ਕਰਾਚੀ ਦੀ ‘ਬਰਮਾ ਕਾਲੋਨੀ’

ਡਾæ ਗੁਰਨਾਮ ਕੌਰ, ਕੈਨੇਡਾ
ਕਹਾਵਤ ਹੈ ਕਿ ਬੰਦਾ ਜਿੱਥੇ ਵੀ ਜਾਂਦਾ ਹੈ, ਉਸ ਦੀ ਕਿਸਮਤ ਉਸ ਦੇ ਨਾਲ ਹੀ ਜਾਂਦੀ ਹੈ। ਭੁੱਖ ਅਤੇ ਦੁੱਖ ਦੇ ਮਾਰੇ ਲੋਕ ਕੁਝ ਆਪਣੇ ਆਪ ਤੇ ਕੁਝ ਧੱਕੇ-ਧਕਾਏ ਰੋਜ਼ੀ-ਰੋਟੀ ਦੀ ਭਾਲ ਵਿਚ ਮੁੱਢ ਕਦੀਮ ਤੋਂ ਹੀ ਸਫਰ (ਪੰਜਾਬੀ ਤੇ ਅੰਗਰੇਜ਼ੀ- ਦੋਵਾਂ ਵਾਲਾ) ਵਿਚ ਪੈਂਦੇ ਆਏ ਹਨ। ਛੋਟੇ ਹੁੰਦਿਆਂ ਪਿੰਡ ਵਿਚ ਵਿਆਹ-ਸ਼ਾਦੀ ਸਮੇਂ ਜਾਂ ‘ਤੀਆਂ’ ਦੇ ਗਿੱਧੇ ਵਿਚ ਇੱਕ ਬੋਲੀ ਆਮ ਸੁਣੀ ਜਾਂਦੀ ਸੀ, ‘ਨਾ ਜਾਹ ਬਰਮਾ ਨੂੰ, ਲੇਖ ਜਾਣਗੇ ਨਾਲੇ।’ ਜਿਸ ਵੇਲੇ ਇਹ ਬੋਲੀ ਕਿਸੇ ਨੇ ਘੜੀ ਹੋਵੇਗੀ, ਉਦੋਂ ਬਰਮਾ (ਹੁਣ ਦਾ ਮਿਆਂਮਾਰ) ਸ਼ਾਇਦ ਕਮਾਈ ਕਰਨ ਲਈ ਵਧੀਆ ਮੁਲਕ ਹੁੰਦਾ ਹੋਵੇਗਾ ਜਾਂ ਸ਼ਾਇਦ ਜਿਵੇਂ ਪੰਜਾਬੀਆਂ ਦਾ ਸੁਭਾਅ ਟਿਕ ਕੇ ਨਾ ਬੈਠ ਸਕਣ ਦਾ ਹੈ,

ਉਸ ਅਨੁਸਾਰ ਰੀਸੋ-ਰੀਸ ਕਮਾਈ ਕਰਨ ਬਰਮਾ ਨੂੰ ਤੁਰ ਪੈਂਦੇ ਹੋਣਗੇ। ਬੋਲੀ ਦਾ ਮਕਸਦ ਸ਼ਾਇਦ ਇਹ ਦੱਸਣਾ ਰਿਹਾ ਹੋਵੇ ਕਿ ਜਿਸ ਨੇ ਕਮਾਈ ਕਰਨੀ ਹੈ, ਉਸ ਨੇ ਆਪਣੇ ਵਤਨ ‘ਚ ਰਹਿ ਕੇ ਵੀ ਭੁੱਖਾ ਨਹੀਂ ਮਰਨਾ ਤੇ ਜਿਸ ਨੇ ਮਿਹਨਤ ਕਰਨ ਤੋਂ ਜੀਅ ਚੁਰਾਉਣਾ ਹੈ, ਉਹ ਭਾਵੇਂ ਜਿੱਥੇ ਮਰਜ਼ੀ ਚਲਾ ਜਾਵੇ, ਉਸ ਨੇ ਆਪਣਾ ਢਿੱਡ ਕਿਧਰੇ ਵੀ ਭਰ ਨਹੀਂ ਸਕਣਾ।
ਜਿਨ੍ਹਾਂ ਲੋਕਾਂ ਦੀ ਅੱਜ ਕੱਲ ਅਖਬਾਰਾਂ ਵਿਚ ਚਰਚਾ ਹੋ ਰਹੀ ਹੈ, ਉਹ ਪੰਜਾਬੀ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਦਾ ਪੰਜਾਬੀ ਸੁਭਾਅ ਜਾਂ ਉਪਰਲੀ ਬੋਲੀ ਨਾਲ ਕੋਈ ਸਬੰਧ ਹੈ। ਹਾਂ, ਉਨ੍ਹਾਂ ਦਾ ਸਬੰਧ ਕਿਸੇ ਵੇਲੇ ਬਰਮਾ ਭਾਵ ਹੁਣ ਦੇ ਮਿਆਂਮਾਰ ਨਾਲ ਜ਼ਰੂਰ ਹੈ। ਖਬਰਾਂ ਅਨੁਸਾਰ ਇਹ ‘ਰੋਹਿੰਗਿਆ’ ਲੋਕ 200 ਕੁ ਸੌ ਸਾਲ ਪਹਿਲਾਂ ਭਾਵ ਅੰਗਰੇਜ਼ਾਂ ਵੇਲੇ ਬੰਗਾਲ ਤੋਂ ਬਰਮਾ ਵਿਚ ਜਾ ਕੇ ਵੱਸੇ ਅਤੇ ਜੰਗਲਾਂ ਨੂੰ ਕੱਟ ਕੱਟ ਕੇ ਇਨ੍ਹਾਂ ਨੇ ਜਮੀਨਾਂ ਵਾਹੀ ਯੋਗ ਕੀਤੀਆਂ, ਜਿਨ੍ਹਾਂ ‘ਤੇ ਹੁਣ ਕਈ ਪੁਲਿਸ ਅਫਸਰਾਂ ਦੀ ਅੱਖ ਹੈ। ਮਿਆਂਮਾਰ, ਜਿੱਥੇ ਇਹ ਜੰਮੇ ਪਲੇ ਹਨ, ਦੀ ਸਰਕਾਰ ਨੇ ਇਨ੍ਹਾਂ ਨੂੰ ਮਿਆਂਮਾਰ ਦੇ ਸ਼ਹਿਰੀ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ ਹੈ। ਇਹ ਲੋਕ ਕੌਣ ਹਨ, ਇਨ੍ਹਾਂ ਨੂੰ ਕਿਉਂ ਤੇ ਕਿਵੇਂ ਕੱਢਿਆ ਜਾ ਰਿਹਾ ਹੈ ਅਤੇ ਗੁਆਂਢੀ ਮੁਲਕ-ਭਾਰਤ ਤੇ ਬੰਗਲਾਦੇਸ਼ ਇਨ੍ਹਾਂ ਬੇਘਰ ਹੋਏ ਲੋਕਾਂ ਨੂੰ ਲੈਣ ਤੋਂ ਕਿਉਂ ਨਾਂਹ ਕਰ ਰਹੇ ਹਨ ਤੇ ਇਨ੍ਹਾਂ ਵਿਚੋਂ ਕਿੰਨੇ ਮੁਸਲਿਮ ਹਨ ਤੇ ਕਿੰਨੇ ਹਿੰਦੂ? ਆਦਿ ਸਭ ਕੁਝ ਪਾਠਕਾਂ ‘ਪੰਜਾਬ ਟਾਈਮਜ਼’ ਦੇ ਪਿਛਲੇ ਅੰਕਾਂ ਵਿਚ ਪੜ੍ਹ ਚੁਕੇ ਹਨ।
ਗੁਆਂਢੀ ਮੁਲਕਾਂ ਦਾ ਆਪਣਾ ਤਰਕ ਹੈ ਪਰ ਹੈਰਾਨੀ ਮਿਆਂਮਾਰ ਦੀ ਸਰਕਾਰ ‘ਤੇ ਹੁੰਦੀ ਹੈ ਕਿ ਏਨੇ ਲੰਬੇ ਸਮੇਂ ਤੋਂ ਰਹਿ ਰਹੇ ਲੋਕਾਂ ਨੂੰ ਉਥੋਂ ਦੇ ਵਸਨੀਕ ਮੰਨਣ ਤੋਂ ਹੀ ਇਨਕਾਰ ਕਿਵੇਂ ਕੀਤਾ ਜਾ ਸਕਦਾ ਹੈ! ਜੋ ਉਥੇ ਹੀ ਜੰਮੇ-ਪਲੇ ਤੇ ਪਰਵਾਨ ਚੜ੍ਹੇ ਹਨ, ਉਨ੍ਹਾਂ ਦੀ ਨਾਗਰਿਕਤਾ ਕੁਦਰਤੀ ਹੈ ਜਿਸ ਤੋਂ ਨਾਂਹ ਨਹੀਂ ਕੀਤੀ ਜਾ ਸਕਦੀ ਭਾਵੇਂ ਕਦੀ ਉਨ੍ਹਾਂ ਦੀਆਂ ਜੜ੍ਹਾਂ ਹੁਣ ਦੇ ਬੰਗਲਾਦੇਸ਼ ਜਾਂ ਭਾਰਤੀ ਬੰਗਾਲ ਵਿਚ ਹੁੰਦੀਆਂ ਹੋਣਗੀਆਂ।
ਮੈਨੂੰ ਸਾਲ 2006 ਦੀ ਇੱਕ ਗੱਲ ਚੇਤੇ ਆ ਗਈ ਹੈ। ਮੈਂ ਆਪਣੇ ਪੋਤੇ ਦੇ ਜਨਮ ‘ਤੇ ਇਥੇ ਕੈਨੇਡਾ ਆਈ ਹੋਈ ਸਾਂ। ਉਦੋਂ ਮੇਰੇ ਬੇਟੇ ਦੇ ਗੁਆਂਢ ਵਿਚ ਇੱਕ ਵੈਸਟ ਇੰਡੀਜ਼ ਤੋਂ ਜਾਪਦਾ ਨੌਜੁਆਨ ਰਹਿੰਦਾ ਸੀ। ਉਹ ਮੇਰੇ ਪੋਤੇ ਨੂੰ ਸ਼ਗਨ ਦੇਣ ਘਰ ਆਇਆ ਤਾਂ ਉਸ ਨੇ ਦੱਸਿਆ ਕਿ ਉਨ੍ਹਾਂ ਦੇ ਵਡੇਰੇ ਦੱਖਣੀ ਭਾਰਤ ਦੇ ਸਮੁੰਦਰ ਕੰਢੇ ਕਿਸੇ ਥਾਂ ਜਾਂ ਸ਼ਾਇਦ ਕਿਸੇ ਟਾਪੂ ਦੇ ਵਸਨੀਕ ਸਨ ਜਿਨ੍ਹਾਂ ਨੂੰ ਦੋ ਢਾਈ ਸੌ ਸਾਲ ਪਹਿਲਾਂ ਅੰਗਰੇਜ਼ ਜਬਰੀ ਗੰਨੇ ਦੇ ਖੇਤਾਂ ਵਿਚ ਕੰਮ ਕਰਨ ਲਈ ਲੈ ਆਏ ਅਤੇ ਅੱਜ ਵੀ ਉਨ੍ਹਾਂ ਦੇ ਘਰਾਂ ਵਿਚ, ਉਸ ਦੇ ਕਹਿਣ ਅਨੁਸਾਰ ‘ਮਾਂ ਲਕਸ਼ਮੀ’ ਦੀ ਪੂਜਾ ਹੁੰਦੀ ਹੈ। ਉਸ ਨੇ ਦੱਸਿਆ ਕਿ ਉਹ ਭਾਰਤ ਜਾ ਕੇ ਆਪਣੀਆਂ ਜੜ੍ਹਾਂ ਤਲਾਸ਼ ਕਰਨੀਆਂ ਚਾਹੁੰਦਾ ਹੈ ਕਿ ਉਸ ਦੇ ਵਡੇਰੇ ਕਿੱਥੋਂ ਦੇ ਰਹਿਣ ਵਾਲੇ ਸਨ? ਉਸ ਦੇ ਪੰਜਾਬੀ ਦੋਸਤ ਇੰਦਰਜੀਤ ਤੂਰ ਨੇ ਉਸ ਨਾਲ ਵਾਅਦਾ ਕੀਤਾ ਹੈ ਕਿ ਉਹ ਉਸ ਨੂੰ ਭਾਰਤ ਲੈ ਕੇ ਜਾਵੇਗਾ। ਅਫਰੀਕਾ ਤੋਂ ਅਨੇਕਾਂ ਸਿਆਹਫਾਮ ਲੋਕਾਂ ਨੂੰ ਗੁਲਾਮ ਬਣਾ ਕੇ ਕਪਾਹ ਦੇ ਖੇਤਾਂ ‘ਚ ਕੰਮ ਕਰਨ ਲਈ ਅਮਰੀਕਾ ਲਿਆਂਦਾ ਗਿਆ ਪਰ ਅਮਰੀਕਾ ਉਨ੍ਹਾਂ ਦਾ ਪੱਕਾ ਮੁਲਕ ਹੈ ਅਤੇ ਰਹੇਗਾ। ਇਸੇ ਤਰ੍ਹਾਂ ਸਦੀਆਂ ਤੋਂ ਰਹਿ ਰਹੇ ‘ਰੋਹਿੰਗਿਆ’ ਲੋਕਾਂ ਦਾ ਵੀ ਮਿਆਂਮਾਰ ਪੱਕਾ ਮੁਲਕ ਹੈ ਅਤੇ ਉਨ੍ਹਾਂ ਨੂੰ ਉਥੋਂ ਦੇ ਸ਼ਹਿਰੀ ਨਾ ਮੰਨਣਾ ਅਤੇ ਦਰ-ਬ-ਦਰ ਕਰ ਦੇਣਾ ਜਿੱਥੇ ਗੈਰ-ਸੰਵਿਧਾਨਕ ਹੈ, ਉਥੇ ਅਨੈਤਿਕ ਵੀ ਹੈ।
ਪਾਕਿਸਤਾਨ ‘ਚ ਇਸ ਗੱਲ ‘ਤੇ ਕਾਫੀ ਹੋ-ਹੱਲਾ ਮੱਚ ਰਿਹਾ ਹੈ ਕਿ ਮਿਆਂਮਾਰ ਦੇ ਰੋਹਿੰਗਿਆ ਸ਼ਰਨਾਰਥੀਆਂ ਨੂੰ ਬੰਗਲਾਦੇਸ਼ ਜਾਂ ਭਾਰਤ ‘ਚ ਪਨਾਹ ਮਿਲਣੀ ਚਾਹੀਦੀ ਹੈ। ਪਾਕਿਸਤਾਨੀ ਅਖਬਾਰ ‘ਡਾਨ’ ਦੀ ਇੱਕ ਰਿਪੋਰਟ ਅਨੁਸਾਰ ਮਿਆਂਮਾਰ ਦੇ ਰਖਾਇਨ ਸੂਬੇ ਦੇ ਮੁਸਲਿਮ ਘੱਟ ਗਿਣਤੀ ਰੋਹਿੰਗਿਆ ਵੱਸੋਂ ਨੂੰ ਨਿਸ਼ਾਨਾ ਬਣਾਏ ਜਾਣ ਨੇ ਕਰਾਚੀ ਦੇ ਆਪਣੇ ਅਹਿਮ ਰੋਹਿੰਗਿਆ ਵੱਸੋਂ ‘ਤੇ ਰੌਸ਼ਨੀ ਪਾਈ ਹੈ। ਕਮਾਲ ਦੀ ਗੱਲ ਹੈ ਕਿ ਪਾਕਿਸਤਾਨ ‘ਚ ਰਹਿ ਰਹੇ ‘ਰੋਹਿੰਗਿਆ’ ਲੋਕਾਂ ਦੀ ਵੱਸੋਂ ਵਾਲੀ ਥਾਂ ਨੂੰ ਵੀ ‘ਬਰਮਾ ਕਾਲੋਨੀ’ ਕਰਕੇ ਜਾਣਿਆ ਜਾਂਦਾ ਹੈ, ਜਿਸ ਤੋਂ ਇਉਂ ਲੱਗਦਾ ਹੈ ਕਿ ਇਨ੍ਹਾਂ ਦਾ ਅਸਲੀ ਮੁਲਕ ਮਿਆਂਮਾਰ ਹੀ ਹੈ।
ਖਬਰ ਅਨੁਸਾਰ ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨੀ ਪਾਸਪੋਰਟ ਹੋਣਾ ਕੋਈ ਮਾਇਨੇ ਨਹੀਂ ਰੱਖਦਾ, ਖਾਸ ਕਰਕੇ ਉਨ੍ਹਾਂ ਦੇ ਸਾਹਮਣੇ ਜਿਨ੍ਹਾਂ ਕੋਲ ਤਾਕਤ ਹੈ। ਮੁਹੰਮਦ ਨਾਂ ਦਾ ਇੱਕ ਸ਼ਖਸ ਦੱਸਦਾ ਹੈ ਕਿ ਉਸ ਦੇ ਪਾਸਪੋਰਟ ‘ਤੇ ਜੇ ਜਾਰੀ ਕਰਨ ਦੀ ਤਰੀਕ ਦੇਖੀ ਜਾਵੇ ਤਾਂ ਇਹ ’31 ਜੁਲਾਈ 1954’ ਲਿਖੀ ਹੋਈ ਹੈ ਜਦੋਂ ਪਾਸਪੋਰਟ ਜਾਰੀ ਕੀਤਾ ਗਿਆ ਅਤੇ ਉਨ੍ਹਾਂ ਨੂੰ ਫਿਰ ਵੀ ਪੁੱਛਦੇ ਹਨ ਕਿ ਆਪਣੀ ਕੌਮੀਅਤ (ਨੈਸ਼ਨੈਲਿਟੀ) ਸਾਬਤ ਕਰੋ, ਤੇ ਸਾਰੇ ਰੋਹਿੰਗੇ ਇਸ ‘ਤੇ ਇਕਸੁਰ ਹੋ ਕੇ ਬੋਲਦੇ ਹਨ। ਮੁਹੰਮਦ ਅਨੁਸਾਰ ਉਹ ਕੋਈ ਨੌਂ ਜਣੇ ਅਰਾਕਾਨ ਮੁਸਲਿਮ ਪ੍ਰਾਇਮਰੀ ਸਕੂਲ ਤੇ ਸੈਕੰਡਰੀ ਸਕੂਲ ਦੇ ਬਾਹਰ ਗੋਲ ਦਾਇਰੇ ਵਿਚ ਝੁੰਡ ਬਣਾ ਕੇ ਬੈਠੇ ਹਨ, ਜਦਕਿ ਉਨ੍ਹਾਂ ਦੇ ਦੁਆਲੇ ਜ਼ਿੰਦਗੀ ਆਮ ਰੂਪ ‘ਚ ਅੱਗੇ ਵਧ ਰਹੀ ਹੈ। ਇਹ ਕਰਾਚੀ ਦੀ ‘ਬਰਮਾ ਕਾਲੋਨੀ’ ਹੈ ਜਿਸ ਵਿਚ ਕਰੀਬ 55,000 ਰੋਹਿੰਗਿਆ ਮੁਸਲਿਮ ਰਹਿੰਦੇ ਹਨ। ਭਾਵੇਂ ਹੋਰ ਕਾਲੋਨੀਆਂ ਵੀ ਹਨ ਜਿਨ੍ਹਾਂ ‘ਚ ਰੋਹਿੰਗਿਆ ਮੁਸਲਿਮ ਰਹਿੰਦੇ ਹਨ ਪਰ ਇਹ ਸਭ ਤੋਂ ਵੱਡੀ ਕਾਲੋਨੀ ਹੈ ਜੋ ਸ਼ਹਿਰ ਦੇ ਕੋਰੰਗੀ ਸਨਅਤੀ ਖੇਤਰ ਦੇ ਕੰਢੇ ਵਸੀ ਹੋਈ ਹੈ। ਉਤਪਾਦਾਂ ਦੇ ਨਾਲ ਨਾਲ ਕੋਰੰਗੀ ਤੇ ਨੇੜਲਾ ਖੇਤਰ ਲੰਧੀ ਘੱਟ ਤਨਖਾਹਦਾਰ ਮਜ਼ਦੂਰ ਵੀ ਪੈਦਾ ਕਰਦਾ ਹੈ ਜੋ ਦੋਵਾਂ ਖੇਤਰਾਂ ਤੋਂ ਪਾਰ ਲੰਘਦੀ ਮੁੱਖ ਸੜਕ ਦੇ ਕੰਢਿਆਂ ਤੋਂ ਪਰੇ ਛੋਟੀਆਂ ਛੋਟੀਆਂ ਵਸਤੀਆਂ ਵਿਚ ਰਹਿ ਰਹੇ ਹਨ। ਬਰਮਾ ਕਾਲੋਨੀ ਦਾ ਪ੍ਰਬੰਧ ਵੀ ਦੂਜੀਆਂ ਕਾਲੋਨੀਆਂ ਵਾਂਗ ਐਥਨਿਕ ਆਧਾਰ ‘ਤੇ ਕੀਤਾ ਜਾਂਦਾ ਹੈ। ਔਸ-ਪੜੌਸ ਵਿਚ ਬਹੁਤ ਸਾਰੇ ਅਜਿਹੇ ਹਨ ਜਿਨ੍ਹਾਂ ਦਾ ਦਾਅਵਾ ਹੈ ਕਿ ਉਹ ਬੰਗਲਾਦੇਸ਼ ਬਣਨ ਤੋਂ ਬਹੁਤ ਪਹਿਲਾਂ ਦੇ (ਪੱਛਮੀ) ਪਾਕਿਸਤਾਨ ਵਿਚ ਆਏ ਹੋਏ ਹਨ।
ਰੋਹਿੰਗਿਆ ਵਿਚੋਂ ਬਹੁਤੇ ਜਣੇ ਅਫਸਰਾਂ ਕੋਲ ਆਪਣੇ ਆਪ ਦੀ ਪਛਾਣ ‘ਬੰਗਾਲੀ’ ਵਜੋਂ ਕਰਾਉਂਦੇ ਹਨ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਪਾਕਿਸਤਾਨੀ ਨਾਗਰਿਕਤਾ ਦੇ ਦਾਅਵੇ ਦਾ ਮੌਕਾ ਮਿਲ ਜਾਂਦਾ ਹੈ। ਇਹ ਕੇਵਲ ਮਿਆਂਮਾਰ ਵਿਚ ਹੋਈਆਂ ਸੱਜਰੀਆਂ ਘਟਨਾਵਾਂ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਜਨਤਕ ਤੌਰ ‘ਤੇ ਆਪਣੀ ਪਛਾਣ ਅਪਨਾਉਣ ਲਈ ਪ੍ਰੇਰਿਆ ਹੈ। ਇੱਕ ਬਜ਼ੁਰਗ ਦੁਕਾਨਦਾਰ ਜੋ ਮੁਸ਼ਕਿਲ ਨਾਲ ਹੀ ਉਰਦੂ ਬੋਲ ਸਕਦਾ ਹੈ, ਨੇ ਦੱਸਿਆ ਕਿ ਉਹ 1965 ਵਿਚ ਗਭਰੇਟ ਉਮਰੇ ਇੱਥੇ ਆਇਆ ਸੀ। ਉਸ ਦਾ ਪੁੱਤ ਹੁਣ ਤਿੰਨ ਬੱਚਿਆਂ ਦਾ ਬਾਪ ਹੈ। 