ਵਾਸਦੇਵ ਸਿੰਘ ਪਰਹਾਰ
ਫੋਨ: 206-434-1155
ਬਾਬਾ ਸ਼ੇਖ ਫਰੀਦ ਦਾ ਜਨਮ ਪਿੰਡ ਖੇਤਵਾਲ, ਜਿਲ੍ਹਾ ਮੁਲਤਾਨ ਵਿਚ ਸੰਨ 1173 ਈæ ਵਿਚ ਮਾਤਾ ਕੁਰੈਸ਼ਮ ਖਾਤੂਨ ਦੀ ਕੁੱਖੋਂ ਹੋਇਆ। ਬਾਬਾ ਫਰੀਦ ਦੇ ਪਿਤਾ ਜਮਾਲ-ਉਦ-ਦੀਨ ਸੁਲੇਮਾਨ ਸੁਲਤਾਨ ਮਹਿਮੂਦ ਗਜ਼ਨੀ ਦੇ ਭਣੇਵੇਂ ਸਨ। ਪਰਿਵਾਰ ਸੁਲਤਾਨ ਸ਼ਹਾਬ-ਉਦ-ਦੀਨ ਦੇ ਸਮੇਂ ਕਾਬਲ ਤੋਂ ਕਸੂਰ ਆ ਗਿਆ ਅਤੇ ਉਥੋਂ ਖੇਤਵਾਲ।
ਬਾਬਾ ਫਰੀਦ ਦੀ ਪਤਨੀ ਵੀ ਸ਼ਾਹੀ ਖਾਨਦਾਨ ਵਿਚੋਂ ਸੁਲਤਾਨ ਗਿਆਸ-ਉਦ-ਦੀਨ ਬਲਬਨ ਦੀ ਪੁੱਤਰੀ ਸੀ। ਬਾਬਾ ਜੀ ਦੀ ਮੁਢਲੀ ਵਿਦਿਆ ਖੇਤਵਾਲ ਵਿਚ ਹੋਈ। ਫੇਰ ਉਹ ਮੁਲਤਾਨ ਚਲੇ ਗਏ ਅਤੇ ਮੌਲਵੀ ਮਨਹਾਲ-ਉਦ-ਦੀਨ ਤੋਂ ਕੁਰਾਨ ਸ਼ਰੀਫ, ਹਦੀਸ ਤੇ ਛਿਕਾ ਪੜ੍ਹੇ। ਉਸ ਪਿਛੋਂ ਦਿੱਲੀ ਚਲੇ ਆਏ ਅਤੇ ਖਵਾਜ਼ਾ ਕੁਤਬ-ਉਦ-ਦੀਨ ਕਾਕੀ ਨੂੰ ਗੁਰੂ ਧਾਰ ਲਿਆ। ਹੋਇਆ ਇਸ ਤਰ੍ਹਾਂ ਕਿ ਇਕ ਵਾਰ ਕਾਕੀ ਸਾਹਿਬ ਮੁਲਤਾਨ ਆਏ ਤੇ ਉਨ੍ਹਾਂ ਦੇਖਿਆ ਕਿ ਬਾਬਾ ਫਰੀਦ ਬੜੇ ਧਿਆਨ ਨਾਲ ਪੜ੍ਹ ਰਹੇ ਹਨ। ਉਨ੍ਹਾਂ ਪੁਛਿਆ, ਕੀ ਪੜ੍ਹ ਰਹੇ ਹੋ? ਬਾਬਾ ਫਰੀਦ ਨੇ ਉਤਰ ਦਿੱਤਾ, ਜਨਾਬ ਮੈਂ ਨਾਫਹ ਪੜ੍ਹ ਰਿਹਾ ਹਾਂ। ਕਾਕੀ ਸਾਹਿਬ ਨੇ ਬਚਨ ਕੀਤਾ, ਨਾਫਹ, ਨਾਫਹ ਹੀ ਸਾਬਤ ਹੋਵੇਗੀ। ਨਾਫਹ ਦਾ ਅਰਥ ਹੈ, ਨਫਾ ਦੇਣ ਵਾਲੀ।
ਫਰੀਦ ਜੀ ਨੇ ਬੇਨਤੀ ਕੀਤੀ ਕਿ ਤੁਸੀਂ ਮੈਨੂੰ ਆਪਣਾ ਚੇਲਾ ਬਣਾ ਲਓ। ਕਾਕੀ ਸਾਹਿਬ ਨੇ ਕਿਹਾ, ਅਜੇ ਤੁਸੀਂ ਸੰਸਾਰਕ ਵਿਦਿਆ ਪ੍ਰਾਪਤ ਕਰੋ, ਵਿਦਿਆ ਵੱਲ ਧਿਆਨ ਦੇਵੋ ਕਿਉਂਕਿ ਅਨਪੜ੍ਹ ਸੂਫੀ ਸ਼ੈਤਾਨ ਹੁੰਦਾ ਹੈ। ਪੜ੍ਹਾਈ ਪੂਰੀ ਕਰਕੇ ਮੇਰੇ ਪਾਸ ਆ ਜਾਣਾ।
ਬਾਬਾ ਜੀ ਨੇ ਵਿਦਿਆ ਪੂਰੀ ਕਰ ਕੇ ਦਿੱਲੀ ਦਾ ਰਾਹ ਫੜ੍ਹਿਆ। ਇਥੋਂ ਉਨ੍ਹਾਂ ਨੂੰ ਸਫਰ ਦਾ ਸ਼ੌਕ ਪੈਦਾ ਹੋਇਆ ਤੇ ਉਹ ਮੁਲਤਾਨ ਤੋਂ ਕੰਧਾਰ, ਬਗਦਾਦ ਅਤੇ ਈਰਾਨ ਗਏ। ਅਫਰੀਕਾ ਦੇ ਮੁਸਲਿਮ ਦੇਸ਼ਾਂ ਦਾ ਵੀ ਭਰਮਣ ਕੀਤਾ। ਉਹ ਉਨ੍ਹਾਂ ਮੁਲਕਾਂ ਦੇ ਵੱਡੇ ਵੱਡੇ ਵਿਦਵਾਨਾਂ ਨੂੰ ਮਿਲੇ ਜਿਨ੍ਹਾਂ ਵਿਚ ਸ਼ੇਖ ਸੁਹਾਬ-ਉਦ-ਦੀਨ ਸੁਹਰਾਵਰਦੀ, ਖਵਾਜ਼ਾ ਫਰੀਦ-ਉਦ-ਦੀਨ ਮਹੱਤਾਰ ਅਤੇ ਸ਼ੇਖ ਸ਼ਾਅਦੀ ਦੇ ਨਾਂ ਖਾਸ ਜ਼ਿਕਰਯੋਗ ਹਨ।
ਸਫਰ ਖਤਮ ਕਰਨ ਪਿਛੋਂ ਬਾਬਾ ਜੀ ਦਿੱਲੀ ਆ ਗਏ। ਕਾਕੀ ਸਾਹਿਬ ਨੇ ਉਨ੍ਹਾਂ ਨੂੰ ਭਾਈਚਾਰੇ ਤੇ ਦੋਸਤੀ ਦਾ ਪੈਗਾਮ ਫੈਲਾਉਣ ਦਾ ਉਪਦੇਸ਼ ਦਿੱਤਾ ਅਤੇ ਗਜ਼ਨੀ ਦਰਵਾਜ਼ੇ ਕੋਲ ਰਹਿਣ ਨੂੰ ਥਾਂ ਦੇ ਦਿੱਤੀ। ਇਥੇ ਬਾਬਾ ਜੀ ਨੇ ਘੋਰ ਤਪੱਸਿਆ ਕੀਤੀ। ਭੁੰਜੇ ਆਸਣ, ਇੱਟ ਦਾ ਸਿਰਹਾਣਾ, ਕੁਝ ਖਾਧੇ-ਪੀਤੇ ਬਿਨਾ ਸਰੀਰ ਹੱਡੀਆਂ ਦਾ ਪਿੰਜਰ ਬਣ ਗਿਆ। ਰਾਤ ਭਰ ਖੂਹ ਵਿਚ ਉਲਟੇ ਲਟਕਦੇ ਰਹਿੰਦੇ। ਉਨ੍ਹਾਂ ਪਾਸ ਲੋਕਾਂ ਦੀ ਆਵਾਜਾਈ ਵਧ ਗਈ ਅਤੇ ਭਗਤੀ ਦਾ ਸਮਾਂ ਨਾ ਮਿਲਦਾ। ਫਰੀਦ ਜੀ ਨੇ ਆਪਣੀ ਸਮੱਸਿਆ ਆਪਣੇ ਗੁਰੂ ਨੂੰ ਦੱਸੀ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਹਾਂਸੀ (ਹਿਸਾਰ) ਚਲੇ ਜਾਓ। ਉਥੇ ਇਕ ਮਸੀਤ ਵਿਚ ਰਹਿ ਕੇ ਬਾਬਾ ਜੀ ਨੇ ਘੋਰ ਤਪੱਸਿਆ ਕੀਤੀ।
