ਘਰ ਵਾਪਸੀ

ਹਾਲ ਹੀ ਵਿਚ ਸਿਰਸਾ ਦੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਬਾਰੇ ਖੁਲਾਸੇ ਹੋਣ ਪਿਛੋਂ ਖਾਸ ਕਰ ਸਿੱਖ ਧਰਮ ਵਿਚ ਡੇਰੇ ਦੇ ਪੈਰੋਕਾਰਾਂ ਨੂੰ ਘਰ ਵਾਪਸੀ ਅਰਥਾਤ ਆਪਣੇ ਧਰਮ ਅਰਥਾਤ ਅਕੀਦੇ ਵਿਚ ਵਾਪਸ ਆਉਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਅਪੀਲਾਂ ਦਾ ਅਰਥ ਕੀ ਹੈ? ਇਸੇ ਨੁਕਤੇ ਉਤੇ ਲੇਖਕ ਅਵਤਾਰ ਗੋਂਦਾਰਾ ਨੇ ਉਂਗਲ ਧਰੀ ਹੈ।

-ਸੰਪਾਦਕ

ਅਵਤਾਰ ਗੋਂਦਾਰਾ
ਫੋਨ: 559-375-2589

ਸਰੀਰਕ ਸ਼ੋਸ਼ਣ ਦੇ ਦੋਸ਼ਾਂ ਤਹਿਤ ਕਈ ਡੇਰੇਦਾਰਾਂ ਦੇ ਜੇਲ੍ਹ ਜਾਣ ਉਪਰੰਤ ਉਨ੍ਹਾਂ ਦੇ ਲੱਖਾਂ ਪੈਰੋਕਾਰਾਂ ਦੀ Ḕਘਰ ਵਾਪਸੀḔ ਦਾ ਮੁੱਦਾ ਭੱਖਿਆ ਹੋਇਆ ਹੈ। ਇਸ ਵਰਤਾਰੇ ‘ਚੋਂ ਕਈ ਸੁਆਲ ਪੈਦਾ ਹੁੰਦੇ ਹਨ। ਘਰ ਕੀ ਹੈ? ਘਰ ਵਾਪਸੀ ਕੀ ਹੈ? ਪਹਿਲਾ ਘਰ ਕਿਹੜਾ ਸੀ? ਇਹ ਕਿਉਂ ਛੱਡਿਆ ਗਿਆ? ਸ਼ੋਸ਼ਣ ਕਦੋਂ ਸ਼ੁਰੂ ਹੁੰਦਾ ਹੈ?
ਨਿੱਕੇ ਮੋਟੇ ਇਲਾਕਾਈ ਮੱਤ ਮੱਤਾਂਤਰਾਂ ਤੋਂ ਇਲਾਵਾ ਭਾਰਤ ਵਿਚਲੇ ਮੁੱਖ ਧਰਮਾਂ ਨੇ ਪੈਰੋਕਾਰਾਂ ਦੀ ਵੱਡੀ ਗਿਣਤੀ ਨੂੰ ਆਪਣੇ ਕਲਾਵੇ ਵਿਚ ਲਿਆ ਹੋਇਆ ਹੈ। ਆਬਾਦੀ ਦਾ 80% ਹਿੱਸਾ ਹਿੰਦੂ, 15% ਮੁਸਲਿਮ, 1% ਬੋਧੀ, 2æ3% ਇਸਾਈ, 1æ7% ਸਿੱਖ ਅਤੇ ਪਾਰਸੀਆਂ, ਯਹੂਦੀਆਂ ਵਿਚ ਵੰਡਿਆ ਹੋਇਆ ਹੈ। ਇਨ੍ਹਾਂ Ḕਚੋਂ ਬਹੁਤੇ ਧਰਮਾਂ ਦਾ ਆਧਾਰ ਇਨ੍ਹਾਂ ਦੇ ਮੋਢੀ ਗੁਰੂਆਂ ਜਾਂ ਪੈਗੰਬਰਾਂ ਵਲੋਂ ਲਿਖੇ ਧਾਰਮਿਕ ਗ੍ਰੰਥ ਹਨ, ਜਿਨ੍ਹਾਂ ਦੀ ਆਪੋ-ਆਪਣੀ ਰਹਿਤ ਮਰਿਆਦਾ ਹੈ। ਬਰਾਬਰੀ ਦੇ ਦਾਵਿਆਂ ਦੇ ਬਾਵਜੂਦ ਇਨ੍ਹਾਂ ਵਿਚੋਂ ਕੋਈ ਵੀ ਮੱਤ ਆਪਣੇ ਪੈਰੋਕਾਰਾਂ ਵਿਚ ਰੋਟੀ-ਬੇਟੀ ਦੀ ਸਾਂਝ ਨੂੰ ਸਮਾਜਿਕ ਰੂਪ ਦੇਣ ਵਿਚ ਕਾਮਯਾਬ ਨਹੀਂ ਹੋ ਸਕਿਆ, ਨਾ ਹੀ ਹੋਣਾ ਹੈ। ਸਿੱਖ ਧਰਮ ਦੀ ਬਰਾਬਰੀ ਵੀ Ḕਲੰਗਰ ਹਾਲḔ ਤੋਂ ਬਾਹਰ ਦ੍ਰਿਸ਼ਟੀਗੋਚਰ ਨਹੀਂ ਹੁੰਦੀ। ਇਸ ਪਿਛੋਕੜ ਵਿਚ ਡੇਰਿਆਂ ਦੇ ਉਭਾਰ ਨੂੰ ਸਮਝਿਆ ਜਾ ਸਕਦਾ ਹੈ।
ਸੌਦਾ ਸਾਧ ਦੀ ਸਜ਼ਾ ਦੇ ਹਵਾਲੇ ਨਾਲ ਡੇਰਿਆਂ ਦੀ ਹੋ ਰਹੀ ਵਿਆਪਕ ਆਲੋਚਨਾ ਦੇ ਵਿਰੋਧ ਵਿਚ ਪਿੱਛਲ-ਮੁਖੀ ਸਿਆਸਤ ਅਤੇ ਮੁੱਖ ਧਰਮਾਂ ਦੇ ਬੁਲਾਰੇ ਇੱਕ ਮਤ ਹਨ ਕਿ ਡੇਰਿਆਂ ਖਿਲਾਫ ਹੋ ਰਿਹਾ ਭੰਡੀ-ਪ੍ਰਚਾਰ ਬੰਦ ਕੀਤਾ ਜਾਵੇ। ਉਹ ਡੇਰਿਆਂ ਦੀ ਸੰਸਥਾ ਨੂੰ ਬਚਾਈ ਰੱਖਣ ਦੇ ਫਿਕਰ ਵਿਚ ਹਨ। ਉਨ੍ਹਾਂ ਨੂੰ ਪਤਾ ਹੈ ਕਿ ਧਰਮ ਪ੍ਰਚਾਰ ਇੱਕ ਜਾਂ ਦੂਜੇ ਸਿਆਸੀ ਰੁਝਾਨ ਦੇ ਲੋਕ ਸੰਪਰਕ ਦਾ ਕੰਮ ਕਰਦਾ ਹੈ। ਉਨ੍ਹਾਂ ਦੀ ਦਲੀਲ ਹੈ ਕਿ ਕਿਸੇ ਇੱਕਾ ਦੁੱਕਾ ਦੇਵ ਪੁਰਸ਼ ਦੇ ਮਾੜੇ ਕੰਮਾਂ ਕਾਰਨ ਸੰਪਰਦਾਵਾਂ-ਡੇਰਿਆਂ ਦੀ ਅਹਿਮੀਅਤ ਤੇ ਲੋੜ ਨੂੰ ਨਕਾਰਿਆ ਨਹੀਂ ਜਾ ਸਕਦਾ। ਇਲਾਕਾਈ ਵੋਟ ਸਿਆਸਤ ਵਿਚ ਨਿਰਣਾਇਕ ਰੋਲ ਹੋਣ ਕਰਕੇ ਸੱਤਾਧਾਰੀਆਂ ਦਾ ਡੇਰਿਆਂ ਵੱਲ ਦੂਹਰਾ ਰਵੱਈਆ ਹੈ, ਸਿਆਸੀ ਲਾਹਾ ਲੈਣ ਲਈ ਡੇਰਿਆਂ ਨੂੰ ਜਾਰੀ ਰੱਖਣਾ ਅਤੇ ਰੋੜਾ ਬਣਨ ਤੇ ਨਾਬਰ ਦੇਵ ਪੁਰਸ਼ ਨੂੰ ਪਾਸੇ ਕਰਕੇ, ਉਸ ਦੇ ਪੈਰੋਕਾਰਾਂ ਨੂੰ ਕਿਸੇ ਹੋਰ ਦੇ ਲੜ ਲੱਗਣ ਲਈ ਖੁੱਲ੍ਹਾ ਛੱਡ ਦੇਣਾ। ਸਿੱਟੇ ਵਜੋਂ ਭਾਰੂ ਸੱਤਾ ਦੀਆਂ ਅੱਖਾਂ ਵਿਚ ਰੜਕ ਰਹੇ ਡੇਰਿਆਂ ਦੇ Ḕਕੁਰਾਹੇ ਪਏḔ ਪੈਰੋਕਾਰਾਂ ਨੂੰ Ḕਘਰ ਵਾਪਸੀḔ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ। Ḕਘਰ ਵਾਪਸੀḔ ਦੀਆਂ ਹਾਲੀਆਂ ਅਪੀਲਾਂ ਨੂੰ ਹਿੰਦੂ ਵਿਸ਼ਵ ਪ੍ਰੀਸ਼ਦ ਅਤੇ ਬਜਰੰਗ ਦਲ ਦੁਆਰਾ ਵਿੱਢੀ Ḕਘਰ ਵਾਪਸੀḔ ਦੀ ਮੁਹਿੰਮ ਦੀ ਕੜੀ ਵਜੋਂ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਮੁਲਸਮਾਨਾਂ ਤੇ ਈਸਾਈਆਂ ‘ਚੋਂ ਹਰ ਸਾਲ ਇੱਕ ਲੱਖ ਹਿੰਦੂ ਕਨਵਰਟ ਕਰਨ ਦਾ ਟੀਚਾ ਮਿੱਥਿਆ ਹੈ। ਜ਼ਮੀਰ ਦੀ ਆਜ਼ਾਦੀ ਵਿਚ ਹੋ ਰਹੇ ਇਸ ਦਖਲ ਦੇ ਖਤਰਨਾਕ ਸਿੱਟਿਆਂ ਤੋਂ ਆਮ ਬੰਦਾ ਬੇਖਬਰ ਹੈ। ਇਹ ਦੇਖਣ ਵਿਚ ਵਸਦੇ-ਰਸਦੇ, ਪਰ ਮਾਨਸਿਕ ਤੌਰ ‘ਤੇ ਬੇਘਰ ਹੋਏ ਬੰਦੇ ਦੀ ਅਲਾਮਤ ਹੈ।
ਘਰ ਵਾਪਸੀ ਬਾਰੇ ਗੱਲ ਕਰਨ ਤੋਂ ਪਹਿਲਾਂ, ਘਰ ਛੱਡਣ ਦੇ ਵਰਤਾਰੇ ਬਾਰੇ ਚਰਚਾ ਕਰਨੀ ਕੁਥਾਂ ਨਹੀਂ ਹੋਵੇਗੀ। ਪੰਜਾਬ ਵਿਚ ਲਗਭਗ 12000 ਪਿੰਡ ਹਨ ਅਤੇ ਹਰ ਪਿੰਡ ਦਾ ਆਪਣਾ ਗੁਰਦੁਆਰਾ ਹੈ। ਇੱਕ ਅੰਦਾਜੇæ ਮੁਤਾਬਕ ਪੰਜਾਬ ਵਿਚ 9000 ਦੇ ਕਰੀਬ ਡੇਰੇ ਹਨ, ਜਿਨ੍ਹਾਂ ਵਿਚ ਸਥਾਪਿਤ ਧਰਮਾਂ ਵਾਲੀ ਕਾਠੀ ਮਰਿਆਦਾ ਨਹੀਂ ਹੁੰਦੀ ਅਤੇ ਵੱਖੋ ਵੱਖ ਧਾਰਮਿਕ ਪਿਛੋਕੜ ਵਾਲੇ ਲੋਕ ਇੱਥੇ ਆ ਕੇ ਸੌਖਾ ਮਹਿਸੂਸ ਕਰਦੇ ਹਨ। ਹਵਾਲੇ ਵਜੋਂ ਸਿੱਖ ਸੰਸਥਾਵਾਂ ਵਿਚ ਅੰਮ੍ਰਿਤਧਾਰੀ ਅਤੇ ਸਹਿਜਧਾਰੀ ਸਿੱਖਾਂ ਦੇ ਰੇੜਕੇ, ਇਸਲਾਮ ਵਿਚ ਸੁੰਨੀ ਅਤੇ ਸ਼ੀਆ ਗੁੱਟਾਂ ਦੇ ਟਕਰਾ ਅਤੇ ਹਿੰਦੂ ਮੰਦਿਰਾਂ ਵਿਚ ਦਲਿਤਾਂ ਅਤੇ ਔਰਤਾਂ ਦੇ ਦਾਖਲੇ ਬਾਰੇ ਮੁਕੱਦਮੇਬਾਜ਼ੀ ਨੂੰ ਦੇਖਿਆ ਜਾ ਸਕਦਾ ਹੈ।
ਰਵਾਇਤੀ ਧਰਮਾਂ ਦੇ ਕਲਾਵੇ ਵਿਚ ਬੇਵੁੱਕਤੀ ਝੱਲ ਰਹੇ ਆਧੁਨਿਕ ਜੁੱਗਬੋਧ ਵਾਲੇ ਵਰਗ ਜਾਂ ਇਨ੍ਹਾਂ ਦੀ ਸ਼ਰਾਅ ਵਿਚ ਘੁਟਨ ਮਹਿਸੂਸ ਕਰ ਰਹੇ ਰੜਕਵੇਂ ਹਿੱਸੇ ਨੇ ਡੇਰਿਆਂ ਦੀ ਪਨਾਹ ਲਈ ਹੈ, ਜਿਨ੍ਹਾਂ ਨੂੰ ਸਥਾਪਤ ਧਰਮਾਂ ਦੀ ਕਾਠੀ ਮਰਿਆਦਾ ਸੂਤ ਨਹੀਂ ਬਹਿੰਦੀ। ਡੇਰੇ ਨਜ਼ਰਅੰਦਾਜ ਕੀਤੇ ਲੋਕਾਂ ਦੀ ਢਾਰਸ-ਠਾਹਰ ਬਣ ਗਏ ਹਨ।
ਇਸ ਲਈ ਪੈਰੋਕਾਰਾਂ ਦੀਆਂ ਬਦਲਦੀਆਂ ਲੋੜਾਂ ਅਤੇ ਸਥਾਪਤ ਧਰਮਾਂ ਦੀ ਜੜਤਾ ਵਿਚ ਟਕਰਾਓ ਬਣਿਆ ਹੋਇਆ ਹੈ। ਇਹ ਉਨ੍ਹਾਂ ਦੀਆਂ ਭਾਵੁਕ ਅਤੇ ਸਮਾਜਿਕ ਲੋੜਾਂ ਪੂਰੀਆਂ ਕਰਨ ਦੀ ਹਾਲਤ ਵਿਚ ਨਹੀਂ ਹਨ। ਇੱਕਾ-ਦੁੱਕਾ ਬਾਗੀ ਨੂੰ ਛੱਡ ਕੇ, ਜਗੀਰੂ ਰਿਸ਼ਤਿਆਂ ਵਿਚ ਬੱਝੇ ਬੰਦੇ ਮਰਿਆਦਾ ਪਾਲਕ ਬੰਦੇ ਸਨ, ਉਨ੍ਹਾਂ ਨੂੰ ਨਿਜੀ ਹੱਕਾਂ ਦੀ ਥਾਂ, ਭਾਈਚਾਰੇ ਦੀਆਂ ਰਵਾਇਤੀ ਵਰਜਣਾਂ, ਬੰਦਿਸ਼ਾਂ ਕੁਦਰਤੀ ਲਗਦੀਆਂ ਸਨ। ਉਹ ਭਾਵੇਂ ḔਰੱਬḔ ਦੀ ਰਜ਼ਾ ਹੋਵੇ, ਰਾਜੇ ਦਾ ਹੁਕਮ ਜਾਂ ਪਿੰਡ ਦੇ ਚੌਧਰੀ ਦੀ ਚੌਧਰ-ਸਭ ਕੁਝ ਕੁਦਰਤੀ ਲਗਦਾ ਸੀ। ਪਰ ਪੂੰਜੀਵਾਦੀ ਸਬੰਧਾਂ ਦੇ ਦਾਖਲੇ ਨਾਲ ਮਰਿਆਦਾ ਪਾਲਣ ਅੱਖਰਦਾ ਹੈ। ਨਾ ਰਾਜੇ ਰਹਿੰਦੇ ਹਨ, ਨਾ ਕਿਸੇ ਦੀ ਰਜ਼ਾ। ਹੁਣ ਪੂੰਜੀ-ਮੰਡੀ ਦਾ ਰਾਜ ਹੈ। ਇਨ੍ਹਾਂ ਬਦਲੀਆਂ ਸਥਿਤੀਆਂ ਵਿਚ ਮਨੁੱਖ ਸਵੈ-ਕੇਂਦਰਿਤ ਹੀ ਨਹੀਂ ਹੋਇਆ, ਉਹ ਨਿਜੀ ਹੱਕਾਂ, ਜ਼ਮੀਰ ਦੀ ਆਜ਼ਾਦੀ ਦਾ ਵੀ ਜਾਚਕ ਬਣਿਆ ਹੈ ਅਤੇ ਬਾਹਰੋਂ ਠੋਸੇ ਗਏ ਬੰਧੇਜਾਂ ਨੂੰ ਬਰਦਾਸ਼ਤ ਕਰਨ ਦੇ ਰੌਂ ਵਿਚ ਨਹੀਂ। ਹੁਣ ਉਹ ਹਰ ਦੈਵੀ-ਸਿਆਸੀ ਸੱਤਾ ਨੂੰ ਚੁਣੌਤੀ ਦੇ ਸਕਦਾ ਹੈ।
ਕੈਥੋਲਿਕਾਂ ਵਿਚੋਂ ਪ੍ਰੋਟੈਸਟੈਂਟਾਂ ਦਾ ਨਿਖੜਨਾ, ਸੁੰਨੀਆਂ ਨਾਲੋਂ ਸ਼ੀਆ ਦਾ ਵੱਖ ਹੋਣਾ, ਅੰਮ੍ਰਿਤਧਾਰੀ ਅਤੇ ਸਹਿਜਧਾਰੀ ਸਿੱਖਾਂ ਦੀ ਮੁਕਦਮੇਬਾਜ਼ੀ-ਇਸ ਗੱਲ ਵੱਲ ਇਸ਼ਾਰਾ ਕਰਦਾ ਹੈ। ਰਵਾਇਤੀ ਅਤੇ ਪੁਸ਼ਤੈਨੀ ਧਰਮਾਂ ਦੀਆਂ ਵਗਲਣਾਂ ਤੋੜ ਕੇ ਨਿਕਲੀ ਜਨਤਾ ਹੀ ਡੇਰਿਆਂ ਦੀ ਪੈਰੋਕਾਰ ਹੈ। ਡੇਰੇ ਇਸ ਹਿੱਸੇ ਦੇ ਰੋਸ ਅਤੇ ਰੋਹ ਦਾ ਕਰੰਡ ਹੋਇਆ ਇਜ਼ਹਾਰ ਹਨ। ਨਾ ਇਹ ਪੂਰੀ ਤਰ੍ਹਾਂ ਪੁੰਗਰੇ, ਨਾ ਬੂਰ ਪਿਆ। ਉਨ੍ਹਾਂ ਨੇ ਇੱਕ ਵਲਗਣ ਛੱਡੀ ਤਾਂ ਦੂਜੀ ਦਾ ਜਾ ਬੂਹਾ ਖੜਕਾਇਆ। ਇਹ Ḕਬਾਹਰੀ ਘਰḔ ਛੱਡਣ ਦਾ ਵਾਜਬ ਕਾਰਨ ਤਾਂ ਬਣਦਾ ਹੈ, ਪਰ ਅਸਲੀ Ḕਘਰ ਵਾਪਸੀḔ ਬਿਲਕੁਲ ਨਹੀਂ।
Ḕਘਰ ਵਾਪਸੀḔ ਦਾ ਮੁੱਦਾ ਜ਼ਮੀਰ ਦੀ ਆਜ਼ਾਦੀ ਨਾਲ ਵੀ ਜਾ ਜੁੜਦਾ ਹੈ। ਚੋਣ ਕਰਨ ਦੇ ਹੱਕ ਤੋਂ ਬਿਨਾ, ਜ਼ਮੀਰ ਦੀ ਕਾਹਦੀ ਆਜ਼ਾਦੀ। ਇਹ ਬਿਨਾ ਡਰ ਜਾਂ ਲਾਲਚ ਦੇ ਕਿਸੇ ਵੀ ਤੱਥ, ਵਿਚਾਰ, ਮਰਿਆਦਾ ਜਾਂ ਵਿਹਾਰ ਨੂੰ ਮੰਨਣ ਜਾਂ ਨਾ ਮੰਨਣ ਦੀ ਆਜ਼ਾਦੀ ਵਿਚ ਸਾਕਾਰ ਹੁੰਦੀ ਹੈ। ਇਸ ਚੋਣ ਦੇ ਹਾਣ ਦਾ ਬਣਨ ਲਈ, ਚਾਹੀਦਾ ਹੈ ਕਿ ਬੱਚੇ-ਗੱਭਰੂ ਨੂੰ ਹਰ ਧਰਮ ਅਤੇ ਦਾਰਸ਼ਨਿਕ ਰੁਝਾਨ ਦੀ ਜਾਣਕਾਰੀ ਮੁਹੱਈਆ ਕੀਤੀ ਜਾਵੇ, ਉਸ ਦੀ ਜਗਿਆਸਾ ਨੂੰ ਦਬਾਇਆ ਨਾ ਜਾਵੇ। ਉਨ੍ਹਾਂ ਵੱਲੋਂ ਉਠਾਏ ਸੁਆਲਾਂ ਦਾ ਬਾਦਲੀਲ ਜੁਆਬ ਦਿੱਤਾ ਜਾਵੇ। ਕਿਸੇ ਗੁਰੂ, ਦੈਵੀ ਪੁਰਸ਼ ਜਾਂ ਡੇਰੇਦਾਰ ਦੇ ਲੜ ਲਾਉਣ ਲਈ ਹੱਥਕੰਡੇ ਨਾ ਵਰਤੇ ਜਾਣ। ਵੱਡਿਆਂ ਦੀ ਇਹ ਜਿੰਮੇਵਾਰੀ ਬਣਦੀ ਹੈ। ਇਹ ਗੱਲ ਧਾਰਕ ‘ਤੇ ਛੱਡ ਦੇਣੀ ਚਾਹੀਦੀ ਹੈ ਕਿ ਉਸ ਨੇ ਕੀ ਚੁਣਨਾ ਹੈ ਜਾਂ ਕੀ ਨਹੀਂ। ਧਾਰਕ ਨੂੰ ਖੁਦ ਚੋਣ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਜੇ ਮੈਂ ਚੋਣ ਕਰਨ ਤੋਂ ਡਰਦਾ ਹਾਂ ਤਾਂ ਮੇਰੀ ਉਮਰ ਭਾਵੇਂ ਕਿੰਨੀ ਹੋ ਜਾਵੇ, ਮੈਂ ਬੱਚਾ ਹੀ ਰਹਾਂਗਾ। ਬਚਗਾਨਾ ਹੀ ਸਮਝਿਆ ਜਾਵਾਂਗਾ। ਮੇਰੀ ਜ਼ਮੀਰ ਸੁੱਤੀ ਜਾਂ ਦੱਬੀ ਹੀ ਰਹੇਗੀ-ਕਾਰਨ ਆਰਥਿਕ ਗਰੀਬੀ ਹੋਵੇ ਜਾਂ ਬੌਧਿਕ ਦੀਵਾਲੀਆਪਨ। ਚੋਣ ਦੀ ਆਜ਼ਾਦੀ ਨੇ ਹੀ ਸੁਕਰਾਤ, ਬੁੱਧ, ਕਰਾਈਸਟ, ਹਜਰਤ ਮੁਹੰਮਦ, ਬਾਬਾ ਨਾਨਕ ਅਤੇ ਮਾਰਕਸ ਵਰਗੇ ਮਹਾਨ ਪੁਰਖ ਪੈਦਾ ਕੀਤੇ, ਨਹੀਂ ਤਾਂ ਇਨ੍ਹਾਂ ਨੇ ਆਪੋ ਆਪਣੇ ਪੁਸ਼ਤੈਨੀ ਧਰਮਾਂ ਜਾਂ ਮਰਿਆਦਾ ਦੀ ਲੀਹ ਵਿਚ ਲੋਪ ਹੋ ਜਾਣਾ ਸੀ। ਸਾਡੇ ‘ਚੋਂ ਬਹੁਤੇ ਲੀਹ-ਪੂਜਕ ਹਨ। ਇਸ ਲੀਹ-ਪੂਜਾ ਕਰਕੇ ਅਸੀਂ ਆਪੋ ਆਪਣੇ ਭਾਈਚਾਰਿਆਂ ਵਿਚੋਂ ਹੋਰ ਮਹਾਂਪੁਰਸ਼ ਅਤੇ ਮੌਲਿਕ ਦਾਰਸ਼ਨਿਕ ਪੈਦਾ ਕਰਨ ਦੀਆਂ ਸੰਭਾਵਨਾਵਾਂ ਨੂੰ ਸਦਾ ਲਈ ਖਤਮ ਕਰ ਲਿਆ ਹੈ। ਲੀਹ ਪਾੜਨੀ ਔਖੀ ਹੁੰਦੀ ਹੈ, ਪਰ ਅਸੰਭਵ ਨਹੀਂ। ਸਭ ਜੁੱਗਪੁਰਸ਼ਾਂ ਨੇ ਰਵਾਇਤ ਨੂੰ ਨਕਾਰਿਆ, ਮਾਪਿਆਂ ਦੀ ਨਾਰਾਜ਼ਗੀ ਮੁੱਲ ਲਈ ਤੇ ਚੋਣ ਦੀ ਆਜ਼ਾਦੀ ਨੂੰ ਬੁਲੰਦ ਕੀਤਾ। ਜੇ ਕਰਾਈਸਟ ਪਰਿਵਾਰਕ ਲੀਹ ਨੂੰ ਨਾ ਪਾੜਦਾ ਤਾਂ ਕੀ ਈਸਾਈਅਤ ਹੋਣੀ ਸੀ, ਜੇ ਬਾਬਾ ਨਾਨਕ ਵੀ ਲੀਹੇ ਪਿਆ ਰਹਿੰਦਾ ਤਾਂ ਕੀ ਸਿੱਖ ਧਰਮ ਨੇ ਜਨਮ ਲੈਣਾ ਸੀ? ਸਾਨੂੰ ਪਰਾਏ ਚਾਨਣ ਵਿਚ ਜਿਉਣ ਦਾ ਭੁੱਸ ਪੈ ਗਿਆ ਹੈ। ਜਿੰਨਾ ਚਿਰ ਅਸੀਂ ਚਾਨਣ ਜਾਂ ਚੋਣ ਕਰਨ ਲਈ ਆਪਣੇ ਮਨ/ਬੁੱਧ-ਵਿਵੇਕ ਦੀ ਥਾਂ, ਕਿਸੇ ਬਾਹਰੀ ਸੱਤਾ ਜਾਂ ਦੈਵੀ ਪੁਰਸ਼ ‘ਤੇ ਟੇਕ ਰੱਖਾਂਗੇ, ਉਨਾ ਚਿਰ ਸਾਡਾ ਆਰਥਿਕ, ਮਾਨਸਿਕ ਅਤੇ ਸਰੀਰਕ ਸ਼ੋਸ਼ਣ ਹੋਣਾ ਤੈਅ ਹੈ।
