ਮੋਦੀ ਦੀ ਚੋਣ ਬੁਲੇਟ ਟਰੇਨ

ਗਾਂਧੀਨਗਰ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਵੱਲੋਂ ਅਹਿਮਦਾਬਾਦ ਤੋਂ ਮੁੰਬਈ ਵਿਚਾਲੇ ਚੱਲਣ ਵਾਲੀ ਭਾਰਤ ਦੀ ਪਹਿਲੀ ਬੁਲੇਟ ਟ੍ਰੇਨ ਦਾ ਨੀਂਹ ਪੱਥਰ ਰੱਖਣ ਪਿੱਛੋਂ ਇਸ ਬੇਹੱਦ ਮਹਿੰਗੇ ਪ੍ਰੋਜੈਕਟ ਬਾਰੇ ਵੱਡੇ ਸਵਾਲ ਉਠੇ ਰਹੇ ਹਨ। ਮੋਦੀ ਨੂੰ ਬੁਲੇਟ ਟਰੇਨ ਪ੍ਰੋਜੈਕਟ ਲਈ ਵਿਰੋਧੀਆਂ ਤੇ ਹਮਾਇਤੀਆਂ ਦੀ ਮੁਖਾਲਫ਼ਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਇਸ ਨੂੰ ‘ਚੋਣ ਬੁਲੇਟ ਟਰੇਨ’ ਕਰਾਰ ਦਿੱਤਾ। ਭਾਜਪਾ ਦੀ ਭਾਈਵਾਲ ਸ਼ਿਵ ਸੈਨਾ ਨੇ ਆਪਣੇ ਪਰਚੇ ‘ਸਾਮਨਾ’ ਵਿਚ ਸਵਾਲ ਕੀਤਾ ਹੈ ਕਿ ਇਸ ਦੀ ਕੋਈ ਲੋੜ ਹੈ ਤੇ ਇਸ ਨਾਲ ਕਿਹੜੀ ਸਮੱਸਿਆ ਹੱਲ ਹੋਵੇਗੀ।

ਇਸ ਪ੍ਰੋਜੈਕਟ ਉਤੇ 1.1 ਲੱਖ ਕਰੋੜ ਰੁਪਏ ਦਾ ਖਰਚ ਆਉਣਾ ਹੈ। ਗੱਡੀ ਨੇ ਅਹਿਮਦਾਬਾਦ ਤੋਂ ਮੁੰਬਈ ਤੱਕ 508 ਕਿਲੋਮੀਟਰ ਦਾ ਫਾਸਲਾ ਤੈਅ ਕਰਨਾ ਹੈ। ਦੂਜੇ ਪਾਸੇ ਭਾਰਤ ਦੇ ਸਮੁੱਚੇ ਰੇਲ ਨੈੱਟਵਰਕ ਦੀਆਂ ਪਟੜੀਆਂ ਦੇ ਗਾਰਡਰ ਬਦਲਣ ਤੇ ਹੋਰ ਸੁਰੱਖਿਆ ਫੀਚਰਾਂ ਲਈ ਬਜਟ 1.8 ਲੱਖ ਕਰੋੜ ਰੁਪਏ ਬਣਦਾ ਹੈ। ਇਸ ਉਤੇ ਦੇਸ਼ ਦੇ 97.8 ਫੀਸਦੀ ਰੇਲ ਮੁਸਾਫਰਾਂ ਨੇ ਸਫਰ ਕਰਨਾ ਹੈ ਜਦੋਂ ਕਿ ਬੁਲੇਟ ਟਰੇਨ ਉਤੇ 2.2 ਫੀਸਦੀ ਨੇ। ਇਸ ਸਈ ਮੋਦੀ ਦੇ ਇਸ ਪ੍ਰੋਜੈਕਟ ਨੂੰ ਸੁਪਨਸਾਜ਼ੀ ਤੇ ਸ਼ੋਸ਼ੇਬਾਜ਼ੀ ਦੀ ਨਜ਼ਰ ਨਾਲ ਵੇਖਿਆ ਜਾ ਰਿਹਾ ਹੈ।
ਇਹ ਬੁਲੇਟ ਟ੍ਰੇਨ ਮੋਦੀ ਦੇ ਆਪਣੇ ਸੂਬੇ ਗੁਜਰਾਤ ਦੇ ਅਹਿਦਾਬਾਦ ਤੋਂ ਮੁੰਬਈ ਦਰਮਿਆਨ ਚੱਲੇਗੀ। ਇਸ ਟ੍ਰੇਨ ਦੀ ਫੰਡਿੰਗ ਜਾਪਾਨ ਤੋਂ ਲਏ ਜਾਣ ਵਾਲੇ 17 ਬਿਲੀਅਨ ਡਾਲਰ (ਤਕਰੀਬਨ 1088 ਅਰਬ ਰੁਪਏ) ਦੇ ਕਰਜ਼ ਤੋਂ ਹੋਵੇਗੀ। 750 ਸੀਟਾਂ ਵਾਲੀ ਇਸ ਟ੍ਰੇਨ ਦੇ ਅਗਸਤ 2022 ਤੱਕ ਚੱਲਣ ਦੀ ਉਮੀਦ ਹੈ। ਇਸ ਦੀ ਸਪੀਡ 350 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ ਜੋ ਫਿਲਹਾਲ ਭਾਰਤ ਦੀ ਸਭ ਤੋਂ ਤੇਜ਼ ਚੱਲਣ ਵਾਲੀ ਟ੍ਰੇਨ ਤੋਂ ਵੀ ਦੁਗਣੀ ਹੋਵੇਗੀ। ਬੁਲੇਟ ਟ੍ਰੇਨ ਨੇ 468 ਕਿਲੋਮੀਟਰ ਦਾ ਸਫਰ ਐਲੀਵੇਟਿਡ ਟ੍ਰੈਕ ਯਾਨੀ ਜ਼ਮੀਨ ਤੋਂ ਉਪਰ ਬਣੀਆਂ ਲਾਈਨਾਂ ਉਤੇ ਕਰਨਾ ਹੈ। 27 ਕਿਲੋਮੀਟਰ ਦਾ ਸਫਰ ਜ਼ਮੀਨ ਹੇਠਾਂ, ਇਸ ਵਿਚ 7 ਕਿਲੋਮੀਟਰ ਸਮੁੰਦਰ ਦਾ ਸਫਰ ਵੀ ਸ਼ਾਮਲ ਹੈ। ਤਕਰੀਬਨ 13 ਕਿਲੋਮੀਟਰ ਦਾ ਸਫਰ ਬੁਲੇਟ ਟ੍ਰੇਨ ਜ਼ਮੀਨ ‘ਤੇ ਤੈਅ ਕਰੇਗੀ। ਜਾਪਾਨ ਇਸ ਪ੍ਰੋਜੈਕਟ ਵਿਚ ਸਿਰਫ ਤਕਨਾਲੋਜੀ ਹੀ ਨਹੀਂ ਬਲਕਿ ਨਿਵੇਸ਼ ਵੀ ਕਰ ਰਿਹਾ ਹੈ। ਜਾਪਾਨ ਨੇ ਬੁਲੇਟ ਟ੍ਰੇਨ ਚਲਾਉਣ ਲਈ ਭਾਰਤ ਨੂੰ ਕੁੱਲ ਲਾਗਤ ਦਾ 80 ਫੀਸਦੀ ਯਾਨੀ ਕਿ ਤਕਰੀਬਨ 88 ਹਜ਼ਾਰ ਕਰੋੜ ਰੁਪਏ ਕਰਜ਼ ਦੇ ਰੂਪ ਵਿਚ ਦੇ ਰਿਹਾ ਹੈ।
