ਮਾਂ! ਮੈਂ ਬਹੁਤ ਨਿਕਰਮਾ ਹਾਂ

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਹਥਲੇ ਲੇਖ ਵਿਚ ਉਨ੍ਹਾਂ ਪਰਦੇਸਾਂ ਦੀ ਜ਼ਿੰਦਗੀ ਹੰਢਾ ਰਹੇ ਇਕ ਬਾਪ ਦਾ ਦੁੱਖ ਬਿਆਨਿਆ ਹੈ ਕਿ ਕਿਵੇਂ ਉਸ ਦਾ ਪਰਦੇਸ ਵਿਚ ਪੱਕਾ ਹੋਣ ਲਈ ਕੀ ਕੁਝ ਜਰਨਾ ਪੈਂਦਾ ਹੈ। ਬੱਚੇ ਬਾਪ ਦੀ ਗੈਰ-ਹਾਜਰੀ ਵਿਚ ਪਲਦੇ ਹਨ

ਅਤੇ ਜਦੋਂ ਉਸ ਦੀ ਧੀ ਨੂੰ ਡੋਲੀ ਤੋਰਿਆ ਜਾਂਦਾ ਹੈ ਤਾਂ ਉਸ ਦੇ ਮਨ ਵਿਚੋਂ ਕਿਹੜੇ ਹਉਕੇ ਨਿਕਲਦੇ ਹਨ, “ਮਾਂ! ਮੈਂ ਬਹੁਤ ਵੱਡਾ ਦੋਸ਼ੀ ਹਾਂ ਆਪਣੀ ਧੀ ਦਾ, ਜਿਸ ਦੇ ਸੁਪਨਿਆਂ ਨੂੰ ਪੂਰਾ ਤਾਂ ਕੀ ਕਰਨਾ, ਉਸ ਦੀ ਜਿੰæਦਗੀ ਦੇ ਸਭ ਤੋਂ ਹੁਸੀਨ ਅਤੇ ਯਾਦਗਾਰੀ ਪਲਾਂ ਵਿਚ ਵੀ ਗੈਰ-ਹਾਜਰ ਰਿਹਾ। ਕੀ ਮੈਂ ਬਾਪ ਕਹਿਲਾਉਣ ਦਾ ਹੱਕਦਾਰ ਹਾਂ? ਕੀ ਮੈਂ ਬਾਪ ਵਾਲੇ ਫਰਜ਼ ਨਿਭਾਏ ਹਨ? ਕੀ ਮੇਰੀ ਧੀ ਆਪਣੇ ਬਾਪ ਦੀ ਅਣਹੋਂਦ ਵਿਚ ਇਕ ਨਿਤਾਣੀ ਅਤੇ ਨਿਮਾਣੀ ਵਾਂਗ ਤਾਂ ਨਹੀਂ ਵਿਚਰ ਰਹੀ ਹੋਵੇਗੀ? ਬਾਪ ਦੀ ਠੰਢੜੀ ਛਾਂ ਅਤੇ ਨਿੱਘ ਤੋਂ ਵਿਰਵੀਆਂ ਧੀਆਂ ਦਾ ਬਹੁਤ ਕੁਝ ਗਵਾਚ ਜਾਂਦਾ ਏ ਜਿਨ੍ਹਾਂ ਨੇ ਉਨ੍ਹਾਂ ਦੀਆਂ ਯਾਦਾਂ ਦਾ ਜੀਵੰਤ ਹਿੱਸਾ ਬਣਨਾ ਹੁੰਦਾ ਏ।” -ਸੰਪਾਦਕ

ਡਾæ ਗੁਰਬਖਸ਼ ਸਿੰਘ ਭੰਡਾਲ

ਮਾਂ! ਮੈਂ ਅੱਜ ਬਹੁਤ ਉਦਾਸ ਹਾਂ। ਤੇਰੇ ਗਲ ਲੱਗ ਕੇ ਰੋਣ ਨੂੰ ਜੀਅ ਕਰਦਾ ਏ। ਬਹੁਤ ਗਮਗੀਨ ਏ ਚਿੱਤ ਮੇਰਾ। ਆਖਰ ਮਨ ਕਰੇ ਤਾਂ ਕੀ ਕਰੇ। ਜੀਵਨ ਦੇ ਅਜਿਹੇ ਮੋੜ ‘ਤੇ ਲਿਆ ਖਲਿਆਰੇਗੀ ਕਿਸਮਤ ਮੈਨੂੰ, ਮੈਂ ਇਹ ਤਾਂ ਕਦੇ ਸੋਚਿਆ ਵੀ ਨਹੀਂ ਸੀ। ਮੈਂ ਬਹੁਤ ਹੀ ਨਿਕਰਮਾ ਹਾਂ ਅਤੇ ਉਲਝ ਗਈਆਂ ਨੇ ਮੇਰੀਆਂ ਮਸਤਕ ਰੇਖਾਵਾਂ। ਇਹ ਕੇਹੋ ਜਿਹਾ ਵਕਤ ਆਇਆ ਏ ਕਿ ਬਾਪ ਆਪਣੀ ਬੇਟੀ ਦੇ ਵਿਆਹ ਵਿਚ ਵੀ ਸ਼ਾਮਲ ਹੋਣ ਤੋਂ ਰਹਿ ਗਿਆ। ਆਪਣੀ ਧੀ ਦੇ ਸ਼ਗਨ ਮਨਾਉਣ ਦੀ ਰੀਝ ਸੂਲੀ ਚੜ੍ਹ ਜਾਵੇ ਤਾਂ ਜਿਉਣ ਦਾ ਮਕਸਦ ਹੀ ਗੁਆਚ ਜਾਂਦਾ ਏ। ਧੀਆਂ ਤਾਂ ਆਪਣੇ ਬਾਪ ਦੇ ਅਸੀਸਾਂ ਭਰੇ ਹੱਥ ਨੂੰ ਉਡੀਕਦੀਆਂ ਨੇ ਕਿ ਕਦੋਂ ਉਨ੍ਹਾਂ ਦਾ ਬਾਪ ਚਾਵਾਂ ਅਤੇ ਰੀਝਾਂ ਨਾਲ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਸ਼ੁਭ ਦੁਆਵਾਂ ਦੇਵੇ ਅਤੇ ਉਸ ਖੁਦਾ ਕੋਲੋਂ ਮੰਨਤ ਮੰਗੇ ਕਿ ਧੀ ਆਪਣੇ ਘਰ ਯੁਗਾਂ ਤੱਕ ਵੱਸਦੀ ਰਹੇ।
ਮਾਂ! ਮੈਂ ਸੋਚਦਾ ਹਾਂ ਕਿ ਮੇਰੀ ਧੀ ਦੇ ਮਨ ਵਿਚ ਕੀ ਆਉਂਦੀ ਹੋਵੇਗੀ ਜਦ ਉਸ ਲਈ ਵਰ ਟੋਲਿਆ ਗਿਆ ਹੋਵੇਗਾ। ਉਸ ਦੇ ਮਨ ਦੀ ਰੀਝ ਅਤੇ ਉਸ ਦੀ ਸਲਾਹ ਦੇ ਬਿਗਾਨਿਆਂ ਲਈ ਕੋਈ ਅਰਥ ਹੀ ਨਹੀਂ ਰਹਿ ਜਾਂਦੇ। ਆਪਣੇ ਮਾਪਿਆਂ ਤੋਂ ਦਾਈਏ ਨਾਲ ਆਪਣੀ ਜਿੱਦ ਪੁਗਵਾਉਣ ਵਾਲੀਆਂ ਧੀਆਂ ਨੂੰ ਜਦ ਬਿਗਾਨਿਆਂ ਦੀ ਮੁਥਾਜੀ ਝੱਲਣੀ ਪੈ ਜਾਵੇ ਤਾਂ ਉਨ੍ਹਾਂ ਦੇ ਸਾਹਾਂ ਵਿਚੋਂ ਹਉਕਿਆਂ ਦਾ ਸੇਕ ਆਉਂਦਾ ਏ।
