ਚੇਲਿਆਂ ਨੇ ਡੇਰੇ ‘ਚ ਸਬੂਤ ਮਿਟਾਉਣ ਲਈ ਵਰਤਿਆ ਹਰ ਹੀਲਾ

ਪੰਚਕੂਲਾ: ਰਾਮ ਰਹੀਮ ਦੇ ਜੇਲ੍ਹ ਜਾਣ ਪਿੱਛੋਂ ਡੇਰਾ ਸਿਰਸਾ ਵਿਚ ਬਾਬੇ ਦੇ ‘ਕਾਰਨਾਮਿਆਂ’ ਦੇ ਸਬੂਤ ਮਿਟਾਉਣ ਲਈ ਹਰ ਹੀਲਾ ਵਰਤਿਆ ਗਿਆ ਸੀ। ਬਾਬੇ ਨੂੰ ਸਜ਼ਾ ਦੇ ਤਕਰੀਬਨ ਦੋ ਹਫਤੇ ਬਾਅਦ ਡੇਰੇ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਡੇਰੇ ਵਿਚ ਗੈਰਕਾਨੂੰਨੀ ਕੰਮਾਂ ਨੂੰ ਲੁਕਾਉਣ ਲਈ ਕਾਫੀ ਸਮਾਂ ਮਿਲ ਗਿਆ। ਤਲਾਸ਼ੀ ਵਿਚ ਦੇਰੀ ਕਾਰਨ ਹਰਿਆਣਾ ਦੀ ਭਾਜਪਾ ਸਰਕਾਰ ‘ਤੇ ਸਵਾਲ ਵੀ ਉਠ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਡੇਰੇ ਵਿਚ ਕਈ ਖੁਫੀਆ ਰਾਹ ਹਨ ਤੇ ਇਨ੍ਹਾਂ ਰਾਹੀਂ ਪੈਸਾ ਤੇ ਹੋਰ ਸਾਮਾਨ ਬਾਹਰ ਭੇਜਿਆ ਗਿਆ। ਡੇਰੇ ਦੇ ਆਈ.ਟੀ. ਹੈੱਡ ਨੂੰ ਕਾਬੂ ਕਰਨ ਪਿੱਛੋਂ ਪੁਲਿਸ ਨੂੰ ਅਹਿਸਾਸ ਹੋਇਆ ਕਿ ਉਸ ਨੇ ਦੇਰੀ ਕਰ ਦਿੱਤੀ ਹੈ।

ਪੁਲਿਸ ਨੇ ਉਸ ਦੀ ਨਿਸ਼ਾਨਦੇਹੀ ‘ਤੇ ਖੇਤਾਂ ਵਿਚੋਂ 60 ਹਾਰਡ ਡਿਸਕਾਂ ਬਰਾਮਦ ਕੀਤੀਆਂ ਹਨ। ਉਸ ਨੇ ਮੰਨਿਆ ਹੈ ਕਿ ਡੇਰੇ ਦੀਆਂ ਕਾਫੀ ਸੀ.ਸੀ.ਟੀ.ਵੀ. ਫੁਟੇਜ਼ ਵੀ ਡਿਲੀਟ ਕਰ ਦਿੱਤੀਆਂ ਸਨ। ਇਹ ਵੀ ਪਤਾ ਲੱਗਾ ਹੈ ਕਿ ਰਾਮ ਰਹੀਮ ਸਿੰਘ ਦੀ ਡੇਰਾ ਸਿਰਸਾ ਵਿਚਲੀ ਆਲੀਸ਼ਾਨ ਰਿਹਾਇਸ਼ ‘ਤੇਰਾਵਾਸ’ ਵਿਚ ਹਨੀਪ੍ਰੀਤ ਦਾ ਬਾਥਰੂਮ ਕਮ ਜਿੰਮ ਅਤੇ ਡੇਰਾ ਮੁਖੀ ਦਾ ਸੌਣ ਕਮਰਾ ਲਿਫਟ ਜ਼ਰੀਏ ਇਕ ਦੂਜੇ ਨਾਲ ਜੁੜੇ ਹੋਏ ਸਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ‘ਤੇ ਕੋਰਟ ਕਮਿਸ਼ਨਰ ਏ.ਕੇ.ਐਸ਼ਪਵਾਰ ਦੀ ਅਗਵਾਈ ਹੇਠ 8 ਤੋਂ 10 ਸਤੰਬਰ ਤੱਕ ਡੇਰੇ ਅੰਦਰ ਚੱਲੀ ਤਲਾਸ਼ੀ ਮੁਹਿੰਮ ਵਿਚ ਸ਼ਾਮਲ ਸੀਨੀਅਰ ਅਧਿਕਾਰੀ ਇਸ ਖੁਲਾਸੇ ਤੋਂ ਖਾਸੇ ਹੈਰਾਨ ਹਨ।
