ਬੇਬੇ ਦਾ ਇਨਕਲਾਬ

ਬੀਬੀ ਕਿਰਪਾਲ ਕੌਰ ਦੀ ਰਚਨਾ ‘ਬੇਬੇ ਦਾ ਇਨਕਲਾਬ’ ਵਿਚ ਉਸ ਸੁਨੇਹੇ ਦਾ ਬਿਆਨ ਹੈ ਜਿਸ ਨੂੰ ਅਸੀਂ ਸਾਰੇ ਜਾਣਦੇ-ਬੁੱਝਦੇ ਹੋਏ ਵੀ ਅਕਸਰ ਭੁਲਾ ਦਿੰਦੇ ਹਾਂ ਅਤੇ ਫਿਰ ਇਸ ਦਾ ਬਹੁਤ ਵੱਡਾ ਮੁੱਲ ਤਾਰਦੇ ਹਾਂ। ਕਈ ਵਾਰ ਤਾਂ ਹਾਲਾਤ ਬੇਹੱਦ ਭਿਅੰਕਰ ਹੋ ਕੇ ਟੱਕਰਦੇ ਹਨ। ਇਹ ਰਚਨਾ ਸੰਕਟਾਂ ਦੀ ਮਾਰ ਹੇਠ ਆਏ ਬੰਦੇ ਦਾ ਹੰਭਲਾ ਹੈ ਅਤੇ ਇਸ ਵਿਚੋਂ ਆਸਾਂ ਦੀਆਂ ਕਿਰਨਾਂ ਝਾਤੀ ਮਾਰਦੀਆਂ ਦਿਸਦੀਆਂ ਹਨ।

-ਸੰਪਾਦਕ

ਕਿਰਪਾਲ ਕੌਰ
ਫੋਨ: 815-356-9535

ਦਲੀਪ ਸਿੰਘ ਨੇ ਤਿੰਨ ਮਹੀਨੇ ਪਹਿਲਾਂ ਆਤਮ-ਹੱਤਿਆ ਕਰ ਲਈ ਸੀ। ਅਫਸੋਸ ਵਾਲੇ ਆਉਂਦੇ ਰਹੇ। ਦੋ-ਚਾਰ ਵਾਰ ਪੁਲਿਸ ਆਈ। ਕਈ ਆਪਣੇ ਆਪ ਨੂੰ ਨੇਤਾ ਕਹਾਉਣ ਵਾਲੇ ਆਏ, ਪਰ ਹੋਣਾ ਕੀ ਸੀ! ਅਸਲੀ ਗੱਲ ਉਥੇ ਦੀ ਉਥੇ ਰਹੀ। ਨਾ ਕੋਈ ਕਰਜ਼ਾ ਮੁਆਫ ਹੋਇਆ, ਨਾ ਕੋਈ ਹੋਰ ਮਦਦ ਮਿਲੀ। ਹਾਂ! ਹੁਣ ਹੱਟੀ ਵਾਲੇ ਦਾ ਉਧਾਰ ਹੋਰ ਵਧ ਗਿਆ, ਆਏ-ਗਏ ਨੂੰ ਚਾਹ-ਪਾਣੀ ਪਿਲਾਉਣ ਅਤੇ ਭੋਗ ‘ਤੇ ਹੋਏ ਖਰਚੇ ਕਰ ਕੇ।
ਮੁੰਡਾ ਹੁਣ ਕਈ ਕਈ ਦਿਨ ਘਰ ਨਹੀਂ ਆਉਂਦਾ। ਮਾਂ ਸਵਰਨ ਕੌਰ ਨੂੰ ਗਮ ਹੋਰ ਖਾਣ ਲੱਗ ਪਿਆ-ਮੁੰਡਾ ਕਿਥੇ ਜਾਂਦਾ? ਪਸੂ ਭੁਖੇ-ਪਿਆਸੇ ਖੜ੍ਹੇ ਰਹਿੰਦੇ। ਉਸ ਪਾਸ ਤਾਂ ਆਪ ਪਾਣੀ ਪੀਣ ਦੀ ਹਿੰਮਤ ਨਹੀਂ ਸੀ, ਪਸੂਆਂ ਨੂੰ ਪੱਠੇ ਕਿਵੇਂ ਪਾਵੇ, ਤੇ ਕਿਵੇਂ ਪਾਣੀ ਪਿਲਾਵੇ? ਰੋ ਕੇ ਆਪਣਾ ਬੁਰਾ ਹਾਲ ਕਰੀ ਬੈਠੀ ਸੀ।
ਜਗਜੀਤ ਸਿੰਘ ਨੇ ਵਿਹੜੇ ਵੜਦਿਆਂ ਆਵਾਜ਼ ਦਿੱਤੀ, “ਚਰਨਜੀਤ ਘਰੇ ਆ?”
“ਲੰਘ ਆ ਵੀਰਾ।” ਸਵਰਨ ਕੌਰ ਨੇ ਕਿਹਾ।
“ਕਿਉਂ ਭਾਬੀ, ਚਰਨਜੀਤ ਕਿਤੇ ਗਿਆ?æææ ਪਸੂ ਤੁਹਾਡੇ ਧੁੱਪੇ ਖੜ੍ਹੇ ਆ।”
ਸਵਰਨ ਕੌਰ ਰੋਣ ਲੱਗ ਪਈ।
“ਭਾਬੀ ਸਬਰ ਕਰ। ਰੋਇਆਂ ਕੁਝ ਨਹੀਂ ਬਣਨਾ।”
“ਰੋਣ ਤੋਂ ਬਿਨਾ ਮੇਰੇ ਪੱਲੇ ਹੈ ਵੀ ਕੁਝ ਨਹੀਂ। ਮੁੰਡਾ ਪਤਾ ਨਹੀਂ ਕਿਥੇ ਜਾਂਦਾ! ਮੇਰੇ ਕੋਲੋਂ ਤਾਂ ਤੁਰਿਆ ਵੀ ਨਹੀਂ ਜਾਂਦਾ। ਜੇ ਤੁਰ ਹੁੰਦਾ, ਤਾਂ ਜਾ ਕੇ ਪਸੂਆਂ ਦੇ ਰੱਸੇ ਖੋਲ੍ਹ ਆਉਂਦੀ। ਚਰਨਜੀਤ ਕੀ ਕਰਦਾ, ਕਿਥੇ ਜਾਂਦਾ? ਨਾ ਦੱਸ ਕੇ ਜਾਂਦਾ, ਨਾ ਆ ਕੇ ਦੱਸਦਾ। ਮੈਨੂੰ ਸਾਡੇ ਖੂਹ ਤੱਕ ਛੱਡ ਆ, ਬਸ ਸਭ ਠੀਕ ਹੋ ਜਾਊ।”
“ਭਾਬੀ ਕੀ ਠੀਕ ਹੋ ਜਾਊ?” ਜਗਜੀਤ ਸਿੰਘ ਨੇ ਕਿਹਾ।
