ਕਿੱਸਾ ਅਜਮੇਰ ਔਲਖ ਦੀ ‘ਆਸ਼ਕੀ’ ਦਾ

ਨਾਟਕਕਾਰ ਅਜਮੇਰ ਔਲਖ ਨੇ ਪੰਜਾਬੀ ਸਾਹਿਤ ਜਗਤ ਅਤੇ ਰੰਗਮੰਚ ਨੂੰ ਖੂਬ ਮਾਲਾਮਾਲ ਕੀਤਾ ਹੈ। ਪੰਜਾਬੀ ਕਿੱਸੇ ਪੜ੍ਹਨ-ਗੁੜ੍ਹਨ ਤੋਂ ਸ਼ੁਰੂ ਕਰ ਕੇ ਖੁਦ ਪੰਜਾਬੀ ਸਾਹਿਤ ਦਾ ਇਕ ਕਿੱਸਾ ਬਣ ਜਾਣ ਵਾਲੇ ਇਸ ਲਿਖਾਰੀ ਬਾਰੇ ਪ੍ਰਿੰਸੀਪਲ ਸਰਵਣ ਸਿੰਘ ਨੇ ਇਹ ਲਿਖਤ ਜੋੜੀ ਹੈ। ਇਸ ਵਿਚ ਅਜਮੇਰ ਔਲਖ ਦੇ ਉਡਾਰੂ ਦਿਨਾਂ ਦੀਆਂ ਗੱਲਾਂ-ਬਾਤਾਂ ਹਨ ਜਿਸ ਵਿਚ ਇਸ਼ਕ ਅਤੇ ਆਸ਼ਕੀ ਬਾਰੇ ਨਿੱਠ ਕੇ ਗੱਲਾਂ ਛੇੜੀਆਂ ਗਈਆਂ ਹਨ।

-ਸੰਪਾਦਕ

ਪ੍ਰਿੰæ ਸਰਵਣ ਸਿੰਘ
ਫੋਨ: 905-799-1661

ਨਾਟਕਕਾਰ ਅਜਮੇਰ ਸਿੰਘ ਔਲਖ ਨਿੱਕਾ ਹੁੰਦਾ ਹੀ ਗੀਤ ਲਿਖਣ ਲੱਗ ਪਿਆ ਸੀ ਤੇ ਆਪਣੇ ਬਚਪਨ ਦੇ ਦੋਸਤ ਸੁਖਦੇਵ ਨਾਲ ਕਾਨਫਰੰਸਾਂ ‘ਤੇ ਗਾ ਵੀ ਲੈਂਦਾ ਸੀ। ਇਹ ਗੀਤ ਉਹ ਆਮ ਗਾਉਂਦੇ:
ਇਹ ਤਾਂ ਦੂਹਰੀਆਂ ਪੁਸ਼ਾਕਾਂ ਪਾਉਂਦੇ
ਤੈਨੂੰ ਫਿੱਡੇ ਛਿੱਤਰ ਨਾ ਥਿਆਉਂਦੇ
ਹੁਣ ਹੋ ਹੁਸ਼ਿਆਰ, ਕਰ ਜੱਟਾ ਮਾਰੋ-ਮਾਰ
ਜਾ ਕੇ ਵੈਰੀ ਦੇ ਬੂਹੇ ‘ਤੇ ਅੜ ਜਾ।
ਵੈਰੀ ਦੇ ਟਾਕਰੇ ਨੂੰ ਤਿਆਰ ਹੋ ਕੇ ਤੂੰ ਖੜ੍ਹ ਜਾ।
ਵੱਡਾ ਹੋ ਕੇ ਉਹ ਨਾਟਕ ਲਿਖ ਲੱਗ ਪਿਆ ਅਤੇ ਵਿਦਿਆਰਥੀਆਂ ਤੇ ਘਰ ਦੇ ਜੀਆਂ ਨੂੰ ਨਾਲ ਲਾ ਕੇ ਖੇਡਣ ਵੀ ਲੱਗ ਪਿਆ। ਰਿਹਰਸਲ ਦੇ ਅੱਗੋਂ-ਪਿੱਛੋਂ ਕਦੇ-ਕਦੇ ਉਹ ਹਾਸੇ-ਠੱਠੇ ਦੀਆਂ ਗੱਲਾਂ ਕਰ ਕੇ ਅਦਾਕਾਰਾਂ ਦਾ ਅਕੇਵਾਂ ਦੂਰ ਕਰਦਾ ਤੇ ਕਦੇ ਸਿਰੇ ਦੀਆਂ ਉਰਲੀਆਂ-ਪਰਲੀਆਂ ਸੁਣਾ ਕੇ ਸੁਣਨ ਵਾਲਿਆਂ ਦੀਆਂ ਵਾਛਾਂ ਖਿੜਾ ਦਿੰਦਾ। ਹਾਸਾ-ਠੱਠਾ ਉਹਦੇ ਸੁਭਾਅ ਦਾ ਅੰਗ ਸੀ। ਅਮਲੀਆਂ ਤੇ ਛੜਿਆਂ ਦੀਆਂ ਹਸਾਉਣੀਆਂ ਗੱਲਾਂ ਉਹ ਆਪਣੇ ਨਾਟਕਾਂ ਵਿਚ ਵੀ ਪਾ ਦਿੰਦਾ ਜਿਨ੍ਹਾਂ ਨੂੰ ਸੁਣ ਕੇ ਪੇਂਡੂ ਦਰਸ਼ਕ ਲੋਟ-ਪੋਟ ਹੁੰਦੇ।
ਉਸ ਨੇ ਆਪਣੀਆਂ ਜੀਵਨ ਯਾਦਾਂ ਦੀ ਪੁਸਤਕ ‘ਭੁੰਨੀ ਹੋਈ ਛੱਲੀ’ ਦੇ ਇਕ ਕਾਂਡ ਦਾ ਨਾਂ ‘ਦਰਸ਼ਨ ਦੇਖ ਜੀਵਾਂ ‘ਦਰਸ਼ਨ’ ਤੇਰਾæææ!’ ਰੱਖਿਐ। ਉਸ ਵਿਚੋਂ ਉੁਹਦੇ ‘ਆਸ਼ਕ’ ਹੋਣ ਦੇ ਭੁਲੇਖੇ ਪੈਂਦੇ ਹਨ ਜੋ ਉਸ ਨੂੰ ‘ਪਾਗਲ’ ਬਣਾ ਗਏ ਸਨ। ਪੇਸ਼ ਹੈ ਉਹਦੀ ‘ਆਸ਼ਕੀ’ ਦਾ ਕਿੱਸਾ:
ਨਿੱਕਾ ਹੁੰਦਾ ਉਹ ਨਿੱਕੇ ਨਾਂ ਵਾਲਾ ‘ਜਮੇਰ’ ਸੀ, ਸਕੂਲ ਦਾਖਲ ਹੋਣ ਵੇਲੇ ‘ਅਜਮੇਰ ਸਿੰਘ’ ਹੋ ਗਿਆ ਤੇ ਜਦੋਂ ਕਵਿਤਾ ਲਿਖਣ ਲੱਗਾ ਤਾਂ ਨਾਂ ਨਾਲ ਭਾਂਤ-ਸੁਭਾਂਤੇ ਤਖੱਲਸ ਲਾਉਣ ਲੱਗ ਪਿਆ। ਇਕ ਰਾਤ ਦੋਸਤਾਂ ਕੋਲ ਆਪਣੀ ‘ਆਸ਼ਕੀ’ ਦਾ ਗੱਪ ਮਾਰਨ ਕਰ ਕੇ ਆਸ਼ਕ ਬਣ ਗਿਆ ਅਤੇ ਨਾਂ ਰੱਖ ਲਿਆ ਅਜਮੇਰ ਸਿੰਘ ‘ਪਾਗਲ’!
