ਰੱਬ ਉਨ੍ਹਾਂ ਦਾ ਭਲਾ ਕਰੇ

‘ਪੰਜਾਬ ਟਾਈਮਜ਼’ ਦੇ ਪਾਠਕ ਗਾਹੇ-ਬਗਾਹੇ ਉਘੀ ਲਿਖਾਰੀ ਕਾਨਾ ਸਿੰਘ ਦੀਆਂ ਲਿਖਤਾਂ ਪੜ੍ਹਦੇ ਰਹੇ ਹਨ। ਸੱਚਮੁੱਚ ਉਹ ਸ਼ਬਦਾਂ ਦੀ ਜਾਦੂਗਰ ਹੈ। ਉਹਦੀ ਹਰ ਲਿਖਤ ਸਹਿਜ ਅਤੇ ਸੁਹਜ ਦੀ ਤਸਦੀਕ ਹੋ ਨਿਬੜਦੀ ਹੈ। ਉਹ ਗੱਲਾਂ ਗੱਲਾਂ ਵਿਚ ਹੋਰ ਗੱਲਾਂ ਲਈ ਪਿੜ ਮੋਕਲਾ ਕਰਦੀ ਜਾਂਦੀ ਹੈ। ‘ਰੱਬ ਉਨ੍ਹਾਂ ਦਾ ਭਲਾ ਕਰੇ’ ਵਿਚ ਵੀ ਉਸ ਨੇ ਬੜੇ ਸਹਿਜ ਨਾਲ ਆਪਣੀ ਗੱਲ ਆਖ ਸੁਣਾਈ ਹੈ।

-ਸੰਪਾਦਕ

ਕਾਨਾ ਸਿੰਘ
ਫੋਨ: 91-95019-44944

ਸੰਨ ਦੋ ਹਜ਼ਾਰ ਦੋ ਦਾ ਬਸੰਤ ਦਿਵਸ ਅਤੇ ਸ਼ਾਮ ਦੇ ਸਾਢੇ ਸੱਤ ਵਜੇ।
ਮੋਰਾਂ ਦੀ ਬੁਣਤੀ ਦੇ ਤੋਤਾ ਰੰਗੇ ਪੱਲੂ ਵਾਲੀ ਬਸੰਤੀ ਸਾੜ੍ਹੀ ਵਿਚ ਲੈਸ ਤੇ ਖਿੜੀ-ਖਿੜੀ ਮੈਂ ਚੰਡੀਗੜ੍ਹ ਦੇ ਟੈਗੋਰ ਥੀਏਟਰ ਦੇ ਸਮਾਗਮ ਵਿਚ ਸ਼ਾਮਲ ਹੋਣ ਮਗਰੋਂ ਘਰ ਲਈ ਆਟੋ ਪਕੜਿਆ। ਘਰ ਦੇ ਨੇੜੇ ਵਾਲੇ ਗੁਲਾਬ ਬਾਗ (ਰੋਜ਼ ਗਾਰਡਨ) ਸਾਹਵੇਂ ਆਟੋ ਛੱਡ ਕੇ ਪੈਰੋ ਪੈਰ ਘਰ ਵੱਲ ਮੂੰਹ ਕੀਤਾ।
ਪੈਰ-ਪੰਧ ਉਪਰ ਤੁਰਦੀ ਆ ਰਹੀ ਸਾਂ ਕਿ ਕੰਡੇ ਦੀ ਚੋਭ ਜਿਹੀ ਨਾਲ ਖੱਬੀ ਲੱਤ ਦੇ ਹੇਠਲੇ ਹਿੱਸੇ ਸੰਗ ਕੁਝ ਕੂਲਾ ਕੂਲਾ ਅੜਦਾ ਜਿਹਾ ਜਾਪਿਆ। ਸਾੜ੍ਹੀ ਨੂੰ ਰਤਾ ਉਤਾਂਹ ਚੁੱਕ ਕੇ ਮੈਂ ਪੈਰ ਛੰਡਿਆ। ਇਹ ਸ਼ਾਹ-ਕਾਲਾ ਲਿਸ਼ਕਾਂ ਮਾਰਦਾ ਫੀਤਾ ਜਿਹਾ ਸੀ, ਜਿਵੇਂ ਗੋਟੇ ਦੀ ਕਿਨਾਰੀ ਹੋਵੇ। ਉਸ ਨੂੰ ਧਰੂ ਸੁੱਟ ਕੇ ਮੈਂ ਅੱਗੇ ਤੁਰ ਪਈ। ਘਰ ਆ ਕੇ ਬੇਟੇ ਲਈ ਰੋਟੀ ਪਕਾਉਣ ਤੋਂ ਪਹਿਲਾਂ ਸਾੜ੍ਹੀ ਲਾਹ ਕੇ ਰਾਤ ਦੀ ਨਾਇਟੀ ਜੁ ਪਹਿਨਣ ਲੱਗੀ, ਤਾਂ ਪੈਰ ਦੇ ਅੰਗੂਠੇ ਕੋਲੋਂ ਉਪਰ ਨੂੰ ਜਾਂਦੇ ਹੋਏ ਲਾਲ ਲਾਲ ਨਿਸ਼ਾਨਾਂ ਦੇ ਨਾਲ ਗੋਡੇ ਹੇਠਾਂ ਡੰਗ ਦੇ ਛਾਪੇ ਉਪਰ ਮੇਰੀ ਨਜ਼ਰ ਪਈ। ਸਮਝ ਗਈ।
ਉਹ ਜੋ ਧੂਹ ਕੇ ਮੈਂ ਲਾਹ-ਸੁੱਟਿਆ ਸੀ, ਉਹ ਗੋਟਾ ਨਹੀਂ ਸੀ, ਸਪਲੀਟਾ ਸੀ।
ਕਾਹਲੀ ਨਾਲ ਹੋਮਿਓਪੈਥੀ ਦੀਆਂ ਦਵਾਈਆਂ ਦੀ ਅਲਮਾਰੀ ਫਰੋਲਣ ਲੱਗੀ। ‘ਲੈਕੇਸੀਜ਼’ ਦੀ ਸ਼ੀਸ਼ੀ ਵਿਚੋਂ ਮੂੰਹ ਵਿਚ ਬੂੰਦਾਂ ਪਾਈਆਂ ਅਤੇ ਨਿਸ਼ਾਨਾਂ ਉਪਰ ਵੀ ਲੈਕੇਸੀਜ਼ ਚੋਪੜਨ ਲੱਗੀ। ਬੇਟਾ ਵੀ ਆ ਗਿਆ ਵੇਲੇ ਸਿਰ ਅਤੇ ਭੱਜ ਕੇ ਲੈ ਗਿਆ ਨਰਸਿੰਗ ਹੋਮ।
ਡਾਕਟਰ ਵੇਖਦਿਆਂ ਹੀ ਸਮਝ ਗਿਆ।
“ਮੈਨੂੰ ਕੋਈ ਘਬਰਾਹਟ ਨਹੀਂ। ਜਾਣਦੀ ਹਾਂ ਕਿ ਸਾਰੇ ਸੱਪ ਜ਼ਹਿਰੀਲੇ ਨਹੀਂ ਹੁੰਦੇ।” ਤਸੱਲੀ ਕਰਾਉਂਦੇ ਡਾਕਟਰ ਨੂੰ ਮੈਂ ਮੋੜਵੀਂ ਤਸੱਲੀ ਦਿੱਤੀ।
ਟੀਕੇ-ਟਾਕੇ ਲਾ ਕੇ ਦੋ ਤਿੰਨ ਘੰਟਿਆਂ ਦੀ ਨਿਗਰਾਨੀ ਮਗਰੋਂ ਡਾਕਟਰ ਨੇ ਫਾਰਗ ਕਰ ਦਿੱਤਾ।
ਮਾੜੀ ਮਾੜੀ ਜਲੂਣ ਹੁੰਦੀ ਰਹੀ ਰਾਤ ਭਰ।