25 ਸਾਲਾ ਮੁਹੰਮਦ ਦੱਸਦਾ ਹੈ ਕਿ ਇੱਥੇ ਰਹਿਣਾ ਸਰਾਪ ਹੈ। ਲੋਕ ਉਨ੍ਹਾਂ ਦੀਆਂ ਨੌਕਰੀ ਦੀਆਂ ਅਰਜ਼ੀਆਂ ਨਕਾਰ ਦਿੰਦੇ ਹਨ, ਜਦੋਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਉਹ ਬਰਮਾ ਕਾਲੋਨੀ ਤੋਂ ਹਨ। ਸ਼ਾਇਦ ਦੂਜਿਆਂ ਵੱਲੋਂ ਉਨ੍ਹਾਂ ਨੂੰ ਇਸ ਤਰ੍ਹਾਂ ਨਕਾਰਨਾ ਹੀ ਹੈ ਜੋ ਰੋਹਿੰਗਿਆਂ ਅੰਦਰ ਇੱਕ-ਦੂਜੇ ਦੀ ਮਦਦ ਲਈ ਪਹੁੰਚਣ ਦੀ ਭਾਵਨਾ ਨੂੰ ਤਕੜਿਆਂ ਕਰਦਾ ਹੈ। ਬਰਮਾ ਕਾਲੋਨੀ ਪੂਰੀ ਤਰ੍ਹਾਂ ਸੰਯੁਕਤ ਹੋਇਆ ਭਾਈਚਾਰਾ ਹੈ ਜਿੱਥੇ ਹਰ ਕੋਈ ਇੱਕ ਦੂਜੇ ਨੂੰ ਜਾਣਦਾ ਹੈ। ਇਸ ਨਾਲ ਉਨ੍ਹਾਂ ‘ਚ ਇਹ ਵਿਸ਼ਵਾਸ ਦ੍ਰਿੜ ਹੋਇਆ ਹੈ ਕਿ ਜਿਉਂਦੇ ਰਹਿਣ ਦਾ ਇੱਕੋ ਇੱਕ ਰਸਤਾ ਪਰੰਪਰਾ ਨਾਲ ਜੁੜੇ ਹੋਣਾ ਹੈ, ਜੋ ਬਦਲੇ ਵਿਚ ਸਮਾਜਿਕ ਸੁਰੱਖਿਆ ਅਤੇ ਸੰਭਾਲ ਪ੍ਰਦਾਨ ਕਰਦੀ ਹੈ। ਕਾਲੋਨੀ ਵਿਚ ਔਰਤਾਂ ਇਧਰ-ਉਧਰ ਨਹੀਂ ਘੁੰਮਦੀਆਂ ਤੇ ਜੋ ਨਜ਼ਰ ਆਉਂਦੀਆਂ ਹਨ, ਉਹ ਸਿਰ ਤੋਂ ਪੈਰਾਂ ਤੱਕ ਢਕੀਆਂ ਟੋਲਿਆਂ ਵਿਚ ਹੁੰਦੀਆਂ ਹਨ ਜਾਂ ਆਦਮੀ ਦੀ ਸੁਰੱਖਿਆ ਵਿਚ ਹੁੰਦੀਆਂ ਹਨ। ਕਾਲੋਨੀ ਨੇ ਆਪਣਾ ਵਿਸ਼ਵਾਸ ‘ਸੋæਸ਼ਲ ਏਡ ਕਮੇਟੀ’ ਵਿਚ ਦ੍ਰਿੜਾਇਆ ਹੈ।
ਇੱਕ ਕਮਿਉਨਿਟੀ ਕਾਰਕੁਨ ਇਫਤਿਕਾਰ, ਜੋ ਪੜੌਸ ਦੀ ਮਸਜਿਦ ਵਿਚ ਧਾਰਮਿਕ ਕਾਰਜ ਕਰਦਾ ਹੈ, ਅਨੁਸਾਰ ਉਹ ਦਫਨਾਉਣ ਵਰਗੇ ਕਾਰਜ ਕਰਦੇ ਹਨ, ਰਾਤ ਵੇਲੇ ਕਾਲੋਨੀ ‘ਚ ਪਹਿਰਾ ਦਿੰਦੇ ਹਨ। ਜੇ ਕਿਸੇ ਥਾਂ ਕੋਈ ਮਸਲਾ ਆ ਜਾਵੇ ਤਾਂ ਲੋਕ ਉਨ੍ਹਾਂ ਨੂੰ ਖਬਰ ਦੇ ਦਿੰਦੇ ਹਨ। ਉਸ ਅਨੁਸਾਰ ਉਨ੍ਹਾਂ ਦੇ ਕੁਝ ਨੌਜਵਾਨ ਨਸ਼ਿਆਂ ਦੇ ਆਦੀ ਹੋ ਗਏ ਹਨ। ਉਨ੍ਹਾਂ ਨੇ ਅਜਿਹੇ ਨੌਜਵਾਨਾਂ ਨੂੰ ਸਿਖਿਅਤ ਕਰ ਕੇ ਉਨ੍ਹਾਂ ਨੂੰ ਇਲਾਜ ਲਈ ਦਾਖਲ ਕਰਾਇਆ ਹੈ। ਉਨ੍ਹਾਂ ਦੀ ਯੂਨੀਅਨ ਦਾ ਚੇਅਰਮੈਨ ਅਬਦੁਲ ਹਲੀਮ ਇੱਕ ਦਾੜ੍ਹੀ ਵਾਲਾ ਬਜ਼ੁਰਗ ਹੈ ਜੋ 1979 ਤੋਂ ਸਥਾਨਕ ਚੋਣਾਂ ਲੜਦਾ ਆ ਰਿਹਾ ਹੈ। ਪਹਿਲਾਂ ਇਫਤਿਕਾਰ ਦਾ ਬਾਪ ਮੌਲਾਨਾ ਅਬਦੁਲ ਕੁਦੁਸ ਮੋਜ਼ਾਹਿਰੀ ਕੌਂਸਲਰ ਸੀ। ਹੁਣ ਅਬਦੁਲ ਹਲੀਮ ਆਪਣੀ ਨਾਗਰਿਕਤਾ ਬਹਾਲ ਕਰਨ ਲਈ ਥਾਂ ਥਾਂ ਦੇ ਧੱਕੇ ਖਾ ਰਿਹਾ ਹੈ, ਜਿਸ ਦਾ ਪਹਿਲਾ ਸ਼ਨਾਖਤੀ ਕਾਰਡ ਜ਼ੁਲਿਫਕਾਰ ਭੁੱਟੋ ਦੇ ਸਮੇਂ 1973-74 ਵਿਚ ਬਣਿਆ ਸੀ। ਪੁਰਾਣੀ ਪੀੜ੍ਹੀ ਦੇ 80% ਲੋਕਾਂ ਕੋਲ ਇਸ ਕਿਸਮ ਦੇ ਸ਼ਨਾਖਤੀ ਕਾਰਡ ਹਨ। ਉਨ੍ਹਾਂ ਨੇ ਸੋਚਿਆ ਕਿ ਜਦੋਂ ਉਨ੍ਹਾਂ ਦੇ ਹੱਥ ਉਹ ਸ਼ਨਾਖਤੀ ਕਾਰਡ ਇੱਕ ਵਾਰ ਆ ਗਏ, ਤਾਂ ਉਨ੍ਹਾਂ ਨੂੰ ਕਿਸੇ ਹੋਰ ਦਸਤਾਵੇਜ਼ ਦੀ ਲੋੜ ਨਹੀਂ ਤੇ ਉਹ ਹੁਣ ਸਦਾ ਲਈ ਸੁਰਖਿੱਅਤ ਹਨ। ਕਮਿਉਨਿਟੀ ਕਾਰਕੁਨ ਇਬਰਾਹੀਮ ਦਬੀ ਹਾਸੀ ਹੱਸਦਿਆਂ ਕਹਿੰਦਾ ਹੈ ਕਿ ਉਸ ਵਿਅੰਗ ਦੀ ਕਲਪਣਾ ਕਰੋ ਕਿ ਉਨ੍ਹਾਂ ਨੇ ਹਲੀਮ ਸਾਹਿਬ ਕਾਰਨ ਸ਼ਨਾਖਤੀ ਕਾਰਡ ਲਏ ਅਤੇ ਹੁਣ ਉਹ ਆਪ ਹੀ ਸ਼ਨਾਖਤੀ ਕਾਰਡ ਦੇ ਯੋਗ ਨਹੀਂ ਹੈ।
ਬਰਮਾ ਕਾਲੋਨੀ ‘ਚ ਕੋਈ ਅਜਿਹਾ ਘਰ ਨਹੀਂ ਬਚਿਆ ਜਿਸ ਨੇ ਮਿਆਂਮਾਰ ਦੀ ਘਟਨਾ ਵਿਚ ਕੋਈ ਮਿੱਤਰ-ਪਿਆਰਾ ਨਾ ਖੋਇਆ ਹੋਵੇ। ਇਬਰਾਹਿਮ ਅਨੁਸਾਰ ਹੁਣੇ ਜਿਹੇ ਉਸ ਦੇ ਸਹੁਰੇ ਦੇ ਭਰਾ ਦਾ ਮਿਆਂਮਾਰ ਦੀ ਫੌਜ ਵੱਲੋਂ ਕਤਲ ਕਰ ਦਿੱਤਾ ਗਿਆ। ਭਰਾ ਵੀ ਮਾਰਿਆ ਜਾਂਦਾ ਪਰ ਸਹੁਰੇ ਨੇ ਬੰਗਲਾਦੇਸ਼ ਪਹੁੰਚਣ ਲਈ ਉਸ ਦਾ ਪ੍ਰਬੰਧ ਕਰ ਦਿੱਤਾ। ਉਹ ਇਸ ਕਰਕੇ ਹੋ ਸਕਿਆ ਕਿ ਇਬਰਾਹਿਮ ਨੇ ਉਸ ਨੂੰ ਪੈਸੇ ਭੇਜੇ ਸਨ। ਉਸ ਨੇ ਸਾਰੀ ਕਹਾਣੀ ਦੱਸੀ ਕਿ ਉਨ੍ਹਾਂ ਨੂੰ ਫੋਨ ‘ਤੇ ਸੁਨੇਹਾ ਮਿਲਿਆ ਸੀ ਕਿ ਮਿਆਂਮਾਰ ਤੇ ਬੰਗਲਾਦੇਸ਼ ਵਿਚ ਪੈਂਦਾ ਦਰਿਆ ਪਾਰ ਕਰਨ ਲਈ ਉਸ ਨੂੰ ਦਸ ਹਜ਼ਾਰ ਬੰਗਲਾਦੇਸ਼ੀ ਟਕਾ ਚਾਹੀਦਾ ਹੈ। ਜਿਹੜੇ ਬੰਦੇ ਸਰਹੱਦ ‘ਤੇ ਲੋਕਾਂ ਨੂੰ ਦਰਿਆ ਪਾਰ ਕਰਾ ਕੇ ਬੰਗਲਾਦੇਸ਼ ਤੱਕ ਪਹੁੰਚਾਉਣ ਲਈ ਕਿਸ਼ਤੀ ਚਲਾਉਂਦੇ ਹਨ, ਉਹ ਖੈਰੀਅਤ ਨਾਲ ਪਾਰ ਲਗਾਉਣ ਲਈ ਪ੍ਰਤੀ ਵਿਅਕਤੀ ਪੰਜ ਹਜ਼ਾਰ ਟਕਾ ਲੈਂਦੇ ਹਨ ਅਤੇ ਬਾਕੀ ਦਾ ਪੰਜ ਹਜ਼ਾਰ ਬੰਗਲਾਦੇਸ਼ ਦੇ ਰਫਿਊਜ਼ੀ ਕੈਂਪਾਂ ‘ਚ ਰਿਸ਼ਵਤ ਵਜੋਂ ਦੇਣਾ ਪੈਂਦਾ ਹੈ। ਜੇ ਤੁਸੀਂ ਇਹ ਰਕਮ ਅਦਾ ਕਰ ਦਿੰਦੇ ਹੋ ਤਾਂ ਤੁਹਾਡੇ ਦਸਤਾਵੇਜ਼ਾਂ ਦੀ ਛਾਣਬੀਣ ਛੇਤੀ ਹੋ ਜਾਂਦੀ ਹੈ ਅਤੇ ਤੁਹਾਨੂੰ ਮਰਜ਼ੀ ਦਾ ਮੁਹੱਲਾ ਮਿਲ ਜਾਂਦਾ ਹੈ। ਇਬਰਾਹਿਮ ਨੇ ਬੰਗਲਾਦੇਸ਼ ਵਿਚ ਭਰੋਸੇਯੋਗ ਸੂਤਰ ਨੂੰ ਪੈਸੇ ਭੇਜ ਦਿੱਤੇ ਅਤੇ ਉਸ ਸੂਤਰ ਨੇ ਉਸੇ ਵਕਤ ਉਹ ਪੈਸਾ ਕਿਸ਼ਤੀ ਵਾਲੇ ਵਿਚੋਲੇ ਦੇ ਬੈਂਕ-ਖਾਤੇ ਵਿਚ ਬਦਲੀ ਕਰਾ ਦਿੱਤਾ। ਉਨ੍ਹਾਂ ਨੇ 14,000 ਰੁਪਏ ਭੇਜੇ ਸਨ ਜੋ ਦਸ ਹਜ਼ਾਰ ਟਕੇ ਦੇ ਬਰਾਬਰ ਹਨ।
ਉਸ ਦੱਸਿਆ ਕਿ ਬਰਮਾ ਕਾਲੋਨੀ ਦੇ ਬਾਸ਼ਿੰਦੇ ਕਿਵੇਂ ਰਹਿ ਰਹੇ ਹਨ ਅਤੇ ਕਿਸ ਤਰ੍ਹਾਂ ਪੈਸਾ ਬਚਾਇਆ ਤੇ ਖਰਚਿਆ ਜਾਂਦਾ ਹੈ। ਇੱਕ ਪਰਿਵਾਰ ਔਸਤਨ 10 ਜੀਆਂ ਦਾ ਹੈ, ਜਿਸ ਵਿਚ ਪਤੀ-ਪਤਨੀ ਉਨ੍ਹਾਂ ਦੇ ਘੱਟੋ ਘੱਟ ਛੇ ਬੱਚੇ ਅਤੇ ਪਤੀ ਦੇ ਮਾਂ-ਬਾਪ ਸ਼ਾਮਲ ਹੁੰਦੇ ਹਨ। ਜੋ ਚੰਗਾ ਕਮਾਉਂਦੇ ਹਨ, ਉਨ੍ਹਾਂ ਦੀ ਆਮਦਨ ਕਰੀਬ 25,000 ਰੁਪਏ ਮਹੀਨਾ ਹੈ ਅਤੇ ਹਰ ਪਰਿਵਾਰ ਵਿਚੋਂ ਘੱਟੋ ਘੱਟ ਇੱਕ ਜੀਅ ਬਾਹਰਲੇ ਮੁਲਕ ਵਿਚ ਕੰਮ ਕਰਦਾ ਹੈ। ਕੰਮ ਦੀ ਆਮ ਮਸ਼ਹੂਰ ਥਾਂ ਸਾਉਦੀ ਅਰਬ ਹੈ ਤੇ ਫਿਰ ਅਰਬ ਅਮੀਰਾਤ, ਦੁਬਈ, ਮਲਾਇਆ ਤੇ ਤੁਰਕੀ ਆਉਂਦੇ ਹਨ। ਕਰਾਚੀ ਵਿਚ ਰਹਿਣ ਵਾਲੇ ਆਪਣੇ ਟੱਬਰ ਦਾ ਢਿੱਡ ਭਰਨ ਲਈ ਦੋ-ਦੋ, ਤਿੰਨ-ਤਿੰਨ ਨੌਕਰੀਆਂ ਕਰਦੇ ਹਨ ਅਤੇ ਪਰਿਵਾਰ ਦੇ ਬਾਹਰ ਰਹਿੰਦੇ ਬੰਦੇ ਵੀ ਪੈਸਾ ਭੇਜਦੇ ਰਹਿੰਦੇ ਹਨ। ਅਜਿਹਾ ਪੈਸਾ ਵੱਡੇ ਖਰਚਾਂ ਜਿਵੇਂ ਵਿਆਹ-ਸ਼ਾਦੀਆਂ ਅਤੇ ਅਚਾਨਕ ਪੈਣ ਵਾਲੀਆਂ ਲੋੜਾਂ ਲਈ ਬਚਾ ਕੇ ਰੱਖਿਆ ਜਾਂਦਾ ਹੈ। ਇਸ ਸਮੇਂ ਬੱਚਤ ਦਾ ਬਹੁਤਾ ਹਿੱਸਾ ਮਿਆਂਮਾਰ ਵਿਚ ਫਸੇ ਪਰਿਵਾਰਾਂ ਨੂੰ ਬੰਗਲਾਦੇਸ਼ ਵਿਚ ਪਹੁੰਚਣ ਲਈ ਮਦਦ ਕਰਨ ਵਿਚ ਵਰਤਿਆ ਜਾ ਰਿਹਾ ਹੈ।
