ਪੀ.ਵੀ. ਸਿੰਧੂ ਵੱਲੋਂ ਕੋਰੀਆ ਬੈਡਮਿੰਟਨ ਓਪਨ ਸੀਰੀਜ਼ ਫਤਿਹ

ਸਿਓਲ: ਉਲੰਪਿਕ ਚਾਂਦੀ ਤਗਮਾ ਜੇਤੂ ਭਾਰਤੀ ਸਟਾਰ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਨੇ ਜਾਪਾਨ ਦੀ ਵਿਸ਼ਵ ਚੈਂਪੀਅਨ ਖਿਡਾਰਨ ਨੋਜੋਮੀ ਓਕੁਹਾਰਾ ਨੂੰ ਫਾਈਨਲ ਵਿਚ ਹਰਾ ਕੇ ਕੋਰੀਆ ਓਪਨ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਦਾ ਮਹਿਲਾ ਸਿੰਗਲ ਵਰਗ ਦਾ ਖਿਤਾਬ ਜਿੱਤ ਲਿਆ। 22 ਸਾਲ ਦੀ ਖਿਡਾਰਨ ਸਿੰਧੂ ਨੇ ਇਸ 6,00,000 ਡਾਲਰ ਇਨਾਮੀ ਟੂਰਨਾਮੈਂਟ ਦੇ ਫਾਈਨਲ ਵਿਚ ਓਕੁਹਾਰਾ ਨੂੰ 1 ਘੰਟਾ 23 ਮਿੰਟ ਤੱਕ ਚੱਲੇ ਮੈਚ ਵਿਚ 22-20, 11-21, 20-18 ਨਾਲ ਮਾਤ ਦੇ ਕੇ ਇਸ ਖਿਤਾਬ ਉਤੇ ਕਬਜ਼ਾ ਕੀਤਾ। ਸਿੰਧੂ ਨੇ ਪਹਿਲੇ ਹਾਫ ਦੇ ਸ਼ੁਰੂ ਵਿਚ ਹੀ 2-0 ਨਾਲ ਬੜਤ ਬਣਾ ਲਈ ਪਰ ਵਿਰੋਧੀ ਖਿਡਾਰਨ ਨੇ ਜਲਦ ਹੀ ਬਰਾਬਰੀ ਕਰ ਲਈ ਜਿਸ ਤੋਂ ਬਾਅਦ ਸਿੰਧੂ ਫਿਰ 5-4 ਨਾਲ ਅੱਗੇ ਹੋ ਗਈ।

ਇਨ੍ਹਾਂ ਦੋਵੇਂ ਖਿਡਾਰਨਾਂ ਵਿਚਕਾਰ ਵਿਸ਼ਵ ਚੈਂਪੀਅਨਸ਼ਿਪ ਦੀ ਝਲਕ 6-5 ਦੇ ਅੰਕਾਂ ‘ਤੇ ਦੇਖਣ ਨੂੰ ਮਿਲੀ ਜਦ ਉਨ੍ਹਾਂ ਵਿਚਕਾਰ ਕਾਫੀ ਲੰਮੇ ਸਮੇਂ ਤੱਕ ਖੇਡ ਚੱਲੀ। ਇਸੇ ਦੌਰਾਨ ਸਿੰਧੂ ਨੇ ਕਰਾਰਾ ਸਮੈਸ਼ ਕਰ ਕੇ ਅੰਕ ਆਪਣੇ ਨਾਂ ਕੀਤਾ। ਹਾਲਾਂਕਿ ਓਕੁਹਾਰਾ ਨੇ ਇਸ ਤੋਂ ਬਾਅਦ ਲਗਾਤਾਰ ਚਾਰ ਅੰਕ ਬਣਾਏ ਜਦਕਿ ਸਿੰਧੂ ਨੇ ਅੰਕਾਂ ਨੂੰ ਫਿਰ 9-9 ਦੀ ਬਰਾਬਰੀ ‘ਤੇ ਲਿਆ ਦਿੱਤਾ ਪਰ ਜਾਪਾਨੀ ਖਿਡਾਰਨ ਬ੍ਰੇਕ ਤੱਕ 11-9 ਨਾਲ ਬੜਤ ਬਣਾਉਣ ਵਿਚ ਸਫਲ ਰਹੀ। ਇਸ ਤੋਂ ਬਾਅਦ ਸਿੰਧੂ ਨੇ ਵਿਚਕਾਰੋਂ ਅੱਠਾਂ ਵਿਚੋਂ ਪੰਜ ਅੰਕ ਹਾਸਲ ਕੀਤੇ ਤੇ ਉਹ 14-13 ਨਾਲ ਅੱਗੇ ਹੋ ਗਈ। ਫਿਰ ਦੋਵਾਂ ਵਿਚ ਕੁਝ ਰੁਮਾਂਚਕ ਖੇਡ ਦੇਖਣ ਨੂੰ ਮਿਲੀ ਤੇ ਇਸੇ ਵਿਚਕਾਰ ਓਕੁਹਾਰਾ ਨੂੰ ਦੋ ਗੇਮ ਪੁਆਇੰਟ ਮਿਲੇ ਗਏ ਤੇ ਦੂਜਾ ਹਾਫ ਉਸ ਨੇ ਆਪਣੇ ਨਾਂ ਕਰ ਲਿਆ। ਕੋਰੀਆ ਓਪਨ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ
ਸਿੰਧੂ ਪਿਛਲੇ ਮਹੀਨੇ ਗਲਾਸਗੋ ‘ਚ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਕਾਫੀ ਰੁਮਾਂਚਕ ਮੁਕਾਬਲੇ ਨਾਲ ਓਕੁਹਾਰਾ ਤੋਂ ਹਾਰ ਗਈ ਸੀ। ਇਸ ਮੈਚ ਨੂੰ ਮਾਹਰਾਂ ਨੇ ਬਹੁਤ ਅਹਿਮ ਮੈਚ ਕਰਾਰ ਦਿੱਤਾ ਸੀ ਪਰ ਸਿੰਧੂ ਨੇ ਜਾਪਾਨੀ ਖਿਡਾਰਨ ਤੋਂ ਬਦਲਾ ਲੈ ਕੇ ਟੂਰਨਾਮੈਂਟ ਜਿੱਤ ਲਿਆ। ਇਸ ਤਰ੍ਹਾਂ ਕੋਰੀਆ ਓਪਨ ਸੁਪਰ ਸੀਰੀਜ਼ ਜਿੱਤਣ ਵਾਲੀ ਉਹ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ।
_______________________________________
ਓਕੁਹਾਰਾ ਖਿਲਾਫ ਰਿਕਾਰਡ ਦੀ ਕੀਤੀ ਬਰਾਬਰੀ
ਸਿੰਧੂ ਨੇ ਓਕੁਹਾਰਾ ਦਾ ਆਸਟਰੇਲੀਆ ਓਪਨ ਤੇ ਵਿਸ਼ਵ ਚੈਂਪੀਅਨਸ਼ਿਪ ਤੋਂ ਬਾਅਦ ਲਗਾਤਾਰ ਤੀਜਾ ਖਿਤਾਬ ਜਿੱਤਣ ਦਾ ਸੁਪਨਾ ਪੂਰਾ ਨਹੀਂ ਹੋਣ ਦਿੱਤਾ। ਇਸ ਸੀਰੀਜ਼ ‘ਚ ਸਿੰਧੂ ਓਕੁਹਾਰਾ ਖਿਲਾਫ਼ ਆਪਣੇ ਰਿਕਾਰਡ ਨੂੰ ਬਰਾਬਰੀ ਉਤੇ ਲਿਆਉਣ ‘ਚ ਵੀ ਸਫਲ ਰਹੀ। ਇਨ੍ਹਾਂ ਦੋਵੇਂ ਖਿਡਾਰਨਾਂ ਨੇ ਹੁਣ ਤੱਕ ਇਕ-ਦੂਜੇ ਖਿਲਾਫ਼ 8 ਮੈਚ ਖੇਡੇ ਹਨ ਜਿਨ੍ਹਾਂ ਵਿਚੋਂ ਹੁਣ ਦੋਵਾਂ ਨੇ 4-4 ਮੈਚਾਂ ਵਿਚ ਜਿੱਤ ਪ੍ਰਾਪਤ ਕੀਤੀ ਹੈ।
_____________________________________
ਮਨਪ੍ਰੀਤ ਹੱਥ ਭਾਰਤੀ ਹਾਕੀ ਟੀਮ ਦੀ ਕਪਤਾਨੀ
ਨਵੀਂ ਦਿੱਲੀ: ਮਿਡ-ਫੀਲਡਰ ਮਨਪ੍ਰੀਤ ਸਿੰਘ 11 ਤੋਂ 22 ਅਕਤੂਬਰ ਤੱਕ ਢਾਕਾ ਵਿਚ ਹੋਣ ਵਾਲੇ ਹੀਰੋ ਏਸ਼ੀਆ ਕੱਪ ਵਿਚ ਭਾਰਤ ਦੀ 18 ਮੈਂਬਰੀ ਹਾਕੀ ਟੀਮ ਦੀ ਕਮਾਨ ਸਾਂਭੇਗਾ ਤੇ ਫਾਰਵਰਡ ਐਸ਼ਵੀ. ਸੁਨੀਲ ਟੀਮ ਦਾ ਉਪ ਕਪਤਾਨ ਹੋਵੇਗਾ। ਹਾਲ ਹੀ ਵਿਚ ਯੂਰਪ ਦੌਰੇ ਉਤੇ ਕੁਝ ਜੂਨੀਅਰ ਖਿਡਾਰੀਆਂ ਨੂੰ ਮੌਕੇ ਦੇਣ ਤੋਂ ਬਾਅਦ ਹਾਕੀ ਇੰਡੀਆ ਨੇ ਨੌਜਵਾਨ ਅਤੇ ਤਜਰਬੇਕਾਰ ਖਿਡਾਰੀਆਂ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ। ਗੋਲ-ਕੀਪਰ ਆਕਾਸ਼ ਚਿਕਤੇ ਅਤੇ ਸੂਰਜ ਕਰਕੇਰਾ ਟੀਮ ਵਿਚ ਸ਼ਾਮਲ ਹਨ ਜਦਕਿ ਡਿਫੈਂਡਰ ਹਰਮਨਪ੍ਰੀਤ ਸਿੰਘ ਅਤੇ ਸੁਰਿੰਦਰ ਕੁਮਾਰ ਨੇ ਵੀ ਯੂਰਪ ਦੌਰੇ ਦੌਰਾਨ ਆਰਾਮ ਦਿੱਤੇ ਜਾਣ ਤੋਂ ਬਾਅਦ ਵਾਪਸੀ ਕੀਤੀ ਹੈ।