ਬਿਸਤਰੇ ਵਿਚ ਪਈ ਪਈ ਗੁਆਚ ਗਈ ਮੈਂ ਅਤੀਤ ਵੱਲ। ਤਿੰਨ ਦਹਾਕੇ ਪਿੱਛੇæææ।

ਮੁੰਬਈ ਦੀ ਪੱਛਮ-ਅੰਧੇਰੀ ਦੇ ਸਾਗਰ ਕੰਢੇ ਵਾਲੀ ਬਸਤੀ ‘ਸਾਤ ਬੰਗਲਾ’ ਤੋਂ ਕੂਚ ਕਰ ਕੇ ਅਸੀਂ ਪੂਰਬੀ ਸਾਂਤਾਕਰੂਜ਼ ਸਥਿਤ ਆਪਣੇ ਨਿਜੀ ਫਲੈਟ ਵਿਚ ਆਣ ਟਿਕੇ ਸਾਂ।
ਇਸ ‘ਸੰਤ ਸੁਦਾਮਾ ਕੋਆਪਰੇਟਿਵ ਹਾਊਸਿੰਗ ਸੁਸਾਇਟੀ’ ਦੀਆਂ ਦੋਹਾਂ ਬਿਲਡਿੰਗਾਂ ਦੀ ਇਮਾਰਤਕਾਰੀ ਤਾਂ ਪੂਰੀ ਹੋ ਚੁਕੀ ਸੀ, ਪਰ ਅਜੇ ‘ਇਤਰਾਜ਼ ਨਹੀਂ’ ਦੀ ਸਨਦ ਨਹੀਂ ਸੀ ਜਾਰੀ ਹੋਈ। ਖੁੱਲ੍ਹੇ ਤੇ ਕੱਚੇ ਦਾਲਾਨ ਦੀਆਂ ਦੋ ਤਿਮੰਜ਼ਲੀਆਂ ਬਿਲਡਿੰਗਾਂ ਦੇ ਬਾਈ ਫਲੈਟਾਂ ਦੇ ਮਾਲਕਾਂ ਵਿਚ ਕੇਵਲ ਤੇ ਕੇਵਲ ਅਸੀਂ ਹੀ ਆਣ ਵੱਸੇ ਸਾਂ, ਆਪਣੇ ਇਕ ਨੰਬਰ ਦੇ ਫਲੈਟ ਵਿਚ।
ਉਸਾਰੀ ਲਈ ਮਿਲੇ ਹੋਏ ਦਾਲਾਨ ਦੇ ਇਕੋ ਇਕ ਨਲਕੇ ਨਾਲ ਪਾਈਪ ਲਾ ਕੇ ਅਸੀਂ ਸੌਣ-ਸੁਫੇ ਦੇ ਵਾਧੇ ਵਿਚ ਰੱਖੇ ਡਰੱਮ ਸਮੇਤ ਘਰ ਦਾ ਸਾਰਾ ਜ਼ਰੂਰੀ ਪਾਣੀ ਭਰ ਲੈਂਦੇ। ਕੱਚੇ ਕੰਪਾਊਂਡ ਵਿਚ ਸੱਪ ਸੜੁੰਗੇ ਵੀ ਅਕਸਰ ਹੀ ਵੇਖਣ ਨੂੰ ਮਿਲਦੇ।
ਐਤਵਾਰ ਦੀ ਸ਼ਾਮ ਅਤੇ ਪੂਰਨਮਾਸ਼ੀ ਵੀ। ਅਸੀਂ ਜੁਹੂ-ਤੱਟ ਦੀ ਸੈਰ ਲਈ ਤਿਆਰ ਹੋ ਰਹੇ ਸਾਂ, ਸਣੇ ਬੱਚਿਆਂ ਦੇ। ਜੀਤ ਮੇਰਾ ਪਤੀ ਇਹਤਿਆਤ ਵਜੋਂ ਤਾਂ ਬੂਟ ਪਾ ਕੇ ਹੀ ਬਾਹਰ ਜਾਇਆ ਕਰਦਾ ਸੀ ਪਾਈਪ ਲਾਉਣ, ਪਰ ਉਸ ਦਿਨ ਫੇਰ ਵੀ ਭਾਣਾ ਵਰਤ ਗਿਆ। ਸੱਪ ਨੇ ਡੰਗ ਲਿਆ ਜੀਤ ਨੂੰ, ਸੱਜੀ ਲੱਤ ‘ਤੇ।
