ਵੱਤਰ ਅਤੇ ਵਾਟਰ

ਬਲਜੀਤ ਬਾਸੀ
‘ਪੰਜਾਬੀ ਸਭਿਆਚਾਰਕ ਸ਼ਬਦਾਵਲੀ ਕੋਸ਼’ ਅਨੁਸਾਰ ਵੱਤਰ ਸ਼ਬਦ ਦੀ ਪਰਿਭਾਸ਼ਾ ਹੈ, ‘ਪਾਣੀ ਦੇਣ ਜਾਂ ਮੀਂਹ ਪੈਣ ਪਿੱਛੋਂ ਭੋਂ ਦੀ ਵਾਹੁਣ-ਬੀਜਣਯੋਗ ਨਮੀ ਦੀ ਹਾਲਤ।’ ਗੁਰੂ ਗ੍ਰੰਥ ਸਾਹਿਬ ਵਿਚ ਇਹ ਸ਼ਬਦ ਵਤ੍ਰ ਦੇ ਸ਼ਬਦਜੋੜਾਂ ਵਿਚ ਆਉਂਦਾ ਹੈ, ‘ਰੇ ਮਨ ਵਤ੍ਰ ਬੀਜਣ ਨਾਉ॥’ (ਗੁਰੂ ਅਰਜਨ ਦੇਵ); ‘ਲਬੁ ਵਤ੍ਰ ਦਰੋਗੁ ਬੀਉ ਹਾਲੀ ਰਾਹਕੁ ਹੇਤ॥’, ‘ਹਲੁ ਹਲੇਮੀ ਹਾਲੀ ਚਿਤੁ ਚੇਤਾ ਵਤ੍ਰ ਵਖਤ ਸੰਜੋਗੁ॥’ (ਗੁਰੂ ਨਾਨਕ ਦੇਵ)

ਜਵਾਨੀ ਵਿਚ ਹੀ ਮੌਤ ਦੇ ਮੂੰਹ ਪੈ ਗਏ ਦੋ ਪ੍ਰਤਿਭਾਸ਼ਾਲੀ ਪੰਜਾਬੀ ਕਵੀਆਂ-ਪਾਸ਼ ਅਤੇ ਅਮਿਤੋਜ ਨੇ ਇਹ ਸ਼ਬਦ ਵਰਤੇ ਹਨ,
ਜੇ ਤੁਸੀਂ ਮਾਣੀ ਹੋਵੇ
ਗੰਡ ‘ਚ ਜੰਮਦੇ ਤੱਤੇ ਗੁੜ ਦੀ ਮਹਿਕ
ਅਤੇ ਤੱਕਿਆ ਹੋਵੇ
ਸੁਹਾਗੀ ਹੋਈ ਵੱਤਰ ਭੋਂ ਦਾ
ਚੰਨ ਦੀ ਚਾਨਣੀ ਵਿਚ ਚਮਕਣਾ
ਤਾਂ ਤੁਸੀਂ ਜਰੂਰ ਕੋਈ ਚਾਰਾ ਕਰੋਗੇ
ਹਾਬੜੀ ਹੋਈ ਵੋਟ ਦੀ ਉਸ ਪਰਚੀ ਦਾ
ਜੋ ਲਾਲਾਂ ਸਿੱਟ ਰਹੀ ਹੈ
ਸਾਡੇ ਖੂਹਾਂ ਦੀ ਹਰਿਆਵਲ ‘ਤੇ| (ਪਾਸ਼)

ਤੈਨੂੰ ਚਿੱਠੀ ਲਿਖਣ ਲੱਗਿਆਂ
ਮੇਰੇ ਮਨ ‘ਚ ਇੱਕ ਸੰਸਾ ਸੀ।
ਜਿਵੇਂ ਮਾੜੇ ਵੱਤਰ ਵਿਚ ਬੀਜੀ ਕਣਕ ਦੇ
ਢੰਗੂਰ ਮਾਰਨ ਤੱਕ ਤੌਖਲਾ ਲੱਗਾ ਰਹੇ। (ਅਮਿਤੋਜ)
ਵੱਤਰੇ ਦਾਣੇ ਦੇ ਫੁੱਟੇ ਅੰਗੂਰ ਨੂੰ ਢੰਗੂਰ ਆਖਦੇ ਹਨ, ਇਸ ਸ਼ਬਦ ਵਿਚ ਅੰਕੁਰ ਤੋਂ ਵਿਕਸਿਤ ਅੰਗੂਰ ਸ਼ਬਦ ਬੋਲਦਾ ਹੈ।
