ਗੁਰੂ ਦੁਆਰੈ ਹੋਇ ਸੋਝੀ ਪਾਇਸੀ

ਡਾæ ਗੁਰਨਾਮ ਕੌਰ ਪਟਿਆਲਾ
ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨਾਲ ਸਬੰਧਤ ਗੁਰਦੁਆਰਾ ਮੰਜੀ ਸਾਹਿਬ ਦੀ ਪ੍ਰਬੰਧਕੀ ਕਮੇਟੀ ‘ਤੇ ਕਬਜੇ ਲਈ ਮੋਗਾ ਦੇ ਪਿੰਡ ਸਦਾ ਸਿੰਘ ਵਾਲਾ ਵਿਚ ਦੋ ਧੜਿਆਂ ਵਿਚਾਲੇ ਲੜਾਈ ਹੋ ਗਈ ਜਿਸ ਵਿਚ ਕਾਫੀ ਖੂਨ ਖਰਾਬਾ ਹੋਇਆ ਹੈ ਅਤੇ ਇੱਕ ਔਰਤ ਸਮੇਤ ਸੱਤ ਜਣੇ ਜ਼ਖਮੀ ਹੋਏ ਹਨ। ‘ਪੰਜਾਬੀ ਟ੍ਰਿਬਿਊਨ’ ਦੇ 11 ਸਤੰਬਰ ਦੇ ਅੰਕ ਵਿਚ ਖਬਰ ਦੇ ਨਾਲ ਆਪਸ ਵਿਚ ਲੜਦਿਆਂ ਦੀਆਂ ਅਤੇ ਲੜਾਈ ਵਿਚ ਜ਼ਖਮੀ ਹੋਏ ਬੰਦਿਆਂ ਦੀਆਂ ਤਸਵੀਰਾਂ ਵੀ ਛਪੀਆਂ ਹਨ। ਖਬਰ ਅਨੁਸਾਰ ਇਹ ਰੇੜਕਾ ਪਿਛਲੇ ਢਾਈ ਮਹੀਨੇ ਤੋਂ ਚੱਲ ਰਿਹਾ ਸੀ। ਕਾਂਗਰਸੀ ਵਿਧਾਇਕ ਡਾæ ਹਰਜੋਤ ਕਮਲ ਸਿੰਘ ਬਾਅਦ ਦੁਪਹਿਰ ਦੋ ਵਜੇ ਗੁਰਦੁਆਰੇ ਪਹੁੰਚੇ ਅਤੇ ਮੌਕੇ ‘ਤੇ ਡੀæ ਐਸ਼ ਪੀæ ਸਿਟੀ ਗੋਬਿੰਦ ਸਿੰਘ ਵੀ ਮੌਜੂਦ ਸਨ।

ਵਿਧਾਇਕ ਨੇ ਦੋਹਾਂ ਧਿਰਾਂ ਦਾ ਪੱਖ ਸੁਣਨ ਤੋਂ ਬਾਅਦ ਉਨ੍ਹਾਂ ਨਾਲ 12 ਸਤੰਬਰ ਨੂੰ ਤਿੰਨ ਵਜੇ ਮੁੜ ਮੀਟਿੰਗ ਕਰਨ ਦਾ ਸਮਾਂ ਰੱਖ ਲਿਆ। ਵਿਧਾਇਕ ਦੇ ਗੁਰਦੁਆਰੇ ਤੋਂ ਬਾਹਰ ਹੁੰਦੇ ਸਾਰ ਹੀ ਦੋਹਾਂ ਧਿਰਾਂ ਵਿਚ ਗਾਲੀ-ਗਲੋਚ ਤੋਂ ਗੱਲ ਸ਼ੁਰੂ ਹੋ ਕੇ ਹੱਥੋ-ਪਾਈ ਅਤੇ ਫਿਰ ਤਲਵਾਰਾਂ ਚੱਲਣ ਤੱਕ ਪਹੁੰਚ ਗਈ। ਜੇ ਪੁਲਿਸ ਉਥੇ ਹਾਜ਼ਰ ਨਾ ਹੁੰਦੀ ਤਾਂ ਨੁਕਸਾਨ ਹੋਰ ਵੀ ਜ਼ਿਆਦਾ ਹੋ ਸਕਦਾ ਸੀ।
ਇਹ ਹਾਲ ਹੈ ਸਾਡੇ ਸਿੱਖਾਂ ਦਾ! ਜਿਨ੍ਹਾਂ ਨੇ ਆਪਣੀ ਨਿਜੀ ਚੌਧਰ ਤੇ ਲਾਲਚ ਵੱਸ ਸਾਰੇ ਸਿੱਖ ਜਗਤ ਨੂੰ ਹੀ ਬਦਨਾਮ ਕੀਤਾ ਹੋਇਆ ਹੈ। ਇਹ ਵਰਤਾਰਾ ਦੇਸ਼-ਵਿਦੇਸ਼, ਹਰ ਥਾਂ ਵਾਪਰ ਰਿਹਾ ਹੈ। ਉਂਜ ਤਾਂ ਅਸੀਂ ਦਿਨ-ਦਿਹਾਰਾਂ ‘ਤੇ ਨਗਰ ਕੀਰਤਨ ਅਤੇ ਹੋਰ ਸਮਾਗਮਾਂ ਰਾਹੀਂ ਦੁਨੀਆਂ ਨੂੰ ਖੂਬ ਦਿਖਾਉਂਦੇ ਹਾਂ ਕਿ ਅਸੀਂ ਗੁਰੂ ਦੇ ਕਿੰਨੇ ਸ਼ਰਧਾਲੂ ਸਿੱਖ ਹਾਂ ਪਰ ਆਪਣੀ ਹਉਮੈ ਨਹੀਂ ਤਿਆਗ ਸਕਦੇ!
