ਚੱਕਰਵਾਤਾਂ ਦੇ ਨਾਂ

ਬਲਜੀਤ ਬਾਸੀ
ਪਿਛਲੇ ਦਿਨੀਂ ਐਟਲਾਂਟਿਕ ਮਹਾਂਸਾਗਰ ਵਿਚ ਆਇਆ ਇਰਮਾ ਨਾਂ ਦਾ ਚੱਕਰਵਾਤ ਬਹੁਤ ਹੀ ਜ਼ਬਰਦਸਤ ਅਤੇ ਤਬਾਹਕੁਨ ਸਾਬਿਤ ਹੋਇਆ। ਇਹ 2005 ਵਿਚ ਲੂਸੀਆਨਾ ਰਾਜ ਵਿਚ ਆਏ ਅਮਰੀਕੀ ਇਤਿਹਾਸ ਦੇ ਸਭ ਤੋਂ ਵਧ ਜਾਨਲੇਵਾ ਚੱਕਰਵਾਤ (੍ਹੁਰਰਚਿਅਨe) ਕੈਟਰੀਨਾ ਤੋਂ ਪਿਛੋਂ ਹੋਰ ਵੀ ਵੱਧ ਕਹਿਰਵਾਨ ਹੋ ਨਿਬੜਿਆ ਹੈ। ਇਹ ਸਾਗਰੀ ਪਾਣੀਆਂ ਨੂੰ ਪਾਰ ਕਰਦਾ ਫਲੋਰੀਡਾ ਖੇਤਰ ਦੇ ਧੁਰ ਅੰਦਰ ਤੱਕ ਆ ਘੁਸਿਆ। ਇਹ 2017 ਵਿਚ ਅਮਰੀਕਾ ਵਿਚ ਆਇਆ ਚੌਥਾ ਚੱਕਰਵਾਤ ਹੈ। ਨਾਂਵਾਂ ਨਾਲ ਯਾਦ ਕੀਤੇ ਜਾਂਦੇ ਤੂਫਾਨਾਂ ਵਿਚੋਂ ਇਸ ਦਾ ਨੌਵਾਂ ਨੰਬਰ ਹੈ।

ਇਸ ਤੋਂ ਕੁਝ ਦਿਨ ਹੀ ਪਹਿਲਾਂ ਐਟਲਾਂਟਿਕ ਸਾਗਰ ਵਿਚ ਹਾਰਵੀ ਨਾਂ ਦਾ ਭਿਆਨਕ ਚੱਕਰਵਾਤ ਆਇਆ। ਪੰਜਾਬੀ ਵਿਚ ‘ਬਾਰਾਂ ਸਾਲ ਦੀ ਔੜ ਲੱਗ ਗਈ’ ਕਹਿੰਦੇ ਹਨ। ਹਾਰਵੀ ਨਾਂ ਦੇ ਚੱਕਰਵਾਤ ਨੇ ਸੱਚਮੁੱਚ ਇਸ ਬਾਰਾਂ ਸਾਲ ਦੀ ਔੜ ਨੂੰ ਤੋੜਿਆ ਹੈ ਅਰਥਾਤ ਇਸ ਨੇ ਸਾਗਰੀ ਪਾਣੀਆਂ ਨਾਲ ਧਰਤੀ ਨੂੰ ਜਲਥਲ ਕਰ ਦਿੱਤਾ। ਚਾਰ ਦਿਨਾਂ ਵਿਚ ਹੀ ਟੈਕਸਸ ਦੇ ਆਸ-ਪਾਸ 40 ਇੰਚ ਤੋਂ ਵੀ ਵੱਧ ਵਰਖਾ ਹੋਈ ਜਿਸ ਨੇ ਆਸ-ਪਾਸ ਜ਼ਬਰਦਸਤ ਹੜ ਲਿਆਂਦੇ। ਅਮਰੀਕਾ ਵਿਚ ਹਰੀਕੇਨ ਰਾਹੀਂ ਆਈ ਵਰਖਾ ਦਾ ਇਹ ਆਪਣਾ ਰਿਕਾਰਡ ਹੈ। ਹੜ੍ਹਾਂ ਕਾਰਨ ਹਜ਼ਾਰਾਂ ਹੀ ਘਰ ਇਸ ਦੀ ਮਾਰ ਹੇਠ ਆਏ, ਘਟੋ ਘਟ 30,000 ਲੋਕਾਂ ਨੂੰ ਘਰ ਛੱਡਣੇ ਪਏ।
ਅੱਜ ਮੈਂ ਚੱਕਰਵਾਤਾਂ ਦੀ ਗੱਲ ਛੇੜ ਕੇ ਇਨ੍ਹਾਂ ਦੇ ਨਾਮਕਰਨ ਦੀ ਵਿਧੀ ਦੇ ਰਹੱਸ ਖੋਲ੍ਹਣੇ ਹਨ। ਇਸ ਝਮੇਲੇ ਨੂੰ ਸਮਝਣ ਲਈ ਤੁਹਾਨੂੰ ਥੋੜ੍ਹਾ ਸਕੂਲੀ ਜੁਗਰਾਫੀਆ ਤਾਜ਼ਾ ਕਰਨਾ ਪਵੇਗਾ। ਸਭ ਤੋਂ ਪਹਿਲਾਂ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਜਿੰਨਾ ਚਿਰ ਕੋਈ ਊਸ਼ਣਕਟਬੰਧੀ ਦਬਾਅ (ਠਰੋਪਚਿਅਲ ਦeਪਰeਸਸਿਨ) ਊਸ਼ਣਕਟਬੰਧੀ ਹਨੇਰੀ (ਠਰੋਪਚਿਅਲ ਸਟੋਰਮ) ਵਿਚ ਨਹੀਂ ਬਦਲ ਜਾਂਦਾ, ਓਨਾ ਚਿਰ ਕੋਈ ਨਾਂ ਨਹੀਂ ਉਜਾਗਰ ਹੁੰਦਾ। ਜਿਉਂ ਹੀ ਊਸ਼ਣਕਟਬੰਧੀ ਹਨੇਰੀ 39 ਮੀਲ ਪ੍ਰਤੀ ਘੰਟਾ ਦੀ ਰਫਤਾਰ ਫੜ੍ਹ ਲੈਂਦੀ ਹੈ, ਵਿਗਿਆਨਕ ਦ੍ਰਿਸ਼ਟੀਕੋਣ ਤੋਂ ਉਹ ਚੱਕਰਵਾਤ (ਹਰੀਕੇਨ) ਜਾਂ ਸਾਈਕਲੋਨ ਕਹਾਉਣ ਲਗਦੀ ਹੈ ਤੇ ਨਾਂ ਦੀ ਹੱਕਦਾਰ ਹੋ ਜਾਂਦੀ ਹੈ।
ਚੱਕਰਵਾਤਾਂ ਨੂੰ ‘ਹਰੀਕੇਨ’ ਕਿਉਂ ਕਹਿੰਦੇ ਹਨ? ਇਸ ਸ਼ਬਦ ਦੀ ਵਿਉਤਪਤੀ ਦੋ ਪ੍ਰਕਾਰ ਕੀਤੀ ਜਾਂਦੀ ਹੈ। ਇਕ ਅਨੁਸਾਰ ਇਹ ਸਪੈਨਿਸ਼ ਭਾਸ਼ਾ ਦੇ ਸ਼ਬਦ ਹੁਰਕਨ ੍ਹੁਰਚਅਨ ਦਾ ਅੰਗਰੇਜ਼ੀ ਰੁਪਾਂਤਰ ਹੈ। ਇਹ ਮੁਢਲੇ ਤੌਰ ‘ਤੇ ਕੈਰੀਬੀਅਨ ਭਾਸ਼ਾ ਅਰਾਵਾਕ ਦਾ ਸ਼ਬਦ ਹੈ। ਇਸ ਖਿੱਤੇ ਵਿਚ ਬਦੀ ਦੇ ਦੇਵਤੇ ਨੂੰ ਇਹ ਨਾਂ ਦਿੱਤਾ ਗਿਆ ਸੀ। ਦੱਖਣੀ ਅਮਰੀਕਾ ਅਤੇ ਕੈਰੀਬੀਅਨ ਵਿਚ ਸਪੇਨੀਆਂ ਦਾ ਬੋਲਬਾਲਾ ਰਿਹਾ ਹੈ, ਇਸ ਲਈ ਇਹ ਸ਼ਬਦ ਹੋਰ ਯੂਰਪੀ ਭਾਸ਼ਾਵਾਂ ਨੇ ਥੋੜ੍ਹੀ ਤਬਦੀਲੀ ਨਾਲ ਅਪਨਾ ਲਿਆ।
ਇਕ ਹੋਰ ਮਤ ਅਨੁਸਾਰ ਇਹ ਕੇਂਦਰੀ ਅਮਰੀਕਾ ਅਤੇ ਮੈਕਸੀਕੋ ਦੇ ਮਾਇਆ ਨਾਂ ਦੇ ਆਦਿਵਾਸੀਆਂ ਦੇ ਤੂਫਾਨ ਅਤੇ ਮੀਂਹ ਦੇ ਦੇਵਤੇ ਦਾ ਨਾਂ ਸੀ। ਇਹ ਭਾਰਤੀ ਇੰਦਰ ਵਰਗਾ ਸੀ। ਇਸ ਦੀ ਇਕੋ ਲੱਤ ਸੀ, ਕਹਿੰਦੇ ਦੂਜੀ ਲੱਤ ਸੱਪ ਬਣ ਗਈ। ਬ੍ਰਹਿਮੰਡ ਦੀ ਉਤਪਤੀ ਬਾਰੇ ਇਥੋਂ ਦੀ ਮਿਥ ਅਨੁਸਾਰ ਜਦ ਮਨੁੱਖਾਂ ਨੇ ਦੇਵਤਿਆਂ ਨੂੰ ਨਾਰਾਜ਼ ਕਰ ਲਿਆ ਤਾਂ ਹੁਰਕਨ ਨੇ ਕ੍ਰੋਧ ਵਿਚ ਆ ਕੇ ‘ਮਹਾਂ ਤੂਫਾਨ’ ਦਾ ਸਰਾਪ ਦੇ ਦਿੱਤਾ। ਅਸਲ ਵਿਚ ਦੋਨੋਂ ਸ਼ਬਦ ਇਕੋ ਸਰੋਤ ਵੱਲ ਇਸ਼ਾਰਾ ਕਰਦੇ ਹਨ। ਸਾਡੀ ਦਿਲਚਸਪੀ ਇਸ ਗੱਲ ਵਿਚ ਹੈ ਕਿ ਹਰੀਕੇਨ ਸ਼ਬਦ ਦੀਆਂ ਜੜ੍ਹਾਂ ਅਮਰੀਕੀ ਆਦਿਵਾਸੀਆਂ ਦੀਆਂ ਭਾਸ਼ਾਵਾਂ ਅਤੇ ਸਭਿਆਚਾਰ ਵਿਚ ਹਨ।
ਜਿਸ ਖਿਤੇ ਤੋਂ ਤੂਫਾਨ ਦੀ ਸਰਗਰਮੀ ਸ਼ੁਰੂ ਹੁੰਦੀ ਹੈ, ਚੱਕਰਵਾਤਾਂ ਦੇ ਨਾਂ ਉਸੇ ਖਿਤੇ ਦੇ ਪਹਿਲਾਂ ਤੋਂ ਤੈਅਸ਼ੁਦਾ ਨਾਂਵਾਂ ਵਿਚੋਂ ਲਾਗੂ ਕੀਤੇ ਜਾਂਦੇ ਹਨ। ਬਹੁਤਿਆਂ ਨੇ ਨੋਟ ਕੀਤਾ ਹੋਵੇਗਾ ਕਿ ਇਹ ਨਾਂ ਬੰਦਿਆਂ ਦੇ ਨਾਂਵਾਂ ਵਰਗੇ ਹੁੰਦੇ ਹਨ। ਅਜਿਹਾ ਇਸ ਲਈ ਹੈ ਤਾਂ ਕਿ ਨਸ਼ਰ ਕੀਤੇ ਜਾ ਰਹੇ ਚੱਕਰਵਾਤ ਦੀ ਗੱਲ ਆਮ ਲੋਕਾਂ ਦੀ ਸਮਝ ਵਿਚ ਆ ਜਾਵੇ, ਨਾਲੇ ਜੇ ਇਕੋ ਸਮੇਂ ਇਕ ਤੋਂ ਵੱਧ ਚੱਕਰਵਾਤ ਆਏ ਹੋਣ ਤਾਂ ਭੰਬਲਭੂਸਾ ਨਾ ਪਵੇ।
