ਪਰਵਾਸ ਤੋਂ ਪੰਜਾਬੀਆਂ ਨੇ ਕੀ ਖੱਟਿਆ, ਕੀ ਗੁਆਇਆ?

ਡਾæ ਗਿਆਨ ਸਿੰਘ
ਫੋਨ: 609-721-0950
ਕੌਮਾਂਤਰੀ ਪਰਵਾਸ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਬਿਹਤਰ ਜ਼ਿੰਦਗੀ ਜਿਉਣ ਦਾ ਸੁਪਨਾ ਸਾਕਾਰ ਕਰਨਾ, ਪਰਿਵਾਰ ਨਾਲ ਇਕੱਠੇ ਰਹਿਣਾ, ਲੜਾਈਆਂ-ਝਗੜਿਆਂ ਜਾਂ ਵਾਤਾਵਰਣ ਵਿਚ ਵਿਗਾੜਾਂ ਤੋਂ ਬਚਣਾ ਆਦਿ। ਪਿਛਲੇ ਕੁਝ ਸਾਲਾਂ ਦੌਰਾਨ ਕੌਮਾਂਤਰੀ ਪਰਵਾਸੀਆਂ ਦੀ ਗਿਣਤੀ ਅਤੇ ਅਨੁਪਾਤ ਵਿਚ ਵਾਧੇ ਦਾ ਰੁਝਾਨ ਹੈ। ਸੰੰਯੁਕਤ ਰਾਸ਼ਟਰ ਅਨੁਸਾਰ, ਕੌਮਾਂਤਰੀ ਪਰਵਾਸੀਆਂ ਦੀ ਗਿਣਤੀ 1990 ਵਿਚ 15æ40 ਕਰੋੜ ਤੋਂ ਵਧ ਕੇ 2000 ਵਿਚ 17æ50 ਕਰੋੜ ਹੋ ਗਈ ਹੈ। 2000 ਤੋਂ 2015 ਤਕ ਕੌਮਾਂਤਰੀ ਪਰਵਾਸੀਆਂ ਦੀ ਗਿਣਤੀ ਵਿਚ 41 ਫ਼ੀਸਦ ਵਾਧਾ ਦਰਜ ਹੋਇਆ ਜੋ ਦੁਨੀਆਂ ਵਿਚ ਆਬਾਦੀ ਦੀ ਵਾਧਾ ਦਰ ਨਾਲੋਂ ਜ਼ਿਆਦਾ ਹੈ।

ਭਾਰਤ ਵਿਚੋਂ ਕੌਮਾਂਤਰੀ ਪਰਵਾਸ ਦੋ ਤਰ੍ਹਾਂ ਦਾ ਹੋ ਰਿਹਾ ਹੈ: ਪਹਿਲਾ, ਉਹ ਕਾਮੇ ਜੋ ਗ਼ੈਰ-ਹੁਨਰਮੰਦ ਤੇ ਅਰਧ-ਹੁਨਰਮੰਦ ਸ਼੍ਰੇਣੀਆਂ ਵਿਚ ਆਉਂਦੇ ਤੇ ਜ਼ਿਆਦਾਤਰ ਖਾੜੀ ਦੇਸ਼ਾਂ ਵਿਚ ਪਰਵਾਸ ਕਰਦੇ ਹਨ। ਦੂਜਾ, ਗ਼ੈਰ-ਹੁਨਰਮੰਦ, ਅਰਧ-ਹੁਨਰਮੰਦ, ਹੁਨਰਮੰਦ ਅਤੇ ਪੇਸ਼ਾਵਰ ਕਾਮੇ ਤੇ ਵਿਦਿਆਰਥੀ ਜੋ ਜ਼ਿਆਦਾਤਰ ਸਰਮਾਏਦਾਰ ਵਿਕਸਿਤ ਦੇਸ਼ਾਂ ਵਿਚ ਪਰਵਾਸ ਕਰਦੇ ਹਨ। ਪੰਜਾਬ ਵਿਚੋਂ ਵੀ ਭਾਰਤ ਵਾਂਗ ਦੋਵੇਂ ਤਰ੍ਹਾਂ ਦੇ ਕਾਮਿਆਂ ਦਾ ਦੁਨੀਆਂ ਦੇ ਦੂਜੇ ਦੇਸ਼ਾਂ ਵਿਚ ਪਰਵਾਸ ਹੋ ਰਿਹਾ ਹੈ। ਇਸ ਪਰਵਾਸ ਦਾ ਮੁੱਖ ਕਾਰਨ ਦੇਸ਼ ਵਿਚ ਰੁਜ਼ਗਾਰ ਰਹਿਤ ਆਰਥਿਕ ਵਿਕਾਸ ਹੋਣਾ ਹੈ। ਇਸੇ ਕਰ ਕੇ ਰੁਜ਼ਗਾਰ ਦੇ ਮੌਕਿਆਂ ਦੀ ਘਾਟ ਅਤੇ ਉਸ ਦਾ ਮਿਆਰ (ਆਮਦਨ) ਬਹੁਤ ਨੀਵਾਂ ਹੈ।
ਜਿਥੇ ਪੰਜਾਬ ਵਿਚੋਂ ਕੌਮਾਂਤਰੀ ਪਰਵਾਸੀਆਂ ਨੇ ਆਪਣੇ ਨਿੱਜ, ਸੂਬੇ ਅਤੇ ਦੇਸ਼ ਵਾਸਤੇ ਕਮਾਇਆ, ਉਥੇ ਗੁਆਇਆ ਵੀ ਹੈ। ਪੰਜਾਬ ਵਿਚੋਂ ਦੂਜੇ ਦੇਸ਼ਾਂ ਵਿਚ ਪਰਵਾਸ ਕਰਨ ਵਾਲੇ ਕਾਮਿਆਂ ਨੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਦੌਰਾਨ ਸਿਰਫ਼ ਵਿੱਤੀ ਮਦਦ ਹੀ ਨਹੀਂ ਕੀਤੀ, ਸਗੋਂ ਗਦਰ ਲਹਿਰ ਨੂੰ ਜਨਮ ਦਿੱਤਾ ਅਤੇ ਪ੍ਰਫੁਲਤ ਕੀਤਾ ਸੀ। ਇਉਂ ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਿਚ ਯੋਗਦਾਨ ਪਾਇਆ। ਖਾੜੀ ਦੇਸ਼ਾਂ ਵਿਚ ਪਰਵਾਸ ਕਰਨ ਵਾਲੇ ਪੰਜਾਬੀ ਕਾਮੇ ਜੋ ਜ਼ਿਆਦਾਤਰ ਗ਼ੈਰ-ਹੁਨਰਮੰਦ ਜਾਂ ਅਰਧ-ਹੁਨਰਮੰਦ ਸ਼੍ਰੇਣੀਆਂ ਵਿਚ ਆਉਂਦੇ ਹਨ, ਲਗਾਤਾਰ ਆਪਣੇ ਪਰਿਵਾਰਾਂ ਨੂੰ ਆਪਣੀ ਕਮਾਈ ਭੇਜਦੇ ਰਹੇ। ਇਸ ਤਰ੍ਹਾਂ ਦਾ ਰੁਝਾਨ ਹੁਣ ਤਕ ਹੁਨਰਮੰਦ ਅਤੇ ਪੇਸ਼ਾਵਰ ਕਾਮਿਆਂ ਵਿਚ ਵੀ ਹੈ।
ਪਰਵਾਸੀ ਪੰਜਾਬੀਆਂ ਵੱਲੋਂ ਬਾਹਰਲੇ ਦੇਸ਼ਾਂ ਵਿਚੋਂ ਕਮਾਈਆਂ ਕਰ ਕੇ ਭੇਜੀਆਂ ਰਕਮਾਂ ਨਾਲ ਜਿਥੇ ਇਨ੍ਹਾਂ ਦੇ ਆਪਣੇ ਪਰਿਵਾਰ ਖ਼ੁਸ਼ਹਾਲ ਹੋਏ, ਉਥੇ ਇਨ੍ਹਾਂ ਨੇ ਪੰਜਾਬ ਤੇ ਭਾਰਤ ਦੀ ਆਰਥਿਕ ਤਰੱਕੀ ਵਿਚ ਵੀ ਯੋਗਦਾਨ ਪਾਇਆ। ਇਨ੍ਹਾਂ ਪਰਵਾਸੀਆਂ ਨੇ ਆਪਣੇ ਪਿੰਡਾਂ ਤੇ ਇਲਾਕਿਆਂ ਦੇ ਸਕੂਲਾਂ, ਕਾਲਜਾਂ, ਹਸਪਤਾਲਾਂ ਤੇ ਸਮਾਜਿਕ ਮਹੱਤਵ ਦੇ ਹੋਰ ਕਾਰਜਾਂ ਵਿਚ ਵੀ ਯੋਗਦਾਨ ਪਾਇਆ। ਪੰਜਾਬ ਵਿਚੋਂ ਦੂਜੇ ਦੇਸ਼ਾਂ ਵਿਚ ਜਾ ਕੇ ਵਸੇ ਹੋਏ ਕੁਝ ਪਰਵਾਸੀ, ਨਵੇਂ ਪਰਵਾਸੀਆਂ ਦੀ ਮਦਦ ਵੀ ਕਰਦੇ ਹਨ। ਰਾਜਸੀ ਸਰਗਰਮੀਆਂ ਵਿਚ ਹਿੱਸਾ ਲੈਂਦੇ ਹੋਏ ਦੂਜੇ ਦੇਸ਼ਾਂ ਵਿਚ ਉਚੇ ਰਾਜਸੀ ਅਹੁਦੇ ਅਤੇ ਹੋਰ ਵੱਡੀਆਂ ਪਦਵੀਆਂ ਪ੍ਰਾਪਤ ਕਰ ਰਹੇ ਹਨਂ। ਇਸ ਸਬੰਧੀ ਸ਼ ਐਸ਼ਪੀæ ਸਿੰਘ ਓਬਰਾਏ ਦਾ ਜ਼ਿਕਰ ਜ਼ਰੂਰੀ ਹੈ ਜਿਨ੍ਹਾਂ ਦੀ ਹਿੰਮਤ ਤੇ ਸਹਾਇਤਾ ਨਾਲ ਬਹੁਤ ਸਾਰੇ ਪੰਜਾਬੀਆਂ ਦੀ ਜਾਨ ਬਚੀ ਹੈ।
ਪੰਜਾਬ ਵਿਚੋਂ ਕੌਮਾਂਤਰੀ ਪਰਵਾਸ ਕਰਨ ਵਾਲਿਆਂ ਨੇ ਆਪਣੇ, ਸੂਬੇ ਅਤੇ ਦੇਸ਼ ਲਈ ਜੋ ਕਮਾਇਆ, ਉਸ ਨਾਲੋਂ ਜ਼ਿਆਦਾ ਗੁਆਇਆ ਅਤੇ ਉਸ ਦੀ ਸੂਚੀ ਕਾਫ਼ੀ ਲੰਮੀ ਹੈ। ਪੰਜਾਬ ਵਿਚੋਂ ਜਿਹੜੇ ਹੁਨਰਮੰਦ ਤੇ ਪੇਸ਼ਾਵਰ ਕਾਮਿਆਂ ਅਤੇ ਵਿਦਿਆਰਥੀਆਂ ਨੇ ਬਾਹਰਲੇ ਦੇਸ਼ਾਂ ਵਿਚ ਪਰਵਾਸ ਕੀਤਾ, ਬਾਅਦ ਵਿਚ ਉਹ ਉਨ੍ਹਾਂ ਦੇਸ਼ਾਂ ਵਿਚ ਹੀ ਵਸ ਗਏ। ਉਸ ਨਾਲ ਪੰਜਾਬ ਵਿਚੋਂ ਇਨ੍ਹਾਂ ਹੁਨਰਮੰਦ ਅਤੇ ਲਿਆਕਤ ਵਾਲੇ ਕਾਮਿਆਂ ਦਾ ਪੱਕਾ ਨਿਕਾਲ ਹੋ ਗਿਆ ਜੋ ਪੰਜਾਬ ਤੇ ਭਾਰਤ ਲਈ ਵੱਡਾ ਘਾਟਾ ਹੈ। ਕੁਝ ਲੋਕ ਇਹ ਤਰਕ ਦਿੰਦੇ ਹਨ ਕਿ ਇਹ ਜੇ ਪੰਜਾਬ ਵਿਚ ਰਹਿੰਦੇ ਤਾਂ ਇਨ੍ਹਾਂ ਨੇ ਇਧਰ ਰੁਜ਼ਗਾਰ ਦੇ ਮੌਕਿਆਂ ਦੀ ਘਾਟ ਤੇ ਪ੍ਰਾਪਤ ਰੁਜ਼ਗਾਰ ਦੇ ਨੀਵੇਂ ਮਿਆਰ ਕਾਰਨ ਰੁਲ ਜਾਣਾ ਸੀ। ਇਸ ਦਲੀਲ ਵਿਚ ਅੰਸ਼ਕ ਸਚਾਈ ਤਾਂ ਹੈ, ਪਰ ਧਿਆਨ ਮੰਗਦਾ ਪੱਖ ਇਹ ਹੈ ਕਿ ਇਨ੍ਹਾਂ ਦੇ ਹੁਨਰ ਤੇ ਲਿਆਕਤ ਦੇ ਵਿਕਾਸ ਵਿਚ ਸਮਾਜ ਤੇ ਸਰਕਾਰ ਵੱਲੋਂ ਪਾਇਆ ਯੋਗਦਾਨ ਕਿਥੇ ਗਿਆ? ਇਨ੍ਹਾਂ ਲਈ ਸਮਾਜ ਤੇ ਸਰਕਾਰ ਵੱਲੋਂ ਮੁਹੱਈਆ ਕਰਵਾਈ ਗਈ ਸਸਤੀ ਸਿੱਖਿਆ, ਸਿਖਲਾਈ ਆਦਿ ਦਾ ਹਿਸਾਬ ਕੌਣ ਕਰੇਗਾ? ਗੱਲ ਸਿਰਫ਼ ਬਰੇਨ-ਡਰੇਨ ਉਪਰ ਹੀ ਨਹੀਂ ਮੁੱਕਦੀ। ਸੂਚਨਾ ਤਕਨਾਲੋਜੀ ਦੇ ਇਨਕਲਾਬ ਤੋਂ ਬਾਅਦ ਪੰਜਾਬ ਵਿਚੋਂ ਹੁਨਰਮੰਦ ਅਤੇ ਪੇਸ਼ੇਵਰ ਕਾਮਿਆਂ ਦੇ ਬਾਹਰਲੇ ਦੇਸ਼ਾਂ ਵਿਚ ਜਾਣ ਨਾਲ ਦੇਸ਼ਾਂ ਵਿਚੋਂ ਪੂੰਜੀ ਦਾ ਨਿਕਾਲ, ਜਿਸ ਨੂੰ ਕੈਪੀਟਲ-ਡਰੇਨ ਵੀ ਕਹਿੰਦੇ ਹਨ, ਪਰਵਾਸੀਆਂ ਦੀ ਪਹਿਲੀ ਪੀੜ੍ਹੀ ਦੇ ਜਾਣ ਨਾਲ ਹੀ ਸ਼ੁਰੂ ਹੋ ਗਿਆ ਜਦੋਂਕਿ ਪਹਿਲਾਂ ਇਹ ਦੂਜੀ ਜਾਂ ਤੀਜੀ ਪੀੜ੍ਹੀ ਵਿਚ ਸ਼ੁਰੂ ਹੁੰਦਾ ਸੀ। ਇਸ ਤੋਂ ਵੱਧ ਦੁੱਖ ਵਾਲੀ ਗੱਲ ਵਿਦਿਆਰਥੀਆਂ ਬਾਰੇ ਹੈ। ਅੱਜ ਕੱਲ੍ਹ ਜਿੰਨੇ ਵੱਡੇ ਪੱਧਰ ਉਪਰ ਪੰਜਾਬ ਵਿਚੋਂ ਵਿਦਿਆਰਥੀ ਦੂਜੇ ਦੇਸ਼ਾਂ ਵਿਚ ਜਾ ਰਹੇ ਹਨ, ਇਸ ਦਾ ਮਾੜਾ ਪਹਿਲੂ ਇਨ੍ਹਾਂ ਵਿਦਿਆਰਥੀਆਂ ਨੂੰ ਨੀਵੇਂ ਮਿਆਰ ਦੀ ਦਿੱਤੀ ਜਾ ਰਹੀ ਪੜ੍ਹਾਈ ਦਾ ਵੀ ਹੈ।
ਪੰਜਾਬ ਵਿਚੋਂ ਪਰਵਾਸ ਕਰ ਕੇ ਉਨਤ ਸਰਮਾਏਦਾਰ ਦੇਸ਼ਾਂ ਵਿਚ ਗਏ ਲੋਕਾਂ ਵਿਚੋਂ ਕੁਝ ਸੱਜਣ, ਜਿਹੜੇ ਆਪਣੇ ਕਾਰੋਬਾਰਾਂ ਵਿਚ ਅੱਗੇ ਲੰਘ ਗਏ ਹਨ, ਆਪਣੇ ਮੁਨਾਫ਼ੇ ਵਧਾਉਣ ਲਈ ਪੰਜਾਬ ਤੋਂ ਪਰਵਾਸ ਕਰ ਕੇ ਆਏ ਵਿਦਿਆਰਥੀਆਂ, ਗ਼ੈਰ-ਹੁਨਰਮੰਦ ਅਤੇ ਅਰਧ-ਹੁਨਰਮੰਦ ਵਿਅਕਤੀਆਂ ਦੀ ਲੁੱਟ ਕਰਦੇ ਹਨ। ਇਸ ਤੋਂ ਇਲਾਵਾ ਪੰਜਾਬ ਤੋਂ ਆਪਣੇ ਰਿਸ਼ਤੇਦਾਰਾਂ ਨੂੰ ਕਾਨੂੰਨੀ ਜਾਂ ਗ਼ੈਰ-ਕਾਨੂੰਨੀ ਤਰੀਕਿਆਂ ਨਾਲ ਇਨ੍ਹਾਂ ਦੇਸ਼ਾਂ ਵਿਚ ਲਿਆ ਕੇ ਬਹੁਤ ਘੱਟ ਤਨਖਾਹਾਂ ਦੇ ਕੇ ਕੰਮ ਕਰਵਾ ਰਹੇ ਹਨ। ਕਈ ਕੇਸ ਇਸ ਤਰ੍ਹਾਂ ਦੇ ਵੀ ਹਨ ਕਿ ਇਹਨਾਂ ਸੱਜਣਾਂ ਨੇ ਪੰਜਾਬ ਤੋਂ ਲਿਆਂਦੇ ਆਪਣੇ ਰਿਸ਼ਤੇਦਾਰਾਂ ਤੋਂ ਉਹਨਾਂ ਦੀਆਂ ਬੱਚਤਾਂ, ਜਿਹੜੀਆਂ ਉਹਨਾਂ ਨੇ ਆਪਣੇ ਢਿੱਡ ਨੂੰ ਗੱਠਾਂ ਦੇ ਕੇ ਕੀਤੀਆਂ, ਉਪਰ ਆਪਣੇ ਕਾਰੋਬਾਰ ਵਿਚ ਸਾਂਝ ਪੁਆਉਣ ਦੇ ਨਾਮ ਉਪਰ ਠੱਗ ਲਾਈਆਂ। ਇਥੇ ਹੀ ਬੱਸ ਨਹੀਂ, ਉਹ ਪੰਜਾਬ ਦੇ ਪਿੰਡਾਂ ਵਿਚ ਸਾਂਝੀਆਂ ਜਾਇਦਾਦਾਂ ਉਪਰ ਸਮਾਜਿਕ ਕੰਮਾਂ ਦੇ ਨਾਮ ਥੱਲੇ ਬਿਲਡਿੰਗਾਂ ਉਸਾਰ ਕੇ ਉਨ੍ਹਾਂ ਜਾਇਦਾਦਾਂ ਉਪਰ ਕਬਜ਼ਾ ਕਰ ਰਹੇ ਹਨ।
ਦੁਨੀਆਂ ਦੇ ਉਨਤ ਸਰਮਾਏਦਾਰ ਦੇਸ਼ਾਂ ਵਿਚ ਪੰਜਾਬ ਵਿਚੋਂ ਗਏ ਪਰਵਾਸੀਆਂ, ਖ਼ਾਸ ਕਰ ਕੇ ਕਾਰੋਬਾਰੀਆਂ ਦੀ ਆਮਦਨ ਪੰਜਾਬ ਦੇ ਮੁਕਾਬਲੇ ਕਈ ਗੁਣਾ ਵੱਧ ਹੈ। ਇਨ੍ਹਾਂ ਪਰਵਾਸੀਆਂ ਵਿਚੋਂ ਬਹੁਤ ਜ਼ਿਆਦਾ ਆਪਣੀ ਵਧੀ ਹੋਈ ਆਮਦਨ ਨੂੰ ਗ਼ੈਰ-ਉਤਪਾਦਕ ਦਿਖਾਵੇ ਦੇ ਕੰਮਾਂ ਉਪਰ ਖ਼ਰਚ ਰਹੇ ਹਨ। ਪੰਜਾਬ, ਖ਼ਾਸ ਕਰ ਕੇ ਪੇਂਡੂ ਇਲਾਕਿਆਂ ਵਿਚੋਂ ਕੌਮਾਂਤਰੀ ਪਰਵਾਸ ਖਾਂਦੇ-ਪੀਂਦੇ ਖੁਸ਼ਹਾਲ ਲੋਕਾਂ ਵਿਚੋਂ ਜ਼ਿਆਦਾ ਹੋਇਆ ਹੈ। ਨਤੀਜੇ ਵਜੋਂ ਇਨ੍ਹਾਂ ਲੋਕਾਂ ਦੀ ਸਮਾਜਿਕ ਸਰੋਕਾਰਾਂ ਵਿਚ ਭਾਗੀਦਾਰੀ ਅਤੇ ਬਣਦਾ ਜਾਇਜ਼ ਵਿਰੋਧ ਬਹੁਤ ਜ਼ਿਆਦਾ ਘਟਿਆ ਹੈ। ਹੁਣ ਪੰਜਾਬ ਦੇ ਪੇਂਡੂ ਇਲਾਕਿਆਂ ਵਿਚ ਵਿਦਿਆ, ਸਿਹਤ-ਸੰਭਾਲ ਅਤੇ ਹੋਰ ਸਾਂਝੇ ਕੰਮਾਂ ਸਬੰਧੀ ਉਹ ਤਰੱਕੀ ਨਹੀਂ ਹੋ ਸਕੀ ਜੋ ਇਨ੍ਹਾਂ ਦੀ ਭਾਗੀਦਾਰੀ ਤੇ ਬਣਦੇ ਜਾਇਜ਼ ਵਿਰੋਧ ਦੁਆਰਾ ਹੋਣੀ ਸੀ। ਕੌਮਾਂਤਰੀ ਪੰਜਾਬੀ ਪਰਵਾਸੀਆਂ ਨੇ ਪਰਵਾਸ ਵਾਲੇ ਦੇਸ਼ਾਂ ਵਿਚ ਸਮਾਜਿਕ ਸਰੋਕਾਰਾਂ ਵਾਲੇ ਕੰਮਾਂ ਦੀ ਬਜਾਇ ਧਾਰਮਿਕ ਸਥਾਨਾਂ ਉਪਰ ਜ਼ਿਆਦਾ ਖ਼ਰਚ ਕੀਤਾ ਹੈ। ਬਹੁਤ ਦੇਸ਼ਾਂ ਵਿਚ ਧਾਰਮਿਕ ਸਥਾਨ ਸਰਬ-ਸਾਂਝੇ ਨਾ ਹੋ ਕੇ ਟਰੱਸਟਾਂ ਜਾਂ ਮੈਂਬਰਾਂ ਦੀ ਜਾਇਦਾਦ ਹਨ ਜੋ ਇਹਨਾਂ ਨੂੰ ਆਪਣੇ ਹਿੱਤਾਂ ਦੀ ਪੂਰਤੀ ਲਈ ਵਰਤਦੇ ਹਨ। ਇਹਨਾਂ ਥਾਵਾਂ ਉਪਰ ਅਕਸਰ ਲੜਾਈ-ਝਗੜੇ ਹੁੰਦੇ ਹਨ। ਪੰਜਾਬੀ ਪਰਵਾਸੀਆਂ ਵਿਚੋਂ ਕੁਝ ਲੋਕ ਆਪਣੀ ਆਮਦਨ ਵਧਾਉਣ ਲਈ ਗ਼ੈਰ-ਕਾਨੂੰਨੀ ਤਰੀਕਿਆਂ ਦਾ ਸਹਾਰਾ ਲੈਂਦੇ ਹਨ ਜਿਸ ਵਿਚ ਨਸ਼ੇ ਵੇਚਣ ਦਾ ਜ਼ਿਕਰ ਕਰਨਾ ਬਣਦਾ ਹੈ।
ਕੌਮਾਂਤਰੀ ਪੰਜਾਬੀ ਪਰਵਾਸੀਆਂ ਵਿਚੋਂ ਕੁਝ ਲੋਕ ਆਪਣੇ ਬਜ਼ੁਰਗਾਂ ਨੂੰ ਆਪਣੇ ਕੋਲ ਲੈ ਜਾਂਦੇ ਹਨ। ਜਿਹੜੇ ਬਜ਼ੁਰਗਾਂ ਨੇ ਦਿਨ-ਰਾਤ ਇਕ ਕਰ ਕੇ ਅਤੇ ਆਪਣੀਆਂ ਨਿੱਜੀ ਖੁਸ਼ੀਆਂ ਦੇ ਗਲ ਘੁੱਟ ਕੇ ਬੱਚਿਆਂ ਨੂੰ ਬਹੁਤ ਜ਼ਿਆਦਾ ਖ਼ਰਚ ਕਰ ਕੇ ਉਨਤ ਸਰਮਾਏਦਾਰ ਦੇਸ਼ਾਂ ਵਿਚ ਭੇਜਿਆ ਹੁੰਦਾ ਹੈ, ਉਹ ਉਨ੍ਹਾਂ ਦੀ ਰਿਟਾਇਰਮੈਂਟ ਉਮਰ ਵਿਚ ਆਪਣੇ ਬੱਚੇ ਪਾਲਣ ਅਤੇ ਹੋਰ ਲੋਕਾਂ ਕੋਲ ਕੰਮ ਕਰਨ ਲਈ ਮਜਬੂਰ ਕਰ ਦਿੰਦੇ ਹਨ। ਪੰਜਾਬੀ ਪਰਵਾਸੀਆਂ ਵਿਚੋਂ ਕੁਝ ਲੋਕ ਅਤੇ ਇਨ੍ਹਾਂ ਦੇ ਜ਼ਿਆਦਾਤਰ ਬੱਚੇ ਆਪਣੀ ਮਾਂ-ਬੋਲੀ ਨੂੰ ਵਿਸਾਰਦੇ ਜਾ ਰਹੇ ਹਨ ਜੋ ਬਹੁਤ ਜ਼ਿਆਦਾ ਘਾਤਕ ਸਾਬਤ ਹੋ ਰਿਹਾ ਹੈ। ਇਨ੍ਹਾਂ ਪਰਵਾਸੀਆਂ ਵਿਚੋਂ ਕੁਝ ਲੋਕ ਪੰਜਾਬ ਵਾਂਗ ਹੀ ਸਮਾਜਿਕ ਕੁਰੀਤੀਆਂ ਦਾ ਸ਼ਿਕਾਰ ਹਨ। ਪਾਖੰਡੀ ਬਾਬਿਆਂ ਵੱਲੋਂ ਅਖ਼ਬਾਰਾਂ ਜਾਂ ਟੀæਵੀæ ਚੈਨਲਾਂ ਉਪਰ ਪੰਜਾਬ ਨਾਲੋਂ ਕਿਤੇ ਵੱਧ ਇਸ਼ਤਿਹਾਰਬਾਜ਼ੀ ਕੀਤੀ ਜਾਂਦੀ ਹੈ।
ਕੌਮਾਂਤਰੀ ਪੰਜਾਬੀ ਪਰਵਾਸੀ ਪੰਜਾਬ ਦੇ ਰਾਜਸੀ ਆਗੂਆਂ ਨਾਲ ਆਪਣਾ ਮੇਲ-ਜੋਲ ਵਧਾਉਣ ਅਤੇ ਆਪਣੀਆਂ ਰਾਜਸੀ ਇੱਛਾਵਾਂ ਦੀ ਪੂਰਤੀ ਲਈ ਆਪਣੀ ਕਮਾਈ ਦਾ ਕੁਝ ਹਿੱਸਾ ਲਾ ਕੇ ਪੰਜਾਬ ਵਿਚ ਗੇੜੇ ਲਾਉਂਦੇ ਹਨ। ਇਹ ਨਜ਼ਾਰਾ ਚੋਣਾਂ ਮੌਕੇ ਅਕਸਰ ਦਿਸਦਾ ਹੈ। ਸਮਾਜ ਵਿਚ ਆਪਣੇ ਆਪ ਨੂੰ ਵੱਡਾ ਦਿਖਾਉਣ ਲਈ ਇਹ ਪਰਵਾਸੀ ਆਪਣੇ ਬਜ਼ੁਰਗਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਭੋਗ ਅਤੇ ਹੋਰ ਰੀਤੀ-ਰਿਵਾਜਾਂ ਉਪਰ ਬੇਲੋੜਾ ਖ਼ਰਚ ਕਰਦੇ ਤੇ ਭੈਣ-ਭਰਾਵਾਂ ਨੂੰ ਬਰਾਬਰ ਦਾ ਖ਼ਰਚਾ ਕਰਨ ਦੀਆਂ ਨਸੀਹਤਾਂ ਦਿੰਦੇ ਹਨ। ਇਨ੍ਹਾਂ ਪਰਵਾਸੀਆਂ ਵਿਚੋਂ ਕੁਝ ਆਪਣੇ ਪਿੱਛੇ ਰਹਿ ਗਈਆਂ ਭੈਣਾਂ-ਭਾਈਆਂ ਦੀ ਜਾਇਦਾਦ ਉਪਰ ਕਾਨੂੰਨੀ ਅਤੇ ਸਮਾਜਿਕ ਤਰੀਕਿਆਂ ਨਾਲ ਕਾਬਜ਼ ਵੀ ਹੋ ਜਾਂਦੇ ਹਨ।
ਕੌਮਾਂਤਰੀ ਪਰਵਾਸ ਨਾ ਤਾਂ ਰੋਕਿਆ ਜਾ ਸਕਦਾ ਹੈ ਅਤੇ ਨਾ ਹੀ ਰੋਕਿਆ ਜਾਣਾ ਬਣਦਾ ਹੈ, ਪਰ ਇਸ ਨੂੰ ਕੰਟਰੋਲ ਕਰਨ ਦੀ ਸਖ਼ਤ ਲੋੜ ਹੈ। ਪੰਜਾਬ ਵਿਚੋਂ ਕੌਮਾਂਤਰੀ ਪਰਵਾਸ ਸਬੰਧੀ ਕੁਝ ਗੱਲਾਂ ਖ਼ਾਸ ਧਿਆਨ ਮੰਗਦੀਆਂ ਹਨ। ਜਿਹੜੇ ਹੁਨਰਮੰਦ ਜਾਂ ਪੇਸ਼ਾਵਰ ਲੋਕਾਂ ਅਤੇ ਵਿਦਿਆਰਥੀਆਂ ਦਾ ਪੰਜਾਬ ਤੋਂ ਬਾਹਰਲੇ ਦੇਸ਼ਾਂ ਵਿਚ ਪਰਵਾਸ ਹੋ ਰਿਹਾ ਹੈ, ਉਹ ਦੇਸ਼ ਤੋਂ ਬਾਹਰ ਜਾਣ ਤੋਂ ਪਹਿਲਾਂ ਪੜ੍ਹਾਈ ਜਾਂ ਸਿਖਲਾਈ ਉਪਰ ਸਮਾਜ ਅਤੇ ਸਰਕਾਰ ਵਲੋਂ ਕੀਤਾ ਗਿਆ ਖ਼ਰਚ ਵਾਪਸ ਕਰਨ। ਜੇ ਉਹ ਉਚ-ਵਿਦਿਆ ਲੈਣ ਲਈ ਜਾਂਦੇ ਹਨ ਤਾਂ ਉਨ੍ਹਾਂ ਤੋਂ ਹਲਫ਼ਨਾਮਾ ਲਿਆ ਜਾਵੇ ਕਿ ਦੇਸ਼ ਨਾ ਮੁੜਨ ਦੀ ਹਾਲਤ ਵਿਚ ਉਨ੍ਹਾਂ ਦੇ ਮਾਪੇ ਉਹ ਖ਼ਰਚ ਵਾਪਸ ਕਰਨ ਲਈ ਪਾਬੰਦ ਹੋਣਗੇ।
ਭਾਰਤ ਤੇ ਸੂਬਾ ਸਰਕਾਰਾਂ ਨੂੰ ਸਰਮਾਏਦਾਰ/ਕਾਰਪੋਰੇਟ ਜਗਤ-ਪੱਖੀ ਆਰਥਿਕ ਵਿਕਾਸ ਮਾਡਲ ਦਾ ਮੋਹ ਤਿਆਗਦੇ ਹੋਏ ਲੋਕ ਅਤੇ ਦੇਸ਼-ਪੱਖੀ ਆਰਥਿਕ ਵਿਕਾਸ ਮਾਡਲ ਅਪਣਾਉਂਣਾ ਬਣਦਾ ਹੈ ਤਾਂ ਕਿ ਦੇਸ਼ ਵਿਚ ਹੀ ਲੋਕਾਂ ਦੀਆਂ ਲੋੜਾਂ ਅਨੁਸਾਰ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਣ। ਰੁਜ਼ਗਾਰ ਦੇ ਮਿਆਰ ਨੂੰ ਵੀ ਇੰਨਾ ਉਚਾ ਚੁੱਕਿਆ ਜਾਵੇ ਕਿ ਸਾਰੇ ਨਾਗਰਿਕ ਆਪਣੀ ਆਮਦਨ ਨਾਲ ਆਪਣੀਆਂ ਮੁਢਲੀਆਂ ਲੋੜਾਂ ਸਤਿਕਾਰਤ ਢੰਗ ਨਾਲ ਪੂਰੀਆਂ ਕਰ ਸਕਣ। ਜਿਹੜੇ ਸੱਜਣ ਪਰਵਾਸ ਕਰ ਕੇ ਪੱਕੇ ਤੌਰ ਉਤੇ ਬਾਹਰਲੇ ਦੇਸ਼ਾਂ ਵਿਚ ਵਸ ਜਾਂਦੇ ਹਨ, ਉਨ੍ਹਾਂ ਨੂੰ ਆਪਣੀ ਮਾਤ- ਭੂਮੀ ਨੂੰ ਭੁੱਲਣਾ ਜਾਂ ਦੁਰਕਾਰਨਾ ਨਹੀਂ ਬਣਦਾ। ਜਿਹੜੇ ਲੋਕ ਆਪਣੇ ਪਿੱਛੇ ਨੂੰ ਭੁੱਲ ਜਾਂਦੇ ਹਨ, ਉਨ੍ਹਾਂ ਦਾ ਭਵਿਖ ਵੀ ਨਹੀਂ ਹੁੰਦਾ। ਇਸ ਸਬੰਧੀ ਯਹੂਦੀਆਂ ਤੋਂ ਸਬਕ ਸਿੱਖਣ ਦੀ ਸਖ਼ਤ ਲੋੜ ਹੈ।