ਭਾਈ ਕਾਹਨ ਸਿੰਘ ਨਾਭਾ ਨੇ ‘ਗੁਰਦੁਆਰਾ’ ਦੀ ਵਿਆਖਿਆ ਕਰਦਿਆਂ ਲਿਖਿਆ ਹੈ, “(1) ਕ੍ਰਿæ ਵਿæ ਗੁਰੂ ਦੀ ਮਾਰਫਤ, ਗੁਰੂ ਦੇ ਜਿਰੀਏ। (2) ਸੰਗਯਾæ ਗੁਰੂ ਦਾ ਘਰ। (3) ਸਿੱਖਾਂ ਦਾ ਧਰਮ ਮੰਦਿਰæ ਉਹ ਅਸਥਾਨ, ਜਿਸ ਨੂੰ ਦਸ ਸਤਿਗੁਰਾਂ ਵਿਚੋਂ ਕਿਸੇ ਨੇ ਧਰਮ ਪ੍ਰਚਾਰ ਲਈ ਬਣਾਇਆ ਅਥਵਾ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ।” ਭਾਈ ਕਾਹਨ ਸਿੰਘ ਨਾਭਾ ਅੱਗੇ ਲਿਖਦੇ ਹਨ, “ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਤੱਕ ਸਿੱਖਾਂ ਦੇ ਧਰਮ ਮੰਦਿਰ ਦਾ ਨਾਮ ‘ਧਰਮਸਾਲਾ’ ਰਿਹਾ ਹੈ। ਸ੍ਰੀ ਗੁਰੂ ਅਰਜਨ ਦੇਵ ਨੇ ਸਭ ਤੋਂ ਪਹਿਲਾਂ ਅਮ੍ਰਿਤਸਰ ਸਰੋਵਰ ਦੇ ਧਰਮ ਮੰਦਿਰ ਦੀ ‘ਹਰਿਮੰਦਿਰ’ ਸੰਗਯਾ ਥਾਪੀ ਅਰ ਗੁਰੂ ਹਰਗੋਬਿੰਦ ਜੀ ਦੇ ਸਮੇਂ ਧਰਮਸਾਲਾ ਦੀ ‘ਗੁਰਦੁਆਰਾ’ ਸੰਗਯਾ ਹੋਈ ਹੈ।”
ਮੁਢਲੇ ਸਮਿਆਂ ਵਿਚ ਗੁਰਦੁਆਰੇ ਰਾਹੀਂ ਹੁੰਦੇ ਰਹੇ ਕਾਰਜਾਂ ਦੀ ਵਿਆਖਿਆ ਕਰਦਿਆਂ ਭਾਈ ਕਾਹਨ ਸਿੰਘ ਨਾਭਾ ਅੱਗੇ ਲਿਖਦੇ ਹਨ, “ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ, ਆਤਮਜਿਗਯਾਸਾ ਵਾਲਿਆਂ ਲਈ ਗਯਾਨਉਪਦੇਸ਼ਕ ਅਚਾਰਯ, ਰੋਗੀਆਂ ਲਈ ਸ਼ਫਾਖਾਨਾ, ਭੁੱਖਿਆਂ ਲਈ ਅੰਨਪੂਰਣਾ, ਇਸਤ੍ਰੀ ਜਾਤਿ ਦੀ ਪਤ ਰੱਖਣ ਲਈ ਲੋਹਮਈ ਦੁਰਗਾ, ਅਤੇ ਮੁਸਾਫਰਾਂ ਲਈ ਵਿਸ਼੍ਰਾਮ ਦਾ ਅਸਥਾਨ ਹੈ।”
ਭਾਈ ਸਾਹਿਬ ਅੱਗੇ ਲਿਖਦੇ ਹਨ, “ਸਤਿਗੁਰਾਂ ਦੇ ਵੇਲੇ ਅਤੇ ਬੁਢੇਦਲ ਦੇ ਸਮੇਂ ਗੁਰਦੁਆਰਿਆਂ ਦਾ ਖਾਸ ਧਯਾਨ ਰੱਖਿਆ ਜਾਂਦਾ ਸੀ, ਗੁਰਦੁਆਰੀਆ ਉਹ ਹੋਇਆ ਕਰਦਾ ਸੀ ਜੋ ਵਿਦਵਾਨ ਗੁਰਮਤਿ ਵਿਚ ਪੱਕਾ ਅਤੇ ਉਚੇ ਆਚਾਰ ਵਾਲਾ ਹੁੰਦਾ। ਜਮਾਨੇ ਦੀ ਗਰਦਿਸ਼ ਨੇ ਮਹਾਰਾਜਾ ਰਣਜੀਤ ਸਿੰਘ ਵੇਲੇ ਡੋਗਰਿਆਂ ਦੀ ਪ੍ਰਧਾਨਗੀ ਵਿਚ ਮੁਖ ਗੁਰਦੁਆਰਿਆਂ ਦਾ ਪ੍ਰਬੰਧ ਸਾਰਾ ਉਲਟ ਪੁਲਟ ਕਰ ਦਿੱਤਾ, ਜਿਸ ਦਾ ਅਸਰ ਦੇਸ਼ ਦੇ ਗੁਰਦੁਆਰਿਆਂ ‘ਤੇ ਭੀ ਹੌਲੀ ਹੌਲੀ ਹੋਇਆ ਪਰ ਕੌਮ ਵਿਚੋਂ ਜਿਉਂ ਜਿਉਂ ਗੁਰਮਤਿ ਦਾ ਪ੍ਰਚਾਰ ਲੋਪ ਹੁੰਦਾ ਗਿਆ, ਤਿਉਂ ਤਿਉਂ ਗੁਰਦੁਆਰਿਆਂ ਦੀ ਮਰਯਾਦਾ ਬਿਗੜਦੀ ਗਈ ਅਰ ਇਥੋਂ ਤੱਕ ਦੁਰਦਸ਼ਾ ਹੋਈ ਕਿ ਸਿੱਖ ਗੁਰਦੁਆਰੇ ਕੇਵਲ ਕਹਿਣ ਨੂੰ ਗੁਰਧਾਮ ਰਹਿ ਗਏ। ਗੁਰਦੁਆਰਿਆਂ ਦੇ ਸੇਵਕਾਂ ਨੇ ਗੁਰਦੁਆਰਿਆਂ ਦੀ ਜਾਯਦਾਦ ਨੂੰ ਆਪਣੀ ਘਰੋਗੀ ਬਣਾ ਲਿਆ ਅਰ ਪਵਿਤ੍ਰ ਅਸਥਾਨਾਂ ਵਿਚ ਉਹ ਅਪਵਿੱਤ੍ਰ ਕੰਮ ਹੋਣ ਲੱਗੇ, ਜਿਨ੍ਹਾਂ ਦਾ ਜਿਕਰ ਕਰਨਾ ਲੱਜਾ ਦਾ ਕਾਰਣ ਹੈ। ਸਮੇਂ ਦੇ ਗੇੜ ਨਾਲ ਜਦ ਹਿੰਦੋਸਤਾਨ ਦੇ ਅਨੇਕ ਮਤ ਦੇ ਲੋਕਾਂ ਨੇ ਆਪਣੇ ਸਮਾਜ ਅਤੇ ਜਥੇ ਧਰਮ ਸੁਧਾਰ ਲਈ ਬਣਾਏ, ਤਾਂ ਸਿੱਖਾਂ ਨੂੰ ਵੀ ਹੋਸ਼ ਆਈ ਅਤੇ ਉਨ੍ਹਾਂ ਨੇ ਸਿੰਘਸਭਾਵਾਂ ਅਰ ਖਾਲਸਾ ਦੀਵਾਨ ਬਣਾ ਕੇ ਧਰਮ ਅਤੇ ਸਮਾਜ ਦਾ ਸੁਧਾਰ ਕਰਨਾ ਅਰੰਭਿਆ, ਖਾਲਸਾ ਅਖਬਾਰ, ਖਾਲਸਾ ਸਮਾਚਾਰ ਆਦਿਕ ਅਖਬਾਰ ਅਤੇ ਖਾਲਸਾ ਟ੍ਰੈਕਟ ਸੋਸਾਇਟੀਆਂ ਦੁਆਰਾ ਉਤਮ ਲੇਖ ਨਿਕਲਣ ਲੱਗੇ, ਜਿਸ ਤੋਂ ਕੌਮ ਜਾਗ੍ਰਤ ਅਵਸਥਾ ਵਿਚ ਆਈ। ਇਸ ਵੇਲੇ ਜੋ ‘ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਦੇਖੀ ਜਾਂਦੀ ਹੈ, ਇਹ ਭੀ ਇਸੇ ਯਤਨ ਦਾ ਫਲ ਹੈ।”
ਗੁਰਦੁਆਰਾ ਮਹਿਜ ਇੱਕ ਧਾਰਮਿਕ ਸਥਾਨ ਨਹੀਂ ਹੈ, ਜਿੱਥੇ ਜਾ ਕੇ ਸਿੱਖ ਨੇ ਕੋਈ ਪੂਜਾ-ਪਾਠ ਕਰਨੀ ਹੈ, ਧਾਰਮਿਕ ਰਸਮਾਂ ਅਦਾ ਕਰਨੀਆਂ ਹਨ। ਗੁਰਦੁਆਰੇ ਰਾਹੀਂ ਧਾਰਮਿਕ ਅਤੇ ਸਮਾਜਿਕ ਤੌਰ ‘ਤੇ ਮਨੁੱਖ ਦੀਆਂ, ਸਿੱਖ ਦੀਆਂ ਬਹੁਤ ਸਾਰੀਆਂ ਲੋੜਾਂ ਪੂਰੀਆਂ ਹੁੰਦੀਆਂ ਹਨ, ਜਿਸ ਦਾ ਵੇਰਵਾ ਭਾਈ ਕਾਹਨ ਸਿੰਘ ਨਾਭਾ ਨੇ ਗੁਰਦੁਆਰੇ ਦੀ ਵਿਆਖਿਆ ਕਰਦਿਆਂ ਦਿੱਤਾ ਹੈ। ਇਹ ਹੀ ਨਹੀਂ, ਧਾਰਮਿਕ ਸੰਸਥਾ ਹੋਣ ਦੇ ਨਾਲ ਨਾਲ ਗੁਰਦੁਆਰਾ ਸਿੱਖ ਵਾਸਤੇ ਇੱਕ ਸੰਕਲਪ ਹੈ, ਇੱਕ ਵਿਚਾਰਧਾਰਾ ਹੈ, ਇੱਕ ਸਿਧਾਂਤ ਹੈ, ਸਿਧਾਂਤ ਦਾ ਅਮਲੀ ਪ੍ਰਕਾਸ਼ਨ ਹੈ, ਜਿੱਥੇ ਜਾ ਕੇ ਉਸ ਨੇ ਗੁਰੂ-ਆਸ਼ੇ ਅਨੁਸਾਰ ਜੀਵਨ-ਜਾਚ ਸਿੱਖਣੀ ਹੈ, ਰਸਤਾ ਤਲਾਸ਼ਣਾ ਹੈ ਅਤੇ ਫਿਰ ਦੂਸਰਿਆਂ ਨੂੰ ਉਸ ਰਾਹ ‘ਤੇ ਚੱਲਣ ਦੀ ਪ੍ਰੇਰਨਾ ਕਰਨੀ ਹੈ।
ਗੁਰੂ ਨਾਨਕ ਸਾਹਿਬ ਨੇ ਜਪੁਜੀ ਵਿਚ ਧਰਤੀ ਨੂੰ ‘ਧਰਮਸਾਲ’ ਕਿਹਾ ਹੈ ਜਿਸ ਨੂੰ ਕਰਤਾਰ ਨੇ ਧਰਮ ਕਮਾਉਣ ਦੇ ਸਥਾਨ ਵਜੋਂ ਸਥਾਪਤ ਕੀਤਾ ਹੈ। ਗੁਰੂ ਨਾਨਕ ਅਨੁਸਾਰ ਅਕਾਲ ਪੁਰਖ ਨੇ ਰਾਤਾਂ, ਰੁੱਤਾਂ, ਥਿਤਾਂ ਤੇ ਵਾਰ, ਹਵਾ, ਪਾਣੀ, ਅੱਗ ਅਤੇ ਪਾਤਾਲ ਆਦਿ ਦੀ ਰਚਨਾ ਕਰਕੇ ਇਨ੍ਹਾਂ ਵਿਚ ਧਰਤੀ ਨੂੰ ਧਰਮ ਕਮਾਉਣ ਲਈ ਸਥਾਨ ਬਣਾ ਕੇ ਟਿਕਾ ਦਿੱਤਾ, “ਰਾਤੀ ਰੁਤੀ ਥਿਤੀ ਵਾਰ॥ ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮਸਾਲ॥” ਇਸੇ ਵਿਚਾਰ ਦੀ ਪ੍ਰੋੜਤਾ ਕਰਦਿਆਂ ਉਨ੍ਹਾਂ ਨੇ ਮਾਰੂ ਸੋਲਹੇ ਵਿਚ ਕਿਹਾ ਹੈ ਕਿ ਕਰਤਾ ਪੁਰਖ ਨੇ ਧਰਤੀ ਪੈਦਾ ਕਰਕੇ ਇਸ ਨੂੰ ਧਰਮ ਕਮਾਉਣ ਦੀ ਥਾਂ ਬਣਾ ਦਿੱਤਾ। ਗੁਰੂ ਅਮਰਦਾਸ ਵੀ ਇਸੇ ਵਿਚਾਰ ਨੂੰ ਦ੍ਰਿੜ ਕਰਦੇ ਹਨ, ਜਦੋਂ ਉਹ ਸੂਹੀ ਦੀ ਵਾਰ ਵਿਚ ਕਹਿੰਦੇ ਹਨ, “ਆਪੇ ਤਖਤੁ ਰਚਾਇਓਨੁ ਆਕਾਸ ਪਾਤਾਲਾ॥ ਹੁਕਮੇ ਧਰਤੀ ਸਾਜੀਅਨੁ ਸਚੀ ਧਰਮਸਾਲਾ॥”
ਗੁਰੂ ਅਰਜਨ ਦੇਵ ਰਾਗ ਸੂਹੀ ਵਿਚ ‘ਧਰਮਸਾਲ’ ਨੂੰ ਗੁਰਸਿੱਖਾਂ ਦਾ ਸਤਿਸੰਗੀਆਂ ਦੇ ਰੂਪ ਵਿਚ ਇਕੱਠੇ ਹੋ ਕੇ ਮਿਲ ਬੈਠਣ ਦਾ ਸਥਾਨ ਕਹਿੰਦੇ ਹਨ, ਜਿੱਥੇ ਬੈਠ ਕੇ ਅਕਾਲ ਪੁਰਖ ਦਾ ਸਿਮਰਨ ਕੀਤਾ ਜਾਂਦਾ ਹੈ। ਗੁਰੂ ਸਾਹਿਬ ਤਾਂ ਗੁਰੂ ਦੇ ਸਿੱਖਾਂ ਨੂੰ ਲੱਭ ਕੇ ਮਿਲਣ ਦੀ ਗੱਲ ਕਰਦੇ ਹਨ ਤਾਂ ਕਿ ਉਨ੍ਹਾਂ ਦੀ ਸੰਗਤਿ ਵਿਚ ਮਿਲ ਕੇ ਸਿਮਰਨ ਕੀਤਾ ਜਾਵੇ, ਗੁਰਸਿੱਖਾਂ ਦੀ ਸੇਵਾ ਕਰਨ ਦਾ ਅਵਸਰ ਮਿਲਣ ਦੀ ਗੱਲ ਕਰਦੇ ਹਨ, “ਮੈ ਬਧੀ ਸਦ ਧਰਮਸਾਲ ਹੈ॥ ਗੁਰਸਿਖਾ ਲਹਦਾ ਭਾਲਿ ਕੈ॥ ਪੈਰ ਧੋਵਾ ਪਖਾ ਫੇਰਦਾ ਤਿਸੁ ਨਿਵਿ ਨਿਵਿ ਲਗਾ ਪਾਇ ਜੀਉ॥” ਭਾਈ ਗੁਰਦਾਸ ਉਸ ਸਮਾਜਿਕ ਅਤੇ ਧਾਰਮਿਕ ਕਾਇਆਕਲਪ ਦੀ ਗੱਲ ਕਰਦਿਆਂ, ਜੋ ਗੁਰੂ ਨਾਨਕ ਸਾਹਿਬ ਦੇ ਇਸ ਧਰਤੀ ‘ਤੇ ਪ੍ਰਗਟ ਹੋਣ ਨਾਲ ਹੁੰਦਾ ਹੈ, ਕਹਿੰਦੇ ਹਨ ਕਿ ਹਰ ਇੱਕ ਘਰ ਹੀ ਧਰਮ ਕਮਾਉਣ ਦਾ ਸਥਾਨ ਬਣ ਗਿਆ ਹੈ, ਜਿੱਥੇ ਅਕਾਲ ਪੁਰਖ ਦੀ ਉਸਤਤਿ ਕੀਤੀ ਜਾਂਦੀ ਹੈ, “ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ।”
