ਸਰਕਾਰੀ ਭਰੋਸੇ ਵੀ ਕਿਸਾਨ ਖੁਦਕੁਸ਼ੀਆਂ ਰੋਕਣ ਵਿਚ ਰਹੇ ਨਾਕਾਮ

ਚੰਡੀਗੜ੍ਹ: ਕੈਪਟਨ ਸਰਕਾਰ ਵੱਲੋਂ ਕਿਸਾਨਾਂ ਦੀ ਕਰਜ਼ ਮੁਆਫੀ ਬਾਰੇ ਕੀਤਾ ਐਲਾਨ ਤੇ ਪੀੜਤ ਪਰਿਵਾਰਾਂ ਨੂੰ ਰਾਹਤ ਦੇਣ ਲਈ ਬਣਾਈ ਸੰਸਦੀ ਕਮੇਟੀ ਵੀ ਕਿਸਾਨ ਖੁਦਕੁਸ਼ੀਆਂ ਰੋਕਣ ਵਿਚ ਨਾਕਾਮ ਸਾਬਤ ਹੋ ਰਹੀ ਹੈ। ਪਿਛਲੇ ਕੁਝ ਸਮੇਂ ਤੋਂ ਰੋਜ਼ਾਨਾ ਔਸਤਨ ਇਕ ਤੋਂ ਤਿੰਨ ਖੇਤ ਮਜ਼ਦੂਰਾਂ ਤੇ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਬਾਰੇ ਖਬਰਾਂ ਆ ਰਹੀਆਂ ਹਨ। ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦਾ ਦਾਅਵਾ ਹੈ ਕਿ ਬੀਤੀ 9 ਅਗਸਤ ਤੋਂ 9 ਸਤੰਬਰ ਤੱਕ ਪੰਜਾਬ ਵਿਚ 47 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ।

ਇਸ ਜਥੇਬੰਦੀ ਨੇ ਇਸ ਤੋਂ ਪਹਿਲਾਂ ਸੂਬੇ ਵਿਚ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ-ਮਜ਼ਦੂਰਾਂ ਦੀ ਗਿਣਤੀ ਵਾਲੀਆਂ ਤਿੰਨ ਸੂਚੀਆਂ ਜਾਰੀ ਕੀਤੀਆਂ ਹਨ ਅਤੇ ਇਹ ਚੌਥੀ ਸੂਚੀ ਹੈ। ਇਸ ਮੁਤਾਬਕ ਖੁਦਕੁਸ਼ੀਆਂ ਦਾ ਗ੍ਰਾਫ ਪਿਛਲੇ ਮਹੀਨਿਆਂ ਦੇ ਮੁਕਾਬਲੇ ਉਪਰ ਵੱਲ ਗਿਆ ਹੈ ਅਤੇ ਜੇ ਸਰਕਾਰ ਨੇ ਕਿਸਾਨੀ ਸਮੱਸਿਆਵਾਂ ਦਾ ਕੋਈ ਹੱਲ ਨਾ ਕੱਢਿਆ ਤਾਂ ਇਹ ਅੰਕੜੇ ਹੋਰ ਵਧਣ ਦਾ ਖਦਸ਼ਾ ਹੈ। ਇਸ ਦਾ ਕਾਰਨ ਸੱਤਾ ਵਿਚ ਆਉਣ ਤੋਂ ਪਹਿਲਾਂ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕਰਨ ਦੇ ਵਾਅਦੇ ਤੋਂ ਫਿਰਨ ਨੂੰ ਦੱਸਿਆ ਜਾ ਰਿਹਾ ਹੈ। ਪੰਜਾਬ ਦੇ ਖੇਤੀਬਾੜੀ ਖੇਤਰ ਵਿਚ ਹੋਈਆਂ ਖੁਦਕੁਸ਼ੀਆਂ ਬਾਰੇ ਕੀਤੇ ਗਏ ਜ਼ਿਆਦਾਤਰ ਸਰਵੇ ਇਹ ਗੱਲ ਸਾਹਮਣੇ ਲਿਆ ਰਹੇ ਹਨ ਕਿ ਇਨ੍ਹਾਂ ਵਿਚੋਂ ਕਰੀਬ 40 ਫੀਸਦੀ ਖੇਤ ਮਜ਼ਦੂਰ ਅਤੇ ਜ਼ਿਆਦਾ ਛੋਟੇ ਕਿਸਾਨ ਹਨ। 