ਇਨ੍ਹੀਂ ਦਿਨੀਂ ਕਾਕੀ ਸਾਹਿਬ ਰੱਬ ਨੂੰ ਪਿਆਰੇ ਹੋ ਗਏ ਅਤੇ ਬਾਬਾ ਫਰੀਦ ਨੂੰ ਉਨ੍ਹਾਂ ਦੀ ਥਾਂ ਦਿੱਲੀ ਦੀ ਗੱਦੀ ਮਿਲ ਗਈ ਪਰ ਦਿੱਲੀ ਵਿਖੇ ਆਏ-ਗਏ ਸੇਵਕਾਂ ਅਤੇ ਦੂਰੋਂ ਦੂਰੋਂ ਆਏ ਸ਼ਰਧਾਲੂਆਂ ਨਾਲ ਗੱਲਬਾਤ ਵਿਚ ਹੀ ਉਨ੍ਹਾਂ ਦਾ ਸਾਰਾ ਸਮਾਂ ਬਤੀਤ ਹੋ ਜਾਂਦਾ। ਅੱਲਾ ਦੀ ਬੰਦਗੀ ਲਈ ਸਮਾਂ ਹੀ ਨਾ ਮਿਲਦਾ। ਤੰਗ ਆ ਕੇ ਉਹ ਫੇਰ ਹਾਂਸੀ ਆ ਗਏ ਪਰ ਇਥੇ ਵੀ ਲੋਕਾਂ ਦੀ ਭੀੜ ਬਾਬਾ ਜੀ ਦੇ ਦਰਸ਼ਨਾਂ ਲਈ ਜੁੜੀ ਰਹਿੰਦੀ। ਉਥੋਂ ਉਹ ਅਯੋਧਨ ਚਲੇ ਗਏ। ਇਸ ਸ਼ਹਿਰ ਦਾ ਨਾਂ ਅਕਬਰ ਬਾਦਸ਼ਾਹ ਨੇ ਬਦਲ ਕੇ ਪਾਕ ਪੱਤਣ ਰੱਖ ਦਿੱਤਾ ਜੋ ਵਿਗੜ ਕੇ ਅੱਜ ਕਲ ਪਾਕਪਟਨ ਹੋ ਗਿਆ ਹੈ ਅਤੇ ਜਿਲ੍ਹਾ ਮਿੰਟਗੁਮਰੀ (ਪਾਕਿਸਤਾਨ) ਵਿਚ ਹੈ।
ਬਚਪਨ ਵਿਚ ਸ਼ੇਖ ਫਰੀਦ ਨੂੰ ਨਮਾਜ ਪੜ੍ਹਾਉਣ ਲਈ ਉਨ੍ਹਾਂ ਦੀ ਮਾਤਾ ਜੀ ਉਨ੍ਹਾਂ ਦੇ ਆਸਣ ਹੇਠਾਂ ਥੋੜ੍ਹੀ ਜਿਹੀ ਸ਼ੱਕਰ ਰੱਖ ਦਿੰਦੇ ਅਤੇ ਆਖਦੇ, ਜੋ ਨਮਾਜ ਪੜ੍ਹਦਾ ਹੈ, ਅੱਲਾ ਉਸ ਨੂੰ ਸ਼ੱਕਰ ਦਿੰਦਾ ਹੈ। ਇਕ ਵਾਰ ਫਰੀਦ ਜੀ ਨੇ ਜੰਗਲ ਵਿਚ ਆਪਣੇ ਕਈ ਸਾਥੀਆਂ ਨਾਲ ਨਮਾਜ ਪੜ੍ਹੀ। ਪਹਿਲਾਂ ਦੀ ਤਰ੍ਹਾਂ ਮਸੱਲਾ ਚੁੱਕ ਕੇ ਦੇਖਿਆ, ਉਥੇ ਢੇਰ ਸਾਰੀ ਸ਼ੱਕਰ ਪਈ ਸੀ। ਉਨ੍ਹਾਂ ਦੀ ਮਾਂ ਘਰ ਬੈਠੀ ਫਿਕਰ ਕਰੇ ਕਿ ਅੱਜ ਉਸ ਦਾ ਪਾਜ ਖੁੱਲ੍ਹ ਜਾਏਗਾ ਕਿ ਉਹ ਫਰੀਦ ਦੇ ਮਸੱਲੇ (ਆਸਣ) ਹੇਠਾਂ ਸ਼ੱਕਰ ਰੱਖਦੀ ਸੀ। ਉਸ ਨੇਕ ਖਾਤੂਨ ਨੇ ਅੱਲਾ ਅੱਗੇ ਦੁਆ ਕੀਤੀ ਕਿ ਮੇਰੀ ਲਾਜ ਰੱਖੀਂ। ਫਰੀਦ ਜੀ ਨੇ ਘਰ ਆ ਕੇ ਦੱਸਿਆ ਕਿ ਅੱਜ ਤਾਂ ਢੇਰ ਸਾਰੀ ਸ਼ੱਕਰ ਮਿਲੀ ਜੋ ਅਸੀਂ ਸਾਰਿਆਂ ਨੇ ਰੱਜ ਰੱਜ ਖਾਧੀ। ਮਾਂ ਨੇ ਅੱਲਾ ਦਾ ਸ਼ੁਕਰ ਕੀਤਾ ਕਿ ਮਾਲਕ ਨੇ ਉਸ ਦੀ ਲਾਜ ਰੱਖੀ ਹੈ।
ਬਾਬਾ ਫਰੀਦ ਸ਼ਾਦੀ-ਸ਼ੁਦਾ ਫਕੀਰ ਸਨ। ਉਹ ਦਿੱਲੀ ਦੇ ਬਾਦਸ਼ਾਹ ਦੇ ਜਵਾਈ ਸਨ ਪਰ ਆਪ ਫਕੀਰੀ ਵੇਸ ਵਿਚ ਰਹਿੰਦੇ ਸਨ। ਫਰੀਦ ਜੀ ਦੇ ਛੇ ਪੁੱਤਰ ਅਤੇ ਦੋ ਧੀਆਂ ਸਨ। ਹਜਰਤ ਨਮਾਜ਼-ਉਦ-ਦੀਨ ਔਲੀਆ ਉਨ੍ਹਾਂ ਦੇ ਜਵਾਈ ਸਨ। ਪਾਕਪਟਨ ਦੀ ਗੱਦੀ ਆਪ ਤੋਂ ਬਾਅਦ ਵੱਡੇ ਪੁੱਤਰ ਸ਼ੇਖ ਬਦਰ-ਉਦ-ਦੀਨ ਸੁਲੇਮਾਨ ਨੂੰ ਮਿਲੀ।
ਬਾਬਾ ਫਰੀਦ 93 ਵਰ੍ਹਿਆਂ ਦੀ ਉਮਰੇ ਸੰਨ 1266 ਈæ ਵਿਚ ਇਸ ਜਹਾਨ-ਏ-ਫਾਨੀ ਨੂੰ ਅਲਵਿਦਾ ਆਖ ਗਏ। ਉਹ ਇਸਲਾਮ ਦੇ ਸਹੀ ਅਸੂਲਾਂ ‘ਤੇ ਚਲਦੇ ਰਹੇ, ਹਾਲਾਂਕਿ ਕਈ ਸੂਫੀ ਇਸਲਾਮ ਦੇ ਅਸੂਲਾਂ ਦੇ ਪੂਰੇ ਪਾਬੰਦ ਨਹੀਂ ਸਨ। ਬਾਬਾ ਜੀ ਕਿਸੇ ਤੋਂ ਕੋਈ ਚੀਜ਼ ਮੰਗ ਕੇ ਨਹੀਂ ਸਨ ਲੈਂਦੇ। ਉਨ੍ਹਾਂ ਦੇ ਸਹੁਰਾ ਸਾਹਿਬ ਦਿੱਲੀ ਦੇ ਬਾਦਸ਼ਾਹ ਇਕ ਵਾਰ ਉਨ੍ਹਾਂ ਕੋਲ ਪਾਕਪਟਨ ਆਏ ਅਤੇ ਉਨ੍ਹਾਂ ਨੂੰ ਕੁਝ ਜਾਗੀਰ ਦੇਣੀ ਚਾਹੀ। ਬਾਬਾ ਜੀ ਨੇ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਇਹ ਕਿਸੇ ਜਰੂਰਤਮੰਦ ਨੂੰ ਦੇ ਦਿਓ, ਪੁੰਨ ਮਿਲੇਗਾ।
ਫਰੀਦ ਜੀ ਨੇ ਆਪਣੀ ਬਾਣੀ ਵਿਚ ਇਨਸਾਨ ਨੂੰ ਸਬਰ ਸੰਤੋਖ ਦਾ ਜੀਵਨ ਜਿਉਣ, ਸਹਿਨਸ਼ੀਲਤਾ, ਬੁਰੇ ਦਾ ਭਲਾ ਕਰਨ, ਅਹਿੰਸਾ ਅਤੇ ਇਮਾਨਦਾਰੀ ਨਾਲ ਕਿਰਤ ਕਰਨ ਦੀ ਪ੍ਰੇਰਨਾ ਦਿੱਤੀ। ਇਸੇ ਕਰਕੇ ਉਨ੍ਹਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਨਮਾਨਯੋਗ ਥਾਂ ਮਿਲੀ। ਉਨ੍ਹਾਂ ਦੀ ਬਾਣੀ, ਜੋ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨਹੀਂ, ਬਾਰੇ ਪੱਕੇ ਤੌਰ ‘ਤੇ ਨਹੀਂ ਕਿਹਾ ਜਾ ਸਕਦਾ ਕਿ ਇਹ ਉਨ੍ਹਾਂ ਦੀ ਹੀ ਹੈ ਜਾਂ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀ ਗੱਦੀ ‘ਤੇ ਬੈਠਣ ਵਾਲੇ ਕਿਸੇ ਹੋਰ ਫਰੀਦ ਦੀ ਹੈ। ਇਸੇ ਤਰ੍ਹਾਂ ਭਗਤ ਕਬੀਰ ਅਤੇ ਭਗਤ ਰਵੀਦਾਸ ਜੀ ਦੀ ਵੀ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਾਬਾ ਫਰੀਦ ਦੇ 4 ਸ਼ਬਦ ਅਤੇ 112 ਸਲੋਕ ਹਨ। ਪੰਜਾਬੀ ਭਾਸ਼ਾ ਨੂੰ ਉਨ੍ਹਾਂ ਦੀ ਵੱਡੀ ਦੇਣ ਹੈ। ਉਨ੍ਹਾਂ ਨੇ ਫਾਰਸੀ ਦੀ ਥਾਂ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਲਈ ਆਪਣੀ ਮਾਂ ਬੋਲੀ ਨੂੰ ਸਤਿਕਾਰਿਆ।