ਲਾਰਿਆਂ ਦੇ ਲੱਡੂ

ਤਾਰੀਖ ਤਾਂ ਦਿਨ ਚੜ੍ਹਨ ਨਾਲ ਬਦਲਦੀ ਹੈ, ਪਰ ਬੰਦੇ ਅੱਖ ਝਪਕਣ ਨਾਲ ਹੀ ਉਹ ਨਹੀਂ ਰਹਿੰਦੇ। ਕਈ ਡੁੱਬੇ ਤਾਂ ਈਰਖਾ ਤੇ ਸਾੜੇ ‘ਚ ਪਏ ਨੇ, ਪਰ ਚਾਹੁੰਦੇ ਇਹ ਨੇ ਕਿ ਸਮਾਜ ਉਨ੍ਹਾਂ ਦੇ ਗਲੇ ‘ਚ ਸਤਿਕਾਰ ਤੇ ਮਾਨਤਾ ਦੇ ਹਾਰ ਪਾਵੇ। ਸਿਆਸੀ ਲੋਕਾਂ ਨੇ ਹੀ ਦੱਸਿਆ ਹੈ ਕਿ ਪਰਜਾ ਛੋਟੀ ਹੋਵੇ ਜਾਂ ਵੱਡੀ, ਭਜਨ ਸਿਹੁੰ ਹੋਵੇ, ਜਾਂ ਸੰਤ ਰਾਮ, ਨਰੰਜਣ ਕੌਰ ਹੋਵੇ ਜਾਂ ਕੌਸ਼ੱਲਿਆ ਦੇਵੀ-ਸਾਡੇ ਲਈ ਧੁੱਪੇ ਜਾਂ ਠੰਡ ‘ਚ ਕਤਾਰ ਬਣਾ ਕੇ ਖੜੀਆਂ ਵੋਟਾਂ ਹੀ ਹੁੰਦੀਆਂ ਹਨ।

ਕਈਆਂ ਨੂੰ ਵਹਿਮ ਹੀ ਹੈ ਕਿ ਉਹ ਸੁਚੇਤ ਹੋ ਗਏ ਹਨ, ਪਰ ਅਸਲ ‘ਚ ਨੇਤਾ ਜੀ ਨੇ ਇਹ ਸਾਰੇ ਪਾਟੀ ਪੈਂਟ ਹੀ ਪ੍ਰੈਸ ਕਰਨ ਲਈ ਲਾਏ ਹੋਏ ਹਨ। ਸਾਧ ਤਾਂ ਭੂਤਰੇ ਪਏ ਨੇ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਸ਼ਰਧਾ ਦੀ ਖੁਰਾਕ ਨੂੰ ਵੋਟਾਂ ‘ਚ ਬਦਲਣ ਦਾ ਉਨ੍ਹਾਂ ਕੋਲ ਹੀ ਮੰਤਰ ਹੈ ਤੇ ਹਾਕਮ ਇਸ ਮੰਤਰ ਦਾ ਮੁਰੀਦ ਹੈ। ਜੇ ਲੀਡਰ ਨੂੰ ਸੇਵਾ ਦਾ ਇਸ਼ਕ ਚੜ੍ਹਿਆ ਹੋਇਆ ਹੈ ਤਾਂ ਉਨ੍ਹਾਂ ਦੇ ਆਸ਼ਕ ਬਣਨ ਵਿਚ ਸਮੱਸਿਆ ਕਿਉਂ ਆਵੇਗੀ? ਵੋਟਾਂ ਦੇ ਦਿਨਾਂ ‘ਚ ਪਰਜਾ ਨੇ ਨਾਅਰੇ ਤੇ ਜੈਕਾਰੇ ਮਾਰਨੇ ਹੁੰਦੇ ਨੇ, ਬਾਕੀ ਤਾਂ ਸਾਲਾਂਬੱਧੀ ਚੀਕਾਂ ਹੀ ਨਿਕਲਣੀਆਂ ਹੁੰਦੀਆਂ ਹਨ। ਇਹ ਜਾਦੂ ਸਿਰਫ ਨੇਤਾਵਾਂ ਨੂੰ ਹੀ ਆਉਂਦਾ ਹੈ ਕਿ ਵੋਟਾਂ ਤੋਂ ਪਹਿਲਾਂ ਹੱਥ ‘ਚ ਲਾਰਿਆਂ ਦੀ ਬੂੰਦੀ ਵਾਲੇ ਮੋਤੀ ਚੂਰ ਦੇ ਲੱਡੂ ਨੂੰ ਪਿੱਛੋਂ ‘ਬੇਹਾ ਪਕੌੜਾ’ ਕਿਵੇਂ ਬਣਾਈਦਾ ਹੈ? ਪ੍ਰੇਮਿਕਾ ਦੇ ਲਿਖੇ ਸ਼ਬਦਾਂ ਨੂੰ ਪਹਿਲਾਂ ਲਵ ਲੈਟਰ ਮੰਨਿਆ ਜਾਂਦਾ ਸੀ ਪਰ ਹੁਣ ਲੋਕ ਚੋਣ ਮਨੋਰਥ ਪੱਤਰ ਨੂੰ ਹੀ ਲਵ ਲੈਟਰ ਤੋਂ ਵੱਧ ਮਹੱਤਤਾ ਦੇਣ ਲੱਗ ਪਏ ਹਨ। ਸਿਆਸਤ ‘ਚ ਲੋਕਾਂ ਲਈ ਕੈਸਾ ‘ਦੁਸਾਂਦਾ’ ਤਿਆਰ ਹੋ ਰਿਹਾ ਹੈ ਕਿ ਵਰਦਾਨ ਤਾਂ ਪੁੱਤਰ ਜੰਮਣ ਦਾ ਦਿੱਤਾ ਜਾਂਦਾ ਹੈ ਪਰ ਜੰਮ ਖੁਸਰਾ ਰਿਹਾ ਹੈ। ਕਿਸੇ ਸ਼ਾਇਰ ਤੋਂ ਤਾਂ ਕਈ ਵਾਰੀ ਸਾਰੀ ਨਜ਼ਮ ਕਮਾਲ ਦੀ ਨਹੀਂ ਲਿਖ ਹੁੰਦੀ ਪਰ ਨੇਤਾ ਦਾ ਭਾਸ਼ਣ ਗਜ਼ਲ ਦੇ ਹਰ ਸ਼ਿਅਰ ਵਾਂਗ ਹੀ ਪਰਜਾ ਨੂੰ ‘ਬਈ ਵਾਹ, ਇਰਸ਼ਾਦ!’ ਕਹਿਣ ਲਈ ਮਜਬੂਰ ਕਰ ਰਿਹਾ ਹੈ। ਲੋਕ ਚਟਣੀ ਤੇ ਆਚਾਰ ਦੇ ਸੁਆਦ ਨਾਲ ਸ਼ੁਦਾਈ ਹੁੰਦੇ ਜਾ ਰਹੇ ਹਨ ਤੇ ਜਦੋਂ ਤੱਕ ਦਾਲ ਸਬਜ਼ੀ ਆਉਣੀ ਹੁੰਦੀ ਹੈ ਤਾਂ ਵਰਤਾਵਾ ਬਦਲ ਜਾਂਦਾ ਹੈ। ਜਿਸ ਦਿਨ ਇਹ ਸਮਝ ਆ ਗਿਆ ਉਸ ਦਿਨ ਲੋਕ ਦੇਸ਼ ਦੀ ਸੇਵਾ ਲਈ ਹੱਥ ਜੋੜਨ ਵਾਲਿਆਂ ਨੂੰ ਸੱਚੀ ਮੁੱਚੀਂ ਹੀ ਹੱਥ ਦਿਖਾਉਣ ਲਈ ਕਾਹਲੇ ਪੈ ਜਾਣਗੇ।

ਐਸ ਅਸ਼ੋਕ ਭੌਰਾ
“ਓਏ ਸਾਲਿਆ ਚੱਪਣ ਕੱਦੂਆ ਜਿਹਿਆ, ਦਿਖਿਆ ਨ੍ਹੀਂ ਕਈ ਦਿਨਾਂ ਦਾ।” ਭਜਨੇ ਨੇ ਜਾਗਰ ਅਮਲੀ ਦੇ ਆਉਂਦੇ ਸਾਰ ਹੀ ਆਰ ਲਾ ਦਿੱਤੀ।
“ਓਏ ਮੂੰਹ ਸੰਭਾਲ ਕੇ ਬੋਲਿਆ ਕਰ, ਮੈਨੂੰ ਪਤੈ ਤੂੰ ਕਿੱਥੇ ਬੋਲਦੈਂ। ਮੈਨੂੰ ਚੱਪਣ ਕੱਦੂ ਦਸਦੈਂ, ਸਾਲਿਆ ਆਪਣਾ ਮੂੰਹ ਦੇਖਿਆ ਜਿਵੇਂ ਨੇਪਾਲੀਆਂ ਨੇ ਕੁੱਟ ਕੇ ਘਰੋਂ ਕੱਢਿਆ ਹੁੰਦਾ।”
“ਬੜਾ ਕਰੰਟ ਲੱਗਿਆ, ਸਾਲਿਆ ਮੈਂ ਤਾਂ ਊਂਈਂ ਮਜ਼ਾਕ ਕੀਤਾ ਸੀ। ਤੂੰ ਮੇਰੇ ਨਾਲ ਗੱਲ ਈ ਨਾ ਕਰਿਆ ਕਰ। ਸਾਲਾ ਅਵਾਰਾ ਕੁੱਤੇ ਵਾਂਗੂੰ ਹਰ ਵੇਲੇ ਜੀਭ ਕੱਢੀ ਰੱਖਦੈ।”
“ਓæææਅæææ! ਗੱਲ ਸੁਣ ਲੈ ਜਾਗਰਾ, ਸਾਲਿਆਂ ਜਿੱਦਾਂ ਖੇਤ ‘ਚੋਂ ਡਰਨਾ ਪੁੱਟ ਕੇ ਲਿਆਂਦਾ ਹੁੰਦਾ, ਇਕ ਨ੍ਹੀਂ ਖਾਣੀ ਤੂੰ।”
“ਪਤੰਦਰੋ ਗਰਮੀ ਤਾਂ ਮੁੱਕ ਚੱਲੀ ਆ, ਹੁਣ ਤੁਸੀਂ ਗਰਮੀ ਕੱਢੀ ਜਾਨੇ ਓ।” ਬੰਤਾ ਸਿਉਂ ਨੇ ਵੀ ਥੜ੍ਹੇ ‘ਤੇ ਬੈਠਦਿਆਂ ਠੰਡੇ ਪਾਣੀ ਦਾ ਛਿੱਟਾ ਦੇਣ ਦੀ ਕੋਸ਼ਿਸ਼ ਕੀਤੀ।
“ਬੰਤਿਆ, ਇਹ ਭਜਨਾ ਜਦੋਂ ਵੀ ਗੱਲ ਕਰਦਾ ‘ਸਾਲਾ’ ਲਾ ਕੇ ਗੱਲ ਕਰਦਾ।”
“ਓææਅæææ! ਕੀ ਕਹਿ ਦਿੱਤਾ ਮੈਂ ਤੈਨੂੰ, ਇਹੀ ਕਿਹਾ ਕਿ ਦਿਖਿਆ ਨ੍ਹੀਂ ਕਈ ਦਿਨ।”
“ਊਂ ਜਾਗਰਾ ਗੱਲ ਤਾਂ ਕੁਛ ਨ੍ਹੀਂ।” ਬੰਤੇ ਨੇ ਫਿਰ ਗੱਲ ਮੁਕਾਉਣ ਦੀ ਕੋਸ਼ਿਸ਼ ਕੀਤੀ।
“ਬੰਤਿਆ, ਇਹ ਮੈਨੂੰ ਪਰਸੋਂ ਮਿਲਿਆ ਸੀ, ਦੋ ਦਿਨ ‘ਚ ਕਿੱਡਾ ਕੁ ਉਦਾਸ ਹੋ ਗਿਆ! ਤੂੰ ਨ੍ਹੀਂ ਸਮਝਦਾ, ਇਹ ਸਾਲਾ ਲਾਉਂਦਾ ਕਿੱਥੇ ਐ? ਅਸਲ ‘ਚ ਵੋਟਾਂ ਅਸੀਂ ਪਾਈਆਂ ਫੌਜੀ ਨੂੰ, ਉਹ ਹੁਣ ਲੱਭਦਾ ਨ੍ਹੀਂ। ਇਹ ਜਿੱਥੇ ਟੱਕਰਦਾ ਸਾਲਾ ਤੱਕਲਾ ਮਾਰਦਾ ਮੇਰੇ।”