‘ਪਾਗਲ’ ਦੇ ਤਖੱਲਸ ਤਕ ਪਹੁੰਚਣ ਲਈ ਉਸ ਨੇ ‘ਦਰਦੀ’, ‘ਦੁਖੀਆ’ ਤੇ ‘ਕੌਮੀ’ ਤਖੱਲਸ ਵਾਰੋ-ਵਾਰੀ ਆਪਣੇ ਨਾਂ ਨਾਲ ਲਾਏ, ਲਿਖੇ ਤੇ ਲਾਹੇ। ਫੇਰ ਵੀ ਉਹਦੀ ਤਸੱਲੀ ਨਾ ਹੋਈ। ਸੋਚਣ ਲੱਗਾ, ਹੁਣ ਕਿਹੜਾ ਤਖੱਲਸ ਲਾਵਾਂ? ਆਖਰ ਤਿੰਨਾਂ ਤਖੱਲਸਾਂ ਦੇ ਉਤੋਂ ਦੀ ਪੈ ਗਿਆ ‘ਖਿਆਲੀ।’ ਅਜਮੇਰ ਸਿੰਘ ‘ਖਿਆਲੀ!’ ਲੱਗਾ ਕਿ ਇਹ ਤਖੱਲਸ ਨਿਭੇਗਾ। ਨਿਭਾਅ ਹੋਣ ਹੀ ਲੱਗਾ ਸੀ ਕਿ ਇਕ ਸੀਨੀਅਰ ਵਿਦਿਆਰਥੀ ਉਹਦੇ ਮਗਰ ਪੈ ਗਿਆ, ਬਈ ਜਮੇਰ! ਮੈਥੋਂ ਜੋ ਮਰਜ਼ੀ ਲੈ-ਲਾ, ਪਰ ‘ਖਿਆਲੀ’ ਮੈਨੂੰ ਦੇ-ਦੇ। ਅਜਮੇਰ ਕੋਲ ਕਿਹੜਾ ਘਾਟਾ ਸੀ ਤਖੱਲਸਾਂ ਦਾ? ਜਿਥੇ ਤਿੰਨ ਛੱਡੇ, ਉਥੇ ਚੌਥਾ ਵੀ ਸਹੀ। ਉਸ ਨੇ ਖੁੱਲ੍ਹ-ਦਿਲੀ ਨਾਲ ‘ਖਿਆਲੀ’ ਦਾ ਤਖੱਲਸ ਆਪਣੇ ਸੀਨੀਅਰ ਜਮਾਤੀ ਨੂੰ ਸੌਂਪ ਕੇ ਆਪ ‘ਪਾਗਲ’ ਦਾ ਤਖੱਲਸ ਰੱਖ ਲਿਆ। ਅਜਮੇਰ ਸਿੰਘ ‘ਪਾਗਲ’ ਉਦੋਂ ਤਕ ਉਹ ਇਸ਼ਕ ਦੇ ਰਾਹ ਜੁ ਪੈ ਗਿਆ ਸੀ।
ਪਾਗਲਪਣ ਦੀ ਹੱਦ ਵੇਖੋ ਕਿ ਉਹਦੇ ਬੀæ ਏæ ਤਕ ਦੇ ਸਰਟੀਫਿਕੇਟਾਂ ਉਤੇ ਉਹਦਾ ਨਾਂ ਅਜੇ ਵੀ ‘ਅਜਮੇਰ ਸਿੰਘ ਪਾਗਲ’ ਹੀ ਦਰਜ ਹੈ। ‘ਪਾਗਲ’ ਜਾਂ ‘ਪਾਗਲ ਸਾਹਿਬ’ ਤੋਂ ‘ਔਲਖ’ ਜਾਂ ‘ਔਲਖ ਸਾਹਿਬ’ ਤਾਂ ਉਸ ਨੂੰ ਉਦੋਂ ਕਿਹਾ ਜਾਣ ਲੱਗਾ, ਜਦੋਂ ਉਹ ਨਹਿਰੂ ਮੈਮੋਰੀਅਲ ਕਾਲਜ, ਮਾਨਸਾ ਦੀਆਂ ਸਭਿਆਚਾਰਕ ਸਰਗਰਮੀਆਂ ਦਾ ਇੰਚਾਰਜ ਬਣਿਆ ਅਤੇ ਵਿਦਿਆਰਥੀਆਂ ਨੂੰ ਨਾਟਕ ਖਿਡਾਉਣ ਲੱਗਾ।
ਤਖੱਲਸ ‘ਪਾਗਲ’ ਉਹਦੀ ਨਿਆਣ-ਮੱਤ ਦੀ ਮੁਹੱਬਤ ਦਾ ਫਲ ਸੀ। ਇਹ ਉਹਦੇ ਆਪਣੇ ਦੱਸਣ ਦੀ ਗੱਲ ਹੈ। ਅਖੇ, 1953 ਵਿਚ ਬਾਹਰਲੇ ਪਿੰਡਾਂ ਦੇ ਚਾਰ-ਪੰਜ ਪਰਿਵਾਰ ਉਨ੍ਹਾਂ ਦੇ ਪਿੰਡ ਕਿਸ਼ਨਗੜ੍ਹ ਫਰਵਾਹੀ ਖੇਤੀ-ਪੱਤੀ ਕਰਨ ਆ ਵਸੇ। ਉਨ੍ਹਾਂ ਨੇ ਜਗੀਰਦਾਰ ਦੀ ਜਮੀਨ ਪੰਜ ਸਾਲਾਂ ਲਈ ਠੇਕੇ ‘ਤੇ ਲਈ ਸੀ। ਉਨ੍ਹਾਂ ‘ਚੋਂ ਬਾਕੀ ਪਰਿਵਾਰ ਤਾਂ ਮਾਲਵੇ ਦੇ ਹੀ ਸਨ, ਪਰ ਇਕ ਪਰਿਵਾਰ ਮਾਝੇ ਦਾ ਸੀ। ਲੀੜੇ-ਕੱਪੜੇ ਵੱਲੋਂ ਇਸ ਪਰਿਵਾਰ ਦੀ ਬਾਹਰੀ ਦਿੱਖ ਮਲਵਈਆਂ ਨਾਲੋਂ ਸ਼ੁਕੀਨ ਸੀ। ਮਲਵਈ ਬੰਦੇ-ਬੁੜ੍ਹੀਆਂ ਤਾਂ ਬੌਂਦਲੇ ਜਿਹੇ ਦਿਸਦੇ ਜਦ ਕਿ ਮਝੈਲ ਟਹਿਕਦੇ ਲੱਗਦੇ। ਕਿਸ਼ਨਗੜ੍ਹੀਆਂ ਲਈ ਇਹ ਇੰਜ ਹੀ ਸੀ ਜਿਵੇਂ ਪੇਂਡੂਆਂ ਲਈ ਸ਼ਹਿਰੀਏ ਹੁੰਦੇ ਹਨ। ਭਾਊ ਚਿੱਟੇ-ਦੁੱਧ ਪਹਿਰਾਵਿਆਂ ਨਾਲ ਚੰਗੇ ਜਚਦੇ ਤੇ ਉਨ੍ਹਾਂ ਦੀਆਂ ਜਨਾਨੀਆਂ ਨੂੰ ਵੀ ਕਪੜਾ-ਲੱਤਾ ਪਾਉਣ ਦਾ ਵਾਹਵਾ ਵੱਲ ਸੀ।
ਅੰਬਰਸਰੀਏ ਭਾਊਆਂ ਦੇ ਪਰਿਵਾਰ ਵਿਚ ਚੜ੍ਹਦੀ ਵਰੇਸ ਦੀਆਂ ਦੋ ਕੁੜੀਆਂ ਸਨ। ਵੱਡੀ ਦਾ ਨਾਂ ਦਰਸ਼ਨ ਸੀ ਜਿਸ ਨੂੰ ਦਰਸ਼ੋ ਕਹਿੰਦੇ। ਅਜਮੇਰ ਉਦੋਂ ਬਾਰਾਂ-ਤੇਰਾਂ ਸਾਲਾਂ ਦਾ ਸੀ ਤੇ ਦਰਸ਼ਨ ਹੋਵੇਗੀ ਤੇਰਾਂ ਚੌਦਾਂ ਸਾਲਾਂ ਦੀ। ਪਹਿਨਣ-ਪਚਰਣ ਤੋਂ ਉਹ ਕੁੜੀਆਂ ਪੇਂਡੂ ਘੱਟ ਤੇ ਸ਼ਹਿਰਨਾਂ ਵੱਧ ਲੱਗਦੀਆਂ। ਬੋਲਣ-ਚੱਲਣ ਲੱਗਿਆਂ ਵੀ ਉਹ ਵੱਡਿਆਂ ਨੂੰ ਸਤਿਕਾਰ ਨਾਲ ‘ਜੀ’ ਕਹਿੰਦੀਆਂ। ਅਜਮੇਰ ਨੇ ਲਿਖਿਐ, “ਸਾਡੇ ਪਿੰਡ ਦੀਆਂ ਕੁੜੀਆਂ ਤਾਂ ਕੀ, ਮੇਰੇ ਸਮੇਤ ਮੁੰਡਿਆਂ ਨੂੰ ਵੀ ਪਿੰਡ ਦੇ ਵੱਡਿਆਂ ਨੂੰ ‘ਜੀ’ ਕਹਿੰਦਿਆਂ ਸੰਗ ਲਗਦੀ ਸੀ। ਸਕੂਲ ਵਿਚ ਤਾਂ ਆਪਣੇ ਮਾਸਟਰਾਂ ਨੂੰ ‘ਮਾਸਟਰ ਜੀ, ਮਾਸਟਰ ਜੀ’ ਜ਼ਰੂਰ ਕਹਿੰਦੇ ਰਹਿੰਦੇ, ਪਰ ਘਰ ਆ ਕੇ ਉਹੀ ‘ਨੀ ਬੇਬੇ, ਉਇ ਬਾਪੂ’ ਵਾਲਾ ਵਰਤਾਰਾ ਚਲਦਾ। ਮੈਨੂੰ ਲੱਗਦੈ, ਸਾਡੇ ਪਿੰਡ ਵਿਚ ਜੇ ਕਿਸੇ ਕਿਰਤੀ ਕਿਸਾਨ ਦੀ ਧੀ ਨੇ ਸਭ ਤੋਂ ਪਹਿਲਾਂ ‘ਜੀ’ ਸ਼ਬਦ ਦੀ ਵਰਤੋਂ ਕੀਤੀ ਹੋਣੀ ਹੈ ਤਾਂ ਉਹ ਇਨ੍ਹਾਂ ਅੰਬਰਸਰੀ ਭੈਣਾਂ ਨੇ ਹੀ ਕੀਤੀ ਹੋਣੀ ਹੈ। ਉਨ੍ਹਾਂ ਦੇ ਸੁਹਜਮਈ ਵਰਤਾਰੇ ਦਾ ਹੋਰਾਂ ਉਤੇ ਤਾਂ ਪਤਾ ਨਹੀਂ ਕਿਹੋ ਜਿਹਾ ਅਸਰ ਪੈਂਦਾ ਰਿਹਾ, ਪਰ ਮੇਰੇ ‘ਤੇ ਸੱਚਮੁੱਚ ਹੀ ਇਹ ਜਾਦੂ-ਅਸਰ ਕਰਨ ਵਾਲਾ ਸੀ। ਮੈਨੂੰ ਤਾਂ ਉਹ ਸਾਡੇ ਪਿੰਡ ਅਰਸ਼ੋਂ ਉਤਰੀਆਂ ਪਰੀਆਂ ਹੀ ਲਗਦੀਆਂ। ਖਾਸ ਤੌਰ ‘ਤੇ ਦਰਸ਼ਨ ਤਾਂ ਬਹੁਤ ਹੀ ਚੰਗੀ ਲੱਗਣ ਲਗ ਪਈ। ਜਿਉਂ ਜਿਉਂ ਦਿਨ, ਮਹੀਨੇ ਕਰ ਕੇ ਤਿੰਨ-ਚਾਰ ਸਾਲ ਲੰਘ ਗਏ, ਇਸ ਵਰਤਾਰੇ ਦਾ ਰੰਗ ਮੇਰੇ ਉਤੇ ਹੋਰ ਵੀ ਗੂੜ੍ਹਾ ਹੁੰਦਾ ਗਿਆ। ਉਦੋਂ (1956-57) ਤਕ ਮੇਰੀ ਉਮਰ 14-15 ਸਾਲ ਦੀ ਹੋ ਚੁਕੀ ਸੀ ਤੇ ਦਰਸ਼ਨ ਦੀ 16-17 ਸਾਲ ਦੀ।”
ਅਜਮੇਰ ਨੇ ਤਾਂ ਆਪਣੀ ਤੇ ਦਰਸ਼ਨ ਦੀ ‘ਪ੍ਰੇਮ ਕਹਾਣੀ’ ਲੰਮੀ ਕਰ ਕੇ ਲਿਖੀ ਹੈ, ਆਪਾਂ ਸੰਖੇਪ ਕਰ ਲੈਨੇ ਆਂ। ਆਖਰ ਉਹਦੇ ਤਖੱਲਸ ‘ਪਾਗਲ’ ਤਕ ਵੀ ਤਾਂ ਪਹੁੰਚਣਾ ਹੈ। ਭਾਊ ਪਰਿਵਾਰ, ਬਾਹਰੋਂ ਆਏ ਪਰਿਵਾਰਾਂ ਨਾਲ ਸਰਦਾਰਾਂ ਦੀ ਖਾਲੀ ਪਈ ਹਵੇਲੀ ਵਿਚ ਰਹਿੰਦਾ ਸੀ, ਜਿਥੋਂ ਅਜਮੇਰ ਹੋਰਾਂ ਦਾ ਘਰ ਥੋੜ੍ਹੀ ਵਿੱਥ ਉਤੇ ਸੀ। ਅੱਧ-ਵਿਚਾਲੇ ਨਾਈ ਬੁੱਧ ਰਾਮ ਦਾ ਘਰ ਸੀ ਜੋ ਬੇਔਲਾਦ ਸੀ। ਉਹਦੀ ਘਰ ਵਾਲੀ ਭਾਨੋ ਅਜਮੇਰ ਦੇ ਨਾਨਕੇ ਪਿੰਡ ਰਾਜੀਆਂ ਦੀ ਧੀ ਸੀ ਜਿਸ ਕਰ ਕੇ ਉਹ ਉਸ ਨੂੰ ਮਾਸੀ ਕਹਿੰਦਾ ਤੇ ਬੁੱਧ ਰਾਮ ਨੂੰ ਮਾਸੜ। ਉਹ ਸਕੂਲੋਂ ਮਿਲਿਆ ਹੋਮ ਵਰਕ ਲੈ ਕੇ ਮਾਸੜ ਦੇ ਘਰ ਚਲਾ ਜਾਂਦਾ। ਉਧਰੋਂ ਦਰਸ਼ੋ ਘਰ ਦਾ ਕੰਮ-ਕਾਰ ਮੁਕਾ ਕੇ ਮਾਸੀ ਭਾਨੋ ਕੋਲ ਆ ਬਹਿੰਦੀ। ਚੌਂਕੇ ਦੀ ਝਲਾਨੀ ਉਹਲੇ ਬੈਠੀਆਂ ਦੋਹੇਂ ਜਣੀਆਂ ਆਪਸ ਵਿਚ ਗੱਲਾਂ ਕਰੀ ਜਾਂਦੀਆਂ ਜੋ ਅਜਮੇਰ ਤੇ ਉਹਦੇ ਮਾਸੜ ਨੂੰ ਘੱਟ-ਵਧ ਹੀ ਸੁਣਦੀਆਂ।
ਬੁੱਧ ਰਾਮ ਕਪੜੇ ਸਿਓਣ ਦਾ ਕੰਮ ਕਰੀ ਜਾਂਦਾ ਤੇ ਮੂੰਹ-ਦਾੜ੍ਹੀਆਂ ਮੁੰਨਣ ਦਾ ਪਿਤਾ-ਪੁਰਖੀ ਧੰਦਾ ਵੀ। ਉਹ ਨਿੱਕੀਆਂ-ਨਿੱਕੀਆਂ ਕਿਤਾਬੜੀਆਂ ਵੀ ਰੱਖਦਾ ਜਿਨ੍ਹਾਂ ਨੂੰ ਕਿੱਸੇ ਕਿਹਾ ਜਾਂਦਾ। ਉਹ ਕਿੱਸੇ ਅਜਮੇਰ ਬੜੇ ਸ਼ੌਕ ਨਾਲ ਪੜ੍ਹਦਾ। ਬੁੱਧ ਰਾਮ ਕਪੜੇ ਸਿਉਂਦਾ ਰਹਿੰਦਾ, ਭਾਨੋ ਤੇ ਦਰਸ਼ੋ ਗੱਲੀਂ ਲੱਗੀਆਂ ਰਹਿੰਦੀਆਂ ਅਤੇ ਅਜਮੇਰ ਕਿੱਸਿਆਂ ਵਿਚੋਂ ਨੁਸਖੇ ਤੇ ਟੋਟਕੇ ਪੜ੍ਹ-ਪੜ੍ਹ ਸੁਣਾਉਂਦਾ ਰਹਿੰਦਾ। ਬੁੱਧ ਰਾਮ ਕੀ ਸਬਾਤ ਆਰ-ਪਾਰ ਦੇ ਬੂਹਿਆਂ ਵਾਲੀ ਸੀ ਜਿਸ ਕਰ ਕੇ ਗਰਮੀਆਂ ‘ਚ ਹਵਾ-ਹਾਰੇ ਬਹਿਣ ਵਾਲੀ ਸੀ। ਭਾਨੋ ਕਈ ਵਾਰ ਸਬਾਤ ਵਾਲੇ ਮੰਜੇ ‘ਤੇ ਆ ਪੈਂਦੀ ਤੇ ਦਰਸ਼ੋ ਕੋਲ ਬੈਠੀ ਚਾਦਰ ਕਢਦੀ ਰਹਿੰਦੀ। ਅਜਮੇਰ ਤੇ ਦਰਸ਼ੋ ਨੇ ਆਪਸ ਵਿਚ ਸ਼ਾਇਦ ਹੀ ਕਦੇ ਕੋਈ ਗੱਲ ਕੀਤੀ ਹੋਵੇ। ਗੱਲ ਤਾਂ ਤਦੇ ਹੋਵੇ ਜੇ ਕੋਈ ‘ਗੱਲ’ ਹੋਵੇ। ਉਹ ਇਕ ਦੂਜੇ ਵੱਲ ਵੇਖਦੇ ਵੀ ਘੱਟ ਕਿ ਕੋਈ ਵੇਖ ਨਾ ਲਵੇ, ਪਰ ਸੱਚੀ ਗੱਲ ਇਹ ਸੀ ਕਿ ਉਨ੍ਹਾਂ ਦਾ ਧਿਆਨ ਸਦਾ ਇਕ ਦੂਜੇ ਵੱਲ ਹੀ ਰਹਿੰਦਾ।
ਇਹ ਅਜਬ ਰੁਮਾਂਸ ਸੀ! ਹੋ ਸਕਦੈ, ਅਜਮੇਰ ਮਾਸੜ ਬੁੱਧ ਰਾਮ ਨੂੰ ਕਿੱਸਾ ਸੁਣਾਉਣ ਦੇ ਬਹਾਨੇ ਦਰਸ਼ਨ ਨੂੰ ਹੀ ਕਿੱਸਾ ਸੁਣਾਉਣ ਦਾ ਭਰਮ ਪਾਲਦਾ ਹੋਵੇ! ਤੇ ਦਰਸ਼ੋ ਵੀ ਚਾਦਰ ਉਤੇ ਵੇਲ-ਬੂਟੇ ਪਾਉਂਦੀ ਅਜਮੇਰ ਨੂੰ ਹੀ ਚਿਤਵਦੀ ਹੋਵੇ ਅਤੇ ਉਤੋਂ-ਉਤੋਂ ਹੀ ਭਾਨੋ ਦੀਆਂ ਗੱਲਾਂ ਦਾ ਹੁੰਗਾਰਾ ਭਰਦੀ ਹੋਵੇ! ਐਵੇਂ ਤਾਂ ਨਹੀਂ ਕਹਿੰਦੇ, ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ!
ਉਂਜ ਸੱਚ ਨਹੀਂ ਆਉਂਦਾ ਕਿ ਅਜਮੇਰ ਵਰਗਾ ਸਾਊ ਪੁੱਤ ਤੇ ਦਰਸ਼ੋ ਵਰਗੀ ਸਾਊ ਧੀ ਇੰਜ ਸੋਚਦੇ ਹੋਣ। ਇਹ ਗੱਲ ਜ਼ਰੂਰ ਸੱਚ ਸੀ ਕਿ ਭਾਨੋ ਜਦੋਂ ਦਰਸ਼ੋ ਤੋਂ ਅੰਮ੍ਰਿਤਸਰ ਵੱਲ ਦੀਆਂ ਗੱਲਾਂ ਪੁਛਦੀ ਤਾਂ ਉਹ ਮਾਝੇ ਦੀਆਂ ਸਿਫਤਾਂ ਹੀ ਕਰਦੀ। ਭਾਨੋ ਅਕਸਰ ਆਖਦੀ, “ਸਿਆਣੇ ਐ ਭਾਈ ਥੋਡੇ ਕੰਨੀ ਦੇ ਲੋਕ ਤਾਂ। ਸਾਡੇ ਤਾਂ ਨਿਰੇ ਡੰਗਰ ਐ! ਨਾ ਖਾਣ ਦੀ ਸੂਹ, ਨਾ ਪਹਿਨਣ-ਪਚਰਣ ਦੀ।”
ਭਾਨੋ ਦੀ ਗੱਲ ਅਜਮੇਰ ਨੂੰ ਵੀ ਸੱਚੀ ਲੱਗਦੀ। ਅਜਿਹੀ ਗੱਲ ਸੁਣ ਕੇ ਦਰਸ਼ੋ ਬੁੱਲ੍ਹੀਆਂ ‘ਚ ਮੁਸਕਰਾਉਂਦੀ ਤੇ ਵਿਚ ਦੀ ਕਦੇ ਅਜਮੇਰ ਤੇ ਕਦੇ ਬੁੱਧ ਰਾਮ ਵੱਲ ਝਾਤ ਮਾਰ ਲੈਂਦੀ।
ਮਾਸੀ-ਮਾਸੜ ਦੇ ਘਰ ਉਹ ਆਮ ਹੀ ‘ਕੱਠੇ ਹੁੰਦੇ, ਉਨ੍ਹਾਂ ਦੀਆਂ ਗੱਲਾਂ ਵੀ ਇਕ ਦੂਜੇ ਦੇ ਕੰਨੀਂ ਪੈਂਦੀਆਂ, ਪਰ ਉਨ੍ਹਾਂ ਦੀ ਆਪਸ ਵਿਚ ਕਦੇ ‘ਗੱਲ-ਬਾਤ’ ਨਾ ਹੁੰਦੀ। ਦਰਸ਼ਨ ਬਹੁਤ ਧੀਮੀ ਆਵਾਜ਼ ਵਿਚ ਭਾਨੋ ਨਾਲ ਗੱਲਾਂ ਕਰਦੀ। ਉਹਦੇ ਮੁਕਾਬਲੇ ਅਜਮੇਰ ਆਪਣੇ ਮਾਸੜ ਨਾਲ ਗੱਲਾਂ ਕਰਦਾ ਦਰਸ਼ੋ ਦਾ ਧਿਆਨ ਖਿੱਚਣ ਲਈ ਕਈ ਵਾਰ ਬੇਥਵੀਆਂ ਮਾਰਨ ਲੱਗਦਾ। ਇਕ ਵਾਰ ਮਾਸੀ ਭਾਨੋ ਨੇ ਹਿਸਾਬ ਨਾਲ ਸਮਝਾਇਆ ਵੀ, “ਜਦ ਮੁਟਿਆਰ ਕੁੜੀਆਂ ਕੋਲੇ ਬੈਠੀਆਂ ਹੋਣ, ਉਦੋਂ ਬਹੁਤਾ ਕਮਲ ਨੀ ਮਾਰੀਦਾ ਕਮਲਿਆ ਪੁੱਤਾ!”