“ਕਾਨਾæææਆਂæææਆਂæææ!” ਕੂਕਦਾ ਚੀਕਦਾ ਜੀਤ ਦੌੜ ਆਇਆ ਘਰ ਅੰਦਰ। ਇਕਦਮ ਬਲੇਡ ਨਾਲ ਉਸ ਆਪਣੀ ਡੰਗੀ ਹੋਈ ਥਾਂ ਨੂੰ ਖਨੋਤਰਿਆ, ਛਿਲਿਆ। ਪੋਟੇਸ਼ੀਅਮ ਪਰਮਾਂਗਨੇਟ ਨਾਲ ਉਸ ਨੇ ਜ਼ਖਮ ਧੋਤਾ।
ਪਾਕਿਸਤਾਨ ਨਾਲ ਜੰਗ ਛਿੜੀ ਹੋਣ ਕਾਰਨ ਉਨ੍ਹੀਂ ਦਿਨੀ ਰਾਤੀਂ ਬਲੈਕ-ਆਊਟ ਵੀ ਅਕਸਰ ਹੋ ਜਾਂਦੇ ਸਨ। ਘਰ ਤਾਂ ਛੋੜੋ, ਪੂਰੀ ਸੁਸਾਇਟੀ ਦੇ ਬਾਈ ਫਲੈਟ ਭਾਂ ਭਾਂ ਕਰਦੇ ਹਨੇਰੇ ਦੀ ਬੁੱਕਲ ਵਿਚ।
ਛੇ ਸਾਲ ਦੇ ਬਾਲਕ ਸੰਨੀ ਨੂੰ ਅਸਾਂ ਢਾਈ ਸਾਲ ਦੇ ਸ਼ਿਸ਼ੂ ਦੀਪੀ ਸਪੁਰਦ ਕੀਤਾ ਅਤੇ ਫਲੈਟ ਨੂੰ ਬਾਹਰੋਂ ਜੰਦਰਾ ਲਗਾ ਕੇ ਟੈਕਸੀ ਫੜ ਕੇ ਪੱਛਮੀ ਸਾਂਤਾਕਰੂਜ਼ ਵਿਚ ਵਸਦੇ ਮੇਰੇ ਮਸੇਰ ਭਰਾ-ਭਰਜਾਈ ਨੂੰ ਚਾਬੀ ਫੜਾਂਦਿਆਂ ਘਰ ਬੱਚਿਆਂ ਕੋਲ ਪੁੱਜਣ ਦੀ ਹਦਾਇਤ ਦੇ ਕੇ ਇਰਲਾ-ਸਥਿਤ ਨਾਨਾਵਤੀ ਹਸਪਤਾਲ ਵਲ ਰੁਖ ਕੀਤਾ।
ਜੀਤ ਦਾ ਇਲਾਜ ਸ਼ੁਰੂ ਹੋਇਆ।
ਡਾਕਟਰਾਂ ਦਾ ਮੱਤ ਸੀ ਕਿ ਸੱਪ ਤਾਂ ਜ਼ਹਿਰੀਲਾ ਸੀ, ਪਰ ਜੀਤ ਨੂੰ ਡੰਗਣ ਤੋਂ ਪਹਿਲਾਂ ਉਹ ਆਪਣਾ ਜ਼ਹਿਰ ਕਿਸੇ ਪੱਥਰ-ਵੱਟੇ ਉਪਰ ਉਗਲ ਚੁੱਕਿਆ ਜਾਪਦਾ ਸੀ। ਰਾਤ ਸਾਰੀ ਹਸਪਤਾਲ ਰਹੇ।
ਬਚਾਅ ਹੋ ਗਿਆ।

