ਬਾਮਸੇਫ, ਅਕਾਲੀ ਦਲ (ਅ) ਅਤੇ ਅੰਬੇਦਕਰ ਬਾਰੇ ਕੁਝ ਸਵਾਲ

ਡਾæ ਭੀਮਾ ਰਾਓ ਅੰਬੇਦਕਰ ਨੂੰ ਅਕਸਰ ਦਲਿਤਾਂ ਦਾ ਮਸੀਹਾ ਕਰਕੇ ਜਾਣਿਆ ਜਾਂਦਾ ਹੈ। ਇਸ ਨੁਕਤੇ ‘ਤੇ ਕਿੰਤੂ ਕਰਨ ਨਾਲ ਕਈ ਧਿਰਾਂ ਵਲੋਂ ਵਿਰੋਧ ਖੜ੍ਹਾ ਹੋ ਸਕਦਾ ਹੈ। ਇਸ ਪ੍ਰਤੀਕਰਮ ਵਿਚ ਲੇਖਕ ਕਮਲਜੀਤ ਸਿੰਘ ਨੇ ਕੁਝ ਨੁਕਤੇ ਖੜ੍ਹੇ ਕੀਤੇ ਹਨ। ਇਨ੍ਹਾਂ ਨੁਕਤਿਆਂ ਨੂੰ ਅਸੀਂ ਇਕ ਵਿਚਾਰ-ਚਰਚਾ ਦੇ ਤੌਰ ‘ਤੇ ਛਾਪ ਰਹੇ ਹਾਂ, ਸਾਡਾ ਇਨ੍ਹਾਂ ਨਾਲ ਸਹਿਮਤ ਹੋਣਾ ਜਰੂਰੀ ਨਹੀਂ। ਇਸ ਮਾਮਲੇ ‘ਤੇ ਆਏ ਹੋਰ ਵਿਚਾਰਾਂ ਨੂੰ ਵੀ ਬਣਦੀ ਥਾਂ ਦਿੱਤੀ ਜਾਵੇਗੀ।

-ਸੰਪਾਦਕ

ਕਮਲਜੀਤ ਸਿੰਘ, ਫਰੀਮਾਂਟ
ਕਅਮਚਅਲਚਅਲ@ਹੋਟਮਅਲਿ।ਚੋਮ

‘ਪੰਜਾਬ ਟਾਈਮਜ਼’ ਦੇ 23 ਸਤੰਬਰ 2017 ਵਾਲੇ ਅੰਕ ਵਿਚ ‘ਬਾਮਸੇਫ ਇੰਟਰਨੈਸ਼ਨਲ ਅਤੇ ਅਕਾਲੀ ਦਲ (ਅੰਮ੍ਰਿਤਸਰ) ਵਿਚ ਰਾਜਨੀਤਿਕ ਸਮਝੌਤਾ’ ਖਬਰ ਪੜ੍ਹ ਕੇ ਮਨ ਵਿਚ ਕਈ ਸਵਾਲ ਪੈਦਾ ਹੋਏ ਹਨ। ਸਭ ਤੋਂ ਪਹਿਲਾਂ ਤਾਂ ਇਹ ਇਕ ਸੱਚਾਈ ਹੈ ਕਿ ਬਾਮਸੇਫ ਅਤੇ ਅਕਾਲੀ ਦਲ (ਅੰਮ੍ਰਿਤਸਰ) ਪੰਜਾਬ ਵਿਚ ਸਿਰਫ ਕਾਗਜ਼ੀ ਹਸਤੀਆਂ ਹੀ ਹਨ ਜਿਨ੍ਹਾਂ ਨੇ ਪਿਛਲੇ 20 ਸਾਲਾਂ ਵਿਚ 5 ਫੀਸਦੀ ਤੋਂ ਵੱਧ ਵੋਟਾਂ ਹਾਸਲ ਨਹੀਂ ਕੀਤੀਆਂ। ਇਨ੍ਹਾਂ ਦੋਵਾਂ ਦੇ ਰਸਤੇ ਅਤੇ ਮੰਜ਼ਿਲਾਂ ਵੀ ਵੱਖ-ਵੱਖ ਹਨ ਜਿਸ ਦੀ ਤਸਵੀਰ ਸੁਖਮਿੰਦਰ ਸਿੰਘ ਹੰਸਰਾ ਨੇ ਖਬਰ ਦੇ ਆਖਰੀ ਪਹਿਰੇ ਵਿਚ ਸਪਸ਼ਟ ਕਰ ਦਿੱਤੀ ਹੈ, “ਅਕਾਲੀ ਦਲ ਦਾ ਮਸਲਾ ਭਾਰਤੀ ਮੂਲ ਦੇ ਲੋਕਾਂ ਦੇ ਮਸਲੇ ਨਾਲੋਂ ਵੱਖਰਾ ਹੈ।” ਸਵਾਲ ਹੈ, ਸਮਝੌਤਾ ਹੋਣ ਤੋਂ ਪਹਿਲਾਂ ਹੀ ਤੋੜ ਦਿੱਤਾ ਗਿਆ ਹੈ ਕਿ ਨਹੀਂ?
