ਟੁੱਟੇ ਪੱਤੇ ਜਿਹੀ ਓਕਾਤ

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਹਥਲੇ ਲੇਖ ਵਿਚ ਉਨ੍ਹਾਂ ਪੱਤਝੜ ਵਿਚ ਪੱਤਿਆਂ ਦੇ ਡਿੱਗਣ ਦੇ ਹਵਾਲੇ ਨਾਲ ਪਰਦੇਸੀਂ ਜਾ ਵੱਸੇ ਹਮਵਤਨਾਂ ਦੀ ਵਿਥਿਆ ਬਿਆਨ ਕਰਦਿਆਂ ਕਿਹਾ ਹੈ ਕਿ ਆਪਣੇ ਮੂਲ ਨਾਲੋਂ ਟੁੱਟ ਕੇ, ਟੁੱਟੇ ਪੱਤੇ ਵਰਗੀ ਅਉਧ ਹੰਢਾਉਣ ਲਈ ਮਜਬੂਰ ਲੋਕਾਂ ਦੇ ਸੋਚ-ਮਸਤਕ ਵਿਚ ਹਉਕੇ ਉਗਦੇ ਨੇ ਅਤੇ ਸਾਹ-ਤਲੀ ‘ਤੇ ਸਿਸਕੀਆਂ ਦਾ ਆਵਾਗੌਣ ਬਣਿਆ ਰਹਿੰਦਾ ਏ।

ਪਰ ਉਹ ਟੁੱਟੇ ਪੱਤੇ ਵਰਗੀ ਸੋਚ ਦਾ ਪੱਲਾ ਫੜ੍ਹ ਕੇ ਜਿਉਣ ਦਾ ਹੁਲਾਰ ਵੀ ਮਾਣ ਸਕਦੇ ਨੇ। ਉਨ੍ਹਾਂ ਇਸ ਤੱਥ ਨੂੰ ਉਜਾਗਰ ਕੀਤਾ ਹੈ ਕਿ ਰੁੱਖ ਦੇ ਪੱਤਿਆਂ ਵਾਂਗ ਆਪਣੇ ਵਤਨ ਤੋਂ ਵਿਛੜੇ ਲੋਕਾਂ ਦਾ ਆਪਣੇ ਵਤਨ ਨਾਲੋਂ ਰਿਸ਼ਤਾ ਨਹੀਂ ਟੁੱਟਦਾ। -ਸੰਪਾਦਕ

ਡਾæ ਗੁਰਬਖਸ਼ ਸਿੰਘ ਭੰਡਾਲ
ਬਿਰਖ ਦੀ ਟਾਹਣੀ ‘ਤੇ ਸੋਂਹਦੇ ਪੱਤੇ ਨੂੰ ਕਦੇ ਕਿਆਸ ਵੀ ਨਹੀਂ ਹੁੰਦਾ ਕਿ ਇਕ ਦਿਨ ਉਸ ਦਾ ਰੈਣ-ਬਸੇਰਾ ਉਸ ਤੋਂ ਰੁੱਸ ਜਾਵੇਗਾ ਅਤੇ ਉਹ ਲਟਕਦੇ ਪਲਾਂ ਦੀ ਅਉਧ ਹੰਢਾਉਣ ਲਈ ਮਜਬੂਰ ਹੋਵੇਗਾ।
ਟੁੱਟਾ ਪੱਤਾ ਤਾਂ ਇਹ ਸੋਚ ਵੀ ਨਹੀਂ ਸਕਦਾ ਕਿ ਹਵਾ ਦੀ ਰੁਮਕਣੀ ਸੰਗ ਸੰਗੀਤਕ ਤਰੰਗਾਂ ਪੈਦਾ ਕਰਨ ਵਾਲਾ, ਕਦੇ ਹਵਾ ਦੇ ਰਹਿਮੋ-ਕਰਮ ‘ਤੇ ਆਪਣੇ ਆਖਰੀ ਸਾਹ ਨੂੰ ਵੀ ਅਲਵਿਦਾ ਕਹਿ ਦੇਵੇਗਾ।
