ਹਿੰਦ-ਪਾਕਿ ਜੰਗ ਦਾ ਨਾਇਕ ਮਾਰਸ਼ਲ ਅਰਜਨ ਸਿੰਘ ਜਾਹਨੋਂ ਰੁਖਸਤ

ਨਵੀਂ ਦਿੱਲੀ: ਜੰਗੀ ਨਾਇਕ ਮਾਰਸ਼ਲ ਅਰਜਨ ਸਿੰਘ, ਜਿਨ੍ਹਾਂ ਨੇ 1965 ਭਾਰਤ-ਪਾਕਿਸਤਾਨ ਜੰਗ ਦੌਰਾਨ ਭਾਰਤੀ ਹਵਾਈ ਫੌਜ ਦੀ ਅਗਵਾਈ ਕੀਤੀ ਸੀ, ਦਾ ਦੇਹਾਂਤ ਹੋ ਗਿਆ। 98 ਸਾਲਾ ਮਾਰਸ਼ਲ ਅਰਜਨ ਸਿੰਘ ਭਾਰਤੀ ਹਵਾਈ ਫੌਜ ਦਾ ਇਕਲੌਤਾ ਅਫਸਰ ਸੀ, ਜਿਨ੍ਹਾਂ ਨੂੰ 5-ਸਟਾਰ ਰੈਂਕ ਤਕ ਤਰੱਕੀ ਮਿਲੀ ਸੀ। ਇਹ ਥਲ ਸੈਨਾ ਦੇ ਫੀਲਡ ਮਾਰਸ਼ਲ ਦੇ ਬਰਾਬਰ ਹੈ।

ਮੁਲਕ ਦੇ ਫੌਜੀ ਇਤਿਹਾਸ ਦੇ ਧਰੂ-ਤਾਰੇ ਅਰਜਨ ਸਿੰਘ ਨੇ 1965 ਦੀ ਹਿੰਦ-ਪਾਕਿ ਜੰਗ ਸਮੇਂ ਤਜਰਬੇ ਵਿਹੂਣੀ ਭਾਰਤੀ ਹਵਾਈ ਫੌਜ ਦੀ ਅਗਵਾਈ ਕੀਤੀ ਸੀ ਅਤੇ ਉਹ ਮਹਿਜ਼ 44 ਸਾਲਾਂ ਦੇ ਸਨ। ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਬੇਹੱਦ ਅਹਿਮ ਸ਼ਹਿਰ ਅਖ਼ਨੂਰ ਉਤੇ ਅਪਰੇਸ਼ਨ ਗਰੈਂਡ ਸਲੈਮ ਤਹਿਤ ਧਾਵਾ ਬੋਲਿਆ ਤਾਂ ਉਨ੍ਹਾਂ ਨੇ ਹੌਸਲੇ, ਦਲੇਰੀ, ਦ੍ਰਿੜ੍ਹਤਾ ਅਤੇ ਪੇਸ਼ੇਵਰ ਹੁਨਰ ਦਾ ਮੁਜ਼ਾਹਰਾ ਕੀਤਾ। ਲੜਾਕੂ ਪਾਈਲਟ ਅਰਜਨ ਸਿੰਘ ਨੂੰ 1965 ਵਿਚ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ‘ਪਦਮ ਵਿਭੂਸ਼ਨ’ ਪੁਰਸਕਾਰ ਨਾਲ ਸਨਮਾਨਿਆ ਗਿਆ। ਉਹ ਪਹਿਲੀ ਅਗਸਤ, 1964 ਤੋਂ 15 ਜੁਲਾਈ, 1969 ਤੱਕ ਭਾਰਤੀ ਹਵਾਈ ਫੌਜ ਦੇ ਮੁਖੀ ਰਹੇ।
ਲੜਾਕੂ ਜਹਾਜ਼ ਦੇ ਫੁਰਤੀਲੇ ਪਾਈਲਟ ਅਰਜਨ ਸਿੰਘ ਨੂੰ ਆਮ ਫੌਜੀਆਂ ਦੇ ਜਨਰਲ ਵਜੋਂ ਜਾਣਿਆ ਜਾਂਦਾ ਸੀ ਤੇ ਉਹ ਇਕ ਕਾਮਯਾਬ ਕੂਟਨੀਤਕ ਵੀ ਸਨ। ਰਿਸਾਲਦਾਰ-ਮੇਜਰ ਭਗਵਾਨ ਸਿੰਘ ਦੇ ਪੋਤੇ ਅਰਜਨ ਸਿੰਘ ਦਾ ਜਨਮ 15 ਅਪਰੈਲ 1919 ਨੂੰ ਲਾਇਲਪੁਰ (ਹੁਣ ਪਾਕਿਸਤਾਨ ‘ਚ) ਦੇ ਪਿੰਡ ਕੋਹਾਲੀ ਵਿਚ ਪਿਤਾ ਕਿਸ਼ਨ ਸਿੰਘ ਤੇ ਮਾਤਾ ਕਰਤਾਰ ਕੌਰ ਦੇ ਘਰ ਹੋਇਆ। ਪੁੱਤਰ ਦੇ ਜਨਮ ਤੋਂ ਕੁਝ ਸਮਾਂ ਬਾਅਦ ਕਿਸ਼ਨ ਸਿੰਘ ਇੰਜੀਨੀਅਰਿੰਗ ਦੀ ਪੜ੍ਹਾਈ ਲਈ ਐਡਿਨਬ੍ਰਾ ਯੂਨੀਵਰਸਿਟੀ ਚਲੇ ਗਏ ਤੇ ਸਿਲੋਨ ਰੇਲਵੇ ਨਾਲ ਕੰਮ ਸ਼ੁਰੂ ਕਰ ਦਿੱਤਾ। ਅਰਜਨ ਸਿੰਘ ਨੇ ਪਹਿਲਾਂ ਮਿੰਟਗੁਮਰੀ ਦੇ ਸਰਕਾਰੀ ਸਕੂਲ ਤੇ ਬਾਅਦ ਵਿਚ ਲਾਹੌਰ ਦੇ ਸਰਕਾਰੀ ਕਾਲਜ ਵਿਚ ਪੜ੍ਹਾਈ ਕੀਤੀ। ਚੌਥੇ ਸਾਲ ਵਿਚ ਉਹ ਭਾਰਤੀ ਹਵਾਈ ਸੈਨਾ ਲਈ ਚੁਣੇ ਗਏ।
1965 ਦੀ ਜੰਗ ਵਿਚ ਭਾਰਤੀ ਹਵਾਈ ਸੈਨਾ ਵੱਲੋਂ ਨਿਭਾਈ ਗਈ ਭੂਮਿਕਾ ਮਗਰੋਂ ਉਨ੍ਹਾਂ ਦਾ ਅਹੁਦਾ ਚੀਫ ਆਫ ਏਅਰ ਸਟਾਫ ਤੋਂ ਵਧਾ ਕੇ ਏਅਰ ਚੀਫ ਮਾਰਸ਼ਲ ਕਰ ਦਿੱਤਾ ਗਿਆ। ਇਸੇ ਸਾਲ ਉਨ੍ਹਾਂ ਨੂੰ ਪਦਮ ਵਿਭੂਸ਼ਨ ਦਿੱਤਾ ਗਿਆ। ਉਹ 1969 ‘ਚ ਬਤੌਰ ਏਅਰ ਚੀਫ ਮਾਰਸ਼ਲ ਸੇਵਾ ਮੁਕਤ ਹੋ ਗਏ। ਦੋ ਸਾਲ ਬਾਅਦ ਉਹ ਸਵਿਟਜ਼ਰਲੈਂਡ ਤੇ ਵੈਟੀਕਨ ‘ਚ ਭਾਰਤ ਦੇ ਰਾਜਦੂਤ ਨਿਯੁਕਤ ਹੋਏ। ਉਹ ਕੀਨੀਆ ਦੇ ਹਾਈ ਕਮਿਸ਼ਨਰ ਵੀ ਰਹੇ। 1980 ਉਹ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਬਣੇ ਤੇ 1989 ਵਿਚ ਦਿੱਲੀ ਦੇ ਲੈਫਟੀਨੈਂਟ ਗਵਰਨਰ ਵਜੋਂ ਸੇਵਾਵਾਂ ਨਿਭਾਈਆਂ। 2002 ਦੇ ਆਜ਼ਾਦੀ ਦਿਹਾੜੇ ਮੌਕੇ ਉਨ੍ਹਾਂ ਭਾਰਤੀ ਹਵਾਈ ਸੈਨਾ ਦੇ ਮਾਰਸ਼ਲ ਦੇ ਰੈਂਕ ਨਾਲ ਨਿਵਾਜਿਆ ਗਿਆ।
___________________________________
ਕੇਂਦਰੀ ਸਿੱਖ ਅਜਾਇਬ ਘਰ ਵਿਚ ਲੱਗੇਗੀ ਮਾਰਸ਼ਲ ਦੀ ਤਸਵੀਰ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਮਾਰਸ਼ਲ ਅਰਜਨ ਸਿੰਘ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਦੀ ਤਸਵੀਰ ਸ੍ਰੀ ਦਰਬਾਰ ਸਾਹਿਬ ਸਮੂਹ ਅੰਦਰ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਰਸ਼ਲ ਨੇ 1965 ਦੀ ਜੰਗ ‘ਚ ਭਾਰਤੀ ਹਵਾਈ ਫੌਜ ਦੀ ਅਗਵਾਈ ਕਰ ਕੇ ਦੇਸ਼ ਦੀ ਰੱਖਿਆ ‘ਚ ਵਡਮੁੱਲਾ ਯੋਗਦਾਨ ਪਾਇਆ ਸੀ। ਉਨ੍ਹਾਂ ਨੇ ਅਰਜਨ ਸਿੰਘ ਨੂੰ ਸਿੱਖ ਕੌਮ ਦਾ ਮਾਣ ਅਤੇ ਭਾਰਤੀ ਹਵਾਈ ਫੌਜ ਦੀ ਸ਼ਾਨ ਦੱਸਿਆ।