ਗੁਰਦਾਸਪੁਰ ਉਪ ਚੋਣ: ਸਿਆਸੀ ਧਿਰਾਂ ਨੇ ਸੰਭਾਲ ਲਏ ਮੋਰਚੇ

ਚੰਡੀਗੜ੍ਹ: ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ ਲਈ ਮੈਦਾਨ ਪੂਰੀ ਤਰ੍ਹਾਂ ਭਖ ਗਿਆ ਹੈ। ਇਨ੍ਹਾਂ ਚੋਣਾਂ ਵਿਚ ਮੁੱਖ ਵਿਰੋਧੀ ਧਿਰਾਂ ਭਾਜਪਾ ਤੇ ਕਾਂਗਰਸ ਤੋਂ ਇਲਾਵਾ ਆਮ ਆਦਮੀ ਪਾਰਟੀ (ਆਪ) ਵੀ ਨਿੱਤਰੀ ਹੋਈ ਹੈ। ਕਾਂਗਰਸ ਨੇ ਇਸ ਹਲਕੇ ਤੋਂ ਆਪਣੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੂੰ ਉਮੀਦਵਾਰ ਬਣਾਇਆ ਹੈ। ਭਾਰਤੀ ਜਨਤਾ ਪਾਰਟੀ ਨੇ ਜਾਖੜ ਦੇ ਮੁਕਾਬਲੇ ਸਵਰਨ ਸਲਾਰੀਆ ਨੂੰ ਪਿੜ ਵਿਚ ਉਤਾਰਿਆ ਹੈ।

ਆਮ ਆਦਮੀ ਪਾਰਟੀ (ਆਪ) ਨੇ ਮੇਜਰ ਜਨਰਲ ਨਰਿੰਦਰ ਖਜੂਰੀਆ ਨੂੰ ਉਮੀਦਵਾਰ ਬਣਾ ਕੇ ਇਸ ਜ਼ਿਮਨੀ ਚੋਣ ਪ੍ਰਤੀ ਸੰਜੀਦਾ ਹੋਣ ਦਾ ਸੁਨੇਹਾ ਦਿੱਤਾ ਹੈ। ਨਾ ਸਵਰਨ ਸਲਾਰੀਆ ਨੇ ਪਹਿਲਾਂ ਕਦੇ ਚੋਣ ਲੜੀ ਹੈ ਅਤੇ ਨਾ ਹੀ ਜਨਰਲ ਖਜੂਰੀਆ ਨੇ। ਇਸੇ ਤਰ੍ਹਾਂ ਸ੍ਰੀ ਜਾਖੜ ਦਾ ਮੁਕਾਬਲਾ ਚੁਣਾਵੀ ਰਾਜਨੀਤੀ ਦੇ ਗੈਰ-ਅਨੁਭਵੀ ਉਮੀਦਵਾਰਾਂ ਨਾਲ ਹੈ। 11 ਅਕਤੂਬਰ ਨੂੰ ਹੋ ਰਹੀ ਉਪ ਚੋਣ ਜਿਥੇ ਕੇਂਦਰ ਵਿਚ ਸੱਤਾ ਉਤੇ ਕਾਬਜ਼ ਭਾਰਤੀ ਜਨਤਾ ਪਾਰਟੀ ਲਈ ਨੋਟਬੰਦੀ ਤੇ ਜੀæਐਸ਼ਟੀæ ਤੋਂ ਬਾਅਦ ਅਗਨੀ ਪ੍ਰੀਖਿਆ ਸਮਝੀ ਜਾ ਰਹੀ ਹੈ, ਉਥੇ ਸੂਬੇ ਦੀ ਸੱਤਾਧਾਰੀ ਧਿਰ ਕਾਂਗਰਸ ਦੀ ਪਿਛਲੀ 6 ਮਹੀਨਿਆਂ ਦੀ ਕਾਰਗੁਜ਼ਾਰੀ ਦਾ ਵੀ ਨਿਤਾਰਾ ਕਰੇਗੀ।
ਆਮ ਆਦਮੀ ਪਾਰਟੀ ਲਈ ਵੀ ਗੁਰਦਾਸਪੁਰ ਦੀ ਉਪ ਚੋਣ ਕਾਫੀ ਅਹਿਮ ਹੈ, ਕਿਉਂਕਿ ਪਹਿਲੀ ਵਾਰ ਸੂਬਾਈ ਲੀਡਰਸ਼ਿਪ ਵੱਲੋਂ ਇਹ ਚੋਣ ਕੇਂਦਰੀ ਲੀਡਰਸ਼ਿਪ ਨੂੰ ਲਾਂਭੇ ਕਰ ਕੇ ਆਪਣੇ ਬਲਬੂਤੇ ਉਤੇ ਲੜੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਾਰਟੀ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਇਸ ਚੋਣ ਨੂੰ ਵੱਕਾਰ ਦਾ ਸਵਾਲ ਬਣਾ ਕੇ ਲੜ ਰਹੇ ਹਨ ਤੇ ਦੋਵੇਂ ਆਗੂ ਇਹ ਚੋਣ ਜਿੱਤ ਕੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਨਗੇ ਕਿ ਜੇਕਰ ਵਿਧਾਨ ਸਭਾ ਚੋਣਾਂ ਵਿਚ ਵੀ ਪੰਜਾਬ ਮਾਮਲਿਆਂ ਦੇ ਇੰਚਾਰਜ ਰਹੇ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਦੀ ਥਾਂ ਪਾਰਟੀ ਦੀ ਕਮਾਨ ਸੂਬਾਈ ਆਗੂਆਂ ਦੇ ਹੱਥ ਹੁੰਦੀ ਤਾਂ ਸ਼ਾਇਦ ਨਤੀਜੇ ਕੁਝ ਹੋਰ ਹੁੰਦੇ।
ਉਧਰ, ਕਾਂਗਰਸ ਵੱਲੋਂ ਸਾਫ-ਸੁਥਰੇ ਅਕਸ ਵਾਲੇ ਅਤੇ ਆਪਣੇ ਸਭ ਤੋਂ ਮਜ਼ਬੂਤ ਸਮਝੇ ਜਾਂਦੇ ਆਗੂ ਸੁਨੀਲ ਜਾਖੜ ਨੂੰ ਉਮੀਦਵਾਰ ਐਲਾਨ ਕੇ ਸੰਭਾਵੀ ਧੜੇਬੰਦਕ ਲੜਾਈ ਨੂੰ ਤਾਂ ਕਾਬੂ ਕਰ ਲਿਆ ਹੈ ਪਰ ਇਸ ਦੇ ਬਾਵਜੂਦ ਕਾਂਗਰਸ ਲਈ ਜਿੱਤ ਦਾ ਰਾਹ ਇੰਨਾ ਆਸਾਨ ਨਜ਼ਰ ਨਹੀਂ ਆ ਰਿਹਾ, ਕਿਉਂਕਿ ਕਾਂਗਰਸ ਨਾ ਤਾਂ ਅਜੇ ਤੱਕ ਕਿਸਾਨੀ ਕਰਜ਼ਿਆਂ ਦਾ ਕੋਈ ਠੋਸ ਹੱਲ ਕੱਢ ਸਕੀ ਹੈ ਤੇ ਨਾ ਹੀ ਸੂਬੇ ਦੇ ਲੋਕਾਂ ਨੂੰ ਕੋਈ ਵੱਡੀ ਰਾਹਤ ਦੇਣ ਵਿਚ ਸਫਲ ਰਹੀ ਹੈ। ਨੋਟਬੰਦੀ ਤੇ ਜੀæਐਸ਼ਟੀæ ਤੋਂ ਬਾਅਦ ਪਹਿਲੀ ਵਾਰ ਲੋਕਾਂ ਦੀ ਕਚਹਿਰੀ ਵਿਚ ਪੇਸ਼ ਹੋ ਰਹੀ ਭਾਜਪਾ ਲਈ ਇਹ ਚੋਣ ਅਹਿਮ ਸਮਝੀ ਜਾ ਰਹੀ ਹੈ। ਉਧਰ, ਆਮ ਆਦਮੀ ਪਾਰਟੀ ਵੱਲੋਂ ਸੇਵਾ ਮੁਕਤ ਜਨਰਲ ਸੁਰੇਸ਼ ਖਜੂਰੀਆ ਨੂੰ ਆਪਣਾ ਉਮੀਦਵਾਰ ਬਣਾ ਕੇ ਮੁਕਾਬਲੇ ਨੂੰ ਤਿਕੋਣਾ ਬਣਾਉਣ ਲਈ ਪੂਰਾ ਜ਼ੋਰ ਲਗਾਏ ਜਾਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਦਿੱਲੀ ਦੇ ਕੇਂਦਰੀ ਆਗੂਆਂ ਨੂੰ ਦੂਰ ਰੱਖਣਾ ਅਤੇ ਸੂਬਾਈ ਲੀਡਰਸ਼ਿਪ ਨੂੰ ਆਪਣਾ ਦਮਖਮ ਦਿਖਾਉਣਾ ਇਸ ਚੋਣ ਵਿਚ ਵੱਡੀ ਚੁਣੌਤੀ ਹੈ।
