ਅੰਮ੍ਰਿਤ ਵੇਲੇ ਦੇ ਅਨੰਦ ਨੂੰ ਨਿਗਲ ਰਹੀ, ਆਧੁਨਿਕਤਾ ਦੀ ‘ਬਲੂ ਵੇਲ੍ਹ’

ਕੰਵਲ ਭੱਟੀ
ਫੋਨ: 91-97801-00348
ਅੰਮ੍ਰਿਤ ਵੇਲੇ ਦਾ ਨਾਂ ਲੈਂਦਿਆਂ ਹੀ ਮਨ ਵਿਚ ਅਨੰਦ ਦੀ ਲਹਿਰ ਦੌੜਨ ਲੱਗਦੀ ਹੈ, ਠੰਢੀ ਪੌਣ ਦਾ ਬੁੱਲਾ ਵੱਗਣ ਲੱਗਦਾ ਹੈ। ਪੰਛੀ ਚਹਿ-ਚਹਿਚਾਉਣਾ ਸ਼ੁਰੂ ਕਰ ਦਿੰਦੇ ਹਨ। ਸ਼ਹਿਰਾਂ ਦੀ ਗੱਲ ਹੋਰ ਪਰ ਪਿੰਡਾਂ ਦਾ ਅੰਮ੍ਰਿਤ ਵੇਲਾ ਵੱਖਰਾ ਸਕੂਨ ਦਿੰਦਾ ਹੈ, ਚਾਰੇ ਪਾਸੇ ਹਰੇ-ਭਰੇ ਖੇਤ, ਰੁੱਖਾਂ ਨੂੰ ਛੂਹ ਕੇ ਲੰਘਦੀ ਠੰਢੀ ਪੌਣ, ਪੰਛੀਆਂ ਦੀ ਚਹਿ-ਚਹਾਟ, ਗੁਰੂ ਘਰਾਂ ਵਿਚ ਗੂੰਜਦੀਆਂ ਗੁਰਬਾਣੀ ਦੇ ਨਿੱਤਨੇਮ ਦੀਆਂ ਮਨਮੋਹਕ ਧੁਨਾਂ ਅੰਮ੍ਰਿਤ ਵੇਲੇ ਹੋਰ ਵੀ ਸਰੂਰ ਭਰ ਦਿੰਦੀਆਂ ਹਨ। ਕੋਈ ਖੇਤਾਂ ਨੂੰ ਜਾ ਰਿਹਾ,

ਕੋਈ ਖੇਤ ਵਾਹ ਰਿਹਾ, ਕੋਈ ਸਾਈਕਲ ‘ਤੇ ਕਿਧਰੋਂ ਆ ਰਿਹਾ, ਕੋਈ ਗੁਰੂ ਘਰ ਜਾ ਰਿਹਾ, ਇਹ ਨਜ਼ਾਰੇ ਮਨ ਵਿਚ ਅਨੰਦ ਦੀ ਸਿਤਾਰ ਛੇੜਦੇ ਹਨ। ਚੜ੍ਹਦੇ ਸੂਰਜ ਦੀ ਲਾਲੀ ਜਦੋਂ ਰੁੱਖਾਂ ਵਿਚੋਂ ਹੁੰਦੀ ਸੁਨਹਿਰੀ ਕਿਰਨਾਂ ਬਿਖੇਰਦੀ ਹੈ, ਫਿਰ ਤਾਂ ਚਾਅ ਅਤੇ ਹੁਲਾਸ ਦੀ ਹੱਦ ਨਹੀਂ ਰਹਿੰਦੀ। ਇੱਕ ਵਾਰ ਤਾਂ ਜਾਪਦਾ ਹੈ ਜਿਵੇਂ ਦਿਨ ਵੇਲੇ ਦੀ ਕੀਤੀ ਦੌੜ ਭੱਜ, ਪਦਾਰਥਵਾਦੀ ਚੀਜ਼ਾਂ ਪਿੱਛੇ ਹੋ ਰਿਹਾ ਮੁਕਾਬਲਾ, ਕਮਾਊ-ਕਮਾਊ ਦੀ ਦੌੜ ਸਾਨੂੰ ਨਿਰਮੋਹਾ ਹੋਣ ਦਾ ਅਹਿਸਾਸ ਕਰਾਉਂਦੀ ਹੈ। ਪਰ ਜੇ ਅਸੀਂ ਸੱਜਰੀ ਸਵੇਰ ਦਾ ਅਨੰਦ ਮਾਣਿਆ ਹੋਵੇ ਤਾਂ ਸਾਨੂੰ ਦਿਨ ਭਰ ਲਈ ਅਮੁੱਕ ਖਜਾਨਾ ਦੇ ਜਾਂਦੀ ਹੈ।
ਕੋਈ ਵੇਲਾ ਹੁੰਦਾ ਸੀ ਜਦੋਂ ਸਾਰਾ ਪਰਿਵਾਰ ਸੁਵੱਖਤੇ ਉਠਦਾ ਸੀ। ਸੁਆਣੀਆਂ ਨੇ ਪਾਣੀ ਨਾਲ ਘਰ ਦੀ ਦਹਿਲੀਜ਼ ਸੁੱਚੀ ਕਰਨੀ ਅਤੇ ਘਰ ਦੇ ਮਰਦਾਂ ਨੇ ਗੁਰੂ ਘਰ ਹੁੰਦੇ ਹੋਏ ਖੇਤਾਂ ਨੂੰ ਚਲੇ ਜਾਣਾ। ਉਸ ਵੇਲੇ ਸਾਡੀ ਸਿਹਤ ਵੀ ਚੰਗੀ ਹੁੰਦੀ ਅਤੇ ਮਨ ਵੀ ਸਕੂਨ ਵਿਚ ਰਹਿੰਦਾ। ਹੁਣ ਅਸੀਂ ਆਧੁਨਿਕ ਯੁਗ ਵਿਚ ਫਸੇ ਇੰਟਰਨੈਟ ਦੇ ਨੈਟ ਵਿਚ ਐਸਾ ਫਸੇ ਹਾਂ ਕਿ ਸਾਡੀ ਸਵੇਰ ਹੀ 8-9 ਵਜੇ ਤੋਂ ਪਹਿਲਾਂ ਨਹੀਂ ਹੁੰਦੀ ਅਤੇ ਰਾਤ ਨੂੰ 12 ਵਜੇ ਤੋਂ ਪਹਿਲਾਂ ਸੌਂਦੇ ਨਹੀਂ।
ਇਸ ਸੱਭਿਆਚਾਰ ਨੇ ਸਾਨੂੰ ਮਾਨਸਿਕ, ਸਰੀਰਕ ਅਤੇ ਆਰਥਿਕ ਤੌਰ ‘ਤੇ ਉਲਝਾ ਦਿੱਤਾ ਹੈ। ਅੱਜ ਤੋਂ 15-20 ਸਾਲ ਪਹਿਲਾਂ ਦੇ ਸਮੇਂ ‘ਤੇ ਝਾਤ ਮਾਰੀਏ ਤਾਂ ਬੱਚੇ ਜਾਂ ਸਿਆਣੇ, ਘਰ ਦੇ ਸਾਰੇ ਜੀਅ ਤੜਕਸਾਰ ਉਠ ਆਪਣੇ ਕੰਮੀਂ ਲੱਗ ਜਾਂਦੇ। ਅਜਿਹੇ ਲੋਕਾਂ ਦੀ ਗਿਣਤੀ 100 ‘ਚੋਂ ਨੱਬੇ ਸੀ ਪਰ ਹੁਣ ਗਿਣਤੀ ਉਲਟ ਹੈ, ਹੁਣ 100 ‘ਚੋਂ 90 ਸੌਣ ਵਾਲੇ ਹਨ ਤੇ ਸਿਰਫ 10 ਹੀ ਸਾਝਰੇ ਉਠਣ ਵਾਲੇ ਹਨ। ਸਮਾਂ ਸੀ ਜਦੋਂ ਘਰ ਦੀ ਸੁਆਣੀ ਅੰਮ੍ਰਿਤ ਵੇਲੇ ਉਠ ਕੇ ਪਰਿਵਾਰ ਦੇ ਜੀਆਂ ਨੂੰ ਲੀਹ ‘ਤੇ ਪਾਉਣ ਦੀ ਕੋਸ਼ਿਸ਼ ਕਰਦੀ ਪਰ ਹੁਣ ਘਰ ਦੀ ਸੁਆਣੀ ਨੂੰ ਲੀਹ ‘ਤੇ ਪਾਉਣ ਦੀ ਲੋੜ ਹੈ। ਪਹਿਲਾਂ ਜਿਹੜੀ ਦਹਿਲੀਜ਼ ਅੰਮ੍ਰਿਤ ਵਲੇ ਘਰ ਦੀ ਸੁਆਣੀ ਵੱਲੋਂ ਠੰਢੀ ਕੀਤੀ ਜਾਂਦੀ ਸੀ, ਹੁਣ ਉਹ ਦੁਪਹਿਰੇ 12-1 ਵਜੇ ਘਰ ਦੇ ਨੌਕਰ ਕਰਦੇ ਹਨ। ਕਹਿੰਦੇ ਹਨ ਕਿ ਬੱਚੇ ਦੀ ਪਹਿਲੀ ਅਧਿਆਪਕ ਮਾਂ ਹੁੰਦੀ ਹੈ। ਪਰ ਅੱਜ ਦੀ ਮਾਂ ਤਾਂ ਮੋਬਾਇਲ ਫੋਨ, ਇੰਟਰਨੈਟ ਅਤੇ ਟੀæ ਵੀæ ਸੀਰੀਅਲਾਂ ਵਿਚ ਗੁੰਮੀ ਰਹਿੰਦੀ ਹੈ।
ਪਹਿਲਾਂ ਸਿਖਾਇਆ ਜਾਂਦਾ ਕਿ ਚੀਜ਼ਾਂ ਨੂੰ ਵਰਤੋ ਅਤੇ ਲੋਕਾਂ ਨੂੰ ਪਿਆਰ ਕਰੋ, ਸ਼ਾਇਦ ਤਾਂ ਹੀ ਲੋਕਾਂ ਵਿਚ ਸਹਿਣਸ਼ੀਲਤਾ, ਪਿਆਰ ਅਤੇ ਅਪਣੱਤ ਦਾ ਭਾਵ ਸੀ ਪਰ ਅੱਜ ਦਾ ਅਸੂਲ ਇਸ ਤੋਂ ਉਲਟ ਹੈ ਕਿ ਚੀਜ਼ਾਂ ਨੂੰ ਪਿਆਰ ਕਰੋ ਅਤੇ ਬੰਦਿਆਂ ਨੂੰ ਵਰਤੋ। ਅੱਜ ਦੇ ਸਮੇਂ ਵਿਚ ਜੇ ਕਿਸੇ ਨੂੰ ਕਹਿ ਦਈਏ ਕਿ ਸਵੇਰੇ ਜਲਦੀ ਉਠਿਆ ਕਰੋ ਤਾਂ ਅੱਗੋਂ ਉਤਰ ਮਿਲਦਾ ਹੈ, ਉਠਿਆ ਨਹੀਂ ਜਾਂਦਾ, ਰਾਤ ਨੂੰ ਦੇਰੀ ਨਾਲ ਸੌਂਦੇ ਹਾਂ ਜਾਂ ਫਿਰ ਘਰ ਦਾ ਕੋਈ ਹੋਰ ਜੀਅ ਤਾਂ ਉਠਦਾ ਨਹੀਂ, ਇਕੱਲਾ ਬੰਦਾ ਉਠ ਕੇ ਕੀ ਕਰੇ। ਸਵਾਲ ਹੈ, ਕੀ ਅੰ੍ਿਰਮਤ ਵੇਲਾ ਸਿਰਫ ਬਾਕੀ ਜੀਆਂ ਦੇ ਉਠਣ ਨਾਲ ਹੀ ਸ਼ੁਰੂ ਹੁੰਦਾ ਹੈ? ਮੰਨਿਆ ਕਿ ਘਰ ਵਿਚ ਸਹੂਲਤਾਂ ਆਉਣ ਨਾਲ ਕੰਮ ਸੁਖਾਲੇ ਹੋ ਗਏ ਪਰ ਸਿਹਤਾਂ ਸਖਾਲੀਆਂ ਨਹੀਂ ਹੋਈਆਂ। ਅੰਮ੍ਰਿਤ ਵੇਲਾ ਖੁੰਝਾਉਣ ਕਾਰਨ ਅਸੀਂ ਸਰੀਰਕ ਅਤੇ ਮਾਨਸਿਕ ਰੋਗੀ ਬਣ ਗਏ ਹਾਂ। ਸਾਡੇ ‘ਚ ਸਹਿਣਸ਼ੀਲਤਾ, ਕ੍ਰੋਧ, ਹੰਕਾਰ ਜਿਹੇ ਵਿਕਾਰ ਪੈਦਾ ਹੋ ਗਏ ਹਨ। ਦੂਜਾ ਸਵਾਲ ਸੁਆਣੀ ਦਾ ਅਕਸਰ ਇਹ ਹੁੰਦਾ ਹੈ ਕਿ ਘਰ ਵਿਚ ਜੇ ਮੈਂ ਅੰਮ੍ਰਿਤ ਵੇਲੇ ਉਠ ਵੀ ਖੜਾਂ ਤਾਂ ਹੋਰ ਕੋਈ ਨਹੀਂ ਉਠਦਾ। ਪਰ ਉਤਰ ਦੇਣ ਲੱਗੇ ਥੋੜੀ ਮਾਯੂਸੀ ਹੁੰਦੀ ਹੈ ਕਿ ਘਰ ‘ਚ ਜਦੋਂ ਕੋਈ ਚੰਗੀ ਨਵੀਂ ਰੀਤ ਸ਼ੁਰੂ ਹੁੰਦੀ ਹੈ, ਉਹ ਇੱਕ ਦਮ ਨਹੀਂ ਸਗੋਂ ਹੌਲੀ ਹੌਲੀ ਹੀ ਹੁੰਦੀ ਹੈ। ਨਤੀਜੇ ਇੱਕ ਦਮ ਨਹੀਂ ਸਗੋਂ ਮਾਨਸਿਕ, ਸਰੀਰਕ ਅਤੇ ਆਰਥਿਕ ਤਰੱਕੀ ਦੇ ਰੂਪ ਵਿਚ ਹੌਲੀ ਹੌਲੀ ਮਿਲਦੇ ਹਨ।
ਅੱਜ ਜਿੰਨਾ ਕਲੇਸ਼ ਘਰਾਂ ਵਿਚ ਰਹਿੰਦਾ ਹੈ, ਉਸ ਵਿਚੋਂ ਨੱਬੇ ਫੀਸਦੀ ਕਲੇਸ਼ ਦਾ ਕਾਰਨ ਇਹੋ ਹੈ ਕਿ ਘਰਾਂ ਦੀ ਸੁਆਣੀ ਤੜਕੇ ਨਹੀਂ ਉਠਦੀ ਜਿਸ ਕਾਰਨ ਕੰਮਾਂ ‘ਤੇ ਜਾਣ ਲਈ ਦੇਰੀ ਹੋ ਜਾਂਦੀ ਹੈ ਤੇ ਘਰ ਵਿਚ ਹਰ ਕੋਈ ਕਾਹਲੀ ਨਾਲ ਇੱਕ ਦੂਜੇ ਤੇ ਖਿਝਦਾ ਹੈ। ਇਸ ਤਰ੍ਹਾਂ ਦਿਨ ਦੀ ਮਾੜੀ ਸ਼ੁਰੂਆਤ ਸਾਰਾ ਦਿਨ ਖਰਾਬ ਕਰ ਦਿੰਦੀ ਹੈ। ਹੁਣ ਸੋਚੀਏ ਕਿ ਜੇ ਸਾਡੀ ਸਵੇਰ ਹੀ ਕ੍ਰੋਧ ਤੇ ਕਾਹਲ ਨਾਲ ਸ਼ੁਰੂ ਹੋਵੇਗੀ ਤਾਂ ਸਾਰਾ ਦਿਨ ਕਿੰਜ ਬੀਤੂ। ਜੇ ਅਸੀਂ ਖੇਡ ਦੇ ਮੈਦਾਨ ਵਿਚ ਵੜਦੇ ਸਾਰ ਹੀ ਆਊਟ ਹੋ ਗਏ ਤਾਂ ਫਿਰ ਮੈਚ ਕਿਸ ਤਰ੍ਹਾਂ ਜਿੱਤਾਂਗੇ। ਅੰਮ੍ਰਿਤ ਵੇਲੇ ਨਾ ਉਠਣ ਦਾ ਮਤਲਬ ਹੈ, ਪਹਿਲੀ ਗੇਂਦ ‘ਤੇ ਹੀ ਆਊਟ ਹੋ ਜਾਣਾ।
ਹਵਾ ਵਿਚ ਪ੍ਰਦੂਸ਼ਣ ਵੱਧ ਰਿਹਾ ਹੈ, ਸ਼ੁੱਧ ਹਵਾ ਘਟ ਰਹੀ ਹੈ। ਮਨ ਬੋਝਲ ਹੋ ਰਹੇ ਹਨ, ਲੋਕ ਮਾਨਸਿਕ ਤਣਾਅ ਕਾਰਨ ਖੁਦਕੁਸ਼ੀਆਂ ਦੇ ਰਾਹ ਪੈ ਰਹੇ ਹਨ। ਇਨ੍ਹਾਂ ਸਭ ਦੀ ਜੜ੍ਹ ਹੈ, ਸਰਘੀ ਵੇਲਾ ਖੁੰਝਾਉਣਾ ਅਤੇ ਹਰ ਵੇਲੇ ਪਦਾਰਥਵਾਦੀ ਚੀਜਾਂ ਵਿਚ ਭਾਵਨਾਵਾਂ ਨੂੰ ਪਾਸੇ ਰੱਖ ਕੇ ਕੰਮਾਂ ਵਿਚ ਰੁੱਝੇ ਰਹਿਣਾ। ਸਾਡਾ ਗੁਰਬਾਣੀ ਨਾਲੋਂ ਟੁੱਟਣ ਦਾ ਕਾਰਨ ਵੀ ਇਹੋ ਹੈ ਕਿ ਅਸੀਂ ਸਰਘੀ ਵੇਲੇ ਨਾਲੋਂ ਟੁੱਟ ਗਏ ਹਾਂ ਕਿਉਂਕਿ ਜਿੰਨਾ ਮਰਜ਼ੀ ਜੋਰ ਲਾ ਲਈਏ ਜੋ ਅਨੰਦ ਮੂੰਹ ਹਨੇਰੇ ਸੂਰਜ ਦੀ ਲਾਲੀ ਤੱਕ ਕੇ ਪਾਠ ਕਰਨ ਦਾ ਹੈ, ਉਹ ਦਿਨ ਵੇਲੇ ਨਹੀਂ। ਸਵੇਰ ਵੇਲੇ ਸਾਡਾ ਮਨ ਸ਼ਾਂਤ ਤੇ ਬਹੁਤ ਹੀ ਤਕੜਾ ਹੁੰਦਾ ਹੈ।