ਸਭ ਤੋਂ ਪਹਿਲਾਂ ਵੀਹਵੀਂ ਸਦੀ ਦੇ ਸ਼ੁਰੂ ਵਿਚ ਅਸਟਰੇਲੀਆ ਦੇ ਇਕ ਮੌਸਮ ਵਿਗਿਆਨੀ ਨੇ ਨਾਂ ਰੱਖਣ ਦੀ ਇਹ ਪਿਰਤ ਪਾਈ। ਉਸ ਨੂੰ ਜਿਹੜੇ ਰਾਜਸੀ ਨੇਤਾਵਾਂ ਤੋਂ ਚਿੜ੍ਹ ਸੀ, ਉਹ ਉਨ੍ਹਾਂ ਦੇ ਨਾਂਵਾਂ ‘ਤੇ ਤੂਫਾਨਾਂ ਦੇ ਨਾਂ ਰੱਖ ਕੇ ਕਿੜਾਂ ਕੱਢਦਾ ਸੀ। ਦੂਜੀ ਸੰਸਾਰ ਜੰਗ ਦੌਰਾਨ ਅਮਰੀਕੀ ਜਲ ਤੇ ਹਵਾਈ ਸੈਨਾ ਦੇ ਮੌਸਮ ਵਿਗਿਆਨੀਆਂ ਨੇ ਆਪਣੀਆਂ ਪਤਨੀਆਂ ਅਤੇ ‘ਗਰਲ ਫਰੈਂਡਾਂ’ ਦੇ ਨਾਂ ‘ਤੇ ਚੱਕਰਵਾਤਾਂ ਦੇ ਨਾਂ ਰੱਖੇ। 1953 ਤੋਂ ਅਮਰੀਕੀ ਮੌਸਮ ਬਿਊਰੋ ਨੇ ਉਤਰੀ ਐਟਲਾਂਟਿਕ ਮਹਾਂਸਾਗਰ ਵਿਚ ਆਉਂਦੇ ਚੱਕਰਵਾਤਾਂ ਦੇ ਨਾਂ ਔਰਤਾਂ ਦੇ ਨਾਂਵਾਂ ਜਿਹੇ ਰੱਖਣੇ ਸ਼ੁਰੂ ਕਰ ਦਿੱਤੇ ਪਰੰਤੂ 1979 ਤੋਂ ਵਿਸ਼ਵ ਮੌਸਮ ਸੰਗਠਨ ਅਤੇ ਅਮਰੀਕਾ ਦੀ ਰਾਸ਼ਟਰੀ ਮੌਸਮ ਸੇਵਾ ਸੰਸਥਾ ਨੇ ਲਿੰਗਿਕ ਬਰਾਬਰੀ ਦੇ ਸਰੋਕਾਰਾਂ ਕਾਰਨ ਮਰਦਾਂ ਦੇ ਨਾਂ ਵੀ ਸ਼ਾਮਿਲ ਕਰਨੇ ਸ਼ੁਰੂ ਕਰ ਦਿੱਤੇ। ਉਂਜ ਇਹ ਸੱਚ ਹੈ ਕਿ ਧਰਤੀ ‘ਤੇ ਇਸ ਦੇ ਪ੍ਰਾਕ੍ਰਿਤਕ ਵਰਤਾਰਿਆਂ ਦਾ ਬੋਧ ਵਿਸ਼ਵ ਭਰ ਵਿਚ ਇਸਤਰੀਵਾਚਕ ਹੈ। ਜ਼ਰਾ ਚੰਡੀ ਦੇਵੀ ਨੂੰ ਧਿਆ ਲਵੋ!
1959-60 ਤੱਕ ਉਤਰ-ਪੂਰਬੀ ਪ੍ਰਸ਼ਾਂਤ ਮਹਾਂਸਾਗਰ ਵਿਚ ਆਉਂਦੇ ਚੱਕਰਵਾਤਾਂ ਦੇ ਨਾਂ ਜਨਾਨਾਂ ਰੱਖੇ ਜਾਂਦੇ ਸਨ ਪਰ 1978 ਪਿਛੋਂ ਮਰਦਾਂ ਨੂੰ ਵੀ ਹਿੱਸਾ ਦੇਣਾ ਪਿਆ। ਉਤਰ ਪੱਛਮੀ ਪ੍ਰਸ਼ਾਂਤ ਮਹਾਂਸਾਗਰ ਦੀ ਵੀ 1979 ਤੱਕ ਲੱਗਭਗ ਇਹੀ ਕਹਾਣੀ ਚਲਦੀ ਰਹੀ ਪਰ ਸੰਨ 2000 ਤੋਂ ਏਸ਼ੀਅਨ ਨਾਂਵਾਂ ਨੂੰ ਵੀ ਸ਼ਾਮਿਲ ਕਰ ਲਿਆ ਗਿਆ ਹੈ। ਇਨ੍ਹਾਂ ਦੀਆਂ ਸੂਚੀਆਂ ਦੀ ਨਿਵੇਕਲੀ ਗੱਲ ਇਹ ਹੈ ਕਿ ਇਨ੍ਹਾਂ ਵਿਚ ਔਰਤਾਂ ਮਰਦਾਂ ਦੇ ਨਾਂਵਾਂ ਤੋਂ ਬਿਨਾ ਫੁੱਲਾਂ, ਪੰਛੀਆਂ, ਜਾਨਵਰਾਂ, ਦਰਖਤਾਂ-ਇਥੋਂ ਤੱਕ ਕਿ ਖਾਣ ਵਾਲੀਆਂ ਚੀਜ਼ਾਂ ਦੇ ਨਾਂ ਵੀ ਸ਼ਾਮਿਲ ਹਨ। ਕੰਬੋਡੀਆ, ਮਲੇਸ਼ੀਆ, ਥਾਈਲੈਂਡ ਆਦਿ ਦੀਆਂ ਭਾਸ਼ਾਵਾਂ ਭਾਰਤੀ ਸ਼ਬਦਾਂ ਨਾਲ ਲੱਦੀਆਂ ਪਈਆਂ ਹਨ ਇਸ ਲਈ ਇਨ੍ਹਾਂ ਦੇ ਸੁਝਾਏ ਕੁਝ ਨਾਂ ਪਛਾਣੇ ਜਾਂਦੇ ਹਨ ਜਿਵੇਂ, ਸਾਰਿਕਾ, ਨੂਰੀ, ਨਿਦਾ, ਰਾਮਾਸੁਨ ਆਦਿ। ਇਹੀ ਗੱਲ ਫਿਜੀ ਖੇਤਰ ਦੇ ਨਾਂਵਾਂ ‘ਤੇ ਢੁਕਦੀ ਹੈ। ਕੁਝ ਨਮੂਨੇ ਦੇਖੋ-ਮੀਨਾ, ਸ਼ੀਲਾ, ਉਰਮਿਲ, ਨਿਸ਼ਾ, ਊਸ਼ਾ, ਗੀਤਾ, ਮੋਨਾ, ਰੀਟਾ ਆਦਿ। ਉਤਰੀ ਹਿੰਦ ਮਹਾਸਾਗਰ ਦੇ ਚੱਕਰਵਾਤਾਂ ਦੇ ਨਾਂ 2006 ਤੋਂ ਸ਼ੁਰੂ ਹੋਏ ਜਦ ਕਿ ਦੱਖਣ-ਪੱਛਮੀ ਹਿੰਦ ਮਹਾਸਾਗਰ ਨੇ ਇਹ ਪਿਰਤ 1960 ਤੋਂ ਸ਼ੁਰੂ ਕਰ ਦਿੱਤੀ ਸੀ।
