ਗੌਰੀ ਲੰਕੇਸ਼ ਹੱਤਿਆ: ਹਵਾ ਵਿਚ ਤੀਰ ਮਾਰ ਰਹੀਆਂ ਨੇ ਜਾਂਚ ਏਜੰਸੀਆਂ

ਬੰਗਲੌਰ: ਪੱਤਰਕਾਰ ਗੌਰੀ ਲੰਕੇਸ਼ ਦੇ ਕਾਤਲਾਂ ਦੀ ਸੂਹ ਲਾਉਣ ਵਿਚ ਵਿਸ਼ੇਸ਼ ਜਾਂਚ ਟੀਮ ਅਜੇ ਵੀ ਹਵਾ ਵਿਚ ਤੀਰ ਮਾਰ ਰਹੀ ਹੈ। ਜਾਂਚ ਏਜੰਸੀਆਂ ਨੂੰ ਗੌਰੀ ਦੇ ਕਤਲ ਵੇਲੇ ਦੀ ਸੀ.ਸੀ.ਟੀ.ਵੀ. ਫੁਟੇਜ਼ ਵੀ ਸੂਹ ਨਹੀਂ ਦੇ ਸਕੀ। ਯਾਦ ਰਹੇ ਕਿ ਹਿੰਦੂਵਾਦੀ ਸਿਆਸਤ ਦਾ ਸਖਤ ਵਿਰੋਧ ਕਰਨ ਵਾਲੀ ਬੀਬੀ ਲੰਕੇਸ਼ ਦੀ ਬੀਤੀ ਪੰਜ ਸਤੰਬਰ ਨੂੰ ਉਨ੍ਹਾਂ ਦੀ ਰਿਹਾਇਸ਼ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਕਰਨਾਟਕ ਸਰਕਾਰ ਨੇ ਮਾਮਲੇ ਦੀ ਜਾਂਚ ਲਈ ਆਈ.ਜੀ.ਪੀ. (ਇੰਟੈਲੀਜੈਂਸ) ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ (ਸਿੱਟ) ਕਾਇਮ ਕੀਤੀ ਸੀ। ਯਾਦ ਰਹੇ ਕਿ ਕਤਲ ਦੇ ਅਗਲੇ ਹੀ ਦਿਨ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਸਿੱਟ ਨੂੰ ਕੁਝ ਸੁਰਾਗ ਮਿਲੇ ਹਨ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਇਹ ਸਿਰਫ ਅਫਵਾਹ ਸੀ। ਸਰਕਾਰ ਨੇ ਕਾਤਲਾਂ ਬਾਰੇ ਸੂਹ ਦੇਣ ਵਾਲੇ ਲਈ 10 ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਸੀ। ਮੁਢਲੇ ਤੌਰ ‘ਤੇ ਇਸ ਕਤਲ ਪਿੱਛੇ ਹਿੰਦੂਵਾਦੀ ਕੱਟੜਪੰਥੀਆਂ ਦਾ ਹੱਥ ਸਮਝਿਆ ਜਾ ਰਿਹਾ ਹੈ ਤੇ ਦਾਅਵਾ ਕੀਤਾ ਗਿਆ ਸੀ ਕਿ ਇਹ ਹੱਤਿਆ ਉਸੇ ਢੰਗ ਨਾਲ ਕੀਤੀ ਗਈ ਜਿਸ ਤਰ੍ਹਾਂ ਮਹਾਰਾਸ਼ਟਰ ਵਿਚ ਡਾ. ਨਰੇਂਦਰ ਦਾਭੋਲਕਰ, ਗੋਵਿੰਦ ਪਨਸਰੇ ਤੇ ਕਰਨਾਟਕਾ ਵਿਚ ਡਾ. ਕਲਬੁਰਗੀ ਨੂੰ ਨਿਸ਼ਾਨਾ ਬਣਾਇਆ ਗਿਆ। ਗੌਰੀ ਲੰਕੇਸ਼ ਵਾਂਗ ਇਹ ਤਿੰਨੇ ਵੀ ਅਸਹਿਣਸ਼ੀਲਤਾ ਦੇ ਕੱਟੜ ਵਿਰੋਧੀ ਸਨ।
