ਕਰਜ਼ਾ ਮੁਆਫੀ: ਸੌਖਾ ਨਹੀਂ ਹੱਕ ਕਮੇਟੀ ਦੀਆਂ ਸਿਫਾਰਸ਼ਾਂ ‘ਤੇ ਖਰਾ ਉਤਰਨਾ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਟੀ ਹੱਕ ਕਮੇਟੀ ਦੀ ਅੰਤ੍ਰਿਮ ਰਿਪੋਰਟ ਵਿਚ ਕੀਤੇ ਗਏ ਐਲਾਨ ਮੁਤਾਬਕ ਸੀਮਾਂਤ ਅਤੇ ਛੋਟੇ ਕਿਸਾਨਾਂ ਦਾ ਲਗਭਗ 9500 ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰਨ ਸਬੰਧੀ ਨੋਟੀਫਿਕੇਸ਼ਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜੇਕਰ ਕਮੇਟੀ ਦੀ ਅੰਤ੍ਰਿਮ ਰਿਪੋਰਟ ਨੂੰ ਮੰਨਿਆ ਜਾਵੇ ਤਾਂ ਸੱਤ ਹਜ਼ਾਰ ਕਰੋੜ ਰੁਪਏ ਤੋਂ ਵੱਧ ਹੋਰ ਪੈਸਾ ਚਾਹੀਦਾ ਹੈ। ਗੌਰਤਲਬ ਹੈ ਕਿ ਹੱਕ ਕਮੇਟੀ ਨੇ ਸਾਰੇ ਛੋਟੇ ਕਿਸਾਨਾਂ (ਪੰਜ ਏਕੜ ਤੱਕ) ਦਾ ਦੋ ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ ਕਰਨ ਅਤੇ ਇਸ ਤੋਂ ਵੱਧ ਜ਼ਮੀਨ ਵਾਲਿਆਂ, ਜਿਨ੍ਹਾਂ ਨੇ ਸਮੇਂ ਸਿਰ ਕਰਜ਼ਾ ਮੋੜ ਦਿੱਤਾ ਹੈ, ਦਾ ਵਿਆਜ ਮੁਆਫ ਕਰਨ ਦੀ ਸਿਫਾਰਸ਼ ਕੀਤੀ ਸੀ।

ਪੰਜਾਬ ਦੀਆਂ ਸਾਰੀਆਂ ਬੈਂਕਾਂ ਵਿਚ ਕਿਸਾਨਾਂ ਦੇ ਕੁੱਲ 20,23,202 ਖਾਤੇ ਹਨ। ਲਗਭਗ 18æ5 ਲੱਖ ਕਿਸਾਨਾਂ ਵਿਚੋਂ ਕਈਆਂ ਦੇ ਇਕ ਤੋਂ ਵੱਧ ਖਾਤੇ ਵੀ ਹਨ। ਹੱਕ ਕਮੇਟੀ ਦੀ ਅੰੰਤ੍ਰਿਮ ਰਿਪੋਰਟ ਵਿਚ ਕਰਜ਼ੇ ਦੇ ਬੋਝ ਕਾਰਨ ਖੁਦਕੁਸ਼ੀ ਕਰ ਗਏ ਕਿਸਾਨਾਂ ਤੇ ਮਜ਼ਦੂਰਾਂ ਦੇ ਪਰਿਵਾਰਾਂ ਦਾ ਸਮੁੱਚਾ ਕਰਜ਼ਾ ਮੁਆਫ ਕਰਨ ਦੀ ਸਿਫਾਰਸ਼ ਕੀਤੀ ਸੀ। ਖੇਤ ਮਜ਼ਦੂਰ ਪੂਰੀ ਤਰ੍ਹਾਂ ਇਸ ਕਰਜ਼ਾ ਮੁਆਫੀ ਸਕੀਮ ਵਿਚੋਂ ਬਾਹਰ ਰੱਖੇ ਗਏ ਅਤੇ ਇਸ ਨੋਟੀਫਿਕੇਸ਼ਨ ਵਿਚੋਂ ਵੀ ਬਾਹਰ ਹੀ ਰਹਿਣਗੇ। ਖੁਦਕੁਸ਼ੀ ਪੀੜਤ ਪਰਿਵਾਰ ਦੋ ਲੱਖ ਦੀ ਕਰਜ਼ਾ ਮੁਆਫੀ ਦਾ ਲਾਭ ਤਾਂ ਲੈ ਸਕਣਗੇ ਪਰ ਸਮੁੱਚੇ ਕਰਜ਼ੇ ਬਾਰੇ ਫਿਲਹਾਲ ਫੈਸਲਾ ਨਹੀਂ ਹੋਇਆ। ਕੈਪਟਨ ਅਮਰਿੰਦਰ ਸਿੰਘ ਨੇ 19 ਜੂਨ ਨੂੰ ਵਿਧਾਨ ਸਭਾ ਵਿਚ ਹੱਕ ਕਮੇਟੀ ਦੀਆਂ ਅੰਤ੍ਰਿਮ ਸਿਫਾਰਸ਼ਾਂ ਨੂੰ ਮੰਨਣ ਦਾ ਐਲਾਨ ਕਰ ਦਿੱਤਾ ਸੀ। ਇਸ ਵਾਸਤੇ ਅੰਤ੍ਰਿਮ ਕਮੇਟੀ ਦੀ ਰਿਪੋਰਟ ਮੁਤਾਬਕ 10æ22 ਲੱਖ ਕਿਸਾਨਾਂ ਨੂੰ ਲਾਭ ਹੋਣਾ ਸੀ। ਜੇਕਰ ਅੰਤਿਮ ਸਿਫਾਰਸ਼ ਮੰਨ ਲਈ ਜਾਵੇ ਤਾਂ ਲਗਭਗ 3æ5 ਲੱਖ ਹੋਰ ਕਿਸਾਨਾਂ ਨੂੰ ਲਾਭ ਮਿਲਣਾ ਸੀ। ਇਸ ਲਈ ਕਰੀਬ 7 ਹਜ਼ਾਰ ਕਰੋੜ ਰੁਪਏ ਵਾਧੂ ਚਾਹੀਦੇ ਹਨ।
ਸਹਿਕਾਰੀ, ਕੌਮੀਕ੍ਰਿਤ ਅਤੇ ਪ੍ਰਾਈਵੇਟ ਬੈਂਕਾਂ ਦੇ ਖਾਤਿਆਂ ਮੁਤਾਬਕ 31 ਮਾਰਚ 2017 ਤੱਕ ਸੂਬੇ ਦੇ ਕਿਸਾਨਾਂ ਸਿਰ ਫਸਲੀ ਕਰਜ਼ਾ 59,620 ਕਰੋੜ ਰੁਪਏ ਹੈ।
ਕਿਸਾਨਾਂ ਦੇ ਕੁੱਲ ਬੈਂਕ ਖਾਤਿਆਂ ਵਿਚੋਂ ਦੋ ਲੱਖ ਰੁਪਏ ਤੱਕ ਦੇ ਫਸਲੀ ਕਰਜ਼ੇ ਵਾਲੇ ਸੀਮਾਂਤ ਕਿਸਾਨਾਂ ਸਿਰ ਕਰਜ਼ਾ ਲਗਭਗ 2747 ਕਰੋੜ ਰੁਪਏ ਬਣਦਾ ਹੈ। ਇਸੇ ਤਰ੍ਹਾਂ ਦੋ ਲੱਖ ਰੁਪਏ ਤੱਕ ਫਸਲੀ ਕਰਜ਼ੇ ਵਾਲੇ ਛੋਟੇ ਕਿਸਾਨਾਂ (ਭਾਵ ਪੰਜ ਏਕੜ ਤੱਕ) ਵਾਲਿਆਂ ਸਿਰ ਕਰਜ਼ਾ ਕਰੀਬ 3353 ਕਰੋੜ ਰੁਪਏ ਹੈ। ਦੋ ਲੱਖ ਤੋਂ ਪੰਜ ਲੱਖ ਰੁਪਏ ਤੱਕ ਦੇ ਕਰਜ਼ੇ ਵਾਲੇ ਸੀਮਾਂਤ ਕਿਸਾਨਾਂ ਅਤੇ ਪੰਜ ਲੱਖ ਰੁਪਏ ਤੋਂ ਵੱਧ ਫਸਲੀ ਕਰਜ਼ੇ ਵਾਲੇ 1,46,000 ਖਾਤਾ ਧਾਰਕ ਸੀਮਾਂਤ ਕਿਸਾਨਾਂ ਨੂੰ ਵੀ ਦੋ ਲੱਖ ਰੁਪਏ ਤੱਕ ਦੀ ਮੁਆਫੀ ਦਾ ਲਾਭ ਮਿਲੇਗਾ ਤਾਂ ਕਰੀਬ 2920 ਕਰੋੜ ਰੁਪਏ ਮੁਆਫ ਹੋਣਗੇ। ਮੋਟੇ ਤੌਰ ਉਤੇ ਜੋ ਕਿਸਾਨ ਦੋ ਲੱਖ ਰੁਪਏ ਦੇ ਫਸਲੀ ਕਰਜ਼ੇ ਦੇ ਦਾਇਰੇ ਵਿਚ ਆਉਂਦੇ ਹਨ, ਉਨ੍ਹਾਂ ਦੇ ਲਗਭਗ 9020 ਕਰੋੜ ਰੁਪਏ ਮੁਆਫ ਹੋਣਗੇ।
