ ਭਗਤ ਸਿੰਘ ਬਣਨ ਦਾ ਖੁਆਬ ਨਹੀਂ ਦੇਖਦਾ। ਭਾਰਤ ਦੀ ਆਜ਼ਾਦੀ ਖਾਤਰ ਉਸ ਦੀ ਸ਼ਹਾਦਤ ਕਦੇ ਭੁਲਾਈ ਨਹੀਂ ਜਾ ਸਕਦੀ। ਪਰ ਭਗਤ ਸਿੰਘ ਦੇ ਵਡਮੁੱਲੇ ਵਿਚਾਰਾਂ ਦਾ ਹੁਣ ਤੱਕ ਨਿਰੰਤਰ ਦਰਕਿਨਾਰ ਹੁੰਦਾ ਆ ਰਿਹਾ ਹੈ। ਅਸੀਂ ਹੁਣ ਤੱਕ ਅਸਲ ਭਗਤ ਸਿੰਘ ਨੂੰ ਸਮਝ ਨਹੀਂ ਸਕੇ।

ਭਗਤ ਸਿੰਘ ਇੱਕ ਵਿਲੱਖਣ ਇਨਕਲਾਬੀ ਅਤੇ ਅਸਲ ਜ਼ਿੰਦਗੀ ਜਿਉਣ ਦਾ ਆਸ਼ਿਕ ਸੀ। ਹਥਿਆਰਾਂ ਦੀ ਥਾਂ ਕਿਤਾਬਾਂ ਦਾ ਅਧਿਐਨ ਕਰਨ ਅਤੇ ਉਨ੍ਹਾਂ ਸਿਧਾਂਤਾਂ ਨੂੰ ਲਾਗੂ ਕਰਨ ਦੀ ਸੋਚ ਰੱਖਣ ਵਾਲਾ ਇੱਕ ਮਹਾਨ ਚਿੰਤਕ ਵੀ ਸੀ, ਭਾਵੇਂ ਉਸ ਨੂੰ ਆਪਣੀ ਪੜ੍ਹਾਈ 1921 ਦੇ ਅੰਦੋਲਨ ਕਰਕੇ ਉਸ ਸਮੇਂ ਅੱਧ ਵਿਚਾਲੇ ਹੀ ਛੱਡਣੀ ਪਈ ਸੀ ਜਦੋਂ ਵਿਦਿਆਰਥੀਆਂ ਨੂੰ ਕਿਹਾ ਗਿਆ ਸੀ ਬ੍ਰਿਟਿਸ਼ ਸਰਕਾਰ ਦੀ ਵਿੱਦਿਆ ਨੂੰ ਤਿਆਗ ਕੇ ਸਕੂਲ ਛੱਡ ਦੇਣ। ਇਸ ਕਰਕੇ ਉਹ ਦਸਵੀਂ ਤੱਕ ਵੀ ਪੜ੍ਹਾਈ ਪੂਰੀ ਨਾ ਕਰ ਸਕਿਆ ਪਰ ਫਿਰ ਉਸ ਨੇ 1922 ਵਿਚ ਦੇਸ਼ ਭਗਤਾਂ ਵੱਲੋਂ ਲਾਹੌਰ ਵਿਚ ਚਲਾਏ ਗਏ ਇੱਕ ਕਾਲਜ ਵਿਚ ਵਿਸ਼ੇਸ਼ ਟੈਸਟ ਪਾਸ ਕਰਕੇ ਦਾਖਲਾ ਲਿਆ ਅਤੇ ਰਾਜਨੀਤਿਕ, ਧਾਰਮਿਕ, ਸਾਹਿਤਕ, ਸਮਾਜਿਕ ਵਿਸ਼ਿਆਂ ਦੀ ਤਾਲੀਮ ਹਾਸਲ ਕੀਤੀ।
