ਮਾਂਵਾਂ ਰੋਂਦੀਆਂ ਢਿੱਡਾਂ ‘ਤੇ ਹੱਥ ਧਰ ਕੇ

ਘਰ ਟੁੱਟਣ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਨੂੰਹਾਂ ਸੱਸਾਂ ਨੂੰ ਮਾਂਵਾਂ ਤੇ ਸੱਸਾਂ ਨੂੰਹਾਂ ਨੂੰ ਧੀਆਂ ਵਾਂਗ ਨਹੀਂ ਅਪਨਾ ਰਹੀਆਂ। ਮਾਂ ਨੇ ਧੀ ਦੇ ਘਰ ਪ੍ਰਸੰਨ ਰਹਿਣ ਦਾ ਸੰਕਲਪ ਪੈਦਾ ਕਰ ਲਿਆ ਹੈ ਤੇ ਪੁੱਤ ਸੱਸ ਨੂੰ ਮਾਂ ਬਣਾਉਣ ਦੇ ਭਰਮ ਵਿਚ ਹੈ। ਕੈਸੇ ਹਾਲਾਤ ਬਣ ਰਹੇ ਹਨ ਕਿ ਬਿਰਧ ਆਸ਼ਰਮਾਂ ਵਿਚ ਮਾਪੇ ਨੂੰਹਾਂ ਨੂੰ ਨਹੀਂ, ਪੁੱਤਰਾਂ ਨੂੰ ਉਲਾਂਭੇ ਦੇ ਰਹੇ ਹਨ। ਧਾਰਮਿਕ ਅਸਥਾਨ ‘ਤੇ ਜਾ ਕੇ ਜਦੋਂ ਬੰਦਾ ਆਖਦਾ ਹੈ, ‘ਮੇਰਾ ਆਹ ਕਰ ਦੇਹ, ਮੈਨੂੰ ਆਹ ਦੇ ਦੇਹ, ਮੈਂ ਫਿਰ ਆਹ ਕਰਾਂਗਾ’ ਤਾਂ ਕਿਵੇਂ ਨਾ ਮੰਨੀਏ ਕਿ ਮਨੌਤਾਂ ਪੂਰੀਆਂ ਹੋਣ ਤੋਂ ਬਾਅਦ ਸ਼ਰਧਾ ਲੰਮੀ ਪੈ ਗਈ ਹੁੰਦੀ ਹੈ।

‘ਮਦਰ’ਜ਼ ਡੇਅ’ ‘ਤੇ ਮਾਂ ਨੂੰ ਤੋਹਫੇ ਤੇ ਫੁੱਲ ਭੇਟ ਕਰਕੇ ਔਲਾਦ ਸੋਚ ਰਹੀ ਹੁੰਦੀ ਹੈ, ਮਮਤਾ ਪ੍ਰਸੰਨ ਹੋ ਰਹੀ ਹੈ ਪਰ ਮਾਂ ਦਾ ਰੁਤਬਾ ਖਿਸਕਦਾ ਜਾ ਰਿਹਾ ਹੈ, ਫਿਰ ਵੀ ਧਾਹੀਂ ਰੋਂਦੇ ਸਮਾਜ ਦੀਆਂ ਅੱਖਾਂ ਪੂੰਝਣ ਲਈ ਮਾਂ ਕਾਹਲੀ ਵਿਚ ਲੱਗਦੀ ਹੈ। ਜਿਨ੍ਹਾਂ ਘਰਾਂ ਵਿਚ ਬੁੱਢੀ ਮਾਂ ਲਈ ਸਿਰਫ ਇੱਕ ਨੁੱਕਰ ਰਾਖਵੀਂ ਰੱਖ ਲਈ ਗਈ ਹੈ, ਉਨ੍ਹਾਂ ਘਰਾਂ ਦੇ ਵਿਹੜੇ ਫੁੱਲ-ਬੂਟਿਆਂ ਤੇ ਕਮਰੇ ਮਹਿੰਗੀਆਂ ਵਸਤਾਂ ਨਾਲ ਸ਼ਿੰਗਾਰੇ ਹੋਣ ਦੇ ਬਾਵਜੂਦ ‘ਭਾਂ ਭਾਂ’ ਕਰ ਰਹੇ ਹੁੰਦੇ ਹਨ। ਬਹੁਤੇ ਲੋਕਾਂ ਨੂੰ ਵਹਿਮ ਹੀ ਹੋ ਗਿਆ ਹੈ ਕਿ ਜਵਾਨੀ ਵਿਚ ਪਤਨੀ ‘ਸਭ ਕੁਝ’ ਤੇ ਮਾਂ ‘ਕੁਝ ਵੀ ਨਹੀਂ’ ਹੁੰਦੀ। ਫਿਰ ਵੀ ਅਸੀਂ ਪੈਸੇ ਨਾਲ ਬਰਕਤਾਂ ‘ਕੱਠੀਆਂ ਕਰਨ ਦੇ ਯਤਨ ਵਿਚ ਲੱਗੇ ਹੋਏ ਹਾਂ। ਔਰਤ ਸਿਰਫ ਕਾਮ ਵਾਸ਼ਨਾ ਦੀ ਭੱਠੀ ਨਹੀਂ ਹੁੰਦੀ, ਪਰਿਵਾਰ ਤੇ ਸੰਸਾਰ ਚਲਾਉਣ ਵਾਲਾ ਅਹਿਮ ਕਿਰਦਾਰ ਵੀ ਹੈ। ਮਾਂ ਨੂੰ ਸਤਾ ਕੇ ਅਨੰਦ ਲੱਭਣ ਵਾਲਾ ਮਨੁੱਖ ਜਿੰਨੇ ਮਰਜੀ ਪਖੰਡ ਕਰੇ, ਧਰਮੀ ਹੋ ਹੀ ਨਹੀਂ ਸਕਦਾ। ਜਿਨ੍ਹਾਂ ਦੀਆਂ ਰੀਝਾਂ ਵੱਧ ਨੇ, ਉਨ੍ਹਾਂ ਦੀ ਪੀੜ ਘੱਟ ਨਹੀਂ ਹੋ ਸਕਦੀ ਜਾਂ ਜਿਹੜੇ ਮਾਂ ਵੱਲ ਪਿੱਠ ਕਰੀ ਬੈਠੇ ਹਨ, ਰੱਬ ਦਾ ਉਨ੍ਹਾਂ ਵੱਲ ਮੂੰਹ ਹੋ ਹੀ ਨਹੀਂ ਸਕਦਾ। ਜਿਹੜੇ ਮਾਂ ਨੂੰ ਬਿਰਧ ਆਸ਼ਰਮ ਵਿਚ ਛੱਡ ਕੇ ਚੰਗੇ ਭਵਿੱਖ ਦੀ ਉਡੀਕ ਵਿਚ ਹਨ, ਉਨ੍ਹਾਂ ਨੂੰ ਸਮਝ ਲੈਣਾ ਪਵੇਗਾ ਕਿ ਜ਼ਿੰਦਗੀ ਹੀ ਮੁੱਕ ਜਾਵੇਗੀ, ਉਡੀਕ ਦੇ ਮੁੱਕਣ ਦੀ ਆਸ ਤਿਆਗ ਦਿਓ। ਮਨੁੱਖ ਬਾਹਰੋਂ ਧਰਮੀ ਹੋਣ ਦਾ ਵਿਖਾਵਾ ਕਰ ਰਿਹਾ ਹੈ ਪਰ ਅੰਦਰੋਂ ਕਪਟ ਨਾਲ ਹੱਥ ਮਿਲਾ ਰਿਹਾ ਹੈ। ਬਾਹਰੋਂ ਸਿਆਣਪ ਦੇ ਦੀਦੇ ਬਾਲਣ ਦੀ ਕੋਸ਼ਿਸ਼ ਵਿਚ ਹੈ, ਅੰਦਰ ਹੇਰਾ-ਫੇਰੀ, ਠੱਗੀ-ਠੋਰੀ ਤੇ ਪਾਪ ਦਾ ਤੂਫਾਨ ਉਠ ਰਿਹਾ ਹੈ। ਨੱਕ ਤੇ ਮੱਥਾ ਰਗੜਨ ਨਾਲ ਨਹੀਂ, ਮੁਰਾਦਾਂ ਤਾਂ ਮਨ ਭੇਟ ਕਰਨ ਨਾਲ ਮਿਲਣਗੀਆਂ। ਮਨੁੱਖ ਟਿਕਾਓ ਦੀ ਸਥਿਤੀ ਵਿਚ ਨਹੀਂ, ਇਸੇ ਲਈ ਜ਼ਮਾਨਾ ਤਾਂ ਸਾਡੇ ਹੱਕ ‘ਚ ਸੀ ਪਰ ਅਸੀਂ ਵਿਰੁਧ ਹੋ ਗਏ ਹਾਂ।

ਐਸ਼ ਅਸ਼ੋਕ ਭੌਰਾ
ਜ਼ੁਬਾਨ ਦੇ ਤਿਲਕਣ ਦਾ ਡਰ ਹੁੰਦਾ ਹੈ ਕਿਉਂਕਿ ਇਹ ਗਿੱਲੀ ਰਹਿੰਦੀ ਹੈ। ਸਿਆਣੇ ਲੋਕਾਂ ਨੇ ਆਪਣੇ ਆਪ ‘ਤੇ ਘੱਟ, ਜ਼ੁਬਾਨ ‘ਤੇ ਜ਼ਿਆਦਾ ਕਾਬੂ ਰੱਖਿਆ ਹੁੰਦਾ ਹੈ। ਕੁਦਰਤ ਦਾ ਕ੍ਰਿਸ਼ਮਾ ਵੇਖੋ ਕਿ ਇਸੇ ਜ਼ੁਬਾਨ ਨੂੰ ਦੋ ਬੂਹੇ ਲਾ ਕੇ ਰੱਖੇ ਹਨ-ਜੀਭ ਦੰਦਾਂ ਦੇ ਵੀ ਅੰਦਰ ਹੈ ਅਤੇ ਬੁੱਲਾਂ ਦੇ ਵੀ। ਇਸ ਕਰਕੇ ਕਿ ਜ਼ੁਬਾਨ ਨੂੰ ਬਾਹਰ ਕੱਢਣ ਤੋਂ ਪਹਿਲਾਂ ਇਹ ਦੋ ਬੂਹੇ ਖੋਲ੍ਹਣ ਵੇਲੇ ਹੀ ਸੁਚੇਤ ਨਹੀਂ ਹੋਣਾ ਚਾਹੀਦਾ ਸਗੋਂ ਦਿਮਾਗ ਦੀਆਂ ਖਿੜਕੀਆਂ ਖੋਲ੍ਹਣ ਲਈ ਵੀ ਸੌ ਵਾਰ ਸੁਚੇਤ ਹੋਣਾ ਚਾਹੀਦਾ ਹੈ। ਮਾਂ ਘਰ ਵਿਚ ਉਦਾਸ ਹੋਵੇ ਤਾਂ ਖੁਸ਼ੀ ਦਾ ਗਿੱਧਾ ਪੈਣ ਦੀ ਕੋਈ ਸੰਭਾਵਨਾ ਨਹੀਂ ਹੁੰਦੀ। ਘਰ ਵਿਚ ਜੇ ਮਾਂ ਖੁਸ਼ ਹੈ ਤਾਂ ਉਦਾਸੀ ਤੇ ਗਮੀ ਬਾਹਰਲੇ ਬੂਹਿਓਂ ਹੀ ਪਰਤ ਜਾਂਦੀ ਹੈ। ਦੁੱਖ ਇਸ ਗੱਲ ਦਾ ਹੈ ਕਿ ਅੱਜ ਕਲ ਮਾਂਵਾਂ ਦੀਆਂ ਪੀੜਾਂ ਵਧ ਗਈਆਂ ਹਨ, ਘਰ ਸਿਰਫ ਮਕਾਨ ਹਨ ਤੇ ਮਾਂਵਾਂ ਦੇ ਚਿਹਰਿਆਂ ਤੋਂ ਉਦਾਸੀ ਦਾ ਮੁੜਕਾ ਪੂੰਝਣ ਲਈ ਔਲਾਦ ਵੀ ਲਾਪਰਵਾਹੀ ਵਰਤਣ ਲੱਗ ਪਈ ਹੈ। ਰਿਸ਼ਤਿਆਂ ਦੀ ਮਹੱਤਤਾ ਆਪੋ ਆਪਣੇ ਸੰਸਕਾਰਾਂ ਅਨੁਸਾਰ ਹੀ ਹੁੰਦੀ ਹੈ। ਇਸੇ ਕਰਕੇ ਪੱਛਮੀ ਦੇਸ਼ਾਂ ਵਿਚ ਮਾਂ-ਬਾਪ ਨੂੰ ਬੁਢਾਪੇ ‘ਚ ਬਿਰਧ ਆਸ਼ਰਮਾਂ ‘ਚ ਭੇਜਣਾ ਬੁਰਾ ਨਹੀਂ ਲੱਗਦਾ, ਪਰ ਭਾਰਤੀ ਸੰਸਕ੍ਰਿਤੀ ਵਿਚ ਮਾਂਵਾਂ ਘਰਾਂ ਦੀਆਂ ਬਰੂਹਾਂ ‘ਚੋਂ ਬਾਹਰ ਨਿਕਲਣ ਦਾ ਸੰਕਲਪ ਹੀ ਨਹੀਂ ਹੈ।
ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ। ਬਾਬੇ ਨਾਨਕ ਨੇ ‘ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ’ ਆਖਿਆ ਹੈ। ਪਰ ਦੁੱਖ ਇਸ ਗੱਲ ਦਾ ਹੈ ਕਿ ਬਹੁਤੇ ਘਰਾਂ ਵਿਚ ਮਾਂਵਾਂ ਅੱਜ ਕੱਲ ਉਦਾਸ ਹੀ ਨਹੀਂ, ਚਿੰਤਤ ਵੀ ਹਨ। ਅਸੀਂ ਆਪਣੀ ਸੰਸਕ੍ਰਿਤੀ ਅਤੇ ਸੰਸਕਾਰਾਂ ਦੇ ਪੈਰਾਂ ‘ਚ ਸੁਆਰਥ ਦੀਆਂ ਬੇੜੀਆਂ ਪਾ ਦਿੱਤੀਆਂ ਹਨ। ਆਹ ਕੁਝ ਗੱਲਾਂ ਸੁਣ ਕੇ ਚਿੱਤ ਨੂੰ ਚਿਤਮਣੀ ਲੱਗ ਜਾਂਦੀ ਹੈ ਕਿ ਵਾਰਸ ਤਾਂ ਮਹਾਨ ਵਿਰਸੇ ਦੇ ਹਾਂ ਪਰ ਵਕਤ ਨੇ ਸਾਡੀ ਚਾਲ ਇਨ੍ਹਾਂ ਪਾਕਿ-ਪਵਿੱਤਰ ਰਿਸ਼ਤਿਆਂ ਪ੍ਰਤੀ ਇਕ ਤਰ੍ਹਾਂ ਨਾਲ ਲੰਗੜੀ ਕਰ ਦਿੱਤੀ ਹੈ।