ਸੂਤਰਾਂ ਅਨੁਸਾਰ 5,71,292 ਖਾਤਾਧਾਰੀ ਸੀਮਾਂਤ ਕਿਸਾਨਾਂ ਸਿਰ ਕੁੱਲ ਫਸਲੀ ਕਰਜ਼ਾ 9845 ਕਰੋੜ ਰੁਪਏ ਦੇ ਕਰੀਬ ਹੈ। ਬੈਂਕ ਖਾਤੇ ਮੁਤਾਬਕ 8,15,822 ਛੋਟੇ ਕਿਸਾਨਾਂ ਸਿਰ ਕੁੱਲ ਫਸਲੀ ਕਰਜ਼ਾ 18,714 ਕਰੋੜ ਰੁਪਏ ਦੇ ਲਗਭਗ ਹੈ। ਬਾਕੀ ਇਸ ਤੋਂ ਜ਼ਿਆਦਾ ਜ਼ਮੀਨ ਵਾਲੇ 6,36088 ਕਿਸਾਨਾਂ ਸਿਰ 31,061 ਕਰੋੜ ਰੁਪਏ ਦਾ ਫਸਲੀ ਕਰਜ਼ਾ ਮੌਜੂਦ ਹੈ।
____________________________________________________
ਇੰਜ ਹੋਵੇਗੀ ਕਰਜ਼ਾ ਮੁਆਫ਼ੀ ਯੋਜਨਾ ਲਾਗੂ
ਕਿਸਾਨਾਂ ਦੇ ਖਾਤਿਆਂ ਵਾਲੀਆਂ ਬੈਂਕਾਂ ਨੂੰ ਬ੍ਰਾਂਚ ਪੱਧਰ ਉਤੇ ਸਾਰੇ ਖਾਤਿਆਂ ਦੀ ਜਾਣਕਾਰੀ ਇਕ ਜਗ੍ਹਾ ਇਕੱਠੀ ਕਰਨ ਲਈ ਕਿਹਾ ਜਾਵੇਗਾ। ਖਾਤਿਆਂ ਨੂੰ ਆਧਾਰ ਕਾਰਡ ਨਾਲ ਜੋੜਿਆ ਜਾਵੇਗਾ। ਬ੍ਰਾਂਚਾਂ ਵੱਲੋਂ ਵੱਖ-ਵੱਖ ਖਾਤਿਆਂ ਅਤੇ ਇਕ ਕਿਸਾਨ ਦੇ ਕੁੱਲ ਕਰਜ਼ੇ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਅਤੇ ਸਬੰਧਤ ਐਸ਼ਡੀæਐਮæ ਨੂੰ ਵੀ ਭੇਜੀ ਜਾਵੇਗੀ। ਪਹਿਲ ਸਹਿਕਾਰੀ ਖਾਤਾ ਨਿੱਲ ਕਰਨ, ਦੂਸਰੇ ਨੰਬਰ ਉਤੇ ਕੌਮੀਕ੍ਰਿਤ ਬੈਂਕ ਅਤੇ ਤੀਸਰੇ ਨੰਬਰ ਉਤੇ ਵਪਾਰਕ ਬੈਂਕਾਂ ਦੀ ਵਾਰੀ ਆਵੇਗੀ। ਫਿਰ ਇਹ ਸੂਚੀਆਂ ਜਨਤਕ ਕੀਤੀਆਂ ਜਾਣਗੀਆਂ। ਕਿਸੇ ਕਿਸਾਨ ਨੂੰ ਕੋਈ ਇਤਰਾਜ਼ ਹੋਵੇਗਾ ਤਾਂ ਉਹ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਕੋਲ ਪਹੁੰਚ ਕਰ ਸਕੇਗਾ।