“ਚੱਲ ਐਂ ਈਂ ਰੱਖ ਲੈ ਫਿਰ, ਤੂੰ ਚੜ੍ਹਾ ਕੁੱਤੀ ਜਿਹੜੀ ਤਾਰ ‘ਤੇ ਚੜ੍ਹਾਉਣੀ ਐ। ਥੋਨੂੰ ਬਥੇਰਾ ਕਿਹਾ ਵੋਟਾਂ ਏਧਰ ਨਾ ਪਾਓ, ਸਾਲੇ ਲੈਨ ‘ਚ ਲੱਗ ਲੱਗ ਜਾਂਦੇ ਰਹੇ।”
“ਓ ਥੋਡਾ ਵੀ ਪਤੈ, ਬਾਰੀਆਂ ਬਦਲ ਕੇ ਆਈ ਜਾਨੇ ਓਂ, ਕਰਤੂਤਾਂ ਓਹੀ ਆ।”
“ਬਈ ਗੱਲ ਤਾਂ ਓਦਾਂ ਭਜਨੇ ਦੀ ਕੁਝ ਠੀਕ ਵੀ ਆ। ਸਾਲਾ ਮੇਰਾ ਮੁੰਡਾ ਹੁਣ ਨਵਾਂ ਫੋਨ ਮੰਗਦਾ। ਮੈਂ ਉਹਨੂੰ ਕਿਹਾ ਕਿ ਤੈਂ ਛੇ ਮਹੀਨੇ ਪਹਿਲਾਂ ਤਾਂ ਮੇਰਾ ਖੂਨ ਪੀ ਕੇ ਨਵਾਂ ਲਿਆ ਸੀ। ਹੁਣ ਇਹਨੂੰ ਕੀ ਬੁਖਾਰ ਚੜ੍ਹ ਗਿਆ। ਉਹ ਆਂਹਦਾ ਇਹ ਤਾਂ ਮੈਂ ਟੁੱਟਿਆ ਜਿਹਾ ਤਾਂ ਲਿਆ ਸੀ ਕਿ ਮੈਨੂੰ ਤਾਂ ਸਰਕਾਰ ਵਲੋਂ ਸਮਾਰਟ ਫੋਨ ਆ ਜਾਣਾ, ਉਹ ਮੈਂ ਰੱਖ ਲੈਣਾ ਤੇ ਇਹ ਤੈਨੂੰ ਦੇਣਾ ਸੀ। ਹੁਣ ਸਮਾਰਟ ਫੋਨ ਮਿਲਣ ਦੀ ਤਾਂ ਆਸ ਨਹੀਂ, ਤੇ ਸਾਲਾ ਜਦੋਂ ਟੱਕਰਦਾ ਉਦੋਂ ਕਹੂ, ਫੋਨ ਲੈ ਕੇ ਦੇਣਾ ਕਿ ਨਹੀਂ?”
“ਗੱਲ ਤਾਂ ਤੇਰੀ ਬੰਤਿਆ ਠੀਕ ਆ, ਤੇਰੇ ਗਲ ਕਾਹਨੂੰ ਗੂਠਾ ਦਿੰਦਾ, ਜਿਹੜਾ ਕਹਿ ਕੇ ਗਿਆ ਸੀ, ਉਹਤੋਂ ਲਵੇ ਜਾ ਕੇ।”
“ਉਹ ਕਿਤੇ ਲੱਭਦਾ?”
ਇੰਨੇ ਨੂੰ ਮਾਸਟਰ ਬਸੰਤ ਸਿਹੁੰ ਵੀ ਆ ਕੇ ਬੈਠ ਗਿਆ ਸੱਥ ‘ਚ। ਉਹ ਆਉਂਦਾ ਆਪਣਾ ਈ ਪਿੱਟ ਸਿਆਪਾ ਪਾ ਕੇ ਬਹਿ ਗਿਆ। ਆਂਹਦਾ, ਮੁੰਡਾ ਔਖਾ ਪੜ੍ਹਾਇਆ, ਘਰ ‘ਚ ਅਸੀਂ ਤਿੰਨ ਜੀਅ ਆਂ। ਬਾਹਰ ਨੂੰ ਜਾਣ ਨੂੰ ਕਾਹਲਾ ਸੀ। ਏਨੇ ਨੂੰ ਪਤਾ ਲੱਗ ਗਿਆ ਕਿ ਸਰਕਾਰ ਨੇ ਹਰ ਘਰ ‘ਚ ਇਕ ਬੰਦੇ ਨੂੰ ਨੌਕਰੀ ਦੇਣੀ ਆ। ਜਿਹੜੇ ਚਾਰ ਪੈਸੇ ਕੋਲ ਸੀ, ਪਤੰਦਰ ਦਾ ਵਿਆਹ ਕਰ ਦਿੱਤਾ ਕਿ ਨੌਕਰੀ ਤਾਂ ਮਿਲ ਹੀ ਜਾਣੀ ਆ, ਇੱਕੋ ਇਕ ਮੁੰਡਾ ਆ ਉਹ ਤਾਂ ਵਿਆਹ ਲਈਏ। ਹੁਣ ਸਰਕਾਰ ਦੀ ਪੈਸਿਆਂ ਵਾਲੀ ਗਾਗਰ ਟੁੱਟ ਗਈ। ਕਹਿੰਦੇ, ਟਕਾ ਸਾਡੇ ਕੋਲ ਨਹੀਂ।
ਉਧਰ ਬਹੂ ਉਹ ਪੜ੍ਹੀ-ਲਿਖੀ ਲਿਆਂਦੀ ਜਿਹੜੀ ਮਾਪਿਆਂ ਦੀ ‘ਕੱਲੀ ‘ਕੱਲੀ ਲਾਡਲੀ ਧੀ ਸੀ। ਚਲੋ ਕੁੜੀ ਤਾਂ ਮਾੜੀ-ਮੋਟੀ ਨੌਕਰੀ ਕਰਦੀ ਸੀ ਪਰ ਹੁਣ ਘਰ ‘ਚ ਟਿੰਡ ‘ਚ ਕਾਨ੍ਹਾ ਪੈਣ ਲੱਗ ਪਿਆ। ਬਹੂ ਕਲੇਸ਼ ਕਰਦੀ ਆ ਕਿ ਨੌਕਰੀ ਤਾਂ ਮਿਲ ਨ੍ਹੀਂ ਰਹੀ ਇਹਨੂੰ, ਹੁਣ ਮੈਂ ਕਮਾ ਕੇ ਖਲਾਊਂ? ਚੰਗੇ ਭਲੇ ਵਸਦੇ ਸੀ, ਸਾਲੀਆਂ ਵੋਟਾਂ ਆਈਆਂ ਤੋਟਾਂ ਪੈ ਗਈਆਂ।
ਬੰਤਾ ਵਿਚ ਦੀ ਬੋਲਿਆ, “ਮਾਹਟਰਾ, ਇਕ ਗੱਲ ਹੋਰ ਨ੍ਹੀਂ ਸੁਣੀ? ਜਿਹੜਾ ਆਪਣੇ ਪਿੰਡ ਆਲਾ ਸਾਧੂ ਕਿਆਂ ਦਾ ਧੰਨਾ ਆ, ਉਹ ਚੰਗਾ ਭਲਾ ਪੰਜ-ਸੱਤ ਸੌ ਨੂੰ ਸੀਰੀ ਲੱਗਾ ਸੀ। ਉਪਰੋਂ ਐਲਾਨ ਹੋ ਗਿਆ, ਬਈ ਬੁੱਢਿਆਂ ਨੂੰ ਸਰਕਾਰ ਪੱਚੀ-ਪੱਚੀ ਸੌ ਦਊ। ਧੰਨਾ ਤਾਂ ਪਾਵੇ ਲੁੱਡੀਆਂ, ਪਈ ਪੱਚੀ ਸੌ ਮੇਰਾ, ਪੱਚੀ ਸੌ ਪ੍ਰਸਿੰਨੀ ਦਾ-ਸਾਲਿਓ ਕਿੱਥੇ ਪੰਜ ਸੌ, ਕਿੱਥੇ ਪੰਜ ਹਜ਼ਾਰ? ਉਹ ਤਾਂ ਦੂਏ ਦਿਨ ਹੀ ਜਾ ਕੇ ਫੁੰਮਣ ਨੂੰ ਜਾ ਕੇ ਕਹਿੰਦਾ ਕਿ ਪੰਜ ਹਜ਼ਾਰ ਸਰਕਾਰ ਪੈਲਸਣ (ਪੈਨਸ਼ਨ) ਦਊ। ਸਾਲਿਓ ਕੁੱਤੇ ਨੇ ਵੱਡਿਆ ਤੁਹਾਡੇ ਪੰਜ ਸੌ ਨੂੰ ਕੰਮ ਕਰੂੰ? ਵਿਹਲਾ ਖਾਊਂ, ਸਰਕਾਰੀ ਪੈਸੇ ਨਾਲ ਲੁੱਡੀਆਂ ਪਾਊਂ। ਨਾ ਹੁਣ ਛੇਤੀਂ ਮੈਂ ਮਰੂੰ, ਨਾ ਮਰੂ ਪ੍ਰਸਿੰਨੀ। ਕਹਿੰਦਾ ਮਾਰ ਕੇ ਦੁਹੱਥੜਾ ਪਿੱਟੇ, ਸਰਕਾਰ ਨੇ ਧੋਤੀ ਤਾਂ ਕੀ ਦੇਣੀ ਸੀ ਲੰਗੋਟੀ ਵੀ ਲਾਹ ਲਈ। ਜਿਹੜਾ ਢਾਈ ਤਿੰਨ ਸੌ ਮਿਲਦਾ ਸੀ, ਉਹ ਵੀ ਬੰਦ ਹੋ ਗਿਆ।”
“ਲੈ ਜਾਗਰਾ, ਸਰਕਾਰ ‘ਚ ਬੱਕਰਾ ਇਕ ਹੋਰ ਆ ਗਿਆ।” ਭਜਨ ਸਿਹੁੰ ਨੇ ਫਿਰ ਸ਼ੁਰਲੀ ਛੱਡ ਦਿੱਤੀ।
“ਤੂੰ ਹੁਣ ਕਾਮਰੇਡ ਬਿੱਕਰ ਸਿਹੁੰ ਨੂੰ ਬੱਕਰਾ ਦੱਸਦੈਂ? ਜਿੱਦਣ ਕਿਤੇ ਲਾਲ ਝੰਡੇ ਵਾਲਿਆਂ ਦਾ ਰਾਜ ਆ ਗਿਆ। ਆਊ ਇਨਕਲਾਬ, ਆਹ ਢਿੱਡ ਭਰਨ ਵਾਲਿਆਂ ਦੇ ਮੂਧੇ ਪਾ ਕੇ ਢੂਹਾ ਲਾਲ ਕਰ ਦੇਣਗੇ।”
“ਉਹ ਕਮਲਿਆ, ਨੌ ਮਣ ਤੇਲ ਵੀ ਹੈਗਾ, ਰਾਧਾ ਵੀ ਹੈਗੀ ਆ। ਰਾਧਾ ਨੱਚੂ ਕਿੱਦਾਂ? ਢੋਲਕੀ ਵਜਾਉਣ ਵਾਲਾ ਹੈਨੀ।”
“ਇਹ ਢੋਲਕੀ ਦਾ ਕੀ ਮਤਲਬ ਹੋਇਆ?”
“ਮਾਸਟਰਾ, ਤੂੰ ਵੀ ਕਾਗਜ਼ਾਂ ‘ਚ ਈ ਪੜ੍ਹਿਆ ਲੱਗਦੈਂ। ਇਹ ਬਾਰੀ ਤਾਂ ਨੀਲੀਆਂ ਤੇ ਚਿੱਟੀਆਂ ਵਾਲਿਆਂ ਦੀ ਹੀ ਆਉਂਦੀ ਹੈ। ਪੰਜਾਹ ਸਾਲ ਹੋ ਗਏ ਇਨ੍ਹਾਂ ਕੋਲ ਝੰਡਾ ਈ ਆ, ਡੰਡਾ ਨ੍ਹੀਂ ਮਿਲਿਆ। ਹੁਣ ਸਮਝ ਲੱਗ ਗਈ ਢੋਲਕੀ ਦੀ? ਇਨ੍ਹਾਂ ਪਿੱਛੇ ਲੋਕ ਨ੍ਹੀਂ ਤੁਰਦੇ। ਰੱਬ ਜਾਣੇ ਕਿਉਂ?”