ਜਿਉਂ ਜਿਉਂ ਵਕਤ ਲੰਘਦਾ ਜਾਵੇ, ਮੇਰੀ ਲੱਤ ਦੀ ਜਲੂਣ ਵਧਦੀ ਜਾਵੇ। ਤੇਲ, ਘਿਓ ਚੋਪੜਦੀ ਅਤੇ ਨਿਸ਼ਾਨਾਂ ਨੂੰ ਮਲਦੀ ਮਲਦੀ ਮੈਂ ਮੁੜ ਗੁਆਚ ਗਈ ਦੂਰ ਪਿੱਛੇ। ਛੇ ਦਹਾਕੇ ਪਹਿਲਾਂ ਤੋਂ ਅਕਸਰ ਮਾਂ-ਦਾਦੀ ਤੋਂ ਕਈ ਵੇਰਾਂ ਸੁਣੀ-ਦੁਹਰਾਈ ਇਕ ਘਟਨਾ ਵਲ਼ææ।

ਮੇਰਾ ਸਭ ਤੋਂ ਵੱਡਾ ਵੀਰ ਸੁਰਜੀਤ ਵੀਰ ਜੀ ਤਿੰਨਾਂ ਭੈਣਾਂ ਮਗਰੋਂ ਪੈਦਾ ਹੋਇਆ ਸੀ, ਤ੍ਰਿਕੱਲ।
ਮਾਂ ਅਜੇ ਧਮਾਣ ਵਿਚ ਹੀ ਸੀ ਕਿ ਢੋਲ-ਵਜਾਂਦੇ, ਤਾੜੀਆਂ ਮਾਰਦੇ, ‘ਮੁਆਰਖਾਂ-ਮੁਆਰਖਾਂ’ ਉਚਰਦੇ ਖੁਸਰੇ ਵਿਹੜੇ ਆਣ ਲੱਥੇ। ਆਂਢਣਾਂ-ਗੁਆਂਢਣਾਂ ਤੇ ਰਿਸ਼ਤੇਦਾਰਨਾਂ ਦੇ ਇਕੱਠ ਵਿਚ ਧਮਾਲ ਮਚਾਣ ਮਗਰੋਂ ਬਾਲਕ ਜੀਤ ਨੂੰ ਗੋਦ ਵਿਚ ਲੈ ਕੇ ਉਨ੍ਹਾਂ ਵੇਲ-ਵਧਾਈ ਕਰਨੀ ਸੀ।
ਖੁਸਰੀ ਸਾਹਮਣੇ ਵਾਲੇ ਸੁਫੇ ਦੇ ਪਸਿੱਤੇ ਲੱਗੇ ਪਲੰਘ ‘ਤੇ ਪਈ ਮੇਰੀ ਮਾਂ ਕੋਲੋ ਨਵਜਾਤ-ਸ਼ਿਸ਼ੂ ਨੂੰ ਲੈਣ ਗਈ। “ਹੈਂ, ਇਹ ਤੈ ਆਪਣੀ ਨੂਪੀ (ਅਨੂਪ) ਹੈ, ਰੌਣਕ ਸ਼ਾਹ ਨੀ ਧੀ, ਵਾਰੀ ਵੰਝਾਂ, ਸਦਕੇ ਬਲਿਹਾਰੀæææ।” ਕਰਦੀ ਉਹ ਖੁਸ਼ੀ ਨਾਲ ਉਛਲ ਪਈ।
ਦਰਅਸਲ ਰਾਵਲਪਿੰਡੀ ਦੀ ਘੁੱਗ ਵਸਦੀ ਬਸਤੀ ‘ਸ਼ਾਹਨੱਦਰ ਦੇ ਪੁਲ’ ਦੀ ਵੱਡੀ ਸੜਕ ਉਤੇ ਮੇਰੇ ਨਾਨਾ ਜੀ ਦਾ ਟਾਲ ਸੀ। ਉਹ ਲਕੜੀ ਅਤੇ ਕੋਇਲੇ ਦੇ ਵਪਾਰੀ ਸਨ। ਟਾਲ ਦੇ ਪਿੱਛੇ ਹੀ ਸੀ ਸਾਡੀ ਨਾਨਕੀ ਹਵੇਲੀ ਜਿਸ ਦੀ ਖੱਬੀ ਕੰਧ ਨਾਲ ਲੱਗਦੇ ਚੁਬਾਰੇ ਵਿਚ ਵਾਸਾ ਸੀ ਉਨ੍ਹਾਂ ਹਿਜੜਿਆਂ ਦਾ। ਇਹ ਵਾਕਿਆ ਭਾਵੇਂ ਮੇਰੇ ਜਨਮ ਤੋਂ ਕੋਈ ਪੰਦਰਾਂ ਸਾਲਾਂ ਤੋਂ ਪਹਿਲਾਂ ਦਾ ਸੀ, ਪਰ ਬਚਪਨ ਵਿਚ ਮਾਂ ਤੋਂ ਇਸ ਦਾ ਜ਼ਿਕਰ ਅਕਸਰ ਸੁਣਨ ਕਾਰਨ ਮੈਂ ਜਦੋਂ ਵੀ ਛੁੱਟੀਆਂ ਵਿਚ ਨਾਨਕੇ ਗਈ ਹੁੰਦੀ, ਉਸ ਚੁਬਾਰੇ ਤੋਂ ਢੋਲਕੀਆਂ-ਛੈਣਿਆਂ ਦੀ ਆਵਾਜ਼ ਨਾਲ ਨੱਚਦੇ-ਗਾਉਂਦੇ ਉਨ੍ਹਾਂ ਖੁਸਰਿਆਂ ਵੱਲ ਵੀ ਜ਼ਰੂਰ ਆਕਰਸ਼ਿਤ ਹੁੰਦੀ।
ਹਾਂ, ਤਾਂ ਮਾਂ ਨੂੰ ਪਛਾਣਦਿਆਂ ਹੀ ਉਸ ਖੁਸਰੀ ਨੇ ਵਿਹੜੇ ਦੇ ਇਕੱਠ ਵਿਚ ਆ ਕੇ ਐਲਾਨ ਕੀਤਾ, “ਹਿਸ ਘਰੋਂ ਤਾਂ ਅਸਾਂ ਵਾਸਤੇ ਹਿਕ ਪਾਈ ਵੀ ਕਬੂਲ ਕਰਨੀ ਹਰਾਮ ਹੈ। ਹੇ ਤੈ ਸਾੜ੍ਹੀ ਪਿੰਡੀ ਨਾ ਦੋਹਤਰਾ ਵੈ, ਨੂਪੀ ਨਾ ਪੁੱਤਰ। ਨੂਪੀ, ਰੌਣਕਸ਼ਾਹੇ ਨੀ ਧੀ ਤੈ ਸਾੜ੍ਹੀ ਧੀ-ਧਿਆਣ।”
ਹੋਰ ਵੀ ਨੱਚ-ਮੱਚ ਕੇ ਰੌਣਕ ਲਾਈ ਵਧਾਈਆਂ ਦਿੰਦੇ ਖੁਸਰਿਆਂ ਨੇ।
ਖੁਸਰ-ਨਾਚ ਉਤੇ ਆਣ ਢੁਕੀਆਂ ਗੁਆਂਢੀ-ਤ੍ਰੀਮਤਾਂ ਲਈ ਚੁੱਲ੍ਹੇ ਉਪਰ ਦੁੱਧ ਧਰਦੀ ਦਾਦੀ, ਬਾਲਣ ਦੇ ਖੁੱਡੇ ਵਿਚੋਂ ਲੱਕੜ ਧਰੀਕਣ ਹੀ ਲੱਗੀ ਸੀ ਕਿ ਉਸ ਦੇ ਸੱਜੇ ਹੱਥ ਦੇ ਅੰਗੂਠੇ ਨੂੰ ਸੱਪ ਨੇ ਡੰਗ ਲਿਆ। ਸ਼ਾਹ ਕਾਲਾ ਸੱਪ। ਹਫੜਾ-ਦਫੜੀ ਪੈ ਗਈ।