ਵੱਤਰ ਸ਼ਬਦ ਦਾ ਹੋਰ ਵਿਸਤ੍ਰਿਤ ਅਰਥ ਹੈ-ਕਿਸੇ ਕੰਮ ਲਈ ਮੁਆਫਕ ਵੇਲਾ ਜਾਂ ਸਹੀ ਮੌਕਾ। ਪੋਠੋਹਾਰੀ ਕਹਾਵਤ ਹੈ, ‘ਵੱਤਰ ਆਈ ਕੀ ਵਾਹਣਾ’ ਅਰਥਾਤ ਮੁਆਫਕ ਹਾਲਤ ਨੂੰ ਵਰਤਣਾ। ‘ਵੱਤਰ ਵਾਹ ਜਾਣਾ’ ਦਾ ਮਤਲਬ ਹੈ-ਚਲਾਕੀਆਂ ਕਰ ਜਾਣਾ ਅਤੇ ‘ਵੱਤਰ ਲੱਗੀ ਜਾਣਾ’ ਥੁੱਕ ਲੱਗ ਜਾਣਾ ਹੁੰਦਾ ਹੈ। ਟਾਕਰੇ ਵਜੋਂ ਦੱਸ ਦੇਵਾਂ ਕਿ ਸਾਜ਼ਗਾਰ, ਮੁਆਫਕ, ਢੁਕਦਾ ਦੇ ਅਰਥਾਂ ਵਾਲਾ ਅੰਗਰੇਜ਼ੀ ਸ਼ਬਦ Opportune ਇਕ ਲਾਤੀਨੀ ਉਕਤੀ Ob portum veniens ਤੋਂ ਅਪਨਾਇਆ ਗਿਆ ਹੈ ਜਿਸ ਦਾ ਅਰਥ ਹੈ, ‘ਬੰਦਰਗਾਹ ਵੱਲ ਨੂੰ ਆਉਂਦੀ (ਹਵਾ)।’ ਅਜਿਹੀ ਹਵਾ ਜਹਾਜ਼ ਨੂੰ ਛੇਤੀ ਬੰਦਰਗਾਹ ਪਹੁੰਚਾਉਂਦੀ ਹੈ, ਇਸ ਲਈ ਸਾਜ਼ਗਾਰ ਹੈ। ਵੱਤਰ ਸ਼ਬਦ ਬਾਰੇ ਏਨੀ ਕੁ ਚਰਚਾ ਤੋਂ ਇਸ ਸ਼ਬਦ ਵਿਚ ਨਮੀ, ਗਿੱਲ ਦੇ ਅਰਥ ਝਲਕ ਰਹੇ ਦਿਸਦੇ ਹਨ। ਇਕ ਪੋਠੋਹਾਰੀ ਕੋਸ਼ ਨੇ ਇਸ ਸ਼ਬਦ ਦਾ ਅਰਥ ਨਮੀ ਹੀ ਦਿੱਤਾ ਹੈ।
ਵੱਤਰ ਦਾ ਇਕ ਰੁਪਾਂਤਰ ਵੱਤ ਕਈ ਖੇਤਰਾਂ ਵਿਚ ਬੋਲਿਆ ਜਾਂਦਾ ਹੈ, ਇਥੋਂ ਤੱਕ ਕਿ ਗੁਰਬਾਣੀ ਵਿਚ ਵੀ ਇਹ ਸ਼ਬਦ ਮੌਜੂਦ ਹੈ, ‘ਵਤ ਲਗੀ ਸਚੇ ਨਾਮ ਕੀ ਜੋ ਬੀਜੇ ਸੋ ਖਾਇ॥’ (ਗੁਰੂ ਅਰਜਨ ਦੇਵ)। ਦੁਆਬੀ ਵਿਚ ‘ਵ’ ਧੁਨੀ ਅਕਸਰ ‘ਬ’ ਵਿਚ ਵਟ ਜਾਂਦੀ ਹੈ, ਇਸ ਲਈ ਵੱਤ ਨੂੰ ਇੱਥੇ ਬੱਤ ਕਿਹਾ ਜਾਂਦਾ ਹੈ। ‘ਵੱਤੇ ਈ ਆ’ ਉਕਤੀ ਦਾ ਅਰਥ ਹੈ-ਠੀਕ ਠੀਕ ਹੀ ਹੈ, ‘ਵਿਚਾਰੀ ਪੜ੍ਹਨ ਨੂੰ ਵੀ ਵੱਤੇ ਈ ਸੀ।’ ਇੱਥੇ ਇਸ ਸ਼ਬਦ ਦਾ ਅਰਥ ਕੁਝ ਸੁੰਗੜ ਗਿਆ ਹੈ, ਜਿਵੇਂ ਸ਼ਬਦ ‘ਸਾਵਾਂ’ ਦਾ ਉਂਜ ਤਾਂ ਅਰਥ ਬਰਾਬਰ ਹੈ ਪਰ ਕਈ ਪ੍ਰਸੰਗਾਂ ਵਿਚ ‘ਮਸਾਂ ਬਰਾਬਰ’ ਬਣਦਾ ਹੈ। ਵੱਤ-ਕੁਵੱਤ ਸ਼ਬਦ ਜੁੱਟ ਦਾ ਅਰਥ ਹੈ, ਯੋਗ-ਅਯੋਗ। ਰਾਤ ਨੂੰ ਦੁੱਧ ਢਕਣ ਸਮੇਂ ਦੁੱਧ ਦੀ ਵੱਤ-ਕੁਵੱਤ ਵੀ ਪਰਖੀ ਜਾਂਦੀ ਹੈ। ਢਕਣ ਵੇਲੇ ਦੁੱਧ ਨਾ ਹੀ ਜ਼ਿਆਦਾ ਗਰਮ ਅਤੇ ਨਾ ਹੀ ਜ਼ਿਆਦਾ ਠੰਢਾ ਹੋਣਾ ਚਾਹੀਦਾ।
ਗ਼ਸ਼ ਰਿਆਲ ਨੇ ਆਪਣੇ ਨਿਰੁਕਤ ਕੋਸ਼ ਵਿਚ ਵੱਤਰ ਜਾਂ ਵੱਤ ਸ਼ਬਦ ਦਾ ਅੰਤ੍ਰੀਵ ਭਾਵ ‘ਮੁੜ ਉਚਿਤ ਹਾਲਤ ਵਿਚ ਆਉਣਾ’ ਦੱਸਿਆ ਹੈ। ਸ਼ਾਇਦ ਉਨ੍ਹਾਂ ਦੀ ਮੁਰਾਦ ਹੈ, ਸਿੰਜੀ ਧਰਤੀ ਨੂੰ ਮੁੜ ਅਜਿਹੀ ਹਾਲਤ ਵਿਚ ਲਿਆਉਣਾ ਕਿ ਇਸ ਦੀ ਗਿੱਲ ਬੀਜ ਬੀਜਣ ਦੇ ਯੋਗ ਹੋ ਸਕੇ। ਉਨ੍ਹਾਂ ਇਸ ਨੂੰ ਸੰਸਕ੍ਰਿਤ ਧਾਤੂ ਵ੍ਰਤ ਨਾਲ ਜੋੜਿਆ ਹੈ ਜਿਸ ਵਿਚ ਘੁੰਮਣਾ, ਫਿਰਨਾ, ਮੁੜ ਉਸੇ ਹਾਲਤ ਆਉਣ ਦਾ ਭਾਵ ਹੈ। ਸੰਸਕ੍ਰਿਤ ਦਾ ਇਹ ਧਾਤੂ ਬਹੁਤ ਉਪਜਾਊ ਹੈ। ਅਸਲ ਵਿਚ ਹਿੰਦੀ-ਪੰਜਾਬੀ ਦੇ ਇਕ ਹੋਰ ਇਸੇ ਹਮਨਾਮ ਸ਼ਬਦ ‘ਵੱਤ’ ਵਿਚ ਮੁੜਨ, ਘੁੰਮਣ, ਫਿਰਨ ਦੇ ਭਾਵ ਸਪੱਸ਼ਟ ਹਨ। ਲਹਿੰਦੀ ਵਿਚ ਤਾਂ ਇਹ ਸ਼ਬਦ ਇਕ ਤਰ੍ਹਾਂ ਫਿਕਰਾ ਸ਼ੁਰੂ ਕਰਨ ਦਾ ਤਕੀਆ ਕਲਾਮ ਹੀ ਬਣ ਗਿਆ ਹੈ, “ਵੱਤ ਕੀ ਕਰੇਂਦਾ ਪਿਐਂ?” ਮਤਲਬ, ਮੁੜ ਕੀ ਕਰਦਾ ਏਂ? “ਪਹਿਲਾਂ ਕੰਮ ਖਤਮ ਕਰੀਦਾ, ਵੱਤ ਆਰਾਮ ਕਰੀਦਾ।”
ਕਿੱਸਿਆਂ ਤੇ ਸੂਫੀ ਕਲਾਮਾਂ ਵਿਚ ਇਹ ਸ਼ਬਦ ਆਮ ਹੀ ਮਿਲਦਾ ਏ,
ਤੂੰ ਹੀ ਜੀਂਵਦਾ ਦੀਦਨਾ ਦਏਂ ਸਾਨੂੰ
ਅਸਾਂ ਵੱਤ ਨਾ ਜਿਉਂਦਿਆਂ ਆਵਣਾ ਈ। (ਹੀਰ ਵਾਰਿਸ)
ਰਾਤੀਂ ਸਵੇਂ ਦਿਹੇਂ ਫਿਰਦੀ ਤੂੰ ਵੱਤੇ,
ਤੇਰਾ ਖੇਡਣਿ ਨਾਲ ਬਪਾਰ, ਜਿੰਦੂ,
ਕਦੀ ਉਠ ਰਾਮ ਰਾਮ ਸਮਾਰ, ਜਿੰਦੂ। (ਸ਼ਾਹ ਹੁਸੈਨ)
ਗੁਰੂ ਸਾਹਿਬਾਨ ਨੇ ਫੇਰਨ, ਮੁੜਨ ਆਦਿ ਦੇ ਅਰਥਾਂ ਵਿਚ ਇਸ ਦੇ ਕ੍ਰਿਆ ਰੂਪ ਵਰਤੇ ਹਨ, ‘ਮਾਗਰਮਛੁ ਫਹਾਈਐ ਕੁੰਡੀ ਜਾਲੁ ਵਤਾਇ॥’ ਹੋਰ ਦੇਖੋ, ‘ਮਨਿ ਸਾਂਈ ਮੁਖਿ ਉਚਰਾ ਵਤਾ ਹਭੇ ਲੋਅ॥’ (ਗੁਰੂ ਅਰਜਨ ਦੇਵ); ‘ਹਰਿ ਕੇ ਸਖਾ ਸਾਧ ਜਨ ਨੀਕੇ ਤਿਨ ਊਪਰਿ ਹਾਥੁ ਵਤਾਵੈ॥’ (ਗੁਰੂ ਰਾਮ ਦਾਸ)
ਇਸ ਤਰ੍ਹਾਂ ਰਿਆਲ ਦੇ ਤਰਕ ਨੇ (ਬਿਜਾਈ ਲਈ) ਢੁਕਵੀਂ ਗਿੱਲ ਜਾਂ ਸਮੇਂ ਨੂੰ ਮੁੜ ਉਸੇ ਹਾਲਤ ਵਿਚ ਆਉਣ ਦੇ ਭਾਵਾਂ ਨਾਲ ਜੋੜ ਕੇ ਦੋਹਾਂ ਹਮਨਾਮ ਸ਼ਬਦਾਂ ਨੂੰ ਸਜਾਤੀ ਬਣਾ ਦਿੱਤਾ ਹੈ। ਰਿਆਲ ਦਾ ਕੋਸ਼ ਮੁੱਖ ਤੌਰ ‘ਤੇ ਰਾਲਫ ਲਿਲੀ ਟਰਨਰ ਦੇ ਪ੍ਰਸਿਧ ‘ਹਿੰਦ-ਆਰੀਆਈ ਭਾਸ਼ਾਵਾਂ ਦਾ ਤੁਲਨਾਤਮਕ ਕੋਸ਼’ ਉਤੇ ਆਧਾਰਤ ਹੈ। ਫਿਰ ਵੀ ਕਈ ਇੰਦਰਾਜਾਂ ਵਿਚ ਮਤਭੇਦ ਪ੍ਰਗਟ ਕਰਕੇ ਮੁਤਬਾਦਲ ਵਿਉਤਪਤੀਆਂ ਦਰਜ ਕੀਤੀਆਂ ਹਨ। ਵੱਤਰ ਸ਼ਬਦ ਦੇ ਪ੍ਰਸੰਗ ਵਿਚ ਕਿਹਾ ਜਾ ਸਕਦਾ ਹੈ ਕਿ ਜਾਂ ਤਾਂ ਟਰਨਰ ਵਲੋਂ ਪੇਸ਼ ਕੀਤੀ ਨਿਰੁਕਤੀ ਉਨ੍ਹਾਂ ਦੀਆਂ ਨਜ਼ਰਾਂ ਵਿਚੋਂ ਨਹੀਂ ਗੁਜ਼ਰੀ ਜਾਂ ਉਨ੍ਹਾਂ ਨਜ਼ਰਅੰਦਾਜ਼ ਕਰ ਦਿੱਤੀ। ਦੂਸਰੀ ਹਾਲਤ ਵਿਚ ਉਹ ਅਕਸਰ ਆਪਣੇ ਕਾਰਨ ਦੱਸਦੇ ਹਨ ਪਰ ਅਜਿਹਾ ਨਹੀਂ ਕੀਤਾ।