2014-15 ਲਈ ਕੀਤੇ ਸਰਵੇ ਤੋਂ ਇਹ ਸਾਹਮਣੇ ਆਇਆ ਹੈ ਕਿ ਪੰਜਾਬ ਵਿਚ ਖੇਤ ਮਜ਼ਦੂਰ ਅਤੇ ਸੀਮਾਂਤ, ਛੋਟੇ, ਅਰਧ-ਦਰਮਿਆਨੇ ਅਤੇ ਦਰਮਿਆਨੇ ਕਿਸਾਨ ਕਰਜ਼ੇ ਅਤੇ ਘੋਰ ਗਰੀਬੀ ਦੇ ਪੁੜਾਂ ਵਿਚ ਪਿਸ ਰਹੇ ਹਨ। ਇਨ੍ਹਾਂ ਵਰਗਾਂ ਦੀ ਆਮਦਨ ਇੰਨੀ ਥੋੜ੍ਹੀ ਹੈ ਕਿ ਇਹ ਆਪਣੀ ਵਰਤਮਾਨ ਆਮਦਨ ਵਿਚੋਂ ਆਪਣੇ ਸਿਰ ਕਰਜ਼ੇ ਉਪਰਾਲਾ ਵਿਆਜ ਮੋੜਨ ਦੀ ਸਥਿਤੀ ਵਿਚ ਨਹੀਂ ਹਨ, ਕਰਜ਼ਾ ਮੋੜਨ ਬਾਰੇ ਤਾਂ ਸੋਚਿਆ ਵੀ ਨਹੀਂ ਜਾ ਸਕਦਾ।
______________________________
ਕਿਸਾਨ ਦੋ ਲੱਖ ਤੋਂ ਵੱਧ ਮੁਆਫੀ ਦੀ ਆਸ ਨਾ ਰੱਖਣ
ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਹੈ ਕਿ ਕਿਸਾਨਾਂ ਦਾ ਦੋ ਲੱਖ ਰੁਪਏ ਤੱਕ ਦਾ ਕਰਜ਼ਾ ਹੀ ਮੁਆਫ ਕੀਤਾ ਜਾਵੇਗਾ ਤੇ ਕਿਸਾਨ ਇਸ ਤੋਂ ਵੱਧ ਆਸ ਨਾ ਰੱਖਣ। ਸ੍ਰੀ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਆਪਣੀ ਹੈਸੀਅਤ ਤੋਂ ਵਧ ਕੇ ਕਿਸਾਨਾਂ ਦਾ ਕਰਜ਼ਾ ਮੁਆਫ ਕਰ ਰਹੀ ਹੈ ਤੇ ਇਸ ਬਾਬਤ ਸਰਕਾਰ ਖੁਦ ਕਰਜ਼ਾ ਲੈ ਰਹੀ ਹੈ, ਇਸ ਲਈ ਕਿਸਾਨ ਹੋਰ ਕਰਜ਼ਾ ਮੁਆਫੀ ਦੀ ਉਮੀਦ ਨਾ ਕਰਨ। ਉਨ੍ਹਾਂ ਕਿਹਾ ਕਿ ਫਸਲੀ ਚੱਕਰ ਬਦਲਣ ਦੇ ਯਤਨ ਵੀ ਕੀਤੇ ਜਾ ਰਹੇ ਹਨ। ਇਸ ਤਹਿਤ ਝੋਨੇ ਹੇਠ ਰਕਬਾ ਘਟਾ ਕੇ ਮੱਕੀ ਤੇ ਹੋਰ ਫਸਲਾਂ ਹੇਠ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ। ਕਿਸਾਨਾਂ ਲਈ ਮੱਕੀ ਦਾ ਘੱਟੋ-ਘੱਟ ਭਾਅ ਤੈਅ ਕਰਨ ਦੀ ਤਿਆਰੀ ਹੈ। ਉਨ੍ਹਾਂ ਕਿਹਾ ਕਿ ਅਗਲੀ ਵਾਰ ਮੁਲਾਜ਼ਮਾਂ ਨੂੰ ਤਨਖਾਹਾਂ ਵੇਲੇ ਸਿਰ ਦੇਣ ਲਈ ਮਾਮਲਾ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਕੋਲ ਉਠਾਇਆ ਗਿਆ ਹੈ। ਇਸ ਵਾਰ ਜੀ.ਐਸ਼ਟੀ. ਪ੍ਰਣਾਲੀ ਕਾਰਨ ਸਾਰੇ ਸੂਬਿਆਂ ਨੂੰ ਤਨਖਾਹਾਂ ਦੀ ਮੁਸ਼ਕਲ ਆਈ ਹੈ।
_____________________________
ਬਾਦਲਾਂ ਨੂੰ ਦਸ ਸਾਲ ਦਿੱਤੇ, ਸਾਨੂੰ 10 ਮਹੀਨੇ ਦਿਓ: ਸਿੱਧੂ