ਕੁਝ ਅਰਸਾ ਪਹਿਲਾਂ ਪੰਜਾਬ ਦੇ ਇਕ ਬਿਰਧ ਆਸ਼ਰਮ ‘ਚ ਜਾਣ ਦਾ ਮੌਕਾ ਮਿਲਿਆ। ਸੋਚਦਾ ਸਾਂ ਕਿ ਅਸੀਂ ਸੰਸਕਾਰਾਂ ਨੂੰ ਕਿੰਨਾ ਲਾਂਬੂ ਲਾ ਲਿਆ ਹੈ ਕਿ ਸੇਕ ਤਾਂ ਹੱਦੋਂ ਵੱਧ ਹੈ ਪਰ ਇਸ ਦਾ ਅਨੁਭਵ ਨਹੀਂ ਕਰ ਰਹੇ। ਧੁੱਪੇ ਬੈਠੀਆਂ ਕੁਝ ਮਾਂਵਾਂ ਦੇ ਹਉਕੇ ਸੁਣਨ ਦਾ ਮੌਕਾ ਮਿਲਿਆ। ਇਨ੍ਹਾਂ ‘ਚੋਂ ਬਹੁਤੀਆਂ ਨੂੰਹਾਂ ਤੋਂ ਨਹੀਂ, ਪੁੱਤਾਂ ਤੋਂ ਦੁਖੀ ਸਨ। ਪਰ ਕਮਾਲ ਇਹ ਹੈ ਕਿ ਮਾਂ ਦੇ ਅੰਦਰ ਮਮਤਾ ਹੀ ਨਹੀਂ ਸਗੋਂ ਮਾਂ ਦੀ ਸੰਸਕ੍ਰਿਤੀ ਦੇ ਚਾਵਾਂ ਦਾ ਵੀ ਦੀਵਾ ਹਾਲੇ ਉਸੇ ਤਰ੍ਹਾਂ ਜਗ ਰਿਹਾ ਹੈ। ਉਹ ਦੁੱਖ ਜਰਦਿਆਂ ਵੀ ਪੁੱਤ ਨੂੰ ਕਪੁੱਤ ਕਹਿਣ ਲਈ ਤਿਆਰ ਨਹੀਂ ਤੇ ਨਾ ਹੀ ਕੋਈ ਬਦ-ਅਸੀਸ ਦੇਣ ਦੇ ਮੂਡ ਵਿਚ। ਉਹ ਸਾਰਾ ਦੋਸ਼ ਕਿਸੇ ‘ਤੇ ਨਹੀਂ, ਆਪਣੇ ਮੁਕੱਦਰਾਂ ਸਿਰ ਮੜ੍ਹ ਰਹੀਆਂ ਹਨ। ਇਕ ਬਿਰਧ ਔਰਤ, ਨਾਂ ਜਿਸ ਦਾ ਸ਼ਾਇਦ ਜਸਵੰਤ ਕੌਰ ਸੀ, ਮੈਨੂੰ ਵਾਰ ਵਾਰ ਪੁੱਛ ਰਹੀ ਸੀ, “ਪੁੱਤਰ, ਤੇਰਾ ਨਾਂ ਅਮਰੀਕ ਤਾਂ ਨਹੀਂ?” ਵਰਤਾਰੇ ਤੋਂ ਇੰਜ ਲੱਗਦਾ ਸੀ ਕਿ ਉਸ ਦਾ ਮਾਨਸਿਕ ਸੰਤੁਲਨ ਇਕੱਲ ਅਤੇ ਬੁਢਾਪੇ ਦਾ ਝੰਬਿਆ ਹੋਣ ਕਰਕੇ ਕਾਇਮ ਨਹੀਂ ਸੀ। ਮੈਂ ਨਾਂਹ ਵਿਚ ਸਿਰ ਹਿਲਾਇਆ ਤਾਂ ਉਹ ਆਖਣ ਲੱਗੀ, “ਨਹੀਂ! ਤੂੰ ਮੇਰਾ ਅਮਰੀਕ ਹੀ ਹੈਂ।”
ਇਹ ਅਮਰੀਕ ਪਿੱਛੇ ਕਹਾਣੀ ਜੋ ਉਸ ਨੇ ਆਪਣੀ ਜ਼ੁਬਾਨੀ ਪੇਸ਼ ਕੀਤੀ, ਸੱਚੀਂ ਇਹ ਬੁੱਢੇਵਾਰੇ ਦਰਦ ਦੀ ਬਹੁਤ ਵੱਡੀ ਵਿਥਿਆ ਸੀ। ਉਹ ਆਖਣ ਲੱਗੀ ਕਿ ਚਾਲੀ ਵਰ੍ਹਿਆਂ ਦੀ ਉਮਰੇ ਮੇਰੀ ਗੋਦ ਨੂੰ ਭਾਗ ਲੱਗੇ। ਪੁੱਤ ਅਮਰੀਕ ਨੇ ਜਨਮ ਲਿਆ, ਪਤੀ ਸੁਰਜਣ ਨੇ ਰੱਜ ਕੇ ਖੁਸ਼ੀਆਂ ਮਨਾਈਆਂ, ਲੋਹੜੀ ਵੰਡੀ, ਢੋਲ ਢਮੱਕਾ ਵੱਜਿਆ, ਘਰ ‘ਚ ਖੁਸ਼ੀਆਂ ਦੀ ਬਰਸਾਤ ਹੋਈ। ਪਰ ਬੁਢਾਪਾ ਉਦਾਸੀ ਦੀ ਘਨ੍ਹੇੜੀ ਚੜ੍ਹ ਗਿਆ। ਜਦੋਂ ਅਮਰੀਕ ਨੇ ਵੱਡੇ ਆਪ੍ਰੇਸ਼ਨ ਨਾਲ ਜਨਮ ਲਿਆ ਤਾਂ ਡਾਕਟਰਾਂ ਨੇ ਕਿਹਾ ਕਿ ਉਹ ਮੁੜ ਮਾਂ ਨਹੀਂ ਬਣ ਸਕੇਗੀ। ਇਸ ਲਈ ਇਸ ਬਦਕਿਸਮਤ ਮਾਂ ਦੀ ਬੱਚੇਦਾਨੀ ਵੀ ਪੁੱਤਰ ਨੂੰ ਪੇਟ ‘ਚੋਂ ਬਾਹਰ ਕੱਢਣ ਦੇ ਨਾਲ ਹੀ ਹਮੇਸ਼ਾ ਲਈ ਬਾਹਰ ਕੱਢ ਦਿੱਤੀ ਗਈ। ਘਰ ਸੜਕ ਦੇ ਕਿਨਾਰੇ ਹੋਣ ਕਾਰਨ ਉਸ ਦਾ ਬਾਹਰ ਖੇਡਦਾ ਪੁੱਤਰ ਇਕ ਟਰੱਕ ਦੀ ਲਪੇਟ ਵਿਚ ਆ ਗਿਆ ਤੇ ਮਾਂ ਦੀ ਕੁੱਖ ਸੱਖਣੀ ਕਰ ਗਿਆ। ਇਕ ਮਾਂ ਤੇ ਔਰਤ ਹੋਣ ਦਾ ਰੁਤਬਾ ਇਕ ਬਦਕਿਸਮਤ ਮਾਂ ਤੋਂ ਉਪਰ ਵਾਲੇ ਨੇ ਪਤਾ ਨਹੀਂ ਕਿਹੜੀ ਗੱਲੋਂ ਖਫਾ ਹੋ ਕੇ ਸਦਾ ਲਈ ਖੋਹ ਲਿਆ।