ਪਰ ਅਜਮੇਰ ਨੂੰ ਸਮਝ ਨਹੀਂ ਸੀ ਲਗਦੀ, ਬਈ ਇਸ ਵਿਚ ਕਮਲ ਮਾਰਨ ਵਾਲੀ ਕਿਹੜੀ ਗੱਲ ਸੀ? ਉਹ ਕਦੇ ਦਰਸ਼ਨ ਵੱਲ ਟੇਢਾ-ਮੇਢਾ ਨਹੀਂ ਸੀ ਝਾਕਦਾ, ਪਰ ਮਨੋਂ ਮੰਨਦਾ ਸੀ ਕਿ ਉਹ ਮਾਸੜ ਨਾਲ ਨਹੀਂ, ਦਰਸ਼ਨ ਨਾਲ ਹੀ ਗੱਲਾਂ ਕਰ ਰਿਹਾ ਹੁੰਦਾ ਸੀ। ਕੀ ਪਤਾ ਦਰਸ਼ੋ ਵੀ ਭਾਨੋ ਨਾਲ ਨਹੀਂ, ਅਜਮੇਰ ਨਾਲ ਹੀ ਗੱਲਾਂ ਕਰਦੀ ਹੋਵੇ!
ਅਜਮੇਰ ਲਿਖਦੈ, “ਮੇਰੇ ਨਾਲ ਗੱਲਾਂ ਕਰਨ ਦੀ ਗੱਲ ਤਾਂ ਕੋਹਾਂ ਦੂਰ, ਉਲਟਾ ਇਕ ਦਿਨ ਮਾਸੀ ਭਾਨੋ ਨੇ ਮੈਨੂੰ ਦੱਸਿਆ ਸੀ, ਦਰਸ਼ੋ ਇਕ ਦਿਨ ਕਹਿੰਦੀ ਸੀ, ਬਈ ਇਹ ਮੁੰਡਾ ਤਾਂ ਨਿਰਾ ਪਾਗਲ ਐ! ਊਈਂ ਪਾਗਲਾਂ ਵਾਗੂੰ ਬੋਲਦਾ ਰਹਿੰਦੈ। ਤਾਂਹੀਂ ਤਾਂ ਮੈਂ ਤੈਨੂੰ ਸਮਝਾਉਨੀ ਆਂ ਪੁੱਤਾ, ਬਈ ਮੁਟਿਆਰ ਕੁੜੀ ਕੋਲ ਐਵੇਂ ਨੀ ਚਪੜ-ਚਪੜ ਕਰੀਂਦਾ ਹੁੰਦਾ। ਚੰਗਾ ਅਸਰ ਨੀ ਪੈਂਦਾ ਬਗਾਨੀ ਧੀ ‘ਤੇ।”
ਮਾਸੀ ਭਾਨੋ ਦੀ ਐਵੇਂ ਚਪੜ-ਚਪੜ ਕਰਨ ਦੀ ਗੱਲ ਮੰਨਣ ਦੀ ਥਾਂ ਅਜਮੇਰ ਸਿੰਘ ‘ਖਿਆਲੀ’ ਨੇ, ਜਿਸ ਵਿਦਿਆਰਥੀ ਨੂੰ ਖਿਆਲੀ ਪਿਆਰੀ ਸੀ, ‘ਖਿਆਲੀ’ ਦਾ ਤਖੱਲਸ ਉਹਨੂੰ ਦੇ ਦਿੱਤਾ ਤੇ ਆਪ ਦਰਸ਼ਨ ਦੇ ਮੂੰਹੋਂ ਸੁਣਿਆ ਨਿਰਾ ‘ਪਾਗਲ’ ਆਪਣੇ ਨਾਂ ਨਾਲ ਜੋੜ ਲਿਆ। ਇਉਂ ਕਵਿਤਾ ਵਿਚ ਹੀ ਨਹੀਂ, ਉਹਦੇ ਸਰਟੀਫਿਕੇਟਾਂ ਵਿਚ ਵੀ ‘ਪਾਗਲ’ ਅਜਮੇਰ ਸਿੰਘ ਦੇ ਨਾਂ ਚੜ੍ਹ ਗਿਆ।
ਦਸਵੀਂ ਦਾ ਇਮਤਿਹਾਨ ਦੇਣ ਲਈ ਫਾਰਮ ਭਰੇ ਗਏ। ਕਵੀ ਦੇ ਤੌਰ ‘ਤੇ ਤਾਂ ਅਜਮੇਰ ਸਿੰਘ, ‘ਪਾਗਲ’ ਹੋ ਹੀ ਗਿਆ ਸੀ, ਫਾਰਮ ਭਰਨ ਲੱਗੇ ਨੇ ਵੀ ਆਪਣੇ ਨਾਂ ਨਾਲ ਆਪਣਾ ਗੋਤ ਔਲਖ ਲਿਖਣ ਦੀ ਥਾਂ ਪਾਗਲ ਲਿਖ ਦਿੱਤਾ। ਦਸਵੀਂ ਦੇ ਇਮਤਿਹਾਨ ਤੋਂ ਬਾਅਦ ਗਿਆਨੀ ਤੇ ਬੀæ ਏæ ਦੇ ਇਮਤਿਹਾਨੀ ਫਾਰਮਾਂ ਵਿਚ ਵੀ ਪਾਗਲ ਚਲਦਾ ਗਿਆ। ਐਮæਏæ ਦਾ ਫਾਰਮ ਭਰਨ ਵੇਲੇ ਅਜਮੇਰ ਪਤਾ ਨਹੀਂ ਕਿਵੇਂ ਸਿਆਣਾ ਹੋ ਗਿਆ? ਉਹ ਨਾਂ ਨਾਲ ‘ਪਾਗਲ’ ਲਿਖਣਾ ਭੁੱਲ ਗਿਆ ਤੇ ਆਪਣਾ ਗੋਤ ਔਲਖ ਲਿਖ ਬੈਠਾ। ਇਉਂ ‘ਭੁਲ-ਭੁਲੇਖੇ’ ਹੀ ਉਹਦਾ ‘ਪਾਗਲ’ ਹੋਣ ਤੋਂ ਖਹਿੜਾ ਛੁੱਟ ਗਿਆ!

ਕਿੱਸਾ ਅੱਗੇ ਸੁਣੋ। ਮਾਸੀ ਭਾਨੋ ਅਜਮੇਰ ਨੂੰ ਚਪੜ-ਚਪੜ ਗੱਲਾਂ ਕਰਨੋਂ ਇਸ ਲਈ ਰੋਕਦੀ ਸੀ ਕਿ ਉਹ ਅੰਦਰਖਾਤੇ ਬੁਣਤੀ ਬੁਣ ਰਹੀ ਸੀ, ਬਈ ਦਰਸ਼ੋ ਦਾ ਰਿਸ਼ਤਾ ਅਜਮੇਰ ਨੂੰ ਹੋ ਜਾਵੇ ਤਾਂ ਚੰਗਾ ਹੀ ਰਹੂ। ਇਸ ਬਾਰੇ ਸ਼ਾਇਦ ਉਸ ਨੇ ਅਜਮੇਰ ਦੀ ਮਾਂ ਨਾਲ ਵੀ ਗੱਲ ਕੀਤੀ ਹੋਵੇ, ਤੇ ਮਾਂ ਨੇ ਕਹਿ ਦਿੱਤਾ ਹੋਵੇ, ‘ਨੀ ਭੈਣੇ ਕਿਥੇ! ਸਾਨੂੰ ਥੁੜਿਆਂ-ਟੁੱਟਿਆਂ ਨੂੰ ਨੀ ਦੇਣਾ ਭਾਊਆਂ ਨੇ ਆਵਦੀ ਧੀ ਦਾ ਰਿਸ਼ਤਾ।’ ਜਾਂ ਸੋਚਿਆ ਹੋਵੇ, ‘ਮਝੈਲਣਾਂ ਤਾਂ ਭੈਣੇ ਬਾਹਲੀਆਂ ਈ ਚਲਾਕ ਹੁੰਦੀਆਂ। ਪੱਟਿਆ ਜਾਊ ਮੇਰਾ ਸਾਊ ਪੁੱਤ!’
