ਚਿੜੀਆਂ ਅਤੇ ਕੁੜੀਆਂ…

ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਪਿਛਲੇ ਵਿਹੜੇ ਵਲ ਜਿਹੜਾ ਸ਼ੀਸ਼ੇ ਦਾ ਵੱਡਾ ਸਲਾਈਡ ਡੋਰ ਖੁਲ੍ਹਦਾ ਹੈ, ਉਥੇ ਬਾਹਰ ਵਾਲੇ ਪਾਸੇ ਚਿੜੀਆਂ ਨੂੰ ਦਾਣੇ ਪਾਈਦੇ ਹਨ ਅਤੇ ਅੰਦਰਲੇ ਪਾਸੇ ਬੈਠ ਕੇ ਮੈਂ ਲਿਖਦੀ ਹਾਂ। ਜਦ ਚਿੜੀਆਂ ਚੋਗਾ ਚੁਗਣ ਆਉਂਦੀਆਂ ਹਨ ਤਾਂ ਮਨ ਨੂੰ ਬੇਤਹਾਸ਼ਾ ਖੁਸ਼ੀ ਮਿਲਦੀ ਹੈ। ਆਹ ਕੀ! ਅਜੇ ਮੈਂ ਕਲਮ ਫੜੀ ਹੀ ਸੀ ਕਿ ਬਾਹਰ ਦਾਣੇ ਚੁਗਦੀਆਂ ਚਿੜੀਆਂ ਸਾਰੀਆਂ ਹੀ ਫੁਰਰ ਕਰ ਕੇ ਉਡ ਗਈਆਂ। ਮੈਂ ਝਟ ਪਟ ਬੂਹਾ ਖੋਲ੍ਹਿਆ ਤਾਂ ਵੇਖਿਆ ਕਿ ਇਕ ਵੱਡਾ ਸਾਰਾ ਬਾਜ ਚਿੜੀ ਨੂੰ ਆਪਣੇ ਜ਼ਾਲਿਮ ਪੰਜਿਆਂ ਵਿਚ ਦਬੋਚੀ ਉਡਿਆ ਜਾ ਰਿਹਾ ਸੀ। ਚਿੜੀ ਦੀ ਚੂੰ ਚੂੰ ਦੀ ਆਵਾਜ਼ ਵੀ ਮੇਰੇ ਕੰਨਾਂ ਵਿਚ ਪਈ ਪਰ ਮੈਂ ਉਥੇ ਦੀ ਉਥੇ ਹੀ ਪੱਥਰ ਬਣੀ ਖੜੀ ਵੇਖਦੀ ਰਹਿ ਗਈ ਅਤੇ ਕੁਝ ਵੀ ਨਾ ਕਰ ਸਕੀ।

ਸੋਚਣ ਲਗ ਪਈ ਕਿ ਆਹ ਚਿੜੀ ਅਤੇ ਬਾਜ ਦੀ ਕਹਾਣੀ ਕਦੀ ਮੁਕ ਵੀ ਸਕਦੀ ਹੈ ਕਿ ਨਹੀਂ? ਸੁਣਿਆ ਵੀ ਹੈ ਅਤੇ ਪੜ੍ਹਿਆ ਵੀ ਹੈ ਕਿ ਇਕ ਦਿਨ ਸਾਡੇ ਸਤਿਗੁਰਾਂ ਨੇ ਚਿੜੀਆਂ ਕੋਲੋਂ ਬਾਜਾਂ ਦੀ ਬੜੀ ਭੈੜੀ ਦੁਰਗਤੀ ਵੀ ਕਰਵਾਈ ਸੀ ਤੇ ਬਾਜ ਸ਼ਰਮਿੰਦਾ ਜਿਹੇ ਹੋ ਕੇ ਬੈਠ ਗਏ ਸਨ ਜਾਂ ਖੌਰੇ ਕਿਤੇ ਉਡ-ਪੁਡ ਗਏ ਸਨ, ਪਰ ਹੁਣ ਤਾਂ ਵਿਚਾਰੀਆਂ ਚਿੜੀਆਂ ਦਾ ਮੁੜ ਉਹੋ ਹੀ ਹਾਲ ਹੈ ਜੋ ਪਹਿਲਾਂ ਸੀ। ਬਲਕਿ ਹੁਣ ਤਾਂ ਬਾਜ ਪਹਿਲਾਂ ਨਾਲੋਂ ਵੀ ਬਹੁਤੇ ਹੋ ਗਏ ਨੇ ਤੇ ਚਿੜੀਆਂ ਤਾਂ ਬਹੁਤ ਥੋੜ੍ਹੀਆਂ ਹੀ ਬਚੀਆਂ ਨੇ।
