ਹਨੀਪ੍ਰੀਤ ਦੇ ਪਤੀ ਨੇ ਦੱਸੀਆਂ ਰਾਮ ਰਹੀਮ ਦੀਆਂ ਕਰਤੂਤਾਂ

ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਉਸ ਦੀ ਗੋਦ ਲਈ ‘ਧੀ’ ਹਨੀਪ੍ਰੀਤ ਬਾਰੇ ਕਈ ਖੁਲਾਸੇ ਹੋ ਰਹੇ ਹਨ। ਹਨੀਪ੍ਰੀਤ ਦੇ ਪਤੀ ਵਿਸ਼ਵਾਸ ਗੁਪਤਾ ਨੇ ਦੱਸਿਆ ਕਿ ਹਨੀਪ੍ਰੀਤ ਦੀ ਸੰਗਤ ਮਾਣਨ ਲਈ ਡੇਰਾ ਮੁਖੀ ਉਸ ਅੱਗੇ ਗਿੜਗਿੜਾਇਆ ਅਤੇ ਰੋਇਆ ਸੀ।

ਵਿਸ਼ਵਾਸ ਗੁਪਤਾ ਨੇ ਦੱਸਿਆ ਕਿ ਵਿਆਹ ਤੋਂ ਕਾਫੀ ਸਾਲਾਂ ਬਾਅਦ ਹਨੀਪ੍ਰੀਤ ਡੇਰਾ ਮੁਖੀ ਦਾ ਪਰਛਾਵਾਂ ਬਣਨ ਲੱਗੀ ਤਾਂ ਉਸ ਦਾ ਸ਼ੱਕ ਵਧਣ ਲੱਗ ਪਿਆ। ਵਿਸ਼ਵਾਸ ਅਨੁਸਾਰ ਡੇਰਾ ਮੁਖੀ ਵੱਲੋਂ ਹਨੀਪ੍ਰੀਤ ਨੂੰ ਆਪਣੀ ਧੀ ਬਣਾਉਣ ਤੋਂ ਬਾਅਦ ਉਸ (ਵਿਸ਼ਵਾਸ) ਨੂੰ ਸ਼ਾਹੀ ਪਰਿਵਾਰ ਵਾਲੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਾਈਆਂ ਗਈਆਂ ਤਾਂ ਜੋ ਉਹ (ਵਿਸ਼ਵਾਸ) ਲਾਲਚ ਵਿਚ ਆ ਕੇ ਅੱਖਾਂ ਬੰਦ ਕਰੀ ਰੱਖੇ। ਵਿਸ਼ਵਾਸ ਅਨੁਸਾਰ ਹਨੀਪ੍ਰੀਤ ਰਾਤ ਨੂੰ ਗੁਪਤ ਰਸਤੇ ਰਾਹੀਂ ਡੇਰਾ ਮੁਖੀ ਦੇ ਕਮਰੇ ਵਿਚ ਜਾਂਦੀ ਸੀ।
ਵਿਸ਼ਵਾਸ ਗੁਪਤਾ ਨੇ ਦੱਸਿਆ ਕਿ ਬਾਬੇ ਵੱਲੋਂ ਹਨੀਪ੍ਰੀਤ ਨੂੰ ਸਿਮਰਨ ਕਰਨ ਵਿਚ ਅੱਵਲ ਐਲਾਨ ਕੇ ਦਿੱਤਾ 50 ਹਜ਼ਾਰ ਰੁਪਏ ਦਾ ਇਨਾਮ ਉਸ ਲਈ ਸਰਾਪ ਸਿੱਧ ਹੋਇਆ ਕਿਉਂਕਿ ਉਸ ਦਿਨ ਹੀ ਬਾਬੇ ਨੇ ਹਨੀਪ੍ਰੀਤ ਨੂੰ ਆਪਣੀ ਧੀ ਬਣਾਉਣ ਦਾ ਐਲਾਨ ਕੀਤਾ ਸੀ। ਵਿਸ਼ਵਾਸ ਅਨੁਸਾਰ ਬਾਬੇ ਨੇ ਹਨੀਪ੍ਰੀਤ ਸਮੇਤ ਹੋਰ ਲੜਕੀਆਂ ਨੂੰ ਇਕ ਵਿਸ਼ੇਸ਼ ਕਮਰੇ ਵਿਚ 28 ਦਿਨ ਸਿਮਰਨ ਕਰਵਾਉਣ ਤੋਂ ਬਾਅਦ ਇਹ ਐਲਾਨ ਕੀਤਾ ਸੀ। ॥
