ਸੰਯੁਕਤ ਰਾਸ਼ਟਰ ਮਹਾਂ ਸਭਾ ਵਿਚ ਭਿੜੇ ਪਾਕਿਸਤਾਨ ਅਤੇ ਭਾਰਤ

ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਮਹਾਂ ਸਭਾ ਵਿਚ ਭਾਰਤ ਤੇ ਪਾਕਿਸਤਾਨ ਰਵਾਇਤੀ ਦੁਸ਼ਮਣਾਂ ਵਾਂਗ ਪੇਸ਼ ਆਏ। ਦੋਵਾਂ ਦੇਸ਼ਾਂ ਨੇ ਇਕ-ਦੂਜੇ ‘ਤੇ ਖੁੱਲ੍ਹੇ ਕੇ ਸ਼ਬਦੀ ਹਮਲੇ ਕੀਤੇ। ਭਾਰਤ ਨੇ ਪਾਕਿਸਤਾਨ ਨੂੰ ‘ਟੈਰੇਰਿਸਤਾਨ’ ਗਰਦਾਨਿਆਂ ਆਖ ਦਿੱਤਾ ਕਿ ਇਹ ਪੱਕੇ ਤੌਰ ‘ਤੇ ਦਹਿਸ਼ਤਗਰਦਾਂ ਦੀ ਧਰਤੀ ਹੈ ਜੋ ਲਗਾਤਾਰ ਸਨਅਤ ਵਾਂਗ ਵੱਧ-ਫੁਲ ਰਹੀ ਹੈ ਅਤੇ ਆਲਮੀ ਪੱਧਰ ਉਤੇ ਉਨ੍ਹਾਂ ਦੀ ਬਰਾਮਦ ਕਰਦੀ ਹੈ। ਸੰਯੁਕਤ ਰਾਸ਼ਟਰ ਮਹਾਂ ਸਭਾ ‘ਚ ਦੋ-ਟੁੱਕ ਸ਼ਬਦਾਂ ਵਿਚ ਭਾਰਤੀ ਨੁਮਾਇੰਦੇ ਨੇ ਕਿਹਾ ਕਿ ਅਨੋਖੀ ਗੱਲ ਹੈ ਕਿ ਜਿਹੜੇ ਮੁਲਕ ਨੇ ਓਸਾਮਾ ਬਿਨ ਲਾਦਿਨ ਦਾ ਬਚਾਅ ਕੀਤਾ ਅਤੇ ਮੁੱਲ੍ਹਾ ਉਮਰ ਨੂੰ ਪਨਾਹ ਦਿੱਤੀ, ਉਹ ਖੁਦ ਨੂੰ ਪੀੜਤ ਹੋਣ ਦਾ ਰੌਲਾ-ਰੱਪਾ ਪਾ ਰਿਹਾ ਹੈ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਵੱਲੋਂ ਸੰਯੁਕਤ ਰਾਸ਼ਟਰ ਆਮ ਸਭਾ ਵਿਚ ਕਸ਼ਮੀਰ ਦਾ ਮੁੱਦਾ ਉਠਾਏ ਜਾਣ ਮਗਰੋਂ ਭਾਰਤ ਨੇ ਉਸ ਨੂੰ ਜਵਾਬ ਦੇਣ ਦੇ ਆਪਣੇ ਹੱਕ ਦੀ ਵਰਤੋਂ ਦੌਰਾਨ ਇਹ ਟਿੱਪਣੀ ਕੀਤੀ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਵਿਚ ਪ੍ਰਥਮ ਸਕੱਤਰ ਏਨਮ ਗੰਭੀਰ ਨੇ ਕਿਹਾ ਕਿ ਹੁਣ ਤੱਕ ਪਾਕਿਸਤਾਨ ਦੇ ਸਾਰੇ ਗੁਆਂਢੀ ਉਸ ਦੇ ਤੱਥਾਂ ਨੂੰ ਤੋੜਨ-ਮਰੋੜਨ, ਚਲਾਕੀ ਅਤੇ ਬੇਈਮਾਨੀ ‘ਤੇ ਆਧਾਰਿਤ ਕਹਾਣੀਆਂ ਤਿਆਰ ਕਰਨ ਦੀਆਂ ਚਾਲਾਂ ਤੋਂ ਚੰਗੀ ਤਰ੍ਹਾਂ ਨਾਲ ਜਾਣੂ ਹੋ ਗਏ ਹਨ। ਭਾਰਤੀ ਰਾਜਦੂਤ ਨੇ ਕਿਹਾ ਕਿ ਆਪਣੇ ਛੋਟੇ ਜਿਹੇ ਇਤਿਹਾਸ ਦੌਰਾਨ ਪਾਕਿਸਤਾਨ ਅਤਿਵਾਦ ਦਾ ਸਮਾਨਅਰਥੀ ਬਣ ਗਿਆ ਹੈ। ‘ਪਾਕਿਸਤਾਨ ਦਾ ਮਤਲਬ ਹੈ ‘ਪਾਕਿ-ਪਵਿੱਤਰ ਜ਼ਮੀਨ’ ਪਰ ਅਸਲੀਅਤ ਵਿਚ ਇਹ ਸ਼ੁੱਧ ਅਤਿਵਾਦ ਦੀ ਜ਼ਮੀਨ ਬਣ ਗਈ ਹੈ।’ ਗੰਭੀਰ ਨੇ ਕਿਹਾ ਕਿ ਪਾਕਿਸਤਾਨ ਦੇ ਮੌਜੂਦਾ ਹਾਲਾਤ ਦਾ ਇਥੋਂ ਪਤਾ ਲੱਗ ਜਾਂਦਾ ਹੈ ਕਿ ਹਾਫ਼ਿਜ਼ ਮੁਹੰਮਦ ਸਈਦ, ਜਿਸ ਦੀ ਦਹਿਸ਼ਤੀ ਜਥੇਬੰਦੀ ਲਸ਼ਕਰ-ਏ-ਤੋਇਬਾ ਨੂੰ ਸੰਯੁਕਤ ਰਾਸ਼ਟਰ ਨੇ ਨਾਮਜ਼ਦ ਕੀਤਾ ਹੋਇਆ ਹੈ, ਨੂੰ ਹੁਣ ਸਿਆਸੀ ਪਾਰਟੀ ਦੇ ਆਗੂ ਵਜੋਂ ਮਾਨਤਾ ਦਿੱਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਅੱਬਾਸੀ ਨੇ ਭਾਰਤ ਉਤੇ ਦੋਸ਼ ਲਾਇਆ ਸੀ ਕਿ ਉਹ ਉਨ੍ਹਾਂ ਦੇ ਮੁਲਕ ਖਿਲਾਫ਼ ਦਹਿਸ਼ਤੀ ਕਾਰਵਾਈਆਂ ਚਲਾ ਰਿਹਾ ਹੈ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੇ ਕੰਟਰੋਲ ਰੇਖਾ ਦੇ ਪਾਰ ਕੋਈ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਜਵਾਬ ਉਸੇ ਭਾਸ਼ਾ ਵਿਚ ਦਿੱਤਾ ਜਾਵੇਗਾ। ਉਨ੍ਹਾਂ ਸੰਯੁਕਤ ਰਾਸ਼ਟਰ ਨੂੰ ਬੇਨਤੀ ਕੀਤੀ ਕਿ ਉਹ ਕਸ਼ਮੀਰ ਵਿਚ ਵਿਸ਼ੇਸ਼ ਦੂਤ ਨਿਯੁਕਤ ਕਰੇ ਅਤੇ ਦਾਅਵਾ ਕੀਤਾ ਕਿ ਉਥੋਂ ਦੇ ਲੋਕਾਂ ਦੇ ਸੰਘਰਸ਼ ਨੂੰ ਭਾਰਤ ਜਬਰੀ ਦਬਾਅ ਰਿਹਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪਾਕਿਸਤਾਨ ‘ਚ ਤਾਲਿਬਾਨ ਦੇ ਕੋਈ ਸੁਰੱਖਿਅਤ ਟਿਕਾਣੇ ਨਹੀਂ ਹਨ।
________________________________________________
ਪਾਕਿ ਅਤਿਵਾਦ ਬਰਾਮਦ ਕਰਨ ਵਾਲੀ ਫੈਕਟਰੀ: ਸੁਸ਼ਮਾ