ਪੱਤਾ ਤਾਂ ਹਰਿਆਵਲ ‘ਚ ਰੰਗਿਆ, ਚੌਗਿਰਦੇ ‘ਚ ਹਰੇ ਰੰਗ ਦੀ ਚਕਾਚੌਂਧ ਪੈਦਾ ਕਰਦਾ, ਆਲੇ-ਦੁਆਲੇ ‘ਚ ਧੜਕਦੀ ਜ਼ਿੰਦਗੀ ਦਾ ਨਿਉਂਦਾ ਦਿੰਦਾ ਏ। ਉਸ ਦੇ ਚਿੱਤ-ਚੇਤੇ ਵੀ ਨਹੀਂ ਹੁੰਦਾ ਕਿ ਉਹ ਬਦਲਦੇ ਮੌਸਮਾਂ ਦੀ ਮਾਰ ਹੇਠ ਆ ਕੇ ਹਰੇ ਤੋਂ ਪੀਲਾ, ਲਾਲ, ਭੂਰਾ ਹੁੰਦਿਆਂ ਪੱਤਝੜ ਰੁੱਤ ਦਾ ਨਾਮਕਰਨ ਬਣ ਜਾਵੇਗਾ। ਪਰ ਇਹ ਉਸ ਦੀ ਵਡਿੱਤਣ ਹੈ ਕਿ ਉਹ ਆਪਣੇ ਆਖਰੀ ਪਲਾਂ ‘ਚ ਵੀ ਰਾਂਗਲੇ ਰੰਗ ਭਰ ਪੱਤਝੜ ਦੀ ਤਲੀ ‘ਤੇ ਰੰਗਾਂ ਦੀ ਮਹਿੰਦੀ ਲਾ ਜਾਂਦਾ ਏ। ਇਹ ਰੰਗ ਬਰੰਗੀ ਪੱਤਝੜ ਹੀ ਹੈ ਜੋ ਮੌਸਮੀ ਬੇਰੁਖੀ ਦੇ ਨਾਂਵੇਂ ਇਕ ਵਿਲੱਖਣ ਤਾਜ਼ਗੀ ਕਰ ਜਾਂਦੀ ਏ।
ਪੱਤਾ ਤਾਂ ਸਦਾ ਟਾਹਣੀ ਨਾਲ ਲਾਡ ਲਡਾਉਂਦਾ, ਉਸ ਦੀ ਦਿੱਖ ਵਿਚ ਮੋਹ ਅਤੇ ਅਪਣੱਤ ਧਰਦਾ ਬਿਰਖ ਦੀ ਸ਼ਾਨ ਬਣਦਾ ਏ। ਬੇਪੱਤਰੇ ਬਿਰਖਾਂ ‘ਤੇ ਕਦੇ ਕੋਈ ਪਰਿੰਦਾ ਆਪਣਾ ਆਲ੍ਹਣਾ ਨਹੀਂ ਬਣਾਉਂਦਾ, ਨਾ ਹੀ ਪੰਛੀਆਂ ਦੀਆਂ ਮਹਿਫਿਲਾਂ ਲੱਗਦੀਆਂ ਨੇ ਅਤੇ ਨਾ ਹੀ ਇਸ ਦੇ ਵਿਹੜੇ ਵਿਚ ਸੱਥਾਂ ਸਜਦੀਆਂ ਨੇ। ਇਹ ਤਾਂ ਪੱਤਿਆਂ ਦਾ ਹੀ ਪ੍ਰਤਾਪ ਹੁੰਦਾ ਏ ਜੋ ਬਿਰਖ ਦੀ ਅਹਿਮੀਅਤ ਸਿਰਜਦਾ, ਇਸ ਨੂੰ ਸੁਹੱਪਣ ਅਤੇ ਸੰਪੂਰਨਤਾ ਬਖਸ਼ਦਾ ਏ।
ਪੱਤੇ ਤਾਂ ਆਪਣੇ ਪਿੰਡੇ ‘ਤੇ ਲੂਆਂ ਜਰਦੇ, ਸ਼ਰਨ ਵਿਚ ਆਇਆਂ ਲਈ ਸੰਘਣੀ ਛਾਂ ਬਣਦੇ ਨੇ ਅਤੇ ਮਿੱਠੜੀ ਜਿਹੀ ਲੋਰੀ ਦੇ ਕੇ ਸਵਾਉਂਦੇ ਨੇ। ਕਦੇ ਥੱਕੇ ਹੋਏ ਕਾਮੇ ਨੂੰ ਬਿਰਖ ਦੀ ਛਾਂ ਹੇਠ ਸਵਰਗੀ ਨੀਂਦ-ਹੁਲਾਰੇ ਲੈਂਦੇ ਦੇਖਣਾ, ਪੱਤਿਆਂ ਦੀ ਛਾਂ ਦਾ ਮਹੱਤਵ ਤੁਹਾਡੇ ਦੀਦਿਆਂ ਵਿਚ ਲਿਸ਼ਕਣ ਲੱਗ ਪਵੇਗਾ।