ਖੁਸਰਿਆਂ ਦਾ ਸਰਦਾਰ ਮਾਂਦਰੀ ਸੀ। ਉਸ ਕੋਈ ਬੂਟੀ ਰਗੜ ਕੇ ਜ਼ਖਮ ‘ਤੇ ਲਾਈ। ਮੰਤਰ ਫੂਕਿਆ।
“ਤੈ ਫਿਰ ਮੈਂ ਬਚ ਗਈ।” ਬੇਜੀ ਦੱਸਦੇ।
ਖੁਸ਼ੀ ਖੁਸ਼ੀ ਰੁਖਸਤ ਹੁੰਦੇ ਹਿਜੜਿਆਂ ਨੇ ਬੇਜੀ ਤੋਂ ਇਕ ਪਾਈ ਵੀ ਕਬੂਲ ਨਾ ਕੀਤੀ ਅਤੇ ਨਾ ਹੀ ਕਬੂਲੀ ਵਧਾਈ ਦੀ ਰਸਦ-ਰਕਮ ਜਾਂ ਕੋਈ ਹੋਰ ਲੀੜਾ-ਭੋਛਣ। ਦੁੱਧ ਤਾਂ ਛੱਡੋ, ਉਨ੍ਹਾਂ ਨੇ ਤਾਂ ਪਾਣੀ ਤੱਕ ਨਾ ਪੀਤਾ ਅਤੇ ਖੁਸ਼ੀ ਖੁਸ਼ੀ ਅਸੀਸਾਂ ਦਿੰਦੇ, ਬਲਾਈਆਂ ਲੈਂਦੇ ‘ਸੱਤਾਂ ‘ਤੇ ਵੀਹ ਖੈਰੀਂ’ ਉਚਰਦੇ ਰੁਖਸਤ ਹੋ ਗਏ। ਸੁੱਚੇ ਮੂੰਹੀਂ।
ਨੂਪੀ ਧੀ ਜੁ ਸੀ ਉਨ੍ਹਾਂ ਦੀ ਪਿੰਡੀ ਦੀ, ਮੁਹੱਲੇ ਦੀ, ਗੁਆਂਢੀ ਰੌਣਕਸ਼ਾਹੇ ਦੀ!
ਸਾਲ ਭਰ ਇੰਜ ਹੀ ਹਰ ਸੰਧਿਆ ਵੇਲੇ ਸ਼ੁਰੂ ਹੋ ਜਾਂਦੀ ਮੇਰੀ ਉਹ ਜਲੂਣ ਅੰਗੂਠੇ ਤੋਂ ਗੋਡੇ ਤੱਕ ਤੇ ਹਰ ਸ਼ਾਮ ਉਂਜ ਦੀ ਉਂਜ ਹੀ ਤਾਜ਼ੀ ਹੋ ਜਾਂਦੀ ਯਾਦ-ਜੀਤ, ਮੇਰੇ ਪਤੀ ਨੂੰ ਅਤੇ ਦਾਦੀ ਨੂੰ ‘ਕੀੜਾ’ ਕੱਟਣ ਦੀ।
ਉਸ ਜ਼ਮਾਨੇ ਵਿਚ ਸੱਪ ਦਾ ਖੌਫ ਹੀ ਇਤਨਾ ਹੁੰਦਾ ਸੀ ਕਿ ਲਫਜ਼ ‘ਸੱਪ’ ਕੋਈ ਹੋਠਾਂ ‘ਤੇ ਨਾ ਲਿਆਉਂਦਾ।
‘ਫਲਾਣੇ ਕੀ ਕੀੜਾ ਕੱਟ ਗਿਐ’ ਹੀ ਕਾਫੀ ਸੀ ਰਮਜ਼ ਵਜੋਂ।
ਸੱਪ ਦੇ ਡੰਗ ਨਾਲ ਖੁਸਰਿਆਂ ਦੀ ਵੀ ਸੁਖਾਵੀਂ ਯਾਦ ਸ਼ਾਮਲ ਹੈ ਮੇਰੇ ਚੇਤੇ ਵਿਚ।
ਰੱਬ ਉਨ੍ਹਾਂ ਦਾ ਭਲਾ ਕਰੇ!