ਹੁਣ ਗੱਲ ਕਰਦੇ ਹਾਂ, ਡਾæ ਅੰਬੇਦਕਰ ਵੱਲੋਂ ਸਿੱਖ ਧਰਮ ਅਪਨਾਉਣ ਦੀ। ਜੇ ਡਾæ ਅੰਬੇਦਕਰ ਨੇ ਆਪਣਾ ਧਰਮ ਬਦਲਣਾ ਸੀ ਤਾਂ ਉਹ ਕਿਸੇ ਵੀ ਨੇੜਲੇ ਗੁਰਦੁਆਰੇ ਵਿਚ ਆਪਣੇ 6 ਕਰੋੜ ਅਨੁਯਾਈਆਂ ਸਮੇਤ ਧਰਮ ਬਦਲ ਕੇ ਸਿੱਖ ਬਣ ਸਕਦੇ ਸਨ। ਅਕਾਲੀ ਦਲ ਤੋਂ ਉਨ੍ਹਾਂ ਇਜਾਜ਼ਤ ਕਿਉਂ ਲੈਣੀ ਸੀ? ਕੀ ਕੋਈ ਸਿਆਸੀ ਪਾਰਟੀ ਕਿਸੇ ਧਰਮ ਦੇ ਡੀਲਰ ਵਜੋਂ ਕੰਮ ਕਰਦੀ ਹੈ? ਇਸ ਤੋਂ ਸਾਫ ਜ਼ਾਹਰ ਹੈ ਕਿ ਡਾæ ਅੰਬੇਦਕਰ ਆਪਣੀ ਸਿਆਸਤ ਨੂੰ ਧਰਮ ਦਾ ਬੁਰਕਾ ਪਹਿਨਾਉਣਾ ਚਾਹੁੰਦੇ ਸਨ? ਇਹ ਚਾਲ ਸੀ ਜੋ ਭੋਲੇ-ਭਾਲੇ ਦਲਿਤਾਂ ਨੂੰ ਇਕ ਕਿਸਮ ਦੇ ਬ੍ਰਾਹਮਣਵਾਦ ਵਿਚੋਂ ਕੱਢ ਕੇ ਦੂਜੀ ਕਿਸਮ ਵਿਚ ਧੱਕਣ ਦੀ ਕੋਸ਼ਿਸ਼ ਸੀ। ਕੀ ਇਹ ਸੱਚਾਈ ਨਹੀਂ ਕਿ ਆਮ ਤੌਰ ‘ਤੇ ਸਿੱਖਾਂ ਵਿਚ ਜਾਤ-ਪਾਤ ਦਾ ਉਨਾ ਹੀ ਬੋਲ-ਬਾਲਾ ਹੈ, ਜਿੰਨਾ ਹਿੰਦੂਆਂ ਵਿਚ? ਇਸ ਦਾ ਸਬੂਤ ਇਸ ਕਾਨਫਰੰਸ ਵਿਚ ਸ਼ਾਮਲ ਅਕਾਲੀ ਦਲ (ਅ) ਦੇ ਕਾਰਕੁਨਾਂ ਵੱਲੋਂ ਆਪਣੇ ਆਪ ਨੂੰ ‘ਮਾਨ’, ‘ਖੜੌਦ’, ‘ਕੁਲਾਰ’, ‘ਹੰਸਰਾ’ ਦੱਸ ਕੇ ਚੰਗੀ ਤਰ੍ਹਾਂ ਦੇ ਦਿੱਤਾ ਹੈ।
ਬਾਣੀ ਦਾ ਤੁਸੀਂ ਜਿੰਨਾ ਮਰਜ਼ੀ ਜ਼ਿਕਰ ਕਰ ਲਓ, ਪਰ ਜਾਤ-ਪਾਤ ਸਿੱਖ ਧਰਮ ਵਿਚੋਂ ਮਿਟੀ ਨਹੀਂ। ਉਪਰ ਦਿੱਤੇ ਗੋਤ ਸਾਰੇ ਹੀ ਜੱਟਾਂ ਦੇ ਹਨ। ਇਸ ਸਬੰਧੀ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਦਲਿਤਾਂ ਉਤੇ ਜਿੰਨੇ ਜ਼ੁਲਮ ਜੱਟਾਂ ਨੇ ਕੀਤੇ ਹਨ ਜਾਂ ਕਰ ਰਹੇ ਹਨ, ਉਨੇ ਬ੍ਰਾਹਮਣਾਂ ਨੇ ਨਹੀਂ ਕੀਤੇ। ਜੇ ਤੁਸੀਂ ਕਿਸੇ ਦਲਿਤ, ਚਮਾਰ ਜਾਂ ਬਾਲਮੀਕ ਨਾਲ ਨਿਜੀ ਤੌਰ ‘ਤੇ ਗੱਲ ਕਰੋ ਤਾਂ ਉਹ ਜ਼ਾਲਮਾਂ ਦੀ ਕਤਾਰ ਵਿਚ ਜੱਟਾਂ ਨੂੰ ਜ਼ਿਆਦਾ ਕੋਸਦੇ ਹਨ, ਬਨਿਸਬਤ ਬ੍ਰਾਹਮਣਾਂ ਦੇ।
ਕੀ ਇਹ ਸਾਬਤ ਨਹੀਂ ਹੋ ਜਾਂਦਾ ਕਿ ਡਾæ ਅੰਬੇਦਕਰ ਵੱਲੋਂ ਸਿੱਖ ਬਣਨ ਦੀ ਕੋਸ਼ਿਸ਼ ਸਿਆਸੀ ਚਾਲ ਸੀ?
ਜੇ ਡਾæ ਅੰਬੇਦਕਰ ਜਾਤ-ਪਾਤ ਨੂੰ ਇੰਨੀ ਹੀ ਨਫਰਤ ਕਰਦੇ ਸਨ ਤਾਂ ਦਲਿਤਾਂ ਵਿਚ ਵੀ ਸੈਂਕੜੇ ਜਾਤਾਂ ਹਨ, ਪਰ ਡਾæ ਅੰਬੇਦਕਰ ਨੇ ਕਦੇ ਵੀ ਉਨ੍ਹਾਂ ਨੂੰ ਆਪਸੀ ਜਾਤ-ਪਾਤ ਖਤਮ ਕਰਨ ਲਈ ਨਹੀਂ ਪ੍ਰੇਰਿਆ। ਮਿਸਾਲ ਵਜੋਂ ਚਮਾਰ ਆਪਣੀ ਧੀ ਕਿਸੇ ਬਾਲਮੀਕ ਨਾਲ ਨਹੀਂ ਵਿਆਹੁੰਦਾ। ਰਾਮਦਾਸੀਏ ਆਪਣੇ ਆਪ ਨੂੰ ਚਮਾਰਾਂ ਤੋਂ ਉਪਰ ਸਮਝਦੇ ਹਨ। ਕੀ ਦਲਿਤਾਂ ਵਿਚ ਜਾਤ-ਪਾਤ ਬ੍ਰਾਹਮਣਵਾਦ ਤੋਂ ਪਹਿਲਾਂ ਹੀ ਮੌਜੂਦ ਨਹੀਂ ਸੀ? ਕਿਉਂਕਿ ਬ੍ਰਾਹਮਣਾਂ ਦਾ ਨਾ ਤਾਂ ਸਮਾਜਿਕ ਅਤੇ ਨਾ ਹੀ ਧਾਰਮਿਕ ਰਿਸ਼ਤਾ ਇਨ੍ਹਾਂ ਦਲਿਤਾਂ ਨਾਲ ਸੀ। ਜੇ ਬ੍ਰਾਹਮਣ ਇਨ੍ਹਾਂ ਵਿਚ ਵਿਚਰਦੇ ਨਹੀਂ ਸਨ ਤਾਂ ਦਲਿਤਾਂ ਨੂੰ ਕਿਵੇਂ ਜਾਤਾਂ-ਪਾਤਾਂ ਵਿਚ ਵੰਡ ਸਕਦੇ ਸਨ। ਇਥੇ ਕੀ ਡਾæ ਅੰਬੇਦਕਰ ਵੱਲੋਂ ਜਾਤ-ਪਾਤ ਦਾ ਢੰਡੋਰਾ ਸਿਰਫ ਬ੍ਰਾਹਮਣਾਂ ਖਿਲਾਫ ਹੀ ਨਹੀਂ ਸੀ? ਕਿਉਂਕਿ ਉਨ੍ਹਾਂ ਨੇ ਦਲਿਤਾਂ ਵਿਚਲੀ ਇਸ ਕਮਜ਼ੋਰੀ ਨੂੰ ਕਦੇ ਵੀ ਨਹੀਂ ਉਜਾਗਰ ਕੀਤਾ।