ਹਨੀਪ੍ਰੀਤ ਨੇ ਜਦੋਂ 2009 ਵਿਚ ਬਾਬੇ ਦੀ ‘ਧੀ’ ਬਣ ਕੇ ਉਸ ਦਾ ਪੱਲਾ ਫੜ ਲਿਆ ਸੀ ਤਾਂ ਸੰਭਵ ਨਹੀਂ ਕਿ ਉਸ ਨੇ ਕਿਸੇ ਹੋਰ ਲੜਕੀ ਨੂੰ ਡੇਰਾ ਮੁਖੀ ਦੇ ਨੇੜੇ ਢੁੱਕਣ ਦਿੱਤਾ ਹੋਵੇ। ਉਸ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਹਨੀਪ੍ਰੀਤ ਹੀ ਡੇਰਾ ਮੁਖੀ ਲਈ ਸਭ ਕੁਝ ਸੀ ਅਤੇ ਡੇਰਾ ਮੁਖੀ ਆਪਣੀ ਪਤਨੀ ਸਮੇਤ ਸਮੁੱਚੇ ਪਰਿਵਾਰ ਤੋਂ ਬੇਪ੍ਰਵਾਹ ਸੀ। ਵਿਸ਼ਵਾਸ ਨੇ ਖੁਲਾਸਾ ਕੀਤਾ ਹੈ ਕਿ ਜਦੋਂ ਡੇਰਾ ਮੁਖੀ ਵੱਲੋਂ ਉਸ ਖਿਲਾਫ਼ ਪੰਜ ਝੂਠੇ ਕੇਸ ਦਰਜ ਕਰਵਾ ਕੇ ਅਤੇ ਉਨ੍ਹਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਹੜੱਪ ਕੇ ਬੁਰੀ ਤਰ੍ਹਾਂ ਹਤਾਸ਼ ਕਰ ਦਿੱਤਾ ਗਿਆ, ਇਸ ਮਗਰੋਂ ਉਨ੍ਹਾਂ ਨੂੰ ਮਜਬੂਰ ਹੋ ਕੇ ਡੇਰੇ ਦੇ ਗੁੰਡਿਆਂ ਤੋਂ ਖਹਿੜਾ ਛੁਡਾਉਣ ਲਈ ਮੁਆਫੀ ਮੰਗਣੀ ਪਈ ਸੀ। ਉਸ ਨੇ ਬਾਬੇ ਨੂੰ ਖ਼ਤ ਪੱਤਰ ਲਿਖ ਕੇ ਮੁਆਫੀ ਮੰਗਣ ਦੀ ਪੇਸ਼ਕਸ਼ ਕੀਤੀ ਸੀ।
_____________________________________________
ਹਨੀਪ੍ਰੀਤ ਦੇ ਰੂਪੋਸ਼ ਹੋਣ ਪਿੱਛੇ ਸਰਕਾਰ ਦਾ ਹੱਥ?
ਚੰਡੀਗੜ੍ਹ: ਹਨੀਪ੍ਰੀਤ ਦੇ ਗਾਇਬ ਹੋਣ ਬਾਰੇ ਖੁਲਾਸੇ ਹਰਿਆਣਾ ਸਰਕਾਰ ਦੀ ਨੀਅਤ ਵਿਚ ਖੋਟ ਵੱਲ ਇਸ਼ਾਰਾ ਕਰ ਰਹੇ ਹਨ। ਪਿਛਲੇ ਦਿਨੀਂ ਐਸ਼ਆਈæਟੀæ ਵੱਲੋਂ ਕੀਤੀ ਪੁੱਛਗਿੱਛ ਵਿਚ ਡੇਰੇ ਦੀ ਚੇਅਰਪਰਸਨ ਵਿਪਾਸਨਾ ਨੇ ਮੰਨਿਆ ਸੀ ਕਿ 25 ਅਗਸਤ ਨੂੰ ਰਾਮ ਰਹੀਮ ਨੂੰ ਹੈਲੀਕਾਪਟਰ ਰਾਹੀਂ ਰੋਹਤਕ ਦੀ ਸੁਨਾਰੀਆ ਜੇਲ੍ਹ ਛੱਡਣ ਤੋਂ ਬਾਅਦ ਹਨੀਪ੍ਰੀਤ ਡੇਰਾ ਸੱਚਾ ਸੌਦਾ ਸਿਰਸਾ ਵਿਚ ਆਈ ਸੀ। 26 ਅਗਸਤ ਨੂੰ ਉਹ ਡੇਰੇ ਤੋਂ ਚਲੀ ਗਈ ਸੀ। ਉਸ ਤੋਂ ਬਾਅਦ ਉਨ੍ਹਾਂ ਦਾ ਹਨੀਪ੍ਰੀਤ ਨਾਲ ਕੋਈ ਸੰਪਰਕ ਨਹੀਂ ਹੋਇਆ।
ਡੇਰਾ ਮੁਖੀ ਦੀ 25 ਅਗਸਤ ਨੂੰ ਪੰਚਕੂਲਾ ਸੀæਬੀæਆਈæ ਕੋਰਟ ਵਿਚ ਪੇਸ਼ੀ ਦੇ ਸਨਮੁਖ 24 ਅਗਸਤ ਦੀ ਰਾਤ ਤੋਂ ਹੀ ਸਿਰਸਾ ਸ਼ਹਿਰ ਤੇ ਡੇਰੇ ਵਾਲੇ ਪਾਸੇ ਤਿੰਨ ਥਾਂਵਾਂ ਉਤੇ ਕਰਫਿਊ ਲਗਾ ਦਿੱਤਾ ਗਿਆ ਸੀ। ਅਰਧ-ਸੈਨਿਕ ਬਲਾਂ ਦੇ ਨਾਲ ਹੀ ਫੌਜ ਦੀਆਂ 10 ਕੰਪਨੀਆਂ ਸਿਰਸਾ ‘ਚ ਤਾਇਨਾਤ ਕੀਤੀਆਂ ਗਈਆਂ ਸਨ। ਡੇਰੇ ਵੱਲ ਸਭ ਤੋਂ ਜ਼ਿਆਦਾ ਸੁਰੱਖਿਆ ਕੀਤੀ ਗਈ ਸੀ। ਹੁਣ ਸਵਾਲ ਇਹ ਹੈ ਕਿ ਜੇਕਰ ਹਨੀਪ੍ਰੀਤ 25 ਨੂੰ ਡੇਰੇ ‘ਚ ਆਈ ਸੀ ਤਾਂ ਉਹ ਗਾਇਬ ਕਿਵੇਂ ਹੋ ਗਈ।
______________________________________________
ਡੇਰੇ ‘ਚੋਂ ਗੁਆਚਿਆਂ ਦੀ ਭਾਲ ਲਈ ਸ਼ਿਕਾਇਤਾਂ ਦਾ ਹੜ੍ਹ
ਸਿਰਸਾ: ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਉਸ ਖਿਲਾਫ਼ ਹੁਣ ਲੋਕ ਖੁੱਲ੍ਹ ਕੇ ਸਾਹਮਣੇ ਆਉਣ ਲੱਗ ਪਏੇ ਹਨ। ਡੇਰੇ ਵਿਚ ਰੁੱਖਾਂ ਹੇਠਾਂ ਮਨੁੱਖੀ ਪਿੰਜਰ ਦੱਬੇ ਹੋਣ ਦੀ ਸੂਚਨਾ ਤੋਂ ਬਾਅਦ ਭੈਭੀਤ ਕੁਝ ਲੋਕਾਂ ਨੇ ਸਿਰਸਾ ਥਾਣੇ ‘ਚ ਸ਼ਿਕਾਇਤ ਦੇ ਕੇ ਡੇਰਾ ਸਿਰਸਾ ਵਿਚ ਗੁੰਮ ਹੋਏ ਆਪਣੇ ਪਰਿਵਾਰਕ ਮੈਂਬਰਾਂ ਦੀ ਭਾਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦਾ ਪੁੱਤਰ, ਪਤੀ, ਧੀ ਅਤੇ ਹੋਰ ਰਿਸ਼ਤੇਦਾਰ ਡੇਰੇ ਨਾਲ ਜੁੜੇ ਹੋਏ ਸਨ ਅਤੇ ਇਥੇ ਆਉਣ ਤੋਂ ਬਾਅਦ ਲਾਪਤਾ ਹਨ। ਦਰਅਸਲ, ਬਾਬਾ ‘ਤੇ ਦੋਸ਼ ਲੱਗੇ ਹਨ ਕਿ ਡੇਰੇ ਅੰਦਰ ਜੋ ਵੀ ਵਿਅਕਤੀ ਬਾਬੇ ਦੇ ਰਾਜ ਜਾਣ ਜਾਂਦਾ ਸੀ, ਉਸ ਦੀ ਹੱਤਿਆ ਕਰ ਕੇ ਲਾਸ਼ ਨੂੰ ਜ਼ਮੀਨ ‘ਚ ਦੱਬ ਦਿੱਤੀ ਜਾਂਦੀ ਸੀ।