ਉਜੜ ਗਿਆਂ ਦਾ ਦੇਸ ਨਾ ਕੋਈ

ਕਾਕਸ ਬਾਜ਼ਾਰ: ਮਿਆਂਮਾਰ ਫੌਜ ਵੱਲੋਂ ਖਦੇੜੇ ਰੋਹਿੰਗਿਆ ਬਾਗੀਆਂ ਲਈ ਹਾਲਾਤ ਬੜੇ ਦਰਦਨਾਕ ਹਨ। ਹਿੰਸਾ ਤੋਂ ਬਚ ਕੇ ਉਹ ਮਿਆਂਮਾਰ ਤੋਂ ਭੱਜਦੇ ਹਨ ਅਤੇ ਜਿਨ੍ਹਾਂ ਗੁਆਂਢੀ ਦੇਸ਼ਾਂ ਵਿਚ ਜਾਂਦੇ ਹਨ, ਉਥੋਂ ਵੀ ਉਨ੍ਹਾਂ ਨੂੰ ਖਦੇੜ ਦਿੱਤਾ ਜਾਂਦਾ ਹੈ। ਘੱਟ ਸਮਰੱਥਾ ਵਾਲੀਆਂ ਕਿਸ਼ਤੀਆਂ ਵਿਚ ਜ਼ਰੂਰਤ ਤੋਂ ਜ਼ਿਆਦਾ ਲੋਕ ਬੈਠ ਜਾਂਦੇ ਹਨ ਅਤੇ ਬੰਗਾਲ ਦੀ ਖਾੜੀ ਵਿਚ ਡੁੱਬ ਜਾਂਦੇ ਹਨ ਅਤੇ ਕਦੇ-ਕਦੇ ਤਾਂ ਡੁਬੋ ਵੀ ਦਿੱਤੇ ਜਾਂਦੇ ਹਨ। ਕੋਈ ਦੇਸ਼ ਉਨ੍ਹਾਂ ਦੀ ਬਾਂਹ ਫੜਨ ਲਈ ਤਿਆਰ ਨਹੀਂ।

ਸੰਯੁਕਤ ਰਾਸ਼ਟਰ ਮੁਤਾਬਕ ਇਸ ਕਾਰਵਾਈ ਵਿਚ 1000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਿਪੋਰਟ ਮੁਤਾਬਕ 6600 ਰੋਹਿੰਗਿਆ ਅਤੇ 201 ਗੈਰ ਮੁਸਲਮਾਨਾਂ ਦੇ ਘਰਾਂ ਨੂੰ ਫੂਕਿਆ ਜਾ ਚੁੱਕਿਆ ਹੈ। ਇਸ ਖੂਨੀ ਕਾਰਵਾਈ ਪਿੱਛੋਂ ਤਕਰੀਬਨ ਤਿੰਨ ਲੱਖ ਰੋਹਿੰਗਿਆ ਮੁਸਲਮਾਨ ਜਾਨ ਬਚਾ ਕੇ ਬੰਗਲਾਦੇਸ਼ ਨੂੰ ਭੱਜ ਗਏ। ਭਗੌੜੇ ਲੋਕਾਂ ਦੀ ਵਾਪਸੀ ਰੋਕਣ ਲਈ ਮਿਆਂਮਾਰ ਸੁਰੱਖਿਆ ਬਲਾਂ ਵੱਲੋਂ ਸਰਹੱਦ ਨੇੜੇ ਬਾਰੂਦੀ ਸੁਰੰਗ ਵਿਛਾਈ ਹੋਈ ਹੈ।
ਰੋਹਿੰਗਿਆ ਮੁਸਲਮਾਨਾਂ ਦੇ ਮਸਲੇ ਨੂੰ ਭਾਰਤ ਵੀ ਸਿਰਦਰਦ ਵਜੋਂ ਵੇਖ ਰਿਹਾ ਹੈ। ਇਥੇ ਵੀ ਤਕਰੀਬਨ 40 ਹਜ਼ਾਰ ਰੋਹਿੰਗਿਆ ਸ਼ਰਨਾਰਥੀ ਰਹਿ ਰਹੇ ਹਨ ਅਤੇ ਉਨ੍ਹਾਂ ਨੂੰ ਇਥੋਂ ਕੱਢੇ ਜਾਣ ਨੂੰ ਲੈ ਕੇ ਰਾਜਨੀਤੀ ਹੋ ਰਹੀ ਹੈ। ਹਿੰਦੂ ਸੰਗਠਨ ਉਨ੍ਹਾਂ ਨੂੰ ਇਥੋਂ ਬਾਹਰ ਕੱਢਣ ਦੀ ਮੰਗ ਕਰ ਰਹੇ ਹਨ, ਤਾਂ ਮੁਸਲਿਮ ਸੰਗਠਨ ਉਨ੍ਹਾਂ ਨੂੰ ਸ਼ਰਨ ਦੇਣ ਦੀ ਦੁਹਾਈ ਦੇ ਰਹੇ ਹਨ। ਮਾਮਲਾ ਅਦਾਲਤ ਤੱਕ ਪਹੁੰਚ ਚੁੱਕਾ ਹੈ ਅਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਵੀ ਇਸ ਮਾਮਲੇ ਵਿਚ ਦਖਲ ਦੇ ਚੁੱਕਾ ਹੈ। ਕਿਹਾ ਜਾ ਰਿਹਾ ਹੈ ਕਿ ਸੰਯੁਕਤ ਰਾਸ਼ਟਰ ਸੰਘ ਦੇ ਨਿਯਮਾਂ ਤਹਿਤ ਭਾਰਤ ਉਨ੍ਹਾਂ ਸ਼ਰਨਾਰਥੀਆਂ ਨੂੰ ਇਥੋਂ ਜ਼ਬਰਦਸਤੀ ਮਰਨ ਲਈ ਬਾਹਰ ਨਹੀਂ ਭੇਜ ਸਕਦਾ।
ਰੋਹਿੰਗਿਆ ਮੁਸਲਮਾਨਾਂ ਨੂੰ ਨਾ ਤਾਂ ਮਿਆਂਮਾਰ ਸਰਕਾਰ ਤੇ ਨਾ ਹੀ ਬੰਗਲਾਦੇਸ਼ ਸਰਕਾਰ ਆਪਣੇ ਨਾਗਰਿਕ ਮੰਨਦੀ ਹੈ। ਰਖੀਨ ਸੂਬੇ ਵਿਚ ਦਸ ਲੱਖ ਤੋਂ ਵੱਧ ਰੋਹਿੰਗਿਆ ਰਹਿੰਦੇ ਹਨ। ਕਿਉਂਕਿ ਇਸ ਸੂਬੇ ਦੀ ਸਰਹੱਦ ਬੰਗਲਾਦੇਸ਼ ਨਾਲ ਲੱਗਦੀ ਹੈ, ਇਸੇ ਕਰ ਕੇ ਮਿਆਂਮਾਰ ਸਰਕਾਰ ਇਨ੍ਹਾਂ ਨੂੰ ਧਰਤੀ ਪੁੱਤਰ ਨਾ ਮੰਨ ਕੇ ਵਿਦੇਸ਼ੀ ਨਾਗਰਿਕ ਦੱਸਦੀ ਆਈ ਹੈ। ਉਨ੍ਹਾਂ ਨੂੰ ਮਿਆਂਮਾਰੀ ਨਾਗਰਿਕਾਂ ਵਾਲੀਆਂ ਸਹੂਲਤਾਂ ਤੋਂ ਮਹਿਰੂਮ ਰੱਖਿਆ ਜਾ ਰਿਹਾ ਹੈ। ਦਰਅਸਲ, 2014 ਵਿਚ ਹੋਈ ਜਨਗਣਨਾ ਵਿਚ ਮਿਆਂਮਾਰ ਸਰਕਾਰ ਨੇ ਰੋਹਿੰਗਿਆ ਭਾਈਚਾਰੇ ਨੂੰ ਇਸ ਆਧਾਰ ‘ਤੇ ਸ਼ਾਮਲ ਨਹੀਂ ਸੀ ਕੀਤਾ ਕਿ ਉਹ ਮਿਆਂਮਾਰੀ ਨਹੀਂ, ਬਲਕਿ ਬੰਗਾਲੀ ਹਨ। ਇਸ ਸਾਲ 25 ਅਗਸਤ ਨੂੰ ਮਿਆਂਮਾਰੀ ਫੌਜ ‘ਤੇ ਹੋਏ ਅਤਿਵਾਦੀ ਹਮਲੇ ਮਗਰੋਂ ਰੋਹਿੰਗਿਆ ਭਾਈਚਾਰੇ ਉਤੇ ਸਰਕਾਰੀ ਤਸ਼ੱਦਦ ਦੇ ਰੂਪ ਵਿਚ ਜੋ ਕਹਿਰ ਢਾਹਿਆ ਗਿਆ, ਉਸ ਕਾਰਨ ਤਿੰਨ ਲੱਖ ਦੇ ਕਰੀਬ ਲੋਕਾਂ ਨੇ ਘਰ ਘਾਟ ਛੱਡ ਕੇ ਬੰਗਲਾਦੇਸ਼ ਵਿਚ ਸ਼ਰਨਾਰਥੀਆਂ ਵਜੋਂ ਪਨਾਹ ਲੈ ਲਈ ਹੈ। ਦੱਸਣਯੋਗ ਹੈ ਕਿ ਬੋਧੀਆਂ ਦੀ ਬਹੁਗਿਣਤੀ ਵਾਲੇ ਦੇਸ਼ ਮਿਆਂਮਾਰ ਵਿਚ ਮੁਸਲਿਮ ਰੋਹਿੰਗਿਆ ਭਾਈਚਾਰੇ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ ਅਤੇ ਉਨ੍ਹਾਂ ਉਤੇ ‘ਬੰਗਾਲੀਆਂ’ ਜਾਂ ਬੰਗਲਾਦੇਸ਼ ਦੇ ਗੈਰਕਾਨੂੰਨੀ ਪਰਵਾਸੀਆਂ ਦਾ ਠੱਪਾ ਲਾਇਆ ਜਾਂਦਾ ਹੈ।
________________________________
ਕੌਣ ਹਨ ਰੋਹਿੰਗਿਆ ਸ਼ਰਨਾਰਥੀ?