ਡਾæ ਅੰਬੇਦਕਰ ਬ੍ਰਾਹਮਣਾਂ ਖਿਲਾਫ ਤਾਂ ਬੋਲਦੇ ਸਨ, ਪਰ ਖੁਦ ਉਨ੍ਹਾਂ ਤਕਰੀਬਨ 60 ਸਾਲ ਦੀ ਉਮਰੇ ਬ੍ਰਾਹਮਣ ਲੜਕੀ ਸਵਿਤਾ ਉਰਫ ਸ਼ਾਰਦਾ ਨਾਲ ਸ਼ਾਦੀ ਰਚਾਈ। ਉਸ ਸਮੇਂ ਸਵਿਤਾ ਦੀ ਉਮਰ ਉਨ੍ਹਾਂ ਦੀ ਧੀ ਦੇ ਬਰਾਬਰ ਸੀ। ਕੀ ਇਹ ਜ਼ਾਹਰ ਨਹੀਂ ਸੀ ਕਿ ਡਾæ ਅੰਬੇਦਕਰ ਬ੍ਰਾਹਮਣਾਂ ਨੂੰ ਨਿੰਦਣਾ ਸਿਆਸੀ ਹਥਿਆਰ ਵਜੋਂ ਵਰਤਦੇ ਸਨ ਤਾਂ ਕਿ ਆਮ ਦਲਿਤਾਂ ਦੀ ਬੁੱਧੀ ਵਧਣ ਨਾ ਦਿੱਤੀ ਜਾਵੇ।
ਡਾæ ਅੰਬੇਦਕਰ ਨੂੰ ਬੜੌਦਾ ਦੇ ਹਿੰਦੂ ਰਾਜੇ ਸਿਆਜੀ ਰਾਓ ਨੇ ਪੜ੍ਹਨ ਵਾਸਤੇ ਅਮਰੀਕਾ ਭੇਜਿਆ। ਇਸ ਹਿੰਦੂ ਰਾਜੇ ਨੇ ਮਰਾਠਾ ਐਜੂਕੇਸ਼ਨ ਫੰਡ ਤਹਿਤ ਕਈ ਵਿਦਿਆਰਥੀ ਅਮਰੀਕਾ, ਇੰਗਲੈਂਡ ਭੇਜੇ ਸਨ। ਹਿੰਦੂ ਰਾਜਾ ਇਹ ਕਾਰਜ ਜਾਤ-ਪਾਤ ਤੋਂ ਉਪਰ ਉਠ ਕੇ ਕਰਦਾ ਸੀ, ਪਰ ਕੀ ਡਾæ ਅੰਬੇਦਕਰ ਨੇ ਕਦੀ ਇਸ ਮਹਾਨ ਹਸਤੀ ਦੀ ਪ੍ਰਸ਼ੰਸਾ ਕੀਤੀ ਜਾਂ ਮਿਸਾਲ ਦਿੱਤੀ? ਉਨ੍ਹਾਂ ਵੱਲੋਂ ਤਾਂ ਸਾਰਾ ਹਿੰਦੂ ਧਰਮ ਹੀ ਮਾੜਾ ਸੀ, ਸਮੇਤ ਉਹ ਰਾਜਾ ਜਿਸ ਨੇ ਡਾæ ਅੰਬੇਦਕਰ ਨੂੰ ਸਭ ਕੁਝ ਦਿੱਤਾ ਜੋ ਆਮ ਆਦਮੀ ਦੇ ਵੱਸ ਤੋਂ ਬਾਹਰ ਸੀ।
ਕੀ ਡਾæ ਅੰਬੇਦਕਰ ਨੂੰ ਰਾਜਾ ਸਿਆਜੀ ਰਾਓ ਨੂੰ ਦੇਵਤੇ ਵਾਂਗ ਨਹੀਂ ਸੀ ਮੰਨਣਾ ਚਾਹੀਦਾ।
ਜੇ ਉਨ੍ਹਾਂ ਨੇ ਉਸ ਰਾਜੇ ਦੀ ਜਾਤ-ਪਾਤ ਤੋਂ ਉਪਰ ਸ਼ਖਸੀਅਤ ਨੂੰ ਮਿਸਾਲ ਵਜੋਂ ਨਹੀਂ ਵਰਤਿਆ ਤਾਂ ਕੀ ਇਹ ਅਕ੍ਰਿਤਘਣਤਾ ਨਹੀਂ?