_____________________________
ਆਲੋਚਕਾਂ ਦਾ ਤਰਕ: ਮੌਜੂਦਾ ਸੇਵਾਵਾਂ ‘ਤੇ ਲੱਗੇ ਪੈਸਾ
ਨਵੀਂ ਦਿੱਲੀ: ਆਲੋਚਕਾਂ ਦਾ ਕਹਿਣਾ ਹੈ ਕਿ ਯਾਤਰੀਆਂ ਲਈ ਵਧੀਆ ਇਹੀ ਹੋਵੇਗਾ ਕਿ ਮੌਜੂਦਾ ਰੇਲ ਨੈਟਵਰਕ ਨੂੰ ਸੁਰੱਖਿਅਤ ਬਣਾਉਣ ਲਈ ਪੈਸਾ ਲਾਇਆ ਜਾਵੇ। ਭਾਰਤ ਦੀ ਰੇਲ ਹਰ ਰੋਜ਼ ਤਕਰੀਬਨ ਸਵਾ ਦੋ ਕਰੋੜ ਲੋਕਾਂ ਨੂੰ ਉਨ੍ਹਾਂ ਦੀ ਮੰਜ਼ਲ ‘ਤੇ ਛੱਡਦੀ ਹੈ। ਇਸ ਦੇ ਜ਼ਿਆਦਾਤਰ ਮਸ਼ੀਨਾਂ ਪੁਰਾਣੀਆਂ ਹੋ ਚੁੱਕੀਆਂ ਹਨ, ਇਨ੍ਹਾਂ ਕਾਰਨ ਹੀ ਅਕਸਰ ਹਾਦਸੇ ਹੁੰਦੇ ਹਨ। ਪਟੜੀਆਂ ਦੇ ਗਾਰਡਰ ਬਦਲਣ ਤੇ ਹੋਰ ਸੁਰੱਖਿਆ ਫੀਚਰਾਂ ਲਈ ਬਜਟ 1.8 ਲੱਖ ਕਰੋੜ ਰੁਪਏ ਬਣਦਾ ਹੈ। ਇਸ ਉਤੇ ਦੇਸ਼ ਦੇ 97.8 ਫੀਸਦੀ ਰੇਲ ਮੁਸਾਫਰਾਂ ਨੇ ਸਫਰ ਕਰਨਾ ਹੈ ਜਦੋਂ ਕਿ ਬੁਲੇਟ ਟਰੇਨ ਉਤੇ 2.2 ਫੀਸਦੀ ਲੋਕ ਸਫਰ ਕਰ ਸਕਣਗੇ।
______________________________
ਬੁਲਟ ਟ੍ਰੇਨ ਸਿਰਫ ਮੋਦੀ ਦਾ ਸੁਪਨਾ: ਸ਼ਿਵ ਸੈਨਾ
ਮੁੰਬਈ: ਬੁਲਟ ਟਰੇਨ ਪ੍ਰੋਜੈਕਟ ਦੀ ਆਲੋਚਨਾ ਕਰਦਿਆਂ ਐਨ.ਡੀ.ਏ. ਸਰਕਾਰ ਦੀ ਭਾਈਵਾਲ ਸ਼ਿਵ ਸੈਨਾ ਨੇ ਕਿਹਾ ਕਿ ਇਹ ਪ੍ਰੋਜੈਕਟ ਆਮ ਆਦਮੀ ਦਾ ਸੁਪਨਾ ਨਹੀਂ ਸਗੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪੁੱਛੇ ਬਗੈਰ ਬੁਲਟ ਟਰੇਨ ਮਿਲ ਰਹੀ ਹੈ, ਅਸੀਂ ਨਹੀਂ ਜਾਣਦੇ ਇਸ ਨਾਲ ਕਿਹੜੀ ਸਮੱਸਿਆ ਹੱਲ ਹੋਵੇਗੀ।