“ਮੈਂ ਵੀ ਮਾਰ ਦੇਵਾਂਗੀ ਖੂਹ ਵਿਚ ਛਾਲ।”
“ਵਾਹਿਗੁਰੂ ਕਹੁ। ਘਰ ਦਾ ਇਕ ਜੀਅ ਮੂਰਖਤਾ ਕਰ ਲਵੇ, ਸਭ ਨੇ ਮੂਰਖ ਨਹੀਂ ਬਣ ਜਾਣਾ ਹੁੰਦਾ।” ਇਹ ਕਹਿੰਦਿਆਂ ਜਗਜੀਤ ਸਿੰਘ ਨੇ ਜੇਬ ਵਿਚੋਂ ਆਪਣਾ ਫੋਨ ਕੱਢ ਕੇ ਆਪਣੇ ਲੜਕੇ ਨਾਲ ਗੱਲ ਕੀਤੀ। ਉਸ ਨੂੰ ਕਿਹਾ ਕਿ ਆਪਣੇ ਕਾਮੇ ਨੂੰ ਭੇਜ ਕੇ ਚਰਨਜੀਤ ਦੇ ਪਸੂਆਂ ਨੂੰ ਪੱਠੇ ਪਾ ਕੇ ਪਾਣੀ ਪਿਲਾ ਦੇਵੇ, ਨਾਲੇ ਛਾਂਵੇਂ ਬੰਨ੍ਹ ਦੇਵੇ।
ਸਵਰਨ ਕੌਰ ਪੀੜ੍ਹੀ ‘ਤੇ ਬੈਠੀ ਸੀ। ਕੋਲ ਪਏ ਮੰਜੇ ਦੀ ਬਾਹੀ ‘ਤੇ ਹੱਥ ਮਾਰ ਕੇ ਬੋਲੀ, “ਬਹਿ ਜਾ ਵੀਰਾ।”
“ਅੱਜ ਤਾਂ ਤੂੰ ਕੰਮ ਕਰਵਾ ਦਿੱਤਾ, ਰੋਜ਼ ਕੌਣ ਕਰੂ! ਉਸ ਦਾ ਪਤਾ ਕਰਵਾ-ਕਿਥੇ ਜਾਂਦਾ ਬਿਨਾ ਦੱਸੇ।”
“ਭਾਬੀ ਮੈਂ ਦੇਖਦਾਂ, ਉਸ ਨਾਲ ਕਰੂੰਗਾ ਗੱਲ। ਉਹ ਧੰਨਾ ਭਗਤ ਤਾਂ ਨਹੀਂ ਜਿਸ ਦਾ ਕੰਮ ਰੱਬ ਨੇ ਕਰ ਜਾਣਾ।” ਜਗਜੀਤ ਸਿੰਘ ਨੇ ਕਿਹਾ। ਫਿਰ ਬੋਲਿਆ, “ਭਾਬੀ ਮੈਂ ਆਪਣੇ ਭਰਾ ਨੂੰ ਵੀ ਬਹੁਤ ਸਮਝਾਉਂਦਾ ਰਿਹਾ ਕਿ ਹਿੰਮਤ ਨਾ ਹਾਰ। ਜੇ ਲੱਕ ਬੰਨ੍ਹ ਕੇ ਖੜ੍ਹੇ ਰਹੋ, ਕੋਈ ਨਾ ਕੋਈ ਓਟ ਆਸਰਾ ਮਿਲ ਜਾਂਦਾ। ਅਸੀਂ ਤਾਂ ਮੁੱਛਾਂ ‘ਤੇ ਐਵੇਂ ਤਾਓ ਦਿੰਦੇ ਰਹਿੰਦੇ ਹਾਂ।”
ਦੋ ਮਿੰਟ ਰੁਕ ਕੇ ਫਿਰ ਬੋਲਿਆ, “ਵਾਹ! ਹਿੰਮਤ ਦੇਖੀ ਉਨ੍ਹਾਂ ਦੀ, ਜਿਨ੍ਹਾਂ ਨੂੰ ਅਸੀਂ ਰੋੜੇ ਭਾਪੇ ਕਹਿੰਦੇ ਹਾਂ। ਜਦ ਪਾਕਿਸਤਾਨ ਬਣਿਆ, ਹੈ ਤਾਂ ਉਦੋਂ ਮੈਂ ਛੋਟਾ ਸੀ, ਜਿਹੜੇ ਉਧਰੋਂ ਬੜੇ ਵਪਾਰੀ ਆਏ, ਸਭ ਕੁਝ ਛੱਡ ਕੇ ਬੇਘਰ ਹੋ ਆ ਬੈਠੇ ਰਹੇ ਕੈਂਪਾਂ ਵਿਚ। ਭਾਬੀ, ਜੋ ਕੰਮ ਜਿਸ ਨੂੰ ਮਿਲ ਗਿਆ, ਅਗਲਿਆਂ ਕੀਤਾ। ਛੇ-ਛੇ ਸਾਲ ਦੇ ਬੱਚਿਆਂ ਨੇ ਮੂੰਗਫਲੀ, ਗੋਲੀਆਂ ਬੱਸ ਅੱਡਿਆਂ ‘ਤੇ ਖੜ੍ਹ ਕੇ ਤੇ ਬੱਸਾਂ ਅੰਦਰ ਵੜ ਕੇ ਵੇਚੀਆਂ। ਮਾਂਵਾਂ ਨੇ ਲੋਕਾਂ ਦੇ ਘਰਾਂ ਵਿਚ ਭਾਂਡੇ ਮਾਂਜੇ। ਅਖਬਾਰਾਂ ਦੇ ਲਿਫਾਫੇ ਬਣਾਏ।”
ਥੋੜ੍ਹਾ ਰੁਕ ਕੇ ਜਗਜੀਤ ਸਿੰਘ ਫਿਰ ਬੋਲਿਆ, “ਅੱਜ ਜਿਹੜੇ ਸਭ ਬੜੇ ਬਜਾਜ ਜਾਂ ਵਪਾਰੀ ਨੇ, ਕਿਸੇ ਨੂੰ ਪੁੱਛ ਲਓ, ਉਨ੍ਹਾਂ ਦੇ ਬਜ਼ੁਰਗਾਂ ਦੀ ਕਹਾਣੀ ਧਰਤੀ ਤੋਂ ਸ਼ੁਰੂ ਹੁੰਦੀ ਹੈ, ਪਰ ਕਿਸੇ ਨੇ ਆਤਮ ਹੱਤਿਆ ਨਹੀਂ ਕੀਤੀ। ਸਾਡੇ ਕੋਲ ਘਰ-ਬਾਰ, ਮਾਲ-ਪਸੂ ਸਭ ਕੁਝ ਹੈ। ਕਰਜ਼ਾ ਆਪ ਲੈ ਕੇ ਲਾਹ ਨਹੀਂ ਹੁੰਦਾ, ਫਿਰ ਮਰ ਜਾਓ! ਪਿਛਲਿਆਂ ਨੂੰ ਉਪਰੋਂ ਜਗੀਰਾਂ ਭੇਜਣਗੇ!”
ਸਵਰਨ ਕੌਰ ਬੈਠੀ ਰੋਈ ਗਈ।
“ਰੋਣ ਨਾਲ ਕਦੀ ਕੋਈ ਕੰਮ ਨਹੀਂਂ ਹੁੰਦਾ। ਕੰਮ ਤਾਂ ਮਿਹਨਤ ਕੀਤੇ ਹੁੰਦਾ। ਮੇਰੀ ਸਲਾਹ ਮੰਨੋ, ਮਾਂ-ਪੁੱਤ ਲੱਕ ਬੰਨ੍ਹ ਕੇ ਖੜ੍ਹੋ ਜਾਵੋ। ਹੌਲੀ-ਹੌਲੀ ਸਭ ਠੀਕ ਹੋ ਜਾਵੇਗਾ। ਵੰਡ ਵੇਲੇ ਦੇ ਮਿਹਨਤੀ ਲੋਕ ਉਜੜ ਕੇ ਆ ਕੇ ਸੜਕਾਂ ‘ਤੇ ਰੁਲਦੇ ਫਿਰਦੇ ਸਨ, ਤੇ ਅੱਜ ਕਰੋੜਪਤੀ ਹਨ। ਆਹ ਲੁਧਿਆਣੇ ਦੇ ‘ਕਰੋੜੀ ਮੱਲ ਤੇ ਕ੍ਰਿਸ਼ਨ ਲਾਲ’ ਜਿਨ੍ਹਾਂ ਦੇ ਤਿੰਨ ਤਿੰਨ ਮੰਜ਼ਲੇ ਸੋਨੇ ਤੇ ਹੀਰਿਆਂ-ਗਹਿਣਿਆਂ ਦੇ ਸਟੋਰ ਹਨ, ਇਨ੍ਹਾਂ ਦੇ ਬਜ਼ੁਰਗਾਂ ਨੇ ਸਟੇਸ਼ਨ ‘ਤੇ ਬੈਠ ਕੇ ਬੂਟ ਪਾਲਸ਼ ਕੀਤੇ। ਫਿਰ ਮੋਢੇ ‘ਤੇ ਕੱਪੜਿਆਂ ਦੀ ਡਿੱਗੀ ਬੰਨ੍ਹ ਪਿੰਡ-ਪਿੰਡ ਜਾਂਦੇ। ਕੱਪੜੇ ਤੇ ਸ਼ਾਲਾਂ ਵੇਚੀਆਂ। ਇਕ ਤੋਂ ਮਗਰੋਂ ਦੂਜਾ ਕੰਮ ਕਰੀ ਗਏ। ਜਿੰਨੇ ਘਰ ਦੇ ਜੀਅ ਸਨ, ਸਾਰੇ ਕੰਮ ਕਰਦੇ। ਅੱਜ ਆਪਣੀ ਤੀਜੀ ਚੌਥੀ ਪੀੜ੍ਹੀ ਨੂੰ ਕਿਥੇ ਪਹੁੰਚਾ ਦਿੱਤਾ। ਅਸੀਂ ਘਰ ਦੇ ਮਾਲਕ ਹਾਂ। ਸਿਆੜ ਵੀ ਕੁਝ ਪੱਲੇ ਹੈਗੇ। ਕੁਝ ਹੋਰ ਕੰਮ ਕਰ ਲਵੋ। ਇਹ ਨਹੀਂ ਕਿ ਕਰਜ਼ਾ ਚੁੱਕ ਕੇ ਮੋਟਰ ਸਾਈਕਲ ਤੇ ਕਾਰ ਖਰੀਦੀ, ਮੌਜ ਕੀਤੀ। ਬੜੇ ਬਣ ਕੇ ਵਿਆਹ ਪੈਲੇਸਾਂ ਵਿਚ ਕੀਤੇ। ਬਜ਼ੁਰਗ ਕਹਿੰਦੇ ਹੁੰਦੇ ਸੀ, ਜੇ ਧੀ ਨਾ ਹੋਵੇ, ਘਰ ਦੀ ਦਹਿਲੀਜ਼ ਕੁਆਰੀ ਰਹਿੰਦੀ। ਜਿਸ ਘਰੋਂ ਧੀ ਚਹੁੰ ਖੂੰਜੀ ਚੌਲ ਛਿੜਕਦੀ ਵਿਦਾ ਨਹੀਂ ਹੁੰਦੀ, ਘਰ ਵਿਚ ਬਰਕਤ ਨਹੀਂ ਆਉਂਦੀ। ਗੱਲ ਤਾਂ ਠੀਕ ਨਿਕਲੀ। ਡੋਲੀਆਂ ਤੁਰੀਆਂ ਪੈਲੇਸਾਂ ਵਿਚੋਂ, ਲਾਸ਼ਾਂ ਨਿਕਲਦੀਆਂ ਖੂਹਾਂ ਵਿਚੋਂ, ਜਾਂ ਛੱਤਾਂ ਨਾਲ ਲਟਕਦੀਆਂ। ਭਾਬੀ ਗੁੱਸਾ ਨਾ ਮੰਨੀ! ਨਾ ਤਾਂ ਖਾਦ ਲਈ ਐਨੇ ਕਰਜ਼ੇ ਦੀ ਲੋੜ ਸੀ, ਨਾ ਬੀਜ ਲਈ। ਹੁਣ ਉਹ ਤਾਂ ਆਪਣੀ ਜੀਵਨ ਲੀਲ੍ਹਾ ਖਤਮ ਕਰ ਗਿਆ, ਉਸ ਨੂੰ ਅਸੀਂ ਮੋੜ ਕੇ ਲਿਆ ਨਹੀਂ ਸਕਦੇ, ਪਰ ਚੰਗੇ ਦਿਨ ਜ਼ਰੂਰ ਆ ਸਕਦੇ ਆ-ਸੋਚ ਨਾਲ ਚੱਲ ਕੇ, ਮਿਹਨਤ ਕਰ ਕੇ।”
ਸਵਰਨ ਕੌਰ ਰੋਂਦੀ-ਰੋਂਦੀ ਹੱਥ ਜੋੜ ਕੇ ਬੋਲੀ, “ਵੇ ਜੀਣ ਜੋਗਿਆ! ਮੇਰੇ ਦਿਨਾਂ ਦੀ ਤਾਂ ਗੱਲ ਨਾ ਕਰੀਂ। ਮੁੰਡੇ ਦਾ ਸਵਾਰ ਜੇ ਕੁਝ ਸਵਾਰ ਸਕਦਾ ਤੂੰ।”
“ਭਾਬੀ, ਸਵਰਨ ਦਾ ਰਾਹ ਆਪਾਂ ਨੂੰ ਤਾਂ ਮਿਲਣਾ, ਜੇ ਤੂੰ ਮੁੰਡੇ ਨੂੰ ਤਕੜੀ ਹੋ ਕੇ ਵਿਖਾਵੇਂਗੀ। ਤੇਰੇ ਓਹਲੇ ਖੜ੍ਹ ਕੇ ਅਸੀਂ, ਕਹਿਣ ਦਾ ਭਾਵ ਮੈਂ ਤੇ ਮੇਰਾ ਪਰਿਵਾਰ, ਪੂਰਾ ਤਾਣ ਲਾਵਾਂਗੇ।” ਜਗਜੀਤ ਸਿੰਘ ਨੇ ਕਿਹਾ ਤੇ ਆਪ ਚਲਾ ਗਿਆ।
ਵਾਪਸ ਆ ਕੇ ਚਰਨਜੀਤ ਆਪਣੀ ਬੇਬੇ ਕੋਲ ਬੈਠ ਕੇ ਬੋਲਿਆ, “ਬੇਬੇ ਮੈਨੂੰ ਪਤਾ ਤੈਨੂੰ ਕਿੰਨਾ ਫਿਕਰ ਹੋਵੇਗਾ। ਮੈਨੂੰ ਸ਼ੂਗਰ ਮਿੱਲ ਦੇ ਇਕ ਆਦਮੀ ਨੇ ਕਿਹਾ ਸੀ, ਕੰਮ ਲਗਵਾ ਦੇਵੇਗਾ। ਕੱਲ੍ਹ ਦਾ ਉਥੇ ਬੈਠਾ ਉਸ ਨੂੰ ਉਡੀਕਦਾ ਰਿਹਾ।”
ਫਿਰ ਦੋਹਾਂ ਨੇ ਨਹਾ ਕੇ ਰੋਟੀ ਖਾਧੀ, ਆਰਾਮ ਕੀਤਾ ਅਤੇ ਇਕ ਦੂਜੇ ਨੂੰ ਦਿਲਾਸੇ ਦਿੰਦੇ ਰਹੇ।
ਚਰਨਜੀਤ ਨੇ ਆਪਣੀ ਬੇਬੇ ਨੂੰ ਕਿਹਾ, “ਬੇਬੇ ਜੋ ਹੋ ਗਿਆ, ਓਹ ਮੁਆਫ ਕਰ ਦੇ। ਮੈਂ ਕਦੀ ਤੈਨੂੰ ਬਿਨਾ ਦੱਸੇ ਨਹੀਂ ਜਾਵਾਂਗਾ। ਪਰਸੋਂ ਭੈਣ ਦਾ ਫੋਨ ਆਇਆ ਸੀ ਕਿ ਜਲਦੀ ਆਪਣੇ ਜੀਜਾ ਜੀ ਹਰਦਿਆਲ ਸਿੰਘ ਕੋਲ ਜਲੰਧਰ ਪਹੁੰਚ। ਉਥੇ ਜਾਣਾ ਪਿਆ।”
“ਅੱਛਾ ਪੁੱਤਰਾ, ਗੁਰੂ ਤੇਰੇ ਸੰਕਟ ਕੱਟੇ।” ਬੇਬੇ ਨੇ ਕਿਹਾ।
ਉਦੋਂ ਹੀ ਦਰਵਾਜ਼ਾ ਖੁੱਲ੍ਹਿਆ ਅਤੇ ਜਗਜੀਤ ਸਿੰਘ ਤੇ ਗੁਰਬਚਨ ਕੌਰ ਅੰਦਰ ਆਏ। ਚਰਨਜੀਤ ਨੇ ਉਠ ਕੇ ਸਤਿ ਸ੍ਰੀ ਅਕਾਲ ਬੁਲਾਈ, ਚਾਚੀ ਦੇ ਪੈਰਾਂ ਨੂੰ ਹੱਥ ਲਾਇਆ। ਚਰਨਜੀਤ ਨੇ ਵਰਾਂਡੇ ਦੀ ਲਾਈਟ ਜਗਾਈ। ਮੰਜਾ ਸਿੱਧਾ ਕਰ ਕੇ ਦਰੀ ਵਿਛਾਉਣ ਲੱਗਾ। ਦੋਨੋਂ ਬੋਲ ਪਏ, “ਗਰਮੀ ਬਹੁਤ ਐ, ਤੂੰ ਦਰੀ ਵਿਛਾਉਣ ਲੱਗਾਂ, ਰਹਿਣ ਦੇਹ।”
ਦਰੀ ਛੱਡ, ਉਸ ਪੱਖਾ ਵੀ ਚਲਾ ਦਿੱਤਾ। ਉਹ ਦੋਨੋਂ ਬੈਠ ਗਏ।
ਚਰਨਜੀਤ ਹੱਥ ਜੋੜ ਕੇ ਬੋਲਿਆ, “ਚਾਚਾ ਜੀ, ਮੈਂ ਬਹੁਤ ਸ਼ਰਮਿੰਦਾ ਹਾਂ। ਤੁਸੀਂ ਐਨੀ ਤਕਲੀਫ ਕੀਤੀ। ਮੈਂ ਮੁੰਡੇ ਨੂੰ ਦੱਸ ਗਿਆ ਸੀ। ਉਹ ਮੱਸਿਆ ਨਹਾਉਣ ਫਿਲੌਰ ਚਲਾ ਗਿਆ।” ਸਾਰੀ ਮਜਬੂਰੀ ਦੱਸੀ। ਨਾਲੇ ਕਿਹਾ ਕਿ ਉਹਨੇ ਬੇਜੀ ਨੂੰ ਦੱਸ ਦਿੱਤਾ ਹੈ, ਅੱਗੇ ਤੋਂ ਕਦੀ ਬਿਨਾ ਦੱਸੇ ਨਹੀਂ ਜਾਵੇਗਾ।
“ਸਾਬਾਸ਼।” ਉਹ ਦੋਵੇਂ ‘ਕੱਠੇ ਬੋਲੇ।
ਚਰਨਜੀਤ ਸਿੰਘ ਨੇ ਕਿਹਾ, “ਦੁੱਧ ਗਰਮ ਹੈ, ਕਹੋ ਤਾਂ ਪੱਤੀ ਪਾ ਲਿਆਵਾਂ।”
“ਨਾ ਕਾਕਾ, ਅਸੀਂ ਓਪਰੇ ਆਂ ਕਿਤੇ! ਤੂੰ ਬੈਠ ਸਾਡੇ ਕੋਲ, ਤੇਰੇ ਚਾਚੇ ਨੇ ਗੱਲ ਕਰਨੀ ਤੇਰੇ ਨਾਲ।”
ਉਹ ਵੀ ਪੀੜ੍ਹੀ ‘ਤੇ ਬੈਠ ਗਿਆ।
ਚਾਚਾ ਬੋਲਿਆ, “ਦੇਖ ਜਵਾਨਾ, ਹੈ ਤਾਂ ਤੂੰ ਪੜ੍ਹਿਆ ਲਿਖਿਆ, ਤੇ ਮੈਂ ਅਨਪੜ੍ਹ। ਮੈਂ ਸੋਚਦਾ ਹਾਂ, ਮੇਰੀ ਗੱਲ ਮੇਰੇ ਵਰਗੇ ਅਨਪੜ੍ਹ ਨੇ ਨਹੀਂ ਮੰਨੀ, ਕੀ ਪਤਾ ਤੂੰ ਪੜ੍ਹਿਆ ਲਿਖਿਆ ਮੰਨ ਜਾਵੇਂ।”
ਚਰਨਜੀਤ ਨੇ ਹੱਥ ਜੋੜ ਕੇ ਕਿਹਾ, “ਚਾਚਾ ਜੀ, ਦੱਸੋ, ਜ਼ਰੂਰ ਮੰਨਾਂਗਾ। ਬਾਪੂ ਜੀ ਨੇ ਤਾਂ ਆਪਣੇ ਦਿਲ ਦੀ ਗੱਲ ਮੈਨੂੰ ਕਦੀ ਨਹੀਂ ਦੱਸੀ ਸੀ। ਘਰ ਦੀ ਹਾਲਤ ਕਦੀ ਨਹੀਂ ਦੱਸੀ। Ḕਸਭ ਕੁਝ ਠੀਕ ਹੈḔ ਮੈਂ ਤਾਂ ਇਹੀ ਸੁਣਦਾ ਰਿਹਾ। ਤੁਹਾਡੇ ਨਾਲ ਹੀ ਗੱਲ ਕਰ ਲੈਂਦੇ।” ਚਰਨਜੀਤ ਹਉਕੇ ਲੈਂਦਾ ਰੋਣ ਲੱਗ ਪਿਆ।
ਸਵਰਨ ਕੌਰ ਨੇ ਕਿਹਾ, “ਹੁਣ ਰੋ ਕੇ ਕੁਝ ਬਣਨਾ? ਗੱਲ ਸੁਣ ਧਿਆਨ ਨਾਲ ਤੇ ਅਮਲ ਕਰ। ਨਾਲੇ ਮਨ ਵਿਚ ਇਕ ਗੱਲ ਗੱਠ ਦੇ ਕੇ ਰੱਖ ਲੈ। ਦੁੱਖ-ਸੁੱਖ ਜੋ ਹੋਵੇ, ਕਿਸੇ ਨਾਲ ਜ਼ਰੂਰ ਸਾਂਝਾ ਕਰੀਦਾ ਹੈ। ਤੇਰੇ ਦੁੱਖ-ਸੁੱਖ ਦਾ ਸਾਂਝੀ ਤੇਰਾ ਚਾਚਾ ਹੈ, ਜੀਹਨੇ ਇਸ ਵੇਲੇ ਤੇਰੀ ਬਾਂਹ ਫੜੀ ਹੈ।”
ਕੁਝ ਦੇਰ ਸਾਰੇ ਚੁੱਪ ਰਹੇ। ਫਿਰ ਚਾਚਾ ਬੋਲਿਆ, “ਕੱਲ੍ਹ ਮੈਂ ਸ਼ਹਿਰ ਗਿਆ ਸੀ। ਹਰਦਿਆਲ ਸਿੰਘ ਨੇ ਹੀ ਬੁਲਾਇਆ ਸੀ। ਅਸੀਂ ਉਥੇ ਦੋ ਘੰਟੇ ਬੈਠੇ ਸੋਚ-ਵਿਚਾਰ ਕਰਦੇ ਰਹੇ। ਦੋਹਾਂ ਦੀ ਸੋਚ ਇਕ ਗੱਲ ‘ਤੇ ਮਿਲਦੀ ਹੈ। ਤੂੰ ਖੇਤੀ ਤਾਂ ਕੀ ਕਰੇਂਗਾ! ਦੁੱਧ ਦਾ ਕੰਮ ਸ਼ੁਰੂ ਕਰ। ਮੇਰੀ ਮੰਨ, ਸਵੇਰ ਤੋਂ ਹੀ ਇਹ ਕੰਮ ਸ਼ੁਰੂ ਕਰ। ਸਵੇਰੇ ਹੀ ਆਪਣੇ ਲਈ ਕਿਲੋ ਦੋ ਕਿਲੋ ਦੁੱਧ ਰੱਖ ਕੇ ਬਾਕੀ ਸੈਂਟਰ ‘ਤੇ ਦੇ ਆਵੋ। ਦੂਜੀ ਮੱਝ ਨੇ ਦੋ ਚਾਰ ਦਿਨ ਤੱਕ ਸੂ ਪੈਣਾ, ਦਸਾਂ ਦਿਨਾਂ ਤੱਕ ਹੋਰ ਦੁੱਧ ਹੋ ਜਾਵੇਗਾ। ਹਰਦਿਆਲ ਕਹਿੰਦਾ ਸੀ, ਉਨ੍ਹਾਂ ਦੇ ਤਿੰਨ ਮੱਝਾਂ ਦੁੱਧ ਦਿੰਦੀਆਂ, ਇਕ ਉਸ ਭੇਜ ਦੇਣੀ ਹੈ। ਤੇਰੇ ਖੇਤਾਂ ਵਿਚ ਚਾਰਾ ਬੀਜ ਦੇਵਾਂਗੇ। ਤੂੜੀ ਤਾਂ ਅਸੀਂ ਵੀ ਖੇਤਾਂ ਵਿਚ ਉਡੌਂਦੇ ਹਾਂ ਤੇ ਹਰਦਿਆਲ ਵੀ। ਐਨਾ ਬੜਾ ਵਿਹੜਾ ਤੇਰੇ ਇਥੇ, ਇਕ ਪਾਸੇ ਮੱਝਾਂ ਬੰਨ੍ਹਣ ਦਾ ਇਤਜ਼ਾਮ ਕਰ। ਭਾਬੀ ਦੇਖ ਭਾਲ ਕਰੂ। ਸੈਂਟਰ ਵਾਲਿਆਂ ਨੂੰ ਕਹਿ ਦੇਵਾਂਗੇ, ਇਥੋਂ ਦੁੱਧ ਲੈ ਜਾਇਆ ਕਰਨਗੇ। ਦੂਜੀ ਗੱਲ, ਤੂੰ ਨੌਕਰੀ ਭਾਲਦਾ ਸੀ। ਸਾਡੇ ਪਿੰਡ ਦੇ ਬੱਚੇ ਜਿਹੜੇ ਅੰਗਰੇਜ਼ੀ ਸਕੂਲ ਪੜ੍ਹਨ ਜਾਂਦੇ ਹਨ, ਸਕੂਲ ਤੋਂ ਆ ਕੇ ਮੁੜ ਟਿਊਸ਼ਨਾਂ ਲਈ ਸ਼ਹਿਰ ਜਾਂਦੇ ਹਨ, ਉਨ੍ਹਾਂ ਨੂੰ ਟਿਊਸ਼ਨਾਂ ਪੜ੍ਹਾ। ਉਹ ਸਾਰੀਆਂ ਕੁੜੀਆਂ ਤਗੇ ਦੇ ਟੱਬਰ ਦੀਆਂ ਹਨ। ਮੈਂ ਉਨ੍ਹਾਂ ਨਾਲ ਗੱਲ ਕੀਤੀ, ਨਾਲੇ ਕਿਹਾ, ਤੁਹਾਡੇ ਘਰ ਆ ਕੇ ਪੜ੍ਹਾਵੇਗਾ। ਉਹ ਤਾਂ ਖੁਸ਼ ਹੋ ਗਈ।”
ਚਰਨਜੀਤ ਦੀਆਂ ਅੱਖਾਂ ਵਿਚੋਂ ਹੰਝੂ ਕਿਰਨ ਲੱਗੇ। ਉਹਨੇ ਚਾਚੇ ਦੇ ਪੈਰਾਂ ‘ਤੇ ਸਿਰ ਰੱਖ ਦਿੱਤਾ। ਚਾਚਾ-ਚਾਚੀ ਨੇ ਉਸ ਦੇ ਸਿਰ ‘ਤੇ ਹੱਥ ਰੱਖੇ, “ਉਠ ਕਮਲਾ ਪੁੱਤ! ਸਭ ਠੀਕ ਹੋ ਜਾਵੇਗਾ।” ਨਾਲੇ ਆਪ ਉਠ ਕੇ ਖੜ੍ਹੇ ਹੋ ਗਏ।
ਤੁਰਨ ਵੇਲੇ ਜਗਜੀਤ ਸਿੰਘ ਫਿਰ ਬੋਲਿਆ, “ਭਾਬੀ ਸਵੇਰੇ ਪੂਰੇ ਦਿਨ ਲਈ ਦੁੱਧ ਰੱਖ ਲਵੀਂ। ਸ਼ਾਮ ਦਾ ਸਾਰਾ ਪਾ ਦੇਵੀਂ।”
ਚਰਨਜੀਤ ਉਨ੍ਹਾਂ ਨਾਲ ਬਾਹਰ ਤੱਕ ਗਿਆ। ਸਤਿ ਸ੍ਰੀ ਅਕਾਲ ਬੁਲਾ ਕੇ ਜਦ ਮੁੜਿਆ, ਉਸ ਨੂੰ ਇਉਂ ਲੱਗਾ, ਜਿਵੇਂ ਉਸ ਦੀਆਂ ਲੱਤਾਂ ਵਿਚ ਤਾਕਤ ਆ ਗਈ ਹੋਵੇ। ਮਾਂ ਦੇ ਮੰਜੇ ‘ਤੇ ਦਰੀ ਚਾਦਰ ਵਿਛਾ ਕੇ ਉਸ ਨੇ ਆਪਣਾ ਬਿਸਤਰਾ ਵੀ ਵਿਛਾ ਲਿਆ। ਦੋਵੇਂ ਸੌਂ ਗਏ।
ਸਵੇਰ ਤੋਂ ਚਾਚੇ ਦੇ ਆਦੇਸ਼ ਦੀ ਪਾਲਣਾ ਸ਼ੁਰੂ ਹੋ ਗਈ।