ਨਾਗਪੁਰ ਵਿਚ 1930 ਨੂੰ ਹੋਈ ਸਰਬ ਹਿੰਦ ਸ਼ੋਸ਼ਤ ਵਰਗ ਕਾਂਗਰਸ ਦੇ ਪਹਿਲੇ ਸੈਸ਼ਨ ਵਿਚ ਡਾæ ਅੰਬੇਦਕਰ ਨੇ ਅੰਗਰੇਜ਼ਾਂ ਦੀ ਡਟ ਕੇ ਹਮਾਇਤ ਕੀਤੀ ਅਤੇ ਆਜ਼ਾਦੀ ਦਾ ਵਿਰੋਧ ਕੀਤਾ। ਕੀ ਉਨ੍ਹਾਂ ਦਾ ਇਹ ਕਾਰਨਾਮਾ ਸ਼ਹੀਦ ਹੋ ਰਹੇ ਭਗਤ ਸਿੰਘ, ਸੁਖਦੇਵ, ਰਾਜਗੁਰੂ, ਕਰਤਾਰ ਸਿੰਘ ਸਰਾਭਾ, ਬਜ ਬਜ ਦੇ ਸ਼ਹੀਦ, ਸਿੱਖ ਮੋਰਚਿਆਂ ਦੇ ਸ਼ਹੀਦਾਂ ਦੀ ਬੇਹੁਰਮਤੀ ਨਹੀਂ ਸੀ? ਕੀ ਡਾæ ਅੰਬੇਦਕਰ ਨੇ ਇਨ੍ਹਾਂ ਸ਼ਹੀਦਾਂ ਬਾਰੇ ਕਦੇ ਵੀ ਚੰਗਾ ਬੋਲਿਆ?
ਦੂਜੀ ਸੰਸਾਰ ਜੰਗ ਵਿਚ ਡਾæ ਅੰਬੇਦਕਰ ਨੇ ਅੰਗਰੇਜ਼ਾਂ ਦੀ ਮਦਦ ਕੀਤੀ। ਜਦ ਉਚ ਜਾਤੀ ਦੇ ਲੋਕਾਂ ਨੇ ਤਲਾਬ ਵਿਚੋਂ ਦਲਿਤਾਂ ਨੂੰ ਰੋਕਿਆ ਤਾਂ ਡਾæ ਅੰਬੇਦਕਰ ਦਲਿਤਾਂ ਦੇ ਨੇਤਾ ਵਜੋਂ ਪਾਣੀ ਲੈਣ ਗਏ। ਉਚ ਜਾਤੀ ਦੇ ਲੋਕਾਂ ਨੇ ਪੁਲਿਸ ਦੀ ਮਦਦ ਨਾਲ ਉਨ੍ਹਾਂ ਨੂੰ ਉਥੋਂ ਭਜਾ ਦਿੱਤਾ, ਫਿਰ ਵੀ ਡਾæ ਅੰਬੇਦਕਰ ਅੰਗਰੇਜ਼ਾਂ ਖਿਲਾਫ ਨਹੀਂ ਬੋਲੇ।
ਡਾæ ਅੰਬੇਦਕਰ ਨੇ ਜਦ ਬੁੱਧ ਧਰਮ ਅਪਨਾਇਆ ਤਾਂ ਉਨ੍ਹਾਂ ਨੇ ਕਿਸ ਕੋਲੋਂ ਇਜਾਜ਼ਤ ਲਈ? ਕਿਸੇ ਕੋਲੋਂ ਵੀ ਨਹੀਂ! ਨਾ ਹੀ ਜ਼ਰੂਰਤ ਸੀ। ਕੀ ਸਿਰਫ ਸਿੱਖ ਅਕਾਲੀ ਲੀਡਰਸ਼ਿਪ ਨੂੰ ਲਤਾੜਨ ਵਾਸਤੇ ਹੀ ਇਹ ਇਲਜ਼ਾਮ ਨਹੀਂ ਘੜਿਆ ਕਿ ਅਕਾਲੀਆਂ ਨੇ ਉਨ੍ਹਾਂ ਨੂੰ ਸਿੱਖ ਨਹੀਂ ਬਣਨ ਦਿੱਤਾ?
ਰਾਖਵਾਂਕਰਨ ਤਾਂ ਕੋਲਹਾਪੁਰ ਦੇ ਰਾਜਾ ਸ਼ਾਹੂ ਨੇ 1902 ਵਿਚ ਅਤੇ ਅੰਗਰੇਜ਼ਾਂ ਨੇ 1909 ਵਿਚ ਹੀ ਲਾਗੂ ਕੀਤੀ ਹੋਈ ਸੀ। ਫਿਰ ਡਾæ ਅੰਬੇਦਕਰ ਨੇ ਇਹ ਕੋਈ ਨਵਾਂ ਕੰਮ ਨਹੀਂ ਕੀਤਾ, ਬਲਕਿ ਇਹ ਉਜਾਗਰ ਕਰਨਾ ਬਣਦਾ ਹੈ ਕਿ ਕਾਂਗਰਸ ਨੇ ਵੀ ਕਦੇ ਇਸ ਦਾ ਵਿਰੋਧ ਨਹੀਂ ਸੀ ਕੀਤਾ।
ਜੇ ਉਸ ਵਕਤ ਦੇ ਸ਼ਹੀਦਾਂ ਅਤੇ ਕਾਂਗਰਸੀਆਂ ਦੀ ਜੱਦੋ-ਜਹਿਦ ਨਾਲ ਮਿਲੀ ਆਜ਼ਾਦੀ ਨਾ ਮਿਲਦੀ ਤਾਂ ਕੀ ਡਾæ ਅੰਬੇਦਕਰ ਨੂੰ ਪੰਡਿਤ ਨਹਿਰੂ ਦੀ ਕੈਬਨਿਟ ਵਿਚ ਸਥਾਨ ਮਿਲ ਸਕਦਾ ਸੀ? ਨਾ ਆਜ਼ਾਦ ਭਾਰਤ ਦੀ ਕੈਬਨਿਟ ਬਣਦੀ ਤਾਂ ਡਾæ ਅੰਬੇਦਕਰ ਮੰਤਰੀ ਬਣ ਸਕਦੇ ਸੀ?
ਮੁਹੰਮਦ ਅਲੀ ਜਿਨਾਹ ਨੇ ਵੀ ਪਾਕਿਸਤਾਨ ਦਾ ਪਹਿਲਾ ਕਾਨੂੰਨ ਮੰਤਰੀ ਜੋਗਿੰਦਰ ਨਾਥ ਮੰਡਲ (ਦਲਿਤ) ਨੂੰ ਬਣਾਇਆ ਸੀ, ਪਰ ਉਹ ਦੁਖੀ ਹੋ ਕੇ ਮੁੜ ਕਲਕੱਤੇ ਆ ਗਏ ਸਨ, ਕਿਉਂਕਿ ਮੁਸਲਿਮ ਲੀਗ ਵਾਲੇ ਉਨ੍ਹਾਂ ਦੀ ਕੋਈ ਗੱਲ ਨਹੀਂ ਸੀ ਸੁਣਦੇ।
ਕੀ ਭਾਰਤ ਦਾ ਸੰਵਿਧਾਨ ਬਣਾਉਣ ਵਾਸਤੇ ਲਾਇਕ ਤੋਂ ਲਾਇਕ ਲੋਕ ਮੌਜੂਦ ਨਹੀਂ ਸਨ? ਪਰ ਪੰਡਿਤ ਨਹਿਰੂ ਨੇ ਡਾæ ਅੰਬੇਦਕਰ ਨੂੰ ਇਹ ਕਾਰਜ ਸੌਂਪ ਕੇ ਖੁੱਲ੍ਹ ਦਿੱਤੀ ਅਤੇ ਜਾਤ-ਪਾਤ ਨੂੰ ਤਿਲਾਂਜਲੀ ਦਾ ਸਬੂਤ ਦਿੱਤਾ?
