ਪੰਜਾਬੀਆਂ ਦਾ ਮਾਣ ਸੀ ਅਫਜ਼ਲ ਅਹਿਸਨ ਰੰਧਾਵਾ

ਅਫਜ਼ਲ ਅਹਿਸਨ ਰੰਧਾਵਾ ਸ਼ਾਇਰ ਸੀ, ਅਫਸਾਨਾਨਿਗਾਰ ਤੇ ਨਾਵਲਕਾਰ ਵੀ ਸੀ। ਉਸ ਦੀਆਂ ਲਿਖਤਾਂ ਵਿਚ ਵੰਡ ਤੋਂ ਪਹਿਲਾਂ ਦਾ ਪੰਜਾਬ ਡਲ੍ਹਕਾਂ ਮਾਰਦਾ ਨਜ਼ਰ ਆਉਂਦਾ ਹੈ। ਉਸ ਦੀਆਂ ਲਿਖਤਾਂ ਜਦੋਂ ਗੁਰਮੁਖੀ ਵਿਚ ਛਪੀਆਂ ਤਾਂ ਇਕ ਦਮ ਇਧਰਲੇ ਪੰਜਾਬ ਵਿਚ ਵੀ ਛਾ ਗਈਆਂ। 1937 ਵਿਚ ਜਨਮਿਆ ਅਫਜ਼ਲ ਅਹਿਸਨ ਰੰਧਾਵਾ ਲੰਘੀ 18 ਸਤੰਬਰ ਨੂੰ ਫੌਤ ਪਾ ਗਿਆ। ਹਥਲੇ ਲੇਖ ਵਿਚ ਅਫਸਾਨਾਨਿਗਾਰ ਅਤੇ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਗੁਲਜ਼ਾਰ ਸਿੰਘ ਸੰਧੂ ਨੇ ਮਰਹੂਮ ਰੰਧਾਵਾ ਨਾਲ ਮੁਲਾਕਾਤਾਂ ਦੇ ਕੁਝ ਪੱਤਰੇ ਫਰੋਲੇ ਹਨ।

-ਸੰਪਾਦਕ

ਗੁਲਜ਼ਾਰ ਸਿੰਘ ਸੰਧੂ
ਸਾਲ 1987 ਅੰਤਲੇ ਸਾਹ ਲੈ ਰਿਹਾ ਸੀ। ਨਵੀਂ ਦਿੱਲੀ ਦੇ ਫਿੱਕੀ ਆਡੀਟੋਰੀਅਮ ਵਿਚ ਪੰਜਾਬੀ ਸਾਹਿਤਕਾਰਾਂ ਦਾ ਵੱਡਾ ਸਮਾਗਮ ਸੀ। ਤਿੰਨ ਦਿਨ ਚੱਲਣਾ ਸੀ-29 ਤੋਂ 31 ਦਸੰਬਰ ਤਕ। ਚਲਾਉਣ ਵਾਲੀ ਸੀ ਅਜੀਤ ਕੌਰ। ਉਸ ਨੇ ਇਸ ਜਸ਼ਨ ਨੂੰ ਅੰਤਰਰਾਸ਼ਟਰੀ ਕਹਾਣੀ ਦਰਬਾਰ ਦਾ ਨਾਂ ਦਿੱਤਾ ਹੋਇਆ ਸੀ। ਇਸ ਵਿਚ ਕਹਾਣੀਕਾਰ ਵੀ ਹਾਜ਼ਰ ਸਨ ਤੇ ਪਾਰਖੂ ਵੀ।
ਇਸ ਅੰਤਰਰਾਸ਼ਟਰੀ ਦਰਬਾਰ ਵਿਚ ਦੋ ਬੰਦੇ ਜਿੱਧਰ ਵੀ ਜਾਂਦੇ, ਸਭ ਦੀਆਂ ਨਜ਼ਰਾਂ ਉਨ੍ਹਾਂ ਦੇ ਪਿੱਛੇ-ਪਿੱਛੇ ਤੁਰਦੀਆਂ। ਉਨ੍ਹਾਂ ਵਿਚੋਂ ਇੱਕ ਰਾਜਪੂਤੀ ਮੁੱਛਾਂ ਵਾਲਾ ਸਵਾ ਛੇ ਫੁੱਟ ਲੰਮਾ ਸਲਵਾਰ-ਕਮੀਜ਼ ਵਿਚ ਮਲਬੂਸ ਪੰਜਾਹ ਸਾਲਾ ਗੱਭਰੂ ਸੀ, ਦੂਜੇ ਦੀ ਸਲਵਾਰ-ਕਮੀਜ਼ ਤੇ ਜੈਕੇਟ ਤਾਂ ਉਸ ਦੇ ਕੱਦ ਜਿੰਨੀ ਮਧਰੀ ਸੀ, ਪਰ ਪਗੜੀ ਮੁੱਲਾਂ ਤੇ ਮੁਲਾਣਿਆਂ ਵਾਲੀ, ਆਮ ਨਾਲੋਂ ਦੁੱਗਣੇ ਆਕਾਰ ਦੀ। ਪਗੜੀ ਦਾ ਰੰਗ ਸੂਰਜੀ ਕਿਰਨਾਂ ਦੀ ਭਾਹ ਮਾਰਦਾ ਸੀ। ਪੁੱਛਣ ‘ਤੇ ਪਤਾ ਲੱਗਾ ਕਿ ਪਹਿਲਾਂ ‘ਗੱਭਰੂ’ ਅਫਜ਼ਲ ਅਹਿਸਨ ਰੰਧਾਵਾ ਸੀ। ਦੂਜਾ, ਸਿੱਬਤ-ਉਲ-ਹਸਨ ਜ਼ੈਗਮ। ਉਹ ਦੋਵੇਂ ਮੇਰੇ ਨਾਂ ਤੋਂ ਜਾਣੂ ਸਨ। ਅਫਸਾਨਿਆਂ ਦੇ ਲੇਖਕ ਵਜੋਂ ਨਹੀਂ ਸਗੋਂ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਵਜੋਂ।
5 ਚੋਪੇ ਅਫਜ਼ਲ ਅਹਿਸਨ ਰੰਧਾਵਾ ਪਾਕਿਸਤਾਨੀ ਵਫਦ ਦਾ ਲੀਡਰ ਸੀ। ਉਸ ਦੇ ਦੋ ਨਾਵਲਾਂ ‘ਦੀਵਾ ਤੇ ਦਰਿਆ’ ਅਤੇ ‘ਦੁਆਬਾ’ ਬੜੇ ਮਕਬੂਲ ਹੋ ਚੁੱਕੇ ਸਨ। ਪੰਜਾਬੀ ਦੇ ਪ੍ਰਸਿੱਧ ਆਲੋਚਕ ਤੇ ਮੇਰੇ ਮਿੱਤਰ ਅਤਰ ਸਿੰਘ ਦੇ ਇਹ ਦੋਵੇਂ ਨਾਵਲ ਲੂੰ-ਲੂੰ ਵਿਚ ਰਚੇ ਹੋਏ ਸਨ। ਉਹਦੇ ਲਈ ਇਹ ਕ੍ਰਿਤਾਂ ਦੋਹਾਂ ਪੰਜਾਬਾਂ ਦੀ ਆਨ ਤੇ ਸ਼ਾਨ ਸਨ। ਰਚਨਾਵਾਂ ਦਾ ਗੂੰਦ ਦੋ ਟੁੱਟੇ ਟੁਕੜਿਆਂ ਨੂੰ ਚਿਪਕਾਈ ਬੈਠਾ ਸੀ।
1987 ਤਕ ਮੈਂ ਅਫਜ਼ਲ ਰੰਧਾਵਾ ਦਾ ਕੋਈ ਵੀ ਨਾਵਲ ਨਹੀਂ ਸੀ ਪੜ੍ਹਿਆ। ਉਸ ਦਾ ਇੱਕ ਨਾਵਲ ‘ਪੰਧ’ ਲਾਹੌਰ ਤੋਂ ਛਪਦੇ ਸਾਹਿਤਕ ਰਸਾਲੇ ‘ਲਹਿਰਾਂ’ ਵਿਚ ਲੜੀਵਾਰ ਛਪਦਾ ਰਿਹਾ ਸੀ। ਜ਼ੁਬਾਨ ਤੇ ਬਿਆਨ ਦੀ ਜਾਦੂਗਰੀ ਤੇ ਸਾਦਗੀ ਦੇ ਬਾਵਜੂਦ ਮੈਂ ਇਸ ਦੀਆਂ ਲੜੀਆਂ ਫੜਨ ਦਾ ਸੁਚੇਤ ਯਤਨ ਨਹੀਂ ਸੀ ਕੀਤਾ। ਮੈਂ ਕੇਂਦਰ ਸਰਕਾਰ ਦੇ ਗਰਾਮ ਵਿਕਾਸ ਮੰਤਰਾਲੇ ਵਿਚ ਕੰਮ ਕਰਦਾ ਸਾਂ। ਇਸ ਜ਼ਿੰਮੇਵਾਰੀ ਦਾ ਖਿਲਾਰਾ ਏਨਾ ਸੀ ਕਿ ਪੜ੍ਹਨ-ਪੜ੍ਹਾਉਣ ਦੀ ਦੁਨੀਆਂ ਵੱਲ ਧਿਆਨ ਹੀ ਨਹੀਂ ਸੀ ਜਾਂਦਾ। ਮੇਰੇ ਮਨ ਵਿਚ ਅਫਜ਼ਲ ਅਹਿਸਨ ਰੰਧਾਵਾ ਪ੍ਰਤੀ ਮੋਹ ਦੀ ਭਾਵਨਾ ਤਾਂ ਬਣਦੀ ਰਹੀ, ਪਰ ਇਸ ਮੋਹ ਨੇ ਦਸੰਬਰ 1987 ਤਕ ਮੇਰੇ ਕੋਲੋਂ ਮਾਨਤਾ ਪ੍ਰਾਪਤ ਨਹੀਂ ਸੀ ਕੀਤੀ।
ਅਫਜ਼ਲ ਅਹਿਸਨ ਰੰਧਾਵਾ ਦੇ ਵੱਡੇ-ਵਡੇਰੇ ਸੱਤ-ਅੱਠ ਸੌ ਵਰ੍ਹੇ ਪਹਿਲਾਂ ਬੀਕਾਨੇਰ ਤੋਂ ਨਾਰੋਵਾਲ ਦੇ ਪਿੰਡ ਕਿਆਮਪੁਰ ਜਾ ਵਸੇ ਸਨ। ਉਹ ਬਹੁਤ ਪਹਿਲਾਂ ਮੁਸਲਮਾਨ ਹੋ ਗਏ ਸਨ। ਅਫਜ਼ਲ ਦਾ ਪਿਤਾ 1918 ਵਿਚ ਮੈਟ੍ਰਿਕ ਪਾਸ ਕਰਕੇ ਪੁਲਿਸ ਵਿਚ ਭਰਤੀ ਹੋ ਗਿਆ ਸੀ। ਉਸ ਨੇ ਪੁੱਤਰ ਨੂੰ ਮੁਢਲੀ ਵਿੱਦਿਆ ਸੇਂਟ ਐਂਥਨੀ ਸਕੂਲ ਤੋਂ ਦਿਵਾਈ ਤੇ ਮੈਟ੍ਰਿਕ ਮਿਸ਼ਨ ਸਕੂਲ, ਨਾਰੋਵਾਲ ਤੋਂ। ਬੀæਏæ ਤਕ ਦੀ ਵਿੱਦਿਆ ਮੇਰੇ ਕਾਲਜ ਸਿਆਲਕੋਟ ਤੋਂ ਤੇ ਵਕਾਲਤ ਲਾਅ ਕਾਲਜ, ਲਾਹੌਰ ਤੋਂ। ਛੁੱਟੀਆਂ ਕੱਟਣ ਵੇਲੇ ਪਿੰਡ ਦੀਆਂ ਫੇਰੀਆਂ ਨੇ ਅਫਜ਼ਲ ਨੂੰ ਰਜ਼ਾਈ ਦਾ ਪ੍ਰੇਮੀ ਬਣਾ ਦਿੱਤਾ। ਉਸ ਨੂੰ ਰੰਗਦਾਰ ਚੰਦਾ ਬਹੁਤ ਚੰਗਾ ਲੱਗਦਾ ਸੀ। ਇੰਨਾ ਕਿ ਉਹ ਵੀ ਆਪਣੇ ਸਿਰ ਉਤੇ ਸ਼ੌਕੀਆ ਤੌਰ ‘ਤੇ ਚੰਦਾ-ਨੁਮਾ ਰੰਗਦਾਰ ਅਜਰਕ ਬੰਨ੍ਹੀ ਫਿਰਦਾ। ਅਜਰਕ ਵੀ ਸਿੰਧ ਤੋਂ ਬਣ ਕੇ ਆਉਂਦਾ ਹੈ। ਚਿੱਟੇ ਤੇ ਕਾਲੇ ਫੁੱਲਾਂ ਵਾਲਾ ਲਾਲ ਸੂਹਾ। ਉਸ ਦੀਆਂ ਕਾਲੀਆਂ ਮੁੱਛਾਂ ਤੇ ਗੋਰੇ ਰੰਗ ਉਤੇ ਬੜਾ ਹੀ ਫਬਦਾ ਸੀ।