“ਨਾ ਕਮਾਰੇਡਾ, ਜਿਹੜਾ ਤੇਰਾ ਮਿੱਤਰ ਆ, ਉਹਦੀ ਪਿੰਡ ‘ਚ ਬੜੀ ਥੂ ਥੂ ਹੋਈ ਪਈ ਆ। ਸਾਲਾ ਜਦ ਦੇਖ ਲਓ, ਉਦੋਂ ਈਂ ਠਾਕਰੀ ਦੇ ਘਰ ਵੜ੍ਹਿਆ ਰਹਿੰਦੈ।”
“ਓ ਸ਼ਰਮ ਕਰ ਜਾਗਰਾ, ਉਹ ਮਿੱਤਰ ਸਾਡਾ ਬੁੜਾ-ਛੜਾ ਆ ਸੱਤਰਾਂ ਸਾਲਾਂ ਦਾ। ਠਾਕਰੀ ਦੇ ਉਹਦੇ ਵੀ ਉਪਰ ਦੀ ਦੋ ਸਾਲ ਹੋਊ। ‘ਕੱਲੀ ਵਿਚਾਰੀ ਰਹਿੰਦੀ ਆ। ਜੇ ਕਿਤੇ ਚਾਹ ਦਾ ਘੁੱਟ ਪੀਣ ਚਲਾ ਜਾਂਦਾ ਤਾਂ ਲੋਕਾਂ ਦਾ ਢਿੱਡ ਕੀ ਦੁਖਦਾ?”
“ਨਾ ਮਾਹਟਰਾ! ਸਿਆਣੇ ਬਿਆਣੇ ਨੂੰ ਫਿਰ ਵੀ ਮਾੜੀ ਮੋਟੀ ਸ਼ਰਮ ਚਾਹੀਦੀ ਆ। ਤੀਵੀਂ ਮਾਨੀ ਕੋਲ ‘ਕੱਲਾ ਬੰਦਾ ਜਾਊ, ਉਹ ਵੀ ਛੜਾ ਤਾਂ ਲੋਕਾਂ ਨੇ ਗੱਲਾਂ ਤਾਂ ਕਰਨੀਆਂ ਈ ਆ।”
“ਨਾ ਜਾਗਰਾ, ਕਹਿੰਦੇ ਨੂੰ ਸ਼ਰਮ ਨ੍ਹੀ ਆਉਂਦੀ ਹੋਣੀ! ਸਾਲਿਆ ਥੋਡੇ ਆਲਾ ਫੌਜੀ ਕੀ ਕਰਦਾ? ਕਦੀ ਕਿਤਿਓਂ ਖਬਰਾਂ ਆਉਂਦੀਆਂ, ਕਦੀ ਕਿਤਿਓਂ, ਕਦੀ ਫਲਾਣੇ ਥਾਂ ਨਾਲ ਐ, ਕਦੀ ਫਲਾਣੇ ਥਾਂ। ਉਨ੍ਹਾਂ ਦਾ ਤਾਂ ਹਾਣ ਮੰਗਲ ਵੀ ਹੈਨੀ।”
“ਤੇਰਾ ਮਤਲਬ ਆ ਕਿ ਵੱਡਿਆਂ ਨੂੰ ਸਾਰੀ ਛੋਟ ਐ, ਤੇ ਮਾੜਿਆਂ ਨਾਲ ਕੁਪੱਤ? ਬਾਦਸ਼ਾਹ ਇਸ਼ਕ ਕਰੇ ਤਾਂ ਦੋਸਤੀ, ਗਰੀਬ ਪਿਆਰ ਕਰੇ ਤਾਂ ਗੁਨਾਹ। ਦਿਨ ਖੜ੍ਹੇ ਈ ਅੱਖਾਂ ‘ਚ ਘੱਟਾ ਪਾਈ ਫਿਰਦੇ ਆ।”
“ਮਾਸਟਰਾ, ਤੂੰ ਤਾਂ ਐਂ ਘੇਰਦਾਂ, ਜਿੱਦਾਂ ਕਿਤੇ ਮੈਨੂੰ ਸਰਕਾਰ ਨੇ ਕੋਈ ਲਾਲ ਬੱਤੀ ਵਾਲੀ ਗੱਡੀ ਦੇ ਦਿੱਤੀ ਹੁੰਦੀ ਐ। ਜੇ ਵੋਟਾਂ ਦੋ ਪਾ ‘ਤੀਆਂ ਤਾਂ ਸਾਲਾ ਗੁਨਾਹ ਕੀ ਕਰ ਲਿਆ। ਜਿਨ੍ਹਾਂ ਨੂੰ ਪਹਿਲਾਂ ਪਾਈਆਂ ਸੀ, ਦਿੱਤੀ ਉਨ੍ਹਾਂ ਨੇ ਵੀ ਸੁੱਸਰੀ ਖਾਧੇ ਦਾਣਿਆਂ ਦੀ ਬੋਰੀ ਈ ਆ। ਬਾਕੀ ਲਾਰਿਆਂ ਦੇ ਲੱਡੂ ਹੀ ਖੁਆ ਗਏ।”
“ਫਿਰ ਹੁਣ ਕਰੀਏ ਕੀ?”
ਭਜਨਾ ਕਹਿੰਦਾ, ਹੁਣ ਅਗਲੀ ਵਾਰੀ ਸਾਨੂੰ ਵੋਟਾਂ ਪਾ ਦਿਓ।
“ਥੋਡਾ ਹਾਲੇ ਢਿੱਡ ਨ੍ਹੀਂ ਭਰਿਆ? ਪੰਜਾਬ ਕੰਗਾਲ, ਜੁਆਨੀ ਉਜੜ ਗਈ, ਕਿਸਾਨੀ ਤਬਾਹ ਹੋ ਗਈ। ਜ਼ਿਮੀਂਦਾਰ ਬਿਲਕਿਆ, ਮਜ਼ਦੂਰ ਬਿਲਕਿਆ। ਉਧਰ ਦਿੱਲੀ ਆਲੇ ਨੇ ਨੋਟ ਬਦਲ ‘ਤੇ। ਉਹਦਾ ਪੰਦਰਾਂ ਪੰਦਰਾਂ ਲੱਖ ਨ੍ਹੀਂ ਆਉਂਦਾ। ਇਹ ਸਭ ਜੋਟੀਦਾਰ ‘ਕੱਠੇ ਹੋਏ ਸੀ। ਫੋੜਾ ਸਾਡੇ ਨਿਕਲਣਾ, ਇਨ੍ਹਾਂ ਦਾ ਤਾਂ ਖਾ ਕੇ ਵੀ ਸਿਰ ਨ੍ਹੀਂ ਦੁਖਦਾ।”
“ਆਹ ਚੰਨੋ ਪਿੱਟਦੀ ਆਉਂਦੀ ਆ, ਇਹਨੂੰ ਕੀ ਹੋਇਆ?”