ਪੱਤੇ ਤਾਂ ਹਰ ਦਮ ਆਪਣੇ ਮੁੱਢ ਦੀ ਖੈਰ ਮਨਾਉਂਦੇ ਨੇ। ਟਾਹਣ ਨਾਲੋਂ ਟੁੱਟ ਕੇ ਵੀ ਬਿਰਖ ਦੇ ਮੁੱਢੀਂ ਆਸਰਾ ਭਾਲਦੇ ਨੇ। ਆਪਣੀ ਖਾਕ ਆਪਣੇ ਪਾਲਣਹਾਰੇ ਦੇ ਮੁੱਢੀਂ ਧਰ ਨਵੀਆਂ ਨਸਲਾਂ ਲਈ ਜਿਉਣ ਦਾ ਆਧਾਰ ਬਣ ਜਾਂਦੇ ਨੇ।
ਟੁੱਟੇ ਪੱਤੇ ਵਰਗੇ ਲੋਕ ਜਦ ਕਿਸੇ ਸਮਾਜ ਦਾ ਮੁਹਾਂਦਰਾ ਬਣ ਜਾਣ ਤਾਂ ਸਮਾਜ ਦੇ ਮੱਥੇ ਇਕ ਤਿੜਕਣ ਧਰੀ ਜਾਂਦੀ ਏ ਅਤੇ ਇਹ ਅੰਦਰੂਨੀ ਤਿੜਕਣ ਹੀ ਹੁੰਦੀ ਏ, ਜੋ ਸਾਡੇ ਵਿਅਕਤੀਤਵ ਦਾ ਹਿੱਸਾ ਬਣ ਕੇ ਸਾਨੂੰ ਪੋਰਾ-ਪੋਰਾ ਕਰਕੇ ਖੋਰਦੀ ਅਤੇ ਤੋੜਦੀ ਏ।
ਆਪਣੇ ਮੂਲ ਨਾਲੋਂ ਟੁੱਟ ਕੇ, ਟੁੱਟੇ ਪੱਤੇ ਵਰਗੀ ਅਉਧ ਹੰਢਾਉਣ ਲਈ ਮਜਬੂਰ ਲੋਕਾਂ ਦੇ ਸੋਚ-ਮਸਤਕ ਵਿਚ ਹਉਕੇ ਉਗਦੇ ਨੇ ਅਤੇ ਸਾਹ-ਤਲੀ ‘ਤੇ ਸਿਸਕੀਆਂ ਦਾ ਆਵਾਗੌਣ ਬਣਿਆ ਰਹਿੰਦਾ ਏ। ਪਰ ਉਹ ਟੁੱਟੇ ਪੱਤੇ ਵਰਗੀ ਸੋਚ ਦਾ ਪੱਲਾ ਫੜ੍ਹ ਕੇ ਜਿਉਣ ਦਾ ਹੁਲਾਰ ਵੀ ਮਾਣ ਸਕਦੇ ਨੇ।
ਟੁੱਟੇ ਪੱਤੇ ਉਹੀ ਪੱਤੇ ਨੇ ਜਿਨ੍ਹਾਂ ਨੇ ਸਾਡਾ ਸਾਹ-ਭੰਡਾਰ ਬਣ ਕੇ ਜੀਵਨ ਦਾਨ ਬਖਸ਼ਿਆ, ਚੌਤਰਫੇ ਫੈਲੇ ਪ੍ਰਦੂਸ਼ਣ ਨੂੰ ਆਪਣੇ ਵਿਚ ਸਮਾ ਕੇ ਸਾਨੂੰ ਸਵੱਛਤਾ ਬਖਸ਼ੀ ਅਤੇ ਮੌਸਮੀ ਕੁਰਖਤੀਆਂ ਨੂੰ ਘਟਾਉਣ ਲਈ ਪੂਰੀ ਵਾਹ ਲਾਈ।
ਟੁੱਟੇ ਪੱਤੇ ਦੀ ਆਰਜੂ, ਇਕ ਦਰਦ ਵੀ ਅਤੇ ਇਕ ਸਕੂਨ ਵੀ। ਟਾਹਣੀ ‘ਤੇ ਮਾਣੇ ਪਲਾਂ ਦੀ ਸਰਸ਼ਾਰੀ ਵੀ ਅਤੇ ਟੁੱਟਣ ਦਾ ਵਿਯੋਗ ਵੀ। ਆਪਣਿਆਂ ਸੰਗ ਬਿਤਾਏ ਪਲਾਂ ਦਾ ਸਰੂਰ ਵੀ ਅਤੇ ਆਪਣਿਆਂ ਤੋਂ ਦੂਰ ਜਾਣ ਦਾ ਗਮ ਵੀ। ਪੂਰਤੀ ਦਾ ਅਹਿਸਾਸ ਵੀ ਅਤੇ ਹੋਰ ਬਹੁਤ ਕੁਝ ਅਣ-ਕੀਤਾ ਰਹਿਣ ਦਾ ਫਿਕਰ ਵੀ। ਹਵਾ ਸੰਗ ਲਹਿਰਾਉਣ ਦਾ ਮਲਾਲ ਵੀ ਅਤੇ ਸੰਗੀਤਕ ਸੁਰਾਂ ਪੈਦਾ ਕਰਨ ਦਾ ਇਲਾਹੀ ਨਾਦ ਵੀ। ਟਾਹਣੀ ਦੀ ਸੱਚੀ ਪਰਦਾਦਾਰੀ ਕਰਦਿਆਂ ਸੁੰਦਰ ਬਣਾਉਣ ਦਾ ਮਾਣ ਵੀ ਏ ਪਰ ਇਸ ਨੂੰ ਨੰਗੇ ਪਿੰਡੇ ਛੱਡ ਕੇ ਜਾਣ ਦਾ ਹਿਰਖ ਤੇ ਪੀੜਾ ਵੀ।
ਪੱਤੇ, ਪੱਤਿਆਂ ਸੰਗ ਹੀ ਸੋਂਹਦੇ ਨੇ। ਬੜਾ ਔਖਾ ਹੁੰਦਾ ਏ ਆਪਣਿਆਂ ਤੋਂ ਦੂਰ ਤੁਰ ਜਾਣਾ ਅਤੇ ਆਪਣਿਆਂ ਦੀਆਂ ਯਾਦਾਂ ਨੂੰ ਮਨ ਵਿਚ ਵਸਾਉਣਾ। ਵਿਦੇਸ਼ਾਂ ਵਿਚ ਆ ਕੇ ਅਕਸਰ ਹੀ ਅਸੀਂ ਆਪਣੇ ਮੂਲ ਨਾਲੋਂ ਟੁੱਟੇ, ਟੁੱਟੇ ਪੱਤੇ ਵਰਗੀ ਆਰਜਾ ਹੰਢਾਉਣ ਲਈ ਮਜਬੂਰ ਹੁੰਦੇ ਹਾਂ। ਸਾਡੇ ਮਨਾਂ ਵਿਚ ਆਪਣੇ ਮੁੱਢ ਤੋਂ ਦੂਰ ਆਉਣ ਦਾ ਦਰਦ ਤਾਂ ਹੈ ਪਰ ਅਸੀਂ ਇਸ ਦਰਦ ਨੂੰ ਕੁਝ ਪ੍ਰਾਪਤੀਆਂ ਦੇ ਨਾਮ ਲਾ ਕੇ ਆਪਣੇ ਮੂਲ ਲਈ ਮਾਣ ਵੀ ਬਣ ਸਕਦੇ ਹਾਂ। ਚੰਗੀ ਗੱਲ ਹੈ ਕਿ ਸਾਡੀ ਮਾਨਸਿਕਤਾ ਵਿਚ ਆਏ ਉਸਾਰੂ ਬਦਲਾਓ ਸਦਕਾ ਅਸੀਂ ਨਵੀਂ ਪਛਾਣ ਸਿਰਜਣ ਦੇ ਰਾਹ ਪੈ ਕੇ ਆਪਣੇ ਮੂਲ ਨੂੰ ਨਵੇਂ ਅਰਥ ਦੇ ਰਹੇ ਹਾਂ। ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਦੀਆਂ ਪ੍ਰਾਪਤੀਆਂ ਮੂਲ ਲਈ ਮਾਣ ਦਾ ਸਬੱਬ ਨੇ ਅਤੇ ਟੁੱਟੇ ਪੱਤੇ ਵਰਗੇ ਇਹ ਲੋਕ ਆਪਣੀਆਂ ਜੜ੍ਹਾਂ ਨੂੰ ਮਜਬੂਤੀ ਬਖਸ਼ਣ ਵਿਚ ਕਾਮਯਾਬ ਹੋ ਰਹੇ ਨੇ।
