ਸਮੇਂ ਸਮੇਂ ਦੀਆਂ ਗੱਲਾਂ

ਸਮੇਂ ਸਮੇਂ ਦੀਆਂ ਗੱਲਾਂ, ਹੁਣ ਸਮੇਂ ਦਾ ਨਹੀਂ ਟੈਮ ਦਾ ਸਮਾਂ ਹੈ-ਕੀ ਟੈਮ ਹੋ ਗਿਆ? ਪਾਠ ਕਰਨ ਦਾ ਤਾਂ ਟੈਮ ਹੀ ਨਹੀਂ ਮਿਲਦਾ, ਅੰਗਰੇਜ਼ਾਂ ਦੇ ਟੈਮ ਚੰਗੇ ਸੀ। ਸਮਾਂਬੱਧ ਡਿਊਟੀ ‘ਤੇ ਜਾਣ ਨੂੰ ਦੇਸੀ ਟੈਮ ਚੁੱਕਣਾ ਕਹਿੰਦੇ ਹਨ। ਟੈਮ ਕੱਢਣਾ, ਟੈਮ ਲਾਉਣਾ, ਟੈਮ ਦੇਣਾ, ਟੈਮ ਪਾਸ ਕਰੀ ਜਾਣਾ, ਟੈਮ ਟੈਮ ਦੀਆਂ ਗੱਲਾਂ-ਉਕਤੀਆਂ ਵੀ ਚਲਦੀਆਂ ਹਨ।

ਬਲਜੀਤ ਬਾਸੀ

ਰਹੀ ਵਾਸਤੇ ਘੱਤ
ਸਮੇਂ ਨੇ ਇੱਕ ਨਾ ਮੰਨੀ।
ਫੜ ਫੜ ਰਹੀ ਧਰੀਕ
ਸਮੇਂ ਖਿਸਕਾਈ ਕੰਨੀ।
ਕਿਵੇਂ ਨ ਸੱਕੀ ਰੋਕ
ਅਟਕ ਜੋ ਪਾਈ ਭੰਨੀ।
ਤ੍ਰਿੱਖੇ ਅਪਣੇ ਵੇਗ
ਗਿਆ ਟੱਪ ਬੰਨੇ ਬੰਨੀ।
ਸਮੇਂ ਦੀ ‘ਚੱਲ ਸੋ ਚੱਲ’ ਖਾਸੀਅਤ ਤੋਂ ਹਾਸਿਲ ਹੋਇਆ, ਇਹ ਹੈ ਭਾਈ ਵੀਰ ਸਿੰਘ ਦਾ ਸੰਦੇਸ਼। ਸਮਾਂ ਲਗਾਤਾਰ ਅੱਗੇ ਨੂੰ ਚਲਦਾ ਰਹਿੰਦਾ ਹੈ, ਭੂਤਕਾਲ ਤੋਂ ਵਰਤਮਾਨ ਹੁੰਦਾ ਹੋਇਆ ਭਵਿੱਖ ਵੱਲ। ਮਨੁੱਖ ਦੇ ਅਨੁਭਵ ਅਨੁਸਾਰ ਇਹ ਕਦੇ ਪਿਛੇ ਨਹੀਂ ਮੁੜਦਾ। ਕੌਣ ਹੈ, ਜੋ ਅਤੀਤ ਵਿਚ ਹੰਢਾਏ ਸੁਖਦਾਈ ਪਲਾਂ ਨੂੰ ਮੁੜ ਮਾਣਨਾ ਨਹੀਂ ਚਾਹੁੰਦਾ? ਸਮੇਂ ਦਾ ਸੰਕਲਪ ਬਹੁਤ ਜਟਿਲ ਹੈ, ਜੇ ਇਸ ਦੇ ਵਿਗਿਆਨਕ ਪੱਖਾਂ ਵੱਲ ਜਾਈਏ ਤਾਂ ਮਹਾਤੜ ਦੇ ਪਿੜ ਪੱਲੇ ਘੱਟ ਹੀ ਕੁਝ ਪਵੇਗਾ। ਅਖੇ ਅੰਤਰਿਕਸ਼ (ਪੁਲਾੜ) ਦੇ ਤਿੰਨ ਪਸਾਰਾਂ ਦੇ ਨਾਲ ਸਮਾਂ ਚੌਥਾ ਪਸਾਰ ਹੈ; ਸਮਾਂ, ਅੰਤਰਿਕਸ਼ ਅਤੇ ਮਾਦਾ ਇਕ ਦੂਜੇ ਨਾਲ ਜੁੜੇ ਹੋਏ ਹਨ। ਹੋਰ ਸੁਣੋ, ਸਮਾਂ ਤੇ ਅੰਤਰਿਕਸ਼ ਦਾ ਪਸਾਰਾ ਸ਼ੁਰੂ ਹੀ ਮਹਾਂਵਿਸਫੋਟ ਨਾਲ ਹੋਇਆ, ਫਿਰ ਪਹਿਲਾਂ ਕੀ ਸੀ?