ਕਹਾਣੀ ਦਰਬਾਰ ਸਮੇਂ ਮੈਂ ਉਹਦੇ ਨਾਲ ਉਸ ਦੇ ਨਾਵਲ ਦੀ ਥਾਂ ਪਾਕਿਸਤਾਨ ਵਿਚ ਪੰਜਾਬੀ ਜ਼ੁਬਾਨ ਦੀ ਪੜ੍ਹਤ ਤੇ ਚੜ੍ਹਤ ਦੀ ਗੱਲ ਕਰਨੀ ਹੀ ਠੀਕ ਸਮਝੀ। ਉਹ ਉਦਾਸ ਹੋ ਗਿਆ। ਉਸ ਨੂੰ ਪਤਾ ਸੀ ਕਿ ਇਧਰਲੇ ਭਾਰਤ ਵਿਚ ਪੰਜਾਬੀ ਪੜ੍ਹਨ ਵਾਲੇ ਡਾਕਟਰੇਟਾਂ ਕਰਕੇ ਅਧਿਆਪਕੀ ਤੇ ਪ੍ਰੋਫੈਸਰੀ ਦੇ ਉਚੇ ਤੇ ਇੱਜਤਦਾਰ ਅਹੁਦਿਆਂ ‘ਤੇ ਕੰਮ ਕਰਦੇ ਹਨ। ਉਸ ਨੂੰ ਅਫਸੋਸ ਸੀ ਕਿ ਪਾਕਿਸਤਾਨ ਦੇ ਆਈਨ (ਵਿਧਾਨ) ਵਿਚ ਸਾਰੀਆਂ ਜ਼ੁਬਾਨਾਂ ਦੀ ਉਨਤੀ ਤੇ ਇਜ਼ਾਫੇ ਦੀ ਧਾਰਾ ਦਰਜ ਹੈ, ਪਰ ਪੰਜਾਬੀ ਵੱਲ ਕਿਸੇ ਦਾ ਕੋਈ ਧਿਆਨ ਨਹੀਂ। ਇਸ ਦੇ ਕਾਰਨ ਸਮਾਜੀ ਵੀ ਸਨ ਤੇ ਸਿਆਸੀ ਵੀ, ਪਰ ਬਹਾਨਾ ਕੌਮੀ ਜ਼ੁਬਾਨ ਦਾ ਬਣਾਇਆ ਜਾਂਦਾ ਸੀ। “ਸਾਡੇ ਲੋਕਾਂ ਨੇ ਬੰਗਲਾਦੇਸ਼ ਦੇ ਪਾਕਿਸਤਾਨ ਨਾਲੋਂ ਟੁੱਟਣ ਤੋਂ ਵੀ ਸਬਕ ਨਹੀਂ ਸਿੱਖਿਆ। ਸਾਡਾ ਉਹ ਹਿੱਸਾ ਉਰਦੂ ਠੋਸੇ ਜਾਣ ਕਾਰਨ ਸਾਥੋਂ ਖੁੱਸਿਆ।” ਉਸ ਦੇ ਬੋਲਾਂ ਵਿਚ ਰੋਹ ਸੀ। ਰੰਧਾਵਾ ਆਪਣੀ ਸਰਕਾਰ ਦਾ ਨਿਧੜਕ ਵਿਰੋਧ ਕਰ ਰਿਹਾ ਸੀ।
ਕੀ ਉਸ ਨੂੰ ਏਨਾ ਨਿਧੜਕ ਹੋਣ ਦੀ ਆਗਿਆ ਹੈ? ਦੇ ਉਤਰ ਵਿਚ ਉਸ ਨੇ ਦੱਸਿਆ ਕਿ ਉਸ ਨੂੰ ਉਸ ਦੀਆਂ ਜਹਾਦੀ ਰੁਚੀਆਂ ਕਾਰਨ ਮਾਰਸ਼ਲ ਲਾਅ ਦੇ ਸੱਤ ਵਰ੍ਹੇ ਇੱਕ ਤਰ੍ਹਾਂ ਦੀ ਕੈਦ ਕੱਟਣੀ ਪਈ, ਪਰ ਇਸ ਕੈਦ ਨੇ ਉਹਦੇ ਕੋਲੋਂ ਰੱਜਵੀਂ ਰਚਨਾ ਕਰਵਾਈ। ਸੱਤ ਕਿਤਾਬਾਂ ਲਿਖੀਆਂ। ਸੱਤ ਦੀਆਂ ਸੱਤ ਹੀ ਮਕਬੂਲ ਹੋਈਆਂ। ਜਦੋਂ ਸ਼ਾਮ ਨੂੰ ਖਾਓ-ਪੀਓ ਪਿੱਛੋਂ ਰੰਧਾਵਾ ਨਾਲ ਮੁਲਾਕਾਤ ਹੋਈ ਤਾਂ ਉਹ ਸਿਆਹਫਾਮ ਕਵੀਆਂ ਦੇ ਅਨੁਵਾਦ ਦਾ ਖਰੜਾ ਚੁੱਕੀ ਫਿਰਦਾ ਸੀ। ਖਰੜੇ ਵਿਚ ਇਕੋਤਰ ਸੌ ਅਫਰੀਕੀ ਨਜ਼ਮਾਂ ਦਾ ਅਨੁਵਾਦ ਸੀ। 19 ਅਫਰੀਕੀ ਮੁਲਕਾਂ ਦੇ 41 ਕਾਲੇ ਸ਼ਾਇਰਾਂ ਦੀਆਂ 82 ਨਜ਼ਮਾਂ ਤੇ ਅਮਰੀਕਾ ਦੇ 11 ਸਿਆਹਫਾਮ ਸ਼ਾਇਰਾਂ ਦੀਆਂ 19 ਨਜ਼ਮਾਂ। ਇਹ ਨਜ਼ਮਾਂ ਬਾਅਦ ਵਿਚ ‘ਕਾਲਾ ਪੈਂਡਾ’ ਨਾਂ ਥੱਲੇ ਛਪੀਆਂ।
ਅਫਜ਼ਲ ਅਹਿਸਨ ਰੰਧਾਵਾ ਨੇ ਸਾਹਿਤ ਦੀ ਹਰ ਵਿਧਾ ਉਤੇ ਹੱਥ ਅਜ਼ਮਾਇਆ। ਉਹ ਕਹਾਣੀ ਲਿਖੇ ਜਾਂ ਨਾਵਲ, ਨਾਟਕ ਜਾਂ ਕਵਿਤਾ- ਸੁੱਚਤਾ ਦਾ ਪੱਲਾ ਨਹੀਂ ਸੀ ਛੱਡਦਾ। ਉਸ ਦੇ ਲਿਖੇ ਨਾਟਕ ਦੇਸ਼ਾਂ-ਵਿਦੇਸ਼ਾਂ ਵਿਚ ਪ੍ਰਵਾਨ ਚੜ੍ਹੇ। ਇਨ੍ਹਾਂ ਨਾਟਕਾਂ ਦਾ ਵਿਸ਼ਾ ਕਿਹੋ ਜਿਹਾ ਹੋਵੇਗਾ, ਇਨ੍ਹਾਂ ਦੇ ਨਾਂਵਾਂ ਤੋਂ ਪਤਾ ਲੱਗ ਜਾਂਦਾ ਹੈ: ‘ਸੱਪ, ਸ਼ੀਂਹ ਤੇ ਫਕੀਰ’, ‘ਲਹੂ ਦੀ ਲੋਅ’, ‘ਸਾਹਵਾਂ ਦੀ ਯਾਰੀ’ ਤੇ ‘ਨੇਜ਼ਾਬਾਜ਼’। ਇਨ੍ਹਾਂ ਦੇ ਪਾਤਰ ਬਾਬੇ, ਬੁੱਢੇ ਤੇ ਪੁੱਤਰ-ਧੀਆਂ ਹੀ ਨਹੀਂ, ਟਰੱਕ ਡਰਾਈਵਰ, ਸਮਗਲਰ, ਹਾਕਮ, ਸਰਾਂ ਦੇ ਮਾਲਕ, ਚੌਧਰੀ, ਚੋਰ, ਬਲੋਚ, ਮੁਨਸਫ, ਲੰਬੜਦਾਰ, ਥਾਣੇਦਾਰ ਤੇ ਸਿਪਾਹੀ-ਉਹ ਸਾਰੇ ਲੋਕ ਹਨ ਜਿਨ੍ਹਾਂ ਨਾਲ ਉਸ ਦਾ ਜੀਵਨ ਤੇ ਵਕਾਲਤ ਦੇ ਧੰਦੇ ਵਿਚ ਵਾਹ ਪਿਆ ਸੀ।
ਮੈਂ ਉਸ ਦੀਆਂ ਮੌਲਿਕ ਕਵਿਤਾਵਾਂ ਦਾ ਰਸ ਵੀ ਮਾਣਿਆ ਹੈ। ਉਸ ਨੇ ਪੰਜਾਬੀ ਦੁਨੀਆਂ ਨੂੰ ‘ਸ਼ੀਸ਼ਾ ਇੱਕ ਲਿਸ਼ਕਾਰੇ ਦੋ’, ‘ਪੰਜਾਬ ਦੀ ਵਾਰ’, ‘ਮਿੱਟੀ ਦੀ ਮਹਿਕ’ ਤੇ ‘ਛੇਵਾਂ ਦਰਿਆ’ ਆਦਿ ਕਈ ਕਾਵਿ-ਸੰਗ੍ਰਿਹ ਦਿੱਤੇ। ਇਨ੍ਹਾਂ ਵਿਚ ਸਾਦਗੀ, ਸੱਜਰਾਪਣ ਤੇ ਖਿਆਲਾਂ ਦੀ ਅਮੀਰੀ ਮਾਣਨ ਵਾਲੀ ਹੈ। ‘ਤੁਰ ਗਈ ਅੰਮਾ’ ਦੇ ਨਾਂ ਲਿਖੀ ਗਜ਼ਲ ਦੇ ਕੁਝ ਸ਼ਿਅਰ ਮੈਨੂੰ ਕਦੇ ਨਹੀਂ ਭੁੱਲਣੇ:
ਹੁਣ ਕਿਸ ਅੱਧੀ ਰਾਤੀ ਰੋਟੀ
ਲੈ-ਲੈ ਮੇਰੇ ਪਿੱਛੇ ਫਿਰਨਾ
ਹੁਣ ਕਿਸ ਸਾਝਰੇ ਦੁੱਧ ਦਾ ਗੜਵਾ
ਆਪ ਪਿਆਲਣ ਆਉਣਾ
ਕਿਸੇ ਨਹੀਂ ਆਉਣਾ ਪੋਲੇ ਪੈਰੀਂ
ਸੁੱਤੇ ਦਾ ਮੂੰਹ ਚੁੰਮਣ
ਕਿਸੇ ਹਨੇਰੇ ਕਮਰੇ ਵਿਚ
ਨਹੀਂ ਦੀਵਾ ਬਾਲਣ ਆਉਣਾ
ਮਾਲਕੀ ਵੀ ਓਨੀ ਏ,
ਫਸਲ ਵੀ ਓਨੀ ਹੁੰਦੀ
ਹੁਣ ਪਿੰਡੋਂ ਨਹੀਂ ਆਟਾ-ਦਾਣਾ,
ਘਿਓ ਤੇ ਬਾਲਣ ਆਉਣਾ
ਸੱਠ ਵਰ੍ਹਿਆਂ ਦਾ ਇਹ
ਉਨੀਂਦਰੇ ਮਾਰਿਆ ਡਰਿਆ ਬਾਲ
ਅੰਮਾ ਇਹਨੂੰ ਸੀਨੇ ਲਾ ਕੇ
ਕਦੋਂ ਸੁਆਲਣ ਆਉਣਾ!
‘ਅਫਜ਼ਲ ਅਹਿਸਨ’ ਗਜ਼ਲ ਛੁਟੇਰੀ
ਮਾਂ ਹੈ ਬਹੁਤ ਵਡੇਰੀ
ਤੇਰਿਆਂ ਸ਼ਿਅਰਾਂ ਵਿਚ ਨਹੀਂ
ਉਹਦਾ ਪੈਰ ਵੀ ਲਾਲਣ ਆਉਣਾ।
ਦਿੱਲੀ ਵਾਲੀ ਮਿਲਣੀ ਵਿਚ ਰੰਧਾਵੇ ਨੇ ਆਪਣੇ ਨਾਵਲ ‘ਦੀਵਾ ਤੇ ਦਰਿਆ’ ਦਾ ਹਵਾਲਾ ਦੇ ਕੇ ਮੇਰੇ ਨਾਲ ਸੰਧੂਆਂ ਤੇ ਰੰਧਾਵਿਆਂ ਦੀ ਆਪੋ ਵਿਚ ਦੀ ਤੰਦਰੁਸਤ ਖਹਿਬਾਜ਼ੀ ਦਾ ਜ਼ਿਕਰ ਵੀ ਕੀਤਾ। ਸ਼ਾਇਦ ਇਸ ਲਈ ਵੀ ਕਿ ਮੈਂ ਅਖਬਾਰੀ ਨੌਕਰੀ ‘ਤੇ ਰਿਹਾ ਹੋਣ ਕਾਰਨ ਉਸ ਨੂੰ ਮੇਰੇ ਉਤੇ ਵਿਸ਼ਵਾਸ ਸੀ ਕਿ ਮੈਂ ਉਸ ਨੂੰ ਪੰਜਾਬ ਜਾਣ ਦਾ ਵੀਜ਼ਾ ਜਾਂ ਪਰਮਿਟ ਦਿਵਾ ਸਕਦਾ ਸਾਂ। ਉਹ ਅੰਮ੍ਰਿਤਸਰ ਜਾਣ ਲਈ ਤਰਲੋਮੱਛੀ ਹੋ ਰਿਹਾ ਸੀ। “ਮੈਨੂੰ ਭਲਮਣਸਾਊ ਨਾਲ ਪੰਜਾਬ ਦਿਖਾ ਦੇ, ਨਹੀਂ ਤਾਂ ਮੈਂ ਮੋਟਰਸਾਈਕਲ ਵਾਲਿਆਂ ਦੇ ਪਿੱਛੇ ਬੈਠ ਕੇ ਜਾ ਵੜਨਾ ਏ,” ਉਸ ਨੇ ਮੈਨੂੰ ਆਪਣੇ ਅੰਦਾਜ਼ ਵਿਚ ਕਿਹਾ ਸੀ। ਉਦੋਂ ਪੰਜਾਬ ਵਿਚ ਅਤਿਵਾਦ ਭਾਰੂ ਸੀ ਤੇ ਉਹ ਅਤਿਵਾਦੀਆਂ ਨੂੰ ਮੋਟਰਸਾਈਕਲ ਵਾਲੇ ਕਹਿੰਦਾ ਸੀ। ਮੈਂ ਉਸ ਨੂੰ ਪੰਜਾਬ ਤਾਂ ਨਹੀਂ ਦਿਖਾ ਸਕਿਆ, ਪਰ ਅਖਬਾਰ ਦੀ ਨੌਕਰੀ ਤੋਂ ਸੁਰਖਰੂ ਹੋਣ ਸਦਕਾ ਮੈਂ ਦਿੱਲੀ ਤੋਂ ਪਰਤ ਕੇ ਰੰਧਾਵਾ ਦਾ ਪਿਛੋਕੜ ਫਰੋਲਣ ਵਿਚ ਸਫਲ ਹੋ ਗਿਆ।