ਯਾਦ ਰੱਖਣਾ! ਟੁੱਟਾ ਪੱਤਾ ਕਦੇ ਵੀ ਨਿਥਾਵਾਂ ਨਹੀਂ ਹੁੰਦਾ। ਧਰਤੀ ਮਾਂ ਉਸ ਨੂੰ ਆਪਣੀ ਹਿੱਕ ਨਾਲ ਲਾਉਂਦੀ, ਤਨ ਵਿਛਾਉਂਦੀ, ਨਵੇਂ ਮਾਰਗ ਦੀ ਲੋਚਾ ਉਸ ਦੀ ਜੀਵਨ ਦ੍ਰਿਸ਼ਟੀ ਦੇ ਨਾਮ ਕਰਦੀ ਹੈ, ਜਿਥੇ ਪੱਤੇ ਨੇ ਆਪਣੀ ਹੋਂਦ ਨੂੰ ਗਵਾ ਕੇ ਕਿਸੇ ਨਵੇਂ ਜੀਵਨ ਲਈ ਆਸ ਦੀ ਕਿਰਨ ਬਣਨਾ ਹੁੰਦਾ ਏ। ਬਿਰਖ ਨਾਲੋਂ ਟੁੱਟ ਕੇ ਬਿਰਖ ਦੀਆਂ ਸੁੱਖਾਂ ਸੁੱਖਣ ਵਾਲਾ ਇਹ ਪੱਤਾ ਆਖਰ ਨੂੰ ਫਿਰ ਬਿਰਖ ਵਿਚ ਹੀ ਸਮਾ ਜਾਂਦਾ ਏ ਅਤੇ ਫਿਰ ਕੋਮਲ ਪੱਤੀਆਂ ਦੀ ਆਮਦ ਬਣ ਕੇ ਬਿਰਖ ਦੇ ਨੰਗੇ ਪਿੰਡੇ ਨੂੰ ਹਰਿਆਵਲ ਦਾ ਕੱਜਣ ਬਖਸ਼ ਦਿੰਦਾ ਏ।
ਟੁੱਟੇ ਪੱਤੇ ਨੂੰ ਇਸ ਗੱਲ ਦਾ ਹਿਰਖ ਹੁੰਦਾ ਏ ਕਿ ਸਾਰੀ ਉਮਰ ਇਕ ਟਾਹਣੀ ਨਾਲ ਜੁੜਿਆ ਨਿੱਕੇ ਜਿਹੇ ਦਾਇਰੇ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਸੀ। ਜਦ ਉਹ ਟੁੱਟਦਾ ਹੈ ਤਾਂ ਹਵਾ ਦੇ ਕੰਧਾੜੇ ਉਸ ਦੇ ਦਾਇਰੇ ਅਸੀਮਤ ਕਰ ਦਿੰਦੇ ਨੇ। ਦਾਇਰੇ ਵਿਸ਼ਾਲ ਬਣਾਉਣਾ ਹੀ ਸਭ ਤੋਂ ਔਖਾ ਹੁੰਦਾ ਏ, ਜਿਸ ਨੇ ਸਾਡੀ ਸੋਚ ਨੂੰ ਨਵੇਂ ਦਿਸਹੱਦਿਆਂ ਦਾ ਧਾਰਨੀ ਬਣਾਉਣਾ ਹੁੰਦਾ ਏ। ਪੱਤਾ ਤਾਂ ਆਪਣੇ ਆਪ ਨੂੰ ਵਡਭਾਗਾ ਸਮਝਦਾ ਏ ਕਿ ਉਹ ਹਵਾ ਦੇ ਆਖੇ ਲੱਗ ਜੰਗਲ ਬੇਲੇ ਗਾਹੁੰਦਾ, ਨਵੇਂ ਸੁਪਨੇ ਅਤੇ ਨਵੀਆਂ ਤਦਬੀਰਾਂ ਦਾ ਸਿਰਨਾਂਵਾਂ ਬਣ ਜਾਂਦਾ ਏ।