ਪਤੀ ਸੁਰਜਣ ਸਿੰਘ ਨੇ ਕੁਝ ਵਰ੍ਹੇ ਬੀਤਣ ਤੋਂ ਬਾਅਦ ਉਹਦੀ ਛੋਟੀ ਭੈਣ ਕਮਲੇਸ਼ ਨੂੰ ਘਰੇ ਲਿਆਉਣ ਲਈ ਜ਼ੋਰ ਪਾਇਆ, ਕਿਉਂਕਿ ਔਲਾਦ ਦੀ ਚਾਹਤ ਇਕ ਮਰਦ ਦੇ ਅੰਦਰ ਉਬਾਲੇ ਮਾਰ ਰਹੀ ਸੀ। ਮਾਪੇ ਮੰਨ ਗਏ ਤੇ ਭੈਣ ਕਮਲੇਸ਼ ਸੌਕਣ ਬਣ ਕੇ ਘਰ ਆ ਗਈ। ਫਿਰ ਘਰ ‘ਚ ਦੋ ਪੁੱਤਰਾਂ ਤੇ ਦੋ ਧੀਆਂ ਨੇ ਜਨਮ ਲਿਆ। ਢਲਦੀ ਉਮਰ ਵੱਲ ਜਸਵੰਤ ਖਿਸਕੀ ਤਾਂ ਪਤੀ ਸੁਰਜਣ ਸਿੰਘ ਵੀ ਰੱਬ ਨੂੰ ਪਿਆਰਾ ਹੋ ਗਿਆ। ਘਰ ‘ਚ ਉਹ ਇਕ ਵਾਧੂ ਜੀਅ ਪ੍ਰਤੀਤ ਹੋਣ ਲੱਗ ਪਈ। ਧੀਆਂ ਸਹੁਰੇ ਚਲੇ ਗਈਆਂ, ਘਰ ਨੂੰਹਾਂ ਆ ਗਈਆਂ। ਉਹਨੂੰ ਖੂੰਜੇ ਪਈ ਇਕ ਖੂੰਡੀ ਵਾਂਗ ਬੇਸਹਾਰਾ ਕਰ ਦਿੱਤਾ ਗਿਆ।
ਘਰ ‘ਚ ਅਜਿਹੀ ਬੇਇਤਫਾਕੀ ਦਾ ਦਾਖਲਾ ਹੋਇਆ ਕਿ ਜਸਵੰਤ ਨੂੰ ਬਾਹਰ ਨਿਕਲਣਾ ਪੈ ਗਿਆ। ਕਮਲੇਸ਼ ਦੇ ਵੱਡੇ ਪੁੱਤਰ ਨੇ ਉਸ ਨੂੰ ਬਿਰਧ ਆਸ਼ਰਮ ‘ਚ ਛੱਡਣ ਦਾ ਫੈਸਲਾ ਕਰ ਲਿਆ। ਅੱਠ ਵਰ੍ਹੇ ਹੋ ਗਏ ਹਨ, ਉਸ ਨੂੰ ਇਸ ਬਿਰਧ ਆਸ਼ਰਮ ਵਿਚ ਓਪਰਿਆਂ ਨੂੰ ਆਪਣੇ ਸਮਝ ਕੇ ਜ਼ਿੰਦਗੀ ਗੁਜ਼ਾਰਦਿਆਂ। ਨਾ ਕੋਈ ਪੁੱਤ, ਨਾ ਕੋਈ ਧੀ, ਉਹਦੀ ਕਦੀ ਖਬਰਸਾਰ ਲੈਣ ਆਇਆ। ਜਦੋਂ ਵੀ ਕੋਈ ਜੁਆਨ ਇਸ ਬਿਰਧ ਆਸ਼ਰਮ ਵਿਚ ਆਉਂਦਾ ਹੈ ਤਾਂ ਉਹਨੂੰ ਲੱਗਦਾ ਹੈ ਕਿ ਅਮਰੀਕ ਵੱਡਾ ਹੋ ਕੇ ਉਸ ਨੂੰ ਮਿਲਣ ਆਇਆ ਹੈ। ਪਰ ਅਫਸੋਸ ਕਿ ਅਜਿਹਾ ਨਹੀਂ ਹੁੰਦਾ। ਉਹ ਅਮਰੀਕ ਲਈ ਤਾਂ ਦੁਆਵਾਂ ਮੰਗਦੀ ਹੈ, ਆਪਣੀ ਭੈਣ ਤੇ ਸੌਕਣ ਕਮਲੇਸ਼ ਦੇ ਜੀਆ ਜੰਤ ਲਈ ਵੀ ਖੈਰ-ਸੁੱਖ ਮੰਗਦੀ ਹੈ। ਉਹ ਡਾਢੇ ਅੱਗੇ ਵਾਰ ਵਾਰ ਹੱਥ ਜੋੜਦੀ ਇਹੋ ਕਹਿੰਦੀ ਹੈ, ‘ਮੈਨੂੰ ਚੱਕ ਲੈ, ਬੁੱਢੇ ਸਰੀਰ ਨਾਲ ਹੁਣ ਹਉਕਿਆਂ ਦਾ ਭਾਰ ਨਹੀਂ ਚੁੱਕਿਆ ਜਾਂਦਾ।’ ਫਿਰ ਉਹਦੀਆਂ ਨਿਕਲਦੀਆਂ ਉਚੀਆਂ ਧਾਹਾਂ ਸ਼ਾਇਦ ਰੱਬ ਨੂੰ ਵੀ ਕੋਈ ਉਲਾਂਭਾਂ ਦੇ ਰਹੀਆਂ ਹੁੰਦੀਆਂ ਨੇ। ਮੈਂ ਉਸ ਬਦਕਿਸਮਤ ਮਾਂ ਨੂੰ ਪੰਜ ਸੌ ਦਾ ਨੋਟ ਫੜਾਉਣ ਦੀ ਪੇਸ਼ਕਸ਼ ਕੀਤੀ ਪਰ ਉਸ ਨੇ ਆਪਣੇ ਖੀਸੇ ‘ਚੋਂ ਪੰਜਾਂ ਦਾ ਨੋਟ ਕੱਢ ਕੇ ਕਿਹਾ, ‘ਜਿਉਂਦਾ ਰਹਿ ਪੁੱਤਰਾ, ਮੈਨੂੰ ਪੈਸੇ ਨਹੀਂ ਚਾਹੀਦੇ, ਮੈਨੂੰ ਮੇਰਾ ਅਮਰੀਕ ਚਾਹੀਦਾ ਹੈ ਪਰ ਮੈਂ ਜਾਣਦੀ ਹਾਂ ਕਿ ਉਹ ਮੈਨੂੰ ਹੁਣ ਕਦੇ ਨਹੀਂ ਮਿਲੇਗਾ।’