ਮਨ ਉਡ ਗਿਆ ਪੌਣ ‘ਤੇ ਸਵਾਰ ਹੋ ਕੇ, ਸਾਰੀ ਦੀ ਸਾਰੀ ਰੀਲ ਹੀ ਘੁੰਮ ਗਈ-ਸਾਡੇ ਪਿੰਡਾਂ ਦੇ ਕੱਚੇ ਕੋਠੇ, ਕੱਚੀਆਂ ਕੰਧਾਂ, ਕੰਧਾਂ ਉਤੇ ਉਭੜ-ਖਾਭੜ ਲੱਕੜ ਦੇ ਗੋਲ ਮੋਲ ਸ਼ਤੀਰ, ਸ਼ਤੀਰਾਂ ਉਤੇ ਵਿੰਗੇ ਟੇਡੇ ਬਾਲੇ, ਬਾਲਿਆਂ ਉਤੇ ਪਰਾਲੀ ਜਾਂ ਸਰਕੜਾ ਵਿਛਾ ਕੇ ਉਤੇ ਮਿੱਟੀ ਪਾ ਘੱਤਣੀ ਤੇ ਪਾਣੀ ਤ੍ਰੌਂਕ ਤ੍ਰੌਂਕ ਕੇ ਮਿੱਟੀ ਨੂੰ ਕੁਟ ਕੁਟ ਕੇ ਪੱਕਿਆਂ ਕਰਨਾ; ਪਿੰਡ ਦੇ ਛੱਪੜ ਵਿਚੋਂ ਗਾਰਾ ਕੱਢ ਕੱਢ ਕੇ ਲਿਆਉਣਾ, ਵਿਚ ਤੂੜੀ ਪਾ ਕੇ ਚੰਗੀ ਤਰ੍ਹਾਂ ਘਾਣੀ ਮਾਰਨੀ। ਜਦੋਂ ਗਾਰਾ ਤੇ ਤੂੜੀ ਘਿਉ-ਖਿਚੜੀ ਹੋ ਜਾਣੇ ਤਾਂ ਕੋਠੇ ਦੀ ਛੱਤ ਤੇ ਕੱਧਾਂ ਲਿੱਪ ਦੇਣੀਆਂ ਤੇ ਇੰਜ ਹੋ ਜਾਣਾ ਕੋਠਾ ਤਿਆਰ।
ਕੋਠੇ ਵਿਚ ਇਕੱਲੇ ਟੱਬਰ ਦੇ ਜੀਅ ਹੀ ਨਹੀਂ ਸੀ ਰਹਿੰਦੇ, ਚਿੜੀਆਂ ਦੇ ਆਲ੍ਹਣੇ ਵੀ ਉਥੇ ਹੀ ਹੁੰਦੇ ਸਨ। ਗੋਲ ਸ਼ਤੀਰਾਂ ਉਤੇ ਬਾਲਿਆਂ ਵਿਚਾਲੇ ਜੋ ਥਾਂ ਬਚਦੀ ਸੀ, ਉਹ ਚਿੜੀਆਂ ਲਈ ਰਾਖਵੀਂ ਹੁੰਦੀ ਸੀ। ਚਿੜੀਆਂ ਨੇ ਪਰਾਲੀ ਦੇ ਲੰਮੇ ਲੰਮੇ ਕੱਖ ਤੀਲੇ ਲਿਆ ਕੇ ਉਨ੍ਹਾਂ ਥਾਂਵਾਂ ‘ਤੇ ਟਿਕਾਈ ਜਾਣੇ। ਬੜੀ ਮਿਹਨਤ ਕਰਨੀ, ਅੱਧੇ ਕੁ ਤੀਲੇ ਡਿਗ ਪੈਣੇ ਤੇ ਅੱਧੇ ਕੁ ਉਥੇ ਸ਼ਤੀਰ ‘ਤੇ ਅੜ ਜਾਣੇ। ਇਵੇਂ ਔਖਾ-ਸੌਖਾ ਬਣ ਜਾਣਾ ਚਿੜੀਆਂ ਦਾ ਆਲ੍ਹਣਾ ਭਾਵ ਰੈਣ ਬਸੇਰਾ।