ਉਸ ਨੇ ਇੱਕ ਇੰਟਰਵਿਊ ਵਿਚ ਦੱਸਿਆ ਸੀ ਕਿ ਗੁਰੂ ਨਾਨਕ ਦੇਵ, ਜਿਨ੍ਹਾਂ ਨੂੰ ਰੰਧਾਵਾ ਬਾਬਾ ਨਾਨਕ ਕਹਿੰਦਾ ਸੀ, ਨੂੰ 22-23 ਪੀੜ੍ਹੀਆਂ ਪਹਿਲਾਂ ਅਫਜ਼ਲ ਦੇ ਵੱਡੇ-ਵਡੇਰਿਆਂ ਨੇ ਰਾਇਜ਼ਾ ਖਾਸ ਪਿੰਡ ਦਾ ਵਾਸੀ ਬਣਾਉਣ ਹਿੱਤ ਆਪਣੀ ਬਹੁਤ ਸਾਰੀ ਜ਼ਮੀਨ ਦਾਨ ਕਰ ਦਿੱਤੀ ਸੀ। ਇਸੇ ਪਿੰਡ ਨੂੰ ਕਰਤਾਰਪੁਰ ਕਹਿੰਦੇ ਹਨ। ਇੱਥੇ ਬਾਬੇ ਨਾਨਕ ਨੇ ਆਖਰੀ ਉਮਰੇ ਖੇਤੀ ਵੀ ਕੀਤੀ। ਇਹ ਭੂਮੀ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿਚ ਪੈਂਦੀ ਹੈ। “ਬਾਬੇ ਦਾ ਸਸਕਾਰ ਇੱਥੇ ਹੀ ਕੀਤਾ ਗਿਆ ਸੀ,” ਰੰਧਾਵਾ ਕਹਿ ਰਿਹਾ ਸੀ। ਉਸ ਨੂੰ ਆਪਣੇ ਵਡੇਰਿਆਂ ‘ਤੇ ਮਾਣ ਸੀ। ਅਫਜ਼ਲ ਦੇ ਵਡੇਰੇ ਪਿੰਡ ਪੱਖੋਂ ਤੋਂ ਸਨ। ਸੋ ਅਫਜ਼ਲ ਪਰਿਵਾਰ ਨੂੰ ਵੀ ਪੱਖੋਕੇ ਰੰਧਾਵੇ ਕਹਿ ਕੇ ਚੇਤੇ ਕੀਤਾ ਜਾਂਦਾ ਹੈ।
ਅਫਜ਼ਲ ਅਹਿਸਨ ਰੰਧਾਵਾ ਨੇ ਸਿੱਖ ਰੰਧਾਵਿਆਂ ਨੂੰ ਮੁਸਲਮਾਨੀ ਅੱਖ ਨਾਲ ਦੇਖਿਆ ਹੈ ਜਿਹੜੀ ਉਹਦੇ ਕਹਿਣ ਵਾਂਗ ਸਾਰੇ ਧਰਮਾਂ ਨੂੰ ਇੱਕੋ ਜਿਹੀ ਪਦਵੀ ਦਿੰਦੀ ਹੈ। ਸਿੱਖੀ ਮਾਹੌਲ ਵਾਲੇ ਮੁਸਲਮਾਨ ਪਰਿਵਾਰ ਵਿਚ ਜੰਮੇ ਤੇ ਈਸਾਈ ਸਕੂਲਾਂ ਵਿਚ ਪੜ੍ਹੇ ਰੰਧਾਵੇ ਦੀ ਅਫਜ਼ਲ ਅੱਖ ਹੀ ਸਿੱਖਾਂ ਦੇ ਚਰਿੱਤਰ ਨੂੰ ਏਨੀ ਚੰਗੀ ਤਰ੍ਹਾਂ ਫੜ ਸਕਦੀ ਸੀ। ਇਸ ਵਿਚ ਪਿੱਤਰੀ ਪ੍ਰਣਾਲੀ ਦੇ ਖਰੇ ਗੁਣ ਵੀ ਅੰਕਿਤ ਸਨ ਤੇ ਪੇਂਡੂ ਜੀਵਨ ਦਾ ਸੋਨੇ ਵਰਗਾ ਸੁਭਾਅ ਵੀ। ਲੇਖਕ ਦੀ ਕਲਮ ਤੇ ਦ੍ਰਿਸ਼ਟੀਕੋਣ ਨੇ ਇਨ੍ਹਾਂ ਰਚਨਾਵਾਂ ਨੂੰ ਅਣਖ ਦੀ ਪਾਣ ਚੜ੍ਹਾਉਣ ਵਿਚ ਕੋਈ ਕਸਰ ਨਹੀਂ ਛੱਡੀ। ਉਸ ਦੇ ਨਾਵਲਾਂ ਵਿਚ ਦਿਹਾਤੀ ਈਰਖਾ ਵੀ ਹੈ, ਦੁਸ਼ਮਣੀ ਵੀ, ਘੋੜ-ਦੌੜਾਂ ਤੇ ਘਰ ਦੀਆਂ ਕੱਢੀਆਂ ਸ਼ਰਾਬਾਂ ਵੀ ਤਰੋ-ਤਾਜ਼ਾ ਦੋਸਤੀ ਤੇ ਆਸ਼ਕੀ ਵੀ। ਰੰਧਾਵਾ ਕੁਲ ਦੀ ਮਾਣ-ਮਰਿਆਦਾ ਤੇ ਸੰਧੂਆਂ ਦੀ ਰੂਪੋ ਦਾ ਹੰਕਾਰ ‘ਦੀਵਾ ਤੇ ਦਰਿਆ’ ਨੂੰ ਅਲੌਕਿਕ ਰੰਗ ਪ੍ਰਦਾਨ ਕਰਦੇ ਹਨ।
ਅਫਜ਼ਲ ਰੰਧਾਵਾ ਦਿਹਾਤੀ ਕਦਰਾਂ-ਕੀਮਤਾਂ ਨੂੰ ਸਮਜਿਕ ਤਾਣੇ-ਬਾਣੇ, ਮਾਣ-ਮਰਿਆਦਾ ਤੇ ਅਦਾਲਤੀ ਫੇਰਿਆਂ ਦੀ ਖੇਹ-ਖਰਾਬੀ ਵਿਚ ਗੁੰਦਣਾ ਜਾਣਦਾ ਸੀ, ਥੋੜ੍ਹੀ-ਥੋੜ੍ਹੀ ਧਾਰਮਿਕਤਾ ਤੇ ਰਾਜਨੀਤੀ ਸਮੇਤ। ਉਸ ਦੇ ਪਾਤਰ ਆਪਣੇ ਮਨ ਦੀਆਂ ਭਾਵਨਾਵਾਂ ‘ਤੇ ਫੁੱਲ ਚੜ੍ਹਾਉਂਦੇ ਹੋਏ ਤੈਸ਼ ਵਿਚ ਵੀ ਆਉਂਦੇ ਹਨ, ਬਰਾਦਰੀ ਦੇ ਮਾਣ ਦੀ ਰਾਖੀ ਵੀ ਕਰਦੇ ਹਨ ਤੇ ਰਵਾਇਤੀ ਦੁਸ਼ਮਣੀਆਂ ਵੀ ਪਾਲਦੇ ਹਨ। ‘ਦੀਵਾ ਤੇ ਦਰਿਆ’ ਦੀ ਕਹਾਣੀ ਮਿਰਜ਼ਾ-ਸਾਹਿਬਾਂ ਦੀ ਕਹਾਣੀ ਦਾ ਦੂਜਾ ਪਾਸਾ ਹੈ। ਇੱਥੇ ਸ਼ਮਸ਼ੇਰ ਸਾਹਿਬਾਂ ਦਾ ਰੋਲ ਅਦਾ ਕਰਦਾ ਹੈ ਤੇ ਰੂਪੋ ਮਿਰਜ਼ੇ ਦਾ। ਸਾਹਿਤ ਵਿਚ ਅਜਿਹੇ ਕਿੱਸੇ ਭੇਸ ਬਦਲ ਕੇ ਮੁੜ-ਮੁੜ ਆਉਂਦੇ ਰਹਿੰਦੇ ਹਨ। ਜਦੋਂ ਅਫਜ਼ਲ ਅਹਿਸਨ ਰੰਧਾਵਾ ਮਿਰਜ਼ਾ-ਸਾਹਿਬਾਂ ਦੀ ਪ੍ਰੇਮ ਕਹਾਣੀ ਨੂੰ ਪਰਤਾ ਕੇ ਲਿਖ ਰਿਹਾ ਸੀ ਤਾਂ ਏਧਰਲੇ ਪੰਜਾਬ ਵਿਚ ਬਟਾਲੇ ਵਾਲਾ ਸ਼ਿਵ ਕੁਮਾਰ ਪੂਰਨ ਭਗਤ ਦੇ ਕਿੱਸੇ ਨੂੰ ‘ਲੂਣਾ’ ਦਾ ਰੂਪ ਦੇ ਰਿਹਾ ਸੀ। ਇਹ ਸਬੱਬ ਦੀ ਗੱਲ ਹੈ ਕਿ ਅਫਜ਼ਲ ਦਾ ਪਿੰਡ ਸ਼ਿਵ ਦੇ ਬਟਾਲੇ ਨਾਲੋਂ ਬਹੁਤ ਦੂਰ ਨਹੀਂ ਸੀ। ਓਧਰ ‘ਦੀਵਾ ਤੇ ਦਰਿਆ’ ਨੂੰ ਪਾਕਿਸਤਾਨ ਰਾਈਟਰਜ਼ ਗਿਲਡ ਨੇ 1961 ਦੀ ਬਿਹਤਰੀਨ ਪੁਸਤਕ ਗਰਦਾਨਿਆ ਤੇ ਏਧਰ ਸ਼ਿਵ ਦੀ ‘ਲੂਣਾ’ ਨੂੰ 1966 ਦਾ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।
ਅਫਜ਼ਲ ਰੰਧਾਵਾ ਦੀ ਮਾਨਵੀ ਰਿਸ਼ਤਿਆਂ ਬਾਰੇ ਨਿਵੇਕਲੀ ਪਹੁੰਚ ਤੇ ਪੇਂਡੂ ਹੋਣ ਦੀਆਂ ਖਰੀਆਂ ਕੀਮਤਾਂ ਹੀ ਉਸ ਦੇ ਦੂਜੇ ਨਾਵਲ ‘ਦੁਆਬਾ’ ਦਾ ਧੁਰਾ ਹਨ। ਦੁਆਬਾ ਨਾ ਹੀ ਦੁਆਬਾ ਬਿਸਤ ਜਲੰਧਰ ਹੈ ਅਤੇ ਨਾ ਹੀ ਦੁਆਬਾ ਬਾਰੀ ਤੇ ਚਨਾਬ। ਅਖੰਡ ਪੰਜਾਬ ਵਿਚ ਦੁਆਬੇ ਹੋਰ ਵੀ ਸਨ, ਪਰ ਅਫਜ਼ਲ ਦਾ ਦੁਆਬਾ ਉਹਦੇ ਆਪਣੇ ਪਿੰਡ ਕਿਆਮਪੁਰ ਦੇ ਨੇੜੇ ਦਾ ਇਕ ਪਿੰਡ ਹੈ ਜਿਸ ਨੂੰ ਰੇਲਵੇ ਦਾ ਜੱਸੜ ਸਟੇਸ਼ਨ ਲੱਗਦਾ। ਨਾਵਲ ਵਿਚ ਅੰਕਿਤ ਰਹੁ-ਰੀਤਾਂ ਤੇ ਦੂਜਿਆਂ ਦਾ ਭਾਰ ਵੰਡਾਉਣ ਦੀ ਅਮੀਰ ਮਰਿਆਦਾ ਕਿਸੇ ਇੱਕ ਪਿੰਡ ਦੀ ਨਹੀਂ।
ਕਹਿਣ-ਸੁਣਨ ਨੂੰ ਇਹ ਸਭ ਘਟਨਾਵਾਂ ਆਮ ਜਿਹੀਆਂ ਹਨ। ਪੰਜਾਬ ਦੇ ਪਿੰਡਾਂ ‘ਚ ਇਸ ਤਰ੍ਹਾਂ ਦਾ ਬਹੁਤ ਕੁਝ ਵਾਪਰਦਾ ਆਇਆ ਹੈ। ਲੇਖਕ ਇਸ ਤਰ੍ਹਾਂ ਦੀਆਂ ਘਟਨਾਵਾਂ ‘ਚੋਂ ਲੰਘਦੇ ਭਾਈਚਾਰੇ ਨਾਲ ਕਿਵੇਂ ਨਿੱਬੜਦਾ ਹੈ, ਇਸੇ ਵਿਚ ਉਸ ਦੀ ਵਡਿਆਈ ਹੈ। ਜੇ ਉਸ ਦੀ ਥਾਂ ਅੰਗਰੇਜ਼ੀ ਨਾਵਲਕਾਰ ਟੌਮਸ ਹਾਰਡੀ ਹੁੰਦਾ ਤਾਂ ਉਹ ਇਸ ਨੂੰ ਕੁਦਰਤ ਦੇ ਟਾਕਰੇ ‘ਤੇ ਮਨੁੱਖ ਦੀ ਹੋਣੀ ਦਾ ਨਾਂ ਦੇ ਕੇ ਪੱਲਾ ਝਾੜ ਸਕਦਾ ਸੀ। ਰੰਧਾਵਾ ਇੰਜ ਨਹੀਂ ਕਰਦਾ। ਦਰਅਸਲ, ਉਹ ਉਹੀਓ ਕੁਝ ਕਰਦਾ, ਜੋ ਉਹਦੇ ਕੋਲੋਂ ਉਸ ਦੇ ਪਿਛੋਕੜ ਨੇ ਕਰਵਾਉਣਾ ਸੀ। ਇਸ ਵਿਚ ਉਸ ਦੀ ਮੁਢਲੀ ਤਾਲੀਮ ਦਾ ਵੀ ਹੱਥ ਸੀ ਤੇ ਉਸ ਦੇ ਵਕਾਲਤੀ ਪੇਸ਼ੇ ਦਾ ਵੀ।