ਅੱਜ ਰਾਖਵੇਂਕਰਨ ਦੇ ਫਾਇਦੇ ਉਠਾ ਚੁਕੇ ਲੋਕ ਕੀ ਆਪਣੀਆਂ ਜਾਤਾਂ ਵਿਚ ਪਿੱਛੇ ਰਹਿ ਗਏ ਲੋਕਾਂ ਖਾਤਰ ਰਾਖਵੇਂਕਰਨ ਤੋਂ ਬਾਹਰ ਆਉਣ ਲਈ ਤਿਆਰ ਹਨ? ਕਦੇ ਨਹੀਂ।
ਜੇ ਅੱਜ ਬਾਬੂ ਜਗਜੀਵਨ ਰਾਮ, ਰਾਮ ਵਿਲਾਸ ਪਾਸਵਾਨ, ਸ਼ ਗੁਰਬੰਤਾ ਦੇ ਪਰਿਵਾਰ ਜੋ ਪਿਛਲੇ 70 ਸਾਲਾਂ ਤੋਂ ਉਚੇ ਅਹੁਦਿਆਂ ਉਤੇ ਪਹੁੰਚ ਚੁਕੇ ਹਨ, ਉਨ੍ਹਾਂ ਦੇ ਬੱਚੇ ਆਮ ਲੋਕਾਂ ਨਾਲ ਮਿਲ ਕੇ ਰਹਿ ਸਕਦੇ ਹਨ? ਉਹ ਭਾਵੇਂ ਆਪਣੀਆਂ ਨੌਕਰੀਆਂ ਜਾਂ ਸਿਆਸੀ ਪੁਜ਼ੀਸ਼ਨਾਂ ਗੈਰ ਦਲਿਤਾਂ ਨੂੰ ਨਾ ਵੀ ਦੇਣ, ਪਰ ਕੀ ਉਹ ਦਲਿਤਾਂ ਵਿਚ ਹੀ ਮੌਜੂਦ ਦਲਿਤਾਂ ਲਈ ਛੱਡਣ ਵਾਸਤੇ ਤਿਆਰ ਹਨ? ਕਦੇ ਵੀ ਨਹੀਂ। ਇਹ ਘਿਨੌਣਾ ਚੱਕਰ ਡਾæ ਅੰਬੇਦਕਰ ਦੇ ਨਾਮ ਉਤੇ ਚੱਲ ਰਿਹਾ ਹੈ ਕਿ ਨਹੀਂ?
ਇਹੋ ਜਿਹੀਆਂ ਕਾਨਫਰੰਸਾਂ ਵਿਚ ਬੁਲਾਰਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਮਿਸਾਲ ਦੇ ਕੇ ਦੱਸਣ ਕਿ ਉਨ੍ਹਾਂ ਨੇ ਕਿੰਨੇ ਦਲਿਤ ਪਰਿਵਾਰਾਂ ਨਾਲ ਰੋਟੀ-ਬੇਟੀ ਦੀ ਸਾਂਝ ਪਾਈ ਹੈ, ਨਾ ਕਿ ਨਸੀਹਤਾਂ ਦੀ ਝੜੀ ਲਾ ਕੇ ਤੁਰ ਜਾਣ।
ਉਪਰ ਦਿੱਤੇ ਗਏ ਕਈ ਸਵਾਲ ਦਾਸ ਵੱਲੋਂ ਡਾæ ਅੰਬੇਦਕਰ ਦੇ ਦਰਜਨ ਤੋਂ ਵੱਧ ਪੈਰੋਕਾਰਾਂ ਨੂੰ ਕੀਤੇ ਗਏ, ਪਰ ਕਿਸੇ ਨੇ ਵੀ ਕੋਈ ਉਤਰ ਨਹੀਂ ਦਿੱਤਾ। ਉਲਟਾ ਕਾਂਗਰਸੀ ਜਾਂ ਆਰæਐਸ਼ਐਸ਼ ਪੱਖੀ ਜਾਂ ਬ੍ਰਾਹਮਣ ਹੋਣ ਦੀਆਂ ਤੁਹਮਤਾਂ ਜ਼ਰੂਰ ਲਾ ਦਿੱਤੀਆਂ।
ਅੱਜ ਦੀ ਰਾਜਨੀਤੀ ਵਿਚ ਦਲਿਤ ਅਤੇ ਅੰਬੇਦਕਰ ਸ਼ਬਦ ਨੂੰ ਵੋਟ ਖਿੱਚੂ ਚੁੰਬਕ ਦੇ ਤੌਰ ‘ਤੇ ਵਰਤਣਾ ਆਮ ਰੁਝਾਨ ਹੈ ਤਾਂ ਕਿ ਜਾਤ-ਪਾਤ ਤੇ ਸਿਆਸਤ ਜਾਂ ਧਰਮ ਤੇ ਸਿਆਸਤ ਦੀ ਕਾਕਟੇਲ ਨਾਲ ਡਾæ ਅੰਬੇਦਕਰ ਦੇ ਨਾਂ ਨੂੰ ਸਨੈਕ ਵਾਂਗ ਵਰਤਾਇਆ ਜਾਂਦਾ ਰਹੇ। ਜਾਤਾਂ ਦੇ ਆਧਾਰ ਉਤੇ ਰਾਖਵੇਂਕਰਨ ਨੇ ਦਲਿਤ ਸਮਾਜ ਵਿਚ ਮੌਜੂਦ ਲਾਇਕ ਬੱਚਿਆਂ ਵਿਚ ਹੀਣ ਭਾਵਨਾ, ਕਮਜ਼ੋਰ ਹੋਣ ਦੀ ਭਾਵਨਾ ਜਾਂ ਦਿਮਾਗੀ ਤੌਰ ‘ਤੇ ਘੱਟ ਹੋਣ ਦਾ ਅਹਿਸਾਸ ਭਰ ਦਿੱਤਾ ਹੈ। ਉਹ ਬੱਚੇ ਖੁੱਲ੍ਹੇ ਮੁਕਾਬਲੇ ਵਿਚ ਆਉਣ ਦੀ ਜੁਰਅਤ ਨਹੀਂ ਕਰਦੇ; ਜਦਕਿ ਸੱਚਾਈ ਇਹ ਹੈ ਕਿ ਦਿਮਾਗੀ ਤੌਰ ‘ਤੇ ਉਹ ਕਿਸੇ ਵੀ ਜਾਤ ਦੇ ਬੱਚਿਆਂ ਤੋਂ ਘੱਟ ਨਹੀਂ ਹਨ।
ਜਾਤ-ਪਾਤ ਵਿਚ ਰਾਖਵੇਂਕਰਨ ਨੇ ਦਲਿਤ ਦਿਮਾਗ ਨੂੰ ਇਕ ਪਿੰਜਰੇ ਵਿਚੋਂ ਕੱਢ ਕੇ ਦੂਜੇ ਪਿੰਜਰੇ ਵਿਚ ਬੰਦ ਕਰ ਦਿੱਤਾ ਹੈ। ਉਹ ਸਿਰਫ ਰਾਖਵੇਂਕਰਨ ਨੂੰ ਆਪਣਾ ਦੇਵਤਾ ਜਾਣ ਕੇ ਡਾæ ਅੰਬੇਦਕਰ ਦੀ ਪੂਜਾ ਕਰੀ ਜਾਂਦੇ ਹਨ, ਪਰ ਸੱਚਾਈ ਇਹ ਹੈ ਕਿ ਰਾਖਵੇਂਕਰਨ ਨੇ ਉਨ੍ਹਾਂ ਨੂੰ ਜ਼ਿਹਨੀ ਤੌਰ ‘ਤੇ ਗੁਲਾਮ ਬਣਾ ਦਿੱਤਾ ਹੈ। ਜੇ ਉਨ੍ਹਾਂ ਨੂੰ ਮਾਲੀ ਸਹਾਇਤਾ ਦੇ ਕੇ ਬਾਕੀ ਬਰਾਦਰੀਆਂ ਦੇ ਬਰਾਬਰ ਖੜ੍ਹਾ ਕਰ ਦਿੱਤਾ ਜਾਂਦਾ ਤਾਂ ਅਸਲ ਵਿਚ ਜਾਤ-ਪਾਤ ਖਤਮ ਹੋਣ ਦੇ ਮੌਕੇ ਸਨ। ਦਲਿਤਾਂ ਵਿਚ ਲਿਆਕਤ ਦੀ ਕਮੀ ਨਹੀਂ, ਪਰ ਉਨ੍ਹਾਂ ਵਿਚ ਖੁੱਲ੍ਹ ਕੇ ਨਾ ਖੇਡਣ ਦੀ ਭਾਵਨਾ ਹੀਣ ਬਣਾ ਦਿੱਤੀ ਗਈ ਹੈ।
ਭਾਰਤੀ ਸੰਵਿਧਾਨ ਵਿਚ ਆਏ ਸਾਲ ਤਰਮੀਮਾਂ ਕੀਤੀਆਂ ਜਾਂਦੀਆਂ ਹਨ, ਕੀ ਇਹ ਬਹੁਤ ਵਧੀਆ ਸੰਵਿਧਾਨ ਬਣਿਆ ਸੀ?
ਜੇ ਅੱਜ ਕੋਈ ਡਾæ ਅੰਬੇਦਕਰ ਉਪਰ ਬੜੌਦੇ ਦੇ ਰਾਜੇ ਦਾ ਚੜ੍ਹਾਇਆ ਕਰਜ਼ਾ ਉਤਾਰਨਾ ਚਾਹੁੰਦਾ ਹੈ ਤਾਂ ਉਹ ਡਾæ ਅੰਬੇਦਕਰ ਤੋਂ ਪਹਿਲਾਂ ਬੜੌਦਾ ਦੇ ਰਾਜੇ ਸਿਆਜੀ ਰਾਓ ਨੂੰ ਪੂਜਣ ਜਿਸ ਨੇ ਜਾਤ-ਪਾਤ ਤੋਂ ਉਪਰ ਉਠ ਕੇ ਡਾæ ਅੰਬੇਦਕਰ ਦੀ ਮਦਦ ਕੀਤੀ।