ਇੱਕ ਛੋਟੀ ਜਿਹੀ ਘਟਨਾ ਸਾਂਝੀ ਕਰਨੀ ਚਾਹੁੰਗੀ ਕਿ ਸਾਡੀ ਇੱਕ ਜਾਣ ਪਹਿਚਾਣ ਦੀ ਲੜਕੀ ਮਾਨਸਿਕ ਤੌਰ ‘ਤੇ ਕਾਫੀ ਪ੍ਰੇਸ਼ਾਨ ਸੀ। ਜਦੋਂ ਉਹ ਇੱਕ ਦਿਨ ਮਿਲਣ ਆਈ ਤਾਂ ਮੇਰੇ ਮੰਮੀ ਨੇ ਕਿਹਾ, ਬੇਟਾ ਅੰਮ੍ਰਿਤ ਵੇਲੇ ਉਠ ਕੇ ਪਾਠ ਕਰਿਆ ਕਰ। ਅੱਗੋਂ ਜਵਾਬ ਸੀ, ਹਾਂ ਜੀ ਆਂਟੀ ਜਦੋਂ ਟਾਈਮ ਲੱਗਦਾ, ਮੈਂ ਮੋਬਾਇਲ ‘ਚ ਪੀæਡੀæਐਫ਼ ਫਾਈਲ ਰੱਖੀ ਹੋਈ ਹੈ, ਮੈਂ ਉਸ ਤੋਂ ਪਾਠ ਕਰ ਲੈਂਦੀ ਹਾਂ। ਮੇਰੇ ਮੰਮੀ ਚੁੱਪ ਹੋ ਗਏ ਪਰ ਅਸੀਂ ਆਪ ਹੀ ਸੋਚੀਏ ਕਿ ਜਦੋਂ ਤੱਕ ਗੁਟਕਾ ਸਾਹਿਬ ਸਾਡੇ ਹੱਥ ਵਿਚ ਨਹੀਂ, ਅੰਮ੍ਰਿਤ ਵੇਲੇ ਦੀ ਸ਼ਾਂਤੀ ਸਾਡੇ ਚੌਗਿਰਦੇ ਵਿਚ ਨਹੀਂ, ਚੌਂਕੜਾ ਮਾਰ ਕੇ ਨਹੀਂ ਬੈਠੇ ਤਾਂ ਗੁਰਬਾਣੀ ਦਾ ਅਨੰਦ ਕਿਸ ਤਰ੍ਹਾਂ ਆਊ?
ਪਹਿਲਾਂ ਘਰਾਂ ‘ਚ ਸਵੇਰੇ-ਸ਼ਾਮ ਭੈਅਤਾ ਹੁੰਦੀ ਸੀ। ਅੱਜ ਕੱਲ ਦੀ ਸਵੇਰ ਦੀ ਭੈਅਤਾ ਬਿਸਤਰਿਆਂ ਦੇ ਧੱਕੇ ਚੜ੍ਹ ਗਈ ਹੈ ਅਤੇ ਰਾਤ ਦੀ ਮੋਬਾਇਲ ਫੋਨਾਂ ਦੇ। ਘਰ ਹੋਟਲ ਬਣ ਗਏ ਹਨ। ਆਓ, ਰੋਟੀ-ਪਾਣੀ ਖਾਓ-ਪੀਓ, ਆਪਣੇ ਆਪਣੇ ਕਮਰਿਆਂ ਵਿਚ ਵੜੋ, ਇੰਟਰਨੈਟ ਸੇਵਾਵਾਂ ਚੌਵੀ ਘੰਟੇ ਹਾਜਰ। ਜੇ ਘਰ ਵਿਚ ਕੋਈ ਮੁੱਦੇ ਦੀ ਗੱਲ ਵੀ ਹੋ ਰਹੀ ਹੈ ਤਾਂ ਪੰਜਾਹ ਫੀਸਦੀ ਡਾਟਾ ਮੋਬਾਇਲ ਫੋਨ ਨੂੰ ਜਾਂਦਾ ਹੈ ਅਤੇ ਬਾਕੀ ਦਾ ਘਰ ਵਿਚ ਕੀਤੇ ਜਾ ਰਹੇ ਸਲਾਹ ਮਸ਼ਵਰੇ ‘ਤੇ। ਇਸ ਪਿੱਛੇ ਕਾਰਨ ਇੱਕ ਇਹ ਵੀ ਹੈ ਕਿ ਅਸੀਂ ਮੋਬਾਇਲ ਫੋਨਾਂ ‘ਤੇ ਆਪ ਵੀ ਐਸਾ ਉਲਝੇ ਹੋਏ ਹਾਂ ਕਿ ਘਰਾਂ ਵਿਚ ਚੰਗਾ ਦਸਤੂਰ ਬਣਾਉਣਾ ਭੁੱਲ ਗਏ ਕਿ ਅੰਮ੍ਰਿਤ ਵੇਲੇ ਘਰ ਦੇ ਸਾਰੇ ਮੈਂਬਰ ਜਲਦੀ ਉਠ ਦੇ ਚੰਗੇ ਦਿਨ ਦੀ ਸ਼ੁਰੂਆਤ ਕਰਨ।