ਆਮ ਹੀ ਘਰਾਂ ਵਿਚ ਬੂਹਾ ਖੁਲ੍ਹਦੇ ਹੀ ਛੱਤ ਤੋਂ ਲਟਕਦੇ ਪਰਾਲੀ ਦੇ ਤੀਲੇ ਵੇਖਣ ਨੂੰ ਮਿਲ ਜਾਇਆ ਕਰਦੇ ਸਨ। ਜੇ ਕਿਸੇ ਆਏ-ਗਏ ਨੇ ਆ ਜਾਣਾ ਤਾਂ ਘਰ ਦੀ ਸੁਆਣੀ ਨੇ ਆਖਣਾ, “ਇਕ ਤਾਂ ਆਹ ਚਿੜੀਆਂ ਸਾਰੀ ਪਰਾਲੀ ਅੰਦਰੀਂ ਢੋਅ ਛੱਡਦੀਆਂ ਹਨ।” ਅੱਗਿਓਂ ਦੂਜੇ ਨੇ ਆਖਣਾ, “ਰੱਬ ਦੇ ਜੀਅ ਨੇ ਜੀ, ਇਨ੍ਹਾਂ ਵੀ ਤਾਂ ਇਥੇ ਹੀ ਰਹਿਣਾ ਆ।” ਪਰ ਕਈ ਵਾਰੀ ਜਦ ਚਿੜੀਆਂ ਦੇ ਬੋਟਾਂ ਨੂੰ ਕਾਂਵਾਂ ਨੇ ਚੁਕ ਲਿਜਾਣਾ ਤਾਂ ਸਭ ਨੇ ਹੀ ਕਾਂ ਦੇ ਮਗਰੇ ਭੱਜ ਪੈਣਾ। ਹੁਣ ਨਾ ਹੀ ਕੱਚੇ ਕੋਠੇ ਰਹੇ ਤੇ ਨਾ ਹੀ ਰਹੀਆਂ ਵਿਚਾਰੀਆਂ ਚਿੜੀਆਂ। ਪੱਥਰਾਂ ਦੇ ਘਰਾਂ ਨੇ ਤਾਂ ਚਿੜੀਆਂ ਦੀ ਹੋਂਦ ਹੀ ਮੁਕਾ ਛੱਡੀ ਏ।
ਸੁਖ ਨਾਲ ਇਥੇ ਚਿੜੀਆਂ ਬਥੇਰੀਆਂ ਨੇ, ਨਿੱਕੇ ਨਿੱਕੇ ਬੋਟ ਲੈ ਕੇ ਆ ਜਾਂਦੀਆਂ ਨੇ ਚੋਗਾ ਚੁਗਣ। ਉਥੇ ਮੋਏ ਕਾਂ ਨਹੀਂ ਸੀ ਮੁੜਦੇ ਤੇ ਇਥੇ ਗਰਕ ਜਾਣੇ ਬਾਜ ਬਥੇਰੇ ਉਡਦੇ ਫਿਰਦੇ ਨੇ। ਅਜੇ ਹੁਣੇ ਈ ਤੇ ਬਾਜ ਚਿੜੀ ਨੂੰ ਲੈ ਉਡਿਆ ਏ। ਸੋਚਦੀ ਹਾਂ, ਭਲਾਂ ਕੀ ਇਹ ਬਾਜ ਧੁਰ ਕਦੀਮੋਂ ਹੀ ਚਿੜੀਆਂ ਨੂੰ ਖਾਂਦੇ ਆਏ ਨੇ? ਜੇ ਖਾਂਦੇ ਆਏ ਨੇ ਤਾਂ ਹੁਣ ਤਕ ਕੋਈ ਕਾਨੂੰਨ ਕਿਉਂ ਨਹੀਂ ਬਣਿਆ ਜੋ ਬਾਜਾਂ ਖਿਲਾਫ ਕੋਈ ਕਾਰਵਾਈ ਕਰੇ, ਕੋਈ ਸਜ਼ਾ ਦੇਵੇ ਜਾਂ ਕੋਈ ਫਤਵਾ ਹੀ ਜਾਰੀ ਕਰੇ ਕਿ ਅਗੇ ਤੋਂ ਕੋਈ ਬਾਜ ਕਿਸੇ ਵੀ ਚਿੜੀ ਨੂੰ ਨਹੀਂ ਚੁਕ ਲਿਜਾਵੇਗਾ। ਬੇੜੀ ਗਰਕ ਜਾਏ ਔਂਤਰੇ ਬਾਜਾਂ ਦੀ, ਨਿੱਕੀਆਂ ਨਿੱਕੀਆਂ ਸੋਹਲ ਤੇ ਭੋਲੀਆਂ ਜਿਹੀਆਂ ਚਿੜੀਆਂ। ਚੰਦਰੇ ਬਾਜ ਤਾਂ ਸ਼ਕਲੋਂ ਹੀ ਬੜੇ ਡਰਾਵਣੇ ਤੇ ਗੰਦੇ ਲਗਦੇ ਨੇ, ਮੋਏ ਝੱਟ ਝਪਟ ਮਾਰ ਕੇ ਚਿੜੀ ਲੈ ਉਡਦੇ ਨੇ, ਨਾ ਕੋਈ ਧਰਮ ਦਾ ਡਰ, ਨਾ ਸਮਾਜ ਦਾ ਭੈਅ।
ਮੈਂ ਵੀ ਪਈ ਕੀ ਸੋਚਦੀ ਹਾਂ, ਕਦੀ ਜਨੌਰਾਂ ਦੇ ਵੀ ਭਲਾ ਧਰਮ ਤੇ ਸਮਾਜ ਹੁੰਦੇ ਨੇ! ਧਰਮ ਤੇ ਸਮਾਜ ਤਾਂ ਬੰਦਿਆਂ ਦੇ ਹੁੰਦੇ ਹਨ, ਪਰ ਹਾਏ ਰੱਬਾ! ਉਥੇ ਕਿਹੜੀ ਪਈ ਘੱਟ ਹੁੰਦੀ ਏ, ਉਥੇ ਤਾਂ ਧਰਮ ਵੀ ਹੈ, ਸਮਾਜ ਵੀ ਹੈ ਅਤੇ ਕਾਨੂੰਨ ਵੀ। ਫਿਰ ਵੀ ਹਰ ਰੋਜ਼ ਧੀਆਂ ਚੁਕੀਆਂ ਜਾ ਰਹੀਆਂ ਨੇ ਅਤੇ ਅਜ਼ਮਤਾਂ ਵੀ ਲੁੱਟੀਆਂ ਜਾ ਰਹੀਆਂ ਨੇ। ਧਾਰਮਿਕ ਲੋਕ ਆਪਣੇ ਧਰਮ ਦੀ ਆੜ ਹੇਠ ਬਥੇਰਾ ਕੁਝ ਕਰੀ ਜਾ ਰਹੇ ਨੇ, ਅਤੇ ਸਮਾਜ? ਸਮਾਜ ਵਿਚ ਤਾਂ ਬਾਜਾਂ ਦੀਆਂ ਡਾਰਾਂ ਦੀਆਂ ਡਾਰਾਂ ਮੰਡਰਾਉਂਦੀਆਂ ਫਿਰਦੀਆਂ ਨੇ। ਬਾਜ ਸ਼ੱਰੇਆਮ ਸ਼ਿਕਾਰ ਪਏ ਕਰਦੇ ਨੇ ਅਤੇ ਬਚ ਵੀ ਜਾਂਦੇ ਨੇ। ਸਮਾਜ ਤੋਂ ਉਪਰ ਹਨ ਰਾਜਾਂ ਭਾਗਾਂ ਵਾਲੇ ਸਿਆਸਤਦਾਨ ਜੋ ਮੁਲਕ ‘ਤੇ ਹਕੂਮਤਾਂ ਕਰਦੇ ਨੇ ਅਤੇ ਹਕੂਮਤਾਂ ਤੋਂ ਉਪਰ ਹੈ ਕਾਨੂੰਨ ਜੋ ਇਨ੍ਹਾਂ ਸਾਰਿਆਂ ਨੇ ਆਪੂੰ ਹੀ ਬਣਾਇਆ ਹੋਇਆ ਹੈ ਤੇ ਚਲਾਉਂਦੇ ਵੀ ਆਪੂੰ ਈ ਨੇ, ਆਪਣੇ ਹੀ ਤਰੀਕੇ ਨਾਲ। ਆਪਣੇ ਲਈ ਇਸ ਦੀ ਵਰਤੋਂ ਵੀ ਕਰੀ ਜਾਂਦੇ ਨੇ। ਆਮ ਲੋਕੀਂ ਆਖਦੇ ਹਨ, ਜੀ ਅੱਜ ਕੱਲ ਦੀਆਂ ਕੁੜੀਆਂ ਵੀ ਤੇ ਫੈਸ਼ਨਾਂ ਪੱਟੀਆਂ ਹਨ, ਇਸੇ ਕਰਕੇ ਆਏ ਦਿਨ ਰੇਪ ਜਾਂ ਗੈਂਗ ਰੇਪ ਹੁੰਦੇ ਹਨ।
ਸੋਚ ਕੇ ਤਾਂ ਵੇਖੋ, ਧੀਆਂ ਨੂੰ ਘਰਾਂ ਅੱਗਿਓਂ, ਬਾਜ਼ਾਰਾਂ ਵਿਚੋਂ ਜਾਂ ਸਕੂਲ ਜਾਂਦੀਆਂ ਨੂੰ ਜਿਹੜੇ ਲੋਕ ਚੁੱਕ ਲਿਜਾਂਦੇ ਹਨ, ਉਹ ਵੀ ਤਾਂ ਬਾਜ ਜਾਂ ਸ਼ਿਕਰੇ ਹੀ ਹਨ। ਪਹਿਲਾਂ ਬਾਜਾਂ ਤੇ ਸ਼ਿਕਰਿਆਂ ਨੂੰ ਅਮੀਰ ਲੋਕ ਤੇ ਰਾਜੇ-ਮਹਾਰਾਜੇ ਆਪਣੀ ਹੈਂਕੜ ਜਾਂ ਤਾਕਤ ਵਿਖਾਉਣ ਲਈ ਪਾਲਦੇ ਸਨ, ਪਰ ਅੱਜ ਵੱਡਿਆਂ ਅਹੁਦਿਆਂ ‘ਤੇ ਬੈਠੇ ਲੋਕਾਂ ਦੀ ਔਲਾਦ ਬਾਜਾਂ ਤੇ ਸ਼ਿਕਰਿਆਂ ਦੇ ਰੂਪ ਵਿਚ ਗਲੀਆਂ ਬਾਜ਼ਾਰਾਂ ਜਾਂ ਖੁਲ੍ਹੀਆਂ ਜੀਪਾਂ ਵਿਚ ਸੜਕਾਂ ‘ਤੇ ਉਡਦੀ ਫਿਰਦੀ ਹੈ। ਇਹ ਬਾਜਾਂ-ਸ਼ਿਕਰਿਆਂ ਵਰਗੇ ਮੁਸ਼ਟੰਡੇ ਜਦੋਂ ਵੀ, ਜਿਥੇ ਵੀ, ਜਿਸ ਵੇਲੇ ਵੀ ਇਨ੍ਹਾਂ ਦਾ ਮਾਨਸ ਮਾਸ ਖਾਣ ਨੂੰ ਦਿਲ ਕਰੇ, ਉਥੋਂ ਹੀ ਚਿੜੀ ਵਰਗੀ ਕੁੜੀ ਨੂੰ ਆਪਣੇ ਜ਼ਾਲਮ ਪੰਜਿਆਂ ਵਿਚ ਦਬੋਚ ਕੇ ਲੈ ਉਡਦੇ ਹਨ। ਚਿੜੀਆਂ ਵਿਚਾਰੀਆਂ ਨੂੰ ਤਾਂ ਬਚਾਉਣ ਵਾਲਾ ਹੀ ਕੋਈ ਨਹੀਂ-ਨਾ ਧਰਮ ਤੇ ਨਾ ਹੀ ਸਮਾਜ। ਮਾਪੇ ਤੇ ਪਰਿਵਾਰ ਵਾਲੇ ਬੇਵੱਸ ਹੋ ਜਾਂਦੇ ਨੇ, ਪਰ ਕੁੜੀਆਂ ਕੋਲ ਤਾਂ ਸਭ ਕੁਝ ਹੈ, ਉਹ ਕਿਉਂ ਨਹੀਂ ਦੂਜੀਆਂ ਕੁੜੀਆਂ ਨੂੰ ਜ਼ਾਲਮ ਬਾਜਾਂ ਤੋਂ ਬਚਾਉਂਦੀਆਂ?
ਕਿਸੇ ਵੇਲੇ ਬਚਾਉਂਦੇ ਸਨ, ਉਸ ਵੇਲੇ ਦੇ ਅਣਖੀ ਸੂਰਮੇ ਜਰਨੈਲ ਹਰੀ ਸਿੰਘ ਨਲੂਏ ਤੇ ਸਰਦਾਰ ਮਹਾਂ ਸਿੰਘ ਸ਼ੇਰ ਵਰਗੇ, ਤੇ ਜ਼ਾਲਮਾਂ ਦੇ ਪੰਜਿਆਂ ‘ਚੋਂ ਬਚਾ ਕੇ ਬਾਇੱਜਤ ਉਨ੍ਹਾਂ ਦੇ ਘਰੀਂ ਵੀ ਪਹੁੰਚਾਉਂਦੇ ਸਨ। ਪਰ ਹੁਣ ਕੌਣ ਬਚਾਵੇ? ਬੇੜਾ ਗਰਕ ਜਾਵੇ ਔਂਤਰੇ ਡੋਗਰਿਆਂ ਦਾ, ਜਿਨ੍ਹਾਂ ਨੇ ਸ਼ੇਰੇ ਪੰਜਾਬ ਦੇ ਘਰ ਵਿਚ ਚੰਦਰੀ ਫੁਟ ਦਾ ਐਸਾ ਬੀਜ ਬੀਜਿਆ ਕਿ ਉਹ ਨਾ ਗਲਿਆ, ਨਾ ਹੀ ਸੜਿਆ ਸਗੋਂ ਉਸ ਫੁੱਟ ਦਾ ਦਰੱਖਤ ਤਾਂ ਮੋਇਆ ਦਿਨੋ ਦਿਨ ਵੱਡਾ ਹੋਈ ਜਾ ਰਿਹਾ ਏ, ਅਤੇ ਹਰਾ-ਭਰਾ ਖੜਾ ਏ। ਸੁਕੇ ਕਿਵੇਂ? ਸਾਰੀ ਕੌਮ ਤਾਂ ਉਸ ਨੂੰ ਰੋਜ਼ ਪਾਣੀ ਪਈ ਪਾਉਂਦੀ ਤੇ ਉਸੇ ਦੀ ਛਾਂਵੇਂ ਵੀ ਬੈਠਦੀ ਏ। ਵੱਡੇ ਧਰਮੀਆਂ ਨੂੰ ਤਾਂ ਵੱਡੀਆਂ ਕੁਰਸੀਆਂ ‘ਤੇ ਬੈਠੇ ਲੋਕ ਆਪਣੀਆਂ ਜੇਬਾਂ ‘ਚ ਪਾਈ ਫਿਰਦੇ ਨੇ। ਕੋਈ ਗੋਲਕ ਦੀ ਮਸਤੀ ਵਿਚ ਅੰਨਾ ਏ ਤੇ ਕੋਈ ਚੌਧਰ ਦੀ ਕੁਰਸੀ ‘ਤੇ ਅੰਨਾ ਹੋਇਆ ਬੈਠਾ ਏ।
ਕਾਨੂੰਨ! ਕਾਨੂੰਨ ਵੀ ਤਾਂ ਇਨ੍ਹਾਂ ਅੰਨਿਆਂ ਦੇ ਆਪਣੇ ਹੀ ਨੇ। ਵਿਚਾਰੀ ਕਾਨੂੰਨ ਦੀ ਦੇਵੀ ਦੇ ਹੱਥ ਤੱਕੜੀ ਫੜਾ ਕੇ ਅੱਖਾਂ ‘ਤੇ ਪੱਟੀ ਬੰਨ ਦਿੱਤੀ ਤਾਂ ਕਿ ਅਸੀਂ ਤਾਂ ਅੰਨੇ ਹਾਂ ਈ, ਕਿਤੇ ਇਹ ਵੀ ਨਾ ਸਾਡੀਆਂ ਕਾਲੀਆਂ ਕਰਤੂਤਾਂ ਵੇਖ ਲਵੇ। ਇਸ ਲਈ ਇਥੇ ਵੀ ਓਹਾ ਈ ਹਾਲ ਏ, ਅੰਨੀ ਪੀਹਵੇ ਤੇ ਕੁੱਤਾ ਚੱਟੇ। ਪਰ ਕੁੜੀਆਂ ਦੇ ਮਾਪੇ ਕੁਝ ਕਿਉਂ ਨਹੀ ਕਰਦੇ? ਕਰਦੇ ਤੇ ਪਏ ਨੇ, ਕਿਉਂ ਨਹੀਂ ਕਰਦੇ, ਆਹ ਜਿਹੜਾ ਹੁਣ ਭਰੂਣ ਹੱਤਿਆ ਦਾ ਹੜ੍ਹ ਆਇਆ ਪਿਐ, ਇਹ ਕੀ ਏ? ਉਹ ਹੀ ਤਾਂ ਹੈ, ਸੌਖਾ ਕੰਮ-ਧੀਆਂ ਜੰਮਣ ਤੋਂ ਪਹਿਲਾਂ ਹੀ ਮਾਰੀ ਜਾਓ, ਸਿਰ ਤੋਂ ਭਾਰ ਉਤਾਰੀ ਜਾਓ।
ਚਿੜੀਆਂ ਨੂੰ ਬਾਜਾਂ-ਸ਼ਿਕਰਿਆਂ ਤੇ ਪੱਥਰਾਂ ਦੇ ਘਰਾਂ ਨੇ ਮੁਕਾ ਛੱਡਿਐ, ਤੇ ਕੁੜੀਆਂ ਨੂੰ ਬਾਜਾਂ ਵਰਗੇ ਮੁਸ਼ਟੰਡਿਆਂ ਨੇ ਖਾ ਜਾਣੈ। ਵਿਚਾਰੇ ਮਾਪਿਆਂ ਵੀ ਹੁਣ ਸੁਖ ਦਾ ਸਾਹ ਲੈਣਾ ਸਿਖਿਆ ਏ ਕਿ ਇਨ੍ਹਾਂ ਨੂੰ ਜੰਮਣ ਹੀ ਨਾ ਦਿਓ। ਪਹਿਲਾਂ ਮੋਏ ਮੁਸ਼ਟੰਡੇ ਨਹੀਂ ਜਿਉਣ ਦਿੰਦੇ, ਤੇ ਜੇ ਬਚ ਜਾਣ ਤਾਂ ਮੋਏ ਸਹੁਰੇ ਜਾਂ ਸਾੜ ਛੱਡਦੇ ਨੇ ਜਾਂ ਸਾਰੀ ਉਮਰ ਦਾਜ ਦੇ ਪੰਗੇ। ਇਸ ਲਈ ਚਿੜੀਆਂ ਗਈਆਂ, ਕੁੜੀਆਂ ਵੀ ਮੁਕਾਓ; ਬਾਜ ਸ਼ਿਕਰੇ ਤਾਂ ਮੋਏ ਆਪੇ ਭੁਖੇ ਮਰ ਜਾਣਗੇ।
ਹੱਥ ਜੋੜ ਬੇਨਤੀ ਹੈ ਕਿ ਧੀਆਂ ਨੂੰ ਬਚਾਈਏ, ਇਨ੍ਹਾਂ ਬਿਨਾ ਘਰ-ਪਰਿਵਾਰ, ਜੀਵਨ ਤੇ ਸੰਸਾਰ ਸੱਖਣੇ ਹੋ ਜਾਵਣਗੇ। ਆਓ, ਚਿੜੀਆਂ ਤੇ ਕੁੜੀਆਂ ਨੂੰ ਸੰਭਾਲੀਏ।