ਬਿਰਧ ਆਸ਼ਰਮ ਵਿਚ ਉਸ ਦੀਆਂ ਸੰਗੀ ਔਰਤਾਂ ਉਸ ਨੂੰ ਸਮਝਾਉਣ-ਬੁਝਾਉਣ ਦੀ ਬਹੁਤ ਕੋਸ਼ਿਸ਼ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਮਾਂ ਜਸਵੰਤ ਦਾ ਸਾਰਾ ਦਿਨ ਰੋਂਦਿਆਂ ਕੁਰਲਾਉਂਦਿਆਂ ਨਿਕਲਦਾ ਹੈ ਤੇ ਉਹ ਸਾਰਾ ਦਿਨ ਅਮਰੀਕ ਦੇ ਹੀ ਜੈਕਾਰੇ ਲਾਉਂਦੀ ਰਹਿੰਦੀ ਹੈ। ਇਸ ਘਟਨਾ ਤੋਂ ਬਾਅਦ ਮੇਰਾ ਕਿਸੇ ਵੀ ਬਿਰਧ ਆਸ਼ਰਮ ‘ਚ ਜਾਣ ਨੂੰ ਚਿੱਤ ਨਹੀਂ ਕਰਦਾ ਕਿਉਂਕਿ ਇਉਂ ਲੱਗਦਾ ਹੈ ਕਿ ਆਸ਼ਰਮ ਬਣਾਏ ਤਾਂ ਭਲੇ ਲੋਕਾਂ ਨੇ ਬਜ਼ੁਰਗਾਂ ਦੀ ਭਲਾਈ ਲਈ ਹਨ ਤੇ ਮਿਸ਼ਨ ਸਫਲ ਵੀ ਹੈ ਪਰ ਉਥੋਂ ਉਠਦੀਆਂ ਚੀਕਾਂ ਦਾ ਧੂੰਆਂ ਦੁਖੀ ਮਾਂਵਾਂ ਦਾ ਇਕ ਠਿਕਾਣਾ ਜਾਪ ਰਿਹਾ ਹੁੰਦਾ ਹੈ। ਇਕ ਕਹਾਵਤ ਹੈ ਕਿ ਜਦੋਂ ਜ਼ਿੰਦਗੀ ‘ਚ ਬਹੁਤ ਉਦਾਸ ਹੋ ਜਾਵੋ, ਉਦੋਂ ਠਾਣੇ, ਜੇਲ੍ਹਾਂ ਜਾਂ ਹਸਪਤਾਲਾਂ ਦਾ ਦੌਰਾ ਕਰਕੇ ਦੇਖੋ ਪਰ ਮੈਂ ਇਹ ਕਹਾਂਗਾ ਕਿ ਜੇ ਹਾਲੇ ਜ਼ਿੰਦਗੀ ਦੇ ਅਰਥਾਂ ਤੋਂ ਨਾਵਾਕਿਫ ਹੋ, ਅਣਜਾਣ ਹੋ ਤਾਂ ਇਨ੍ਹਾਂ ਬਿਰਧ ਆਸ਼ਰਮਾਂ ‘ਚ ਇਕ ਵਾਰੀ ਜਾ ਕੇ ਆਓ, ਤਾਂ ਤੁਹਾਨੂੰ ਲੱਗੇਗਾ ਕਿ ਸੁਚੇਤ ਹੋਵੋ ਅੱਗਾ ਤੁਹਾਡੇ ਵੀ ਨੇੜੇ ਆ ਰਿਹਾ ਹੈ।
ਮੇਰੇ ਨਾਲ ਇਕ ਅਧਿਆਪਕ ਹੁੰਦਾ ਸੀ। ਨਵੇਂ ਨਵੇਂ ਨੌਕਰੀ ‘ਚ ਆਏ ਸਾਂ। ਅਕਸਰ ਜਦੋਂ ਸਕੂਲ ‘ਚ ਛੁੱਟੀ ਹੋਣੀ ਤਾਂ ਉਹਨੇ ਕਹਿਣਾ, ‘ਚਲੋ ਪੁਰਾਣੇ ਧਾਰਮਿਕ ਸਥਾਨ ‘ਤੇ ਜਾ ਕੇ ਆਉਂਦੇ ਹਾਂ।’ ਪਰ ਅਸੀਂ ਦੋ ਤਿੰਨ ਜਣਿਆਂ ਨੇ ਅਕਸਰ ਟਾਲਾ ਵੱਟ ਜਾਣਾ। ਨਾਂ ਉਹਦਾ ਮੁਕੇਸ਼ ਸੀ, ਉਮਰ ਕੋਈ ਪੈਂਤੀ-ਚਾਲੀ ਸਾਲ ਹੋਵੇਗੀ। ਔਲਾਦ ਕੋਈ ਨਹੀਂ ਸੀ। ਫਿਰ ਇਕ ਦਿਨ ਅਜਿਹਾ ਆਇਆ ਕਿ ਉਹਦੇ ਸਵੇਰੇ ਸਕੂਲ ਆਉਂਦੇ ਦੇ ਹੱਥਾਂ ਵਿਚ ਮਿਠਾਈ ਦੇ ਡੱਬੇ ਸਨ। ਸਕੂਲ ਮੁਖੀ ਅਤੇ ਸਾਰੇ ਸਟਾਫ ਨੂੰ ਪਤਾ ਲੱਗ ਗਿਆ ਕਿ ਮੁਕੇਸ਼ ਦੇ ਘਰ ‘ਚ ਖੁਸ਼ੀਆਂ ਦਾ ਚੰਨ ਚੜ੍ਹ ਗਿਆ ਹੈ। ਮਿਠਾਈ ਵੰਡੀ ਗਈ ਤੇ ਫਿਰ ਕਈ ਦਿਨ ਏਦਾਂ ਲੱਗਦਾ ਰਿਹਾ ਜਿਵੇਂ ਉਹਦੇ ਚਿਹਰੇ ਦੀ ਮੁਸਕੁਰਾਹਟ ਕਹਿ ਰਹੀ ਹੋਵੇ ਕਿ ਮੈਂ ਬਾਪ ਬਣ ਗਿਆ ਹਾਂ, ਤੇ ਬਾਪ ਬਣਨਾ ਕੋਈ ਛੋਟੀ ਗੱਲ ਨਹੀਂ ਹੁੰਦੀ।
ਇਕ ਦਿਨ ਉਹ ਸਾਰੇ ਸਟਾਫ ਨੂੰ ਉਸੇ ਧਾਰਮਿਕ ਅਸਥਾਨ ‘ਤੇ ਲੈ ਗਿਆ ਜਿੱਥੇ ਉਹ ਅਕਸਰ ਜਾਣ ਲਈ ਕਹਿੰਦਾ ਹੁੰਦਾ ਸੀ। ਉਹਦੇ ਨਾਲ ਉਹਦੀ ਬੀਵੀ, ਤੇ ਚਹੁੰ ਕੁ ਮਹੀਨਿਆਂ ਦਾ ਪੁੱਤਰ ਸੀ। ਪਹਾੜੀ ਚੜ੍ਹਦਿਆਂ ਲੰਮਾ ਪੈ ਕੇ ਲਕੀਰ ਖਿੱਚੇ, ਫਿਰ ਉਸ ਤੋਂ ਅੱਗੇ ਪੈਰ ਰੱਖ ਕੇ ਅੱਗੇ ਤੁਰੇ ਤੇ ਇੰਜ ਡੰਡਾਉਤ ਕਰਦਾ ਜੈਕਾਰੇ ਛੱਡੇ, ‘ਜ਼ੋਰ ਸੇ ਬੋਲੋ, ਜੈ ਮਾਤਾ ਦੀ, ਜੀਭ ਨੀ ਦੁਖਦੀ, ਜੈ ਮਾਤਾ ਦੀ; ਮਈਆ ਲਾਵੇ ਪਾਰ, ਜੈ ਮਾਤਾ ਦੀ।’ ਇਉਂ ਕਈ ਘੰਟਿਆਂ ਬਾਅਦ ਅਸੀਂ ਉਹਦੇ ਨਾਲ ਉਹਦੀ ਸ਼ਰਧਾ ‘ਚ ਆਪਣਾ ‘ਮੱਥਾ ਉਥੇ ਰੱਖ ਆਏ’ ਜਿੱਥੇ ਉਹ ਚਾਹੁੰਦਾ ਸੀ।
ਕੁਝ ਮਹੀਨਿਆਂ ਬਾਅਦ ਉਸੇ ਮੁਕੇਸ਼ ਦੀ ਮਾਂ ਸਕੂਲ ਆਈ। ਮੁਕੇਸ਼ ਸਕੂਲ ਨਹੀਂ ਸੀ। ਵਿਧਵਾ ਤੇ ਬੇਸਹਾਰਾ ਮਾਂ ਅਪੰਗ ਸੀ, ਉਹ ਕਿਸੇ ਦੇ ਸਹਾਰੇ ਬੜੀ ਮੁਸ਼ਕਿਲ ਨਾਲ ਪਹੁੰਚੀ ਸੀ। ਉਹ ਮੁਕੇਸ਼ ਬਾਰੇ ਪੁੱਛਣ ਲੱਗੀ ਤੇ ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਅੱਜ ਸਕੂਲ ਨਹੀਂ ਆਇਆ ਤਾਂ ਉਹ ਉਚੀ ਉਚੀ ਰੋਣ ਲੱਗ ਪਈ। ਉਸ ਦਾ ਟੁੱਟਿਆ ਹੋਇਆ ਗੁੱਟ ਉਹਦੀ ਪੀੜਾ ‘ਚ ਹੋਰ ਵੀ ਵਾਧਾ ਕਰ ਰਿਹਾ ਸੀ। ਉਦੋਂ ਸਾਰੇ ਹੈਰਾਨ ਰਹਿ ਗਏ, ਜਦੋਂ ਉਸ ਨੇ ਲਾਸਾਂ ਨਾਲ ਪਰੁੰਨਿਆ ਆਪਣਾ ਪਿੰਡਾ ਵਿਖਾਇਆ। ਉਹ ਆਖ ਰਹੀ ਸੀ ਕਿ ਗੁੱਟ ਵੀ ਪੁੱਤ ਨੇ ਤੋੜਿਆ ਹੈ। ਇਸ ਕਰਕੇ ਕਿ ਉਸ ਨੂੰ ਕਿਸੇ ‘ਸਿਆਣੇ’ ਨੇ ਭਰਮ ਪਾ ਦਿੱਤਾ ਹੈ, ਘਰ ‘ਚ ਇਹ ਮਾਂ ਮਨਹੂਸ ਹੈ ਤੇ ਜੇ ਇਹ ਘਰ ਰਹੇਗੀ ਤਾਂ ਨਵਜੰਮੇ ਪੁੱਤਰ ਦੀ ਸੁੱਖ-ਸਾਂਦ ਨਹੀਂ ਰਹੇਗੀ। ਉਹ ਸਕੂਲ ਆਪਣੀ ਪੀੜਾ ਇਹ ਕਹਿ ਕੇ ਸੁਣਾਉਣ ਆਈ ਸੀ ਕਿ ਮੇਰੇ ਪੇਕਿਆਂ ‘ਚ ਵੀ ਕੋਈ ਨਹੀਂ। ਇਸ ਮੁਕੇਸ਼ ਨੂੰ ਸਮਝਾਉ, ਭਲਾ ਕਦੇ ਮਾਂਵਾਂ ਵੀ ਡੈਣਾਂ ਹੁੰਦੀਆਂ ਹਨ? ਮੈਨੂੰ ਘਰੋਂ ਕੱਢ ਦਿੱਤਾ ਹੈ, ਨੂੰਹ ਤਾਂ ਮੇਰੀ ਗੱਲ ਸੁਣਨ ਲਈ ਹੀ ਤਿਆਰ ਨਹੀਂ, ਧੱਕੇ ਮਾਰਦੀ ਹੈ, ਗੁੱਤ ਪੱਟਦੀ ਹੈ ਤੇ ਇਹ ਮੈਥੋਂ ਸਾਰਾ ਕੁਝ ਜਰਿਆ ਨਹੀਂ ਜਾਂਦਾ। ਕੁਝ ਤਾਂ ਸਮਝਾਉ ਮੇਰੇ ਪੜ੍ਹੇ-ਲਿਖੇ ਪੁੱਤ ਨੂੰ।
ਮੇਰੀਆਂ ਅੱਖਾਂ ਅੱਗੇ ਧਾਰਮਿਕ ਸਥਾਨ ਦੀ ਉਹ ਡੰਡਾਉਤ ਕਰਕੇ ਪਹਾੜੀ ਚੜ੍ਹਨ ਦਾ ਦ੍ਰਿਸ਼ ਘੁੰਮਣ ਲੱਗ ਪਿਆ ਸੀ ਤੇ ਇਉਂ ਲੱਗਦਾ ਸੀ ਕਿ ਮੁਕੇਸ਼ ਸ਼ਾਇਦ ਆਪਣੀ ਜ਼ੁਬਾਨ ਨਾਲ ‘ਜ਼ੋਰ ਸੇ ਬੋਲੋ, ਜੈ ਮਾਤਾ ਕੀ’ ਨਹੀਂ ਕਹਿ ਰਿਹਾ ਸੀ ਕਿਉਂਕਿ ਮਰੀਆਂ ਹੋਈਆਂ ਜ਼ਮੀਰਾਂ ਦੀ ਆਪਣੀ ਜ਼ੁਬਾਨ ਨਹੀਂ ਹੁੰਦੀ। ਫਿਰ ਪਤਾ ਲੱਗਾ ਕਿ ਬਦਕਿਸਮਤ ਮਾਂ ਨੂੰ ਵੀ ਫਿਰ ਕਿਸੇ ਨੇ ਬਿਰਧ ਆਸ਼ਰਮ ਪੁਚਾ ਦਿੱਤਾ ਸੀ।