ਸੰਯੁਕਤ ਰਾਸ਼ਟਰ: ਪਾਕਿਸਤਾਨ ਉਤੇ ਤਨਜ਼ ਕਸਦਿਆਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਉਸ ਦੇ ਆਗੂਆਂ ਨੂੰ ਅੰਤਰਝਾਤ ਮਾਰਨੀ ਚਾਹੀਦੀ ਹੈ ਕਿ ਕਿਉਂ ਭਾਰਤ ਨੂੰ ਆਈæਟੀæ ਸੁਪਰਪਾਵਰ ਵਜੋਂ ਮਾਨਤਾ ਮਿਲੀ, ਜਦੋਂ ਕਿ ਪਾਕਿਸਤਾਨ ਅਤਿਵਾਦ ਦਰਾਮਦ ਕਰਨ ਦੀ ਫੈਕਟਰੀ ਵਜੋਂ ਬਦਨਾਮ ਹੋਇਆ। ਸੰਯੁਕਤ ਰਾਸ਼ਟਰ ਦੇ 72ਵੇਂ ਜਨਰਲ ਅਸੈਂਬਲੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨ ਉਤੇ ਭਾਰਤ ਖਿਲਾਫ਼ ਜੰਗ ਛੇੜਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਵਿਸ਼ਵ ਵਿਚ ਤਬਾਹੀ, ਮੌਤ ਤੇ ਕਰੂਰਤਾ ਦਾ ਸਭ ਤੋਂ ਵੱਡਾ ਦਰਾਮਦਕਾਰ ਮੁਲਕ ਇਸ ਮੰਚ ਉਤੇ ਸਾਨੂੰ ਮਨੁੱਖਤਾ ਬਾਰੇ ਪਾਠ ਪੜ੍ਹਾਉਣ ਦਾ ਦੰਭ ਨਾ ਰਚੇ। ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖ਼ਾਕਾਨ ਅੱਬਾਸੀ ਦੇ ਉਸ ਭਾਸ਼ਣ ਦਾ ਹਵਾਲਾ ਦੇ ਰਹੇ ਸਨ, ਜਿਸ ਵਿਚ ਉਨ੍ਹਾਂ ਭਾਰਤ ਉਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਰਾਜਕੀ ਅਤਿਵਾਦ ਦਾ ਦੋਸ਼ ਲਾਇਆ ਸੀ।
_____________________________________________
ਭਾਰਤ ਨੇ ਅਤਿਵਾਦ ਨੂੰ ਹੱਲਾਸ਼ੇਰੀ ਦਿੱਤੀ: ਪਾਕਿਸਤਾਨ
ਸੰਯੁਕਤ ਰਾਸ਼ਟਰ: ਪਾਕਿਸਤਾਨ ਨੇ ਕਿਹਾ ਕਿ ਜੇ ਕੌਮਾਂਤਰੀ ਭਾਈਚਾਰਾ ਦੋਵਾਂ ਗੁਆਂਢੀਆਂ ਵਿਚਾਲੇ ਵਧਦੇ ਤਣਾਅ ਨੂੰ ਟਾਲਣ ਦਾ ਇੱਛੁਕ ਹੈ ਤਾਂ ਉਸ ਨੂੰ ਭਾਰਤ ਨੂੰ ਭੜਕਾਊ ਤੇ ਹਮਲਾਵਰ ਕਾਰਵਾਈਆਂ ਰੋਕਣ ਲਈ ਕਹਿਣਾ ਪਵੇਗਾ। ਦੱਖਣੀ ਏਸ਼ੀਆ ਵਿਚ ਭਾਰਤ ਨੂੰ ‘ਅਤਿਵਾਦ ਦੀ ਮਾਂ’ ਗਰਦਾਨਦਿਆਂ ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੀ ਸਥਾਈ ਪ੍ਰਤੀਨਿਧੀ ਮਲੀਹਾ ਲੋਧੀ ਨੇ ਕਿਹਾ ਕਿ ਭਾਰਤ ਉਨ੍ਹਾਂ ਦੇ ਮੁਲਕ ਦੇ ਵੱਖ-ਵੱਖ ਹਿੱਸਿਆਂ ਵਿਚ ਅਤਿਵਾਦ ਨੂੰ ਹੱਲਾਸ਼ੇਰੀ ਦੇ ਰਿਹਾ ਹੈ। ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਪਾਕਿਸਤਾਨ ਉਤੇ ਅਤਿਵਾਦੀ ਨੈੱਟਵਰਕ ਕਾਇਮ ਕਰਨ ਦਾ ਦੋਸ਼ ਲਾਉਣ ਮਗਰੋਂ ਆਪਣੇ ਜਵਾਬ ਦੇ ਹੱਕ ਦੀ ਵਰਤੋਂ ਕਰਦਿਆਂ ਲੋਧੀ ਨੇ ਦੋਸ਼ ਲਾਇਆ ਕਿ ਆਪਣੀਆਂ ਤਲਖ ਟਿੱਪਣੀਆਂ ਵਿਚ ਉਨ੍ਹਾਂ (ਸੁਸ਼ਮਾ ਸਵਰਾਜ) ਨੇ ਜਾਣ-ਬੁੱਝ ਕੇ ਕਸ਼ਮੀਰ ਵਰਗੇ ਕੇਂਦਰੀ ਮੁੱਦੇ ਨੂੰ ਨਜ਼ਰ ਅੰਦਾਜ਼ ਕੀਤਾ।
___________________________________________
ਕਸ਼ਮੀਰ ਦੇ ਹਾਲਾਤ ਦੱਸਣ ਲਈ ਗਾਜ਼ਾ ਦੀ ਤਸਵੀਰ ਵਿਖਾਈ
ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੀ ਸਥਾਈ ਪ੍ਰਤੀਨਿਧੀ ਮਲੀਹਾ ਲੋਧੀ ਨੇ ਵੱਡੀ ਗਲਤੀ ਕਰਦਿਆਂ ਗਾਜ਼ਾ ਦੀ ਇਕ ਜ਼ਖ਼ਮੀ ਲੜਕੀ ਦੀ ਤਸਵੀਰ ਦਿਖਾਉਂਦਿਆਂ ਉਸ ਨੂੰ ਕਸ਼ਮੀਰ ਵਿਚ ਪੈਲੇਟ ਗੰਨ ਦੀ ਪੀੜਤ ਦੱਸਿਆ। ਭਾਰਤੀ ਵਿਦੇਸ਼ ਮੰਤਰੀ ਦੀਆਂ ਟਿੱਪਣੀਆਂ ਮਗਰੋਂ ਜਵਾਬ ਦੇ ਆਪਣੇ ਹੱਕ ਦੀ ਵਰਤੋਂ ਕਰਦਿਆਂ ਲੋਧੀ ਨੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੌਰਾਨ ਇਕ ਲੜਕੀ ਦੀ ਤਸਵੀਰ ਦਿਖਾਈ, ਜਿਸ ਦਾ ਚਿਹਰਾ ਪੈਲੇਟ ਗੰਨ ਦੇ ਜ਼ਖ਼ਮਾਂ ਨਾਲ ਭਰਿਆ ਹੋਇਆ ਸੀ। ਅਸਲ ਵਿਚ ਇਹ ਤਸਵੀਰ ਗਾਜ਼ਾ ਦੀ 17 ਸਾਲਾ ਲੜਕੀ ਰਾਵਿਆ ਅਬੂ ਜੋਮਾ ਦੀ ਹੈ, ਜੋ ਇਜ਼ਰਾਈਲ ਦੇ ਹਮਲੇ ਦੀ ਪੀੜਤ ਹੈ।