ਜਲੰਧਰ (ਗੁਰਵਿੰਦਰ ਸਿੰਘ ਵਿਰਕ): ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਦਿਵਾਉਣ ਲਈ ਸੁਖਬੀਰ ਸਿੰਘ ਬਾਦਲ ਦੀ ਭੂਮਿਕਾ ਬਾਰੇ ਖੁਲਾਸੇ ਕਰਨ ਵਾਲੇ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਦੀਆਂ ਮੁਸ਼ਕਿਲਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਸ਼੍ਰੋਮਣੀ ਕਮੇਟੀ ਨੇ ਅਚਾਨਕ ਸਾਬਕਾ ਜਥੇਦਾਰ ਨੂੰ ਮਕਾਨ ਖਾਲੀ ਕਰਨ ਲਈ ਕਹਿ ਕੇ ਅਗਲੇ ਹੀ ਦਿਨ ਉਨ੍ਹਾਂ ਦਾ ਪਾਣੀ-ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ। ਚੁਫੇਰਿਓਂ ਨੁਕਤਾਚੀਨੀ ਹੋਣ ਕਾਰਨ ਭਾਵੇਂ ਪਾਣੀ-ਬਿਜਲੀ ਬਹਾਲ ਕਰ ਦਿੱਤਾ, ਪਰ ਮਕਾਨ ਖਾਲੀ ਕਰਨ ਬਾਰੇ ਹੁਕਮਾਂ ‘ਤੇ ਸ਼੍ਰੋਮਣੀ ਕਮੇਟੀ ਅੜੀ ਹੋਈ ਹੈ।
ਦੱਸ ਦਈਏ ਕਿ ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਪਰਿਕਰਮਾ ਵਿਚ ਬਣੇ ਕੁਆਰਟਰਾਂ ਵਿਚੋਂ ਇਕ ਕੁਆਰਟਰ ਗਿਆਨੀ ਗੁਰਮੁਖ ਸਿੰਘ ਕੋਲ ਹੈ। ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਗਿਆਨੀ ਗੁਰਮੁਖ ਸਿੰਘ ਨੇ ਸ਼ਰੇਆਮ ਕਹਿ ਦਿੱਤਾ ਸੀ ਕਿ ਡੇਰਾ ਮੁਖੀ ਨੂੰ ਮੁਆਫੀ ਦਾ ਫੈਸਲਾ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਉਤੇ ਆਇਆ ਸੀ ਅਤੇ ਬਾਜ਼ੀ ਪੁੱਠੀ ਪੈਂਦੀ ਵੇਖ ਮੁਆਫੀ ਵਾਪਸ ਲੈਣ ਦਾ ਫੈਸਲਾ ਵੀ ਸਿਆਸੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਦਮਦਮਾ ਸਾਹਿਬ ਦੇ ਜਥੇਦਾਰ ਅਤੇ ਹੈੱਡ ਗ੍ਰੰਥੀ ਸ੍ਰੀ ਅਕਾਲ ਤਖਤ ਦੀਆਂ ਸੇਵਾਵਾਂ ਤੋਂ ਸੁਰਖਰੂ ਕਰ ਕੇ ਹਰਿਆਣਾ ਵਿਚਲੇ ਗੁਰਦੁਆਰਾ ਧਮਤਾਨ ਸਾਹਿਬ ਵਿਖੇ ਬਦਲ ਦਿੱਤਾ ਸੀ, ਪਰ ਉਸ ਦੇ ਪਰਿਵਾਰ ਦੀ ਰਿਹਾਇਸ਼ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਕੰਪਲੈਕਸ ਦੇ ਮਕਾਨ ਵਿਚ ਹੀ ਸੀ। ਮਕਾਨ ਖਾਲੀ ਕਰਨ ਦੇ ਹੁਕਮਾਂ ਤੋਂ ਦੋ ਦਿਨ ਪਹਿਲਾਂ ਗਿਆਨੀ ਗੁਰਮੁਖ ਸਿੰਘ ਨੇ ਸ਼੍ਰੋਮਣੀ ਕਮੇਟੀ ਵੱਲੋਂ ਬਰਖਾਸਤ ਪੰਜ ਪਿਆਰਿਆਂ ਅੱਗੇ ਪੇਸ਼ ਹੋ ਕੇ ਮੁਆਫੀ ਵਾਲੇ ਮਾਮਲੇ ਵਿਚ ਸਿਆਸੀ ਭੂਮਿਕਾ ਦੀ ਗੱਲ ਦੁਹਰਾਈ ਸੀ। ਇਸ ਪਿੱਛੋਂ ਸੁਖਬੀਰ ਸਿੰਘ ਬਾਦਲ ਵੱਲੋਂ ਅੰਮ੍ਰਿਤਸਰ ਵਿਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਗਿਆਨੀ ਗੁਰਮੁਖ ਸਿੰਘ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਇਹੀ ਕਹਿ ਕੇ ਟਾਲ ਦਿੱਤਾ ਕਿ ਗੁਰਮੁਖ ਸਿੰਘ ਬਦਲੀ ਕਰਵਾਉਣ ਲਈ ਉਨ੍ਹਾਂ ਦੇ ਤਰਲੇ ਕੱਢ ਰਿਹਾ ਹੈ। ਸੁਖਬੀਰ ਦੀ ਅੰਮ੍ਰਿਤਸਰ ਫੇਰੀ ਤੋਂ ਬਾਅਦ ਹੀ ਸਾਬਕਾ ਜਥੇਦਾਰ ਦੇ ਪਰਿਵਾਰ ਉਤੇ ਘਰ ਖਾਲੀ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ। ਮਕਾਨ ‘ਚ ਸਾਬਕਾ ਜਥੇਦਾਰ ਦੇ ਬਜ਼ੁਰਗ ਮਾਪੇ, ਪਤਨੀ ਅਤੇ ਬੇਟਾ ਰਹਿ ਰਿਹਾ ਹੈ। ਉਨ੍ਹਾਂ ਦੇ ਪਿਤਾ ਦਿਲ ਦੇ ਮਰੀਜ਼ ਹਨ ਅਤੇ ਬੀਤੇ ਸਾਲ ਸਟੈਂਟ ਪਿਆ ਸੀ। ਮਾਤਾ ਵੀ ਬਿਮਾਰ ਹਨ ਅਤੇ ਬੇਟਾ 12ਵੀਂ ਦਾ ਵਿਦਿਆਰਥੀ ਹੈ।
ਦੱਸਣਯੋਗ ਹੈ ਕਿ ਸਤੰਬਰ 2015 ਨੂੰ ਸ੍ਰੀ ਅਕਾਲ ਤਖਤ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਡੇਰਾ ਸਿਰਸਾ ਮੁਖੀ ਨੂੰ ਪੱਤਰ ਦੇ ਆਧਾਰ ਉਤੇ ਮੁਆਫੀ ਦੇਣ ਦਾ ਫੈਸਲਾ ਕੀਤਾ ਸੀ ਜਿਸ ਦਾ ਸੰਗਤ ਵੱਲੋਂ ਭਾਰੀ ਵਿਰੋਧ ਹੋਣ ਮਗਰੋਂ 16 ਅਕਤੂਬਰ ਨੂੰ ਇਹ ਫੈਸਲਾ ਵਾਪਸ ਲੈ ਲਿਆ ਗਿਆ।
ਇਸ ਫੈਸਲੇ ਸਮੇਂ ਗਿਆਨੀ ਗੁਰਮੁਖ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਪੰਜ ਸਿੰਘ ਸਾਹਿਬਾਨ ਵਿਚ ਸ਼ਾਮਲ ਸਨ। ਮਗਰੋਂ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਡੇਰਾ ਮੁਖੀ ਨੂੰ ਮੁਆਫੀ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਸ ਵੇਲੇ ਦੇ ਉਪ ਮੁੱਖ ਮੰਤਰੀ ਵੱਲੋਂ ਦਬਾਅ ਪਾਇਆ ਗਿਆ ਸੀ। ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਦੇ ਕੁਆਰਟਰ ਦਾ ਬਿਜਲੀ-ਪਾਣੀ ਕੁਨੈਕਸ਼ਨ ਕੱਟਣ ਦੀ ਕਾਰਵਾਈ ਨੂੰ ਸ਼੍ਰੋਮਣੀ ਕਮੇਟੀ ਦਾ ਨਾਦਰਸ਼ਾਹੀ ਫਰਮਾਨ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗਿਆਨੀ ਗੁਰਮੁਖ ਸਿੰਘ ਨੇ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਪਿਛਲੇ ਸੱਚ ਨੂੰ ਉਜਾਗਰ ਕਰ ਕੇ ਕੋਈ ਗੁਨਾਹ ਨਹੀਂ ਕੀਤਾ।