ਚਾਰ ਸਾਲਾਂ ਵਿਚ ਇਹ ਇਸ ਤਰ੍ਹਾਂ ਦੀ ਚੌਥੀ ਹੱਤਿਆ ਹੈ। ਇਨ੍ਹਾਂ ਹੱਤਿਆਵਾਂ ਦੀ ਜਾਂਚ ਇੰਨੀ ਮੱਠੀ ਹੈ ਕਿ ਅਜੇ ਤੱਕ ਪੁੱਛਗਿੱਛ, ਸੀ.ਸੀ.ਟੀ.ਵੀ. ਫੁਟੇਜ਼ ਤੇ ਗੋਲੀਆਂ ਦੀ ਫੁਰੈਂਸਿਕ ਜਾਂਚ ਹੀ ਚੱਲ ਰਹੀ ਹੈ।
ਪਿਛਲੇ ਇਕ ਸਾਲ ਤੋਂ ਸੀ.ਬੀ.ਆਈ. ਅਦਾਲਤ ਤੋਂ ਵਾਰ-ਵਾਰ ਸਮਾਂ ਮੰਗ ਰਹੀ ਹੈ। ਕਲਬੁਰਗੀ ਮਾਮਲੇ ਵਿਚ ਗ੍ਰਿਫਤਾਰੀ ਤਾਂ ਦੂਰ ਦੀ ਗੱਲ ਅਜੇ ਤੱਕ ਕੋਈ ਸੁਰਾਗ ਹੱਥ ਨਹੀਂ ਲੱਗਾ। ਹੁਣ ਗੌਰੀ ਦੀ ਹੱਤਿਆ ਨੂੰ ਵੀ ਇਸੇ ਲੜੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਪਰ ਇਨ੍ਹਾਂ ਚਾਰਾਂ ਕੇਸਾਂ ਦੀ ਜਾਂਚ ਕਿਸੇ ਇਕ ਏਜੰਸੀ ਤੋਂ ਕਰਵਾਉਣ ਦੀ ਗੱਲ ਨਹੀਂ ਹੋ ਰਹੀ। ਦਾਭੋਲਕਰ ਤੇ ਪਨਸਾਰੇ ਮਾਮਲੇ ਦੀ ਜਾਂਚ ਸੀ.ਬੀ.ਆਈ. ਕਰ ਰਹੀ ਹੈ। ਕਲਬੁਰਗੀ ਮਾਮਲੇ ਦੀ ਜਾਂਚ ਸੀ.ਆਈ.ਡੀ. ਕੋਲ ਹੈ ਤੇ ਗੌਰੀ ਲੰਕੇਸ਼ ਦੀ ਜਾਂਚ ਲਈ ਸਰਕਾਰ ਨੇ 19 ਮੈਂਬਰੀ ਐਸ਼ਆਈ.ਟੀ. (ਸਿੱਟ) ਬਣਾ ਦਿੱਤੀ ਹੈ। ਕਲਬੁਰਗੀ ਹੱਤਿਆ ਜਾਂਚ ਦਾ ਜਿੰਮਾ ਕਰਨਾਟਕ ਸੀ.ਆਈ.ਡੀ. ਦੇ ਐਸ਼ਪੀ. ਦੇ ਹੱਥਾਂ ਵਿਚ ਹੈ, ਪਰ ਸਰਕਾਰੀ ਦਖਲ ਕਰ ਕੇ ਜਾਂਚ ਟੀਮ ਹਨੇਰੇ ਵਿਚ ਹੀ ਟੱਕਰਾਂ ਮਾਰ ਰਹੀ ਹੈ।
_______________________________________
ਗੌਰੀ ਨੇ ਤਾਂ ਮੋਦੀ ਦੀ ਵੀ ਕੀਤੀ ਸੀ ਆਲੋਚਨਾ: ਸੰਪਤ