ਧਾਰਮਿਕ ਜਨੂੰਨੀਆਂ ਅਤੇ ਕੱਟੜਵਾਦੀਆਂ ਨੂੰ ਇਹ ਗੱਲ, ਜੋ ਮੈਂ ਸੁਣਾਉਣ ਲੱਗਾ ਹਾਂ, ਸ਼ਾਇਦ ਚੁੱਭੇ ਬਹੁਤ ਪਰ ਸੋਸ਼ਲ ਮੀਡੀਏ ‘ਤੇ ਘੁੰਮਦੀ ਇਹ ਕਹਾਣੀ ਸ਼ਾਇਦ ਜਿਨ੍ਹਾਂ ਨੇ ਨਾ ਵੇਖੀ ਤੇ ਸੁਣੀ ਹੋਵੇ, ਉਨ੍ਹਾਂ ਦੀ ਜੀਭ ਦੰਦਾਂ ਹੇਠ ਆ ਜਾਵੇ ਅਤੇ ਅਕਲ ਤੇ ਦਿਮਾਗ ਦੇ ਬੂਹੇ ਬਾਰੀਆਂ ਖੁੱਲ੍ਹ ਜਾਣ। ਕਹਾਣੀ ਇਉਂ ਸੀ ਕਿ ਇਕ ਸੱਸ ਆਪਣੀ ਨਵੀਂ ਵਿਆਹੀ ਨੂੰਹ ਨੂੰ ਇਕ ਧਾਰਮਿਕ ਅਸਥਾਨ ‘ਤੇ ਲੈ ਗਈ। ਜਦੋਂ ਉਹ ਦਾਖਲ ਹੋਣ ਲੱਗੀਆਂ ਤਾਂ ਦੁਆਰ ਦੇ ਦੋਹੀਂ ਪਾਸੀਂ ਸ਼ੇਰਾਂ ਦੇ ਬੁੱਤ ਸਨ। ਨੂੰਹ ਨੇ ਚੀਕਾਂ ਮਾਰੀਆਂ, “ਮਾਂ ਆ ਨੱਠ ਚੱਲੀਏ, ਇਹ ਸ਼ੇਰ ਸਾਨੂੰ ਖਾ ਜਾਣਗੇ।” ਸੱਸ ਕਹਿਣ ਲੱਗੀ, “ਮੂਰਖ ਕਿਸੇ ਥਾਂ ਦੀ, ਵਿਚੋਲਾ ਕਹਿੰਦੀ ਸੀ ਪੜ੍ਹੀ-ਲਿਖੀ ਕੁੜੀ ਹੈ ਪਰ ਇਹ ਤਾਂ ਅਕਲੋਂ ਖਾਲੀ ਹੈ। ਇਹ ਸਾਡਾ ਘਰ ਬਰਬਾਦ ਕਰੇਗੀ।” ਉਹਨੇ ਬਾਹੋਂ ਫੜ੍ਹ ਕੇ ਨੂੰਹ ਨੂੰ ਖਿੱਚ ਕੇ ਕਿਹਾ, “ਵੱਡੀਏ ਸਿਆਣੀਏ, ਅੱਖਾਂ ਕੰਮ ਨਹੀਂ ਕਰਦੀਆਂ। ਇਹ ਅਸਲੀ ਸ਼ੇਰ ਨਹੀਂ, ਇਹ ਪੱਥਰ ਦੇ ਬੁੱਤ ਨੇ।”
“ਉਹ ਅੱਛਾ ਮਾਂ, ਮੈਂ ਤਾਂ ਸੋਚਿਆ ਜੰਗਲ ਵਿਚੋਂ ਅਸਲੀ ਹੀ ਆ ਗਏ ਹਨ।”
ਫਿਰ ਅੱਗੇ ਗਏ, ਇਕ ਗਾਂ ਵੱਛੇ ਨੂੰ ਦੁੱਧ ਚੁੰਘਾ ਰਹੀ ਸੀ। ਸੀ ਤਾਂ ਇਹ ਵੀ ਬੁੱਤ ਹੀ ਪਰ ਨੂੰਹ ਖਿੜ-ਖਿੜ ਹੱਸਦਿਆਂ ਕਹਿਣ ਲੱਗੀ, “ਮਾਂ, ਜਾਹ ਭੱਜ ਕੇ ਵੱਡੀ ਬਾਲਟੀ ਚੁੱਕ ਕੇ ਲਿਆ, ਮੈਂ ਵੱਛੇ ਨੂੰ ਪਰ੍ਹਾਂ ਹਟਾ ਕੇ ਧਾਰ ਕੱਢਦੀ ਹਾਂ।”
ਸੱਸ ਨੇ ਮੱਥੇ ‘ਤੇ ਹੱਥ ਮਾਰਿਆ, “ਹਾਇ ਓ ਰੱਬਾ! ਮੇਰੇ ਪੜ੍ਹੇ-ਲਿਖੇ ਪੁੱਤ ਲਈ ਇਹ ਬੇਅਕਲ ਹੀ ਰੱਖੀ ਸੀ। ਇਹਦੀਆਂ ਅੱਖਾਂ ਨਹੀਂ, ਡੇਲੇ ਹਨ। ਇਹ ਗਾਂ ਤੇ ਵੱਛਾ ਤਾਂ ਪੱਥਰ ਦੇ ਨੇ।” ਤੇ ਗਾਂ ਦੇ ਬੁੱਤ ‘ਤੇ ਹੱਥ ਫੇਰਦਿਆਂ ਸੱਸ ਨੂੰਹ ਨੂੰ ਸਮਝਾਉਣ ਲੱਗੀ, “ਸਾਰੇ ਜਹਾਨ ਦੀਏ ਮੂਰਖੇ! ਇਹ ਅਸਲੀ ਗਾਂ-ਵੱਛਾ ਨਹੀਂ ਹਨ। ਇਹ ਤਾਂ ਕਿਸੇ ਬੁੱਤਘਾੜੇ ਨੇ ਬੁੱਤ ਬਣਾਏ ਹਨ।” ਨੂੰਹ ਫਿਰ ਹੱਸ ਪਈ, “ਅੱਛਾ ਮਾਂ! ਮੈਂ ਤਾਂ ਭੁਲੇਖੇ ਵਿਚ ਹੀ ਸੀ।”
ਅੱਗੇ ਫਿਰ ਉਸ ਦੇਵੀ ਦੀ ਮੂਰਤੀ ਆ ਗਈ। ਨੂੰਹ ਸੱਸ ਨੂੰ ਕਹਿਣ ਲੱਗੀ, “ਚਰਨਾਂ ‘ਚ ਸਿਰ ਰੱਖ ਤੇ ਮੰਗ ਕਿ ਮੇਰੀ ਕੁੱਖ ਨੂੰ ਭਾਗ ਲੱਗਣ, ਮੁਰਾਦਾਂ ਪੂਰੀਆਂ ਹੋਣ, ਜ਼ਿੰਦਗੀ ‘ਚ ਖੁਸ਼ੀਆਂ ਮਿਲਣ।”
ਨੂੰਹ ਫਿਰ ਸੱਸ ਨੂੰ ਹੈਰਾਨੀ ਨਾਲ ਪੁੱਛਣ ਲੱਗੀ, “ਮਾਂ! ਤੂੰ ਤਾਂ ਬਹੁਤ ਸਿਆਣੀ ਏ, ਪਰ ਇਕ ਗੱਲ ਦੱਸ ਜੇ ਨਕਲੀ ਸ਼ੇਰ ਸਾਨੂੰ ਖਾ ਨਹੀਂ ਸਕਦਾ, ਜੇ ਨਕਲੀ ਗਾਂ ਦੁੱਧ ਨਹੀਂ ਦੇ ਸਕਦੀ, ਤਾਂ ਇਹ ਪੱਥਰ ਦੀ ਮੂਰਤੀ ਸਾਨੂੰ ਕੀ ਦੇ ਸਕਦੀ ਹੈ?”