ਮਾਂ! ਮੈਂ ਕਦੇ ਸੋਚਦਾ ਹਾਂ ਕਿ ਇਹ ਕਿਹੋ ਜਿਹੀ ਮਜਬੂਰੀ ਏ ਕਿ ਮੈਂ ਆਪਣੇ ਹੱਥੀਂ ਆਪਣੀ ਧੀ ਨੂੰ ਸ਼ਗਨਾਂ ਦਾ ਚੂੜਾ ਵੀ ਨਾ ਪਹਿਨਾ ਸਕਿਆ। ਮਾਈਆਂ ਅਤੇ ਵਟਣਾ ਮਲਣ ਉਪਰੰਤ ਮੇਰੀ ਧੀ ਦੇ ਚਿਹਰੇ ਦਾ ਨੂਰ ਮੱਧਮ ਪੈ ਗਿਆ ਹੋਵੇਗਾ ਜਦ ਉਸ ਨੂੰ ਬਿਗਾਨਿਆਂ ਦੀ ਭੀੜ ਵਿਚ ਆਪਣਾ ਬਾਪ ਨਹੀਂ ਨਜ਼ਰ ਆਉਂਦਾ ਹੋਵੇਗਾ। ਉਹ ਆਪਣੀ ਮਾਂ ਅਤੇ ਆਪਣੀ ਭੈਣ ਤੋਂ ਚੋਰੀ ਕਮਰੇ ਦੀ ਕਿਸੇ ਨੁੱਕਰੇ ਰਾਤ ਨੂੰ ਛੁੱਪ ਛੁੱਪ ਕੇ ਰੋਂਦੀ ਤਾਂ ਜਰੂਰ ਹੋਵੇਗੀ ਪਰ ਉਸ ਦੀਆਂ ਹਿੱਚਕੀਆਂ ਦੀ ਆਵਾਜ਼ ਕਮਰੇ ਦੀਆਂ ਕੰਧਾਂ ਵਿਚ ਜ਼ੀਰ ਕੇ ਰਹਿ ਜਾਂਦੀ ਹੋਵੇਗੀ।
ਮਾਂ! ਮਨ ਸੋਚਦਾ ਹੈ ਕਿ ਉਹ ਜ਼ਿੰਦਗੀ ਦਾ ਕੇਹਾ ਪਲ ਸੀ ਕਿ ਮੈਂ ਘਰੋਂ ਅਜਿਹਾ ਬਾਹਰਲੇ ਦੇਸ਼ ਨੂੰ ਪੈਰ ਪੁੱਟਿਆ ਕਿ ਸਾਰੀ ਉਮਰ ਪੱਕਾ ਹੋਣ ਵਿਚ ਹੀ ਗਾਲ ਦਿੱਤੀ ਪਰ ਫਿਰ ਵੀ ਗੈਰ-ਕਾਨੂੰਨੀ ਹੀ ਰਿਹਾ। ਲੁੱਕ-ਛਿੱਪ ਕੇ ਰਾਤਾਂ ਨੂੰ ਕੰਮ ਕਰਦਾ ਰਿਹਾ ਅਤੇ ਬਿਗਾਨੇ ਦੇਸ਼ ਦੇ ਕਾਨੂੰਨਾਂ ਤੋਂ ਬਚਣ ਲਈ, ਇਕ ਦੇਸ਼ ਤੋਂ ਦੂਸਰੇ ਦੇਸ਼ ਫਿਰਦਾ ਰਿਹਾ। ਮੈਂ ਤਾਂ ਆਪਣੀ ਧੀ ਰਾਹੀਂ ਆਪਣੇ ਅਧੂਰੇ ਸੁਪਨਿਆਂ ਦੀ ਪੂਰਤੀ ਲਈ ਬਹੁਤ ਕੁਝ ਕਰਨਾ ਚਾਹੁੰਦਾ ਸਾਂ ਪਰ ਚੰਦਰੇ ਪਰਦੇਸਾਂ ਦੀ ਗੈਰ-ਕਾਨੂੰਨੀ ਜ਼ਿੰਦਗੀ ਨੇ ਸਭ ਕੁਝ ਹੀ ਬਰਬਾਦ ਕਰ ਦਿੱਤਾ।
ਮਾਂ! ਮੈਨੂੰ ਆਪਣੇ ਆਪ ‘ਤੇ ਗਿਲਾਨੀ ਆਉਂਦੀ ਹੈ, ਜਦ ਮੇਰੀ ਧੀ ਦੇ ਸਾਰੇ ਸ਼ਗਨ, ਬਿਗਾਨਿਆਂ ਨੇ ਇਕ ਬੋਝ ਸਮਝ ਕੇ ਮਨਾਏ ਹੋਣਗੇ ਤਾਂ ਉਨ੍ਹਾਂ ਦੇ ਮਨਾਂ ਵਿਚ ਮੇਰੇ ਅਤੇ ਸਾਡੇ ਪਰਿਵਾਰ ਪ੍ਰਤੀ ਇਕ ਸਮਾਜਿਕ ਘ੍ਰਿਣਾ ਜਰੂਰ ਪੈਦਾ ਹੋਈ ਹੋਵੇਗੀ। ਸ਼ਰੀਕ ਆਪਸ ਵਿਚ ਜਰੂਰ ਗੱਲਾਂ ਕਰਦੇ ਹੋਣਗੇ ਕਿ ਇਹ ਕਿਹੋ ਜਿਹੇ ਬਾਪ ਹੈ ਜਿਸ ਨੂੰ ਆਪਣੀ ਧੀ ਦੇ ਵਿਆਹ ਦਾ ਚਾਅ ਨਹੀਂ ਅਤੇ ਜਿਹੜਾ ਇਸ ਸ਼ੁਭ ਮੌਕੇ ‘ਤੇ ਆਪ ਹਾਜਰ ਹੋਣ ਤੋਂ ਵੀ ਕੰਨੀ ਖਿਸਕਾ ਗਿਆ। ਉਨ੍ਹਾਂ ਨੂੰ ਕੀ ਪਤਾ ਕਿ ਮੈਂ ਕਿਹੜੀ ਮਜਬੂਰੀ ਵੱਸ ਆਪਣੀ ਜ਼ਿੰਦਗੀ ਤੋਂ ਉਕਤਾਇਆ, ਸਿਰਫ ਸਾਹ ਪੂਰੇ ਕਰਨ ਅਤੇ ਊਠ ਦੇ ਬੁੱਲ ਦੇ ਡਿੱਗਣ ਵਾਂਗ ਪੱਕੇ ਹੋਣ ਦੀ ਆਸ ਵਿਚ ਦਿਨ ਕਟੀ ਕਰ ਰਿਹਾ ਹਾਂ।
ਮਾਂ! ਧੀਆਂ ਨੂੰ ਬਹੁਤ ਮਾਣ ਹੁੰਦਾ ਏ ਆਪਣੇ ਮਾਪਿਆਂ ‘ਤੇ ਅਤੇ ਉਹ ਆਪਣੇ ਮਨ ਦੀ ਰੀਝ ਮੁਤਾਬਕ ਹਰ ਕਾਰਜ ਦੀ ਸੰਪੂਰਨਤਾ ਲਈ ਆਪਣੇ ਬਾਪ ਨੂੰ ਮੰਨਵਾ ਸਕਦੀ ਏ। ਪਰ ਸ਼ਰੀਕਾਂ ਨੂੰ ਕਿਸੇ ਦੀਆਂ ਭਾਵਨਾਵਾਂ ਦੀ ਕੀ ਕਦਰ ਹੋ ਸਕਦੀ ਹੈ। ਉਹ ਤਾਂ ਸਗੋਂ ਤਮਾਸ਼ਾ ਦੇਖਦੇ ਹੋਣਗੇ। ਮੇਰੀ ਮਜਬੂਰੀ ਉਨ੍ਹਾਂ ਲਈ ਸ਼ੁਗਲ ਬਣੀ ਹੋਵੇਗੀ। ਮੈਂ ਤਾਂ ਜਿਉਂਦੇ ਜੀਅ ਹੀ ਉਨ੍ਹਾਂ ਦੇ ਭਾਅ ਦਾ ਮਰਿਆਂ ਬਰਾਬਰ ਹੋਇਆ ਹੋਵਾਂਗਾ ਕਿਉਂਕਿ ਮੇਰੀ ਗੈਰ-ਮੌਜੂਦਗੀ ਹੀ ਉਨ੍ਹਾਂ ਦੀ ਚੜ੍ਹਤ ਦਾ ਕਾਰਨ ਬਣਦੀ ਹੈ।
ਮਾਂ! ਤੈਨੂੰ ਮੈਂ ਦੱਸਾਂ ਅੱਜ ਜਦ ਮੈਂ ਆਪਣੀ ਧੀ ਦੇ ਵਿਅਹ ਦੇ ਸਮਾਗਮਾਂ ਨੂੰ ਕਿਆਸ ਰਿਹਾ ਹਾਂ ਤਾਂ ਸੋਚਦਾਂ ਕਿ ਕੌਣ ਬਾਪ ਦੀ ਮਿਲਣੀ ਵਾਲੀ ਜਿੰਮੇਵਾਰੀ ਨੂੰ ਨਿਭਾਉਣ ਲਈ ਝਿਜਕਦੇ ਮਨ ਨਾਲ ਤਿਆਰ ਹੋਇਆ ਹੋਵੇਗਾ? ਕਿਸ ਨੇ ਧੀ ਦਾ ਪੱਲਾ ਉਸ ਦੇ ਹੋਣ ਵਾਲੇ ਪਤੀ ਨੂੰ ਫੜਾਉਂਦਿਆਂ ਉਮਰਾਂ ਤੋਂ ਵੱਡੀਆਂ ਅਸੀਸਾਂ ਦਿੱਤੀਆਂ ਹੋਣਗੀਆਂ? ਕਿਸ ਨੇ ਮੇਰੀ ਧੀ ਦੀ ਲੰਮੀ ਅਤੇ ਖੁਸ਼ਹਾਲ ਵਿਆਹੁਤਾ ਜ਼ਿੰਦਗੀ ਲਈ ਅਰਦਾਸ ਕੀਤੀ ਹੋਵੇਗੀ? ਕਿਸ ਨੇ ਇਹ ਦੁਆਵਾਂ ਦਿੱਤੀਆਂ ਹੋਣਗੀਆਂ ਕਿ ਧੀਏ ਤੇਰਾ ਸਦਾ ਵੱਸਦਾ ਰਹੇ ਰੰਗਲਾ ਸੰਸਾਰ ਅਤੇ ਤੈਨੂੰ ਮਿਲੇ ਆਪਣੇ ਨਵੇਂ ਪਰਿਵਾਰ ਤੋਂ ਰੱਜਵਾਂ ਪਿਆਰ? ਬਹੁਤ ਕੁਝ ਮਨ ਵਿਚ ਆਉਂਦਾ ਏ। ਹੁਣ ਤਾਂ ਆਪਣੀ ਜਾਈ ਦੇ ਵਿਆਹ ਵਿਚਲੀ ਗੈਰ-ਹਾਜਰੀ ਮੈਨੂੰ ਜਿਉਣ ਲਈ ਲਾਹਨਤਾਂ ਪਾ ਰਹੀ ਏ।
ਮਾਂ! ਤੈਨੂੰ ਕੀ ਦੱਸਾਂ ਜਦ ਮੇਰੀ ਲਾਡੋ ਧੀ ਰਾਣੀ ਦੀ ਡੋਲੀ ਤੁਰੀ ਹੋਵੇਗੀ ਤਾਂ ਕਿਹਦੇ ਗਲ ਲੱਗ ਕੇ ਧੀ ਨੇ ਧਾਹ ਮਾਰੀ ਹੋਵੇਗੀ ਕਿ ਬਾਬਲਾ ਇਕ ਦਿਹਾੜੀ ਹੋਰ ਰੱਖ ਲੈ? ਆਪਣੇ ਰੋਂਦੇ ਗੁੱਡੀਆਂ-ਪਟੋਲਿਆਂ ਨੂੰ ਵਰਾਉਣ ਲਈ ਕਿਸ ਨੂੰ ਕਿਹਾ ਹੋਵੇਗਾ? ਕਿਹੜੇ ਮਨ ਨਾਲ ਆਪਣੇ ਬਾਬਲ ਦੇ ਵਿਹੜੇ ਦੀ ਖੈਰ-ਸੁੱਖ ਮੰਗਦਿਆਂ, ਜਲਦੀ ਤੋਂ ਜਲਦੀ ਫੇਰਾ ਪਾਉਣ ਦੀ ਆਸ ਬੰਨਾਈ ਹੋਵੇਗੀ? ਬਾਪ ਜੇ ਆਪਣੇ ਹੱਥੀਂ, ਆਪਣੀ ਲਾਡਲੀ ਦੀ ਡੋਲੀ ਨੂੰ ਅਲਵਿਦਾ ਕਹਿੰਦਿਆਂ, ਕੁਲ ਸੰਸਾਰ ਦੇ ਸੁੱਖਾਂ ਦਾ ਪਰਾਗਾ ਉਸ ਦੀ ਝੋਲੀ ਨਹੀਂ ਪਾਵੇਗਾ ਤਾਂ ਕਿਸੇ ਦੂਸਰੇ ਤੋਂ ਕੀ ਆਸ ਰੱਖੀ ਜਾ ਸਕਦੀ ਏ। ਬਾਪ ਤੋਂ ਬਗੈਰ ਧੀਆਂ ਲਈ ਘਰ ਦੇ ਕੀ ਅਰਥ ਰਹਿ ਜਾਂਦੇ ਨੇ?
ਮਾਂ! ਮੈਂ ਬਹੁਤ ਵੱਡਾ ਦੋਸ਼ੀ ਹਾਂ ਆਪਣੀ ਧੀ ਦਾ, ਜਿਸ ਦੇ ਸੁਪਨਿਆਂ ਨੂੰ ਪੂਰਾ ਤਾਂ ਕੀ ਕਰਨਾ, ਉਸ ਦੀ ਜਿੰæਦਗੀ ਦੇ ਸਭ ਤੋਂ ਹੁਸੀਨ ਅਤੇ ਯਾਦਗਾਰੀ ਪਲਾਂ ਵਿਚ ਵੀ ਗੈਰ-ਹਾਜਰ ਰਿਹਾ। ਕੀ ਮੈਂ ਬਾਪ ਕਹਿਲਾਉਣ ਦਾ ਹੱਕਦਾਰ ਹਾਂ? ਕੀ ਮੈਂ ਬਾਪ ਵਾਲੇ ਫਰਜ਼ ਨਿਭਾਏ ਹਨ? ਕੀ ਮੇਰੀ ਧੀ ਆਪਣੇ ਬਾਪ ਦੀ ਅਣਹੋਂਦ ਵਿਚ ਇਕ ਨਿਤਾਣੀ ਅਤੇ ਨਿਮਾਣੀ ਵਾਂਗ ਤਾਂ ਨਹੀਂ ਵਿਚਰ ਰਹੀ ਹੋਵੇਗੀ? ਬਾਪ ਦੀ ਠੰਢੜੀ ਛਾਂ ਅਤੇ ਨਿੱਘ ਤੋਂ ਵਿਰਵੀਆਂ ਧੀਆਂ ਦਾ ਬਹੁਤ ਕੁਝ ਗਵਾਚ ਜਾਂਦਾ ਏ ਜਿਨ੍ਹਾਂ ਨੇ ਉਨ੍ਹਾਂ ਦੀਆਂ ਯਾਦਾਂ ਦਾ ਜੀਵੰਤ ਹਿੱਸਾ ਬਣਨਾ ਹੁੰਦਾ ਏ।
ਮਾਂ! ਮੈਂ ਆਪਣੀ ਇਕੱਲ ਦੇ ਨਾਂਵੇਂ ਆਪਣੀ ਜ਼ਿੰਦਗੀ ਗਵਾ ਦਿੱਤੀ ਏ। ਮੈਂ ਤੇਰਾ ਅਤੇ ਆਪਣੀ ਪਤਨੀ ਦਾ ਤਾਂ ਸਾਰੀ ਉਮਰ ਗੁਨਾਹਗਾਰ ਰਿਹਾ ਹੀ ਸੀ ਹੁਣ ਤਾਂ ਮੇਰੀ ਧੀ ਵੀ ਬਾਪ-ਬਿਨ ਬਿਤਾਏ ਦਿਨਾਂ ਦਾ ਹੇਰਵਾ ਆਪਣੇ ਮਨ ਵਿਚ ਪਾਲੇਗੀ। ਬਾਬਲ ਦੇ ਵਿਹੜੇ ਦੇ ਕਿਹੜੇ ਪਲ ਉਸ ਦੀਆਂ ਸਿਮਰਤੀਆਂ ਦਾ ਸਦੀਵੀ ਅੰਗ ਬਣਨਗੇ? ਬਾਪ ਦੀਆਂ ਕਿਹੜੀਆਂ ਮਿੱਠੀਆਂ ਝਿੜਕਾਂ ਦਾ ਅਹਿਸਾਸ ਉਹ ਮਾਣੇਗੀ? ਕਿਸ ਤਰ੍ਹਾਂ ਉਸ ਨੂੰ ਅਨੁਭਵ ਹੋਵੇਗਾ ਕਿ ਬਾਪ ਦੀਆਂ ਨਸੀਹਤਾਂ ਅਤੇ ਉਸ ਦੀਆਂ ਮੱਤਾਂ ਦੇ ਜ਼ਿੰਦਗੀ ਵਿਚ ਕੀ ਅਰਥ ਹੁੰਦੇ ਹਨ? ਧੀ ਨੂੰ ਤਾਂ ਇਹ ਵੀ ਪਤਾ ਨਹੀਂ ਹੋਣਾ ਕਿ ਧੀਆਂ ਨੂੰ ਕੰਧਾੜੇ ਚੁੱਕ ਕੇ ਖਿਡਾਉਣ ਅਤੇ ਉਨ੍ਹਾਂ ਨੂੰ ਬੇਟਾ ਕਹਿ ਕੇ ਬੁਲਾਉਣ ਦੇ ਕਿੰਨੇ ਡੂੰਘੇ ਅਤੇ ਭਵਿੱਖ-ਮੁਖੀ ਮਾਇਨੇ ਹੁੰਦੇ ਹਨ?