ਉਸ ਦੇ ਦੋਵੇਂ ਨਾਵਲ ਪੜ੍ਹਨ ਉਪਰੰਤ ਉਸ ਦੀ ਹੋਰ ਕੋਈ ਧਾਰਨਾ ਪੱਲੇ ਪਵੇ ਜਾਂ ਨਾ, ਪਰ ਅਕਾਲ ਤਖਤ ਪ੍ਰਤੀ ਉਸ ਦਾ ਸਤਿਕਾਰ ਸਮਝ ਆ ਜਾਂਦਾ ਹੈ।
ਅਫਜ਼ਲ ਅਹਿਸਨ ਰੰਧਾਵਾ ਮਹਿੰਦਰ ਸਿੰਘ ਰੰਧਾਵਾ ਦੀ ਪਤਨੀ ਨੂੰ ਤਾਈ ਜੀ ਕਹਿੰਦਾ ਸੀ ਤੇ ਸਵਰਗਵਾਸੀ ਤਾਏ ਦੀਆਂ ਹੁੱਬ-ਹੁੱਬ ਕੇ ਗੱਲਾਂ ਕਰਦਾ ਸੀ। ਉਹ 2004 ਵਿਚ ਮੇਰੇ ਘਰ ਆਇਆ ਤਾਂ ਮੈਂ ਉਸ ਦੀ ਮੱਦਾਹ ਆਪਣੇ ਤੋਂ 14 ਸਾਲ ਛੋਟੀ ਭੈਣ ਨਾਲ ਟੈਲੀਫੋਨ ‘ਤੇ ਗੱਲ ਕਰਵਾਈ। ਉਸ ਦਾ ‘ਭੈਣ ਜੀ-ਭੈਣ ਜੀ’ ਕਹਿ ਕੇ ਮੁਖਾਤਬ ਹੁੰਦਿਆਂ ਮੂੰਹ ਨਹੀਂ ਸੁੱਕਿਆ। ਉਸ ਨੇ ਮਾਨਵੀ ਕਦਰਾਂ-ਕੀਮਤਾਂ ਤੇ ਰਿਸ਼ਤਿਆਂ ਨੂੰ ਜੀਵਨ ਤੇ ਲਿਖਤਾਂ ਵਿਚ ਉਹੀਓ ਕੱਦ-ਕਾਠ ਦਿੱਤਾ ਹੈ ਜੋ ਉਸ ਦਾ ਆਪਣਾ ਹੈ। ਇਨ੍ਹਾਂ ਕਦਰਾਂ-ਕੀਮਤਾਂ ਤੇ ਇਨ੍ਹਾਂ ਪ੍ਰਤੀ ਅਪਨਾਈ ਸੁੱਚੀ ਪਹੁੰਚ ਨੇ ਰੰਧਾਵੇ ਨੂੰ ਬਹੁਤ ਕੁਝ ਦਿੱਤਾ ਹੈ। ਉਸ ਨੂੰ ਆਇਸ਼ਾ ਵਰਗੀ ਚੰਗੀ ਸੀਰਤ ਵਾਲੀ ਬੀਵੀ ਮਿਲੀ। ਪੁੱਤਰ ਵਕੀਲ ਹਨ। ਧੀਆਂ ਚੰਗੇ ਘਰੀਂ ਵਸਦੀਆਂ-ਰਸਦੀਆਂ ਹਨ। ਉਸ ਦੀ ਹਰ ਰਚਨਾ ਦੀ ਦੇਸ਼ਾਂ-ਦੇਸ਼ਾਂਤਰਾਂ ਵਿਚ ਮਹਿਮਾ ਹੋਈ। ਉਸ ਨੂੰ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਸਾਹਿਤ ਸ਼੍ਰੋਮਣੀ ਪੁਰਸਕਾਰ ਤੋਂ ਬਿਨਾ ਪਾਕਿਸਤਾਨ ਦੀਆਂ ਅਦਬੀ ਸੰਸਥਾਵਾਂ ਵੱਲੋਂ ਅਨੇਕਾਂ ਮਾਣ-ਸਨਮਾਨ ਤੇ ਫੈਲੋਸ਼ਿਪਾਂ ਮਿਲੀਆਂ। ਭਾਰਤ ਦੀ ਹਰ ਯੂਨੀਵਰਸਿਟੀ ਵੱਲੋਂ, ਜਿੱਥੇ ਵੀ ਪੰਜਾਬੀ ਭਾਸ਼ਾ ਤੇ ਸਾਹਿਤ ਦਾ ਦਖਲ ਹੈ, ਰੰਧਾਵਾ ਸਾਹਿਤ ਉਤੇ ਐਮæਫਿਲਾਂ ਤੇ ਡਾਕਟਰੇਟਾਂ ਹੋ ਰਹੀਆਂ ਹਨ।
ਅਫਰੀਕਾ, ਬਰਤਾਨੀਆ, ਸਵਿਟਜ਼ਰਲੈਂਡ, ਯੂਗੋਸਲਾਵੀਆ, ਜਰਮਨੀ ਤੇ ਫਰਾਂਸ ਵੱਲੋਂ ਸੱਦੇ ਮਿਲੇ। ਉਹ ਕੌਮੀ ਅਸੈਂਬਲੀ (ਪਾਕਿਸਤਾਨ ਦੀ ਪਾਰਲੀਮੈਂਟ) ਦਾ ਹੀ ਮੈਂਬਰ ਨਹੀਂ ਸਗੋਂ ਪਾਕਿਸਤਾਨ ਦੀ ਨੈਸ਼ਨਲ ਕੌਂਸਲ ਆਫ ਆਰਟਸ, ਮਰਕਜ਼ੀ ਫਿਲਮ ਬੋਰਡ, ਰੇਡੀਓ ਪਾਕਿਸਤਾਨ ਤੇ ਇੰਟਰਨੈਸ਼ਨਲ ਬਾਇਓਗ੍ਰਾਫੀਕਲ ਸੈਂਟਰ ਦਾ ਆਨਰੇਰੀ ਮੈਂਬਰ ਵੀ ਰਿਹਾ। ਅਫਜ਼ਲ ਅਹਿਸਾਨ ਰੰਧਾਵਾ ਨੂੰ ਇਨ੍ਹਾਂ ਪ੍ਰਾਪਤੀਆਂ ਦਾ ਮਾਣ ਸੀ, ਪਰ ਇਸ ਗੱਲ ਦਾ ਦੁੱਖ ਵੀ ਸੀ ਕਿ ਇਨ੍ਹਾਂ ਉਚਤਮ ਅਹੁਦਿਆਂ ‘ਤੇ ਰਹਿਣ ਦੇ ਬਾਵਜੂਦ ਉਹ ਆਪਣੇ ਦੇਸ਼ ਵਿਚ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਵਿਕਾਸ ਲਈ ਬਹੁਤਾ ਕੁਝ ਨਾ ਕਰ ਸਕਿਆ। ਜਦੋਂ ਉਹ ਪਹਿਲੀ ਵਾਰ ਪਾਰਲੀਮੈਂਟ ਮੈਂਬਰ ਬਣਿਆ ਤਾਂ ਉਸ ਨੂੰ ਪਾਕਿਸਤਾਨ ਦਾ ਵਿਧਾਨ ਤਿਆਰ ਕਰਨ ਲਈ ਚੁਣਿਆ ਗਿਆ। ਵਿਧਾਨ ਵਿਚ ਸਾਰੀਆਂ ਖੇਤਰੀ ਜ਼ੁਬਾਨਾਂ ਦੇ ਵਿਕਾਸ ਦੀ ਮੱਦ ਵੀ ਪਾਈ, ਪਰ ਉਸ ਤੋਂ ਪਿੱਛੋਂ ਉਥੋਂ ਦੀ ਸਰਕਾਰ ਨੇ ਪੰਜਾਬੀ ‘ਚ ਐਮæ ਏæ ਦੀ ਪੜ੍ਹਾਈ ਤਾਂ ਸ਼ੁਰੂ ਕਰਵਾ ਦਿੱਤੀ, ਪਰ ਪ੍ਰਾਇਮਰੀ ਤੋਂ ਪੰਜਾਬੀ ਲਾਗੂ ਨਹੀਂ ਕੀਤੀ। ਉਸ ਨੂੰ ਇਸ ਗੱਲ ਦਾ ਦੁੱਖ ਸੀ ਕਿ ਪਾਕਿਸਤਾਨ ਦੇ ਹੋਰ ਸੂਬਿਆਂ ਵਿਚ ਜਿੰਨਾ ਰੁਤਬਾ ਸਿੰਧੀ, ਬਲੋਚੀ ਤੇ ਪਸ਼ਤੋ ਨੂੰ ਪ੍ਰਾਪਤ ਹੈ, ਓਨਾ ਪੰਜਾਬੀ ਨੂੰ ਨਹੀਂ।
ਅਫਜ਼ਲ ਅਹਿਸਨ ਰੰਧਾਵਾ ਨੇ ਆਪਣੇ ਨਾਵਲਾਂ, ਕਹਾਣੀਆਂ ਤੇ ਨਾਟਕਾਂ ਵਿਚ ਪੰਜਾਬ ਦੇ ਵੀਰਾਂ, ਵਰਿਆਮਿਆਂ ਤੇ ਸੂਰਮਿਆਂ ਦੇ ਅਜਿਹੇ ਨਕਸ਼ ਉਲੀਕੇ ਹਨ ਕਿ ਉਨ੍ਹਾਂ ਦੀ ਬਹਾਦਰੀ, ਅਣਖ ਤੇ ਦਰਿਆਦਿਲੀ ਦਾ ਜਾਦੂ ਪੜ੍ਹਨ ਵਾਲਿਆਂ ਦੇ ਸਿਰ ਚੜ੍ਹ ਕੇ ਬੋਲਣ ਲੱਗਦਾ ਹੈ। ਉਸ ਦੀਆਂ ਲਿਖਤਾਂ ਵਿਚ ਉਸ ਦੇ ਇਨ੍ਹਾਂ ਪਾਤਰਾਂ ਦੇ ਅਨੇਕ ਰੂਪ ਮਿਲਦੇ ਹਨ। ਉਹ ਖੁਦ ਹੱਲਾ ਕਰਦੇ ਵੀ ਤੱਕੇ ਜਾ ਸਕਦੇ ਹਨ ਤੇ ਵੈਰੀ ਦਾ ਰਾਹ ਡੱਕ ਕੇ ਖਲੋਤੇ ਵੀ। ਕਈ ਸਥਿਤੀਆਂ ਵਿਚ ਉਨ੍ਹਾਂ ਦਾ ਆਪਣਾ-ਆਪ ਵੀ ਉਨ੍ਹਾਂ ਦੇ ਸਾਹਮਣੇ ਕੰਧ ਬਣ ਕੇ ਆ ਖੜ੍ਹਦਾ ਹੈ। ਇਸ ਪੰਜਾਬ ਨੂੰ ਹੁਣ ਅਸੀਂ ਸਿਰਫ ਅਫਜ਼ਲ ਅਹਿਸਨ ਰੰਧਾਵਾ ਵਰਗੇ ਲੇਖਕਾਂ ਦੀਆਂ ਲਿਖਤਾਂ ਵਿਚ ਹੀ ਵੇਖ ਸਕਦੇ ਹਾਂ।
ਰੰਧਾਵੇ ਨੇ ਜੀਵਨ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਤੇ ਆਪਣੀ ਰਚਨਾਕਾਰੀ ਦੇ ਮੰਤਵ ਨੂੰ ਇੱਕ ਗਜ਼ਲ ਦੇ ਕੁਝ ਸ਼ਿਅਰਾਂ ਵਿਚ ਵੀ ਬੰਨ੍ਹਿਆ ਹੈ:
ਰਾਤਾਂ ਦੇ ਖਡਕਾਰ ਹਨੇਰੇ ਹੀ
ਤਾਂਘਣ, ਭਾਲਣ, ਪਾਲਣ,
ਮੇਰਾ ਕੰਮ ਏ ਬੁਝੇ ਦੀਵੇ
ਪਕੜ ਜਗਾਉਂਦਿਆਂ ਰਹਿਣਾ
ਜਦੋਂ ਤਕ ਸੁੱਤੇ ਲੋਕ
ਨਾ ਜਾਗ ਉਠਣਗੇ ਇਸ ਨਗਰ ਦੇ
ਯਾਰਾਂ ਕਬਰਸਤਾਨ ‘ਚ ਖੜ੍ਹ ਕੇ
ਢੋਲ ਵਜਾਉਂਦਿਆਂ ਰਹਿਣਾ।
ਝੱਖੜ, ਮੀਂਹ, ਹਨੇਰੀ,
ਗਰਮੀ, ਸਰਦੀ ਭਾਰੀ
ਮੈਂ ਬੀਂਡੇ ਤੋਂ ਸਿੱਖਿਆ ਏ
ਹਰ ਹਾਲ ‘ਚ ਗਾਉਂਦਿਆਂ ਰਹਿਣਾ।
ਨਿਸ਼ਚੇ ਹੀ ਅਫਜ਼ਲ ਅਹਿਸਨ ਰੰਧਾਵਾ ਪੰਜਾਬੀਆਂ ਦਾ ਮਾਣ ਸੀ। ਉਸ ਉਤੇ ਮਾਣ ਕਰਨ ਵਾਲਿਆਂ ਵਿਚ ਏਧਰਲੇ ਤੇ ਓਧਰਲੇ ਹੀ ਨਹੀਂ ਸਗੋਂ ਦੁਨੀਆਂ ਭਰ ਦੇ ਪੰਜਾਬੀ ਸ਼ਾਮਲ ਹਨ। ਪਹਿਲੀ ਸਤੰਬਰ 1937 ਨੂੰ ਜਨਮਿਆ ਰੰਧਾਵਾ ਅੱਸੀਵਾਂ ਜਨਮ ਦਿਨ ਮਨਾ ਕੇ ਤੁਰ ਗਿਆ।