“ਪੁੱਛ ਤਾਂ ਜਾਗਰਾ ਜਾ ਕੇ।”
“ਵੇ ਤੁਸੀਂ ਕੀ ਪੁੱਛਣਾ, ਮੈਂ ਲੁੱਟੀ ਗਈ, ਮੈਂ ਪੁੱਟੀ ਗਈ। ਪਿਛਲੇ ਮਹੀਨੇ ਮੇਰਾ ਸਿਰ ਦਾ ਸਾਈਂ ਫਾਹਾ ਲੈ ਕੇ ਮਰ ਗਿਆ। ਅੱਜ ਪੁੱਤ ਨੇ ਸਲਫਾਸ ਖਾ ਲਈ। ਵੇ ਤਿੰਨ ਲੱਖ ਦਾ ਕਰਜ਼ਾ, ਛੇ-ਛੇ ਫੁੱਟੇ ਦੋ ਜੁਆਨ ਘਰੋਂ ਚਲੇ ਗਏ। ਵੇ ਆਂਹਦੇ ਸੀ, ਕਰਜ਼ਾ ਮੁਆਫ ਕਰ ਦਿਆਂਗੇ। ਚਾਰ-ਪੰਜ ਮਹੀਨੇ ਤਾਂ ਬੈਂਕਾਂ ਆਲਿਆਂ ਤੋਂ ਐਧਰ-ਉਧਰ ਹੋ ਕੇ ਕੱਟ ਲਏ। ਹੁਣ ਜਦੋਂ ਫਿਰ ਨਾਸੀਂ ਧੂੰਆਂ ਚੜ੍ਹਿਆ ਤਾਂ ਇਕ ਪਹਿਲਾ ਮਰ ਗਿਆ, ਇਕ ਹੁਣ। ਜੁਆਨ ਪੁੱਤ ਛੇ ਮਹੀਨੇ ਪਹਿਲਾਂ ਵਿਆਹਿਆ, ਘਰ ‘ਚ ਰਹਿ ਗਈਆਂ ਦੋ ਵਿਧਵਾਵਾਂ। ਹੁਣ ਕਿਹੜੇ ਖੂਹ ‘ਚ ਜਾਈਏ। ਹੁਣ ਤਾਂ ਅੱਗ ਲੱਗਣੀਆਂ ਵੋਟਾਂ ‘ਚ ਵੀ ਬਹੁਤ ਟੈਮ ਆ, ਕਿਹੜੀ ਕੰਧ ‘ਚ ਮੱਥਾ ਮਾਰੀਏ?”
“ਦੇਖ ਲਿਆ ਜਾਗਰਾ, ਧਰੂ ਤਾਰਾ ਚੜ੍ਹਿਆ। ਸਾਲਿਓ ਗੱਲ ਮਾੜੀ ਨ੍ਹੀਂ ਜਰਦੇ। ਥੋਡੇ ਤੋਂ ਸੁਖੀ ਕਿਹੜਾ?”
“ਬਈ ਅੱਜ ਨਾ ਸੱਥ ‘ਚ ਤਾਸ਼, ਨਾ ਕੌਡਾਂ, ਖਿੱਲਰੇ ਜਿਹੇ ਫਿਰਦੇ ਓਂ, ਗੱਲ ਕੀ ਐ?” ਸਰਪੰਚ ਨੇ ਸ਼ਹਿਰੋਂ ਆਉਂਦੇ ਨੇ ਸਕੂਟਰ ਲਾ ਕੇ ਸੱਥ ‘ਚ ਨਵਾਂ ਧੂੰਆਂ ਛੱਡਿਆ।
“ਸਰਪੰਚਾ, ਨਾ ਦਾ ਈ ਸਰਪੰਚ ਐਂ। ਟਕੇ ਨੂੰ ਤੈਨੂੰ ਕੋਈ ਪੁੱਛਦਾ ਨ੍ਹੀਂ। ਜੂੰਆਂ ਝੋਟੇ ਦੇ ਨਾਲ ਈ ਮਰ ਗਈਆਂ। ਜਿਨ੍ਹਾਂ ਦਾ ਤੂੰ ਸੀਗਾ, ਉਹ ਆਪ ਨ੍ਹੀਂ ਰਹੇ। ਚਿੱਟੀਆਂ ਆਲੇ ਤੇਰਾ ਝੱਗਾ ਚੁੱਕਣ ਨੂੰ ਫਿਰਦੇ ਆ। ਤੇਰੀ ਨੀਲੀ ਪਗੜੀ ਸੁਆਹ ਰੰਗ ਲਿਆਊ! ਪਿੰਡ ‘ਚ ਓਵੇਂ ਈ ਚਿੱਟਾ ਵਿਕਦੈ, ਉਵੇਂ ਸ਼ਰਾਬ, ਉਵੇਂ ਈ ਭੁੱਕੀ, ਉਵੇਂ ਈ ਸਮੈਕ, ਉਵੇਂ ਈ ਨਾਗਣੀ-ਤੂੰ ਵੀ ਉਵੇਂ ਈ ਤੁਰਿਆ ਫਿਰਦੈਂ।” ਨਾਜਰ ਨੇ ਇੱਕੋ ਵਾਰੀ ਸਾਰੀ ਭੜਾਸ ਕੱਢ ਮਾਰੀ।
“ਦਲਾਲ ਨੇ ਬਥੇਰੇ ਪੈਸੇ ਜੋੜੇ ਆ। ਉਪਰ ਆਲੇ ਨਾਲ ਇਹ ਵੀ ਰਲਿਆ ਹੋਇਆ ਸੀ। ਇਹਦੀ ਸ਼ਹਿ ਨਾਲ ਤਿੰਨ ਮੁੰਡੇ ਮਰ’ਗੇ। ਇਹ ਕਾਲੇ ਨਾਗ ਆਲਾ ਸੇਵਾ ਸੂੰ ਸਰਪੰਚ, ਪਿੰਡ ‘ਚ ਚਿੱਟਾ ਲੈ ਕੇ ਆਇਆ। ਉਹ ਤਾਂ ਸੇਵਾ ਨਹੀਂ, ਰਾਜ ਕਹਿੰਦੇ ਰਹੇ, ਇਹ ਸਾਲਾ ਨਾਮ ਸੇਵਾ ਰੱਖੀ ਫਿਰਦਾ। ਓ ਬਹਿ ਜਾਏ ਤੇਰਾ ਬੇੜਾ ਸਰਪੰਚਾ! ਆ ਲੈਣ ਦੇ ਵੋਟਾਂ, ਜੇ ਤੇਰੀਆਂ ਪੂਛਾਂ ਨਾ ਚਕਾਈਆਂ ਤਾਂ ਜਾਗਰ ਨੂੰ ਵੀ ਜਾਗਰ ਨਾ ਕਹੀਂ।”
“ਤੂੰ ਬੋਲਦੈਂ ਹੁਣ ਉਹ ਬੋਲੀ, ਪੈਗ ਜੁ ਪਟਿਆਲੇ ਵਾਲਾ ਪੀਨਾਂ। ਜਿੱਦਣ ਜਗਾਧਰੀ ਨੰਬਰ ਵਨ ਚੱਲੂ, ਫੇਰ ਪਤਾ ਲੱਗੂ ਬਈ ਪਾਣੀ ਪੁਲ ਦੇ ਉਪਰੋਂ ਲੰਘਦੈ ਕਿ ਥੱਲਿਓਂ?”
