ਗੁਰੂਆਂ ਦੀ ਧਰਤੀ ‘ਤੇ ਦਲਿਤਾਂ ਦੇ ਮੁਰਦਿਆਂ ਨਾਲ ਵੀ ਵਿਤਕਰਾ

ਚੰਡੀਗੜ੍ਹ: ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਭਾਰਤੀਆਂ ਵਿਚ ਛੂਤਛਾਤ ਵਾਲੀ ਸੋਚ ਹਾਵੀ ਹੈ। ਪੰਜਾਬ ਵਿਚ ਵੀ ਇਹ ਸੋਚ ਲੋਕਾਂ ਦਾ ਪਿੱਛਾ ਨਹੀਂ ਛੱਡ ਰਹੀ ਹੈ। ਦਸਵੇਂ ਪਾਤਸ਼ਾਹੀ ਦੇ ਚਰਨ ਛੋਹ ਪ੍ਰਾਪਤ ਬਠਿੰਡਾ ਦੇ ਇਤਿਹਾਸਕ ਪਿੰਡ ਕੋਟਗੁਰੂ ਵਿਚ ਦਲਿਤਾਂ ਨਾਲ ਵਿਤਕਰੇ ਦੀ ਇਕ ਘਟਨਾ ਨੇ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਹੈ। ਜਿੰਦਾ ਵਿਅਕਤੀਆਂ ਨਾਲ ਵਿਤਕਰੇ ਦੀਆਂ ਘਟਨਾਵਾਂ ਤਾਂ ਆਮ ਸੁਣਨ ਨੂੰ ਮਿਲਦੀਆਂ ਹਨ ਪਰ ਇਸ ਪਿੰਡ ਵਿਚ ਤਾਂ ਮੁਰਦਿਆਂ ਨਾਲ ਹੀ ਜਾਤੀ ਵਿਤਕਰਾ ਹੁੰਦਾ ਹੈ।

ਪਿੰਡ ਵਿਚ ਦਲਿਤਾਂ ਤੇ ਜਰਨਲ ਵਰਗ ਦੇ ਲੋਕਾਂ ਦੇ ਸਿਵਿਆਂ ਵਿਚਾਲੇ ਪੰਚਾਇਤ ਨੇ ਕੰਧ ਕੱਢ ਦਿੱਤੀ। ਹੋਰ ਵੀ ਨਮੋਸ਼ੀ ਵਾਲੀ ਗੱਲ ਇਹ ਹੈ ਕਿ ਦਲਿੱਤਾਂ ਦੇ ਸਿਵਿਆਂ ਵਿਚ ਜਾਣ ਲਈ ਕੋਈ ਰਸਤਾ ਨਹੀਂ ਦਿੱਤਾ। ਇਸ ਲਈ ਦਲਿਤ ਮੁਰਦੇ ਦੀ ਅਰਥੀ ਕੰਧ ਉਪਰੋਂ ਲੰਘਾਉਣੀ ਪੈਂਦੀ ਹੈ। ਪਿੰਡ ਦੇ ਦਲਿਤ ਭਾਈਚਾਰੇ ਨਾਲ ਸਬੰਧਤ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਸਾਰਿਆਂ ਲਈ ਇਕੋ ਹੀ ਸ਼ਮਸ਼ਾਨਘਾਟ ਹੁੰਦਾ ਸੀ, ਫਿਰ ਬਾਅਦ ਵਿਚ ਗੰਧ ਬਣਾ ਕੇ ਇਸ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਗਿਆ। ਇਕ ਜਰਨਲ ਵਰਗ ਲਈ ਤੇ ਦੂਜਾ ਦਲਿਤ ਭਾਈਚਾਰੇ ਲਈ। ਇੰਨਾ ਹੀ ਨਹੀਂ, ਦਲਿਤਾਂ ਦੇ ਸ਼ਮਸ਼ਾਨਘਾਟ ਨੂੰ ਜਾਂਦਾ ਰਸਤਾ ਵੀ ਕੰਧ ਬਣਾ ਕੇ ਬੰਦ ਕਰ ਦਿੱਤਾ ਗਿਆ। ਕੰਧ ਵਿਚਕਾਰ ਇਕ ਆਰਜ਼ੀ ਗੇਟ ਰੱਖਿਆ ਗਿਆ ਸੀ ਜਿਹੜਾ ਕਿ ਕੰਧ ਬਣਾ ਕੇ ਬੰਦ ਕਰ ਦਿੱਤਾ। ਦਲਿਤ ਭਾਈਚਾਰੇ ਦੇ ਲੋਕ ਮ੍ਰਿਤਕ ਦੇਹ ਨੂੰ ਇਸ ਕੰਧ ਉਤੋਂ ਚੁੱਕ ਕੇ ਲੈ ਜਾਂਦੇ ਹਨ, ਕਿਉਂਕਿ ਅਰਥੀ ਨੂੰ ਸਿਵਿਆਂ ਵਿਚ ਲਿਜਾਣ ਦਾ ਹੋਰ ਕੋਈ ਰਸਤਾ ਨਹੀਂ ਹੈ।
ਪਿੰਡ ਦੇ ਜਗਤਾਰ ਸਿੰਘ ਦਾ ਕਹਿਣਾ ਹੈ ਕਿ ਪਿੰਡ ਵਿਚ ਅਕਾਲੀ ਦਲ ਨਾਲ ਸਬੰਧਤ ਮਹਿਲਾ ਸਰਪੰਚ ਹੈ ਪਰ ਸਾਰਾ ਕੰਮ ਉਸ ਦਾ ਘਰ ਵਾਲਾ ਬਲਕਰਨ ਸਿੰਘ ਹੀ ਕਰਦਾ ਹੈ। ਸਰਪੰਚ ਨੇ ਬਿਨਾਂ ਕਿਸੇ ਪੰਚਾਇਤੀ ਮਤੇ ਤੋਂ ਇਸ ਕੰਧ ਦਾ ਨਿਰਮਾਣ ਕੀਤਾ ਹੈ। ਪਿੰਡ ਵਿਚ ਜ਼ਿਆਦਾਤਰ ਘਰ ਦਲਿਤਾਂ ਦੇ ਹਨ। ਇਸ ਭਾਈਚਾਰੇ ਦੇ ਲੋਕ ਪਿੰਡ ਦੇ ਭੱਠਿਆਂ ਤੋਂ ਇਲਾਵਾ ਸ਼ਰਾਬ ਫੈਕਟਰੀਆਂ ਵਿਚ ਵੀ ਕੰਮ ਕਰਦੇ ਹਨ। ਪਿੰਡ ਵਿਚ ਜ਼ਿਆਦਾਤਰ ਛੋਟੀ ਜਾਂ ਸੀਮਾਂਤ ਕਿਸਾਨੀ ਹੈ।
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਲਛਮਣ ਸੇਵੇਵਾਲ ਨੇ ਕਿਹਾ ਕਿ ਪਿੰਡ ਦਲਿਤ ਭਾਈਚਾਰੇ ਦੋ ਲੋਕਾਂ ਨੇ ਇਸ ਦੀ ਸ਼ਿਕਾਇਤ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਨੂੰ ਕੀਤੀ ਹੈ। ਜੇਕਰ ਇਹ ਮੁੱਦਾ ਛੇਤੀ ਹੱਲ ਨਾ ਹੋਇਆ ਤਾਂ ਉਨ੍ਹਾਂ ਦੀ ਜਥੇਬੰਦੀ ਸੰਘਰਸ਼ ਕਰੇਗੀ।
ਜ਼ਿਕਰਯੋਗ ਹੈ ਕਿ ਕੋਟਗੁਰੂ ਕੋਈ ਆਮ ਪਿੰਡ ਨਹੀਂ ਹੈ, ਇਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂਸਰ ਸਾਹਿਬ ਹੈ। ਜਿਥੇ ਹਰ ਸਾਲ ਇਤਿਹਾਸਕ ਜੋੜ ਮੇਲਾ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਬਰਾਬਰਤਾ ਤੇ ਮਨੁੱਖਤਾ ਦੀ ਗੱਲ ਕਰਨ ਵਾਲੇ ਸਿੱਖ ਧਰਮ ਦੇ ਪੈਰੋਕਾਰਾਂ ਲਈ ਵੀ ਸਵਾਲ ਖੜ੍ਹਾ ਹੁੰਦਾ ਹੈ, ਆਖਰ ਸਿੱਖੀ ਕਿੱਧਰ ਜਾ ਰਹੀ ਹੈ? ਗੁਰਾਂ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਪਿੰਡ ਵਿਚ ਜੇਕਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਤਾਂ ਹੋਰ ਪਿੰਡਾਂ ਦਾ ਕੀ ਹਾਲ ਹੋਵੇਗਾ।
____________________________________________________
‘ਆਪ’ ਦੇ ਹੱਕ ਵਿਚ ਭੁਗਤਣ ਦੀ ਸਜ਼ਾ
ਫਰਵਰੀ 2017 ਵਿਚ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਹ ਕੰਧ ਬਣੀ ਹੈ। ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕੇ ਵਿਚ ਦਲਿਤ ਭਾਈਚਾਰੇ ਲਈ ਰਾਖਵੀਂ ਸੀਟ ਉਤੇ ‘ਆਪ’ ਦੀ ਉਮੀਦਵਾਰ ਰੁਪਿੰਦਰ ਕੌਰ ਰੂਬੀ ਜਿੱਤ ਗਈ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪੰਚਾਇਤ, ਮਜ਼੍ਹਬੀ ਸਿੱਖਾਂ ਨਾਲ ਗੁੱਸੇ ਹੋ ਗਏ ਅਤੇ ਸ਼ਮਸ਼ਾਨਘਾਟ ਵਿਚ ਦੀਵਾਰ ਬਣਾ ਦਿੱਤੀ। ਹਾਲਾਂਕਿ ਪਿੰਡ ਵਾਲਿਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਦਲਿਤ ਭਾਈਚਾਰੇ ਨੇ ‘ਆਪ’ ਦੀ ਵਿਧਾਇਕ ਨੂੰ ਵੋਟਾਂ ਨਾਲ ਜਿਤਾ ਤਾਂ ਦਿੱਤਾ ਪਰ ਰੂਬੀ ਨੇ ਅੱਜ ਤੱਕ ਦਲਿਤਾਂ ਦੀ ਬਾਤ ਨਹੀਂ ਪੁੱਛੀ ਹੈ।