ਚੰਡੀਗੜ੍ਹ: ਕਿਸਾਨਾਂ ਆਗੂਆਂ ਦੀ ਚਿਤਾਵਨੀ ਪਿੱਛੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕਹਿਣਾ ਪਿਆ, “ਬਾਦਲਾਂ ਨੂੰ ਤੁਸੀਂ 10 ਸਾਲ ਦਿੱਤੇ ਸਨ ਤੇ ਸਾਨੂੰ 10 ਮਹੀਨੇ ਤਾਂ ਦਿਉ।” ਕਿਸਾਨ ਉਨ੍ਹਾਂ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੋਏ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਵਿਰੁੱਧ ਕੋਈ ਕਾਰਵਾਈ ਕੀਤੀ ਤਾਂ ਗ੍ਰਿਫਤਾਰੀਆਂ ਦੇਣ ਤੋਂ ਵੀ ਪਿੱਛੇ ਨਹੀਂ ਹਟਾਂਗੇ।
_____________________________
ਕਿਸਾਨਾਂ ਤੇ ਸਰਕਾਰ ਵਿਚਕਾਰ ਟਕਰਾਅ ਦਾ ਖਦਸ਼ਾ
ਚੰਡੀਗੜ੍ਹ: ਕਰਜ਼ ਮੁਆਫੀ ਸਬੰਧੀ ਕਿਸਾਨਾਂ ਤੇ ਪੰਜਾਬ ਸਰਕਾਰ ਵਿਚ ਟਕਰਾਅ ਵਧਣ ਦੇ ਆਸਾਰ ਬਣ ਗਏ ਹਨ। ਵਜ਼ਾਰਤੀ ਸਬ ਕਮੇਟੀ ਅਤੇ ਛੇ ਕਿਸਾਨ ਜਥੇਬੰਦੀਆਂ ਵਿਚਾਲੇ ਬੈਠਕ ਦੌਰਾਨ ਇਸ ਦੇ ਸਪਸ਼ਟ ਸੰਕੇਤ ਮਿਲੇ। ਕਿਸਾਨ ਆਗੂਆਂ ਨੇ ਦੋਵਾਂ ਮੰਤਰੀਆਂ ਨਵਜੋਤ ਸਿੰਘ ਸਿੱਧੂ ਅਤੇ ਮਨਪ੍ਰੀਤ ਬਾਦਲ ਨੂੰ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੋਟਾਂ ਲੈਣੀਆਂ ਸਨ ਤਾਂ ਉਨ੍ਹਾਂ ਕਈ ਵਾਰ ਜਨਤਕ ਤੌਰ ਉਤੇ ਸਾਰੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੇ ਵਾਅਦੇ ਕੀਤੇ ਸਨ ਅਤੇ ਕਿਸਾਨਾਂ ਦੇ ਫਾਰਮ ਵੀ ਭਰਵਾਏ ਸਨ। ਦੋਵੇਂ ਮੰਤਰੀਆਂ ਨੇ ਦੋ ਏਕੜ ਤੋਂ ਲੈ ਕੇ ਪੰਜ ਏਕੜ ਤੱਕ ਦੇ ਕਿਸਾਨਾਂ ਦਾ ਦੋ ਲੱਖ ਤੱਕ ਦਾ ਕਰਜ਼ਾ ਮੁਆਫ ਕਰਨ ਬਾਰੇ ਸਰਕਾਰ ਦੀ ਦਲੀਲ ਪੇਸ਼ ਕੀਤੀ। ਇਸ ‘ਤੇ ਕਿਸਾਨ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਜਾਰੀ ਕੀਤਾ ਸੀ ਅਤੇ ਸੂਬੇ ਦੀ ਆਰਥਿਕ ਸਥਿਤੀ ਦਾ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਤਾਂ ਫਿਰ ਹੁਣ ਕਰਜ਼ਾ ਮੁਆਫੀ ਦੇ ਮੁੱਦੇ ਉਤੇ ਕੈਪਟਨ ਸਰਕਾਰ ਪਿਛਾਂਹ ਕਿਉਂ ਹਟ ਰਹੀ ਹੈ। ਹੋਰ ਆਗੂਆਂ ਨੇ ਕਿਹਾ ਕਿ ਕਰਜ਼ਾ ਮੁਆਫ ਨਾ ਕੀਤੇ ਜਾਣ ਕਾਰਨ ਕਿਸਾਨਾਂ ਵਿਚਾਲੇ ਸਰਕਾਰ ਖਿਲਾਫ ਗੁੱਸਾ ਵਧਦਾ ਜਾ ਰਿਹਾ ਹੈ।