ਭਗਤ ਸਿੰਘ ਇੱਕ ਅਣਖੀਲਾ, ਨਿਡਰ ਹੋਣ ਦੇ ਨਾਲ ਨਾਲ ਅਤਿ ਸੂਖਮ ਦਿਲ ਇਨਸਾਨ ਸੀ। 1923-24 ਵਿਚ ਜਦੋਂ ਉਹ ਗਣੇਸ਼ ਸ਼ੰਕਰ ਦੇ Ḕਪ੍ਰਤਾਪḔ ਨਾਮੀਂ ਅਖਬਾਰ ਲਈ ਕੰਮ ਕਰਨ ਲੱਗਾ ਤਾਂ ਉਥੇ ਉਸ ਦੀ ਮੁਲਾਕਾਤ ਬੀæ ਕੇæ ਦੱਤ, ਜੈਦੇਵ ਕੁਮਾਰ, ਸ਼ਿਵ ਵਰਮਾ ਆਦਿ ਨਾਲ ਹੋਈ। ਇੱਕ ਦਿਨ ਪਾਰਟੀ ਲਈ ਫੰਡ ਇਕੱਠਾ ਕਰਨ ਖਾਤਰ ਭਗਤ ਸਿੰਘ ਨੂੰ ਉਨ੍ਹਾਂ ਨਾਲ ਇੱਕ ਪਿੰਡ ਵਿਚ ਡਾਕਾ ਮਾਰਨ ਜਾਣਾ ਪਿਆ ਤਾਂ ਇਹ ਸਭ ਦੇਖ ਕੇ ਉਹ ਬਹੁਤ ਜ਼ਿਆਦਾ ਭਾਵੁਕ ਹੋਇਆ। ਉਸ ਨੇ ਕਿਹਾ ਕਿ ਇਸ ਤਰ੍ਹਾਂ ਹਥਿਆਰਾਂ ਦੀ ਨੋਕ ‘ਤੇ ਪੈਸਾ ਇਕੱਠਾ ਕਰ ਕੇ ਕੀ ਅਸੀਂ ਇੱਕ ਆਜ਼ਾਦ ਭਾਰਤ ਦੀ ਤਮੰਨਾ ਕਰ ਸਕਦੇ ਹਾਂ? ਇਸ ਸ਼ਬਦ ਦੀ ਖੋਜ ਵਿਚ ਉਸ ਨੇ ਰੂਸ, ਆਇਰਲੈਂਡ ਅਤੇ ਇਟਲੀ ਵਿਚ ਹੋਏ ਆਜ਼ਾਦੀ ਦੇ ਸੰਘਰਸ਼ਾਂ ਨੂੰ ਘੋਖਿਆ ਤੇ ਆਪਣੇ ਆਪ ਨੂੰ ਹਥਿਆਰਾਂ ਨਾਲ ਲੈਸ ਕਰਨ ਦੀ ਥਾਂ ਸ਼ਬਦਾਂ ਦੇ ਅਧਿਐਨ ਨਾਲ ਲੈਸ ਕੀਤਾ।
1929 ਤੋਂ 1931 (ਫਾਂਸੀ ਦੇਣ ਤੱਕ) ਤੱਕ ਦੁਨੀਆਂ ਦੇ ਬਿਹਤਰੀਨ ਲੇਖਕਾਂ ਦੀਆਂ ਕਿਤਾਬਾਂ ਪੜ੍ਹੀਆਂ ਅਤੇ ਪੂੰਜੀਵਾਦ, ਸਮਾਜਵਾਦ, ਰਾਜ ਦੀ ਉਤਪਤੀ, ਮਾਰਕਸਵਾਦ, ਸਰਕਾਰ ਦੇ ਰੂਪਾਂ, ਪਰਿਵਾਰ ਅਤੇ ਕੌਮਾਂਤਰੀਵਾਦ ਆਦਿ ਵਿਸ਼ਿਆਂ ‘ਤੇ ਨੋਟ ਵੀ ਲਿਖੇ। ਭਗਤ ਸਿੰਘ ਦੀ ਵਿਚਾਰਧਾਰਾ ਸੀ ਕਿ ਅਸੀਂ ਆਦਰਸ਼ ਸਮਾਜਵਾਦ ਦੀ ਸਿਰਜਣਾ ਕਰੀਏ ਜਿਸ ਵਿਚ ਸਮੁੱਚੀ ਮਾਨਵਤਾ ਨੂੰ ਬਰਾਬਰ ਦਾ ਹੱਕ ਮਿਲੇ। ਪੂੰਜੀਵਾਦ ਨੂੰ ਉਹ ਜੜ੍ਹੋਂ ਉਖਾੜਨ ਦੀ ਗੱਲ ਕਰਦੇ ਸਨ। ਕਿਸਾਨ ਤੇ ਮਜਦੂਰ ਉਨ੍ਹਾਂ ਦੇ ਸੱਚੇ ਇਨਕਲਾਬੀ ਸਨ। ਉਹ ਚਾਹੁੰਦੇ ਸਨ ਕਿ ਮਿਹਨਤਕਸ਼ ਲੋਕਾਂ ਦੇ ਹੱਥਾਂ ਵਿਚ ਸੱਤਾ ਹੋਣੀ ਚਾਹੀਦੀ ਹੈ।
ਭਗਤ ਸਿੰਘ ਨੇ ਫਾਂਸੀ ਦਿੱਤੇ ਜਾਣ ਤੋਂ ਪਹਿਲਾਂ ਆਪਣੇ ਦੋਸਤਾਂ ਨੂੰ ਕਿਹਾ ਸੀ ਕਿ ਇਹ ਸ਼ਹਾਦਤ ਮੇਰੇ ਲਈ ਦੇਸ਼ ਭਗਤੀ ਦਾ ਸਰਵਉਚ ਪੁਰਸਕਾਰ ਹੈ ਅਤੇ ਮੈਂ ਇਸ ਨੂੰ ਮਾਣ ਨਾਲ ਪ੍ਰਾਪਤ ਕਰ ਰਿਹਾ ਹਾਂ। ਮੈਨੂੰ ਫਾਂਸੀ ਦਿੱਤੇ ਜਾਣ ਪਿਛੋਂ ਮੇਰੇ ਇਨਕਲਾਬੀ ਵਿਚਾਰਾਂ ਦੀ ਸੁਗੰਧ ਪੂਰੇ ਦੇਸ਼ ਦੇ ਮਾਹੌਲ ਵਿਚ ਘੁਲ ਮਿਲ ਜਾਵੇਗੀ। ਬ੍ਰਿਟਿਸ਼ ਹਾਕਮ ਮੇਰਾ ਸਰੀਰ ਭਾਵੇਂ ਨਸ਼ਟ ਕਰ ਦੇਣ ਪਰ ਉਹ ਮੇਰੀ ਸੋਚ ਨੂੰ ਨਸ਼ਟ ਨਹੀਂ ਕਰ ਸਕਦੇ।
ਉਸ ਇਨਕਲਾਬੀ ਦੀ ਇੱਕੋ ਹੀ ਤਮੰਨਾ ਸੀ ਕਿ ਉਸ ਦੇ ਵਿਚਾਰਾਂ ਨੂੰ ਜਿੰਦਾ ਰੱਖਿਆ ਜਾਵੇ ਪਰ ਮੌਜੂਦਾ ਪੂੰਜੀਵਾਦੀ ਸਰਕਾਰਾਂ ਉਸ ਦੇ ਨਾਂ ‘ਤੇ ਸਿਰਫ ਰਾਜਨੀਤੀ ਹੀ ਕਰਦੀਆਂ ਹਨ ਪਰ ਭਗਤ ਸਿੰਘ ਦੇ ਵਿਚਾਰ ਜਨਤਾ ਤੱਕ ਪਹੁੰਚਾਉਣ ਦਾ ਕਾਰਜ ਨਹੀਂ ਕਰਦੀਆਂ। ਇਸ ਲਈ ਨਾਮ ਦੀ ਕੋਈ ਅਹਿਮੀਅਤ ਨਹੀਂ ਬਲਕਿ ਸੋਚ ਦੀ ਹੈ। ਇਸ ਮਸਲੇ ‘ਤੇ ਰਾਜਨੀਤੀ ਬੰਦ ਕਰਕੇ ਉਸ ਸੋਚ ਨੂੰ ਅੱਗੇ ਲਿਆਉਣ ਅਤੇ ਹਰ ਭਾਰਤੀ ਵਿਚਲੇ ਭਗਤ ਸਿੰਘ ਨੂੰ ਜਗਾਉਣ ਦੀ ਲੋੜ ਹੈ, ਤਾਂ ਜੋ ਉਸ ਯੋਧੇ ਨੇ ਜੇਲ੍ਹ ਦੀਆਂ ਬੇੜੀਆਂ ਵਿਚ ਜਕੜੇ ਅਤੇ ਕੁੱਲ ਸੰਸਾਰ ਤੋਂ ਕੱਟ ਕੇ ਜੋ ਅਧਿਐਨ ਕੀਤੇ, ਉਨ੍ਹਾਂ ‘ਤੇ ਅਮਲ ਕੀਤਾ ਜਾ ਸਕੇ।
ਅਸੀਂ ਅੱਜ ਭਗਤ ਸਿੰਘ ਦੇ ਵਾਰਿਸ ਹੋਣ ਦਾ ਪਖੰਡ ਕਰਦੇ ਹਾਂ। ਉਸ ਨੂੰ ਹਥਿਆਰ ਰੱਖਣ ਵਾਲੇ ਨੌਜੁਆਨ ਵਜੋਂ ਪੇਸ਼ ਕਰਦੇ ਹਾਂ ਜੋ ਭੇਸ ਉਸ ਨੇ ਸਾਂਡਰਸ ਨੂੰ ਮਾਰਨ ਤੋਂ ਬਾਅਦ ਕਲਕੱਤਾ ਜਾਣ ਲਈ ਬਣਾਇਆ ਸੀ। ਉਸ ਭੇਸ ਨੂੰ ਤੋੜ ਮਰੋੜ ਕੇ ਪੇਸ਼ ਕਰਦੇ ਹਾਂ। ਉਸ ਨੇ ਭਾਵੇਂ ਬ੍ਰਿਟਿਸ਼ ਹਕੂਮਤ ਵਿਰੁਧ ਹਥਿਆਰ ਚੁੱਕਿਆ ਸੀ ਪਰ ਉਹਨੂੰ ਅਹਿਸਾਸ ਹੋ ਗਿਆ ਸੀ ਕਿ ਕਿਤਾਬ ਦੀ ਤਾਕਤ ਹਥਿਆਰ ਨਾਲੋਂ ਵੱਧ ਹੈ। ਇੱਕਾ ਦੁੱਕਾ ਪੁਲਿਸ ਅਫਸਰਾਂ ਅਤੇ ਮੁਖਬਰਾਂ ਨੂੰ ਮਾਰ ਕੇ ਕਦੇ ਵੀ ਆਜ਼ਾਦ ਭਾਰਤ ਦਾ ਸੁਪਨਾ ਪੂਰਾ ਨਹੀਂ ਹੋਵੇਗਾ। ਸਿਰਫ ਸ਼ਬਦਾਂ ਦਾ ਅਧਿਐਨ ਕਰਕੇ ਹੀ ਨੌਜੁਆਨਾਂ ਵਿਚਲੇ ਇਨਕਲਾਬ ਨੂੰ ਜਗਾਇਆ ਜਾ ਸਕਦਾ ਹੈ। 