ਜ਼ਮੀਰ ਦੀ ਆਜ਼ਾਦੀ ਦੇ ਪ੍ਰਸੰਗ ਵਿਚ ਸ਼ੋਸ਼ਣ ਦੋ ਤਰ੍ਹਾਂ ਦਾ ਹੋ ਸਕਦਾ ਹੈ-ਮਾਨਸਿਕ ਵੀ ਅਤੇ ਸਰੀਰਕ ਵੀ। ਮਾਨਸਿਕ ਸ਼ੋਸ਼ਣ ਦੀ ਸ਼ੁਰੂਆਤ ਨਾਲ ਸਰੀਰਕ ਸ਼ੋਸ਼ਣ ਲਈ ਰਾਹ ਖੁੱਲ੍ਹ ਜਾਂਦਾ ਹੈ। ਦੇਵ ਪੁਰਸ਼ਾਂ ਦੁਆਰਾ ਸਾਧਵੀਆਂ ਦਾ ਸਰੀਰਕ ਸ਼ੋਸ਼ਣ, ਇਸ ਦਾ ਸਬੂਤ ਹਨ। ਇਸ ਸ਼ੋਸ਼ਣ ਖਿਲਾਫ ਖੜ੍ਹਨ ਅਤੇ ਲੜਨ ਤੋਂ ਪਹਿਲਾਂ ਪੀੜਤ ਬੀਬੀਆਂ ਦੇ ਹੀ ਰਿਸ਼ਤੇਦਾਰ ਜਾਂ ਮਾਪਿਆਂ ਨੇ ਇਸ ਜਾਂ ਉਸ ਡੇਰੇ ਦੇ ਲੜ ਲੱਗਣ ਲਈ ਪ੍ਰੇਰਿਆ ਵੀ ਸੀ। ਇਹੀ ਪ੍ਰੇਰਣਾ, ਮਾਨਸਿਕ ਸ਼ੋਸ਼ਣ ਦਾ ਇਹ ਘਰੋਗੀ ਰੂਪ ਹੈ। ਬੱਚੇ ਦਾ ਮਾਨਸਿਕ ਸ਼ੋਸ਼ਣ ਬਹੁਤੇ ਪਰਿਵਾਰਾਂ ਵਿਚ ਬਚਪਨ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਉਸ ਦੀ ਜ਼ਮੀਰ ਨੂੰ ਪਨਪਣ ਨਹੀਂ ਦਿੱਤਾ ਜਾਂਦਾ, ਚੋਣ ਕਰਨ ਦੀ ਆਜ਼ਾਦੀ ਖੋਹ ਲਈ ਜਾਂਦੀ ਹੈ, ਰਵਾਇਤ ਦਾ ਪੈਖੜ ਪਾ ਦਿੱਤਾ ਜਾਂਦਾ ਹੈ। ਇਹ ਸ਼ੋਸ਼ਣ ਕਿਸੇ ਨੂੰ ਚੁੱਭਦਾ ਨਹੀਂ। ਇਸ ਮਾਨਸਿਕ ਸ਼ੋਸ਼ਣ ਨੂੰ ਸਮਾਜ ਸਤਿਕਾਰ ਤੇ ਮਾਨਤਾ ਦਿੰਦਾ ਹੈ ਅਤੇ ਸਥਾਪਤੀ ਵੱਲੋਂ ਹੱਲਾਸ਼ੇਰੀ ਮਿਲਦੀ ਹੈ। ਇਸ ਤੋਂ ਭਵਿੱਖਮੁਖੀ ਸਬਕ ਲਏ ਜਾ ਸਕਦੇ ਹਨ। ਅਸੀਂ ਡਾਕਟਰ ਦੀ ਚੋਣ ਕਰਨੀ ਹੋਵੇ, ਇੱਧਰੋਂ-ਉਧਰੋਂ ਪੁੱਛ-ਪੜਤਾਲ ਕਰਦੇ ਹਾਂ। ਫਿਰ ਉਸ ਦੇ ਹੱਥ ਆਪਣੀ ਨਬਜ ਫੜਾਉਂਦੇ ਹਾਂ। ਵਕੀਲ ਕਰਨਾ ਹੋਵੇ ਤਾਂ ਸਲਾਹ ਮਸ਼ਵਰਾ ਹੁੰਦਾ ਹੈ। ਉਸ ਦਾ ਅੱਗਾ-ਪਿੱਛਾ ਫਰੋਲੀਦਾ ਹੈ। ਜਦੋਂ ਕਿਸੇ ਡੇਰੇਦਾਰ ਜਾਂ ਦੈਵੀ ਪੁਰਸ਼ ਮਗਰ ਲੱਗਣ ਦੀ ਗੱਲ ਹੁੰਦੀ ਹੈ, ਸਾਡੀ ਸੁੱਧ-ਬੁੱਧ ਮਾਰੀ ਜਾਂਦੀ ਹੈ। ਕੋਈ ਪੁੱਛ ਪੜਤਾਲ ਨਹੀਂ ਹੁੰਦੀ। ਅਸੀਂ ਆਪਣੀ ਜ਼ਮੀਰ, ਆਪਣੀ ਆਸਥਾ ਉਸ ਦੇ ਚਰਨਾਂ ਵਿਚ ਰੱਖ ਦਿੰਦੇ ਹਾਂ, ਇੱਥੋਂ ਤੱਕ ਕਿ ਆਪਣੀਆਂ ਧੀਆਂ-ਭੈਣਾਂ ਦੀ ਇੱਜਤ ਵੀ। ਦੁਨੀਆਂ ਵਿਚ ਕਦੇ ਕੋਈ ਇਸ ਤਰ੍ਹਾਂ ਦਾ ਗੁਰੂ ਨਹੀਂ ਹੋਇਆ ਜੋ ਚੇਲਿਆਂ ਲਈ ਆਪ ਜੀਵੇ। ਜਿਹੜਾ ਦੇਵ ਪੁਰਸ਼ ਮਗਰ ਲਾਉਂਦਾ ਹੈ, ਪੂਜਾ ਕਰਾਉਂਦਾ ਹੈ, ਉਸ ਦੇ ਮਨ ਵਿਚ ਖੋਟ ਹੈ। ਰਾਹ ਦਰਸਾਵਾ ਕੋਈ ਵੀ ਹੋਵੇ, ਤੁਰਨਾ ਤੁਸੀਂ ਆਪ ਹੈ। ਜੀਵਨ ਜਾਚ ਇੱਕ ਤੋਂ ਨਹੀਂ, ਕਈਆਂ ਤੋਂ ਸਿੱਖੀ ਜਾ ਸਕਦੀ ਹੈ, ਪਰ ਜਿਉਣਾ ਹਰ ਇੱਕ ਨੇ ਆਪਣੀ ਅਕਲ-ਸੂਝ ਦੇ ਸਿਰ ‘ਤੇ ਹੈ। ਕੋਈ ਵੀ ਗੁਰੂ ਤੁਹਾਡੀ ਥਾਂ ਜਿਉਂ ਨਹੀਂ ਸਕਦਾ, ਤੁਰ ਨਹੀਂ ਸਕਦਾ। ਜਿਵੇਂ ਕੋਚ ਖਿਡਾਰੀ ਨੂੰ ਕੁਝ ਨੁਕਤੇ ਸਮਝਾਉਂਦਾ ਹੈ, ਉਸ ਦੀ ਥਾਂ ਖੇਡਦਾ ਨਹੀਂ। ਖੇਡਣਾ ਖਿਡਾਰੀ ਨੇ ਆਪ ਹੁੰਦਾ ਹੈ। ਜੋ ਖਿਡਾਰੀ ਹਰ ਚਾਲ ਚੱਲਣ ਲਈ ਬਾਹਰ ਖੜ੍ਹੇ ਕੋਚ ਵੱਲ ਝਾਕਦੇ ਰਹਿਣ, ਉਨ੍ਹਾਂ ਦਾ ਖੇਡ ‘ਚੋਂ ਬਾਹਰ ਹੋਣਾ ਲਾਜ਼ਮੀ ਹੈ।
ਫਿਰ Ḕਘਰ ਵਾਪਸੀḔ ਕੀ ਹੋ ਸਕਦੀ ਹੈ? ਹੋ ਰਹੀਆਂ ਅਪੀਲਾਂ ਬਾਰੇ ਵਿਚਾਰ ਕਰਨ ਲਈ ਸਾਨੂੰ ਸਭ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ। Ḕਘਰ ਵਾਪਸੀḔ ਦੇ ਸੰਕਲਪ ਨੂੰ ਹਾਲੇ ਤੱਕ ਪਰਿਭਾਸ਼ਿਤ ਨਹੀਂ ਕੀਤਾ ਗਿਆ। ਵਿਅਕਤੀ ਦਾ ਇੱਕ ਘਰ ਉਹ ਹੈ, ਜਿੱਥੇ ਉਹ ਮੀਂਹ ਕਣੀ, ਗਰਮੀ ਸਰਦੀ ਤੋਂ ਬਚਣ ਲਈ ਬਾਲ-ਬੱਚਿਆਂ ਨਾਲ ਰਹਿੰਦਾ ਹੈ। ਆਪਣੇ ਇਸ ਘਰ ਵਿਚ ਵਾਪਸੀ ਦੀ ਅਪੀਲ ਦੀ ਕੋਈ ਤੁਕ ਨਹੀਂ ਬਣਦੀ। ਦੇਰ-ਸਵੇਰ ਜਾਂ ਦਿਨ ਢਲੇ ਉਹ ਖੁਦ ਹੀ ਵਾਪਸ ਆ ਜਾਂਦਾ ਹੈ। ਦੂਜਾ ਘਰ, ਮਨ ਨੂੰ ਮੰਨਿਆ ਜਾਂਦਾ ਹੈ। ਧਾਰਮਿਕ ਸ਼ਬਦਾਵਲੀ ਵਿਚ ਇਸ ਨੂੰ ḔਮੰਦਿਰḔ ਵੀ ਕਹਿੰਦੇ ਹਨ। ਮਨ-ਚੇਤਨਾ ਦਿਮਾਗ ਦੀ ਸਰਗਰਮੀ ਹੈ। ਮਨ-ਚੇਤਨਾ ਉਹ ਘਰ (ਮੰਦਿਰ) ਹੈ, ਜਿੱਥੇ ਵਿਅਕਤੀ ਦੀ ਆਸਥਾ, ਚੇਤੰਨਤਾ, ਲੋਭ, ਮੋਹ, ਹੰਕਾਰ ਦੀਆਂ ਰੁਚੀਆਂ ਦਾ ਵਾਸਾ ਹੁੰਦਾ ਹੈ, ਜੋ ਲੋੜ ਅਨੁਸਾਰ ਰੰਗ ਰੂਪ ਬਦਲਦੀਆਂ ਰਹਿੰਦੀਆਂ ਹਨ।