ਵਿਗਿਆਨੀ, ਦਾਰਸ਼ਨਿਕ, ਧਰਮਵੇਤਾ ਆਦਿ ਆਪਣੇ ਆਪਣੇ ਵਿਸ਼ੇ ਦੇ ਉਦੇਸ਼ ਅਨੁਸਾਰ ਕਿਸੇ ਵੀ ਸੰਕਲਪ ਦੀ ਵਿਆਖਿਆ ਕਰਦੇ ਹਨ ਪਰ ਭਾਸ਼ਾ-ਵਿਗਿਆਨੀ ਸ਼ਬਦ ਦੀ ਆਮ ਸਮਝ ਨੂੰ ਹੱਥ ਪਾਉਂਦਾ ਹੈ। ਮਨੁੱਖ ਦਾ ਜੀਵਨ ਸੀਮਤ ਹੈ, ਜਿਸ ਦੌਰਾਨ ਘਟਨਾਵਾਂ ਵਾਪਰਦੀਆਂ ਹਨ-ਇਕ ਤੋਂ ਬਾਅਦ ਇਕ। ਮਨੁੱਖ ਆਪਣੇ ਆਪ ਤੇ ਹੋਰਨਾਂ ਨੂੰ ਬਚਪਨ, ਜਵਾਨੀ, ਬੁਢਾਪੇ ਅਤੇ ਹੋਣ ਵਾਲੀ ਮੌਤ ਵਿਚੋਂ ਗੁਜ਼ਰਦਿਆਂ ਦੇਖਦਾ ਹੈ ਤੇ ਨਾਲ ਹੀ ਇਹ ਵੀ ਪ੍ਰਤੀਤ ਕਰਦਾ ਹੈ ਕਿ ਇਹ ਕਦੇ ਦੁਹਰਾਏ ਨਹੀਂ ਜਾਂਦੇ। ਇਸ ‘ਮਜਬੂਰੀ’ ਦਾ ਨਾਂ ਹੀ ਸਮਾਂ ਹੈ। ਸਮਾਂ ਇਕ ਵਹਿਣ ਦੀ ਨਿਆਈਂ ਹੈ।
ਦਿਲਚਸਪ ਗੱਲ ਹੈ ਕਿ ḔਸਮਾਂḔ ਸ਼ਬਦ ਪੰਜਾਬੀ ਵਿਚ ਬਹੁਤਾ ਨਹੀਂ ਬੋਲਿਆ ਜਾਂਦਾ। ਮੈਨੂੰ ਹੈਰਾਨੀ ਹੋਈ ਕਿ ਕਿਸੇ ਗੁਰੂ ਸਾਹਿਬ ਨੇ ਇਹ ਸ਼ਬਦ ਨਹੀਂ ਵਰਤਿਆ। ‘ਮਹਾਨ ਕੋਸ਼’ ਨੇ ਰਸਮਪੂਰਤੀ ਵਜੋਂ ‘ਸਮਯ’ ਸ਼ਬਦ ਲਿਆ ਹੈ ਪਰ ਸਿੱਖ ਦਰਸ਼ਨ ਵਿਚ ਇਸ ਦੀ ਵਰਤੋਂ ਦੀ ਮਿਸਾਲ ਨਹੀਂ ਦੇ ਸਕਿਆ। ਸੂਫੀ ਤੇ ਕਿੱਸਾ ਕਾਵਿ ਵਿਚ ਵੀ ਮੈਨੂੰ ਇਹ ਸ਼ਬਦ ਰੜਕਿਆ ਨਹੀਂ।
ਅਸੀਂ ਆਪਣੇ ਦੌਰ ਦੀ ਗੱਲ ਹੀ ਕਰ ਲੈਂਦੇ ਹਾਂ। ਸਮਾਂ ਸ਼ਬਦ ਤੋਂ ਢੇਰ ਸਮੇਂ ਬਾਅਦ ਸਾਡੇ ਕੋਲ ਆਇਆ ਸ਼ਬਦ ਟਾਈਮ ਅਸੀਂ ਟੈਮ ਦੇ ਰੂਪ ਵਜੋਂ ਖੂਬ ਵਰਤਦੇ ਹਾਂ। ਸਮੇਂ ਸਮੇਂ ਦੀਆਂ ਗੱਲਾਂ, ਹੁਣ ਸਮੇਂ ਦਾ ਨਹੀਂ ਟੈਮ ਦਾ ਸਮਾਂ ਹੈ-ਕੀ ਟੈਮ ਹੋ ਗਿਆ? ਪਾਠ ਕਰਨ ਦਾ ਤਾਂ ਟੈਮ ਹੀ ਨਹੀਂ ਮਿਲਦਾ, ਅੰਗਰੇਜ਼ਾਂ ਦੇ ਟੈਮ ਚੰਗੇ ਸੀ। ਸਮਾਂਬੱਧ ਡਿਊਟੀ ‘ਤੇ ਜਾਣ ਨੂੰ ਦੇਸੀ ਟੈਮ ਚੁੱਕਣਾ ਕਹਿੰਦੇ ਹਨ। ਟੈਮ ਕੱਢਣਾ, ਟੈਮ ਲਾਉਣਾ, ਟੈਮ ਦੇਣਾ, ਟੈਮ ਪਾਸ ਕਰੀ ਜਾਣਾ, ਟੈਮ ਟੈਮ ਦੀਆਂ ਗੱਲਾਂ-ਉਕਤੀਆਂ ਵੀ ਚਲਦੀਆਂ ਹਨ। ਸ਼ਾਇਦ ਅੰਗਰੇਜ਼ਾਂ ਦੇ ਰਾਜ ਸਮੇਂ ਘੜੀ ਦੇ ਪ੍ਰਚਲਿਤ ਹੋਣ ਨਾਲ ਟੈਮ ਸ਼ਬਦ ਅਛੋਪਲੇ ਹੀ ਸਾਡੀਆਂ ਭਾਸ਼ਾਵਾਂ ਵਿਚ ਘੁਸ ਗਿਆ। ਕਵਿਤਾ, ਗੀਤਾਂ ਅਤੇ ਟੋਟਕਿਆਂ ਵਿਚ ਟੈਮ ਸ਼ਬਦ ਸਹਿਜੇ ਹੀ ਵਰਤਿਆ ਜਾ ਰਿਹਾ ਹੈ, ‘ਸਾਧ ਦਾ ਨਾ ਟੈਮ ਲੰਘੇ ਭੰਗ ਤੋਂ ਬਿਨਾ।’ ਅਮਿਤੋਜ ਦੀ ਖੂਬਸੂਰਤ ਕਵਿਤਾ ਡਿਕਲੀਗ੍ਰਾਮਾ ਵਿਚ ਟੈਮ ਦੇਖੋ,
ਮੈਨੂੰ
ਤਾਂ ਚੰਗਾ ਲੱਗਦਾ ਏ
ਪਵਿੱਤਰ ਲੋਕਾਂ ਨੂੰ ਹੁੱਜਤਾਂ ਕਰਨੀਆਂ
ਤੇ ਉਨ੍ਹਾਂ ਦੇ
ਬੋਦਿਆਂ ਦੇ ਪਰਛਾਵਿਆਂ ‘ਚੋਂ ਟੈਮ ਲੱਭਣੇ
ਜੇ ਤੂੰ ਪੰਚਮ ਤੋਂ ਪਟਾਕ ਦੇਣੀ ਭੁੰਜੇ
ਨਹੀਂ ਕਿਰ ਸਕਦੀ
ਤਾਂ ਤੂੰ ਬਈ ਜਾਹ।
ਸਮਾਂ ਸ਼ਬਦ ਵਾਲੇ ਕੁਝ ਮੁਹਾਵਰਿਆਂ ਤੋਂ ਪਤਾ ਲਗਦਾ ਹੈ ਕਿ ਇਸ ਦੀ ਕੁਝ ਵਰਤੋਂ ਤਾਂ ਜ਼ਰੂਰ ਹੁੰਦੀ ਹੈ, ਜਿਵੇਂ ਸਮਾਂ ਟਪਾਉਣਾ, ਸਮਾਂ ਹੱਥੋਂ ਨਾ ਛੱਡਣਾ, ਸਮਾਂ ਬੰਨ੍ਹਣਾ, ਸਮੇਂ ਨੂੰ ਅੱਗ ਲੱਗਣੀ, ਸਮੇਂ ਦੀ ਨਬਜ਼ ਪਛਾਣਨੀ। ਸਮਾਂ ਸ਼ਬਦ ਬਹੁਤਾ ਲਿਖਤੀ ਰੂਪ ਵਿਚ ਹੀ ਵਰਤਿਆ ਜਾਂਦਾ ਹੈ, ਬੋਲਚਾਲ ਵਿਚ ਏਨਾ ਨਹੀਂ। ਅਰਬੀ ਫਾਰਸੀ ਵਲੋਂ ਆਇਆ ਵਕਤ ਬੋਲਣ ਵਿਚ ਵੀ ਅਸੀਂ ਖੁੰਝਦੇ ਨਹੀਂ ਪਰ ਸਮੇਂ ਲਈ ਸਾਡੇ ਕੋਲ ਘਟ ਹੀ ਸਮਾਂ ਹੈ। ਵੱਖ ਵੱਖ ਸੰਦਰਭਾਂ ਅਤੇ ਸਥਿਤੀਆਂ ਵਿਚ ਵਰਤੇ ਜਾਂਦੇ ਸਮਾਂ ਸ਼ਬਦ ਦੇ ਹੋਰ ਸਮਾਨਅਰਥਕ ਹਨ-ਵੇਲਾ, ਕਾਲ, ਚਿਰ, ਜ਼ਮਾਨਾ, ਜੁੱਗ ਪਰ ਸਰਬਗ੍ਰਾਹੀ ਟੈਮ ਨੇ ਸਭ ਨੂੰ ਨਿਗਲ ਲਿਆ, ਘਟੋ ਘਟ ਬੋਲਚਾਲ ਵਿਚ।
ਚਲੋ ਆਪਾਂ ਟੈਮ ਟੂਮ ਤੋਂ ਕੀ ਲੈਣਾ, ਗੱਲ ਛੇੜੀ ਸੀ ਨਿਮਾਣੇ ਸਮੇਂ ਦੀ। ਜੇ ਸੰਸਕ੍ਰਿਤ ਵੱਲ ਜਾਈਏ ਤਾਂ ਇਸ ਦੇ ਰੂਪ ‘ਸਮਯ’ ਵਿਚ ਮੇਲ, ਮਿਲਾਪ, ਮਿਲਣ ਸਥਾਨ, ਮੌਸਮ, ਮੌਕਾ, ਸਮਝੌਤਾ, ਸੰਧੀ, ਇਕਰਾਰ, ਰਵਾਇਤ, ਰਿਵਾਜ, ਸੰਕੇਤ, ਟਾਈਮ ਆਦਿ ਦੇ ਭਾਵ ਝਲਕਦੇ ਹਨ। ਸਪੱਸ਼ਟ ਹੈ ਕਿ ਪੰਜਾਬੀ ਵਿਚ ਸਮਾਂ ਸ਼ਬਦ ਤੋਂ ਏਨਾ ਕੰਮ ਨਹੀਂ ਲਿਆ ਜਾਂਦਾ, ਇਹ ਕਾਲ ਦੇ ਅਰਥਾਂ ਤੋਂ ਬਾਹਰ ਨਹੀਂ ਜਾਂਦਾ। ਲਹਿੰਦੀ ਵਿਚ ਇਸ ਦਾ ਅਰਥ ਮੌਸਮ, ਚੰਗਾ ਮੌਸਮ, ਖੁਸ਼ਹਾਲੀ ਵੀ ਹੈ। ਪੰਜਾਬੀ ਵਿਚ ਇਸ ਦੇ ਕੁਝ ਇਕ ਅਰਥ ਹਨ-ਜ਼ਮਾਨਾ: ਕਿਹੜੇ ਸਮਿਆਂ ਦੀ ਗੱਲ ਕਰਦੇ ਹੋ?; ਅਰਸਾ: ਉਹ ਥੋੜ੍ਹਾ ਸਮਾਂ ਹੀ ਰੁਕਿਆ; ਕਾਲ ਦਾ ਇਕ ਖਾਸ ਨੁਕਤਾ: ਕੀ ਸਮਾਂ ਹੋ ਗਿਆ? ਸਮਾਂ ਸ਼ਬਦ ਤੋਂ ਬਣੇ ਕੁਝ ਤਕਨੀਕੀ ਜਿਹੇ ਸ਼ਬਦ ਹਨ-ਸਮਾਚਾਰ, ਸਾਮਿਅਕ, ਸਮਾਂ-ਸਾਰਣੀ, ਸਮਾਂਬੱਧ।