ਇਸ ਗੱਲ ਦਾ ਪਤਾ ਅਜਮੇਰ ਨੂੰ ਉਦੋਂ ਲੱਗਾ ਜਦੋਂ ਉਨ੍ਹਾਂ ਦਾ ਗੁਆਂਢੀ ‘ਈਸ਼ਰ ਰੋਡਾ’ ਉਹਦੇ ਲਈ ਰਿਸ਼ਤੇ ਦੀ ਤਜਵੀਜ਼ ਲਿਆਇਆ। ਕੁੜੀ ਮਾਪਿਆਂ ਦੀ ‘ਕੱਲੀਕਾਰੀ ਧੀ ਸੀ ਜਿਸ ਨਾਲ ਦਸ-ਬਾਰਾਂ ਕਿੱਲੇ ਜਮੀਨ ਦੇ ਵੀ ਆਉਂਦੇ ਸਨ, ਪਰ ਕੁੜੀ ਦੀ ਉਮਰ ਅਜਮੇਰ ਤੋਂ ਛੇ-ਸੱਤ ਸਾਲ ਵੱਡੀ ਸੀ। ਘਰ ਦਿਆਂ ਨੂੰ ਉਮਰ-ਅਮਰ ਦਾ ਕੋਈ ਫਰਕ ਨਹੀਂ ਸੀ ਦਿਸਦਾ, ਦਸ-ਬਾਰਾਂ ਕਿੱਲੇ ਈ ਦਿਸਦੇ ਸਨ। ਅਜਮੇਰ ਰਿਸ਼ਤੇ ਦੀ ਹਾਮੀ ਨਹੀਂ ਸੀ ਭਰ ਰਿਹਾ। ਬੇਬੇ ਨੇ ਨਾਰਾਜ਼ ਹੁੰਦਿਆਂ ਕਿਹਾ, “ਹੋਰ ਤੂੰ ਭਾਊਆਂ ਦੀ ਦਰਸ਼ੋ ਲਿਆਵੇਂਗਾ ਵਿਆਹ ਕੇ? ਭਾਊਆਂ ਨੇ ਨੀ ਵਿਆਹੁਣੀ ਆਵਦੀ ਕੁੜੀ ਆਪਣੇ ਘਰ। ਕਿਤੇ ਹੋਰ ਈ ਭੁਲੇਖਿਆਂ ‘ਚ ਤੁਰਿਆ ਫਿਰੇਂ! ਆਪਾਂ ਨੂੰ ਤਾਂ ਊਂਈਂ ਡੰਗਰ-ਪਸੂ ਸਮਝਦੇ ਨੇ ਓਧਰ ਦੇ ਲੋਕ। ਬਹੁਤ ਚਲਾਕ ਹੁੰਦੇ ਨੇ ਇਹ।”
ਪਰ ‘ਪਾਗਲ’ ਕਹਾਉਂਦੇ ਅਜਮੇਰ ਦਾ ਇਹ ਹਾਲ ਸੀ ਕਿ ਉਹਦੀ ਹਰ ਕਾਪੀ-ਕਿਤਾਬ ਦੇ ਕਿਸੇ ਨਾ ਕਿਸੇ ਕੋਨੇ ਦਰਸ਼ਨ ਦਾ ਨਾਂ ਚੜ੍ਹਦਾ ਗਿਆ, ਪਰ ਪਾਗਲਪਨ ਕਾਪੀਆਂ ‘ਤੇ ਚੜ੍ਹ ਕੇ ਵੀ ਨਾ ਉਤਰਿਆ। ਅਜਮੇਰ ਦੇ ਘਰਦਿਆਂ ਨੇ ਘਰ ਦੇ ਮੂਹਰਲੇ ਪਾਸੇ ਬੈਠਕ ਛੱਤੀ ਹੋਈ ਸੀ। ਤਿੰਨ ਕੰਧਾਂ ਗਾਰੇ ਨਾਲ ਚਿਣੀਆਂ ਪੱਕੀਆਂ ਇੱਟਾਂ ਦੀਆਂ ਸਨ ਤੇ ਗੁਆਂਢੀ ਚਾਚੇ ਨਾਲ ਸਾਂਝੀ ਕੰਧ ਕੱਚੇ ਗੁੰਮਿਆਂ ਦੀ ਸੀ। ਅਜਮੇਰ ਦੀ ਮਾਂ ਨੇ ਉਸ ਕੰਧ ਨੂੰ ਲਿਪ-ਪੋਚ ਕੇ, ਉਸ ਉਤੇ ਪਾਂਡੂ ਮਿੱਟੀ ਦਾ ਪੋਚਾ ਮਾਰ ਕੇ, ਬਾਕੀ ਤਿੰਨੇ ਕੰਧਾਂ ਵਰਗੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਅਜਮੇਰ ਨੇ ਹੱਟੀ ਤੋਂ ਗੁਲਾਬੀ ਰੰਗ ਲਿਆਂਦਾ ਤੇ ਪਾਣੀ ਵਿਚ ਘੋਲ ਕੇ ਉਸ ਕੰਧ ਉਤੇ ਗੁਲਾਬੀ ਅੱਖਰਾਂ ਵਿਚ ਲਿਖ ਦਿੱਤਾ: ਦਰਸ਼ਨ ਦੇਖਿ ਜੀਵਾਂ ‘ਦਰਸ਼ਨ’ ਤੇਰਾ। ਅਜਮੇਰ ਹੋਰਾਂ ਦੇ ਘਰ ਜਾਂ ਰਿਸ਼ਤੇਦਾਰੀ ਵਿਚ ਤਾਂ ਕੋਈ ਇੱਲ ਦਾ ਨਾਂ ਕੋਕੋ ਵੀ ਨਹੀਂ ਸੀ ਜਾਣਦਾ। ਗੁਰਬਾਣੀ ਦੀ ਅਸਲੀ ਨਕਲੀ ਤੁਕ ਦਾ ਕਿਸੇ ਨੂੰ ਕੀ ਪਤਾ ਲੱਗਣਾ ਸੀ? ਤਦ ਤਕ ਹਾਕਮ ਸਿੰਘ ਸਮਾਓਂ ਉਹਦਾ ਮਿੱਤਰ ਬਣ ਗਿਆ ਹੋਇਆ ਸੀ। ਇੱਕ ਦਿਨ ਹਾਕਮ ਦਾ ਬਾਪ ਉਸ ਬੈਠਕ ਵਿਚ ਆਇਆ। ਉਹ ਅਜਮੇਰ ਦੇ ਨਾਨਕਿਆਂ ਦਾ ਗੋਤੀ ਹੋਣ ਕਰ ਕੇ ਅਜਮੇਰ ਉਹਨੂੰ ਮਾਮਾ ਕਹਿੰਦਾ ਸੀ। ਉਹ ਗੁਰਮੁਖੀ ਅੱਖਰਾਂ ਦਾ ਜਾਣੂੰ ਸੀ ਤੇ ਗੁਰਬਾਣੀ ਵੱਲ ਵੀ ਝੁਕਾਅ ਰੱਖਦਾ ਸੀ। ਬੈਠਕ ਵਿਚ ਬੈਠਦਿਆਂ ਉਹਨੇ ਕੱਚੀ ਕੰਧ ਵੱਲ ਝਾਤ ਮਾਰੀ ਤੇ ਕਹਿਣ ਲੱਗਾ, “ਜਮੇਰ, ਤੂੰ ਬਾਣੀ ਦੀ ਇਹ ਤੁਕ ਗਲਤ ਤਾਂ ਨੀ ਲਿਖ ਰੱਖੀ? ‘ਦਰਸ਼ਨ’ ਦੇ ਨਾਲ ‘ਗੁਰ’ ਨੀ ਸੀ ਲਿਖਣਾ ਚਾਹੀਦਾ ਭਲਾ? ਕਿ ਮੈਨੂੰ ਈ ਭੁਲੇਖਾ ਐ?” ਅਜਮੇਰ ਨੇ ਝੂਠ ਬੋਲ ਦਿੱਤਾ, “ਨਹੀਂ ਮਾਮਾ ਜੀ, ਇਸ ਤਰ੍ਹਾਂ ਈ ਐਂ। ਮੈਂ ਤਾਂ ਇਸ ਤਰ੍ਹਾਂ ਈ ਪੜ੍ਹੀ ਐ!”
ਸ਼ੁਕਰ ਐ ਮਾਮਾ ‘ਕੱਟੜ’ ਸਿੱਖ ਨਹੀਂ ਸੀ। ਹੁੰਦਾ ਤਾਂ ਆਸ਼ਕ ਬਣੇ ਅਜਮੇਰ ਨੂੰ ਕਰਾ ਦਿੰਦਾ ਦਰਸ਼ੋ ਦੇ ਚੰਗੀ ਤਰ੍ਹਾਂ ਦਰਸ਼ਨ! ਇਥੇ ਹੀ ਬੱਸ ਨਹੀਂ। ਪਾਗਲ ਬਣੇ ਅਜਮੇਰ ਨੇ ਅਜੇ ਅਸਲੀ ਪਾਗਲਪਨ ਅੱਗੇ ਚੱਲ ਕੇ ਵਿਖਾਉਣਾ ਸੀ।
ਉਦੋਂ ਉਹ ਦਸਵੀਂ ਵਿਚ ਪੜ੍ਹਦਾ ਸੀ। ਸਮਾਓਂ ਤੋਂ ਹਾਕਮ ਤੇ ਭੀਖੀ ਦਾ ਗੁਰਚਰਨ ਵੀ ਉਹਦੇ ਨਾਲ ਪੜ੍ਹਦੇ ਸਨ। ਤਿੰਨੇ ਦੋਸਤ ਬਣ ਗਏ। ਇਮਤਿਹਾਨ ਨੇੜੇ ਆਏ ਤਾਂ ਹਾਕਮ ਤੇ ਅਜਮੇਰ ਨੇ ਭੀਖੀ ਵਿਚ ਹੀ ਇੱਕ ਬਾਣੀਏ ਦਾ ਚੁਬਾਰਾ ਕਿਰਾਏ ‘ਤੇ ਲੈ ਲਿਆ, ਬਈ ‘ਕੱਠੇ ਰਹਿ ਕੇ ਇਮਤਿਹਾਨ ਦੀ ਵੱਧ ਤਿਆਰੀ ਕਰਾਂਗੇ। ਗੁਰਚਰਨ ਵੀ ਉਨ੍ਹਾਂ ਕੋਲ ਆ ਜਾਂਦਾ। ਗੁਰਚਰਨ ਨੂੰ ਪੜ੍ਹਨ ਨਾਲੋਂ ਕੁੜੀਆਂ ਕੱਤਰੀਆਂ ਦੀਆਂ ਗੱਲਾਂ ਕਰਨ ਵਿਚ ਵੱਧ ਸੁਆਦ ਆਉਂਦਾ। ਹਾਕਮ ਨੂੰ ਓਦੂੰ ਘੱਟ ਤੇ ਅਜਮੇਰ ਨੂੰ ਓਦੂੰ ਵੀ ਘੱਟ। ਅਜਮੇਰ ਨੇ ਤਾਂ ਆਪਣੇ ਸਭ ਤੋਂ ਨੇੜਲੇ ਮਿੱਤਰ ਹਾਕਮ ਕੋਲ ਅਜੇ ਤਕ ਕਦੇ ਦਰਸ਼ਨ ਦੀ ਵੀ ਗੱਲ ਨਹੀਂ ਸੀ ਕੀਤੀ। ਗੱਲ ਤਾਂ ਤਦ ਕਰਦਾ, ਜੇ ਹੁੰਦੀ। ਉਹ ਤਾਂ ‘ਉਂਜ’ ਈ ਬੈਠਕ ਦੀ ਕੰਧ ‘ਤੇ ਗੁਲਾਬੀ ਰੰਗ ਨਾਲ ‘ਦਰਸ਼ਨ’ ਲਿਖ ਰੱਖਿਆ ਸੀ!
ਇੱਕ ਰਾਤ ਗੁਰਚਰਨ ਨੇ ਕੁੜੀਆਂ ਦੀਆਂ ਗੱਲਾਂ ਤੋਰਦਿਆਂ ਸ਼ਰਤ ਰੱਖ ਦਿੱਤੀ, ਬਈ ਅੱਜ ਆਪਾਂ ਆਪਣੀ-ਆਪਣੀ ਉਸ ਕੁੜੀ ਦੀ ਗੱਲ ਕਰਨੀ ਐਂ ਜਿਸ ਨੂੰ ਸਭ ਤੋਂ ਵੱਧ ਪਿਆਰ ਕਰਦੇ ਆਂ। ਗਾਲ੍ਹ ਪਾ ਦਿੱਤੀ, ਬਈ ਜਿਹੜਾ ਸੱਚ ਨਾ ਦੱਸੂ, ਉਹ ਹਰਾਮ ਦੀ ਔਲਾਦ ਹੋਊ। ਝੂਠੀ ਚਾਹੇ ਸੱਚੀ, ਪਹਿਲਾਂ ਗੁਰਚਰਨ ਨੇ ਆਪਣੀ ਪ੍ਰੇਮ ਪਿਆਰੀ ਦੀ ਗੱਲ ਕੀਤੀ ਤੇ ਫੇਰ ਹਾਕਮ ਨੇ। ਫਸ ਗਿਆ ਵਿਚਾਰਾ ਅਜਮੇਰ ‘ਪਾਗਲ।’ ਹਰਾਮ ਦੀ ਔਲਾਦ ਅਖਵਾਉਣਾ ਕਿਹੜਾ ਸੌਖਾ ਸੀ? ਪਰ ਪਰਵਾਹ ਕੀਤੇ ਬਿਨਾ ਉਸ ਨੇ ਵੀ ਆਪਣੀ ਪ੍ਰੇਮ ਪਿਆਰੀ ਦਰਸ਼ਨ ਨਾਲ ‘ਝੂਠੀ ਤੇ ਕਲਪਿਤ’ ਕਹਾਣੀ ਜੋੜ ਕੇ ਸੁਣਾ ਦਿੱਤੀ। ਉਸ ਨੇ ਉਹ-ਉਹ ਕਿੱਸੇ ਜੋੜ ਕੇ ਸੁਣਾਏ ਕਿ ਹਾਕਮ ਤੇ ਗੁਰਚਰਨ ਦੰਗ ਰਹਿ ਗਏ! ਕਿਥੇ ਉਨ੍ਹਾਂ ਦੇ ਮੁਰਝਾਏ-ਜੇ ਮੁਹੱਬਤਨਾਮੇ ਤੇ ਕਿਥੇ ਅਜਮੇਰ ਦਾ ਖਿੜਿਆ-ਵਾ ਪ੍ਰੇਮ ਪ੍ਰਸੰਗ?
ਅਜਮੇਰ ਨੇ ਦੱਸਿਆ, “ਮੈਂ ਤੇ ਦਰਸ਼ਨ ਰੋਜ਼ ਵਾਂਗ ਹੀ ਭਾਨੋ ਮਾਸੀ ਦੇ ਘਰ ‘ਮਿਲਦੇ’ ਹਾਂ।”
ਮਿਲਦੇ ਉਹ ਜ਼ਰੂਰ ਸੀ। ਬਾਕੀ ਦਾ ਗੱਪ ਸੀ, “ਅਸੀਂ ਭਾਨੋ ਮਾਸੀ ਦੇ ਘਰ ਘੰਟਾ-ਘੰਟਾ ਬੈਠ ਕੇ ਗੱਲਾਂ ਕਰਦੇ ਹਾਂ। ਹੁਣ ਭਾਵੇਂ ਭੀਖੀ ਰਹਿਣ ਕਰ ਕੇ ਇਹ ਪ੍ਰੇਮ-ਮਿਲਣ ਕੁਛ ਘਟ ਗਿਐ, ਪਰ ਫੇਰ ਵੀ ਦਿਨੇ ਜਦੋਂ ਮੈਂ ਰੋਟੀ ਖਾਣ ਜਾਨਾਂ ਤਾਂ ਦਰਸ਼ਨ ਨੂੰ ਜ਼ਰੂਰ ਮਿਲ ਕੇ ਆਉਨਾਂ।”
ਉਹਨੇ ਇਹ ਗੱਪ ਵੀ ਜੋੜ ਦਿੱਤੀ, “ਮੇਲ-ਮਿਲਾਪ ਕਰਾਉਣ ‘ਚ ਮਾਸੀ ਭਾਨੋ ਦਾ ਵੱਡਾ ਹੱਥ ਐ। ਮਾਸੀ ਭਾਨੋ ਕਹਿੰਦੀ ਐ ਕਿ ਉਹ ਮੇਰਾ ਤੇ ਦਰਸ਼ਨ ਦਾ ਰਿਸ਼ਤਾ ਜਲਦੀ ਹੀ ਕਰਵਾ ਦੇਵੇਗੀ।” ਅੱਗੇ ਉਸ ਨੇ ਗੱਪ ਮਾਰਨ ਦਾ ਇੱਕ ਹੋਰ ਅਨਾਰ ਚਲਾ ਦਿੱਤਾ, “ਅੱਜ ਅੱਧੀ ਰਾਤ ਨੂੰ ਮੈਂ ਤੇ ਦਰਸ਼ਨ ਨੇ ਭਾਨੋ ਮਾਸੀ ਦੇ ਘਰ ਮਿਲਣ ਦਾ ਵਾਇਦਾ ਕੀਤਾ ਹੈ।”
“ਫੇਰ ਅੱਜ ਜਾਏਂਗਾ ਆਵਦੇ ਪਿੰਡ ਦਰਸ਼ਨ ਨੂੰ ਮਿਲਣ?” ਗੁਰਚਰਨ ਨੇ ਅਜਮੇਰ ਦੀ ਆਸ਼ਕੀ ਦੇ ਜਾਦੂ-ਅਸਰ ਹੇਠ ਆਉਂਦਿਆਂ ਉਤਸੁਕਤਾ ਨਾਲ ਪੁੱਛਿਆ।
‘ਹਾਂਅ’ ਅਜਮੇਰ ਨੇ ਇਰਾਦੇ ਦੇ ਪੱਕੇ ਆਸ਼ਕਾਂ ਵਾਂਗ ਦ੍ਰਿੜਤਾ ਨਾਲ ਕਿਹਾ। ਉਹਨੂੰ ਖੁਸ਼ੀ ਸੀ ਕਿ ਉਹ ਝੂਠੀ ਕਹਾਣੀ ਸੱਚੀ ਬਣਾਉਣ ਵਿਚ ਕਾਮਯਾਬ ਹੋ ਗਿਆ, ਪਰ ਹਾਕਮ ਕਹਿਣ ਲੱਗਾ, “ਐਵੇਂ ਗੱਪ ਮਾਰਦੈ। ਕੋਈ ਮੁਹੱਬਤ-ਮਹੁਬੱਤ ਨੀ ਇਹਦੀ ਦਰਸ਼ੋ-ਪਰਸ਼ੋ ਨਾਲ। ਐਵੇਂ ਆਪਾਂ ਨੂੰ ਬੁੱਧੂ ਬਣਾਉਂਦੈ। ਹੁੰਦੀ ਤਾਂ ਮੈਨੂੰ ਨਾ ਦੱਸਦਾ? ਮੇਰੇ ਕੋਲੋਂ ਲੁਕੋਅ ਕਿਵੇਂ ਰੱਖਦਾ?”
ਇਹ ਗੱਲ ਸੀ ਵੀ ਸੱਚ, ਬਈ ਜੇ ਕੋਈ ‘ਐਸੀ-ਵੈਸੀ’ ਗੱਲ ਹੁੰਦੀ ਤਾਂ ਅਜਮੇਰ ਨੇ ਹਾਕਮ ਨੂੰ ਜ਼ਰੂਰ ਦੱਸੀ ਹੁੰਦੀ, ਪਰ ਅਜਮੇਰ ਤਾਂ ਆਪਣੇ ਹੀ ਢਿੱਡ ਵਿਚ ਲੱਡੂ ਭੋਰਨ ਵਾਲਾ ‘ਆਸ਼ਕ’ ਸੀ।
“ਹੈਇੰ ਉਇ?” ਗੁਰਚਰਨ ਦੇ ਮੂੰਹੋਂ ਆਪ-ਮੁਹਾਰੇ ਨਿਕਲਿਆ। ਉਹ ਚਾਹੁੰਦਾ ਸੀ ਕਿ ਕਹਾਣੀ ਰਾਈ-ਰਾਈ ਸੱਚ ਹੋਵੇ। ਨਹੀਂ ਤਾਂ ਸਾਰੀ ਪ੍ਰੇਮ ਕਹਾਣੀ ਦਾ ਸੱਤਿਆਨਾਸ ਹੋ ਜਾਵੇਗਾ।
“ਜਮਾਂ ਪੱਕੀ ਐ। ਪੱਕੀ ਨਾ ਹੁੰਦੀ ਤਾਂ ਮੈਂ ਅੱਜ ਸਾਈਕਲ ਨੂੰ ਗਰੀਸ ਦੁਆ ਕੇ ਕਿਉਂ ਲਿਆਉਂਦਾ? ਮੈਂ ਜਾਣੈਂ ਅੱਜ ਅੱਧੀ ਰਾਤ ਮਿਲਣ ਦਰਸ਼ਨ ਨੂੰ! ਭਾਵੇਂ ਦੁਨੀਆਂ ਏਧਰ ਤੋਂ ਏਧਰ ਹੋ-ਜੇ!”
“ਫੇਰ ਤੂੰ ਹੁਣ ਤਕ ਮੈਨੂੰ ਕਿਉਂ ਨਾ ਦੱਸਿਆ?” ਹਾਕਮ ਨੇ ਦੋਸਤੀ ਦੇ ਨਾਤੇ ਮਿਹਣਾ ਮਾਰਿਆ।
ਕਿੱਸਾ ਹੋਰ ਸੰਖੇਪ ਕਰਦੇ ਹਾਂ। ਅਜਮੇਰ, ਦਰਸ਼ਨ ਨੂੰ ਮਿਲਣ ਜਾਣ ਲਈ ਉਠ ਖੜ੍ਹਾ ਹੋਇਆ। ਹਾਕਮ ਨੇ ਰੋਕਿਆ। ਰੋਕਣ ਲਈ ਕੁੱਟਿਆ। ਅਜਮੇਰ ਬੂਹਕਣ ਲੱਗਾ, “ਹਾਏ ਦਰਸ਼ਨ! ਮੈਂ ਕੀ ਕਰਾਂ? ਆਪਣੇ ਪਿਆਰ ਦੇ ਦੁਸ਼ਮਣ ਮੈਨੂੰ ਤੇਰੇ ਕੋਲ ਆਉਣ ਨੀ ਦਿੰਦੇ! ਮੈਨੂੰ ਮੇਰਾ ਵਾਅਦਾ ਨੀ ਪੂਰਾ ਕਰਨ ਦਿੰਦੇ। ਮੈਨੂੰ ਮਾਫ ਕਰਦੀਂ। ਮੈਂ ਆਪਣਾ ਵਾਅਦਾ ਨਿਭਾ ਨੀ ਸਕਿਆ ਦਰਸ਼ਨ! ਮੈਨੂੰ ਮਾਫ ਕਰਦੀਂ!”
ਅਖੀਰ ਹਾਕਮ ਵੀ ਪਿਘਲ ਗਿਆ, “ਜਾਹ ਮਰ, ਜਿਥੇ ਮਰਨੈਂ। ਵੱਡਾ ਆਸ਼ਕ! ਉਦੋਂ ਪਤਾ ਲੱਗੂ ਜਦ ਅੱਧੀ ਰਾਤੀਂ ਰਾਹ ਵਿਚ ਤੇਰੇ ਪਿਉਆਂ ਨੇ ਤੇਰਾ ਡੰਡਾ ਡੁੱਕਿਆ!”
ਅਜਮੇਰ ਅੱਖਾਂ ਜੀਆਂ ਪੂੰਝਦਾ ਹੌਲੀ-ਹੌਲੀ ਪੈਰ ਪੁੱਟਦਿਆਂ ਚੁਬਾਰੇ ‘ਚੋਂ ਬਾਹਰ ਨਿਕਲਣ ਲੱਗਾ। “ਕੋਈ ਖੇਸੀ-ਖੂਸੀ ਤਾਂ ਫੂਕ ਲੈ ਉਤੇ। ਸਿਆਲ ਦੀ ਰਾਤ ਐ। ਕਿਤੇ ਵੱਡੇ ਧੀਦੋ ਰਾਂਝੇ ਦੀਆਂ ਝੰਗ ਸਿਆਲ ਪਹੁੰਚਣ ਤੋਂ ਪਹਿਲਾਂ ਈ ਝਨਾਂ ਪਾਰ ਕਰਦੇ ਦੀਆਂ ਕੋਕੜਾਂ ਹੋਈਆਂ ਪਈਆ ਹੋਣ!” ਹਾਕਮ ਨੇ ਖੇਸੀ ਅਜਮੇਰ ‘ਤੇ ਵਗਾਹ ਮਾਰੀ। ਗੁਰਚਰਨ ਨੇ ਚੁਬਾਰੇ ਦੀਆਂ ਪੌੜੀਆਂ ‘ਚੋਂ ਉਹਦਾ ਸਾਈਕਲ ਹੇਠਾਂ ਲਾਹ ਦਿੱਤਾ। ਜਦੋਂ ਉਹ ਸਾਈਕਲ ‘ਤੇ ਚੜ੍ਹਨ ਲੱਗਾ ਤਾਂ ਹਾਕਮ ਨੇ ਸਾਵਧਾਨ ਕੀਤਾ, “ਢੇਕਿਆ ਆਸ਼ਕੀ ਦਿਆ! ਕਿਤੇ ਦੋ ਸੌ ਰੁਪਏ ਦਾ ਸਾਈਕਲ ਨਾ ਖੁਹਾ ਆਈਂ!”
ਲਓ ਜੀ ਚੜ੍ਹ ਗਿਆ ਅਜਮੇਰ ਮਿਰਜ਼ੇ ਵਾਂਗ ਸਾਈਕਲ ਦੀ ਬੱਕੀ ‘ਤੇ। ਜਾਂ ਇਉਂ ਸਮਝ ਲਓ ਰਾਂਝੇ ਵਾਂਗ ਖੇਸੀ ਦੀ ਬੁੱਕਲ ਮਾਰ ਪੈ ਗਿਆ ਝੰਗ-ਸਿਆਲਾਂ ਦੇ ਰਾਹ! ਉਤੋਂ ਸਿਆਲ ਦੀ ਸਾਂ-ਸਾਂ ਕਰਦੀ ਅੱਧੀ ਰਾਤ। ਝੂੰਮ-ਝੂੰਮ ਡਰਾਉਂਦੇ ਨਹਿਰ ਦੇ ਦਿਓਆਂ ਵਰਗੇ ਰੁੱਖ। ਡਰ ਨਾਲ ਧੜਕਦਾ ਕਾਲਜਾ। ਰਾਹ ‘ਚ ਚੋਰਾਂ-ਡਾਕੂਆਂ ਦਾ ਡਰ। ਆਸ਼ਕ ਬਣਿਆ ਅਜਮੇਰ ਐਸੀ ਕਹਾਣੀ ਜੋੜ ਬੈਠਾ ਸੀ ਕਿ ਆਪ ਹੀ ਉਹਦੇ ਜਾਲ ਵਿਚ ਫਸ ਗਿਆ ਸੀ! ਉਹਦਾ ਤੇ ਰਾਂਝੇ ਦਾ ਫਰਕ ਸਿਰਫ ਏਨਾ ਸੀ ਕਿ ਰਾਂਝਾ ਪੈਦਲ ਸੀ ਤੇ ਉਸ ਨੇ ਆਪਣੀ ਜੁੱਤੀ ਆਪਣੇ ਹੱਥ ਵਿਚ ਫੜੀ ਹੋਈ ਸੀ ਜਦ ਕਿ ਅਜਮੇਰ ਦੀ ਜੁੱਤੀ ਉਹਦੇ ਪੈਰਾਂ ਵਿਚ ਸੀ ਤੇ ਹੱਥ ਸਾਈਕਲ ਦੇ ਹੈਂਡਲ ‘ਤੇ ਸਨ। ਵਾਰਿਸ ਸ਼ਾਹ ਨੇ ਲਿਖਿਆ ਸੀ:
ਹੱਥ ਫੜ ਜੁੱਤੀ, ਮੋਢੇ ਮਾਰ ਬੁੱਕਲ,
ਰਾਂਝਾ ਹੋ ਤੁਰਿਆ ਵਾਰਿਸ ਸ਼ਾਹ ਜਿਹਾ।
ਅਜਮੇਰ ਔਲਖ ਬਾਰੇ ਕਿਹਾ ਜਾ ਸਕਦਾ ਸੀ:
ਚੁੱਕ ਸਾਈਕਲ ਖੇਸੀ ਦੀ ਮਾਰ ਬੁੱਕਲ,
ਔਲਖ ਹੋ ਤੁਰਿਆ ਰਾਂਝੇ ਯਾਰ ਜਿਹਾ!
ਰਾਤ ਚਾਨਣੀ ਸੀ। ਚਾਨਣੀ ਰਾਤ ਭਾਵੇਂ ਆਸ਼ਕਾਂ-ਮਾਸ਼ੂਕਾਂ ਤੇ ਚੋਰਾਂ-ਡਾਕੂਆਂ ਦੀ ਦੁਸ਼ਮਣ ਗਿਣੀ ਜਾਂਦੀ ਹੈ, ਪਰ ਅਜਮੇਰ ਦੇ ਸਾਈਕਲ ਨੂੰ ਰਾਹ ਵਿਖਾਉਣ ਵਾਲੀ ਸੀ। ਜਿਵੇਂ-ਜਿਵੇਂ ਦੁਨਾਲੇ ਦੀ ਲੁੱਟਾਂ-ਖੋਹਾਂ ਵਾਲੀ ਸੁੰਨੀ ਥਾਂ ਨੇੜੇ ਆਉਂਦੀ ਜਾਂਦੀ ਸੀ, ਅਜਮੇਰ ਦਾ ਡਰ ਵਧੀ ਜਾਂਦਾ ਸੀ। ਇੱਕ ਸੋਚ ਆਉਂਦੀ ਕਿ ਉਥੋਂ ਈ ਪਿੱਛੇ ਮੁੜ-ਜੇ ਤੇ ਭੀਖੀ ਨਹਿਰੀ ਕੋਠੀ ਦੇ ਪੁਲ ‘ਤੇ ਸਮਾਂ ਗੁਜ਼ਾਰ ਕੇ ਚੁਬਾਰੇ ‘ਚ ਚਲਾ ਜਾਵੇ ਅਤੇ ਆਖੇ ‘ਕਰ ਆਇਆਂ ਦਰਸ਼ਨ ਦੇ ਦਰਸ਼ਨ।’ ਦੂਜੀ ਸੋਚ ਆਉਂਦੀ, ਲੱਖ ਲਾਅਣਤ ਤੇਰੀ ਇਸ ਸੋਚ ਉਤੇ! ਕੁਝ ਵੀ ਹੋਵੇ, ਜਾਣਾ ਚਾਹੀਦੈ ਤੈਨੂੰ। ਕੀ ਪਤਾ ਦਰਸ਼ਨ ਦੇ ਦਿਲ ਵਿਚ ਵੀ ਪਿਆਰ ਦੀ ਘੰਟੀ ਖੜਕ ਗਈ ਹੋਵੇ? ਕਹਿੰਦੇ ਨੇ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਨੇ। ਜੇ ਉਹ ਸੱਚੀਂ ਹੀ ਤੇਰਾ ਇੰਤਜ਼ਾਰ ਕਰ ਰਹੀ ਹੋਵੇ, ਫਿਰ? ਲਓ ਜੀ ‘ਦਰਸ਼ਨ-ਦਰਸ਼ਨ’ ਕਰਦੇ ਨੇ ਦੁਨਾਲਾ ਲੰਘ ਲਿਆ। ਡਰ ਲੱਥ ਗਿਆ। ਆਲੇ-ਦੁਆਲੇ ਨਜ਼ਰ ਘੁੰਮਾਈ ਤਾਂ ਚੰਨ-ਚਾਨਣੀ ਰਾਤ ਸੋਹਣੀ-ਸੋਹਣੀ ਤੇ ਪਿਆਰੀ-ਪਿਆਰੀ ਲੱਗਣ ਲੱਗ ਪਈ। ਨਹਿਰ ਦੇ ਪਾਣੀ ਵਿਚ ਚੰਨ ਦੀਆਂ ਕਿਰਨਾਂ ਕਲੋਲਾਂ ਕਰਦੀਆਂ ਜਾਪੀਆਂ, ਜਿਵੇਂ ਕਹਿੰਦੀਆਂ ਹੋਣ, ਚੱਲ ਅਸੀਂ ਵੀ ਚੱਲਦੀਆਂ ਤੇਰੇ ਨਾਲ। ਵੇਖੀਂ ਕਿਤੇ ਇਸ਼ਕ ਨੂੰ ਲਾਜ ਨਾ ਲੱਗ-ਜੇ! ਅਜਮੇਰ ਨੂੰ ਲਹਿਰਾਂ ‘ਚੋਂ ਦਰਸ਼ਨ ਦਾ ਚੰਨ-ਮੁਖੜਾ ਲਿਸ਼ਕਦਾ ਦਿਸਣ ਲੱਗਾ।