ਮਾਂ! ਤੂੰ ਮੇਰੀ ਧੀ ਨੂੰ ਦਾਦੀ ਵਾਲਾ ਤਾਂ ਪਿਆਰ ਬਹੁਤ ਦਿੱਤਾ ਹੋਵੇਗਾ ਪਰ ਤਰਲਾ ਈ! ਜਦ ਉਹ ਸਹੁਰੇ ਘਰੋਂ ਆਏ ਤਾਂ ਬਾਪ ਦੇ ਅਹਿਸਾਸਾਂ ਵਾਲੀ ਨਿੱਘੀ ਜਿਹੀ ਗਲਵੱਕੜੀ ਪਾਈਂ ਅਤੇ ਸਿਰ ‘ਤੇ ਅਸੀਸਾਂ ਤੇ ਲਾਡਾਂ ਭਰਿਆ ਹੱਥ ਜਰੂਰ ਰੱਖੀਂ। ਮੇਰੇ ਵਲੋਂ ਝੋਲੀ ਭਰ ਕੇ ਦੁਆਵਾਂ ਦਿੰਦਿਆਂ, ਉਸ ਦੀ ਸਦੀਵੀ ਖੈਰ-ਸੁੱਖ ਜਰੂਰ ਮੰਗੀਂ। ਮੈਂ ਤਾਂ ਆ ਨਹੀਂ ਸਕਿਆ। ਸਿਰਫ ਇਸ ਖਤ ਜਾਂ ਫੋਨ ਵਿਚਲੇ ਬੋਲਾਂ ਰਾਹੀਂ ਹੀ ਵਿਆਹ ਦੇ ਉਨ੍ਹਾਂ ਸੂਖਮ-ਅਨੁਭਵੀ ਪਲਾਂ ਨੂੰ ਚਿਤਵ ਸਕਦਾ ਹਾਂ ਜਿਨ੍ਹਾਂ ਤੋਂ ਮੈਂ ਵਿਰਵਾ ਰਹਿ ਗਿਆ ਹਾਂ। ਪਤਾ ਨਹੀਂ ਰੱਬ ਨੇ ਮੈਨੂੰ ਇੱਡੀ ਵੱਡੀ ਸਜ਼ਾ ਕਿਉਂ ਦਿੱਤੀ ਹੈ ਕਿ ਮੈਂ ਸਾਰੀ ਉਮਰ ਪਰਦੇਸਾਂ ਦੀ ਖਾਕ ਛਾਣਦਾ ਰਿਹਾ ਕਿ ਮੈਂ ਆਪਣੇ ਪਰਿਵਾਰ ਨੂੰ ਆਪਣੇ ਕੋਲ ਬੁਲਾ ਸਕਾਂ ਅਤੇ ਆਪਣੇ ਪਰਿਵਾਰ ਨਾਲ ਕੁਝ ਕੋਸੇ-ਕੋਸੇ ਪਲ ਬਿਤਾ ਸਕਾਂ। ਪਰ ਮੱਥੇ ਤੋਂ ਗੈਰ-ਕਾਨੂੰਨੀ ਪਰਵਾਸੀ ਦਾ ਲੇਬਲ ਨਾ ਲਹਿ ਸਕਿਆ। ਮੈਂ ਦਰ-ਦਰ ਦੀਆਂ ਠੋਕਰਾਂ ਖਾਂਦਾ ਪੁਲਿਸ ਅਤੇ ਇਥੋਂ ਦੀ ਸਰਕਾਰ ਤੋਂ ਬਚਦਾ, ਪੱਕੇ ਹੋਣ ਦੀ ਕੋਸ਼ਿਸ਼ ਕਰਦਿਆਂ ਸਾਰਾ ਜੀਵਨ ਹੀ ਲੰਘਾ ਦਿੱਤਾ। ਮੈਂ ਦਰਦ-ਗਾਥਾ ਬਣਿਆ ਹਉਕਿਆਂ ਦੇ ਲੰਮੇ ਲੰਮੇ ਤੰਦ ਪਾਉਂਦਾ ਰਿਹਾ।
ਮਾਂ! ਮੈਂ ਇਸ ਗਲੀਜ਼ ਜ਼ਿੰਦਗੀ ਤੋਂ ਨਿਜਾਤ ਪਾਉਣੀ ਚਾਹੁੰਦਾ ਹਾਂ। ਸ਼ਾਇਦ ਇਸੇ ਕਰਕੇ ਹੀ ਕਈ ਮੇਰੇ ਵਰਗੇ ਆਪਣੇ ਕਸ਼ਟਾਂ ਤੋਂ ਛੁਟਕਾਰਾ ਨਾ ਪਾ ਸਕਣ ਕਾਰਨ ਹੌਲੀ ਹੌਲੀ ਅੰਦਰੋਂ-ਅੰਦਰੀਂ ਮਰ ਕੇ ਜਿਉਂਦੀ ਲਾਸ਼ ਬਣ ਜਾਂਦੇ ਹਨ।
ਮਾਂ! ਤੂੰ ਤਾਂ ਮੈਨੂੰ ਮੁਆਫ ਕਰ ਦੇਈਂ ਜਿਸ ਨੇ ਪਹਿਲੀ ਵਾਰ ਪਰਦੇਸਾਂ ਨੂੰ ਤੁਰਨ ਵੇਲੇ ਕਿਹਾ ਸੀ ਕਿ ਨਾ ਜਾ ਪਰਦੇਸ, ਪਰਦੇਸਾਂ ਦੇ ਦੁੱਖ ਬੜੇ ਨੇ। ਪਰ ਮੈਂ ਹੀ ਨਾ ਮੰਨਿਆ ਜਿਸ ਦਾ ਖਮਿਆਜ਼ਾ ਮੈਂ ਸਾਰੀ ਉਮਰ ਹੀ ਭੁਗਤਿਆ ਏ। ਮਾਂ ਹੁਣ ਤੂੰ ਸੋਗੀ ਖਬਰ ਦੀ ਉਡੀਕ ਹੀ ਕਰ ਸਕਦੀ ਏਂ ਕਿਉਂਕਿ ਤਿਲ-ਤਿਲ ਕਰਕੇ ਮਰਨ ਵਾਲੇ ਲੋਕ ਭਲਾ ਕਿੰਨਾ ਕੁ ਚਿਰ ਜੀਅ ਸਕਦੇ ਹਨ?
