ਯੂਨੀਵਰਸਿਟੀ ਚੋਣਾਂ: ਮੋਦੀ ਨਾਲੋਂ ਟੁੱਟਣ ਲੱਗਾ ਨੌਜਵਾਨ ਪੀੜ੍ਹੀ ਦਾ ਮੋਹ

ਚੰਡੀਗੜ੍ਹ: ਨੌਜਵਾਨ ਪੀੜ੍ਹੀ ਦਾ ਨਰੇਂਦਰ ਮੋਦੀ ਸਰਕਾਰ ਤੋਂ ਭਰੋਸਾ ਟੁੱਟਣ ਲੱਗਾ ਹੈ। ਹਾਲ ਹੀ ਵਿਚ ਦੇਸ਼ ਦੀਆਂ ਕੁਝ ਯੂਨੀਵਰਸਿਟੀਆਂ ਵਿਚ ਹੋਈਆਂ ਵਿਦਿਆਰਥੀ ਚੋਣਾਂ ਵਿਚ ਭਾਜਪਾ ਦੀ ਵਿਦਿਆਰਥੀ ਜਥੇਬੰਦੀ ਨੂੰ ਮੂੰਹ ਦੀ ਖਾਣੀ ਪਈ ਹੈ। ਪੰਜਾਬ ਯੂਨੀਵਰਸਿਟੀ (ਚੰਡੀਗੜ੍ਹ), ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਨਵੀਂ ਦਿੱਲੀ) ਤੇ ਦਿੱਲੀ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੇ ਵਿਦਿਆਰਥੀ ਵਿੰਗ- ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏ.ਬੀ.ਵੀ.ਪੀ.) ਦੀ ਕਾਰਗੁਜ਼ਾਰੀ ਮਾਯੂਸੀ ਵਾਲੀ ਰਹੀ ਹੈ। ਨੌਜਵਾਨ ਪੀੜ੍ਹੀ ਨਾਲ ਸਬੰਧਤ ਤਿੰਨ ਸੰਸਥਾਵਾਂ ਨੇ ਭਗਵਾ ਧਿਰ ਨੂੰ ਨਕਾਰ ਦਿੱਤਾ।

ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਝਟਕਿਆਂ ਪਿੱਛੋਂ ਭਾਜਪਾ ਵਿਚ ਵੱਡੇ ਪੱਧਰ ਉਤੇ ਫਿਕਰਮੰਦੀ ਵਧੀ ਹੈ ਤੇ ਤਿੰਨਾਂ ਯੂਨੀਵਰਸਿਟੀਆਂ ਦੀ ਏ.ਬੀ.ਵੀ.ਪੀ. ਲੀਡਰਸ਼ਿਪ ਕੋਲੋਂ ਰਿਪੋਰਟਾਂ ਮੰਗੀਆਂ ਹਨ। ਪੰਜਾਬ ਯੂਨੀਵਰਸਿਟੀ ਵਿਚ ਏ.ਬੀ.ਵੀ.ਪੀ. ਹਮੇਸ਼ਾ ਹੋਰਨਾਂ ਧਿਰਾਂ ਨਾਲ ਗੱਠਜੋੜ ਕਰਦੀ ਰਹੀ ਹੈ। ਦੂਜੇ ਪਾਸੇ ਕਾਂਗਰਸ ਨਾਲ ਸਬੰਧਤ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (ਐਨ.ਐਸ਼ਯੂ.ਆਈ.) ਦੀ ਪੰਜਾਬ ‘ਵਰਸਟੀ ਦੀਆਂ ਚਾਰ ਵਿਚੋਂ ਤਿੰਨ ਅਹੁਦਿਆਂ ‘ਤੇ ਜਿੱਤ ਨੇ ਨਵੇਂ ਸਮੀਕਰਨਾਂ ਵੱਲ ਇਸ਼ਾਰਾ ਕੀਤਾ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ.) ਹਮੇਸ਼ਾ ਖੱਬੇ ਪੱਖੀਆਂ ਦਾ ਗੜ੍ਹ ਰਹੀ ਹੈ। ਏ.ਬੀ.ਵੀ.ਪੀ. ਵੱਲੋਂ ਇਸ ਯੂਨੀਵਰਸਿਟੀ ਵਿਚ ਆਪਣਾ ਮੁਕਾਮ ਬਣਾਉਣ ਲਈ ਚੋਖਾ ਜ਼ੋਰ ਲਾਇਆ ਜਾ ਰਿਹਾ ਸੀ। ਉਹ ਚਾਰੋਂ ਅਹਿਮ ਅਹੁਦਿਆਂ ਲਈ ਪਈਆਂ ਵੋਟਾਂ ਪੱਖੋਂ ਦੂਜੇ ਸਥਾਨ ਉਤੇ ਰਹੀ।
ਦਰਅਸਲ, ਖੱਬੀਆਂ ਧਿਰਾਂ ਦੀ ਨੁਮਾਇੰਦਗੀ ਕਰਦੀਆਂ ਤਿੰਨ ਜਥੇਬੰਦੀਆਂ ਨੇ ਗੱਠਜੋੜ ਕਰ ਕੇ ਏ.ਬੀ.ਵੀ.ਪੀ. ਵੱਲੋਂ ਕੋਈ ਸੀਟ ਹਥਿਆਏ ਜਾਣ ਦੀ ਸੰਭਾਵਨਾ ਪਹਿਲਾਂ ਹੀ ਖਤਮ ਕਰ ਦਿੱਤੀ ਸੀ। ਇਸ ਦੇ ਬਾਵਜੂਦ ਏ.ਬੀ.ਵੀ.ਪੀ. ਨੇ ਆਪਣੀ ਪੂਰੀ ਤਾਕਤ ਇਸ ਚੋਣ ਵਿਚ ਝੋਕੀ ਪਰ ਕਾਮਯਾਬੀ ਹੱਥ ਨਹੀਂ ਲੱਗੀ। ਦਿੱਲੀ ਯੂਨੀਵਰਸਿਟੀ (ਡੀ.ਯੂ.) ਨੂੰ ਏ.ਬੀ.ਵੀ.ਪੀ. ਆਪਣਾ ਗੜ੍ਹ ਮੰਨਦੀ ਆਈ ਸੀ। ਉਥੇ ਪਿਛਲੇ ਤਿੰਨ ਸਾਲਾਂ ਤੋਂ ਉਸ ਦਾ ਦਬਦਬਾ ਬਣਿਆ ਹੋਇਆ ਸੀ, ਪਰ ਇਸ ਵਾਰ ਪ੍ਰਧਾਨ ਤੇ ਮੀਤ ਪ੍ਰਧਾਨ ਦੇ ਅਹੁਦੇ ਐਨ.ਐਸ਼ਯੂ.ਆਈ. ਜਿੱਤ ਗਈ ਅਤੇ ਏ.ਬੀ.ਵੀ.ਪੀ. ਨੂੰ ਮਹਿਜ਼ ਸਕੱਤਰ ਤੇ ਸਹਿ ਸਕੱਤਰ ਦੇ ਅਹੁਦਿਆਂ ਨਾਲ ਸਬਰ ਕਰਨਾ ਪਿਆ।
ਇਹ ਨਤੀਜੇ ਇਸ ਹਕੀਕਤ ਦਾ ਸੰਕੇਤ ਹਨ ਕਿ ਨੌਜਵਾਨ ਪੀੜ੍ਹੀ ਹੁਣ ਪਹਿਲਾਂ ਵਾਂਗ ਮੋਦੀ ਦੀ ਸ਼ੈਦਾਈ ਨਹੀਂ ਰਹੀ।
ਵਿਦਿਆਰਥੀ ਜਥੇਬੰਦੀਆਂ ਨੂੰ ਮਿਲੇ ਹੁੰਗਾਰੇ ਕਾਰਨ ਕਾਂਗਰਸ ਦੇ ਹੌਂਸਲੇ ਬੁਲੰਦ ਹਨ। ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਵਿੰਗ ਦੀਆਂ ਚੋਣਾਂ ਵਿਚ 4 ਸਾਲਾਂ ਬਾਅਦ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (ਐਨ.ਐਸ਼ ਯੂ.ਆਈ.) ਕਾਂਗਰਸ ਦੇ ਵਿਦਿਆਰਥੀ ਵਿੰਗ ਨੇ ਜ਼ੋਰਦਾਰ ਵਾਪਸੀ ਕਰਦਿਆਂ ਪ੍ਰਧਾਨ ਅਤੇ ਉਪ-ਪ੍ਰਧਾਨ ਦੇ ਅਹੁਦੇ ‘ਤੇ ਕਬਜ਼ਾ ਕੀਤਾ ਹੈ। ਇਸ ਤੋਂ ਪਹਿਲਾਂ ਐਨ. ਐਸ਼ ਯੂ. ਆਈ. ਨੇ 2012 ਵਿਚ ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਡੀ. ਯੂ. ਐਸ਼ ਯੂ.) ‘ਚ ਪ੍ਰਧਾਨਗੀ ਦੀ ਕਮਾਨ ਸੰਭਾਲੀ ਸੀ।