1928 ਵਾਲਾ ਸ਼ਹੀਦ ਭਗਤ ਸਿੰਘ

ਗੁਲਜ਼ਾਰ ਸਿੰਘ ਸੰਧੂ
“ਮੈਨੂੰ ਕਮਿਸ਼ਨ ਦੀ ਨੀਅਤ ‘ਤੇ ਕੋਈ ਯਕੀਨ ਨਹੀਂ ਤੇ ਨਾ ਹੀ ਕਮਿਸ਼ਨ ਦੀ ਯੋਗਤਾ ਅਤੇ ਕਮਿਸ਼ਨ ਬਣਾਉਣ ਵਾਲਿਆਂ ਉਤੇ ਕੋਈ ਯਕੀਨ ਹੈ।” ਇਹ ਸ਼ਬਦ ਲਾਲਾ ਲਾਜਪਤ ਰਾਏ ਨੇ ਸੈਂਟਰਲ ਲੈਜਿਸਲੇਟਿਵ ਅਸੈਂਬਲੀ ਦਿੱਲੀ ਵਿਚ 16 ਫਰਵਰੀ 1928 ਨੂੰ ਸਾਈਮਨ ਕਮਿਸ਼ਨ ਦਾ ਬਾਈਕਾਟ ਕਰਨ ਦਾ ਮਤਾ ਰੱਖਦਿਆਂ ਆਖੇ ਸਨ। ਇਸ ਪਿੱਛੋਂ ਭਗਤ ਸਿੰਘ ਦੀ ਅਗਵਾਈ ਵਿਚ ਬਣੀ ਨੌਜਵਾਨ ਭਾਰਤ ਸਭਾ ਨੇ ਲਾਹੌਰ ਵਿਚ 13 ਤੇ 14 ਅਪਰੈਲ 1928 ਨੂੰ ਆਪਣੀ ਪਹਿਲੀ ਕਾਨਫਰੰਸ ਵਿਚ ਦੋ ਮਤਿਆਂ ਨਾਲ ਅੱਗੇ ਤੋਰਿਆ: ਭਾਰਤ ਵਿਚ ਕਿਸਾਨਾਂ ਤੇ ਮਜ਼ਦੂਰਾਂ ਦਾ ਪੂਰਨ ਆਜ਼ਾਦ ਪ੍ਰਭੂਸੱਤਾ ਵਾਲਾ ਸਮਾਜਵਾਦੀ ਗਣਤੰਤਰ ਸਥਾਪਿਤ ਕਰਨਾ ਅਤੇ ਵਿਦੇਸ਼ੀ ਹਕੂਮਤ ਵੱਲੋਂ ਭੇਜਿਆ ਜਾਣ ਵਾਲਾ ਸਾਈਮਨ ਕਮਿਸ਼ਨ ਰੋਕਣਾ।

ਇਹਦੇ ਨਾਲ ਭਾਰਤੀਆਂ ਅੰਦਰ ਅੰਗਰੇਜ਼ ਹਕੂਮਤ ਦੇ ਮਾੜੇ ਕਾਨੂੰਨਾਂ ਪ੍ਰਤੀ ਇਕ ਵਾਰ ਫੇਰ ਵਿਰੋਧ ਭਖਣਾ ਸ਼ੁਰੂ ਹੋ ਗਿਆ। ਕਮਜ਼ੋਰ ਪੈ ਗਈ ਆਜ਼ਾਦੀ ਦੀ ਲਹਿਰ ਵਿਚ ਮੁੜ ਜਾਨ ਪੈ ਗਈ। ਕਮਿਸ਼ਨ ਦਾ ਪੰਜਾਬ ‘ਚ ਵਿਰੋਧ ਕਰਨ ਲਈ ਭਗਤ ਸਿੰਘ ਨੇ ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਜਥੇ ਤਿਆਰ ਕੀਤੇ। ਉਸ ਦਿਨ ਸ਼ਹਿਰ ਵਿਚ ਤੇ ਸ਼ਹਿਰ ਦੇ ਰੇਲਵੇ ਸਟੇਸ਼ਨ ‘ਤੇ ਕਾਲੀਆਂ ਝੰਡੀਆਂ ਨਾਲ ਮੁਜਾਹਰਾ ਕਰਨ ਅਤੇ ਆਪਣੇ ਘਰਾਂ ਤੇ ਦੁਕਾਨਾਂ ‘ਤੇ ਕਾਲੇ ਝੰਡੇ ਲਾ ਰੋਸ ਪ੍ਰਗਟਾਉਣ ਲਈ ਪਹਿਲੀ ਜੁਲਾਈ 1928 ਨੂੰ ਭਾਰਤੀ ਕ੍ਰਾਂਤੀਕਾਰੀਆਂ ਦੇ ਕੁਝ ਗਰੁਪਾਂ ਨੇ ਕਾਨਪੁਰ ‘ਚ ਸਾਂਝੀ ਮੀਟਿੰਗ ਕੀਤੀ। ਫੈਸਲਾ ਲਿਆ ਗਿਆ ਕਿ ਹਿੰਦੋਸਤਾਨ ਰਿਪਲਿਕਨ ਐਸੋਸੀਏਸ਼ਨ (ਐਚæ ਆਰæ ਏæ) ਨੂੰ ਨਵੇਂ ਸਿਰਿਓਂ ਜਥੇਬੰਦ ਕਰ ਕੇ ਇਕ ਕੇਂਦਰੀ ਰੈਵੋਲਿਊਸ਼ਨਰੀ ਪਾਰਟੀ ਬਣਾਈ ਜਾਵੇ।
1926 ਵਿਚ ਇਨਕਲਾਬੀਆਂ ਨੇ ਹਥਿਆਰ ਖਰੀਦਣ ਲਈ ਕਾਕੋਰੀ ਸਟੇਸ਼ਨ ਨੇੜੇ ਰੇਲ ਗੱਡੀ ਰੋਕ ਕੇ ਸਰਕਾਰੀ ਖਜ਼ਾਨਾ ਲੁੱਟ ਲਿਆ ਪਰ ਵੱਡੇ ਆਗੂਆਂ ਦੇ ਸਰਕਾਰ ਵੱਲੋਂ ਖਤਮ ਕੀਤੇ ਜਾਣ ਕਾਰਨ ਐਚæ ਆਰæ ਏæ ਦੀਆਂ ਕਾਰਵਾਈਆਂ ਸੀਮਤ ਹੋ ਗਈਆਂ ਸਨ। ਇਸ ਵਿਚ ਨਵੀਂ ਰੂਹ ਫੂਕਣ ਲਈ ਭਗਤ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਵੱਖ ਵੱਖ ਇਨਕਲਾਬੀ ਗਰੁਪ ਇਕ ਹੋਣ ਲਈ ਰਾਜ਼ੀ ਹੋ ਗਏ। ਇਹ ਕਵਾਇਦ ਪੂਰੀ ਹੋਣ ਮਗਰੋਂ ਉਨ੍ਹਾਂ ਰਾਜਾਂ ਦੇ ਡੈਲੀਗੇਟਾਂ ਦੀ ਇਕ ਮੀਟਿੰਗ ਦਿੱਲੀ ਵਿਚ ਸੱਦੀ ਗਈ। 8 ਅਤੇ 9 ਸਤੰਬਰ 1928 ਨੂੰ ਇਹ ਮੀਟਿੰਗ ਦਿੱਲੀ ਦੇ ਇਤਿਹਾਸਕ ਫਿਰੋਜ਼ਸ਼ਾਹ ਕੋਟਲਾ ਕਿਲ੍ਹੇ ਵਿਚ ਹੋਈ। ਮੀਟਿੰਗ ਵਿਚ ਗੁਪਤ ਕਾਰਵਾਈਆਂ ਲਈ ਚੰਦਰ ਸ਼ੇਖਰ ਆਜ਼ਾਦ ਦੀ ਅਗਵਾਈ ਹੇਠ ਇਕ ਵੱਖਰਾ ਵਿੰਗ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਬਣਾਉਣ ਲਈ ਸਹਿਮਤੀ ਦਿੱਤੀ ਗਈ।