ਸਵੇਰੇ 9 ਵਜੇ ਚਰਨਜੀਤ ਦੀ ਭੈਣ ਚੰਨੋ, ਭਣੋਈਆ ਹਰਦਿਆਲ ਸਿੰਘ ਟਰੈਕਟਰ ਟਰਾਲੀ ਵਿਚ ਚਾਰ ਕਾਮੇ ਲੈ ਕੇ ਆ ਗਏ। ਹਰਦਿਆਲ ਨੇ ਚਰਨਜੀਤ ਨੂੰ ਕਿਹਾ, “ਟਰਾਲੀ ਵਿਚੋਂ ਸੀਮਿੰਟ ਤੇ ਰੇਤੇ ਦੇ ਬੋਰੇ ਉਤਰਵਾ ਕੇ ਵਿਹੜੇ ਵਿਚ ਰੱਖਵਾ ਲਵੇ। ਇਨ੍ਹਾਂ ਦੇ ਨਾਲ ਜਾ ਕੇ ਜਿਹੜਾ ਮੋਟਰ ਵਾਲਾ ਕਮਰਾ ਖਾਲੀ ਰੱਖਿਆ, ਉਸ ਦੀਆਂ ਇੱਟਾਂ ਪੁਟਵਾ ਲਿਆ, ਵਿਹੜੇ ਵਿਚ ਖੁਰਲੀ ਬਣਾ ਦੇਣਗੇ।”
ਚਰਨਜੀਤ ਚੁਪ-ਚਾਪ ਉਸੇ ਤਰ੍ਹਾਂ ਕਰਨ ਲੱਗ ਪਿਆ। ਦੋ ਘੰਟੇ ਵਿਚ ਟਰਾਲੀ ਇੱਟਾਂ ਦੀ ਆ ਗਈ। ਦੋ ਆਦਮੀ ਵਰਾਂਡੇ ਵਿਚ ਖੁਰਲੀ ਬਣਾਉਣ ਲੱਗ ਪਏ। ਚਰਨਜੀਤ ਦੋ ਆਦਮੀਆਂ ਦੇ ਨਾਲ ਮੁੜ ਬਾਕੀ ਬਚਿਆ ਕੰਮ ਕਰਨ ਚਲਾ ਗਿਆ। ਸ਼ਾਮ ਤੱਕ ਖੁਰਲੀ ਤਿਆਰ ਹੋ ਗਈ।
ਚਾਚਾ ਜੀ ਵੀ ਆ ਗਏ। ਚੰਨੋ ਨੇ ਚਾਹ ਬਣਾਈ। ਚਾਹ ਪੀਂਦੇ ਹਰਦਿਆਲ ਸਿੰਘ ਨੇ ਕਿਹਾ, “ਚਾਚਾ ਜੀ, ਮੈਂ ਇਕ ਹੋਰ ਸਲਾਹ ਦੇਣੀ ਚਾਹੁੰਦਾਂ, ਜੇ ਤੁਹਾਡੇ ਮਨ ਨੂੰ ਭਾਵੇ, ਤੇ ਸਾਡੇ ‘ਤੇ ਭਰੋਸਾ ਹੋਵੇ।”
“ਇਹ ਕਿਹੋ ਜਿਹੀ ਗੱਲ ਕੀਤੀ ਤੂੰ ਹਰਦਿਆਲ ਬੇਟਾ, ਤੇਰੇ ‘ਤੇ ਭਰੋਸਾ ਨਹੀਂ ਹੋਵੇਗਾ, ਤਾਂ ਹੋਰ ਕਿਸ ‘ਤੇ ਹੋਵੇਗਾ।” ਚਾਚਾ ਜੀ ਨੇ ਕਿਹਾ।
ਚਰਨਜੀਤ ਨੇ ਤਾਂ ਹਰਦਿਆਲ ਦੇ ਪੈਰਾਂ ‘ਤੇ ਹੱਥ ਰੱਖ ਕੇ ਕਿਹਾ, “ਭਾਈਆ ਜੀ, ਮੇਰੇ ਡੁਬਦੇ ਦੀ ਬੇੜੀ ਦੇ ਚੱਪੂ ਤੇ ਮਲਾਹ ਹੁਣ ਤੁਸੀਂ ਤੇ ਚਾਚਾ ਜੀ ਹੋ।”
ਹਰਦਿਆਲ ਬੋਲਿਆ, “ਫਿਰ ਸੁਣੋ, ਮੈਂ ਤੇ ਚੰਨੋ ਨੇ ਸਲਾਹ ਕੀਤੀ ਹੈ ਕਿ ਦੋ ਖੇਤ ਫਿਰਨੀ ਉਪਰ ਬਾਣੀਏ ਨੇ ਚਾਰ ਲੱਖ ਵਿਚ ਬਾਪੂ ਜੀ ਤੋਂ ਲਿਖਵਾ ਲਏ। ਮੈਂ ਚੰਨੋ ਵੱਲੋਂ ਖੇਤ ਛੁਡਵਾ ਲੈਂਦਾ ਹਾਂ। ਉਸ ਵਿਚੋਂ ਦੋ ਸੌ ਗਜ਼ ਦਾ ਪਲਾਟ ਕੱਟ ਕੇ ਚਾਰ ਲੱਖ ਵਿਚ ਵਿਕ ਜਾਣਾ। ਬਾਕੀ ਪੌਣੇ ਦੋ ਖੇਤ ਚਰਨਜੀਤ ਕੋਲ ਆ ਜਾਣਗੇ। ਚੰਨੋ ਨਾਲ ਹੀ ਲਿਖ ਕੇ ਦੇ ਦੇਵੇਗੀ ਕਿ ਇਕ ਇੰਚ ਦੀ ਵੀ ਮਾਲਕ ਨਹੀਂ।”
“ਵਾਹ ਪੁੱਤਰਾ! ਇਸ ਨੂੰ ਕਹਿੰਦੇ ਦਿਮਾਗ।” ਚਾਚਾ ਜੀ ਬੋਲੇ।
“ਜੇ ਮਨਜ਼ੂਰ ਹੈ, ਆਪਾਂ ਹੁਣੇ ਜਾ ਕੇ ਬਾਣੀਏ ਨੂੰ ਕਹਿੰਦੇ ਹਾਂ ਕਿ ਸੋਮਵਾਰ ਗਿਆਰਾਂ ਵਜੇ ਤਹਿਸੀਲ ਪਹੁੰਚ ਜਾਵੇ। ਅਸੀਂ ਲਿਖਤ ਪੜ੍ਹਤ ਕਰ ਕੇ ਪੈਸੇ ਦੇਵਾਂਗੇ।” ਹਰਦਿਆਲ ਨੇ ਕਿਹਾ।
ਸਾਰੇ ਕੰਮ ਯੋਜਨਾ ਅਨੁਸਾਰ ਸ਼ੁਰੂ ਹੋ ਗਏ। ਚਰਨਜੀਤ ਆਪ ਟਿਊਸ਼ਨਾਂ ਪੜ੍ਹਾਉਂਦਾ, ਰੋਜ਼ ਪੱਚੀ ਕਿਲੋ ਦੁੱਧ ਸੈਂਟਰ ‘ਤੇ ਪਾਉਂਦਾ। ਚਾਰ ਖੇਤ ਵੀ ਉਸ ਦੇ ਆਪਣੇ ਹੋ ਗਏ। ਉਸ ਦੀ ਬੇਬੇ ਜਿਸ ਕੋਲੋਂ ਘੜੇ ਵਿਚੋਂ ਪਾ ਕੇ ਪਾਣੀ ਪੀਣ ਦੀ ਹਿੰਮਤ ਨਹੀਂ ਸੀ, ਸਾਰਾ ਦਿਨ ਘਰ ਦਾ ਕੰਮ ਦੇਖਦੀ ਫਿਰਦੀ। ਕਈ ਵਾਰ ਰੋਂਦੀ ਵੀ ਬਹੁਤ। ਹਮੇਸ਼ਾ ਸੋਚਦੀ, ਜੇ ਪਹਿਲਾਂ ਉਸ ਕਿਸੇ ਨਾਲ ਗੱਲ ਕੀਤੀ ਹੁੰਦੀ, ਰਾਹ ਲੱਭ ਜਾਣਾ ਸੀ! ਹੁਣ ਪਿੰਡ ਦੀ ਕਿਸੇ ਔਰਤ ਨੂੰ ਮਿਲਦੀ, ਉਸ ਨੂੰ ਇਹੀ ਕਹਿੰਦੀ, ਆਪਣੇ ਆਦਮੀ ਦੇ ਦਿਲ ਦੀ ਗੱਲ ਜਾਣਨ ਦੀ ਕੋਸ਼ਿਸ਼ ਜ਼ਰੂਰ ਕਰਨਾ ਭੈਣੇ! ਘਰ ਦੇ ਖਰਚੇ-ਆਮਦਨ ਦਾ ਖਿਆਲ ਰੱਖਣਾ। ਵਿਤੋਂ ਬਾਹਰਾ ਖਰਚ ਹੋਵੇ, ਤਾਂ ਜਾਣੋ ਕਿਵੇਂ ਹੁੰਦਾ ਹੈ! ਆਪਣਾ ਦੁੱਖ ਤਕਲੀਫ ਜ਼ਰੂਰ ਕਿਸੇ ਨਾਲ ਸਾਂਝੀ ਕਰੋ। ਜੇ ਦਸ ਬੰਦੇ ਤੁਹਾਡੇ ਦੁੱਖ ਦੇ ਸਾਂਝੀ ਨਹੀਂ ਬਣਨਗੇ, ਗਿਆਰਵਾਂ ਬਣ ਜਾਊ। ਦੁੱਖ ਵੇਲੇ ਕੋਠੇ ਚੜ੍ਹ ਕੇ ਦੁਹਾਈ ਦੇਵੋ। ਦਿਲ ਵਿਚ ਨਾ ਛੁਪਾਓ ਕੋਈ ਵੀ ਦੁੱਖ। ਆਤਮ-ਹੱਤਿਆ ਕਰਨ ਵਾਲੇ ਕਾਇਰ ਹੁੰਦੇ ਨੇ। ਪਹਿਲਾਂ ਉਨ੍ਹਾਂ ਵਿਚ ਹਿੰਮਤ ਨਹੀਂ ਹੁੰਦੀ ਆਪਣਾ ਦੁੱਖ ਸਾਂਝਾ ਕਰਨ ਦੀ, ਫੇਰ ਜੀਵਨ ਵਿਚ ਆਈਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਹੁੰਦੀ। ਮੂੰਹ ਛੁਪਾ ਕੇ ਪਰਿਵਾਰ ਦੇ ਦੁੱਖ ਦਾ ਖਿਆਲ ਨਾ ਕਰ ਕੇ ਮੌਤ ਨੂੰ ਗਲੇ ਲਾ ਲੈਂਦੇ ਹਨ। ਸਾਡੇ ਵੱਲ ਹੀ ਦੇਖੋ। ਮੌਕੇ ‘ਤੇ ਮੁੰਡੇ ਦਾ ਕੰਮ ਤੁਰ ਪਿਆ। ਸਰਕਾਰ ਵਲ ਹੁਣ ਨਹੀਂ ਦੇਖਦਾ, ਹੌਲੀ ਹੌਲੀ ਕਰਜ਼ਾ ਲਾਹ ਦੇਣਾ ਹੁਣ ਜੀਣ ਜੋਗੇ ਚਰਨਜੀਤ ਨੇ। ਸੁੱਖ ਭੋਗਣ, ਜਿਨ੍ਹੀਂ ਰਾਹੇ ਪਾਇਆ, ਮਦਦ ਕੀਤੀ। ਰੱਬ ਉਨ੍ਹਾਂ ਦਾ ਸਦਾ ਭਲਾ ਕਰੇ।”
ਉਸ ਨੂੰ ਬੋਲਦੀ ਦੇਖ ਆਸੇ-ਪਾਸੇ ਦੇ ਘਰਾਂ ਵਾਲੀਆਂ ਬਾਹਰ ਆ ਕੇ ਉਸ ਦੀਆਂ ਗੱਲਾਂ ਸੁਣਨ ਲੱਗ ਪੈਂਦੀਆਂ। ਕਈ ਕਹਿ ਦਿੰਦੀਆਂ, “ਮੈਨੂੰ ਇਉਂ ਲਗਦਾ, ਜਿਵੇਂ ਇਸ ਅੰਦਰ ਕੋਈ ਹੋਰ ਬੋਲ ਰਿਹਾ ਹੈ।”
ਕੋਈ ਕਹਿੰਦੀ, “ਭਾਵੇਂ ਕੁਝ ਵੀ ਕਹੋ, ਗੱਲਾਂ ਸਾਰੀਆਂ ਪੂਰੀਆਂ ਸੱਚੀਆਂ ਹਨ।”
ਕੱਲ੍ਹ ਗੁਰਦੁਆਰੇ ਮੱਥਾ ਟੇਕ ਕੇ ਬਾਹਰ ਨਿਕਲੀਆਂ ਸਵਰਨ ਕੌਰ ਤੇ ਦੋ-ਤਿੰਨ ਹੋਰ ਸਨ। ਪੰਚ ਅਮਰੀਕ ਸਿੰਘ ਨੇ ਪੁਛਿਆ, “ਬੀਬੀ ਕੀ ਹਾਲ ਚਾਲ ਐ?”
ਸਵਰਨ ਕੌਰ ਨੇ ਹੱਥ ਜੋੜ ਕੇ ਕਿਹਾ, “ਵੀਰਾ ਸਭ ਭਲਾ।” ਉਹ ਸੁਣ ਕੇ ਹੈਰਾਨ ਹੋ ਗਿਆ। ਉਸ ਸੋਚਿਆ ਸੀ, ਦੁਖੜੇ ਰੋਵੇਗੀ। ਕੁਝ ਸਰਕਾਰ ਨੂੰ ਬੁਰਾ ਭਲਾ ਕਹੂ, ਕੁਝ ਪੰਚਾਇਤ ਨੂੰ। ਕਿਸੇ ਕੋਈ ਮਦਦ ਜੁ ਨਹੀਂ ਸੀ ਕੀਤੀ। ਇਸ ‘ਤੇ ਉਸ ਦੇ ਬੋਲਣ ਲਈ ਵੀ ਰਾਹ ਨਹੀਂ ਛੱਡਿਆ। ਫਿਰ ਆਪੇ ਬੋਲਿਆ, “ਭੈਣੇ ਭਲਾ ਤਾਂ ਸਾਨੂੰ ਪਤਾ ਹੈ। ਸਾਡੀ ਵਾਹ ਕਿਸੇ ਅੱਗੇ ਨਹੀਂ ਚਲਦੀ। ਨਾ ਸਰਕਾਰ ਅੱਗੇ, ਨਾ ਹੀ ਬੰਦਿਆਂ ਅੱਗੇ।”
ਸਵਰਨ ਕੌਰ ਉਥੇ ਖੜ੍ਹੀ ਹੋ ਗਈ, “ਭਰਾਵਾ! ਮੈਂ ਤਾਂ ਇਕ ਗੱਲ ਸਮਝ ਲਈ, ਤੇ ਆਪਣੇ ਮੁੰਡੇ ਨੂੰ ਵੀ ਸਮਝਾ ਦਿੱਤੀ, ਮਿਹਨਤ ਕਰ ਦਬ ਕੇ, ਚਾਦਰ ਦੇਖ ਕੇ ਪੈਰ ਪਸਾਰੋ, ਸਾਰੇ ਕਾਰਜ ਰਾਸ। ਜੇ ਹੱਥ ਹਿਲਾਵੋ ਨਾ, ਤੇ ਖਰਚ ਕਰੋ ਬੇਹਿਸਾਬ, ਸਾਰੇ ਕਾਰਜ ਨਾਸ। ਹੁਣ ਇਸੇ ਮੰਤਰ ਨੂੰ ਗਲ ਪਾ ਲਿਆ। ਜੋ ਉਸ ਸਤਿਗੁਰੂ ਨੇ ਦਿਖਾਉਣਾ, ਖਿੜੇ ਮੱਥੇ ਦੇਖਣਾ।”
