ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਹਥਲੇ ਲੇਖ ਵਿਚ ਉਨ੍ਹਾਂ ਕਿਹਾ ਹੈ ਕਿ ਹੂਕ ਨੂੰ ਆਪਣੇ ਸਾਹਾਂ ਵਿਚ ਜਜ਼ਬ ਕਰਨ ਵਾਲੇ ਅਸਲ ਵਿਚ ਕਰਮਯੋਗੀ ਹੁੰਦੇ ਜਿਨ੍ਹਾਂ ਦੇ ਹਰ ਕਰਮ ਵਿਚ ਮਾਨਵਤਾ ਦੇ ਹੰਝੂ ਪੂੰਝਣ ਦੀ ਤਮੰਨਾ ਹੁੰਦੀ ਹੈ। ਉਹ ਧਰਤ ਨੂੰ ਹਰ ਜੀਵ ਲਈ ਜਿਉਣ-ਜੋਗਾ ਕਰਨ ਦੇ ਆਹਰ ਵਿਚ ਹੀ ਆਪਣੇ ਸਾਹਾਂ ਦੀ ਪੂੰਜੀ ਖਰਚ ਕਰ ਦਿੰਦੇ।
-ਸੰਪਾਦਕ
ਡਾæ ਗੁਰਬਖਸ਼ ਸਿੰਘ ਭੰਡਾਲ
ਹੂਕ ਮਨ ਦੀ ਵੇਦਨਾ, ਦਿਲ ਦੇ ਦਰਦ ਦਾ ਭਰ ਵਹਿੰਦਾ ਦਰਿਆ। ਸੂਲੀ ‘ਤੇ ਟੰਗੀਆਂ ਭਾਵਨਾਵਾਂ ਦੇ ਨੈਣਾਂ ਵਿਚ ਉਗਿਆ ਤਰਲਾ। ਤਰਸ ਦਾ ਸਿੰਮਦਾ ਸੈਲਾਬ।
ਹੂਕ ਆਪਣੇ ਅੰਤਰੀਵ ਦਾ ਹੁੰਗਾਰਾ, ਦੀਦਿਆਂ ‘ਚ ਹੰਗਾਲਣਾ ਇਕ ਸਾਗਰ-ਖਾਰਾ ਅਤੇ ਖਾਰੇਪਣ ‘ਚ ਖੁਰ ਜਾਣਾ ਅੰਬਰ ਦਾ ਤਾਰਾ।
ਹੂਕ ਭਾਵਨਾਤਮਿਕ ਤਰੰਗਾਂ ਦੀ ਸੰਗੀਤਕਾ ਵਿਚ ਅਬਲਾ ਦੀ ਲੇਰ, ਪਿੰਡ ‘ਤੇ ਉਤਰੀ ਧੁੱਖਦੀ ਸਵੇਰ ਅਤੇ ਖੇਤਾਂ ਵਿਚ ਪਸਰਦੀ ਖੁਦਕੁਸ਼ੀਆਂ ਦੀ ਚੰਗੇਰ।
ਹੂਕ ਆਪਣੇ ਆਪ ‘ਚ ਨਿਤਾਣੇਪਣ ਦਾ ਅਹਿਸਾਸ, ਸਾਹ ਧਰੀਕਦੀ ਜਿਉਣ-ਆਸ ਅਤੇ ਜਿੰਦ ਦੇ ਖਾਲੀ ਕਟੋਰੇ ਵਿਚ ਸਵਾਂਤੀ ਬੂੰਦ ਪੈਣ ਦਾ ਧਰਵਾਸ।
ਹੂਕ ਕਿਸੇ ਦੀ ਦੁਖਦੀ ਅੱਖ ਦੇ ਦਰਦ ਨੂੰ ਮਹਿਸੂਸ ਕਰਨਾ, ਕਿਸੇ ਦੀ ਪੀੜਾ ਨੂੰ ਆਪਣੇ ਸਾਹੀਂ ਜ਼ਰਨਾ ਅਤੇ ਕਿਸੇ ਦੇ ਹਰੇ ਤੇ ਅੱਲੇ ਜਖ਼ਮਾਂ ‘ਤੇ ਕੋਸੀ ਕੋਸੀ ਟਕੋਰ ਕਰਨਾ ਅਤੇ ਮਰਹਮ ਦਾ ਫੇਹਾ ਧਰਨਾ।
ਹੂਕ ਆਪਣੀ ਆਤਮਾ ਸੰਗ ਸੰਵਾਦ, ਲੋਕ-ਸੁਰ ਲਈ ਆਗਾਜ਼ ਅਤੇ ਆਪਣੇ ਆਪੇ ਬਗੈਰ ਲੋਕਾਈ ਲਈ ਜਿਉਣ-ਅੰਦਾਜ਼।
ਹੂਕ ਪਰਿੰਦੇ ਦੇ ਨੋਚੇ ਖੰਭਾਂ ਦੀ ਚੀਸ ਨੂੰ ਬੋਲਾਂ ਵਿਚ ਵਸਾਉਣਾ, ਪਿਆਸੇ ਜੀਵ ਦੇ ਬੁੱਲਾਂ ‘ਤੇ ਬੂੰਦ ਕਟੋਰਾ ਲਾਉਣਾ ਜਾਂ ਕਿਸੇ ਬਿਰਖ ਦੀ ਠੰਢੀ ਆਹ ਨੂੰ ਆਪਣੇ ਨਾਮ ਲਾਉਣਾ।
ਹੂਕ ਕੁਝ ਕੁ ਭਲੇ ਲੋਕਾਂ ਦੀ ਆਤਮਿਕ ਉਡਾਣ, ਉਤਮ ਪੁਰਸ਼ਾਂ ਦੀ ਪਛਾਣ ਅਤੇ ਮਾਨਵਤਾ ਦੀ ਭਲਾਈ ਲੋੜਦੇ ਇਨਸਾਨਾਂ ਦੀ ਮਾਨਸਿਕ ਉਚਾਣ।
ਹੂਕ ਦਾ ਹੁੰਗਾਰਾ ਭਰਨ ਵਾਲੇ ਲੋਕ ਸਮਾਜ ਦਾ ਸੁਰਖ ਮੁਹਾਂਦਰਾ, ਤਹਿਜ਼ੀਬ ਦਾ ਸੰਜੀਵ ਵਰਕਾ ਅਤੇ ਹਵਾਵਾਂ ‘ਤੇ ਲਿਖੇ ਜਾਣ ਵਾਲੇ ਹਰਫ, ਜੋ ਸਦਾ ਗਤੀਸ਼ੀਲ ਰਹਿੰਦੇ।
ਹੂਕ ਨੂੰ ਆਪਣੇ ਸਾਹਾਂ ਵਿਚ ਜਜ਼ਬ ਕਰਨ ਵਾਲੇ ਅਸਲ ਵਿਚ ਕਰਮਯੋਗੀ ਹੁੰਦੇ ਜਿਨ੍ਹਾਂ ਦੇ ਹਰ ਕਰਮ ਵਿਚ ਮਾਨਵਤਾ ਦੇ ਹੰਝੂ ਪੂੰਝਣ ਦੀ ਤਮੰਨਾ ਹੁੰਦੀ। ਉਹ ਧਰਤ ਨੂੰ ਹਰ ਜੀਵ ਲਈ ਜਿਉਣ-ਜੋਗਾ ਕਰਨ ਦੇ ਆਹਰ ਵਿਚ ਹੀ ਆਪਣੇ ਸਾਹਾਂ ਦੀ ਪੂੰਜੀ ਖਰਚ ਕਰ ਦਿੰਦੇ।
ਸਾਡੇ ਚਾਰੇ ਪਾਸੇ ਹੂਕਾਂ ਹੀ ਹੂਕਾਂ, ਕੰਨਾਂ ਵਿਚ ਪੈਂਦੀਆਂ ਕੂਕਾਂ ਹੀ ਕੂਕਾਂ ਪਰ ਵਿਰਲਿਆਂ ਨੂੰ ਹੀ ਸੁਣਦੇ ਨੇ ਤਰਲੇ, ਫਰਿਆਦਾਂ ਅਤੇ ਲਿੱਲਕੜੀਆਂ। ਬਹੁਤ ਵਿਰਲੇ ਭਰਦੇ ਨੇ ਇਨ੍ਹਾਂ ਦਾ ਹਾਂ-ਪੱਖੀ ਹੁੰਗਾਰਾ। ਬਹੁਤਿਆਂ ਲਈ ਤਾਂ ਇਹ ਮਹਿਜ ਸ਼ੁਗਲ ਅਤੇ ਇਸ ‘ਚੋਂ ਭਾਲਦੇ ਨੇ ਆਪਣਾ ਲਾਹਾ।
ਜਦ ਬਾਬਰ ਦੇ ਜੁਲਮ ਅਤੇ ਤਸ਼ੱਦਦ ਦੀਆਂ ਕੂਕਾਂ ਮਾਨਵਤਾ ਦੇ ਰਹਿਬਰ ਦੇ ਕੰਨੀਂ ਪੈਂਦੀਆਂ ਨੇ ਤਾਂ ਬਾਬਰਵਾਣੀ ਉਤਰਦੀ ਏ, ਜਦ ਸਿੱਦਕ ਨੂੰ ਤੱਤੀ ਤਵੀ ‘ਤੇ ਬੈਠਾਇਆ ਜਾਂਦਾ ਏ ਤਾਂ ‘ਤੇਰਾ ਭਾਣਾ ਮੀਠਾ ਲਾਗੇ’ ਦਾ ਰੂਹਾਨੀ ਸੰਦੇਸ਼ ਹਰ ਆਤਮਾ ਵਿਚ ਸਮਾਉਂਦਾ ਏ, ਜਦ ਲਾਚਾਰ ਬ੍ਰਾਹਮਣਾਂ ਦੇ ਜਨੇਊਆਂ ਦੇ ਢੇਰ ਲੱਗਦੇ ਨੇ ਤਾਂ ਮਰਦ ਅਗੰਮੜਾ ‘ਹਿੰਦ ਦੀ ਚਾਦਰ’ ਦਾ ਮਾਣ ਹਾਸਲ ਕਰਦਾ ਏ, ਜਦ ਜੁਲਮ ਦੀ ਇੰਤਹਾ ਹੋ ਜਾਂਦੀ ਏ ਅਤੇ ਗਰੀਬਾਂ ਨੂੰ ਜੁਲਮ ਦੀ ਚੱਕੀ ਵਿਚ ਪੀਸਿਆ ਜਾਂਦਾ ਏ ਤਾਂ ‘ਸਰਬੰਸਦਾਨੀ’, ‘ਆਪੇ ਗੁਰ ਚੇਲਾ’ ਦੀ ਨਵੀਂ ਤਵਾਰੀਖ ਸਿਰਜਦਾ ਏ, ਜਦ ਗੁਲਾਮੀ ਦਾ ਜੂਲਾ ਭਾਰਤੀਆਂ ਦੇ ਸਾਹਾਂ ‘ਚ ਸਿਸਕੀਆਂ ਬੀਜਣ ਲੱਗੇ ਤਾਂ ਫਾਂਸੀ ਨੂੰ ਚੁੰਮਣ ਵਾਲੇ ਸੂਰਬੀਰਾਂ ਦੀਆਂ ਕਹਾਣੀਆਂ ਹਰ ਪਿੰਡ ਦੀ ਫਿਜ਼ਾ ਵਿਚ ਗੇੜੇ ਲਾਉਣ ਲੱਗਦੀਆਂ ਹਨ।
ਜਦ ਇਹ ਹੂਕ ਕਿਸੇ ਦੀ ਸੋਚ ‘ਚ ਛੇਕ ਕਰਦੀ ਏ ਤਾਂ ਅਲੋਕਾਰ ਵਰਤਾਰਿਆਂ ‘ਚੋਂ ਨਵੇਂ ਵਿਅਕਤੀਤਵ ਦੀ ਸਿਰਜਣਾ ਹੁੰਦੀ ਏ ਜੋ ਸਮੇਂ ਨੂੰ ਨਵੀਨ ਨੁਹਾਰ ਦੇਣ ਦੇ ਉਪਰਾਲੇ ‘ਚ ਆਪਣੇ ਆਪ ਨੂੰ ਗਲਤਾਨ ਕਰਦਿਆਂ ਆਪਣੇ ਧੰਨਭਾਗ ਸਮਝਦੀ ਏ।
ਜਦ ਬਿਰਖ ਵਿਹੂਣੀ ਧਰਤ ਦੀ ਪੁਕਾਰ ਅੰਤਰੀਵ ਵਿਚ ਲਹਿੰਦੀ ਏ ਤਾਂ ਖਡੂਰ ਸਾਹਿਬ ਦੀ ਜਰਖੇਜ਼ ਧਰਾਤਲ ‘ਚੋਂ ਰੁੱਖਾਂ ਦੀਆਂ ਡਾਰਾਂ ਲਾਉਣ ਦੀ ਪਿਰਤ ਜਨਮਦੀ ਏ, ਦੂਰ ਪਰਵਾਸ ਕਰ ਗਏ ਪਰਿੰਦੇ ਵਾਪਸ ਪਰਤ ਆਉਂਦੇ ਨੇ ਅਤੇ ਪੰਛੀਆਂ ਦਾ ਸੁਗਮ-ਸੰਗੀਤ ਕਾਇਨਾਤ ਦੀ ਉਪਮਾ ਗਾਉਂਦਾ ਏ। ਜਦ ਕੋਈ ਪਲੀਤ ਪਾਣੀਆਂ ਦੀ ਗੁਹਾਰ ਸੁਣਦਾ ਏ ਤਾਂ ਸੁਲਤਾਨਪੁਰ ਲੋਧੀ ‘ਚੋਂ ਇਕ ਲੇਰ ਉਭਰਦੀ ਏ ਜੋ ਪਾਣੀਆਂ ਦੇ ਦਰਦ ਨੂੰ ਆਪਣਾ ਦਰਦ ਸਮਝ, ਪਲੀਤਪੁਣੇ ਨੂੰ ਦੂਰ ਕਰਨ ਦਾ ਅਹਿਦ ਬਣ ਜਾਂਦੀ ਏ। ਜਦ ਰੋਂਦੀ ਕੁਰਲਾਉਂਦੀ, ਵਾਲ ਖਿਲਾਰੀ ਪੰਜਾਬੀਅਤ ਦੀਆਂ ਮੀਢੀਆਂ ਗੁੰਦਣ ਦੀ ਵਾਰੀ ਆਉਂਦੀ ਏ ਤਾਂ ਡਾਕਟਰੀ ਕਿੱਤੇ ਨੂੰ ਅਰਪਿੱਤ ਸ਼ਖਸ ਇਸ ਦੀ ਸਾਰ ਲੈਣ ਲਈ ਅੱਗੇ ਆਉਂਦਾ ਏ ਅਤੇ ਅਮੀਰ ਵਿਰਾਸਤ ਦੀ ਮਹਿਕ ਸੰਸਾਰ ਦੇ ਕੋਨੇ ਕੋਨੇ ਵਿਚ ਫੈਲਾਉਂਦਾ ਏ।
ਜਦ ਸ਼ਬਦ ਸਿਸਕਦੇ ਨੇ ਤਾਂ ਹਰਫਾਂ ਦੀ ਵੇਦਨਾ ਆਪਣੀ ਕਲਮ ਦੇ ਨਾਮ ਕਰਨ ਵਾਲਾ ਸੁਰਜੀਤ ਪਾਤਰ, ਅੰਮ੍ਰਿਤਾ ਪ੍ਰੀਤਮ, ਬੁੱਲੇਸ਼ਾਹ, ਵਾਰਸ ਜਾਂ ਹਾਸ਼ਮ ਦਾ ਲਕਬ ਪ੍ਰਾਪਤ ਕਰਦਾ ਏ। ਜਦ ਕੋਈ ਜਾਗਦੀ ਸੋਚ ਵਾਲਾ ਕੈਂਸਰ ਬਣੇ ਪੰਜਾਬ ਵੰਨੀਂ ਸਵੱਲੀ ਨਜ਼ਰ ਕਰਦਾ ਏ ਤਾਂ ‘ਰੋਕੋ ਕੈਂਸਰ’ ਦਾ ਪਰਚਮ ਲਹਿਰਦਾ ਏ।