ਅਸੀਂ ਕਹਿੰਦੇ ਹਾਂ, ਸਮੇਂ ਦੇ ਨਾਲ ਚੱਲਣਾ ਚਾਹੀਦਾ ਹੈ। ਅਸਲ ਵਿਚ ਸਮਾਂ ਸ਼ਬਦ ਵਿਚ ਨਾਲ ਚੱਲਣ ਤੋਂ ਹੀ ਭਾਵ ਹੈ। ਪੰਜਾਬੀ ਸਮਾਂ ਸੰਸਕ੍ਰਿਤ ਸਮਯ ਦਾ ਵਿਗਸਿਆ ਰੂਪ ਹੈ। ਪ੍ਰਾਕ੍ਰਿਤ ਵਿਚ ਵੀ ਇਸ ਦਾ ਰੂਪ ਸਮਾ ਸੀ। ਇਸ ਦੇ ਦੋ ਘਟਕ ਹਨ-ਸਮ ਅਤੇ ਯ। ਅਗੇਤਰ ਵਜੋਂ ਵਰਤੇ ਸਮ ਸ਼ਬਦ ਵਿਚ ਪੱਧਰਾ, ਬਰਾਬਰ, ਸਮਾਨ, ਨਾਲ, ਸਾਥ, ਮਿਲਦਾ-ਜੁਲਦਾ ਆਦਿ ਦੇ ਭਾਵ ਹਨ। ਇਸ ਤੋਂ ਬਹੁਤ ਸਾਰੇ ਸ਼ਬਦ ਬਣੇ ਹਨ, ਕੁਝ ਗਿਣਾਉਂਦੇ ਹਾਂ-ਸਮਤਲ, ਸਮਤੋਲ, ਸਮਿਤੀ, ਸਮਾਗਮ, ਸਮਾਜ ਆਦਿ। ਸਮਯ ਦੇ ਪਿਛੇ ਲੱਗਾ ḔਅਯḔ ਘਟਕ ਅਸਲ ਵਿਚ ਸੰਸਕ੍ਰਿਤ ‘ਈ’ ਕ੍ਰਿਆ ਦਾ ਬਦਲਿਆ ਰੂਪ ਹੈ ਜਿਸ ਵਿਚ ਆਉਣ ਜਾਣ, ਜਾਣ ਦਾ ਭਾਵ ਹੈ। ਅਯਨ ਸ਼ਬਦ ਦਾ ਅਰਥ ਰਸਤਾ, ਮਾਰਗ ਵੀ ਹੈ ਤੇ ਅੱਧੇ ਸਾਲ ਦਾ ਅਰਸਾ ਵੀ। ਉਤਰਾਇਣ, ਦੱਖਣਾਇਣ ਵਿਚ ਇਹ ਸ਼ਬਦ ਵਿਦਮਾਨ ਹੈ। ਸੂਰਜ ਦੇ ਛੇ ਮਹੀਨੇ ਉਤਰ ਤੇ ਛੇ ਮਹੀਨੇ ਦੱਖਣ ਵੱਲ ਜਾਣ ਦੇ ਭਾਵ ਤੋਂ ਇਹ ਸ਼ਬਦ ਬਣੇ। ਇਹ ਭਾਰੋਪੀ ਖਾਸੇ ਵਾਲਾ ਸ਼ਬਦ ਹੈ, ਅੰਗਰੇਜ਼ੀ ੋਨ, ਛੋਟੁਸ, ਛਰਿਚੁਟਿ, ਓਣਟਿ, ੀਸਸੁe ਤੇ ਹੋਰ ਅਨੇਕਾਂ ਸ਼ਬਦਾਂ ਵਿਚ ਇਸ ਦਾ ਭਾਰੋਪੀ ਮੂਲ ‘e’ਿ ਬੋਲਦਾ ਹੈ।