ਅਕਸਰ ਇਹ ਮੁਹਾਵਰਾ ਤਾਂ ਸੁਣਦੇ ਹੀ ਹਾਂ ਕਿ ‘ਜਾਗਦਿਆਂ ਦੀਆਂ ਕੱਟੀਆਂ, ਸੁੱਤਿਆਂ ਦੇ ਕੱਟੇ।Ḕ ਜੇ ਇਸ ਦੀ ਗਹਿਰਾਈ ਤੱਕ ਜਾਈਏ ਤਾਂ ਕਹਿਣਾ ਗਲਤ ਨਹੀਂ ਕਿ ਸੁਵੱਖਤੇ ਉਠਣਾ ਭਾਵ ਤਰੱਕੀ ਕਰਨਾ। ਚੌਗਿਰਦੇ ‘ਚ ਝਾਤ ਮਾਰੀਏ ਤਾਂ ਇਹ ਬਿਲਕੁੱਲ ਠੀਕ ਹੈ ਕਿ ਤਰੱਕੀ ਫਿਰ ਉਹ ਭਾਵੇਂ ਕਿਸੇ ਰੂਪ ਵਿਚ ਹੋਵੇ ਸਿਰਫ ਸੁਵੱਖਤੇ ਉਠਣ ਵਾਲਿਆਂ ਦੇ ਪੈਰ ਚੁੰਮਦੀ ਹੈ ਅਤੇ ਸੁਵੱਖਤੇ ਉਠਣ, ਜਲਦੀ ਸੈਰ ਕਰਨ ਦੀ ਆਦਤ ਸਿਰਫ ਘਰ ਦੀ ਸੁਆਣੀ ਹੀ ਪਾ ਸਕਦੀ ਹੈ। ਇਸ ਨਾਲ ਦਿਨ ਦੀ ਚੰਗੀ ਸ਼ੁਰੂਆਤ ਹੋਵੇਗੀ ਤੇ ਘਰ ਦੇ ਸਾਰੇ ਕੰਮ ਸੁਚੱਜੇ ਢੰਗ ਨਾਲ ਹੋਣਗੇ। ਗੁਰਬਾਣੀ ਦੇ ਬੋਲ ਕੰਨਾਂ ਵਿਚ ਗੂੰਜਣਗੇ ਤਾਂ ਘਰ ਦੇ ਸਾਰੇ ਜੀਅ ਵੀ ਉਸੇ ਰਸਤੇ ‘ਤੇ ਚੱਲਣਗੇ। ਫਿਰ ਜੋ ਦੂਰੀ ਸਾਡੇ ਅਤੇ ਅਨੰਦ ਵਿਚਾਲੇ ਹੈ, ਉਹ ਮਿਟ ਜਾਵੇਗੀ। ਹੌਲੀ ਹੌਲੀ ਸਾਰੇ ਔਗੁਣ ਖਤਮ ਹੋ ਜਾਣਗੇ। ਸਾਡੇ ਰੈਣ ਬਸੇਰੇ ਜੋ ਸਿਰਫ ਇੱਟਾਂ-ਪੱਥਰ ਦੇ ਮਕਾਨ ਬਣ ਗਏ ਹਨ, ਉਹ ਮੁੜ ਤੋਂ ਘਰ ਬਣ ਸਕਦੇ ਹਨ ਜਿੱਥੇ ਖੁਸ਼ੀਆਂ ਖੇੜੇ ਅਤੇ ਅਨੰਦ ਦਾ ਵਾਸਾ ਹੋ ਸਕਦਾ ਹੈ।