ਮੈਂ ਟਰਨਰ ਦੀ ਵਿਆਖਿਆ ਨਾਲ ਸਹਿਮਤ ਹੁੰਦਿਆਂ ਇਸੇ ਨੂੰ ਪੇਸ਼ ਕਰਨ ਜਾ ਰਿਹਾ ਹਾਂ। ਸ਼ਿਆਮ ਦੇਵ ਪਰਾਸ਼ਰ ਨੇ ਵੀ ਇਧਰ ਹੀ ਸੰਕੇਤ ਕੀਤਾ ਹੈ। ਟਰਨਰ ਨੇ ਪੰਜਾਬੀ ਵੱਤਰ ਨੂੰ ਸੰਸਕ੍ਰਿਤ ‘ਵਪਤਰ’ ਤੋਂ ਵਿਉਤਪਤ ਹੋਇਆ ਦੱਸਿਆ ਹੈ। ਸੰਸਕ੍ਰਿਤ ਵਿਚ ਇਸ ਸ਼ਬਦ ਦੇ ਅਰਥ ਹਨ-ਬੀਜਣਾ, ਬੀਜੀ ਧਰਤੀ। ਸਿੰਧੀ ਵਤਰਣੂ ਸ਼ਬਦ ਦੇ ਅਰਥ ਹਨ-ਪਾਣੀ ਛਿੜਕ ਕੇ ਗਿੱਲਾ ਜਾਂ ਨਮ ਕਰਨਾ। ਲਹਿੰਦਾ ਵਤਰ ਦਾ ਅਰਥ ਹੈ-ਜ਼ਮੀਨ ਦੀ ਗਿੱਲ ਅਤੇ ਵਤਰੀ ਦਾ ਅਰਥ ਹੈ-ਗਿੱਲ। ਪੱਛਮੀ ਪਹਾੜੀ ਦੇ ਸ਼ਬਦ ‘ਬਟਲ’ ਦਾ ਵੀ ਇਹੋ ਅਰਥ ਹੈ। ਇੱਥੇ ਧੂੜ-ਬਟਲ ਦਾ ਮਤਲਬ ਹੈ-ਮਿੱਟੀ ਵਿਚ ਗਿਲ ਦੀ ਕਮੀ ਅਰਥਾਤ ਧੂੜ ਵਿਚ ਬੀਜਣਾ।
ਸਹਿਜੇ ਹੀ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਵਪਤਰ ਸ਼ਬਦ ਵਿਚੋਂ ਪਹਿਲਾਂ ‘ਪ’ ਧੁਨੀ ਲੋਪ ਹੋ ਕੇ ਵੱਤਰ ਸ਼ਬਦ ਬਣਿਆ ਤੇ ਫਿਰ ‘ਰ’ ਧੁਨੀ ਲੋਪ ਹੋ ਕੇ ਵੱਤ। ਭਾਵੇਂ ਹਰ ਤਰ੍ਹਾਂ ਦੀ ਵਿਆਖਿਆ ਵਿਚ ਗਿੱਲ, ਨਮੀ ਆਦਿ ਦੇ ਭਾਵ ਸਪੱਸ਼ਟ ਸਾਹਮਣੇ ਆਉਂਦੇ ਹਨ ਪਰ ‘ਵਪਤਰ’ ਸ਼ਬਦ ਵਿਚ ਕਾਰਜਸ਼ੀਲ ‘ਵਪ’ ਧਾਤੂ ਦੇ ਅਰਥ ਹਨ-ਖਿਲਾਰਨਾ, ਛਿੜਕਣਾ (ਖਾਸ ਤੌਰ ‘ਤੇ ਬੀਜ)। ਇਸੇ ਤੋਂ ਇਸ ਦੇ ਬੀਜਣ ਦੇ ਅਰਥ ਵਿਕਸਿਤ ਹੁੰਦੇ ਹਨ ਕਿਉਂਕਿ ਬੀਜ ਖਿਲਾਰ ਕੇ ਹੀ ਬੀਜੇ ਜਾਂਦੇ ਹਨ। ਇਹ ਵੀ ਧਿਆਨਯੋਗ ਹੈ ਕਿ ਛਿੜਕਣਾ ਦੀ ਤਰ੍ਹਾਂ ਸ਼ਬਦ ‘ਵਪ’ ਤਰਲ ਲਈ ਵੀ ਅਤੇ ਦਾਣੇਦਾਰ ਵਸਤੂ ਲਈ ਵੀ ਵਰਤਿਆ ਜਾਂਦਾ ਹੈ। ਇਸ ਤੋਂ ਅੱਗੇ ਇਸ ਦੇ ਅਰਥ ਹਨ-ਸੁੱਟਣਾ (ਪਾਸਾ ਆਦਿ), (ਸੰਤਾਨ) ਪੈਦਾ ਕਰਨਾ। ਬੀਜ ਖਿਲਾਰ ਕੇ ਜਾਂ ਛਿੜਕ ਕੇ ਹੀ ਸੰਤਾਨ ਪੈਦਾ ਕੀਤੀ ਜਾਂਦੀ ਹੈ। ਦਿਲਚਸਪ ਗੱਲ ਹੈ ਕਿ ਕਈ ਸ੍ਰੋਤਾਂ ਅਨੁਸਾਰ ਇਸੇ ਭਾਵ ਤੋਂ ਬਾਪ, ਅੱਪਾ, ਅੱਬਾ, ਬਾਬਾ, ਬਾਬੂ, ਬਾਊ, ਬਾਬਲ, ਬੱਪਾ, ਬਾਪੂ ਸ਼ਬਦ ਬਣੇ ਹਨ ਜੋ ਸੰਤਾਨ ਉਤਪਤੀ ਲਈ (ਵੀਰਜ) ਛਿੜਕਣ ਦਾ ਇਹ ਕਾਰਜ ਨਿਭਾਉਂਦੇ ਹਨ! ਖੈਰ, ਇਸ ਨਿਰਣੇ ਦੀ ਪਰਖ ਫਿਰ ਕਰਾਂਗੇ। ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਇਸ ਵਿਆਖਿਆ ਅਨੁਸਾਰ ਵੱਤਰ ‘ਬੀਜ ਖਿਲਾਰੇ ਜਾਣ ਯੋਗ ਹੋਣ ਦੀ ਹਾਲਤ’ ਹੈ।
ਹਰਭਜਨ ਸਿੰਘ ਦੇਹਰਾਦੂਨ ਤੇ ਹੋਰਨਾਂ ਦੀ ਮੁੱਖ ਸੰਪਾਦਕੀ ਹੇਠ ਪ੍ਰਕਾਸ਼ਿਤ ਪੰਡਤ ਗਿਆਨੀ ਹਜ਼ਾਰਾ ਸਿੰਘ ਦੀ ਕ੍ਰਿਤ ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਕੋਸ਼’ ਅਨੁਸਾਰ “ਪਹਿਲਾਂ ਵੱਤਰ ਪਾਣੀ ਦਾ ਨਾਮ ਸੀ ਫੇਰ ਨਮੀ ਦਾ ਹੋਇਆ। ਮੁਕਾਬਲਾ ਕਰੋ, ਅੰਗਰੇਜ਼ੀ ਦਾ ਪਦ ਵਾਟਰ=ਪਾਣੀ, ਜਰਮਨੀ ਵਥਰ=ਪਾਣੀ।” ਵੱਤਰ ਸ਼ਬਦ ਨੂੰ ਅੰਗਰੇਜ਼ੀ, ਜਰਮਨ ਦੇ ਇਨ੍ਹਾਂ ਸ਼ਬਦਾਂ ਨਾਲ ਜੋੜਨਾ ਨਿਰੀ ਕਿਆਸਅਰਾਈ ਹੈ। ਸੰਸਕ੍ਰਿਤ ਵਿਚ ਵੱਤਰ ਸ਼ਬਦ ਪਾਣੀ ਵਜੋਂ ਕਿੱਥੇ ਵਰਤਿਆ ਗਿਆ ਹੈ? ਸ਼ਬਦਾਂ ਦੇ ਇਤਿਹਾਸ ਫੋਲੇ ਬਿਨਾ ਨਿਰੀ ਧੁਨੀ ਤੇ ਅਰਥ ਦੀ ਕੁਝ ਸਮਾਨਤਾ ਦੇਖ ਕੇ ਨਤੀਜੇ ਕੱਢਣਾ ਮਨਘੜਤ ਵਿਉਤਪਤੀ ਹੈ।