30 ਅਕਤੂਬਰ 1928 ਨੂੰ ਸਾਈਮਨ ਕਮਿਸ਼ਨ ਨੇ ਲਾਹੌਰ ਆਉਣਾ ਸੀ। ਸਰਕਾਰ ਨੇ 28 ਅਕਤੂਬਰ ਨੂੰ ਧਾਰਾ 144 ਲਾ ਕੇ ਲੋਕਾਂ ਦੇ ਇੱਕਠੇ ਹੋਣ ‘ਤੇ ਰੋਕ ਲਾ ਦਿੱਤੀ, ਪਰ 30 ਅਕਤੂਬਰ ਨੂੰ ਮੋਚੀ ਗੇਟ ਲਾਹੌਰ ਵਿਚ ਨੌਜਵਾਨਾਂ ਅਤੇ ਆਮ ਲੋਕਾਂ ਦਾ ਵੱਡਾ ਇਕੱਠ ਜੁੜ ਗਿਆ। ਇਸ ਇਕੱਠ ਨੂੰ ਵੱਖ ਵੱਖ ਪਾਰਟੀਆਂ ਦੇ ਵੱਡੇ ਆਗੂਆਂ-ਲਾਲਾ ਲਾਜਪਤ ਰਾਏ, ਮਦਨ ਮੋਹਨ ਮਾਲਵੀਆ, ਮੰਗਲ ਸਿੰਘ, ਗਾਜ਼ੀ ਅਬਦੁਲ ਰਹਿਮਾਨ, ਮੌਲਾਨਾ ਅਬਦੁਲ ਕਾਦਿਰ ਤੇ ਲਾਲਾ ਕੇਦਾਰ ਨਾਥ ਸਹਿਗਲ ਨੇ ਸੰਬੋਧਨ ਕੀਤਾ।
ਇਸ ਕਾਮਯਾਬ ਰੈਲੀ ਤੋਂ ਬਾਅਦ ਲਾਲਾ ਲਾਜਪਤ ਰਾਏ ਅਤੇ ਮਦਨ ਮੋਹਨ ਮਾਲਵੀਆ ਦੀ ਅਗਵਾਈ ਵਿਚ ਲਗਪਗ 25 ਹਜ਼ਾਰ ਲੋਕਾਂ ਦਾ ਇਕੱਠ ਕਾਲੀਆਂ ਝੰਡੀਆਂ ਲਹਿਰਾਉਂਦਾ ਅਤੇ ‘ਸਾਈਮਨ ਗੋ ਬੈਕ’ ਦੇ ਨਾਅਰੇ ਮਾਰਦਾ ਰੇਲਵੇ ਸਟੇਸ਼ਨ ਤੱਕ ਪੁੱਜਿਆ। ਮੁਜਾਹਰਾਕਾਰੀਆਂ ਵਿਚ ਵੱਡੀ ਗਿਣਤੀ ਵਿਚ ਭਗਤ ਸਿੰਘ ਦੀ ਨੌਜਵਾਨ ਭਾਰਤ ਸਭਾ ਤੇ ਲਾਹੌਰ ਵਿਦਿਆਰਥੀ ਯੂਨੀਅਨ ਦੇ ਮੈਂਬਰ ਸਨ। ਮਾਮਲਾ ਉਦੋਂ ਗੰਭੀਰ ਹੋ ਗਿਆ ਜਦੋਂ ਅਸਿਸਟੈਂਟ ਸੁਪਰਡੈਂਟ ਪੁਲਿਸ ਜੇæ ਪੀæ ਸਾਂਡਰਸ ਤੇ ਬਾਕੀ ਪੁਲਿਸ ਨੇ ਲੋਕਾਂ ‘ਤੇ ਡੰਡੇ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਲਾਲਾ ਲਾਜਪਤ ਰਾਏ ਨੂੰ ਹੰਟਰ ਨਾਲ ਬੁਰੀ ਤਰ੍ਹਾਂ ਕੁੱਟਿਆ ਗਿਆ, ਜਿਸ ਨਾਲ ਉਨ੍ਹਾਂ ਦੀ ਛਾਤੀ ‘ਤੇ ਗੰਭੀਰ ਸੱਟਾਂ ਲੱਗੀਆਂ ਤੇ ਨਵੰਬਰ 1928 ਵਿਚ ਉਨ੍ਹਾਂ ਦੀ ਮੌਤ ਹੋ ਗਈ।
ਲਾਲਾ ਜੀ ਦੀ ਮੌਤ ਨਾਲ ਜਿੱਥੇ ਸਾਰੇ ਦੇਸ਼ ਵਿਚ ਸੋਗ ਫੈਲ ਗਿਆ, ਉਥੇ ਦੇਸ਼ ਵਾਸੀਆਂ ਦੇ ਦਿਲਾਂ ਵਿਚ ਅੰਗਰੇਜ਼ ਹਕੂਮਤ ਵਿਰੁਧ ਨਫਰਤ ਦੀ ਭਾਵਨਾ ਹੋਰ ਪ੍ਰਬਲ ਹੋ ਗਈ। ਉਸ ਸਮੇਂ ਇਨਕਲਾਬੀ ਸ਼ਹੀਦ ਸੀæ ਆਰæ ਦਾਸ ਦੀ ਵਿਧਵਾ ਬਸੰਤੀ ਦੇਵੀ ਨੇ ਨੌਜਵਾਨਾਂ ਨੂੰ ਲਾਲਾ ਜੀ ਦੀ ਮੌਤ ਦਾ ਜਵਾਬ ਦੇਣ ਦੀ ਵੰਗਾਰ ਪਾਈ। 10 ਦਸੰਬਰ ਦੀ ਰਾਤ ਨੂੰ ਇਸ ਬਾਰੇ ਭਗਤ ਸਿੰਘ, ਸੁਖਦੇਵ, ਚੰਦਰ ਸ਼ੇਖਰ ਆਜ਼ਾਦ, ਸ਼ਿਵਰਾਮ ਰਾਜਗੁਰੂ, ਕਿਸ਼ੋਰੀ ਲਾਲ, ਮਹਾਂਬੀਰ ਸਿੰਘ ਤੇ ਜੈ ਗੋਪਾਲ ਨੇ ਮੋਜ਼ੰਗ ਹਾਊਸ, ਲਾਹੌਰ ਵਿਚ ਵਿਚਾਰ-ਵਟਾਂਦਰਾ ਕੀਤਾ। 17 ਦਸੰਬਰ 1928 ਨੂੰ ਚੰਦਰ ਸ਼ੇਖਰ ਆਜ਼ਾਦ ਦੀ ਕਮਾਨ ਹੇਠ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੇ ਜੌਹਨ ਪੀæ ਸਾਂਡਰਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਅਤੇ ਇਸ ਦਾ ਐਲਾਨ ਲਾਹੌਰ ਦੀਆਂ ਕੰਧਾਂ ‘ਤੇ ਇਸ਼ਤਿਹਾਰ ਲਾ ਕੇ ਇੰਜ ਕੀਤਾ, “ਸਾਂਡਰਸ ਨੂੰ ਖਤਮ ਕਰ ਕੇ ਲਾਲਾ ਲਾਜਪਤ ਰਾਏ ਦੇ ਕਤਲ ਦਾ ਬਦਲਾ ਲੈ ਲਿਆ ਹੈ। ਕੌਮ ਦਾ ਇਹ ਅਪਮਾਨ (ਲਾਲਾ ਜੀ ਉਤੇ ਹਮਲਾ) ਨੌਜਵਾਨਾਂ ਨੂੰ ਇਕ ਚੁਣੌਤੀ ਸੀ। ਅੱਜ ਦੁਨੀਆਂ ਨੇ ਵੇਖ ਲਿਆ ਹੈ ਕਿ ਭਾਰਤ ਦੇ ਲੋਕ ਬੇਜਾਨ ਨਹੀਂ ਤੇ ਨਾ ਹੀ ਉਨ੍ਹਾਂ ਦਾ ਖੂਨ ਜੰਮਿਆ ਹੋਇਆ ਹੈ। ਉਹ ਆਪਣੇ ਰਾਸ਼ਟਰ ਦੇ ਮਾਣ ਲਈ ਜਾਨ ‘ਤੇ ਖੇਡ ਸਕਦੇ ਹਨ।”
ਓਸ਼ੀਮਾ ਰੇਖੀ ਦਾ ਚਲਾਣਾ: ਪਰਸ਼ੀਅਨ ਬਹਾਈ ਮਾਪਿਆਂ ਦੇ ਘਰ ਜਨਮੀ ਤੇ ਸਿੱਖ ਮਾਪਿਆਂ ਵਲੋਂ ਗੋਦ ਲਈ ਓਸ਼ੀਮਾ ਜ਼ਰਅੰਗੇਜ਼ ਸਮੁੰਦਰੀ ਰੇਖੀ 95 ਵਰ੍ਹਿਆਂ ਦੀ ਉਮਰ ਭੋਗ ਕੇ ਆਪਣੀ ਬੇਟੀ ਜੋਇਆ ਦੇ ਘਰ ਪ੍ਰਲੋਕ ਸਿਧਾਰ ਗਈ। ਉਸ ਦੇ ਸਿੱਖ ਮਾਪਿਆਂ ਨੇ ਉਸ ਨੂੰ ਲਾਹੌਰ ਤੇ ਕਾਨਪੁਰ ਤੋਂ ਚੰਗੀ ਵਿੱਦਿਆ ਦਿਵਾਈ। ਉਹ ਦੇਸ਼ ਵੰਡ ਤੋਂ ਪਿਛੋਂ ਏਧਰ ਆ ਵਸੇ ਸਨ। ਓਸ਼ੀਮਾ ਆਪਣੇ ਜੀਵਨ ਵਿਚ ਉਘੀ ਸਮਾਜ ਸੇਵਕ ਹੋ ਕੇ ਉਭਰੀ। ਉਸ ਨੇ ਅਰੂਣਾ ਆਸਫ ਅਲੀ ਟਰੱਸਟ ਦੀ ਸਥਾਪਨਾ ਕੀਤੀ ਤੇ ਅੰਤਲੇ ਸਾਹ ਲੈਣ ਤੱਕ ਪੰਜਾਬ ਇਸਤਰੀ ਸਭਾ ਦੀ ਕਰਤਾ ਧਰਤਾ ਰਹੀ। ਚੰਡੀਗੜ੍ਹ ਵਾਸੀਆਂ ਨੇ ਉਸ ਨੂੰ ਢਾਈ ਮਹੀਨੇ ਪਹਿਲਾਂ 16 ਜੁਲਾਈ 2017 ਨੂੰ ਯੂæਟੀæ ਗੈਸਟ ਹਾਊਸ ਵਿਚ ਵੇਖਿਆ, ਜਿੱਥੇ ਕੰਵਲਪ੍ਰੀਤ ਵਲੋਂ ਲਿਖੀ ਉਸ ਦੀ ਜੀਵਨੀ ਦੇ ਪ੍ਰਸੰਗ ਵਿਚ ਚੰਡੀਗੜ੍ਹ ਸਾਹਿਤ ਅਕਾਦਮੀ ਵਲੋਂ ਉਸ ਦੇ ਜੀਵਨ ਅਤੇ ਉਸ ਦੀ ਦੇਣ ਉਤੇ ਚਰਚਾ ਕਰਵਾਈ ਗਈ। ਅੰਤਲੇ ਦਿਨਾਂ ਵਿਚ ਉਹ ਜਨਤਕ ਸਮਾਗਮਾਂ ਉਤੇ ਜਾਣ ਦੇ ਯੋਗ ਨਹੀਂ ਸੀ ਪਰ ਅਕਾਦਮੀ ਵਾਲੇ ਫੰਕਸ਼ਨ ਉਤੇ ਕਿਸੇ ਹੀਲੇ ਪਹੁੰਚ ਗਈ ਸੀ।
ਇਸ ਸਦੀ ਦਾ ਸਭ ਤੋਂ ਵੱਡਾ ਹੀਰਾ: ਬੋਟਸਵਾਨਾ ਦੀ ਕੈਰੋਵੇ ਖਣਿਜ ਕੰਪਨੀ ਨੂੰ ਦੋ ਸਾਲ ਪਹਿਲਾਂ ਪ੍ਰਾਪਤ ਹੋਇਆ ਪਿਛਲੇ 100 ਸਾਲਾਂ ਦਾ ਸਭ ਤੋਂ ਮੁੱਲਵਾਨ ਹੀਰਾ ਮੁੜ ਚਰਚਾ ਵਿਚ ਹੈ। 1109 ਕੈਰਟ ਦੇ ਇਸ ਹੀਰੇ ਨੂੰ ਬਰਤਾਨੀਆ ਦੀ ਹੀਰਾ ਕੰਪਨੀ ‘ਕਰਾਫਟ ਡਾਇਮੰਡਜ਼’ ਨੇ 345 ਕਰੋੜ ਰੁਪਏ ਵਿਚ ਖਰੀਦ ਲਿਆ ਹੈ। ਬਰਤਾਨਵੀ ਵਪਾਰੀ ਇਸ ਨੂੰ ਕੱਟ ਸੰਵਾਰ ਤੇ ਪਾਲਿਸ਼ ਕਰਕੇ ਵੇਖਣ ਦੀ ਸੋਚ ਰਿਹਾ ਹੈ। ਚੇਤੇ ਰਹੇ, ਅਖੰਡ ਭਾਰਤ ਵਾਲਾ ਕੋਹਿਨੂਰ ਹੀਰਾ, ਜਿਸ ਨੂੰ ਗੋਰੀ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਦਲੀਪ ਸਿੰਘ ਤੋਂ ਖੋਹ ਕੇ ਬਰਤਾਨਵੀ ਤਖਤ ਵਿਚ ਜੁੜਵਾ ਲਿਆ ਸੀ, ਇਸ ਤੋਂ 200 ਗੁਣਾ ਵਧ ਕੀਮਤ ਦਾ ਹੈ।
ਅੰਤਿਕਾ: ਅਮਰੀਕ ਡੋਗਰਾ
ਨਾ ਹਮਦਰਦੀ, ਨਾ ਨਿੱਘੇ ਬੋਲ,
ਨਾ ਸਤਿਕਾਰ ਹੀ ਕਿਧਰੇ
ਇਵੇਂ ਇਕ ਸ਼ਖਸ, ਪੁੱਤਾਂ-ਪੋਤਿਆਂ
ਵਿਚਕਾਰ ਰਹਿੰਦਾ ਹੈ।
ਇਹ ਠੇਕੇਦਾਰ ਧਰਮਾਂ ਦੇ,
ਟਿਕਣ ਦਿੰਦੇ ਨਹੀਂ ਕਿਧਰੇ,
ਇਹ ਰੱਬ ਹੁਣ ਮਸਜਿਦਾਂ ਤੇ ਗਿਰਜਿਆਂ
ਵਿਚਕਾਰ ਰਹਿੰਦਾ ਹੈ।