ਪਰਵਾਸੀਆਂ ਦੀ ਹੂਕ ਹੀ ਏ ਜਿਸ ਨੇ ਕਈ ਪਿੰਡਾਂ ਦੇ ਨਾਮ ਸੁੱਖ ਸਹੂਲਤਾਂ ਕੀਤੀਆਂ, ਕਈਆਂ ਦੇ ਨਾਂਵੇਂ ਅੱਖਰ ਜੋਤ ਕੀਤੀ ਹੈ ਅਤੇ ਕਈਆਂ ਦੇ ਨੈਣਾਂ ਵਿਚ ਲੋਅ ਭਰੀ। ਨਿਜ ਤੋਂ ਉਪਰ ਉਠ ਅਤੇ ਨਿਜੀ ਮੁਫਾਦ ਨੂੰ ਤਿਆਗ ਕੇ ਦਰਦਮੰਦਾਂ ਦੀਆਂ ਆਹਾਂ ਦਾ ਸਾਰਥਿਕ ਹੁੰਗਾਰਾ ਭਰਨਾ ਜੀਵਨ ਦਾ ਸੁੱਚਮ ਪਰ ਬਹੁਤ ਵਿਰਲਿਆਂ ਦੇ ਭਾਗੀਂ ਹੁੰਦਾ ਏ ਅਜਿਹਾ ਕਰਮ-ਧਰਮ।
ਇਹ ਹੂਕ ਹੀ ਹੁੰਦੀ ਏ ਜੋ ਕਦੇ ਬੋਲਾਂ ਵਿਚ ਸਿੰਮਦੀ, ਕਦੇ ਹਰਫਾਂ ਵਿਚ ਵਹਿੰਦੀ। ਕਦੇ ਲੇਰ ਮਾਰਦੀ ਏ ਪਰ ਕਦੇ ਚੁੱਪ ਦਾ ਲਿਬਾਸ ਵੀ ਪਾ ਲੈਂਦੀ। ਯਾਦ ਰੱਖਣਾ! ਜਦ ਕੋਈ ਲੇਰ ਹਿੱਕ ਵਿਚ ਜੰਮ ਜਾਵੇ ਅਤੇ ਮੂਕ-ਸੰਵਾਦ ਵਿਚ ਲੀਨ ਹੋ ਜਾਵੇ ਤਾਂ ਇਹ ਬਹੁਤ ਖਤਰਨਾਕ ਹੁੰਦਾ ਏ। ਇਨਕਲਾਬ, ਰਾਜ ਪਲਟੇ, ਨਵੀਂ ਸੋਚ ਦਾ ਪਰਚਮ, ਪੁਰਾਣੇ ਸੰਸਕਾਰਾਂ ਦਾ ਰਾਖ ਹੋਣਾ, ਨਵੇਂ ਰਾਹਾਂ ਦੀ ਨਿਸ਼ਾਨਦੇਹੀ, ਨਵੀਆਂ ਮੰਜ਼ਿਲਾਂ ਦਾ ਹਸਤਾਖਰ ਬਣਨਾ ਆਦਿ ਦਰਅਸਲ ਮਰਨਹਾਰੀ ਹੂਕ ‘ਚੋਂ ਉਗੀ ਸੰਵੇਦਨਾ ਹੀ ਹੁੰਦਾ ਏ।
ਵਾਸਤਾ ਈ! ਹੂਕ ਨੂੰ ਅਣਸੁਣੀ ਨਾ ਕਰੋ, ਇਸ ਦਾ ਹੁੰਗਾਰਾ ਜਰੂਰ ਭਰੋ। ਬੜਾ ਖਤਰਨਾਕ ਹੁੰਦਾ ਏ ਆਂਦਰਾਂ ਨੂੰ ਗੰਢ ਪਾਉਣ ਵਾਲੀ ਚੀਸ ਦਾ ਗੁੰਗੀ ਹੋ ਜਾਣਾ ਅਤੇ ਆਪਣੇ ਸਮੁੱਚ ਨੂੰ ਕੋਹਣਾ। ਮੂਕ ਹੂਕ ਦੀ ਹਿੱਕ ‘ਚੋਂ ਉਗੇ ਬੋਲ ਸਮਿਆਂ ਨੂੰ ਹੰਗਾਲ ਦਿੰਦੇ ਨੇ, ਜਿਸ ਦਾ ਉਬਾਲ ਗਲੀਜ਼ਤਾ ਨੂੰ ਗਾਲ ਦਿੰਦਾ ਏ।
ਤਰਲਾ ਈ! ਚੌਗਿਰਦੇ ‘ਚ ਘਰ ਕਰੀ ਬੈਠੀਆਂ ਹੂਕਾਂ ਦਾ ਹੁੰਗਾਰਾ ਜਰੂਰ ਭਰੋ।