ਕਿਸੇ ਇੱਕ ਦੇਵ ਪੁਰਸ਼/ਸੱਤਾ ਉਤੇ ਆਸਥਾ ਛੱਡ ਕੇ ਪਹਿਲੀ ਜਾਂ ਹੋਰ ਦੀ ਸ਼ਰਨ ਆਉਣਾ Ḕਘਰ ਵਾਪਸੀḔ ਨਹੀਂ। ਦੂਜੇ ਸ਼ਬਦਾਂ ਵਿਚ ਇਹ ਭੀੜੀ ਜੇਲ੍ਹ ‘ਚੋਂ ਨਿਕਲ ਕੇ ਮੋਕਲੀ ਜੇਲ੍ਹ ਵਿਚ ਜਾਣਾ ਹੈ। ਸਾਰੇ ਭਾਈਚਾਰੇ ਧਰਮਾਂ ਦੀਆਂ ਵਲਗਣਾਂ ਵਿਚ ਘਿਰੇ ਹੋਏ ਹਨ। ਹਰ ਧਰਮ ਦੇ ਪ੍ਰਚਾਰਕ ਅਤੇ ਪੈਰੋਕਾਰ ਨੂੰ ਆਪਣੀ ਵਲਗਣ ਪਿਆਰੀ ਲੱਗਦੀ ਹੈ। ਉਹ ਹੋਰਨਾਂ ਨੂੰ ਇਸ ਵਲਗਣ ਵਿਚ ਲਿਆਉਣਾ ਚਾਹੁੰਦੇ ਹਨ। ਹੋ ਰਹੀਆਂ ਅਪੀਲਾਂ ਜ਼ਮੀਰ ਦੀ ਆਜ਼ਾਦੀ ਵਿਚ ਸਿੱਧਾ ਦਖਲ ਹਨ। ਇਹ Ḕਘਰ ਵਾਪਸੀḔ ਨਹੀਂ Ḕਬਾਹਰ ਵਾਪਸੀḔ ਹੈ। ਸਹੀ Ḕਘਰ ਵਾਪਸੀḔ ਹਰ ਬੱਚੇ, ਨੌਜਵਾਨ ਜਾਂ ਆਮ ਬੰਦੇ ਨੂੰ ਇਨ੍ਹਾਂ ਵਲਗਣਾਂ ਤੋਂ ਮੁਕਤ ਕਰਨਾ ਹੈ। ਉਹ ਸਭ ਧਰਮਾਂ ਦਾ ਅਧਿਐਨ ਕਰੇ। ਉਨ੍ਹਾਂ ਦਾ ਸਾਰ ਗ੍ਰਹਿਣ ਕਰੇ। ਮਧੂ ਮੱਖੀਆਂ ਵਾਂਗ ਉਨ੍ਹਾਂ ਦਾ ਪ੍ਰਾਗ ਲਵੇ। ਦੇਵ ਪੁਰਸ਼ਾਂ-ਡੇਰਦਾਰਾਂ ਦੇ ਦੀਵੇ ਦੀ ਬੇਗਾਨੀ ਰੋਸ਼ਨੀ ਵਿਚ ਅੱਖਾਂ ਮੀਟ ਕੇ ਨਾ ਬੈਠੇ, ਅਕਲ ਨੂੰ ਵਰਤੇ, ਬੁੱਧ-ਵਿਵੇਕ ਦਾ ਦੀਵਾ ਜਗਾਵੇ, ਆਪਣੀ ਲੋਅ ਵਿਚ ਅੱਖਾਂ ਖੋਲ੍ਹ ਕੇ ਜੀਵੇ। ਚੋਣ ਕਰਨ ਤੋਂ ਡਰੇ ਨਾ। ਇਹੀ ਸਹੀ ਤੇ ਸੱਚੀ Ḕਘਰ ਵਾਪਸੀḔ ਹੈ। ਵੱਡਿਆਂ ਦਾ ਫਰਜ ਬਣਦਾ ਹੈ, ਉਹ ਛੋਟਿਆਂ ਦੀ ਇਸ ਪ੍ਰਥਾਏ ਅਗਵਾਈ ਕਰਨ।
ਮਸਲਿਆਂ ਦੇ ਹੱਲ ਲਈ ਅਸੀਂ ਕਿਸੇ ਦੀ ਸ਼ਰਨ ਨਾ ਪਈਏ, ਆਪਸੀ ਵਿਚਾਰ ਵਟਾਂਦਰੇ ਦਾ ਆਸਰਾ ਲਈਏ। ਵਿਦਿਆਰਥੀ Ḕਸਟੱਡੀ ਸਰਕਲḔ, Ḕਵਿਚਾਰ ਮੰਚḔ ਜਾਂ Ḕਸਿਹਤ ਮੰਚḔ ਬਣਾਉਣ, ਛੋਟੇ ਕਿਸਾਨ ਗੈਰ ਸਰਕਾਰੀ Ḕਸਹਿਕਾਰੀ ਸਭਾਵਾਂḔ ਸਥਾਪਤ ਕਰਨ, ਜੋ ਉਨ੍ਹਾਂ ਦੇ ਕਾਸ਼ਤਕਾਰੀ ਦੇ ਮਸਲਿਆਂ ਨੂੰ ਨਜਿੱਠਣ। ਲੁਧਿਆਣੇ ਦੇ ਕਈ ਧਨੀ ਕਿਸਾਨਾਂ ਨੇ ਇਹ ਪਿਰਤ ਪਹਿਲਾਂ ਹੀ ਪਾ ਲਈ ਹੈ। ਹੁਣ ਸਮਾਂ ਆ ਗਿਆ ਹੈ ਕਿ ਸਹਿਕਾਰਤਾ, Ḕਲੰਗਰ ਹਾਲḔ ‘ਚੋਂ ਨਿਕਲ ਕੇ ਖੇਤਾਂ ਅਤੇ ਸਮਾਜ ਵਿਚ ਆਵੇ। ਦੇਵ ਪੁਰਸ਼ਾਂ-ਧਰਮਾਂ ਦੀ ਚਾਕਰੀ ਤੋਂ ਬੰਦਿਆਈ (੍ਹੁਮਅਨਸਿਮ) ਵੱਲ ਪਰਤਣਾ ਹੀ ਅਸਲੀ Ḕਘਰ ਵਾਪਸੀḔ ਹੈ।