ਮਨੁੱਖ ਦਾ ਅਕਾਲ ਪੁਰਖ ਨਾਲ ਮੇਲ ਹੋਣਾ ਗੁਰੂ ਰਾਹੀਂ ਸੰਭਵ ਹੁੰਦਾ ਹੈ ਜਿਸ ਦਾ ਪ੍ਰਗਟਾਵਾ ਗੁਰੂ ਨਾਨਕ ਇਸ ਤਰ੍ਹਾਂ ਕਰਦੇ ਹਨ, “ਗੁਰੂ ਦੁਆਰੈ ਹਮਰਾ ਵੀਆਹੁ ਜਿ ਹੋਆ ਜਾਂ ਸਹੁ ਮਿਲਿਆ ਤਾਂ ਜਾਨਿਆ॥” ਗੁਰੂ ਨਾਨਕ ਨੇ ਮਨੁੱਖ ਦੇ ਹਿਰਦੇ ਨੂੰ ਭਾਂਡਾ ਕਿਹਾ ਹੈ ਅਤੇ ਭਾਂਡਾ ਉਹੀ ਚੰਗਾ ਹੈ ਜੋ ਅਕਾਲ ਪੁਰਖ ਦੀਆਂ ਨਜ਼ਰਾਂ ਵਿਚ ਪ੍ਰਵਾਨ ਹੋ ਜਾਂਦਾ ਹੈ ਅਰਥਾਤ ਜਿਸ ਹਿਰਦੇ ਵਿਚ ਅਕਾਲ ਪੁਰਖ ਦਾ ਨਿਵਾਸ ਹੋ ਜਾਂਦਾ ਹੈ। ਜੇ ਭਾਂਡਾ ਗੰਦਾ ਹੋ ਜਾਵੇ ਤਾਂ ਉਹ ਧੋਣ ਨਾਲ ਸਾਫ ਨਹੀਂ ਹੁੰਦਾ ਭਾਵ ਜੇ ਹਿਰਦੇ ਰੂਪੀ ਭਾਂਡਾ ਵਿਕਾਰਾਂ ਦੀ ਮੈਲ ਨਾਲ ਮੈਲਾ ਹੋ ਜਾਵੇ ਤਾਂ ਮਹਿਜ ਤੀਰਥ ਇਸ਼ਨਾਨ ਕੀਤਿਆਂ ਵਿਕਾਰਾਂ ਦੀ ਮੈਲ ਲੱਥ ਨਹੀਂ ਜਾਂਦੀ। ਇਸ ਹਿਰਦੇ ਵਿਚੋਂ ਵਿਕਾਰਾਂ ਦੀ ਮੈਲ ਨੂੰ ਕਿਸ ਤਰ੍ਹਾਂ ਉਤਾਰਨਾ ਹੈ, ਇਹ ਸੋਝੀ ਗੁਰੂ ਕੋਲੋਂ ਉਸ ਦੇ ਦਰਵਾਜ਼ੇ ‘ਤੇ ਜਾਣ ਨਾਲ ਆਉਂਦੀ ਹੈ। ਗੁਰੂ ਦੇ ਦਰ ‘ਤੇ ਰਹਿ ਕੇ ਹੀ ਉਸ ਦੀ ਅਗਵਾਈ ਵਿਚ ਵਿਕਾਰਾਂ ਦੀ ਮੈਲ ਧੋਤੀ ਜਾਂਦੀ ਹੈ ਅਤੇ ਮਨ ਪਵਿੱਤਰ ਹੁੰਦਾ ਹੈ। ਗੁਰੂ ਦੀ ਸਿੱਖਿਆ ਰਾਹੀਂ ਮਨੁੱਖ ਨੂੰ ਅਕਾਲ ਪੁਰਖ ਇਹ ਵਿਚਾਰਨ ਦੀ ਸੋਝੀ ਬਖਸ਼ਦਾ ਹੈ ਕਿ ਅਸੀਂ ਚੰਗੇ ਹਾਂ ਜਾਂ ਮੰਦੇ,
ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ॥
ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ॥
ਗੁਰੂ ਦੁਆਰੈ ਹੋਇ ਸੋਝੀ ਹੋਇਸੀ॥
ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ॥
ਮਨੁੱਖ ਲਈ ਜੀਵਨ ਦੇ ਸਹੀ ਰਸਤੇ ਦਾ ਰਾਹ ਦਰਸਾਵਾ ਗੁਰੂ ਹੈ ਅਤੇ ਇਹ ਰਸਤਾ ਜਾਣਨ ਲਈ ਗੁਰੂ ਕੋਲ ਜਾਣਾ ਚਾਹੀਦਾ ਹੈ, ਗੁਰੂ ਨੂੰ ਮਿਲਣ ਲਈ ਗੁਰੂ ਦੇ ਦੁਆਰੇ ‘ਤੇ ਜਾਣਾ ਹੈ। ਗੁਰੂ ਅਮਰਦਾਸ ਇਸੇ ਪਾਸੇ ਸੰਕੇਤ ਕਰਦਿਆਂ ਕਹਿੰਦੇ ਹਨ ਕਿ ਸਤਿਗੁਰੂ ਨੇ ਹੁਕਮ ਕੀਤਾ ਹੈ, ਮਨ ਨੂੰ ਭਰਮ-ਮੁਕਤ ਕਰਨ ਲਈ ਇਹ ਕਾਰ ਕਮਾਉਣੀ ਹੈ ਕਿ ਗੁਰੂ ਦੇ ਦਰ ‘ਤੇ ਜਾ ਕੇ ਗੁਰੂ ਦੀ ਸਿੱਖਿਆ ਵਿਚ ਅਕਾਲ ਪੁਰਖ ਦਾ ਸਿਮਰਨ ਕਰਨਾ ਹੈ, ਉਹ ਹਰ ਇੱਕ ਦੇ ਅੰਗ-ਸੰਗ ਹੈ। ਇਸ ਲਈ ਆਪਣੀਆਂ ਅੱਖਾਂ ਤੋਂ ਭਰਮ ਦੇ ਜਾਲੇ ਲਾਹ ਕੇ ਆਪਣੇ ਅੰਦਰ ਉਸ ਦੀ ਜੋਤ ਨੂੰ ਟਿਕਾਉਣਾ ਹੈ,
ਸਤਿਗੁਰੂ ਫੁਰਮਾਇਆ ਕਾਰੀ ਏਹ ਕਰੇਹੁ॥
ਗੁਰੂ ਦੁਆਰੇ ਹੋਇ ਕੈ ਸਾਹਿਬੁ ਸੰਮਾਲੇਹੁ॥
ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਵੀ ਗੁਰਦੁਆਰੇ ਅਰਥਾਤ ਗੁਰੂ ਦੇ ਦਰ ਨੂੰ ਅਜਿਹਾ ਸਥਾਨ ਕਹਿੰਦੇ ਹਨ ਜਿਸ ਦਰ ‘ਤੇ ਰਹਿ ਕੇ ਮਨੁੱਖ ਨੂੰ ਅਕਾਲ ਪੁਰਖ ਦੀ ਸਿਫਤਿ ਸਾਲਾਹ ਸੁਣਨੀ ਚਾਹੀਦੀ, ਅਕਾਲ ਪੁਰਖ ਦੀ ਵਡਿਆਈ, ਉਸ ਦਾ ਜਸ ਆਪਣੇ ਮੁੱਖ ਤੋਂ ਉਚਾਰਨਾ ਚਾਹੀਦਾ ਹੈ। ਉਹ ਮਨੁੱਖ ਅਜਿਹਾ ਉਦਮ ਕਰਦਾ ਹੈ ਜਿਸ ਨੂੰ ਗੁਰੂ ਮਿਲ ਪੈਂਦਾ ਹੈ ਅਤੇ ਗੁਰੂ ਰਾਹੀਂ ਮਨੁੱਖ ਦੇ ਸਾਰੇ ਝਗੜੇ, ਕਲੇਸ਼ ਖਤਮ ਹੋ ਜਾਂਦੇ ਹਨ। ਅਕਾਲ ਪੁਰਖ ਦੀ ਹਜ਼ੂਰੀ ਵਿਚ ਗੁਰੂ ਮਨੁੱਖ ਨੂੰ ਆਦਰ ਅਤੇ ਸਤਿਕਾਰ ਦਿੰਦਾ ਹੈ,
ਗੁਰਦੁਆਰੈ ਹਰਿ ਕੀਰਤਨੁ ਸੁਣੀਐ॥
ਸਤਿਗੁਰੁ ਭੇਟਿ ਹਰਿ ਜਸੁ ਮੁਖਿ ਭਣੀਐ॥
ਕਲਿ ਕਲੇਸ ਮਿਟਾਏ ਸਤਿਗੁਰੁ
ਹਰਿ ਦਰਗਹ ਦੇਵੇ ਮਾਨਾ ਹੇ॥
ਭਾਈ ਕਾਹਨ ਸਿੰਘ ਨਾਭਾ ਨੇ ਗੁਰਦੁਆਰੇ ਦੀ ਵਿਆਖਿਆ ਕਰਦਿਆਂ ਜਿਸ ਤਰ੍ਹਾਂ ਦੇ ਕਾਰਜਾਂ ਦੀ ਪੂਰਤੀ ਗੁਰਦੁਆਰੇ ਰਾਹੀਂ ਹੋਣ ਦੀ ਗੱਲ ਕੀਤੀ ਹੈ, ਉਹ ਸਭ ਕਾਰਜ ਗੁਰਦੁਆਰੇ ਰਾਹੀਂ ਹੁੰਦੇ ਰਹੇ ਹਨ। ਪਰ ਇਹ ਬੀਤੇ ਦੀਆਂ ਗੱਲਾਂ ਹਨ। ਹੁਣ ਗੁਰਦੁਆਰਾ ਵਿਦਿਆਰਥੀਆਂ ਲਈ ‘ਸਕੂਲ’ ਦਾ ਕੰਮ ਨਹੀਂ ਕਰਦਾ ਕਿਉਂਕਿ ਇਹ ਕਾਰਜ ਵਿੱਦਿਆ ਕੇਂਦਰਾਂ ਨੇ ਸਾਂਭ ਲਏ ਹਨ। ਗੁਰਦੁਆਰਾ ਕਮੇਟੀਆਂ ਵੱਲੋਂ ਸਕੂਲ ਖੋਲ੍ਹੇ ਜਾਂਦੇ ਹਨ ਪਰ ਉਥੇ ਗਰੀਬ ਵਿਦਿਆਰਥੀਆਂ ਨੂੰ ਕੋਈ ਮੁਫਤ ਵਿੱਦਿਆ ਨਹੀਂ ਦਿੱਤੀ ਜਾਂਦੀ। ਆਤਮ ਜਗਿਆਸਾ ਦੀ ਥਾਂ ਰਾਜਨੀਤੀ ਨੂੰ ਵੱਧ ਅਹਿਮੀਅਤ ਦਿੱਤੀ ਜਾਂਦੀ ਹੈ, ਗੁਰਦੁਆਰੇ ਰਾਜਨੀਤਕ ਕੇਂਦਰ ਬਣ ਗਏ ਹਨ ਜਿਨ੍ਹਾਂ ਦੀ ਵਰਤੋਂ ਰਾਜਨੀਤਕ ਤਾਕਤ ਪਾਉਣ ਲਈ ਅਤੇ ਉਸ ਨੂੰ ਕਾਇਮ ਰੱਖਣ ਲਈ ਕੀਤੀ ਜਾਂਦੀ ਹੈ। ਰੋਗੀਆਂ ਲਈ ਸ਼ਫਾਖਾਨਾ ਹੁਣ ਗੁਰਦੁਆਰਾ ਨਹੀਂ ਹੈ ਅਤੇ ਇਹ ਕਾਰਜ ਡਾਕਟਰਾਂ ਅਤੇ ਹਸਪਤਾਲਾਂ ਨੇ ਸਾਂਭ ਲਿਆ ਹੈ। ਗੁਰਦੁਆਰਾ ਕਮੇਟੀਆਂ ਦੇ ਹਸਪਤਾਲ ਹਨ ਪਰ ਉਹ ਗਰੀਬਾਂ ਦਾ ਮੁਫਤ ਇਲਾਜ ਕਰਨ ਲਈ ਨਹੀਂ ਹਨ। ਲੰਗਰ ਦੀ ਸੰਸਥਾ ਭੁੱਖਿਆਂ ਲਈ ਅੰਨਪੂਰਣਾ ਹੈ ਪਰ ਉਸ ਵਿਚ ਬਹੁਤ ਵੱਡੀਆਂ ਤਬਦੀਲੀਆਂ ਆ ਗਈਆਂ ਹਨ ਅਤੇ ਇਸ ਦਾ ਸਬੰਧ ਭੁੱਖੇ ਨੂੰ ਪਰਸ਼ਾਦਾ ਛਕਾਉਣ ਨਾਲੋਂ ਦਿਖਾਵੇ ਨਾਲ ਵੱਧ ਹੈ।