ਉਤਰ-ਪੂਰਬੀ ਐਟਲਾਂਟਿਕ ਮਹਾਸਾਗਰ ਦੇ ਸੰਭਾਵੀ ਚੱਕਰਵਾਤਾਂ ਲਈ ਇੱਕੀ ਇੱਕੀ ਨਾਂਵਾਂ ਦੀਆਂ ਛੇ ਸੂਚੀਆਂ ਤਿਆਰ ਕੀਤੀਆਂ ਗਈਆਂ ਹਨ ਜੋ ਅੰਗਰੇਜ਼ੀ ਵਰਣਮਾਲਾ ਦੀ ਤਰਤੀਬ ਅਨੁਸਾਰ ਲਿਖੇ ਗਏ ਹਨ। ਹਰ ਸੱਤਵੇਂ ਸਾਲ ਹਰ ਸੂਚੀ ਵਾਰੀ ਸਿਰ ਦੁਹਰਾਈ ਜਾਂਦੀ ਹੈ। ਮਿਸਾਲ ਵਜੋਂ 2010 ਦੇ ਨਾਂਵਾਂ ਵਾਲੀ ਸੂਚੀ 2016 ਵਿਚ ਵੀ ਲਾਗੂ ਕੀਤੀ ਗਈ। ਹਾਂ, ਜੇ ਕੋਈ ਚੱਕਰਵਾਤ ਬਹੁਤ ਹੀ ਤਬਾਹਕੁਨ ਨਿਕਲੇ ਤਾਂ ਮਨਹੂਸ ਸਮਝਦਿਆਂ ਉਸ ਦਾ ਨਾਂ ਕੱਢ ਦਿੱਤਾ ਜਾਂਦਾ ਹੈ। ਮਿਸਾਲ ਵਜੋਂ 2007 ਵਿਚ ਆਏ ਡੋਰੀਅਨ ਨਾਂ ਦੇ ਚੱਕਰਵਾਤ ਦਾ ਨਾਂ ਕੱਢ ਕੇ ਡੀਨ ਪਾ ਦਿੱਤਾ ਗਿਆ ਹੈ। 1800 ਤੋਂ ਉਪਰ ਲੋਕਾਂ ਦੀ ਜਾਨ ਲੈਣ ਵਾਲੇ ਕੈਟਰੀਨਾ ਨੂੰ ਵੀ ਸੇਵਾਮੁਕਤ ਕਰ ਦਿੱਤਾ ਗਿਆ ਹੈ। ਇਕ ਸਾਲ ‘ਚ 21 ਤੋਂ ਵੱਧ ਚੱਕਰਵਾਤ ਆ ਜਾਣ ਦੀ ਸੂਰਤ ਵਿਚ ਗਰੀਕ ਵਰਣਮਾਲਾ ਦੇ ਅਲਫਾ, ਬੀਟਾ, ਗਾਮਾ ਆਦਿ ਨਾਂ ਰੱਖ ਲੈਣ ਦੀ ਵਿਵਸਥਾ ਕੀਤੀ ਗਈ ਹੈ। 2010 ਦੌਰਾਨ ਉਤਰੀ ਐਟਲਾਂਟਿਕ ‘ਚੋਂ ਛੇ ਚੱਕਰਵਾਤ ਉਠੇ ਜਿਨ੍ਹਾਂ ਦੇ ਭੁਗਤ ਚੁਕੇ ਨਾਂ ਇਸ ਪ੍ਰਕਾਰ ਹਨ-ਐਲੈਕਸ, ਬੌਨੀ, ਕੌਲਿਨ, ਡੈਨੀਅਲ, ਅਰਲ ਤੇ ਫੈਰਿਅਨ। 2017 ਦੇ ਹੁਣ ਤੱਕ ਦੇ ਚੱਕਰਵਾਤਾਂ ਦੇ ਨਾਂ ਇਸ ਪ੍ਰਕਾਰ ਹਨ-ਐਰਲੀਨ, ਬਰੈਟ, ਸਿੰਡੀ, ਦੌਨ, ਏਮਿਲੀ, ਫਰੈਂਕਲਿਨ, ਜਰਟ, ਹਾਰਵੀ, ਇਰਮਾ। ਹੋਰ ਆਉਣ ਵਾਲੇ ਚੱਕਰਵਾਤਾਂ ਦੇ ਨਾਂ ਇਸ ਪ੍ਰਕਾਰ ਹੋਣਗੇ-ਹੋਜ਼ੇ, ਕੈਟੀਆ, ਲੀ, ਮੈਰੀਆ, ਨੇਟ, ਓਫੀਲੀਆ, ਫਿਲਫ, ਰੀਨਾ, ਸੀਨ, ਟੈਮੀ, ਵਿੰਸ, ਵਿਟਨੀ।