ਵਿਦੇਸ਼ਾਂ ਵਿਚ ਟੁੱਟੇ ਪੱਤੇ ਜਿਹੀ ਹਯਾਤੀ ਹੰਢਾ ਰਹੇ ਹਮਵਤਨੋਂ! ਕਦੇ ਕਦਾਈਂ ਟੁੱਟੇ ਪੱਤੇ ਸੰਗ ਸੰਵਾਦ ਰਚਾਉਣਾ, ਉਸ ਦੇ ਜੀਵਨ ਸਫਰ ਦੀ ਥਾਹ ਪਾਉਣਾ ਅਤੇ ਆਪਣੀਆਂ ਜੀਵਨ ਪੈੜਾਂ ਨੂੰ ਟੁੱਟੇ ਪੱਤਿਆਂ ਵਰਗੀ ਕਰਮਸ਼ੈਲੀ ਦੇ ਨਾਮ ਲਾਉਣਾ। ਸੋਚਣਾ ਜਰਾ! ਪੁਰਾਣੇ ਵਿਚਾਰ, ਜੀਵਨ ਸ਼ੈਲੀ, ਮਾਨਸਿਕਤਾ ਜਦ ਥਾਂ ਖਾਲੀ ਕਰੇਗੀ ਤਾਂ ਹੀ ਨਵੀਆਂ ਸੋਚ-ਚਿਣਗਾਂ ਅਤੇ ਨਵੀਆਂ ਕਰਮ-ਭੂਮੀਆਂ ਤੁਹਾਡੀ ਕਰਮ-ਯੋਗਤਾ ਦਾ ਮਾਣ ਬਣਨਗੀਆਂ। ਇਕਸਾਰਤਾ ਤਾਂ ਕਦੇ ਕਦੇ ਹੁੰਮਸ ਪੈਦਾ ਕਰ ਦਿੰਦੀ ਏ ਜਦ ਕਿ ਤਰੰਗਤਾ ਜੀਵਨ ਵਿਚ ਰੰਗ ਭਰਦੀ, ਸਾਡੇ ਸਮੁੱਚ ਦੇ ਨਾਂਵੇਂ ਨਵੇਂ ਮੌਕੇ, ਨਵੀਆਂ ਸੰਭਾਵਨਾਵਾਂ ਅਤੇ ਨਿੱਤ ਨਵੀਆਂ ਚੁਣੌਤੀਆਂ ਕਰਦੀ ਹੈ ਜਿਸ ਦਾ ਸਾਹਮਣਾ ਕਰਦਿਆਂ ਹੀ ਅਸੀਂ ਨਵੇਂ ਕੀਰਤੀਮਾਨਾਂ ਦਾ ਮਾਣ ਬਣਦੇ ਹਾਂ।
ਇਹ ਵੀ ਦੇਖਣ ਵਾਲੀ ਗੱਲ ਹੈ ਕਿ ਬਿਰਖ ਕਦੇ ਵੀ ਪੱਤਿਆਂ ਨੂੰ ਦੂਰ ਤੁਰ ਜਾਣ ਤੋਂ ਵਰਜਦਾ ਨਹੀਂ ਕਿਉਂਕਿ ਉਸ ਨੂੰ ਪਤਾ ਹੁੰਦਾ ਹੈ ਕਿ ਜਦ ਪੁਰਾਣੇ ਜਾਣਗੇ ਤਾਹੀਉਂ ਤਾਂ ਨਵਿਆਂ ਲਈ ਆਉਣ ਦਾ ਸਬੱਬ ਬਣੇਗਾ, ਭਾਵੇਂ ਕਿ ਇਸ ਲਈ ਬਿਰਖ ਨੂੰ ਨੰਗੇ ਪਿੰਡੇ ਮੌਸਮਾਂ ਦੀ ਮਾਰ ਸਹਿਣੀ ਪੈਂਦੀ ਏ।
ਟੁੱਟੇ ਪੱਤਿਆਂ ਦੇ ਢੇਰ ਨੂੰ ਧਰਤੀ ਆਪਣੇ ਕਲਾਵੇ ਵਿਚ ਲੈ ਕੇ ਆਪਣਾ ਧੰਨਭਾਗ ਸਮਝਦੀ ਏ। ਇਹ ਰੰਗ-ਬਿਰੰਗਾ ਵਿਛੌਣਾ ਧਰਤੀ ‘ਤੇ ਚਿੱਤਰਕਾਰੀ ਕਰਦਾ ਏ ਜਿਸ ਵਿਚ ਜੀਵਨ ਦੇ ਵਿਭਿੰਨ ਰੰਗਾਂ ਦੀ ਕਲਾ-ਨਿਕਾਸ਼ੀ ਹੁੰਦੀ ਏ। ਪੱਤਿਆਂ ‘ਤੇ ਤੁਰੇ ਜਾਂਦੇ ਰਾਹੀ ਦੀ ਖੜਖੜ ਵਿਚੋਂ ਪੱਤਿਆਂ ਦੀ ਵੇਦਨਾ ਝਰਦੀ ਏ ਜਿਹੜੇ ਆਪਣੇ ਆਖਰੀ ਸਫਰ ਦੌਰਾਨ ਵੀ ਪੈਰਾਂ ਹੇਠ ਲਿਤਾੜੇ ਜਾਂਦੇ ਨੇ।
ਟੁੱਟੇ ਪੱਤਿਆਂ ਵਰਗਾ ਜੀਵਨ ਸਫਰ, ਬੜਾ ਕੁਝ ਕਹਿੰਦਾ, ਕੀਮਤੀ ਅਹਿਸਾਸ ਸਾਡੀ ਝੋਲੀ ‘ਚ ਪਾਉਂਦਾ, ਸਾਡੀ ਸੋਚ ਨੂੰ ਵਿਸ਼ਾਲਦਾ ਅਤੇ ਸਾਨੂੰ ਬਿਰਖਾਂ ਜਿਹਾ ਜਿਗਰਾ ਅਤੇ ਪੱਤਿਆਂ ਵਰਗੀ ਪਾਕੀਜ਼ਗੀ ਆਪਣੇ ਅੰਤਰੀਵ ਵਿਚ ਵਸਾਉਣ ਲਈ ਉਕਸਾਉਂਦਾ ਏ।
ਇਹ ਟੁੱਟੇ ਪੱਤੇ ਕੰਮ ਦੀ ਸ਼ੈਅ ਨੇ। ਇਹ ਤਾਂ ਮਾਨਵੀ ਸੋਚ ਦਾ ਪੈਗਾਮ, ਧੁੱਪਾਂ ‘ਚ ਸਿਰਾਂ ‘ਤੇ ਛਾਂ ਬਣਨ ਦੀ ਕਾਮਨਾ, ਬਾਰਸ਼ਾਂ ਵਿਚ ਓਟ ਬਣਨ ਦਾ ਸ਼ੁਭ-ਕਰਮਨ ਅਤੇ ਸਜਾਵਟ ਦੀ ਹੱਟ ਸਜਾਉਣ ਦੀ ਕਿਰਤ-ਸਾਧਨਾ ਨੇ।
ਟੁੱਟੇ ਪੱਤਿਆਂ ਜਿਹੇ ਲੋਕ ਜਦ ਟੁੱਟੇ ਪੱਤਿਆਂ ਨੂੰ ਨਤਮਸਤਕ ਹੁੰਦੇ ਤਾਂ ਤਹਿਜ਼ੀਬ ਦੇ ਵਰਕੇ ‘ਤੇ ਸੁੱਚੇ ਹਰਫ ਉਕਰੇ ਜਾਂਦੇ ਨੇ, ਜਿਨ੍ਹਾਂ ਨੇ ਆਉਣ ਵਾਲੇ ਵਕਤ ਵਿਚ ਸੁਨਹਿਰੀ ਇਤਿਹਾਸ ਬਣ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਖਦ ਸੁਨੇਹਾ ਬਣਨਾ ਹੁੰਦਾ ਏ।
ਵਾਸਤਾ ਈ! ਟੁੱਟੇ ਪੱਤੇ ‘ਤੇ ਪੈਰ ਧਰਨ ਵੇਲੇ ਇਸ ਦੀ ਚੀਸ ਨੂੰ ਮਹਿਸੂਸ ਕਰਨਾ ਅਤੇ ਇਸ ਦੀ ਦੇਣ ਨੂੰ ਸਜਦਾ ਜਰੂਰ ਕਰਨਾ, ਤੁਹਾਡੀ ਸੋਚ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਸਦਾ ਗੁਣਗੁਣਾਉਂਦੀ ਰਹੇਗੀ।