ਮੁੰਬਈ: ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਲੇਖਕ ਵਿਕਰਮ ਸੰਪਤ ਦੇ ਬਿਆਨ ਦਰਜ ਕੀਤੇ ਹਨ। ਸੰਪਤ ਵੱਲੋਂ ਲੇਖਕਾਂ ਦੀ 2015 ਦੀ ਐਵਾਰਡ ਵਾਪਸੀ ਮੁਹਿੰਮ ਦਾ ਵਿਰੋਧ ਕੀਤਾ ਗਿਆ ਸੀ, ਜਿਸ ਦੇ ਆਧਾਰ ‘ਤੇ ਗੌਰੀ ਨੇ ਸੰਪਤ ਸਬੰਧੀ ਆਪਣੇ ਅਤੇ ਕੁਝ ਅੰਗਰੇਜ਼ੀ ਅਖਬਾਰਾਂ ਵਿਚ ਆਲੋਚਨਾਤਕ ਲੇਖ ਲਿਖੇ ਸਨ। ਉਨ੍ਹਾਂ ਨੇ ਸਿੱਟ ਦੀ ਕਾਰਵਾਈ ਸਬੰਧੀ ਸਵਾਲ ਉਠਾਉਂਦਿਆਂ ਕਿਹਾ ਕਿ ਕੀ ਸਿੱਟ ਉਨ੍ਹਾਂ ਸਾਰੇ ਲੋਕਾਂ ਤੋਂ ਪੁੱਛ-ਪੜਤਾਲ ਕਰੇਗੀ ਜਿਨ੍ਹਾਂ ਪ੍ਰਤੀ ਗੌਰੀ ਨੇ ਆਲੋਚਨਾਤਕ ਪਹੁੰਚ ਅਪਣਾਈ ਸੀ। ਇਕ ਨਿਡਰ ਪੱਤਰਕਾਰ ਵਜੋਂ ਉਸ ਬੀਬੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਮੇਤ ਕਈਆਂ ਦੀ ਆਲੋਚਨਾ ਕੀਤੀ ਹੈ। ਫੇਰ ਉਸ (ਸੰਪਤ) ਨੂੰ ਤੇ ਉਸ ਦੇ ਪਰਿਵਾਰ ਨੂੰ ਹੀ ਇਹ ਇਮਤਿਹਾਨ ਕਿਉਂ ਦੇਣਾ ਪੈ ਰਿਹਾ ਹੈ?
____________________________
ਸਕਾਟਲੈਂਡ ਪੁਲਿਸ ਤੋਂ ਲਈ ਮਦਦ
ਬੈਂਗਲੁਰੂ: ਸਕਾਟਲੈਂਡ ਯਾਰਡ ਪੁਲਿਸ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਦੇ ਮਾਮਲੇ ਵਿਚ ਕਰਨਾਟਕ ਐਸ਼ਆਈ.ਟੀ. ਦੀ ਮਦਦ ਕਰੇਗੀ। ਸਕਾਟਲੈਂਡ ਪੁਲਿਸ ਦੇ ਦੋ ਅਫਸਰ ਬੇਂਗਲੁਰੂ ਪਹੁੰਚ ਚੁੱਕੇ ਹਨ। ਕਰਨਾਟਕ ਐਸ਼ ਆਈ.ਟੀ. ਨੇ ਸਕਾਟਲੈਂਡ ਯਾਰਡ ਪੁਲਿਸ ਤੋਂ ਮਾਮਲੇ ਦੀ ਜਾਂਚ ‘ਚ ਮਦਦ ਮੰਗੀ ਸੀ ਕਿਉਂਕਿ ਉਨ੍ਹਾਂ ਕੋਲ ਸੀ.ਸੀ.ਟੀ.ਵੀ. ਫੁਟੇਜ ਵਿਚ ਦਿਖਾਈ ਦੇ ਰਹੇ ਹਮਲਾਵਰਾਂ ਦੀ ਪਛਾਣ ਕਰਨ ਲਈ ਬਿਹਤਰ ਯੰਤਰ ਹਨ।