“ਨਾ ਇਹ ਪਟਿਆਲਾ ਤੇ ਜਗਾਧਰੀ ਕੀ ਐ?” ਮਾਸਟਰ ਨੇ ਬੜੀ ਹੈਰਾਨੀ ਨਾਲ ਪੁੱਛਿਆ।
“ਟੱਟੂ ਪੜ੍ਹੇ ਆਂ ਤੁਸੀਂ। ਜੇ ਪੈਗ ਤੇ ਪਟਿਆਲੇ ਦਾ ਨ੍ਹੀਂ ਪਤਾ ਤਾਂ ਜਗਾਧਰੀ ਤੇਰੀ ਭੂਆ ਤੈਨੂੰ ਕਿੱਥੋਂ ਸਮਝ ਆਉਣੀ ਆ। ਇਹ ਰਾਜ ਭਾਗ ਬਦਲਦਿਆਂ ਦੀਆਂ ਨਿਸ਼ਾਨੀਆਂ ਆ ਮਾਸਟਰਾ।”
“ਅੱਛਾ ਸਰਪੰਚਾ! ਆਇਆ ਕਿੱਥੋਂ ਐ, ਸੱਚੋ ਸੱਚ ਦੱਸੀਂ। ਰੌਲਾ ਤੇਰਾ ਵੀ ਇਕ ਪੈਂਦਾ।”
“ਕਾਹਦਾ ਰੌਲਾ ਓਏ, ਸਾਲਿਆ ਟਕੇ ਦਾ ਅਮਲੀ ਨ੍ਹੀਂ, ਸਿਰ ਨੂੰ ਚੜ੍ਹੀ ਆਉਂਨੈ। ਵੀਹ ਵਾਰੀ ਤੈਨੂੰ ਪੁਲਿਸ ਤੋਂ ਛੁਡਾਇਆ, ਤਿੰਨ ਵਾਰੀ ਥਾਣਿਓਂ ਲਿਆਂਦਾ। ਸਾਡੀ ਦੋ ਵਾਰ ਸਰਕਾਰ ਬਣੀ, ਸਾਲਿਆ ਦਸ ਦਸ ਸੇਰ ਪੱਕੀ ਭੁੱਕੀ ਦਿੱਤੀ ਹੋਣੀ ਐ। ਅਸੀਂ ਤੇਰਾ ਢਿੱਡ ਭਰੀਏ, ਤੂੰ ਸਾਡੇ ਢਿੱਡ ‘ਚ ਲੱਤਾਂ ਮਾਰੇ, ਕੱਟ ਲੋ ਚਾਰ ਸਾਲ ਸੌਖੇ, ਫੇਰ ਦੇਖੀਂ ਬੱਕਰੀ ਗੁੱਲਾਂ ‘ਤੇ ਚੜ੍ਹਦੀ ਐ ਕਿ ਫੁੱਲਾਂ ‘ਤੇ। ਸਾਲੇ ਸਿਰ ਨੂੰ ਚੜ੍ਹੀ ਆਉਂਦੇ ਆ।”
“ਸਾਡੀ ਤਾਂ ਜਿਹੜੀ ਲੰਘਣੀ ਸੀ ਲੰਗ ਗਈ। ਅਮਲੀ ਤਾਂ ਜਾਂ ਠੇਕੇ ਹੁੰਦੇ ਆ ਜਾਂ ਠਾਣੇ। ਹਾਂ, ਹੁਣ ਤੇਰੇ ਜਿਹੜੀ ਸੁਆਹ ਸਿਰ ਪਊ, ਉਹ ਪਤਾ ਲੱਗੂ।”
“ਮੈਂ ਕੀ ਕਰ’ਤਾ? ਤੇਰੇ ਇਸ਼ਕ ਪੇਚੇ ਦਾ ਪਤਾ ਲੱਗ ਗਿਆ ਸਾਨੂੰ। ਹੁਣ ਨ੍ਹੀਂ ਗੁੱਝਾ ਰਹਿੰਦਾ ਸਰਪੰਚਾ। ਤੂੰ ਗਰੀਬ ਦੀ ਮਜ਼ਬੂਰੀ ਦਾ ਫਾਇਦਾ ਉਠਾ ਕੇ ਜਿਹਦੇ ਤੋਂ ਘਰੇ ਕੰਮ ਕਰਾਉਂਦਾ ਸੀ, ਉਹ ਪਿੱਟਦੀ ਆ ਬਈ ਸਰਪੰਚ ਨੇ ਮੇਰਾ ਪੁੱਤ ਮਰਾਇਆ, ਉਹਨੂੰ ਚਿੱਟਾ ਵੇਚਣ ਤੇ ਪੀਣ ਲਾਇਆ ਅਤੇ ਮੇਰੀ ਇੱਜਤ ਨਾਲ ਖੇਡਦਾ ਰਿਹਾ। ਹੁਣ ਬੁਝੇ ਦੀਵਿਆਂ ਦੀਆਂ ਲਾਟਾਂ ਨਹੀਂ, ਭਾਂਬੜ ਉਠਦੇ ਦਿਖਣਗੇ।”