ਤਿੰਨ ਵੱਖ-ਵੱਖ ਸੂਤਰਾਂ ਵੱਲੋਂ ਡੇਰੇ ਦੀ ਇਸ ਆਲੀਸ਼ਾਨ ਇਮਾਰਤ ਦੇ ਬਿਲਡਿੰਗ ਪਲਾਨ ਬਾਬਤ ਦਿੱਤੇ ਵੇਰਵਿਆਂ ਮੁਤਾਬਕ ‘ਤੇਰਾਵਾਸ’ ਦੀ ਪਹਿਲੀ ਮੰਜ਼ਿਲ ‘ਤੇ ਹਨੀਪ੍ਰੀਤ ਦਾ ਬਹੁਤ ਵੱਡਾ ਬਾਥਰੂਮ ਕਮ ਜਿੰਮ ਸੀ, ਜੋ ਕਿ ਡੇਰਾ ਮੁਖੀ ਦੇ ਇਮਾਰਤ ਦੀ ਤੀਜੀ ਮੰਜ਼ਿਲ ‘ਤੇ ਬਣੇ ਸੌਣ ਕਮਰੇ ਨਾਲ ਜੁੜਿਆ ਸੀ। ਦੋਵਾਂ ਨੂੰ ਇਕ ਦੂਜੇ ਦੇ ਸੌਣ ਕਮਰਿਆਂ ਤਕ ਸਿੱਧੀ ਪਹੁੰਚ ਹਾਸਲ ਸੀ। ਅਧਿਕਾਰੀਆਂ ਨੇ ਜਦੋਂ ਹਨੀਪ੍ਰੀਤ ਦੇ ਸੌਣ ਕਮਰੇ ਵਿਚ ਪਈ ਗੁਲਾਬੀ ਰੰਗ ਦੀ ਅਲਮਾਰੀ ਨੂੰ ਖੋਲ੍ਹਿਆ ਗਿਆ ਤਾਂ ਇਸ ਅੰਦਰ ਚੋਰ ਦਰਵਾਜ਼ਾ ਸੀ, ਜੋ ਅੱਗੇ ਉਸ ਦੇ ਬਾਥਰੂਮ ਕਮ ਜਿੰਮ ਵੱਲ ਖੁੱਲ੍ਹਦਾ ਸੀ। ਪੁਲਿਸ ਦਾ ਦਾਅਵਾ ਹੈ ਕਿ 25 ਅਗਸਤ ਨੂੰ ਡੇਰਾ ਮੁਖੀ ਨਾਲ ਆਈਆਂ ਲਗਭਗ 170 ਗੱਡੀਆਂ ਵਿਚੋਂ 65 ਗੱਡੀਆਂ ਨੂੰ ਕਬਜ਼ੇ ਵਿਚ ਲਿਆ ਸੀ, ਜਿਨ੍ਹਾਂ ਵਿਚੋਂ ਕਈ ਗੱਡੀਆਂ ਲਗਜ਼ਰੀ ਸਨ। ਡੇਰਾ ਸੱਚਾ ਸੌਦਾ ਮਾਮਲੇ ਵਿਚ ਪੁਲਿਸ ਨੂੰ ਕਈ ਮਹੱਤਵਪੂਰਨ ਜਾਣਕਾਰੀਆਂ ਮਿਲੀਆਂ ਹਨ।
__________________________________________
ਸ਼ਰਧਾਲੂਆਂ ਦੇ ਮਨੋਂ ਲਹਿਣ ਲੱਗਾ ਰਾਮ ਰਹੀਮ
ਚੰਡੀਗੜ੍ਹ: ਮਹਿਲਾ ਸ਼ਰਧਾਲੂਆਂ ਨਾਲ ਬਲਾਤਕਾਰ ਕਰਨ ਦੇ ਦੋਸ਼ਾਂ ਹੇਠ ਗੁਰਮੀਤ ਰਾਮ ਰਹੀਮ ਸਿੰਘ ਦੇ ਜੇਲ੍ਹ ‘ਚ ਬੰਦ ਹੋਣ ਮਗਰੋਂ ਡੇਰਾ ਸੱਚਾ ਸੌਦਾ, ਸਿਰਸਾ ਆਉਂਦੇ ਦਿਨਾਂ ਵਿਚ ਵੰਡਿਆ ਜਾ ਸਕਦਾ ਹੈ। ਵੱਡੀ ਗਿਣਤੀ ਵਿਚ ਸ਼ਰਧਾਲੂਆਂ ਵੱਲੋਂ ਪੁਰਾਣੇ ਡੇਰੇ ਨੂੰ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਜਿਥੇ ਪਹਿਲੇ ਦੋ ਡੇਰਾ ਮੁਖੀ ਸ਼ਾਹ ਮਸਤਾਨਾ ਅਤੇ ਸ਼ਾਹ ਸਤਨਾਮ ਸਮਾਗਮ ਕਰਦੇ ਹੁੰਦੇ ਸਨ। ਡੇਰਾ ਸ਼ਰਧਾਲੂਆਂ ਨੇ ਰਾਮ ਰਹੀਮ ਦੀਆਂ ਤਸਵੀਰਾਂ ਨੂੰ ਤਿਆਗ ਕੇ ਹੁਣ ਪੁਰਾਣੇ ਡੇਰਾ ਮੁਖੀਆਂ ਦੀਆਂ ਤਸਵੀਰਾਂ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ। ਸਿਰਸਾ ਦੇ ਨੇਜੀਆ ਪਿੰਡ ਨੇੜੇ ਬਣਾਇਆ ਗਿਆ ਨਵਾਂ ਡੇਰਾ ਹੁਣ ਉਜਾੜ ਨਜ਼ਰ ਆਉਣ ਲੱਗ ਪਿਆ ਹੈ ਅਤੇ ਲੋਕਾਂ ਨੇ ਬੇਗੂ ਪਿੰਡ ਨੇੜਲੇ ਡੇਰੇ ‘ਚ ਜਾਣਾ ਸ਼ੁਰੂ ਕਰ ਦਿੱਤਾ ਹੈ। ਦੋਵੇਂ ਡੇਰਿਆਂ ਦਾ ਫਾਸਲਾ ਚਾਰ ਕਿਲੋਮੀਟਰ ਦਾ ਹੈ ਅਤੇ ਜਦੋਂ ਦਾ ਰਾਮ ਰਹੀਮ ਨੇ ਆਧੁਨਿਕ ਇਮਾਰਤਾਂ ਉਸਾਰ ਕੇ ਨਵਾਂ ਡੇਰਾ ਖੜ੍ਹਾ ਕੀਤਾ ਸੀ ਤਾਂ ਪੁਰਾਣਾ ਡੇਰਾ ਉਜੜ ਗਿਆ ਸੀ।
___________________________________________
ਰਾਮ ਰਹੀਮ ਖਿਲਾਫ ਮੁੱਕਰੇ ਗਵਾਹ ਮੁੜ ਸਰਗਰਮ
ਪੰਚਕੂਲਾ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਜੇਲ੍ਹ ਜਾਣ ਪਿੱਛੋਂ ਉਸ ਖਿਲਾਫ ਗਵਾਹੀ ਤੋਂ ਮੁੱਕਰੇ ਗਵਾਹ ਮੁੜ ਸਾਹਮਣੇ ਆਉਣੇ ਲੱਗੇ ਹਨ। ਡੇਰਾ ਮੁਖੀ ਖਿਲਾਫ ਦੋ ਕਤਲ ਮਾਮਲਿਆਂ ਵਿਚ ਮੁੱਖ ਗਵਾਹ ਖੱਟਾ ਸਿੰਘ ਨੇ ਆਖਿਆ ਹੈ ਕਿ ਉਸ ਨੇ ਦਬਾਅ ਕਾਰਨ ਬਿਆਨ ਬਦਲਿਆ ਸੀ ਤੇ ਹੁਣ ਮੁੜ ਗਵਾਹੀ ਦੇਣ ਲਈ ਤਿਆਰ ਹੈ। ਖੱਟਾ ਸਿੰਘ, ਰਾਮ ਰਹੀਮ ਦਾ ਸਾਬਕਾ ਡਰਾਈਵਰ ਰਹਿ ਚੁੱਕਾ ਹੈ ਤੇ ਉਸ ਖਿਲਾਫ ਕਈ ਖੁਲਾਸੇ ਕਰ ਚੁੱਕਾ ਹੈ ਪਰ ਦਬਾਅ ਹੇਠ ਆ ਕੇ ਉਸ ਨੇ ਆਪਣੇ ਬਿਆਨ ਬਦਲੇ ਸਨ।