ਨੂੰਹ-ਸੱਸ ਦੀ ਬਹਿਸ ਸੁਣ ਕੇ ਸਿਆਣੇ ਲੋਕਾਂ ਦੇ ਪਰਦੇ ਤਾਂ ਚੁੱਕੇ ਗਏ ਸਨ ਪਰ ਅੰਨ੍ਹੀ ਸ਼ਰਧਾ ਵਾਲੇ ਫਿਰ ਵੀ ਕਤਾਰ ‘ਚ ਲੱਗ ਕੇ ਧੱਕਮ-ਧੱਕਾ ਹੋ ਰਹੇ ਸਨ। ਇਸ ਭੀੜ ‘ਚ ਸਿਆਣੀ ਨੂੰਹ ਨੇ ਸੱਸ ਨੂੰ ਘੁੱਟ ਕੇ ਗਲ ਨਾਲ ਲਾ ਕੇ ਕਿਹਾ, “ਮਾਂ ਮੇਰੇ ਲਈ ਤੂੰ ਹੀ ਪੂਜਾ ਏਂ, ਮੈਂ ਤੇਰੀ ਸੇਵਾ ਕਰੂੰਗੀ, ਮੈਂ ਤੇਰੇ ਤੋਂ ਦੁੱਧ ਤੇ ਪੁੱਤ ਮੰਗਾਂਗੀ, ਮੈਨੂੰ ਪੱਥਰਾਂ ਅੱਗੇ ਸਿਰ ਨੀਵਾਂ ਕਰਨ ਦੀ ਲੋੜ ਨਹੀਂ।”
ਦੁੱਖ ਹੈ ਕਿ ਜਿਸ ਯੁੱਗ ‘ਚ ਅਸੀਂ ਵਿਚਰ ਰਹੇ ਹਾਂ, ਉਥੇ ਗਿਆਨ ਦੀਆਂ ਉਦਾਹਰਣਾਂ ਤਾਂ ਹੋਰ ਵੀ ਬੜੀਆਂ ਹੋ ਸਕਦੀਆਂ ਨੇ, ਪਰ ਅਗਿਆਨੀ ਮਨੁੱਖ ਵਹਿਮ ਤੇ ਭਰਮ ‘ਚੋਂ ਨਿਕਲ ਨਹੀਂ ਰਿਹਾ। ਇਸੇ ਕਰਕੇ ਮਾਂਵਾਂ ਕੰਧਾਂ-ਕੌਲਿਆਂ ਨਾਲ ਲੱਗ ਕੇ ਨਹੀਂ, ਕੁੱਖ ‘ਤੇ ਹੱਥ ਰੱਖ ਕੇ ਉਚੀ ਉਚੀ ਧਾਹਾਂ ਮਾਰ ਰਹੀਆਂ ਹਨ।
_____________________________
ਗੱਲ ਬਣੀ ਕਿ ਨਹੀਂ?

ਵਜ਼ੀਰ-ਏ-ਆਜ਼ਮ ਦਾ ਚਾਅ
ਅਸੀਂ ਜਿੱਧਰ ਨੂੰ ਵੀ ਮੂੰਹ ਕਰੀਏ, ਓਧਰ ਹੀ ਚੋਰ ਬਾਜ਼ਾਰੀ ਹੈ।
ਇਥੇ ਬੱਚੀਆਂ ਮਾਂਵਾਂ ਬਣ ਗਈਆਂ, ਮਾੜੇ ਦੇ ਵੱਸ ਲਾਚਾਰੀ ਹੈ।
ਕਹਿਣੇ ਨੂੰ ਸ਼ੋਰ-ਸ਼ਰਾਬਾ ਹੈ ਪਰ ਹੈ ਤਾਂ ਚੀਕ ਚਿਹਾੜਾ ਏ,
ਨਿੱਤ ਪੱਗ ਸ਼ਰੀਫ ਦੀ ਲਹਿੰਦੀ ਏ, ਤੇ ਲੁੱਚਿਆਂ ਦੀ ਸਰਦਾਰੀ ਹੈ।
ਸਭ ਮੂੰਹ ਕੂੰਜਾਂ ਦੇ ਬੰਦ ਹੋਏ, ਕੋਇਲਾਂ ਦੇ ਗਲੇ ‘ਚ ਹਉਕਾ ਹੈ,
ਖੌਰੇ ਕਾਂਵਾਂ ਦੇ ਸੰਗ ਬਾਜਾਂ ਨੇ ਕਿੱਧਰ ਨੂੰ ਭਰੀ ਉਡਾਰੀ ਹੈ?
ਮੇਰੇ ਦੇਸ਼ ਵਜ਼ੀਰ-ਏ-ਆਜ਼ਮ ਨੂੰ, ਰਹੇ ਚੜ੍ਹਿਆ ਚਾਅ ਵਿਦੇਸ਼ਾਂ ਦਾ,
ਗੱਦੀ ‘ਤੇ ਬਹਿੰਦੇ ਸਾਰ ਉਹਨੂੰ, ਇਹ ਚੰਬੜੀ ਨਵੀਂ ਬਿਮਾਰੀ ਹੈ।
ਇਥੇ ਸੂਰਜ ਭਾਵੇਂ ਨਿੱਤ ਚੜ੍ਹਦਾ, ਪਰ ਦਿਨ ‘ਨ੍ਹੇਰੇ ਵਿਚ ਡੁੱਬਦਾ ਏ,
ਹੁਣ ਚੰਦ ਦੀ ਵੀ ਤਾਂ ਲੱਗਦਾ ਏ, ਫਸਣੇ ਨੂੰ ਫਿਰੇ ਗਰਾਰੀ ਹੈ।
ਮੁਕੱਦਰਾਂ ਦੀ ਰੇਖਾ ਪੜ੍ਹਨੇ ਨੂੰ, ਹਰ ਪਾਸੇ ਹੀ ਖੂਬ ਦੁਕਾਨਾਂ ਨੇ,
ਇਹ ਕਹਿ ਕੇ ਲੁੱਟੀ ਜਾਂਦੇ ਨੇ, ਦੁਨੀਆਂ ‘ਤੇ ਬਾਹਲੀ ਭਾਰੀ ਹੈ।
ਇਕ ਯੰਤਰ ਫੜਿਆ ਹੱਥਾਂ ਵਿਚ, ਜੀਨਾਂ ਦੀਆਂ ਲੀਰਾਂ ਲਮਕਦੀਆਂ,
ਫਿਰ ਤਾਂ ਸਿਆਣੇ ਪੁੱਛਦੇ ਨੇ, ਇਹ ਨਰ ਜਾਂਦਾ ਕਿ ਨਾਰੀ ਹੈ?
ਹੁਣ ‘ਅਸ਼ੋਕ’ ਫੁੱਲਾਂ ਨਾਲ ‘ਭੌਰੇ’ ਦੀ ਵੀ, ਬਹੁਤੀ ਬਣਦੀ ਲੱਗਦੀ ਨਹੀਂ,
ਹਾਏ! ਆਪ ਮੁਹਾਰੇ ਕਿੱਧਰ ਨੂੰ ਇਹ ਖਲਕਤ ਤੁਰ ਪਈ ਸਾਰੀ ਹੈ?