ਹਾਂ, ਅੰਗਰੇਜ਼ੀ ਵਾਟਰ ਸ਼ਬਦ ਜ਼ਰੂਰ ਭਾਰੋਪੀ ਹੈ ਤੇ ਇਸ ਦੇ ਸਜਾਤੀ ਸ਼ਬਦ ਹੋਰ ਭਾਸ਼ਾਵਾਂ ਤੋਂ ਬਿਨਾ ਸੰਸਕ੍ਰਿਤ ਵਿਚ ਵੀ ਮਿਲਦੇ ਹਨ। ਇਸ ਦਾ ਭਾਰੋਪੀ ਮੂਲ Wod ਜਾਂ Wed ਕਲਪਿਆ ਗਿਆ ਹੈ। ਇਸ ਵਿਚ ਪਾਣੀ, ਨਮੀ, ਗਿੱਲ ਦੇ ਭਾਵ ਹਨ। ਅੰਗਰੇਜ਼ੀ ਤੋਂ ਬਿਨਾ ਕਈ ਜਰਮੈਨਿਕ ਭਾਸ਼ਾਵਾਂ ਵਿਚ ਇਸ ਨਾਲ ਮਿਲਦੇ-ਜੁਲਦੇ ਸ਼ਬਦ ਹਨ। ਮਿਸਾਲ ਵਜੋਂ ਜਰਮਨ ਵਾਸਾ, ਗੌਥਿਕ ਵਾਟੋ, ਡੱਚ ਵਾਟਰ, ਰੂਸੀ ਵਾਦੀ, ਕਰੋਸ਼ੀਅਨ ਭਾਸ਼ਾਵਾਂ ਵੋਦਾ, ਲਿਥੂਏਨੀਅਨ ਵੰਦੁਓ, ਗਰੀਕ ਹਾਈਡਰੋ ਆਦਿ।
ਸੰਸਕ੍ਰਿਤ ਵਿਚ ਇਸ ਦਾ ਸਜਾਤੀ ਧਾਤੂ ਹੈ, ‘ਉਦ’ ਜਿਸ ਵਿਚ ਪਾਣੀ ਦੇ ਭਾਵ ਹਨ। ਉਦ ਦਾ ਇਕ ਅਨੁਨਾਸਕ ਰੂਪ ਉਂਦ ਵੀ ਹੈ। ਉਦ ਕ੍ਰਿਆ ਦੇ ਅਰਥ ਹਨ-ਵਹਿਣਾ, ਚਸ਼ਮੇ ਦਾ ਫੁੱਟਣਾ, ਗਿੱਲਾ ਹੋਣਾ, ਨਹਾਉਣਾ ਆਦਿ। ਇਸ ਸ਼ਬਦ ਨੂੰ ਸਮਾਸ ਬਣਾਉਣ ਵਿਚ ਵਰਤਿਆ ਗਿਆ ਹੈ ਜਿਵੇਂ ਉਦ-ਪਾਤਰ ਅਰਥਾਤ ਜਲਪਾਤਰ; ਕੁਝ ਕੋਸ਼ਾਂ ਵਿਚ ਇਸ ਨੂੰ ਗਲਾਸ ਦੇ ਅਰਥਾਂ ਵਿਚ ਲਿਆ ਗਿਆ ਹੈ। ਉਦਕ ਦਾ ਅਰਥ ਪਾਣੀ ਹੈ, ‘ਆਠ ਪਹਰ ਉਦਕ ਇਸਨਾਨੀ॥’ (ਗੁਰੂ ਅਰਜਨ ਦੇਵ); ‘ਰਾਮ ਉਦਕਿ ਤਨੁ ਜਲਤ ਬੁਝਾਇਆ॥’ (ਭਗਤ ਕਬੀਰ)। ਉਦਧ ਦਾ ਅਰਥ ਹੈ-ਸਮੁੰਦਰ, ‘ਉਦਧਿ ਗੁਰੁ ਗਹਿਰ ਗੰਭੀਰ ਬੇਅੰਤੁ ਹਰਿ॥’ (ਗੁਰੂ ਰਾਮ ਦਾਸ)। ਸਮੁੰਦਰ (ਸਮ+ਉਂਦ) ਸ਼ਬਦ ਵਿਚ ਵੀ ਉਦ ਬੋਲਦਾ ਹੈ। ਊਦਬਲਾਉ (ਇਕ ਮੱਛਖੋਰ ਜਾਨਵਰ) ਦਾ ਸ਼ਾਬਦਿਕ ਅਰਥ ਹੈ-ਪਾਣੀ ਦਾ ਬਿੱਲਾ। ਅੰਗਰੇਜ਼ੀ ਵਿਚ ਇਸ ਜਾਨਵਰ ਨੂੰ Otter ਆਖਦੇ ਹਨ। ਇਸ ਦੇ ਪ੍ਰਾਚੀਨ ਰੂਪ Udros ਵਿਚ ਵੀ Udro, ਇਹੋ ਪਾਣੀ ਦੇ ਅਰਥਾਂ ਵਾਲਾ ਸ਼ਬਦ ਹੈ। ਸੰਸਕ੍ਰਿਤ ਉਦਰ ਅਤੇ ਹਿੰਦੀ ਉਦ ਦਾ ਅਰਥ ਵੀ ਊਦਬਿਲਾਉ ਹੈ।
ਪਲੈਟਸ ਦਾ ਅਨੁਮਾਨ ਹੈ ਕਿ ਊਤ ਸ਼ਬਦ ਇਸੇ ਉਦ ਦਾ ਵਿਗਾੜ ਹੋ ਸਕਦਾ ਹੈ ਕਿਉਂਕਿ ਉਦ ਦਾ ਇਕ ਅਰਥ ਸਿੱਧੜਾ, ਮੂਰਖ ਹੈ। ਅਵੇਸਤਾ ਵਿਚ ਵੀ ਇਨ੍ਹਾਂ ਹੀ ਅਰਥਾਂ ਵਿਚ ਉਦਰਾ ਸ਼ਬਦ ਮਿਲਦਾ ਹੈ ਪਰ ਇਸ ਦਾ ਅਜੋਕਾ ਫਾਰਸੀ ਰੂਪ ਮੈਨੂੰ ਨਹੀਂ ਮਿਲਿਆ। ਰੂਸੀ ਆਦਿ ਭਾਸ਼ਾਵਾਂ ਵਿਚ ਪਾਣੀ ਲਈ ਵੋਦਾ ਸ਼ਬਦ ਹੈ। ਇਕ ਤਰ੍ਹਾਂ ਦੀ ਸ਼ਰਾਬ ਵੋਦਕਾ ਸ਼ਬਦ ਵੋਦਾ ਦੇ ਪਿਛੇ ਲਘੂਤਾਸੂਚਕ ਪਿਛੇਤਰ ‘ਕਾ’ ਲਗ ਕੇ ਬਣਿਆ ਹੈ। ਇਸ ਦਾ ਸ਼ਾਬਦਿਕ ਅਰਥ ਬਣਦਾ ਹੈ-ਥੋੜਾ ਪਾਣੀ। ਵਿਸਕੀ ਸ਼ਬਦ ਵਿਚ ਵੀ ਪਾਣੀ ਮਿਲਾਇਆ ਗਿਆ ਹੈ। ਇਸ ਦਾ ਪੁਰਾਣਾ ਰੂਪ ਸੀ, Ud-skio ਜਿਸ ਦਾ ਸ਼ਾਬਦਿਕ ਅਰਥ ਹੈ-ਜ਼ਿੰਦਗੀ ਦਾ ਪਾਣੀ, ਅੰਮ੍ਰਿਤ। ਇਹ ਜਾਣ ਕੇ ਕੌਣ ਨਹੀਂ ਵਿਸਕੀ ਪੀਏਗਾ?
ਉਪਰੋਕਤ ਧਾਤੂ ਤੋਂ ਜਰਮੈਨਿਕ, ਗਰੀਕ, ਲਾਤੀਨੀ ਅਤੇ ਸਲਾਵਿਕਿ ਭਾਸ਼ਾਵਾਂ ਵਲੋਂ ਵਿਕਸਿਤ ਹੋ ਕੇ ਅੰਗਰੇਜ਼ੀ ਵਿਚ ਆਏ ਕੁਝ ਹੋਰ ਸ਼ਬਦ ਹਨ: Abound, Dropsy, Hydra, Hydrangea, Hydraulic, Hydrogen, Inundate, Redound, Redundant, Surround, Undulate, Wash, Wet, Winter.