ਜ਼ਿਮਨੀ ਚੋਣ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਉਨ੍ਹਾਂ ਦੇ ਹਮਾਇਤੀਆਂ ਦਾ ਵੱਕਾਰ ਦਾਅ ‘ਤੇ ਲੱਗਿਆ ਹੋਇਆ ਹੈ। ਭਾਜਪਾ ਇਸ ਚੋਣ ਵਿਚ ਹਲਕੇ ਤੋਂ ਬਾਹਰਲੇ ਉਮੀਦਵਾਰ ਨੂੰ ਮੁੱਦਾ ਬਣਾਉਣ ਦੀ ਤਾਕ ਵਿਚ ਹੈ ਤੇ ਇਸੇ ਤਹਿਤ ਪਾਰਟੀ ਨੇ ਸਵਰਨ ਸਿੰਘ ਸਲਾਰੀਆ ਨੂੰ ਮੈਦਾਨ ਵਿਚ ਉਤਾਰਿਆ ਹੈ। ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਕਾਂਗਰਸ ਪਾਰਟੀ ਨੂੰ ਜ਼ਿਮਨੀ ਚੋਣ ਜਿੱਤਣ ਵਿਚ ਕੋਈ ਦਿੱਕਤ ਨਹੀਂ ਹੋਵੇਗੀ, ਕਿਉਂਕਿ ਕੈਪਟਨ ਸਰਕਾਰ ਤੋਂ ਲੋਕਾਂ ਨੂੰ ਅਜੇ ਕਾਫੀ ਉਮੀਦਾਂ ਹਨ ਤੇ ਉਹ ਇਸ ਸਰਕਾਰ ਨੂੰ ਕੁਝ ਹੋਰ ਸਮਾਂ ਦੇਣਾ ਚਾਹੁੰਦੇ ਹਨ। ਉਂਜ ਵੀ ਸੂਬੇ ਦੇ ਲੋਕ ਅਕਾਲੀ-ਭਾਜਪਾ ਸਰਕਾਰ ਦੇ ਦਸ ਸਾਲ ਦੇ ਕਾਰਜਕਾਲ ਨੂੰ ਅਜੇ ਤੱਕ ਭੁੱਲੇ ਨਹੀਂ ਹਨ। ਕੈਪਟਨ ਵਜ਼ਾਰਤ ਵੱਲੋਂ ਪੰਜ ਏਕੜ ਤੱਕ ਜ਼ਮੀਨ ਦੀ ਮਾਲਕੀ ਵਾਲੇ ਕਿਸਾਨਾਂ ਦਾ ਦੋ ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰਨ ਦਾ ਫੈਸਲਾ ਵੀ ਸਰਕਾਰ ਨੂੰ ਕੁਝ ਰਾਹਤ ਦੇ ਸਕਦਾ ਹੈ। ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਵਾਅਦੇ ਤੋਂ ਭੱਜਣ ਕਰ ਕੇ ਕੈਪਟਨ ਸਰਕਾਰ ਨੂੰ ਇਕ ਹੋਰ ਵੱਡਾ ਮੁੱਦਾ ਮਿਲ ਗਿਆ ਹੈ। ਕੇਂਦਰੀ ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਨੇ ਇਸੇ ਹਫਤੇ ਕਿਹਾ ਸੀ ਕਿ ਰਾਜ ਸਰਕਾਰਾਂ ਨੂੰ ਹੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਚਾਹੀਦੀ ਹੈ।
ਇਸ ਚੋਣ ਵਿਚ ਟਿਕਟ ਦੇਣ ਦਾ ਮਾਮਲਾ ਵੀ ਅਹਿਮ ਸੁਆਲ ਬਣਿਆ ਰਿਹਾ ਹੈ ਤੇ ਕਾਂਗਰਸ ਦੀ ਗੁਰਦਾਸਪੁਰ ਇਕਾਈ ਦੀ ਅੰਦਰੂਨੀ ਧੜੇਬੰਦੀ ਕਰ ਕੇ ਕਿਸੇ ਸਥਾਨਕ ਆਗੂ ਦੀ ਥਾਂ ਕਾਂਗਰਸ ਵਿਧਾਇਕਾਂ ਦੀ ਮੰਗ ਉਤੇ ਮੁੱਖ ਮੰਤਰੀ ਨੇ ਸ੍ਰੀ ਜਾਖੜ ਨੂੰ ਟਿਕਟ ਦਿਵਾਉਣ ਲਈ ਕਾਂਗਰਸ ਹਾਈਕਮਾਂਡ ਨੂੰ ਸਿਫਾਰਸ਼ ਕੀਤੀ ਸੀ। ਉਨ੍ਹਾਂ ਦੇ ਮੁਕਾਬਲੇ ਅਕਾਲੀ ਦਲ ਨੇ ਸ੍ਰੀ ਸਲਾਰੀਆ ਨੂੰ ਟਿਕਟ ਦਿਵਾਉਣ ਵਿਚ ਮਦਦ ਕੀਤੀ ਹੈ। ਭਾਜਪਾ ਲੀਡਰਸ਼ਿਪ ਨੇ ਬਾਹਰੀ ਉਮੀਦਵਾਰ ਨੂੰ ਮੁੱਦਾ ਬਣਾਉਣ ਖਾਤਰ ਕਵਿਤਾ ਖੰਨਾ ਦੀ ਥਾਂ ਸ੍ਰੀ ਸਲਾਰੀਆ ਨੂੰ ਟਿਕਟ ਦੇਣ ਨੂੰ ਤਰਜੀਹ ਦਿੱਤੀ ਹੈ।
_____________________________________________
ਗੁਰਦਾਸਪੁਰ ਲੋਕ ਸਭਾ ਹਲਕੇ ਦਾ ਸਿਆਸੀ ਇਤਿਹਾਸ
ਚੰਡੀਗੜ੍ਹ: ਗੁਰਦਾਸਪੁਰ ਲੋਕ ਸਭਾ ਹਲਕੇ ਦੇ ਲੋਕ 16 ਚੋਣਾਂ ਦੇਖ ਚੁੱਕੇ ਹਨ ਤੇ 17ਵੀਂ ਚੋਣ ਨੇੜੇ ਹੈ। ਇਸ ਲੋਕ ਸਭਾ ਹਲਕੇ ਦੀਆਂ 16 ਚੋਣਾਂ ਵਿਚ 11 ਵਾਰ ਕਾਂਗਰਸ ਹੀ ਜਿੱਤੀ ਹੈ। ਐਮਰਜੈਂਸੀ ਤੋਂ ਬਾਅਦ 1977 ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਵਿਰੋਧੀ ਧਿਰ ਦੇ ਉਮੀਦਵਾਰ ਯੱਗ ਦੱਤ ਸ਼ਰਮਾ ਨੂੰ ਪਹਿਲੀ ਵਾਰ ਜਿੱਤ ਨਸੀਬ ਹੋਈ ਸੀ ਤੇ ਉਸ ਤੋਂ ਅਗਲੀ ਚੋਣ ਵਿਚ ਕਾਂਗਰਸ ਉਮੀਦਵਾਰ ਨੂੰ ਜਿੱਤ ਹਾਸਲ ਹੋਈ ਸੀ। ਉਸ ਤੋਂ ਬਾਅਦ ਭਾਜਪਾ ਨੇ ਫਿਲਮ ਅਦਾਕਾਰ ਵਿਨੋਦ ਖੰਨਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਤੇ ਉਹ ਲਗਾਤਾਰ ਤਿੰਨ ਵਾਰ ਚੋਣ ਜਿੱਤੇ। ਸਾਲ 2009 ਦੀ ਚੋਣ ਵਿਚ ਉਹ ਕਾਂਗਰਸ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਕੋਲੋਂ ਹਾਰ ਗਏ ਸਨ। ਅਗਲੀ ਚੋਣ 2014 ਵਿਚ ਹੋਈ, ਜਿਸ ਵਿਚ ਉਹ ਸ੍ਰੀ ਬਾਜਵਾ ਨੂੰ ਹਰਾ ਕੇ ਫਿਰ ਜਿੱਤ ਗਏ ਸਨ। ਵਿਨੋਦ ਖੰਨਾ ਦੇ ਦੇਹਾਂਤ ਕਾਰਨ ਇਹ ਜ਼ਿਮਨੀ ਚੋਣ ਹੋਣ ਜਾ ਰਹੀ ਹੈ।