ਅਜਿਤ ਵਡਨੇਰਕਰ ਅਨੁਸਾਰ ਸਮ ਅਤੇ ਅਯ ਦੇ ਸੰਯੋਗ ਤੋਂ ਬਣੇ ਸਮਯ ਸ਼ਬਦ ਦਾ ਭਾਵ ਹੈ-ਜੋ ਨਾਲ ਨਾਲ ਚੱਲ ਰਿਹਾ ਹੈ। ਸਮਾਂ ਹਮੇਸ਼ਾ ਸਾਡੇ ਨਾਲ ਨਾਲ ਜਾਂ ਬਰਾਬਰ ਹੀ ਚਲਦਾ ਹੈ। ਪਰ ਮੇਰੇ ਖਿਆਲ ਵਿਚ ਇਸ ਸ਼ਬਦ ਦੀ ਵਿਆਖਿਆ ਹੋਰ ਤਰ੍ਹਾਂ ਹੋ ਸਕਦੀ ਹੈ। ਸਮਯ ਸ਼ਬਦ ਦਾ ਮੂਲ ਅਰਥ ਇਕੱਠੇ ਹੋਣ ਦੀ ਥਾਂ, ਮਿਲਾਪ ਬਿੰਦੂ ਹੈ। ਇਸ ਲਈ ਵਿਸਤ੍ਰਿਤ ਅਰਥ ਹੋਇਆ-ਮਿਲਣ ਆਦਿ ਦਾ ਨਿਯਤ ਵੇਲਾ, ਕੁਝ ਕਰਨ ਦਾ ਸਹੀ ਮੌਕਾ, ਅਵਸਰ। ਇਸ ਤੋਂ ਅੱਗੇ ਵਕਤ, ਟਾਈਮ ਦੇ ਆਮ ਭਾਵ ਉਘੜਦੇ ਹਨ।
ਜ਼ਰਾ ਸਮਯ ਸ਼ਬਦ ਵਿਚ ਆਏ ਸਮ ਸ਼ਬਦ ਵੱਲ ਮੁੜੀਏ। ਅਸੀਂ ਦੇਖਿਆ ਕਿ ਇਸ ਵਿਚ ਸਮਾਨ, ਬਰਾਬਰ, ਨਾਲ ਨਾਲ, ਇਕੋ ਜਿਹਾ ਹੋਣ ਦੇ ਭਾਵ ਹਨ। ਭਾਸ਼ਾ-ਵਿਗਿਆਨੀਆਂ ਦਾ ਅਨੁਮਾਨ ਹੈ ਕਿ ਇਹ ਸ਼ਬਦ ਭਾਰੋਪੀ ਹੈ ਜਿਸ ਦਾ ਮੂਲ ‘ੰeਮ’ ਹੈ ਤੇ ਇਸ ਵਿਚ ਇਕੋ ਜਿਹਾ, ਸਮਾਨ, ਨਾਲ ਨਾਲ ਦੇ ਭਾਵ ਹਨ। ਅਵੇਸਤਾ ਵਿਚ ‘ਸ’ ਧੁਨੀ ‘ਹ’ ਵਿਚ ਪਲਟ ਜਾਂਦੀ ਹੈ ਤੇ ਇਸ ਦਾ ਰੂਪ ਹੋਇਆ ਹਮ ਜਿਸ ਵਿਚ ਨਾਲ, ਸਾਥ ਦੇ ਭਾਵ ਹਨ। ਹਮਸਫਰ, ਹਮਦਰਦ, ਹਮਨਾਮ, ਹਮਬਿਸਤਰ, ਹਮਪਿਆਲਾ, ਹਮਪੇਸ਼ਾ, ਹਮਰਾਜ਼, ਹਮਦਮ, ਹਮੇਸ਼ਾ, ਦਰਹਮ ਆਦਿ ਫਾਰਸੀ ਲਫਜ਼ਾਂ ਵਿਚ ਇਸ ਨੂੰ ਦੇਖਿਆ ਜਾ ਸਕਦਾ ਹੈ। ਫਾਰਸੀ ਹਮਾ ਦਾ ਮਤਲਬ ਹੈ-ਸਾਰੇ, ਸਭ, ਹਮਤਾ ਦਾ ਸਮਤਾ ਅਤੇ ਹੰਗਾਮ ਦਾ ਸਮਾਂ, ਮੌਸਮ ਹੁੰਦਾ ਹੈ। ਗਰੀਕ ਭਾਸ਼ਾ ਵਿਚ ਵੀ ਇਸ ਦਾ ਰੂਪ ਹਮ ਜਿਹਾ ਹੀ ਹੈ ਤੇ ਇਸ ਤੋਂ ਬਣੇ ਸ਼ਬਦ ਹੋਮੋ, ਹੋਮੋਪੈਥੀ, ਹੋਮੋਨਿਮ (ਟਾਕਰਾ ਕਰੋ ਹਮਨਾਮ ਤੇ ਸਮਨਾਮ) ਅੰਗਰੇਜ਼ੀ ਵਿਚ ਵੀ ਆ ਗਏ ਹਨ। ਲਾਤੀਨੀ ਵਿਚ ਇਸ ਦਾ ਰੂਪ ਸਿਮਲਿਸ ਹੈ ਜਿਸ ਤੋਂ ਬਣੇ ਸਿਮੀਲਰ ਅਤੇ ਸਿੰਪਲ, ਸਿੰਗਲ (ਇਕੋ ਜਿਹੇ ਭਾਵ ਤੋਂ) ਸ਼ਬਦ ਅੰਗਰੇਜ਼ੀ ਵਿਚ ਆਏ। ਅੰਗਰੇਜ਼ੀ ਸੇਮ ੰਅਮe (ਉਹੋ, ਇਕੋ ਜਿਹਾ, ਸਮਾਨ) ਜਰਮੈਨਿਕ ਅਸਲੇ ਦਾ ਸ਼ਬਦ ਹੈ। ਕੁਝ ਖਾਸ, ਕੋਈ ਦੇ ਅਰਥਾਂ ਵਲਾ ਅੰਗਰੇਜ਼ੀ ਸਮ (ੰੋਮe) ਵੀ ਜਰਮੈਨਿਕ ਸ਼ਬਦ ਹੈ। ਪੁਰਾਣੀ ਅੰਗਰੇਜ਼ੀ ਵਿਚ ਇਸ ਦਾ ਸ਼ਬਦਜੋੜ ੁੰਮ ਸੀ। ਇਸ ਵਿਚ ਵੀ ਮੁਢਲਾ ਭਾਵ ਇਕੋ ਜਿਹਾ, ‘ਉਹੀ’ ਦਾ ਹੀ ਹੈ।
ਅੰਗਰੇਜ਼ੀ ਦਾ ਇਕ ਹੋਰ ਸ਼ਬਦ ਹੈ, ਸਮ (ੁੰਮ) ਜਿਸ ਦਾ ਕ੍ਰਿਆ ਵਜੋਂ ਅਰਥ ਹੈ-ਹਿਸਾਬ ਲਾਉਣਾ, ਗਿਣਨਾ, ਜੋੜ ਲਾਉਣਾ। ਨਾਂਵ ਵਜੋਂ ਇਸ ਸ਼ਬਦ ਦਾ ਪੁਰਾਣੀ ਅੰਗਰੇਜ਼ੀ ਵਿਚ ਅਰਥ ਸੀ-ਧਨ ਰਾਸ਼ੀ, ਕੁੱਲ ਪੈਸਾ, ਸਾਰੀ ਰਕਮ। ਇਹ ਲਾਤੀਨੀ ਵਲੋਂ ਆਇਆ ਹੈ ਤੇ ਇਸ ਭਾਸ਼ਾ ਵਿਚ ਇਸ ਦਾ ਅਰਥ ਸੀ ਚੋਟੀ, ਟੀਸੀ, ਸਿਖਰ, ਧਨ ਦੀ ਮਾਤਰਾ, ਰਕਮ। ਚੋਟੀ ਦੇ ਅਰਥਾਂ ਵਾਲਾ ਸੱਮਿਟ ਅਤੇ ਸਾਰਅੰਸ਼ ਦੇ ਅਰਥਾਂ ਵਾਲਾ ਸਮਰੀ ਸ਼ਬਦ ਇਸੇ ਨਾਲ ਜਾ ਜੁੜਦੇ ਹਨ। ਇਹ ਜਾਣਨਾ ਦਿਲਚਸਪ ਹੋਵੇਗਾ ਕਿ ਸਿਖਰ ਦੇ ਅਰਥਾਂ ਤੋਂ ਕੁੱਲ, ਸਮੁੱਚਾ, ਜਮ੍ਹਾਂ-ਜੋੜ ਦੇ ਭਾਵ ਕਿਵੇਂ ਆਏ। ਰੋਮਨਾਂ ਵਿਚ ਇਕ ਰਿਵਾਜ ਸੀ ਕਿ ਉਹ ਉਪਰੋਂ ਹੇਠਾਂ ਲਿਖੀਆਂ ਰਕਮਾਂ ਦਾ ਜੋੜ ਕਰਦੇ ਸਮੇਂ ਜੋੜ ਨੂੰ ਹੇਠਾਂ ਲਿਖਣ ਦੀ ਬਜਾਏ ਸਿਖਰ ਅਰਥਾਤ ਉਪਰ ਲਕੀਰ ਵਾਹ ਕੇ ਲਿਖਿਆ ਕਰਦੇ ਸਨ। ਸਕੂਲਾਂ ਵਿਚ ਅਸੀਂ ਹਾਸਿਲ ਇਸ ਤਰ੍ਹਾਂ ਲਿਖਿਆ ਕਰਦੇ ਸਾਂ। ਸੋ ਇਹ ਸਿਖਰ ਲਿਖਿਆ ਹੀ ਸਮਾਂ ਪੈ ਕੇ ਕੁੱਲ ਜਮ੍ਹਾਂ-ਜੋੜ ਦੇ ਅਰਥਾਂ ਵਾਲਾ ਸਮ ਹੋ ਗਿਆ।
ਸ਼ ਹਰਭਜਨ ਸਿੰਘ ਦੇਹਰਾਦੂਨ ਨੇ ਇਕੋ ਜਿਹਾ, ਬਰਾਬਰ ਆਦਿ ਦੇ ਅਰਥਾਂ ਵਾਲੇ ਸੰਸਕ੍ਰਿਤ ਸਮ ਨੂੰ ਇਸ ਸਿਖਰ, ਕੁੱਲ, ਜਮ੍ਹਾਂ-ਜੋੜ ਦੇ ਅਰਥਾਂ ਵਾਲੇ ਅੰਗਰੇਜ਼ੀ ੁੰਮ ਨਾਲ ਨਰੜ ਦਿੱਤਾ ਹੈ, ਇਹ ਦਲੀਲ ਦਿੰਦਿਆਂ ਕਿ ‘ਅੰਗਰੇਜ਼ੀ ਸ਼ਬਦ ਦਾ ਅਸਲ ਅਰਥ ਬਰਾਬਰ, ਸਮਾਨ ਹੈ ਮਸਲਨ ਅਸੀਂ 5+4 = 9 ਲਿਖਦੇ ਹਾਂ ਤਾਂ ੁੰਮ 9 ਅਸਲ ਵਿਚ 4 ਜਮ੍ਹਾਂ 5 ਦੇ ਬਰਾਬਰ ਹੈ।’ ਕਿੰਨਾ ਬੇਹੂਦਾ ਤਰਕ ਹੈ। ਮੈਂ ਇਸ ਟਪਲੇ ਦੀ ਸੂਹ ਵੀ ਲਾਈ ਹੈ। ਮੋਨੀਅਰ ਵਿਲੀਅਮਜ਼ ਨੇ ਸੰਸਕ੍ਰਿਤ ਸ਼ਬਦ ਸਮ ਦੀ ਵਿਆਖਿਆ ਕਰਦਿਆਂ ਇਸ ਨੂੰ ਐਂਗਲੋ-ਸੈਕਸਨ (ਪੁਰਾਣੀ ਅੰਗਰੇਜ਼ੀ) ਦੇ ਸ਼ਬਦ ੁੰਮ ਨਾਲ ਤੁਲਨਾ ਕਰਨ ਦੀ ਗੱਲ ਕੀਤੀ ਹੈ। ਦਰਅਸਲ ਮੋਨੀਅਰ ਵਿਲੀਅਮਜ਼ ਦਾ ਸੰਕੇਤ ਉਸੇ ੰੋਮe ਵੱਲ ਹੈ ਜਿਸ ਦਾ ਪੁਰਾਣਾ ਸ਼ਬਦਜੋੜ, ਜਿਵੇਂ ਪਹਿਲਾਂ ਦੱਸਿਆ ਜਾ ਚੁਕਾ ਹੈ, ੁੰਮ ਹੀ ਸੀ। ਹੈ ਨਾ ਚੁਬਾਰੇ ਦੀ ਇੱਟ ਮੋਰੀ ਨੂੰ ਲਾਉਣ ਵਾਲੀ ਗੱਲ!