19 ਅਕਤੂਬਰ 1929 ਨੂੰ ਪੰਜਾਬ ਸਟੂਡੈਂਟ ਦੀ ਕਾਂਗਰਸ ਦੇ ਨਾਂ ਇੱਕ ਸੰਦੇਸ਼ ਭੇਜਿਆ ਸੀ ਤੇ ਕਿਹਾ ਸੀ, “ਅਸੀਂ ਨੌਜਵਾਨਾਂ ਨੂੰ ਬੰਬ ਤੇ ਪਿਸਤੌਲ ਚੁੱਕਣ ਦੀ ਸਲਾਹ ਨਹੀਂ ਦੇ ਸਕਦੇ। ਇਨ੍ਹਾਂ ਨੇ ਤਾਂ ਗੰਦੀਆਂ ਬਸਤੀਆਂ ਅਤੇ ਪਿੰਡਾਂ ਦੀਆਂ ਝੁੱਗੀਆਂ-ਝੋਪੜੀਆਂ ਵਿਚ ਰਹਿਣ ਵਾਲੇ ਲੋਕਾਂ ਤੱਕ ਇਨਕਲਾਬ ਦਾ ਸੰਦੇਸ਼ ਪਹੁੰਚਾਉਣਾ ਹੈ।”
23 ਮਾਰਚ ਉਹ ਦਿਨ, ਜਦੋਂ ਆਜ਼ਾਦੀ ਦੀ ਕਿਤਾਬ ਦਾ ਪਹਿਲਾ ਪੰਨਾ ਲਿਖਿਆ ਗਿਆ ਪਰ ਅੱਜ ਅਸੀਂ ਏਸ ਦਿਨ ਨੂੰ ਸਿਰਫ ਰਸਮੀ ਤੌਰ ‘ਤੇ ਯਾਦ ਕਰਦੇ ਹਾਂ। ਸਾਲ ਵਿਚ ਸਿਰਫ ਦੋ ਦਿਨ ਹੀ ਅਸੀਂ ਉਸ ਸ਼ਹੀਦ ਨੂੰ ਯਾਦ ਕਰਦੇ ਹਾਂ ਅਤੇ ਆਉਣ ਵਾਲੇ ਸਾਲ ਭੁੱਲ ਜਾਂਦੇ ਹਾਂ। ਸੋਸ਼ਲ ਮੀਡੀਏ ‘ਤੇ ਤਸਵੀਰਾਂ ਪਾਉਣ ਜਾਂ ਗੱਡੀਆਂ ‘ਤੇ ਫੋਟੋ, ਸਟਿੱਕਰ ਆਦਿ ਲਿਖ ਕੇ ਸਾਨੂੰ ਫੁਕਰਾਪਨ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਜੇ ਅਸੀਂ ਉਸ ਦਾ ਅਕਸ ਸੁਧਾਰ ਨਹੀਂ ਸਕਦੇ ਤਾਂ ਵਿਗਾੜੀਏ ਵੀ ਨਾ। ਸਿੱਕਿਆਂ ‘ਤੇ ਫੋਟੋ ਲਾਉਣ ਜਾਂ ਕਿਸੇ ਸੰਸਦ ਵਿਚ ਬੁੱਤ ਲਾਉਣ ਦੀ ਥਾਂ ਉਸ ਸ਼ਹੀਦ ਬਾਰੇ ਸਾਹਿਤ ਸਮੱਗਰੀ ਦੇਸ਼ ਦੇ ਹਰ ਕਸਬੇ, ਕੋਨੇ ਤੱਕ ਪਹੁੰਚਾਈ ਜਾਵੇ। ਜਨਮ ਅਤੇ ਸ਼ਹੀਦੀ ਦਿਹਾੜਿਆ ‘ਤੇ ਛੁੱਟੀ ਕਰਨ ਦੀ ਥਾਂ ਸਕੂਲਾਂ-ਕਾਲਜਾਂ ਵਿਚ ਵਿਸ਼ੇਸ਼ ਸਮਾਗਮ ਕੀਤੇ ਜਾਣ।