ਇਸਤਰੀ ਜਾਤ ਦੀ ਪੱਤ ਰੱਖਣ ਜਾਂ ਉਸ ਦੀ ਕਿਸੇ ਮੁਸੀਬਤ ਸਮੇਂ ਸਹਾਇਤਾ ਕਰਨ ਦੀ ਇੱਕ ਉਦਾਹਰਣ ‘ਪੰਜਾਬ ਟਾਈਮਜ਼’ ਦੇ ਪਿਛਲੇ ਅੰਕ ਵਿਚ ਡਾæ ਹਰਭਜਨ ਸਿੰਘ ਦੇ ਲੇਖ ਦੇ ਉਤਰ ਵਿਚ ਪਾਠਕਾਂ ਨੇ ਪੜ੍ਹੀ ਹੀ ਹੈ। ਕੈਨੇਡਾ, ਅਮਰੀਕਾ ਜਾਂ ਇੰਗਲੈਂਡ ਵਰਗੇ ਮੁਲਕਾਂ ਵਿਚ, ਭਾਰਤ ਵਿਚ ਤੇ ਭਾਰਤ ਤੋਂ ਵਿਆਹ ਕੇ ਆਈਆਂ ਬੀਬੀਆਂ ਨੂੰ ਬਥੇਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਮੇਰਾ ਖਿਆਲ ਨਹੀਂ ਕਿ ਕਿਸੇ ਵੀ ਗੁਰਦੁਆਰੇ ਵੱਲੋਂ ਕੋਈ ਇਸ ਕਿਸਮ ਦੀ ਕਮੇਟੀ ਜਾਂ ਅਜਿਹਾ ਸੰਗਠਨ ਬਣਾਇਆ ਗਿਆ ਹੋਵੇ ਜਿਹੜਾ ਦੁੱਖ ਝੱਲ ਰਹੀਆਂ ਇਨ੍ਹਾਂ ਬੀਬੀਆਂ ਦੀ ਕੋਈ ਸਹਾਇਤਾ ਕਰਦਾ ਹੋਵੇ।
ਪਿਛਲੇ ਲੇਖ ਵਿਚ ਜੋ ਅਸਲ ਪ੍ਰਸ਼ਨ ਉਠਾਉਣ ਦੀ ਕੋਸਿਸ਼ ਕੀਤੀ ਗਈ ਸੀ, ਉਹ ਸੀ ਜਾਤਾਂ, ਗੋਤਾਂ ਦੇ ਨਾਂ ‘ਤੇ ਗੁਰਦੁਆਰਿਆਂ ਦੀ ਉਸਾਰੀ, ਖਾਸ ਕਰ ਪਿੰਡਾਂ ਵਿਚ ਦਲਿਤ ਭਾਈਚਾਰੇ ਦੇ ਅਲੱਗ ਗੁਰਦੁਆਰੇ ਸਥਾਪਤ ਹੋਣੇ ਜਦਕਿ ਗੁਰੂਆਂ ਵੱਲੋਂ ਸਥਾਪਤ ਕੀਤੇ ਧਰਮ ਦਾ ਮੁੱਖ ਆਦਰਸ਼ ਮਨੁੱਖਤਾ ਨੂੰ ਜੋੜਨਾ ਹੈ, ਨਾ ਕਿ ਜਾਤ, ਧਰਮ ਜਾਂ ਕੌਮ ਦੇ ਨਾਂ ‘ਤੇ ਮਾਨਵਤਾ ਨੂੰ ਵੰਡਣਾ। ਵੱਡਾ ਤੇ ਅਹਿਮ ਨੁਕਤਾ ਇਹ ਹੈ ਕਿ ਅਜਿਹਾ ਆਮ ਸਿੱਖਾਂ ਵੱਲੋਂ ਨਹੀਂ ਕੀਤਾ ਜਾਂਦਾ, ਇਹ ਉਨ੍ਹਾਂ ਵੱਲੋਂ ਕੀਤਾ ਜਾਂਦਾ ਹੈ ਜੋ ਆਪਣੇ ਆਪ ਨੂੰ ਸਿੱਖੀ ਦੇ ਸਭ ਤੋਂ ਵੱਧ ਰਖਵਾਲੇ ਜਾਂ ਠੇਕੇਦਾਰ ਜਾਂ ਗਿਆਨੀ-ਧਿਆਨੀ ਸਮਝਦੇ ਹਨ। ਦਲਿਤ ਭਾਈਚਾਰੇ ਨੂੰ ਬਰਾਬਰ ਦਾ ਦਰਜਾ ਨਾ ਦੇਣਾ ਜਾਂ ਬਣਦਾ ਸਤਿਕਾਰ ਅਤੇ ਪ੍ਰਬੰਧਕੀ ਜਿੰਮੇਵਾਰੀਆਂ ਨਾ ਦੇਣ ਦਾ ਸੰਕੇਤ ਪਿਛਲੇ ਲੇਖ ਵਿਚ ਕੀਤਾ ਸੀ। ਡੇਰਾ ਸਿਰਸਾ ਨਾਲ ਜੁੜੇ ਗਰੀਬ ਪੇਂਡੂ ਪ੍ਰੇਮੀਆਂ ਬਾਰੇ ਛਪਦੀਆਂ ਖਬਰਾਂ ਅਨੁਸਾਰ ਇੱਕ ਹੋਰ ਕਾਰਨ ਘਰ ਦੇ ਕਿਸੇ ਇੱਕ ਮੈਂਬਰ ਦਾ ਰੁਜ਼ਗਾਰ ਦੀ ਖਾਤਰ ਡੇਰੇ ਨਾਲ ਜੁੜੇ ਹੋਣਾ ਹੈ। ਸੁਣਨ ਵਿਚ ਆਇਆ ਹੈ ਕਿ ਅਜਿਹੇ ਪਰਿਵਾਰਾਂ ਨੂੰ ਕਿਸੇ ਧਾਰਮਿਕ ਜਾਂ ਸਮਾਜਿਕ ਕਾਰਜ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੇਣ ਤੋਂ ਇਨਕਾਰ ਕਰ ਦੇਣਾ ਜਾਂ ਉਨ੍ਹਾਂ ਨੂੰ ਗੁਰਦੁਆਰੇ ਵਿਚ ਦਾਖਲ ਹੋਣ ਤੋਂ ਮਨ੍ਹਾਂ ਕਰਨਾ ਵੀ ਇੱਕ ਕਾਰਨ ਹੈ। ਕਈ ਹੋਰ ਕਾਰਨ ਵੀ ਹੋ ਸਕਦੇ ਹਨ ਜਿਨ੍ਹਾਂ ਵਿਚ ਅਜਿਹੀ ਹਾਲਤ ਪੈਦਾ ਹੋ ਸਕਦੀ ਹੈ ਜਿਸ ਕਰਕੇ ਇਸ ਤੋਂ ਬਚਣ ਲਈ ਦਲਿਤ ਭਾਈਚਾਰਾ ਆਪਣਾ ਵੱਖਰਾ ਗੁਰਦੁਆਰਾ ਉਸਾਰ ਲੈਂਦਾ ਹੈ।
ਗੁਰੂ ਦਾ ਦਰ ਹਰ ਇੱਕ ਲਈ ਖੁੱਲ੍ਹਾ ਹੈ। ਸਿੱਖ ਹਰ ਰੋਜ਼ ਅਰਦਾਸ ਕਰਦਾ ਹੈ, ‘ਜੋ ਜੀਅ ਆਵੇ ਸੋ ਰਾਜੀ ਜਾਵੇ।’ ਸਿੱਖ ਦਾ ਫਰਜ਼ ਹੈ, ਭੁੱਲੇ-ਭਟਕਿਆਂ ਨੂੰ ਗੁਰੂ ਦੇ ਲੜ ਲਾਉਣਾ, ਉਨ੍ਹਾਂ ਨੂੰ ਰਸਤਾ ਦਿਖਾਉਣਾ ਨਾ ਕਿ ਦੁਰਕਾਰਨਾ। ਫਰਜ਼ ਬਣਦਾ ਹੈ ਕਿ ਪਹਿਲਾਂ ਉਸ ਜਾਂ ਉਸ ਦੇ ਪਰਿਵਾਰ ਦੀ, ਭਾਈਚਾਰੇ ਦੀ ਸਮੱਸਿਆ ਸਮਝੀ ਜਾਵੇ ਅਤੇ ਫਿਰ ਉਸ ਦਾ ਹੱਲ ਲੱਭਿਆ ਜਾਵੇ। ਹਰ ਸਮੱਸਿਆ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ ਅਤੇ ਸਿੱਖ ਨੂੰ ਗੁਰੂ ਨੇ ਹਦਾਇਤ ਕੀਤੀ ਹੈ ਕਿ ਸੰਗਤੀ ਰੂਪ ਵਿਚ ਮਿਲ-ਬੈਠ ਕੇ ਸ਼ਬਦ ਗੁਰੂ ਦੀ ਅਗਵਾਈ ਵਿਚ ਉਸ ਸਮੱਸਿਆ, ਉਸ ਦੁਬਿਧਾ ਦਾ ਹੱਲ ਲੱਭ ਕੇ ਸਮੱਸਿਆ ਦੂਰ ਕੀਤੀ ਜਾਵੇ,
ਹੋਇ ਇਕਤ੍ਰ ਮਿਲਹੁ ਮੇਰੇ ਭਾਈ
ਦੁਬਿਧਾ ਦੂਰਿ ਕਰਹੁ ਲਿਵ ਲਾਇ॥
ਹਰਿ ਨਾਮੈ ਕੇ ਹੋਵਹੁ ਜੋੜੀ
ਗੁਰਮੁਖਿ ਬੈਸਹੁ ਸਫਾ ਵਿਛਾਇ॥ (ਪੰਨਾ 1185)
ਅਜਿਹੀਆਂ ਸਮੱਸਿਆਵਾਂ ਦਾ ਹੱਲ ਦੁਰਕਾਰਨ, ਅੱਡ ਕਰ ਦੇਣ ਜਾਂ ਅੱਡ ਹੋਣ ਵਰਗੇ ਹਾਲਾਤ ਪੈਦਾ ਕਰ ਦੇਣ ਵਿਚ ਨਹੀਂ ਹੈ। ਗੁਰੂ ਅਰਜਨ ਦੇਵ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬੀੜ ਤਿਆਰ ਕੀਤੀ ਤਾਂ ਉਨ੍ਹਾਂ ਨੇ ਬਿਨਾ ਕਿਸੇ ਭੇਦ ਭਾਵ ਦੇ ਉਨ੍ਹਾਂ ਸੰਤਾਂ-ਭਗਤਾਂ ਦੀ ਬਾਣੀ ਵੀ ਨਾਲ ਸ਼ਾਮਲ ਕੀਤੀ, ਜਿਨ੍ਹਾਂ ਦੀ ਵਿਚਾਰਧਾਰਾ ਗੁਰਮਤਿ ਵਿਚਾਰਧਾਰਾ ਨਾਲ ਮੇਲ ਖਾਂਦੀ ਸੀ। ਜਦੋਂ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ ਤਾਂ ਚਾਰ ਦਿਸ਼ਾਵਾਂ ਵਿਚ ਚਾਰ ਦੁਆਰ ਰੱਖੇ ਤਾਂ ਕਿ ਬਿਨਾ ਕਿਸੇ ਭੇਦ-ਭਾਵ ਅਤੇ ਵਿਤਕਰੇ ਦੇ ਹਰ ਕੋਈ ਗੁਰੂ ਦੇ ਦਰਬਾਰ ਆ ਸਕੇ।