ਕੁਝ ਮੁੰਡੇ ਵੀ ਉਥੇ ਖੜ੍ਹੇ ਸਨ, ਉਹ ਬੋਲੇ, “ਬੇਬੇ ਜੀ! ਤੁਸੀਂ ਤਾਂ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ।”
ਹੋਰ ਵੀ ਜੋ ਅੰਦਰੋਂ ਆਇਆ, ਉਥੇ ਖੜ੍ਹ ਗਿਆ। ਪੰਚ ਤਾਂ ਉਸ ਦੀਆਂ ਗੱਲਾਂ ਸੁਣ ਕੇ ਐਨਾ ਹੈਰਾਨ ਹੋਇਆ ਕਿ ਉਸ ਨੂੰ ਪਤਾ ਨਹੀਂ ਸੀ ਲੱਗ ਰਿਹਾ, ਖੜ੍ਹਾ ਰਹੇ ਜਾਂ ਚਲਾ ਜਾਵੇ।
ਸਵਰਨ ਕੌਰ ਤਾਂ ਜਿਵੇਂ ਕਿਸੇ ਰੈਲੀ ਨੂੰ ਸੰਬੋਧਨ ਕਰ ਰਹੀ ਸੀ, “ਤੁਸੀਂ ਸੁਣਿਆ ਹੋਵੇਗਾ, ਬਾਰ ਦਾ ਇਲਾਕਾ ਜੋ ਹੁਣ ਪਾਕਿਸਤਾਨ ਹੈ, ਅੰਗਰੇਜ਼ਾਂ ਆਬਾਦ ਕਰਵਾਇਆ ਸੀ। ਸਾਡੇ ਹੀ ਬਜ਼ੁਰਗਾਂ ਪੰਜਾਬੀ ਜੱਟਾਂ ਦੇ ਡੌਲਿਆਂ ਨੇ ਜੰਗਲ ਵੱਢ ਕੇ ਉਸ ਧਰਤੀ ‘ਤੇ ਨਹਿਰਾਂ ਪੁੱਟੀਆਂ, ਉਸ ਧਰਤੀ ਨੂੰ ਵਾਹ-ਸੁਹਾਗ ਕੇ ਫਸਲਾਂ ਉਗਾਈਆਂ। ਉਹ ਜਮੀਨ ਸੱਚ-ਮੁੱਚ ਸੋਨੇ ਜਿਹੀ ਕਣਕ ਉਗਣ ਲੱਗ ਪਈ। ਆਹ ਤਾਂ ਥੋੜ੍ਹੇ ਸਮੇਂ ਪਹਿਲਾਂ ਦੀ ਗੱਲ ਆ, ਜਦ ਯੂæਪੀæ ਵਾਲਿਆਂ ਆਪਣਾ ਤਰਾਈ ਦਾ ਬੰਜਰ, ਜੰਗਲੀ ਪਹਾੜਾਂ ਦੇ ਪੈਰਾਂ ਥੱਲੇ ਦੇ ਇਲਾਕੇ ਨੂੰ ਆਬਾਦ ਕਰਨ ਦੀ ਸੋਚੀ। ਉਥੇ ਵੀ ਪਹੁੰਚੇ ਪੰਜਾਬੀ। ਕਿਹੜੀ ਮੁਸ਼ਕਿਲ ਨਹੀਂ ਸੀ ਉਥੇ-ਸ਼ੇਰ, ਚੀਤੇ, ਧਰਤੀ ‘ਤੇ ਖੜ੍ਹੋਵੋ ਤਾਂ ਸੱਪ ਜੀਭਾਂ ਕੱਢਦੇ। ਮੱਛਰ ਐਸੇ ਕਿ ਸਿਰ ‘ਤੇ ਲੜ ਜਾਵੇ, ਐਸਾ ਬਖਾਰ ਚੜ੍ਹਦਾ, ਨਾਲ ਲੈ ਕੇ ਜਾਂਦਾ, ਪਰ ਉਸ ਧਰਤੀ ਨੂੰ ਮੱਖਣ ਵਰਗੀ ਕਰ ਦਿੱਤਾ। ਹੁਣ ਪੰਜਾਬੀਆਂ ਨੂੰ ਕੱਢ ਦਿੱਤਾ ਬਾਹਰ। ਸਾਡੀ ਹੋਣੀ ਇਹੀ ਲਿਖੀ ਹੈ। ਹੁਣ ਬੰਦਿਆਂ ਕਿਹੜਾ ਘੱਟ ਕੀਤੀ। ਜਦ ਫਸਲ ਹੋ ਜਾਂਦੀ, ਮੁੱਲ ਨਹੀਂ ਪੈਂਦਾ। ਕੋਈ ਬਿਮਾਰੀ ਲੱਗ ਜਾਂਦੀ। ਅਸੀਂ ਫਸਲ ਮੰਡੀ ਵਿਚ ਵਿਕਣ ਤੋਂ ਪਹਿਲਾਂ ਕਰਜ਼ੇ ਲੈ ਲੈਂਦੇ। ਇਹੀ ਗਲਤੀ ਕੀਤੀ। ਹੁਣ ਤਾਂ ਪੁੱਤਰੋ, ਆਪੇ ਆਪਣੀਆਂ ਨਹਿਰਾਂ ਤੇ ਸੂਏ ਸੰਭਾਲੋ, ‘ਕੱਠੇ ਹੋ ਕੇ ਸਮੇਂ ਸਿਰ ਸਫਾਈ ਸੰਭਾਲ ਕਰ ਲਵੋ।”
ਉਸ ਦੀ ਆਵਾਜ਼ ਟੁੱਟਦੀ ਪਈ ਸੀ। ਲੱਤਾਂ ਕੰਬਦੀਆਂ, ਪਰ ਬੋਲੀ ਗਈ, “ਪਿੰਡ ਦੀ ਧੀ-ਭੈਣ ਨੂੰ ਆਪਣੀ ਸਮਝੋ। ਰਲ ਕੇ ਕੰਮ ਕਰੋ। ਨਸ਼ੇ ਛੱਡ ਦਿਓ। ਉਜੜਦੇ ਵਸ ਜਾਵਾਂਗੇ। ਸਾਨੂੰ ਕੀ ਲੋੜ ਪੁੱਤਾਂ ਦੇ ਹੁੰਦਿਆਂ, ਸਰਕਾਰ ਅੱਗੇ ਪੱਲੇ ਵਿਛਾਈਏ, ਬੱæææਸ!”
ਭਾਈ ਜੀ ਵੀ ਸਰੋਤਿਆਂ ਵਿਚ ਖੜ੍ਹੇ ਸਨ। ਮੁੰਡਿਆਂ ਨੇ ਉਸ ਨੂੰ ਚੁੱਕ ਕੇ ਬੋਹੜ ਦੇ ਥੜ੍ਹੇ ‘ਤੇ ਬਿਠਾ ਦਿੱਤਾ।
ਭਾਈ ਜੀ ਬੋਲੇ, “ਹੁਣ ਜਵਾਨੋ ਲੱਕ ਬੰਨ੍ਹ ਲਵੋ। ਬੇਬੇ ਨੇ ਤੁਹਾਨੂੰ ਨਵੇਂ ਇਨਕਲਾਬ ਦਾ ਸੁਨੇਹਾ ਦਿੱਤਾ ਹੈ। ਹੁਣ ਬੇਬੇ ਦਾ ਇਨਕਲਾਬ ਆ ਕੇ ਰਹੇਗਾ।”