ਉਹ ਪਿੰਡ ਪਹੁੰਚ ਗਿਆ। ਇੱਕ-ਦੋ ਕੁੱਤੇ ਹੌਲੀ ਦੇਣੇ ਭੌਂਕੇ, ਪਰ ਆਪਣੇ ਹੀ ਅਜਮੇਰ ਨੂੰ ਸਿਆਣ ਕੇ ਚੁੱਪ ਕਰ ਗਏ। ਉਹ ਜਾਣਦੇ ਸਨ ਕਿ ਉਹ ਬੀਬਾ ਮੁੰਡਾ ਹੈ। ਉਨ੍ਹਾਂ ਨੂੰ ਕੀ ਪਤਾ ਸੀ ਕਿ ਅੱਜ ਬੀਬਾ ਮੁੰਡਾ ਆਸ਼ਕੀ ਦੀ ਮੰਜ਼ਿਲ ਵੱਲ ਵਧ ਰਿਹੈ! ਅਜਮੇਰ ਭਾਨੋ ਮਾਸੀ ਦੇ ਘਰ ਕੋਲ ਜਾ ਕੇ ਸਾਈਕਲ ਤੋਂ ਉਤਰ ਗਿਆ। ਸਾਈਕਲ ਭਾਨੋ ਮਾਸੀ ਦੇ ਘਰ ਦੀ ਕੰਧ ਨਾਲ ਲਾ ਦਿਤਾ। ਆਪ ਗਲੀ ਦੇ ਵਿਚਕਾਰ ਖੜ੍ਹ ਕੇ ਮੂੰਹ ਸਰਦਾਰਾਂ ਦੀ ਹਵੇਲੀ, ਨਾ ਸੱਚ ਦਰਸ਼ਨ ਦੇ ਟਿਕਾਣੇ ਵੱਲ ਕਰ ਲਿਆ। ਦੋਵੇਂ ਹੱਥ ਬੰਦਨਾ ਵਿਚ ਜੋੜ ਕੇ ਅੱਧ-ਮੀਟੀਆਂ ਅੱਖਾਂ ਨਾਲ, ਦੋ-ਤਿੰਨ ਮਿੰਟ ਉਦਾਂ ਹੀ ਚੁੱਪ-ਚਾਪ ਖੜ੍ਹਾ ਉਧਰ ਵੇਖਦਾ ਰਿਹਾ। ਲੱਗਾ ਜਿਵੇਂ ਦਰਸ਼ਨ ਹਵੇਲੀ ਦੇ ਉਪਰਲੇ ਚੁਬਾਰਿਆਂ ਦੀ ਬਾਰੀ ਖੋਲ੍ਹ ਕੇ ਹੁਣੇ ਆਪਣਾ ਸੁੰਦਰ ਚਿਹਰਾ ਬਾਹਰ ਕੱਢੇਗੀ ਤੇ ਮੁਸਕਰਾਉਂਦੀ ਹੋਈ ਆਖੇਗੀ, “ਸੱਚ-ਮੁੱਚ ਈ ਪਾਗਲ ਐਂ ਤੂੰ ਤਾਂ ਜਮੇਰ!”
ਖਾਸਾ ਚਿਰ ਅਜਮੇਰ ਉਵੇਂ ਦਾ ਉਵੇਂ ਉਥੇ ਖੜ੍ਹਾ ਰਿਹਾ। ਦਰਸ਼ਨ ਨੇ ਆਪਣਾ ਸੁੰਦਰ ਚਿਹਰਾ ਨਾ ਬਾਹਰ ਕੱਢਣਾ ਸੀ, ਨਾ ਕੱਢਿਆ। ਫਿਰ ਵੀ ਅਜਮੇਰ ਇਸ ਅਹਿਸਾਸ ਨਾਲ ਵਾਪਸ ਮੁੜਿਆ, ਜਿਵੇਂ ਉਹ ਸੱਚਮੁੱਚ ਹੀ ਦਰਸ਼ਨ ਨੂੰ ਮਿਲ ਲਿਆ ਹੋਵੇ ਤੇ ਮਿਲਣ ਦਾ ਵਾਅਦਾ ਨਿਭਾ ਦਿੱਤਾ ਹੋਵੇ। ਅਜਿਹਾ ਸੀ, ਸਾਡੇ ਲੋਕ ਨਾਟਕਕਾਰ ਔਲਖ ਦਾ ਚੜ੍ਹਦੀ ਵਰੇਸ ਦਾ ਨਾਟਕੀ ਇਸ਼ਕ!
ਮਿਲਣ ਆਉਣ ਲੱਗਾ ਉਹ ਡਰ ਰਿਹਾ ਸੀ, ਪਰ ‘ਮਿਲਣ’ ਮਗਰੋਂ ਉਹਦਾ ਡਰ ਭਉ ਕਫੂਰ ਹੋ ਚੁਕਾ ਸੀ। ਚੰਨ-ਚਾਨਣੀ ਮਨ ਨੂੰ ਹੋਰ ਵੀ ਖਿੱਚ ਪਾਉਣ ਲੱਗ ਪਈ। ਨਹਿਰ ਦਾ ਪਾਣੀ ਹੋਰ ਵੀ ਲਿਸ਼ਕਣ ਲੱਗ ਪਿਆ। ਵਣ-ਤ੍ਰਿਣ, ਰੁੱਖ-ਬੂਟੇ, ਕਰੀਰ ਤੇ ਮਲ੍ਹਿਆਂ-ਝਾੜੀਆਂ ਵਿਚੋਂ ਮਹਿਕਾਂ ਆਉਣ ਲੱਗ ਪਈਆਂ!
ਦਸਵੀਂ ਕਰ ਕੇ ਅਜਮੇਰ ਤੇ ਹਾਕਮ ਖਾਲਸਾ ਕਾਲਜ, ਅੰਮ੍ਰਿਤਸਰ ਐਗਰੀਕਲਚਰ ਦਾ ਦਾਖਲਾ ਲੈਣ ਗਏ ਤਾਂ ਐਗਰੀਕਲਚਰ ਦਾ ਕੋਰਸ ਨਾ ਮਿਲ ਸਕਿਆ। ਫਿਰ ਉਹ ਆਰਟਸ ਵਿਚ ਦਾਖਲਾ ਲੈ ਕੇ ਐਗਰੀਕਲਚਰ ਦੀਆਂ ਖਾਲੀ ਹੋਣ ਵਾਲੀਆਂ ਸੀਟਾਂ ਦੀ ਉਡੀਕ ਵਿਚ ਕੁਝ ਸਮਾਂ ਖਰਾਬ ਕਰਨ ਮਗਰੋਂ ਪਿੰਡ ਪਰਤ ਆਏ। ਮਹੀਨੇ ਮਗਰੋਂ ਘਰ ਮੁੜੇ ਅਜਮੇਰ ਨੂੰ ਉਹਦੀ ਮਾਂ ਨੇ ਦੱਸਿਆ, “ਜਮੇਰ ਸਿਆਂ ਪੁੱਤਾ, ਭਾਊ ਤਾਂ ਚਲੇ ਗਏ ਆਪਣਾ ਪਿੰਡ ਛੱਡ ਕੇ।”
ਮਾਂ ਨੇ ਕੇਵਲ ‘ਭਾਊਆਂ ਦੇ ਜਾਣ’ ਦੀ ਗੱਲ ਕੀਤੀ, ਬਾਕੀ ਪਰਿਵਾਰਾਂ ਦੀ ਨਹੀਂ।
ਅਜਮੇਰ ਨੇ ਕਿਹਾ, “ਕੱਲੇ ਭਾਊ ਈ ਤਾਂ ਨੀ ਗਏ, ਬਾਕੀ ਵੀ ਤਾਂ ਗਏ ਨੇ।”
ਮਾਂ ਦਾ ਕਹਿਣਾ ਸੀ, “ਬਾਕੀ ਦਿਆਂ ਦਾ ਤਾਂ ਕੀ ਐ। ਮੈਂ ਤਾਂ ਦਰਸ਼ਨ ਕਰ ਕੇ ਕਹਿਨੀਂ ਐਂ। ਜਾਣ ਪਿੱਛੋਂ ਮੈਨੂੰ ਤਾਂ ਬਾਹਲਾ ਈ ਮੋਹ ਆਉਣ ਲੱਗ ਪਿਐ ਚੰਦਰੀ ਦਾ! ਬਾਹਲੀ ਸਿਆਣੀ ਕੁੜੀ ਸੀ, ਜੇ ਕਿਤੇæææ।”
ਮਾਂ ਦੀ ਗੱਲ ਸੁਣ ਕੇ ਬਿਨਾ ਹੁੰਗਾਰਾ ਭਰੇ ਅਜਮੇਰ ਮਾਂ ਕੋਲੋਂ ਉਠਿਆ ਤੇ ਜਿਧਰ ਨਹਿਰ ਦੇ ਪਾਣੀ ਦੀਆਂ ਲਹਿਰਾਂ ‘ਚੋਂ ਚੰਨ-ਚਾਨਣੀ ਵਿਚ ਲਿਸ਼ਕਦਾ ਦਰਸ਼ਨ ਦਾ ਚਿਹਰਾ ਵੇਖਿਆ ਸੀ, ਉਧਰ ਚਲਾ ਗਿਆ।