ਇੱਕ ਗੱਲ ਹੋਰ ਦੱਸਣੀ ਬਣਦੀ ਹੈ ਕਿ 15 ਸਤੰਬਰ 2015 ਸਤੰਬਰ ਨੂੰ ਨਵੇਂ ਬਣੇ ਚੰਡੀਗੜ੍ਹ ਏਅਰਪੋਰਟ ਦਾ ਉਦਘਾਟਨ ਕੀਤਾ ਗਿਆ ਜਿਸ ਦਾ ਨਾਂ ਰੱਖਣ ਲਈ ਤਿੰਨ ਧਿਰਾਂ ਨੇ ਵੱਖ ਵੱਖ ਨਾਂ ਪੇਸ਼ ਕੀਤੇ। ਪਰ ਕਿਸੇ ਨਾਂ ‘ਤੇ ਸਹਿਮਤੀ ਨਾ ਬਣਨ ਕਰਕੇ ਇਹ ਮਸਲਾ ਲਟਕ ਕੇ ਰਹਿ ਗਿਆ। ਜੇ ਅਤੀਤ ਦੀ ਗੱਲ ਕਰੀਏ ਤਾਂ ਪੰਜਾਬ ਨੇ 2008 ਤੋਂ ਲੈ ਕੇ ਹੁਣ ਤੱਕ ਭਗਤ ਸਿੰਘ ਦੇ ਨਾਂ ਦੀ ਜ਼ੋਰਦਾਰ ਹਮਾਇਤ ਕੀਤੀ ਹੈ। ਮੌਜੂਦਾ ਸਮੇਂ ਪੰਜਾਬ ਦੀ ਹਰ ਸਿਆਸੀ ਪਾਰਟੀ ਭਗਤ ਸਿੰਘ ਦਾ ਨਾਮ ਰੱਖਣ ਲਈ ਪੂਰੀ ਵਾਹ ਲਾ ਰਹੀ ਹੈ ਪਰ ਕੋਈ ਵੀ ਇਹ ਨਹੀਂ ਸੋਚ ਰਿਹਾ ਕਿ ਏਅਰਪੋਰਟ ਦਾ ਨਾਂ ਭਗਤ ਸਿੰਘ ਰੱਖਣ ਦੀ ਲੋੜ ਹੈ ਕਿ ਨਹੀਂ? ਇਸ ਦੇ ਨਾਲ ਹੀ ਇੱਕ ਸ਼ਹੀਦ ਦੀ ਦੋ ਅਜਿਹੇ ਨਾਂਵਾਂ ਨਾਲ ਮੁਕਾਬਲੇਬਾਜੀ ਹੋ ਰਹੀ ਹੈ ਜਿਨ੍ਹਾਂ ਦੀ ਭਗਤ ਸਿੰਘ ਦੇ ਨਾਂ ਨਾਲ ਤੁਲਨਾ ਕਰਨ ਦੀ ਕਲਪਨਾ ਵੀ ਠੀਕ ਨਹੀਂ ਹੋਵੇਗੀ।
ਜੇ ਭਗਤ ਸਿੰਘ ਦੇ ਜੀਵਨ ‘ਤੇ ਝਾਤ ਮਾਰੀਏ ਤਾਂ ਇਹੀ ਪਤਾ ਲੱਗਦਾ ਹੈ ਕਿ ਉਹ ਆਪਣੀ ਸੋਚ ਸਮਾਜ ਨੂੰ ਦੇਣਾ ਚਾਹੁੰਦੇ ਸਨ ਨਾ ਕਿ ਆਪਣੇ ਨਾਂ ਨੂੰ। ਸੋ ਸਾਨੂੰ ਲੋੜ ਹੈ ਉਸ ਦੇ ਵਿਚਾਰਾਂ ਦੀ ਕਦਰ ਕਰਨ ਦੀ, ਨਾ ਕਿ ਉਸ ਦੇ ਨਾਮ ਦੀ ਤਖਤੀ ਬਣਾ ਕੇ ਥਾਂ ਥਾਂ ਚਿਪਕਾਉਣ ਦੀ।