ਮਾਂ! ਆਸ ਤਾਂ ਕੋਈ ਨਹੀਂ ਕਿ ਮੈਂ ਜਿਉਂਦੇ ਜੀਅ ਤੈਨੂੰ ਮਿਲ ਸਕਾਂ। ਹੁਣ ਤੂੰ ਹੀ ਮੇਰੀਆਂ ਧੀਆਂ ਦਾ ਬਾਪ ਬਣਦੀ ਰਹੀਂ ਜਿਵੇਂ ਤੂੰ ਮੈਨੂੰ ਬਾਪ ਵਾਲਾ ਨਿੱਘ ਦਿੱਤਾ ਸੀ।
ਮਾਂ! ਮੇਰੀ ਧੀ ਪੇਕੀਂ ਆਈ ਤਾਂ ਉਸ ਦੇ ਹੰਝੂਆਂ ਨੂੰ ਆਪਣੇ ਅੰਦਰ ਜੀਰ ਲਵੀਂ ਅਤੇ ਉਸ ਨੂੰ ਇਹ ਮਹਿਸੂਸ ਨਾ ਹੋਵੇ ਕਿ ਉਸ ਦੇ ਬਾਪ ਨੇ ਉਸ ਦੇ ਚਾਵਾਂ ਦੀ ਅਣਦੇਖੀ ਕੀਤੀ ਏ। ਉਸ ਦੇ ਸਿਰ ‘ਤੇ ਸੂਹੇ ਚਾਵਾਂ ਦੀ ਫੁਲਕਾਰੀ, ਬਾਹਾਂ ਵਿਚ ਰੰਗਲਾ ਚੂੜਾ ਅਤੇ ਮੁਖੜੇ ‘ਤੇ ਫੈਲੀ ਸੂਹੀ ਭਾਅ ਨੂੰ ਦੇਖਣਾ ਬਾਪ ਦਾ ਸਭ ਤੋਂ ਵੱਡਾ ਨਸੀਬ ਹੁੰਦਾ ਹੈ। ਪਰ ਮੈਂ ਕੇਹਾ ਬਦਨਸੀਬ ਬਾਪ ਹਾਂ ਕਿ ਕਿਸੇ ਬੇਸਮੈਂਟ ਦੀ ਨੁੱਕਰੇ ਪਿਆ, ਆਪਣੀ ਧੀ ਦੇ ਚਾਵਾਂ ਦੀ ਅੰਦਰੋਂ-ਅੰਦਰੀ ਕਾਮਨਾ ਹੀ ਕਰ ਸਕਦਾ ਹਾਂ। ਕਿਸੇ ਨੂੰ ਦੱਸਾਂ, ਤਾਂ ਕੀ ਦੱਸਾਂ? ਧੀ ਨੂੰ ਮੇਰੇ ਵਲੋਂ ‘ਵਾਵਾਂ ਦੇ ਹੱਥ ਭੇਜੀਆਂ ਦੁਆਵਾਂ ਅਤੇ ਅਸੀਸਾਂ ਦੇਈਂ ਅਤੇ ਆਖੀਂ ਕਿ ਮੁਆਫ ਕਰ ਦੇਵੇ, ਬਾਪ ਦੇ ਫਰਜ਼ਾਂ ਤੋਂ ਭੱਜਣ ਵਾਲੇ ਕੁ-ਬਾਪ ਨੂੰ।
ਆਮੀਨ।