ਰੋਹਿੰਗਿਆ ਮਿਆਂਮਾਰ ਦੇ ਰਖਾਇਨ ਸੂਬੇ ਦੇ ਪੱਛਮੀ ਹਿੱਸੇ ਵਿਚ ਰਹਿੰਦੇ ਹਨ। ਉਹ ਬੰਗਾਲੀ ਭਾਸ਼ਾ ਬੋਲਦੇ ਹਨ। ਉਨ੍ਹਾਂ ਦੀ ਕੁੱਲ ਆਬਾਦੀ 20 ਲੱਖ ਹੈ, ਜਿਨ੍ਹਾਂ ਵਿਚੋਂ 10 ਲੱਖ ਤਾਂ ਦੂਜੇ ਦੇਸ਼ਾਂ ਵਿਚ ਸ਼ਰਨਾਰਥੀ ਬਣ ਕੇ ਰਹਿ ਰਹੇ ਹਨ। ਇਕੱਲੇ ਬੰਗਲਾਦੇਸ਼ ਵਿਚ 5 ਲੱਖ ਰੋਹਿੰਗਿਆ ਸ਼ਰਨਾਰਥੀ ਰਹਿੰਦੇ ਹਨ। ਉਨ੍ਹਾਂ ਵਿਚ 95 ਫੀਸਦੀ ਲੋਕ ਮੁਸਲਮਾਨ ਹਨ ਅਤੇ ਬਾਕੀ 5 ਫੀਸਦੀ ਹਿੰਦੂ ਹਨ। ਉਹ ਆਪਣੇ-ਆਪ ਨੂੰ ਰੋਹਿੰਗਿਆ ਕਹਿੰਦੇ ਹਨ ਅਤੇ ਮਿਆਂਮਾਰ ਦੇ ਨਾਗਰਿਕ ਦੱਸਦੇ ਹਨ ਪਰ ਮਿਆਂਮਾਰ ਦੇ 1982 ਦੇ ਸੰਵਿਧਾਨ ਨੇ ਉਨ੍ਹਾਂ ਨੂੰ ਨਾਗਰਿਕ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਮਿਆਂਮਾਰ ਦੀ ਸਰਕਾਰ ਉਨ੍ਹਾਂ ਨੂੰ ਬੰਗਲਾਦੇਸ਼ੀ ਸ਼ਰਨਾਰਥੀ ਮੰਨਦੀ ਹੈ ਪਰ ਬੰਗਲਾਦੇਸ਼ ਉਨ੍ਹਾਂ ਨੂੰ ਬੰਗਲਾਦੇਸ਼ੀ ਮੰਨਣ ਤੋਂ ਇਨਕਾਰ ਕਰ ਰਿਹਾ ਹੈ, ਭਾਵ ਰੋਹਿੰਗਿਆ ਦੀ ਹਾਲਤ ਅੱਜ ਦੇਸ਼-ਰਹਿਤ ਇਨਸਾਨਾਂ ਵਾਲੀ ਹੋ ਗਈ ਹੈ, ਜਿਨ੍ਹਾਂ ਨੂੰ ਆਪਣਾ ਮੰਨਣ ਨੂੰ ਕੋਈ ਦੇਸ਼ ਤਿਆਰ ਨਹੀਂ ਹੈ।