“ਉਹ ਕਾਹਨੂੰ ਮੂਰਖੋ ਸਿੰਗ ਫਸਾਈ ਬੈਠੇ ਓਂ, ਉਹੀ ਖੂਹ ਤੇ ਉਹੀ ਡੱਡੂ। ਸਾਲਿਓ ਇੱਕੋ ਈ ਪਿੰਡ ਐ, ਇੱਕੋ ਥਾਂ ਜੰਮੇ ਪਲੇ ਆਂ। ਕਿਸੇ ਦਾ ਚੜ੍ਹਦੇ ਨੂੰ, ਕਿਸੇ ਦਾ ਲਹਿੰਦੇ ਨੂੰ ਘਰ ਆ। ਓ ਜਿਨ੍ਹਾਂ ਪਿੱਛੇ ਲੜਦੇ ਓਂ, ਉਹ ਤੁਹਾਨੂੰ ਜੁੱਤੀ ਦੀਆਂ ਨੋਕਾਂ ਨ੍ਹੀਂ ਸਮਝਦੇ। ਕਾਹਨੂੰ ਚਿੰਜੜੀਆਂ ਪਿੰਡਾਂ ‘ਚ ਛੇੜਦੇ ਓਂ। ਕੋਈ ਟੋਪੀ ਪਾਵੇ, ਕੋਈ ਚਿੱਟੀ ਬੰਨ੍ਹੇ, ਕੋਈ ਨੀਲੀ ਬੰਨ੍ਹੇ-ਕੋਈ ਫਰਕ ਨ੍ਹੀ ਪੈਂਦਾ। ਸ਼ਰਮ ਕਰੋ, ਆ ਚੰਨੋ ਪਿੱਟਦੀ ਗਈ ਆ ਤੁਹਾਡੇ ਕੋਲੋਂ। ‘ਕੋਠੇ ਜਿੱਡਾ ਘਰ ਵਾਲਾ ਮਰ ਗਿਆ ਕਰਤਾਰ ਸਿਹੁੰ। ਪਹਿਲਾ ਪਤੀ ਮਰ ਗਿਆ, ਅੱਜ ਪੁੱਤ ਮਰ ਗਿਆ, ਤੁਸੀਂ ਨੀਲੀਆਂ-ਚਿੱਟੀਆਂ ‘ਚ ਉਲਝੇ ਪਏ ਓਂ। ਤੁਹਾਡੇ ਸਿਰਾਂ ‘ਤੇ ਇਨ੍ਹਾਂ ਨੇ ਖੱਫਣ (ਕੱਫਣ) ਰੱਖ ਦਿੱਤੇ ਨੇ।” ਕੋਲੋਂ ਲੰਘਦੇ ਸਿਆਣੇ ਚੌਕੀਦਾਰ ਤੋਂ ਰਿਹਾ ਨਾ ਗਿਆ ਤੇ ਇਹ ਕਹਿ ਕੇ ਉਸ ਨੇ ਕੈਂਚੀ ਵਾਂਗੂੰ ਲੁਤਰ ਲੁਤਰ ਚੱਲਦੀ ਸਭ ਦੀ ਜ਼ੁਬਾਨ ਚੁੱਪ ਕਰਾ ਦਿੱਤੀ।
“ਚੌਂਕੀਦਾਰਾ ਕੁਝ ਹੋਰ ਕਹਿਣਾ, ਮਾਸਟਰ ਨੇ ਸਵਾਲ ਕੀਤਾ।”
“ਬੱਲੇ ਓ ਮਾਸਟਰਾ! ਖਰਬੂਜੇ ਵੀ ਚਿੱਬੜ ਈ ਬਣ ਗਏ। ਮੈਂ ਅਨਪੜ੍ਹ ਬੰਦਾ, ਤੂੰ ਪੜ੍ਹਿਆ-ਲਿਖਿਆ। ਇਨ੍ਹਾਂ ਨੂੰ ਦੱਸਿਆ ਕਰ ਕਿ ਦਾਣੇ ਆਪੇ ਈ ਕਮਾਉਨੇ ਓਂ, ਆਪੇ ਈ ਪੈਦਾ ਕਰਦੇ ਓਂ, ਫਿਰ ਉਨ੍ਹਾਂ ਤੋਂ ਮੰਗਣ ਜਾਨੇ ਓਂ ਜਿਹੜੇ ਤੁਹਾਡੇ ਮੂਹਰੇ ਹੱਥ ਜੋੜ ਕੇ ਵੋਟਾਂ ਮੰਗਣ ਆਉਂਦੇ ਆ। ਪਤੰਦਰੋ! ਪੈਲਸਣਾਂ, ਪੈਲਸਣਾਂ, ਪੈਲਸਣਾਂ-ਉਧਰ ਲਹਿੰਦੇ ਪਾਸੇ ਫੱਗੂ ਦੁਹਾਈ ਪਾਉਂਦਾ ਪਈ ਕੁੜੀ ਵਿਆਹੁਣੀ ਸੀ, ਸਰਕਾਰ ਬਦਲ’ਗੀ, ਠਹਿਰ ਕੇ ਵਿਆਹਲਾਂਗੇ। ਇਕਵੰਜਾ ਹਜ਼ਾਰ ਰੁਪਏ ਸ਼ਗਨ ਮਿਲਣੈ। ਖੈਰ ਤਾਂ ਕੀ ਪੈਣੀ ਸੀ, ਕਾਸਾ ਈ ਟੁੱਟ ਗਿਆ ਲੱਗਦੈ।”
ਤੇ ਕਰਜ਼ੇ ਨਾਲ ਮਰ ਗਏ ਜ਼ਿਮੀਂਦਾਰ ਦੀ ਸਿਵਿਆਂ ਵੱਲ ਨੂੰ ਜਾਂਦੀ ਅਰਥੀ ਦੇਖ ਕੇ ਸੱਥ ‘ਚ ਕਬਰਾਂ ਵਰਗੀ ਹੀ ਚੁੱਪ ਛਾ ਗਈ ਸੀ। ਐਂ ਲੱਗਦਾ ਸੀ ਕਿ ਢਿੱਡ ਤਾਂ ਸਾਰਿਆਂ ਦਾ ਦੁਖਦਾ ਸੀ, ਪਰ ਉਂਗਲਾਂ ਹੀ ਇਕ ਦੂਜੇ ਦੇ ਮਾਰ ਰਹੇ ਸਨ।