____________________________
ਕਰਜ਼ ਮੁਆਫੀ ਬਾਰੇ ਖੁੱਲ੍ਹੀ ਯੋਗੀ ਸਰਕਾਰ ਦੀ ਪੋਲ
ਲਖਨਾਊ: ਉਤਰ ਪ੍ਰਦੇਸ਼ ਵਿਚ ਭਾਜਪਾ ਦੇ ਸੱਤਾ ਵਿਚ ਆਉਣ ਤੋਂ ਬਾਅਦ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਨੇ ਕਿਸਾਨਾਂ ਦੇ 36,000 ਕਰੋੜ ਰੁਪਏ ਦੇ ਕਰਜ਼ੇ ਮੁਆਫ ਕਰਨ ਦਾ ਐਲਾਨ ਕੀਤਾ ਸੀ ਪਰ ਕਰਜ਼ ਮੁਆਫੀ ਦੇ ਜਿਹੜੇ ਪ੍ਰਮਾਣ ਪੱਤਰ ਕਿਸਾਨਾਂ ਤੱਕ ਪਹੁੰਚ ਰਹੇ ਹਨ, ਉਨ੍ਹਾਂ ਨੂੰ ਦੇਖ ਕੇ ਯੋਗੀ ਸਰਕਾਰ ਦੇ ਇਰਾਦਿਆਂ ਉਤੇ ਸੁਆਲ ਖੜ੍ਹੇ ਹੋ ਗਏ ਹਨ। ਸੁਣ ਕੇ ਬੇਹੱਦ ਹੈਰਾਨੀ ਹੋਵੇਗੀ ਕਿ ਸਰਕਾਰ ਦੇ ਕਰਜ਼ ਮੁਆਫੀ ਤਹਿਤ ਮੇਰਠ ਦੇ ਨਗੀਨਾ ਵਿਚ ਰਹਿਣ ਵਾਲੇ ਕਿਸਾਨ ਬਲਿਆ ਨੂੰ 9 ਪੈਸੇ ਦੀ ਕਰਜ਼ ਮੁਆਫੀ ਹੋਈ ਹੈ। ਕਰਜ਼ ਮੁਆਫੀ ਦਾ ਪ੍ਰਮਾਣ ਪੱਤਰ ਲੈ ਕੇ ਬਲਿਆ ਖੁਦ ਹਾਸੇ ਦਾ ਪਾਤਰ ਬਣ ਗਿਆ ਹੈ। ਇਸ ਘਾਲੇਮਾਲੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਹ ਸਿਰਫ ਇਕੱਲੇ ਨਗੀਨਾ ਦੀ ਕਹਾਣੀ ਨਹੀਂ ਬਲਕਿ ਅਜਿਹੇ ਕਿਸਾਨਾਂ ਦੀ ਲੰਬੀ ਲਿਸਟ ਹੈ। ਮੇਰਠ ਦੇ ਜ਼ਿਲ੍ਹਾ ਖੇਤੀ ਅਧਿਕਾਰੀ ਡਾ. ਅਵੇਧਸ਼ ਮਿਸ਼ਰਾ ਮੁਤਾਬਕ ਬਾਸਟਾ ਦੇ ਰਹਿਣ ਵਾਲੇ ਚਰਨ ਸਿੰਘ ਨੂੰ 84 ਪੈਸੇ ਦੀ ਕਰਜ਼ ਮੁਆਫੀ ਮਿਲੀ ਹੈ। ਆਂਕੂ ਦੇ ਰਾਮਧਨ ਨੂੰ 2 ਰੁਪਏ, ਮੰਡਾਵਰ ਦੇ ਰਹਿਣ ਵਾਲੇ ਹੀਰਾ ਨੂੰ 3 ਰੁਪਏ ਤੇ ਅਫਜਲਗੜ੍ਹ ਦੇ ਰਹਿਣ ਵਾਲੇ ਭਾਗੇਸ਼ ਨੂੰ 6 ਰੁਪਏ ਦੀ ਕਰਜ਼ ਮੁਆਫੀ ਦਿੱਤੀ ਗਈ। ਇਥੇ ਮੇਰਠ ਦੇ ਹੀ ਕਿਸਾਨਾਂ ਦੇ ਨਹੀਂ ਬਲਕਿ ਇਟਾਵਾ ਤੇ ਸ਼ਾਹਜਹਾਂਪੁਰ ਤੋਂ ਵੀ ਅਜਿਹੇ ਹੀ ਮਾਮਲੇ ਸਾਹਮਣੇ ਆ ਰਹੇ ਜਿਥੇ ਕਿਸਾਨਾਂ ਨਾਲ ਭੱਦਾ ਮਜ਼ਾਕ ਕੀਤਾ ਗਿਆ ਹੈ।