ਹਿੰਦ ਮਹਾਸਾਗਰ ਦੇ ਸੰਭਾਵੀ ਚੱਕਰਵਾਤਾਂ ਦੇ ਕੁਝ ਜਾਣੇ-ਪਛਾਣੇ ਨਾਂ ਇਸ ਪ੍ਰਕਾਰ ਹਨ-ਅਗਨੀ, ਪਿਆਰ, ਬਾਜ, ਫਨੂਸ, ਮਾਲਾ, ਆਕਾਸ਼, ਗੋਨੂ, ਨਰਗਿਸ, ਨਿਸ਼ਾ, ਬਿਜਲੀ, ਲੈਲਾ, ਬੰਧੂ, ਗਿਰੀ, ਜਲ, ਕੇਲਾ, ਨੀਲਮ, ਹੈਲਨ, ਲਹਿਰ, ਪ੍ਰਿਆ, ਤਿਤਲੀ, ਦਾਸ, ਫਾਨੀ, ਵਾਯੂ, ਬਲੁਬੁਲ ਆਦਿ।
ਇਕ ਗੋਰੇ ਨੇ ਗੱਲ ਸੁਣਾਈ ਕਿ ਇਕ ਵਾਰੀ ਉਸ ਦਾ ਸਿਰਨਾਂਵੀਆਂ ਚੱਕਰਵਾਤ ਆ ਧਮਕਿਆ। ਉਸ ਦੀ ਭੈਣ ਉਸ ਨੂੰ ਛੇੜਿਆ ਕਰੇ, “ਦਫਾ ਹੋ ਪਰਾਂਹ, ਕੁਦਰਤੀ ਅਫਾਤੇ!” ਵਿਚਾਰਾ ਬੜਾ ਛਿਥਾ ਪਿਆ ਰਹੇ। ਪਦਵੀਆਂ ਉਪਾਧੀਆਂ ਦੇ ਕੀਲੇ ਲੋਕ ਖਿਝਦੇ ਹਨ ਕਿ ‘ਅਰਲ’ ਤਾਂ ਮਧਯੁਗੀ ਇੰਗਲੈਂਡ ਵਿਚ ਕੁਲੀਨ ਲੋਕਾਂ ਦਾ ਖਿਤਾਬ ਹੁੰਦਾ ਸੀ, ਇਸ ਦੇ ਨਾਂ ‘ਤੇ ਵਿਨਾਸ਼ਕਾਰੀ ਚੱਕਰਵਾਤ ਦਾ ਨਾਂ ਰੱਖ ਕੇ ਇਸ ਨੂੰ ਕਿਉਂ ਜ਼ਲੀਲ ਕੀਤਾ ਹੈ? ਕਈ ਹੋਰਨਾਂ ਦੇ ਇਸ ਗੱਲੋਂ ਹਿਰਦੇ ਵਲੂੰਧਰੇ ਜਾਂਦੇ ਹਨ ਕਿ ਕੋਮਲ-ਭਾਵੀ ਔਰਤਾਂ ਦੇ ਨਾਂਵਾਂ ‘ਤੇ ਤੂਫਾਨਾਂ ਦੇ ਨਾਂ ਕਿਉਂ ਰੱਖੇ ਹਨ? ਤੂਫਾਨ ਇਤਰਾਜ਼ ਕਰ ਸਕਦੇ ਹਨ ਕਿ ਔਰਤਾਂ ਕਿਉਂ ਤੂਫਾਨ ਮੇਲ ਹੁੰਦੀਆਂ ਹਨ, ਨਾਲੇ ਬੰਦਿਆਂ ਦਾ ਨਾਂ ਤੂਫਾਨ ਸਿੰਘ ਕਿਉਂ ਰੱਖਿਆ ਜਾਂਦਾ ਹੈ?