ਅਰਾਕਾਨ ਨਿਊਜ਼ ਏਜੰਸੀ ਵੱਲੋਂ ਪਾਈ ਇੱਕ ਵੀਡੀਓ ਵਿਚ ਬੰਗਲਾਦੇਸ਼ ਦੇ ਕੈਂਪ ਵਿਚਲੀਆਂ ਦੋ ਔਰਤਾਂ ਦੀ ਇੰਟਰਵਿਊ ਦਿਖਾਈ ਹੋਈ ਹੈ ਜਿਨ੍ਹਾਂ ਦੀ ਉਮਰ 60 ਤੇ 70 ਸਾਲ ਹੈ ਅਤੇ ਦੋਵਾਂ ਦੇ ਪਤੀ ਮਿਆਂਮਾਰ ਦੀ ਫੌਜ ਵੱਲੋਂ ਮਾਰ ਦਿੱਤੇ ਗਏ। ਇੱਕ ਵਿਧਵਾ ਔਰਤ ਦੱਸ ਰਹੀ ਹੈ ਕਿ ਔਰਤਾਂ ਨਾਲ ਕਿਸ ਤਰ੍ਹਾਂ ਬਲਾਤਕਾਰ ਕੀਤਾ ਜਾ ਰਿਹਾ ਹੈ, ਕਿਸ ਤਰ੍ਹਾਂ ਉਨ੍ਹਾਂ ਦੇ ਗੁਪਤ ਅੰਗਾਂ ਵਿਚ ਤਸੀਹੇ ਦੇ ਕੇ ਪੁੱਛਿਆ ਜਾਂਦਾ ਹੈ ਕਿ ਕੀ ਉਨ੍ਹਾਂ ਨੇ ਰੋਹਿੰਗਿਆ ਬੱਚਿਆਂ ਨੂੰ ਜਨਮ ਦਿੱਤਾ ਹੈ ਅਤੇ ਜੇ ਉਹ ‘ਹਾਂ’ ਕਹਿੰਦੀਆਂ ਹਨ ਤਾਂ ਗੋਲੀ ਮਾਰ ਦਿੱਤੀ ਜਾਂਦੀ ਹੈ। ਯੁਨਾਈਟਿਡ ਨੇਸ਼ਨਜ਼ ਦੇ ਹਾਈ ਕਮਿਸ਼ਨ ਦੇ ਰਫਿਊਜ਼ੀਆਂ ਲਈ ਨਿਯੁਕਤ ਅਫਸਰਾਂ ਨੇ ਵੀ ਅਜਿਹੇ ਖੁਲਾਸੇ ਕੀਤੇ ਹਨ। ਬੱਚਿਆਂ ਬਾਰੇ ਬਹੁਤ ਭਿਆਨਕ ਖਬਰਾਂ ਮਿਲੀਆਂ ਹਨ ਜਿਨ੍ਹਾਂ ਅਨੁਸਾਰ ਛੋਟੀ ਉਮਰ ਦੇ ਬੱਚਿਆਂ ਨੂੰ ਕਿਵੇਂ ਚਾਕੂਆਂ ਨਾਲ ਤਸੀਹੇ ਦੇ ਦੇ ਕੇ ਮਾਰਿਆ ਗਿਆ ਹੈ। ਸਕਿਉਰਿਟੀ ਅਫਸਰਾਂ ਵੱਲੋਂ ਔਰਤਾਂ ਦਾ ਗੈਂਗ-ਰੇਪ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਰੋਹਿੰਗਿਆ ਦੀ ਜ਼ਮੀਨ ਹਥਿਆਉਣ ਦੀ ਯੋਜਨਾ ਅਨੁਸਾਰ ਕੀਤਾ ਜਾ ਰਿਹਾ ਹੈ ਤਾਂ ਕਿ ਉਥੇ ਨਵੇਂ ਪ੍ਰਾਜੈਕਟ ਲਾਏ ਜਾ ਸਕਣ।
1947 ਦੀ ਵੰਡ ਯਾਦ ਆ ਜਾਂਦੀ ਹੈ ਜਦੋਂ ਇਸੇ ਤਰ੍ਹਾਂ ਹਿੰਦੂ-ਮੁਸਲਿਮ ਫਸਾਦਾਂ ਵਿਚ ਲੋਕ ਵੱਢੇ-ਟੁੱਕੇ ਗਏ ਅਤੇ ਉਹ ਜ਼ਖਮ ਹਾਲੇ ਤੱਕ ਠੀਕ ਨਹੀਂ ਹੋਏ। ਖਦਸ਼ਾ ਇਹ ਹੈ ਕਿ ਮਿਆਂਮਾਰ ਵਿਚ ਹੋ ਰਿਹਾ ਕਤਲੇਆਮ ਕਿਤੇ ਕਰਾਚੀ ਵਿਚ ਤਾਂ ਅਜਿਹੀ ਹਿੰਸਾ ਨਹੀਂ ਭੜਕਾ ਦੇਵੇਗਾ? ਇਹ ਬੇਵਸੀ ਕਿੱਥੋਂ ਤੱਕ ਮਾਰ ਕਰੇਗੀ? ਉਸ ਦਾ ਕਹਿਣਾ ਹੈ ਕਿ ਹਰ ਘਰ ਨੇ ਮਿਆਂਮਾਰ ਵਿਚ ਕਿਸੇ ਨਾ ਕਿਸੇ ਰਿਸ਼ਤੇਦਾਰ ਨੂੰ ਖੋਇਆ ਹੈ ਪਰ ਉਨ੍ਹਾਂ ਵਿਚੋਂ ਕਿਸੇ ਨੇ ਵੀ ਨਿਰਾਸ਼ ਹੋ ਕੇ ਅਪਰਾਧ ਵਾਲਾ ਪੱਖ ਨਹੀਂ ਅਪਨਾਇਆ। ਉਨ੍ਹਾਂ ਲਈ ਇਸ ਵੇਲੇ ਸਭ ਤੋਂ ਅਹਿਮ ਗੱਲ ਆਪਣੇ ਫਸ ਚੁਕੇ ਰਿਸ਼ਤੇਦਾਰਾਂ ਨਾਲ ਰਾਬਤਾ ਕਾਇਮ ਕਰਨਾ ਹੈ।