ਮੇਜਰ ਕੁਲਾਰ ਬੋਪਾਰਾਏ ਕਲਾਂ
“ਦੇਖ ਲੈ ਕਰਮ ਸਿਆਂ! ਬੰਦਾ ਨਰਕ ਸੁਰਗ ਇਥੇ ਹੀ ਭੋਗ ਜਾਂਦੈ। ਜਿਹੋ ਜਿਹਾ ਬੰਦਾ ਬੀਜਦੈ, ਉਹੋ ਕੁਝ ਵੱਢਦਾ।” ਨਿੱਕਾ ਸਿਉਂ ਨੇ ਸਿਵਿਆਂ ਦੇ ਨਲਕੇ ਤੋਂ ਹੱਥ ਧੋ ਕੇ ਪਰਨਾ ਮੂੰਹ ‘ਤੇ ਫੇਰਦਿਆਂ ਕਿਹਾ।
“ਨਿੱਕਾ ਸਿਆਂ! ਬੰਦਾ ਮੇਰੀ-ਮੇਰੀ ਕਰਦਾ ਫਿਰਦਾ, ਲਾਲਚ ਦੀ ਤਲਵਾਰ ਚੁੱਕੀ ਫਿਰਦਾ ਜਿਹਦੇ ਨਾਲ ਆਪਣੇ ਖੂਨ ‘ਤੇ ਵਾਰ ਕਰਨ ਲੱਗਿਆਂ ਵੀ ਨਹੀਂ ਡਰਦਾ। ਆਹ ਨਾਜ਼ਰ ਨੂੰ ਦੇਖ ਲੈ, ਪੁੱਤ ਲਈ ਭਰਾ ਦਾ ਹੱਕ ਖਾ ਗਿਆ, ਅੰਤ ਭਤੀਜੇ ਦੇ ਹੱਥਾਂ ਵਿਚ ਦਮ ਤੋੜਿਆ!” ਕਰਮ ਸਿਉਂ ਨੇ ਅੱਖਾਂ ਪੂੰਝਦਿਆਂ ਆਖਿਆ।
ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਲਈ ਉਹ ਸਿੱਧੇ ਗੁਰਦੁਆਰੇ ਨੂੰ ਤੁਰ ਪਏ। ਇਹ ਦੋਵੇਂ ਅੱਜ ਨਾਜ਼ਰ ਸਿੰਘ ਨੂੰ ਅਗਨੀ ਭੇਟ ਕਰ ਕੇ ਆਏ ਸਨ। ਚੰਨਣ ਸਿੰਘ ਦੇ ਤਿੰਨ ਪੁੱਤਰ ਸੀ-ਵੱਡਾ ਨਾਜ਼ਰ, ਫਿਰ ਤੇਜਾ ਤੇ ਤੀਜੇ ਨੰਬਰ ‘ਤੇ ਮੁਨਸ਼ੀ, ਜਿਸ ਨੂੰ ਲੋਕ ਕੈਦੋ ਵੀ ਕਹਿੰਦੇ ਪਰ ਸੀ ਬੜਾ ਮਿਲਾਪੜਾ ਤੇ ਮਿਹਨਤੀ। ਚੰਨਣ ਸਿਉਂ ਕੋਲ ਪੰਦਰਾਂ ਕਿੱਲੇ ਜਮੀਨ ਸੀ, ਉਹ ਵੀ ਇਕੋ ਖੂਹ ‘ਤੇ। ਚੰਗੇ ਬਲਦ ਤੇ ਬੋਤਾ ਰੱਖਿਆ ਹੋਇਆ। ਨਾਜ਼ਰ ਦਸ ਜਮਾਤਾਂ ਪੜ੍ਹ ਕੇ ਬਿਜਲੀ ਬੋਰਡ ਵਿਚ ਨੌਕਰੀ ਲੱਗ ਗਿਆ; ਤੇਜਾ ਤੇ ਮੁਨਸ਼ੀ ਖੇਤੀ ਕਰਨ ਲੱਗ ਪਏ। ਇਕੱਲਿਆਂ ਦਾ ਖੂਹ ਹੋਣ ਕਰ ਕੇ ਫਸਲ-ਬਾੜੀ ਵਧੀਆ ਹੁੰਦੀ ਸੀ। ਚੰਨਣ ਸਿਉਂ ਕੋਲ ਚਾਰ ਪੈਸੇ ਜੋੜੇ ਹੋਏ ਸਨ। ਪਿੰਡ ਵਿਚ ਸਭ ਤੋਂ ਪਹਿਲਾ ਚੁਬਾਰਾ ਚੰਨਣ ਸਿਉਂ ਨੇ ਹੀ ਪਾਇਆ ਸੀ। ਵੀਹ ਸਾਲ ਉਹ ਸਰਬਸੰਮਤੀ ਨਾਲ ਪਿੰਡ ਦੀ ਸਰਪੰਚੀ ਕਰਦਾ ਰਿਹਾ ਸੀ। ਫਿਰ ਨਾਜ਼ਰ ਨੂੰ ਚੰਗੇ ਘਰੋਂ ਰਿਸ਼ਤਾ ਹੋ ਗਿਆ। ਉਸ ਦੀ ਘਰਵਾਲੀ ਭਜਨੋ ਨੇ ਸਾਰਾ ਕੰਮ ਸਾਂਭ ਲਿਆ। ਨੂੰਹ-ਸੱਸ ਕੰਮ ਨੂੰ ਹੀ ਪੂਜਾ ਸਮਝਦੀਆਂ ਸਨ।
ਨਾਜ਼ਰ ਖੇਤੀ ਦਾ ਕੰਮ ਘੱਟ ਹੀ ਕਰਵਾਉਂਦਾ। ਤਨਖਾਹ ਵੀ ਉਹ ਘਰੇ ਅੱਧੀ ਹੀ ਦਿੰਦਾ। ਤੇਜਾ ਤੇ ਮੁਨਸ਼ੀ ਦੋਵੇਂ ਸੁਭਾਅ ਦੇ ਨਰਮ ਸਨ। ਉਹ ਭਰਾ ਦੀਆਂ ਆਦਤਾਂ ਤੋਂ ਜਾਣੂ ਸਨ, ਪਰ ਬੋਲਦੇ ਕੁਝ ਨਾ। ਚੰਨਣ ਸਿਉਂ ਨੇ ਕਈ ਵਾਰ ਸਰਪੰਚੀ ਦਬਕਾ ਮਾਰਿਆ ਸੀ, ਪਰ ਸਰਪੰਚਣੀ ਚੁੱਪ ਕਰਵਾ ਦਿੰਦੀ ਸੀ। ਨਾਜ਼ਰ ਬਿਜਲੀ ਬੋਰਡ ਵਿਚ ਵੀ ਚੁਸਤੀ-ਚਲਾਕੀ ਨਾਲ ਲਾਇਨਮੈਨ ਬਣ ਗਿਆ। ਨਾਲ ਹੀ ਪੁੱਤਰ ਦੀ ਦਾਤ ਮਿਲ ਗਈ। ਇਸ ਤੋਂ ਬਾਅਦ ਤਾਂ ਉਹ ਬੰਦੇ ਨੂੰ ਬੰਦਾ ਸਮਝਣੋਂ ਹਟ ਗਿਆ। ਆਕੜ ਵਿਚ ਧੌਣ ਸਿੱਧੀ ਰੱਖਦਾ। ਪਿੰਡ ਵਾਲੇ ਦਾ ਕੰਮ ਵੀ ਪੈਸੇ ਤੋਂ ਬਿਨਾ ਨਾ ਕਰਦਾ। ਦੂਜੇ ਬੰਨ੍ਹੇ, ਤੇਜੇ ਦੇ ਸੁਭਾਅ ਨੇ ਉਸ ਨੂੰ ਪਿੰਡ ਵਿਚ ਚੰਗਾ ਹਰਮਨ ਪਿਆਰਾ ਬਣਾ ਦਿੱਤਾ। ਚੰਨਣ ਸਿਉਂ ਤੋਂ ਬਾਅਦ ਸਰਪੰਚੀ ਤੇਜੇ ਕੋਲ ਆ ਗਈ, ਨਾਲ ਹੀ ਉਸ ਦਾ ਵਿਆਹ ਹੋ ਗਿਆ। ਉਸ ਦੀ ਘਰਵਾਲੀ ਪ੍ਰੀਤੋ ਬੜੀ ਸੋਹਣੀ ਤੇ ਸਿਆਣੀ, ਚੰਗੇ ਘਰ ਦੀ ਧੀ ਸੀ। ਉਂਜ ਘਰ ਵਿਚ ਜ਼ਿਆਦਾ ਭਜਨੋ ਦੀ ਹੀ ਚੱਲਦੀ। ਪ੍ਰੀਤੋ ਉਸ ਦੀ ਹਾਂ ਵਿਚ ਹਾਂ ਮਿਲਾ ਦਿੰਦੀ।
ਨਾਜ਼ਰ ਦੇ ਦਿਲ ਵਿਚ ਇਹ ਲਾਲਚ ਸੀ ਕਿ ਕੈਦੋ ਦਾ ਵਿਆਹ ਤਾਂ ਹੋਣਾ ਨਹੀਂ, ਸਾਰੀ ਜਮੀਨ ਉਹਦੀ ਅਤੇ ਤੇਜੇ ਦੀ ਹੋ ਜਾਣੀ ਹੈ। ਮੰਜੇ ‘ਤੇ ਪਏ ਚੰਨਣ ਸਿਉਂ ਨੂੰ ਨਾਜ਼ਰ ਨੇ ਕਿਹਾ, “ਬਾਪੂ! ਜਮੀਨ ਦੀ ਵਸੀਅਤ ਮੇਰੇ ਤੇ ਤੇਜੇ ਦੇ ਨਾਂ ਕਰਵਾ ਦੇ; ਕੈਦੋ ਦਾ ਕੀ ਪਤਾ, ਮਗਰੋਂ ਵੇਚ ਕੇ ਖਾਹ ਜਾਵੇ”, ਪਰ ਬਾਪੂ ਨੇ ਜਮੀਨ ਤਿੰਨਾਂ ਦੇ ਨਾਂ ਕਰਵਾ ਦਿੱਤੀ। ਚੰਨਣ ਸਿਉਂ ਦੇ ਅਕਾਲ ਚਲਾਣਾ ਪਿਛੋਂ ਪ੍ਰੀਤੋ ਨੇ ਆਪਣੇ ਮਾਮੇ ਦੀ ਧੀ ਦਾ ਰਿਸ਼ਤਾ ਮੁਨਸ਼ੀ ਨੂੰ ਕਰਵਾ ਦਿੱਤਾ। ਮੁਨਸ਼ੀ ਦੀ ਘਰਵਾਲੀ ਤਾਰੋ ਭਾਵੇਂ ਲੱਤੋਂ ਲੰਝੀ ਸੀ, ਪਰ ਘਰ ਦਾ ਕੰਮ ਉਹ ਪੂਰਾ ਕਰਦੀ। ਪ੍ਰੀਤੋ ਦੇ ਇਸ ਫੈਸਲੇ ਦਾ ਨਾਜ਼ਰ ਤੇ ਭਜਨੋ ਨੇ ਵਿਰੋਧ ਤਾਂ ਬਹੁਤ ਕੀਤਾ, ਪਰ ਉਹ ਮੁਨਸ਼ੀ ਨੂੰ ਘੋੜੀ ਚਾੜ੍ਹ ਕੇ ਹਟੀ। ਪ੍ਰੀਤੋ ਦੇ ਵਾਰੋ-ਵਾਰੀ ਦੋ ਕੁੜੀਆਂ ਹੋਈਆਂ, ਉਸ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਨਾਜ਼ਰ ਤਾਂ ਖੁਸ਼ੀ ਵਿਚ ਨੱਚਦਾ ਸੀ ਕਿ ਤੇਜੇ ਦੇ ਹੁਣ ਕੋਈ ਨਿਆਣਾ ਨਹੀਂ ਹੋਣਾ ਤੇ ਮੁਨਸ਼ੀ ਦੀ ਤਾਰੋ ਦਾ ਨਿਆਣਾ ਅਸੀਂ ਰਹਿਣ ਨਹੀਂ ਦੇਣਾ, ਤੇ ਸਾਰੀ ਜਮੀਨ ਉਹਦੇ ਪੁੱਤਰ ਰਾਜੇ ਦੀ ਹੋ ਜਾਣੀ ਹੈ।
ਰਾਜਾ ਵੀ ਹੁਣ ਜਵਾਨ ਹੋ ਗਿਆ ਸੀ, ਪਰ ਡੱਕਾ ਤੋੜਦਾ ਨਹੀਂ ਸੀ, ਬੱਸ ਅਵਾਰਾਗਰਦੀ ਕਰਦਾ ਰਹਿੰਦਾ। ਕਈ ਵਾਰ ਮੁੰਡਿਆਂ ਨਾਲ ਬਿਨਾ ਗੱਲ ਤੋਂ ਹੀ ਲੜਾਈਆਂ ਕਰ ਆਉਂਦਾ। ਇਕ ਵਾਰ ਤਾਂ ਉਸ ਨੇ ਕਿਸੇ ਮੁੰਡੇ ਦਾ ਸਿਰ ਹੀ ਪਾੜ ਦਿੱਤਾ। ਅਗਲਿਆਂ ਅੰਦਰ ਕਰਵਾ ਦਿੱਤਾ। ਚੰਗੀ ਕਿਸਮਤ ਨੂੰ ਤੇਜੇ ਨੇ ਐਸ਼ਪੀæ ਨੂੰ ਕਹਿ ਕੇ ਕੇਸ ਰਫਾ-ਦਫਾ ਕਰਵਾ ਲਿਆ। ਫਿਰ ਨਾਜ਼ਰ ਤੇ ਭਜਨੋ ਨੇ ਸਲਾਹ ਕੀਤੀ ਕਿ ਰਾਜੇ ਨੂੰ ਇਹਦੀ ਮਾਸੀ ਕੋਲ ਸਿੰਘਾਪੁਰ ਭੇਜ ਦੇਈਏ। ਛੇ ਮਹੀਨਿਆਂ ਵਿਚ ਹੀ ਰਾਜਾ ਮਾਸੀ ਕੋਲ ਪੁੱਜ ਗਿਆ। ਮਾਸੀ ਦੇ ਮੁੰਡਿਆਂ ਦਾ ਆਪਣਾ ਸਟੋਰ ਸੀ, ਉਨ੍ਹਾਂ ਉਥੇ ਰਾਜਾ ਕੰਮ ‘ਤੇ ਲਾ ਲਿਆ, ਪਰ ਵਿਹਲਾ ਰਹਿਣ ਗਿਝਿਆ ਬੰਦਾ ਕਿਥੋਂ ਕੰਮ ਕਰਦਾ! ਵਿਹਲੜ ਨੇ ਗੁਆਂਢੀਆਂ ਦੀ ਕੁੜੀ ਨਾਲ ਇਸ਼ਕ ਪੇਚਾ ਪਾ ਲਿਆ। ਇਹ ਕੁੜੀ ਅਮਰੀਕਾ ਦੀ ਸਿਟੀਜ਼ਨ ਸੀ ਅਤੇ ਆਪਣੀ ਮਾਮੀ ਕੋਲ ਮਿਲਣ ਆਈ ਹੋਈ ਸੀ। ਰਾਜੇ ਦੀ ਮਾਸੀ ਨੂੰ ਪਤਾ ਲੱਗਾ ਤਾਂ ਉਹ ਕਹਿੰਦੀ, “ਇਹ ਤਾਂ ਹਿੰਦੂਆਂ ਦਾ ਪਰਿਵਾਰ ਹੈ, ਇਹ ਵਿਆਹ ਨਹੀਂ ਹੋ ਸਕਦਾ।” ਪਰ ਪੁੱਤ ਦੀ ਜ਼ਿਦ ਅੱਗੇ ਨਾਜ਼ਰ ਨੂੰ ਝੁਕਣਾ ਪੈ ਗਿਆ। ਰਾਜੇ ਦਾ ਵਿਆਹ ਸ਼ੀਲਾ ਨਾਲ ਕਰ ਦਿੱਤਾ ਜੋ ਉਸ ਨੂੰ ਛੇ ਮਹੀਨੇ ਬਾਅਦ ਅਮਰੀਕਾ ਲੈ ਗਈ।
ਮੁਨਸ਼ੀ ਦੇ ਵਿਆਹ ਨੂੰ ਨਾਜ਼ਰ ਮੂੰਹ ਇੰਜ ਰੱਖਦਾ ਸੀ, ਜਿਵੇਂ ਲੈਚੀਆਂ ਦੀ ਥਾਂ ਮੂੰਹ ‘ਚ ਕਰੇਲੇ ਦੇ ਬੀਜ ਰੱਖੇ ਹੋਣ। ਦੋਵੇਂ ਜੀਅ ਇਹੀ ਚਾਹੁੰਦੇ ਸਨ ਕਿ ਤਾਰੋ ਦੀ ਕੁੱਖ ਨਾ ਭਰੇ। ਭਜਨੋ ਗੱਲੀਂ-ਬਾਤੀਂ ਤਾਰੋ ਤੋਂ ਦਿਨ ਟੱਪਿਆਂ ਬਾਰੇ ਪੁੱਛ ਲੈਂਦੀ ਤੇ ਗਰਮ ਚੀਜ਼ਾਂ ਖੁਆ ਕੇ ਉਸ ਦੀ ਕੁੱਖ ਸਾਫ ਕਰ ਦਿੰਦੀ। ਤੀਜੀ ਵਾਰ ਤਾਰੋ ਨੇ ਕੁਝ ਨਾ ਦੱਸਿਆ। ਇਸ ਗੱਲ ਦੀ ਖਬਰ ਪ੍ਰੀਤੋ ਨੂੰ ਹੋ ਗਈ ਸੀ ਕਿ ਭਜਨੋ ਤਾਰੋ ਦੇ ਨਿਆਣਾ ਨਹੀਂ ਹੋਣਾ ਦੇਣਾ ਚਾਹੁੰਦੀ। ਪ੍ਰੀਤੋ ਰੱਬ ਨੂੰ ਬਹੁਤ ਮੰਨਦੀ ਸੀ। ਉਸ ਨੇ ਤਾਰੋ ਦੇ ਪੰਜ ਮਹੀਨੇ ਟਪਾ ਦਿੱਤੇ, ਹੁਣ ਕੁਝ ਨਹੀਂ ਸੀ ਹੋ ਸਕਦਾ। ਭਜਨੋ ਜ਼ਖਮੀ ਸੱਪ ਵਾਂਗ ਫੁੰਕਾਰੇ ਮਾਰਦੀ ਰਹਿੰਦੀ। ਨਾਜ਼ਰ ਨੂੰ ਪੰਦਰਾਂ ਕਿੱਲਿਆਂ ਵਿਚ ਵੱਟਾਂ ਪੈਂਦੀਆਂ ਨਜ਼ਰ ਆਉਣ ਲੱਗੀਆਂ। ਦੋਵੇਂ ਜੀਅ ਲਾਲਚ ਵਿਚ ਦੂਜਿਆਂ ਨੂੰ ਦੇਖਣਾ ਵੀ ਨਹੀਂ ਸੀ ਚਾਹੁੰਦੇ, ਪਰ ਰੱਬ ਦੇ ਰੰਗ ਨਿਆਰੇ! ਤਾਰੋ ਨੇ ਦੋ ਪੁੱਤਰਾਂ ਨੂੰ ਜਨਮ ਦਿੱਤਾ। ਤਾਰੋ ਨੇ ਇਕ ਪੁੱਤਰ ਪ੍ਰੀਤੋ ਦੀ ਝੋਲੀ ਪਾ ਦਿੱਤਾ। ਸਾਰੇ ਪਿੰਡ ਨੇ ਖੁਸ਼ੀ ਮਨਾਈ ਕਿ ਭਾਈ! ਆਹ ਤਾਂ ਰੱਬ ਨੇ ਸਮਝੋ ਦੋਵਾਂ ਜਣੀਆਂ ਨੂੰ ਪੁੱਤਾਂ ਦੀ ਦਾਤ ਬਖਸ਼ ਦਿੱਤੀ। ਨਾਜ਼ਰ ਦੀ ਮਾਂ ਨੇ ਵੀ ਕਿਸੇ ਨੂੰ ਖਾਲੀ ਨਾ ਮੋੜਿਆ, ਪਰ ਨਾਜ਼ਰ ਤੇ ਭਜਨੋ ਲਈ ਇਹ ਖੁਸ਼ੀ ਜਰਨੀ ਮੁਸ਼ਕਿਲ ਹੋ ਰਹੀ ਸੀ।
ਨਾਜ਼ਰ ਨੇ ਆਪਣਾ ਗੁੱਸਾ ਕੱਢਣ ਲਈ ਇਕੱਠੀ ਹੋਈ ਆਮਦਨ ਨਾਲ ਤਿੰਨ ਕਿੱਲੇ ਬੈਅ ਲੈ ਲਏ ਅਤੇ ਆਪਣੇ ਨਾਂ ਲਿਖਵਾ ਲਏ। ਜਦੋਂ ਤੇਜੇ ਤੇ ਮੁਨਸ਼ੀ ਨੂੰ ਪਤਾ ਲੱਗਾ ਤਾਂ ਉਹ ਬੋਲੇ, “ਬਾਈ ਜੀ! ਚੋਰੀ ਰਜਿਸਟਰੀ ਕਰਵਾਉਣ ਦੀ ਕੀ ਲੋੜ ਸੀ, ਅਸੀਂ ਆਪ ਤੇਰੇ ਨਾਂ ਜਮੀਨ ਕਰਵਾ ਦਿੰਦੇ।” ਨਾਜ਼ਰ ਸ਼ਰਮ ਨਾਲ ਨੀਵੀਂ ਪਾ ਗਿਆ, ਪਰ ਸੁਧਰਿਆ ਫਿਰ ਵੀ ਨਾ। ਤੇਜੇ ਦੀਆਂ ਦੋਵੇਂ ਧੀਆਂ ਵਧੀਆ ਪੜ੍ਹ ਰਹੀਆਂ ਸਨ। ਤਾਰੋ ਤੇ ਪ੍ਰੀਤੋ ਆਪਣੇ ਜੀਤੇ ਤੇ ਮੀਤੇ ਨੂੰ ਪਾਲ ਰਹੀਆਂ ਸਨ। ਸਮਾਂ ਬੀਤਦਾ ਗਿਆ। ਭਜਨੋ ਨੂੰ ਕੈਂਸਰ ਦੀ ਬਿਮਾਰੀ ਨੇ ਆਣ ਦਬੋਚਿਆ। ਇਕ ਸਾਲ ਤੜਫਦੀ ਰਹੀ। ਸਾਂਝੇ ਖਾਤੇ ਵਿਚੋਂ ਨਾਜ਼ਰ ਨੇ ਪੈਸਾ ਪਾਣੀ ਵਾਂਗ ਵਹਾਇਆ। ‘ਪੈਸੇ ਦੀ ਲੋੜ’ ਕਹਿ ਕੇ ਬੇਈਮਾਨੀ ਨਾਲ ਮੁਨਸ਼ੀ ਦੀ ਦੋ ਕਿੱਲੇ ਜਮੀਨ ਆਪ ਲਿਖਾ ਗਿਆ, ਪਰ ਭਜਨੋ ਫਿਰ ਵੀ ਨਾ ਬਚੀ। ਨਾਜ਼ਰ ਨੇ ਬਥੇਰੀਆਂ ਧਾਹਾਂ ਮਾਰੀਆਂ, ਪਰ ਕਿਸੇ ਨਾ ਸੁਣੀਆਂ। ਆਖਰੀ ਵਾਰ ਪੁੱਤ ਵੀ ਨਾ ਬਹੁੜਿਆ, ਜਿਸ ਖਾਤਰ ਭਰਾਵਾਂ ਨਾਲ ਬੇਈਮਾਨੀ ਕਰੀ ਗਿਆ, ਉਸ ਨੇ ‘ਮਜਬੂਰੀ’ ਆਖ ਕੇ ਪੱਲਾ ਝਾੜ ਲਿਆ।
ਨਾਜ਼ਰ ਬਿਜਲੀ ਬੋਰਡ ਤੋਂ ਪਹਿਲਾਂ ਹੀ ਰਿਟਾਇਰਮੈਂਟ ਲੈ ਗਿਆ। ਖੇਤ ਵਿਚ ਵੱਟਾਂ ਵੱਢੀ ਜਾਂਦਾ। ਜਮੀਨ ਉਹਦੀ ਜਾਨ ਬਣ ਚੁਕੀ ਸੀ। ਉਹ ਸਾਰੀ ਜਮੀਨ ਦਾ ਇਕੱਲਾ ਮਾਲਕ ਬਣਨਾ ਚਾਹੁੰਦਾ ਸੀ। ਤੇਜਾ ਤੇ ਮੁਨਸ਼ੀ-ਦੋਵੇਂ ਠੰਢੇ ਸੁਭਾਅ ਦੇ ਮਾਲਕ ਸਨ। ਉਨ੍ਹਾਂ ਦੀਆਂ ਰੱਬ ‘ਤੇ ਡੋਰੀਆਂ ਸਨ। ਨਾਜ਼ਰ ਨੇ ਮੁਨਸ਼ੀ ਦੇ ਦੋ ਕਿੱਲੇ ਫਿਰ ਆਪਣੇ ਨਾਂ ਕਰਵਾ ਲਏ। ਹੁਣ ਜੱਦੀ ਜਮੀਨ ਵਿਚੋਂ ਮੁਨਸ਼ੀ ਕੋਲ ਕਿੱਲਾ ਹੀ ਬਚਿਆ ਸੀ।
ਤੇਜੇ ਦੀ ਵੱਡੀ ਕੁੜੀ ਨੂੰ ਅਮਰੀਕਾ ਤੋਂ ਰਿਸ਼ਤਾ ਆ ਗਿਆ। ਅਗਲੇ ਬਿਨਾ ਦਾਜ-ਦਹੇਜ ਲਿਆਂ ਕੁੜੀ ਵਿਆਹ ਕੇ ਲੈ ਗਏ। ਨਾਜ਼ਰ ਦੇਖਦਾ ਹੀ ਰਹਿ ਗਿਆ। ਫਿਰ ਦੂਜੀ ਕੁੜੀ ਇਸੇ ਤਰ੍ਹਾਂ ਕੈਨੇਡਾ ਵਾਲੇ ਮੁੰਡੇ ਨਾਲ ਵਿਆਹੀ ਗਈ। ਨਾਜ਼ਰ ਲਈ ਇਹ ਸਭ ਕੁਝ ਜਰਨਾ ਬਹੁਤ ਔਖਾ ਹੋ ਗਿਆ। ਉਹ ਕਈ ਦਿਨ ਦਾਰੂ ਪੀਂਦਾ ਰਿਹਾ। ਅਖੀਰ ਡਾਕਟਰ ਕੋਲ ਜਾ ਕੇ ਇਲਾਜ ਕਰਵਾਇਆ, ਪਰ ਲਾਲਚ ਦੀ ਬਿਮਾਰੀ ਉਵੇਂ ਹੀ ਚਿੰਬੜੀ ਹੋਈ ਸੀ। ਜੀਤਾ ਤੇ ਮੀਤਾ ਵੀ ਸਕੂਲੇ ਪੜ੍ਹਨ ਲੱਗ ਗਏ।
ਇਧਰ ਰਾਜੇ ਨੇ ਵੀ ਪਹਿਲੀ ਪੂਣੀ ਕੱਤੀ, ਸ਼ੀਲਾ ਨੇ ਧੀ ਨੂੰ ਜਨਮ ਦਿੱਤਾ, ਪਰ ਰਾਜੇ ਦੇ ਉਹੀ ਲੱਛਣ ਰਹੇ। ਖਰਚੇ ਵਧ ਗਏ ਸਨ। ਰਾਜੇ ਨੇ ਬਾਪੂ ਨੂੰ ਰੁਪਇਆਂ ਬਾਰੇ ਕਿਹਾ। ਪੁੱਤ ਲਈ ਨਾਜ਼ਰ ਜਾਨ ਵਾਰ ਸਕਦਾ ਸੀ। ਉਸ ਨੇ ਭਰਾਵਾਂ ਨਾਲ ਗੱਲ ਕੀਤੀ ਕਿ ਦੋ ਕਿੱਲੇ ਵੇਚ ਕੇ ਰਾਜੇ ਨੂੰ ਰੁਪਏ ਭੇਜ ਦੇਈਏ। ਉਹ ਦੋਵੇਂ ਕਹਿੰਦੇ, ਆਪਣੇ ਹਿੱਸੇ ਦੀ ਭਲਾ ਸਾਰੀ ਵੇਚ ਕੇ ਰੁਪਏ ਭੇਜ ਦੇਹ! ਨਾਜ਼ਰ ਨੇ ਚੋਰੀ ਰੱਖੇ ਰੁਪਏ ਰਾਜੇ ਨੂੰ ਭੇਜ ਦਿੱਤੇ। ਰਾਜੇ ਨੇ ਨਾਜ਼ਰ ਦੇ ਪੇਪਰ ਭੇਜ ਦਿੱਤੇ ਅਤੇ ਨਾਜ਼ਰ ਅਮਰੀਕਾ ਆ ਗਿਆ। ਛੇ ਮਹੀਨਿਆਂ ਵਿਚ ਰਾਜੇ ਨੇ ਨਾਜ਼ਰ ਨੂੰ ਅੱਠ ਵਾਰ ਕੁੱਟਿਆ ਹੋਣਾ! ਰਾਜਾ ਕਹਿੰਦਾ ਸੀ, “ਸਾਰੀ ਜਮੀਨ ਵੇਚ ਕੇ ਰੁਪਏ ਮੈਨੂੰ ਲਿਆ ਕੇ ਦੇਹ।”
ਥੋੜ੍ਹੇ ਹੀ ਸਾਲਾਂ ਵਿਚ ਨਾਜ਼ਰ ਨੇ ਆਪਣੀ ਸਾਰੀ ਜਮੀਨ ਬੈਅ ਕਰ ਦਿੱਤੀ ਅਤੇ ਰੁਪਏ ਰਾਜੇ ਨੂੰ ਅਮਰੀਕਾ ਲਿਆ ਕੇ ਦਿੱਤੇ। ਹੁਣ ਨਾਜ਼ਰ ਕੋਲ ਇਕ ਸਿਆੜ ਵੀ ਜਮੀਨ ਦਾ ਨਹੀਂ ਸੀ ਅਤੇ ਰਾਜਾ ਰੋਜ਼ ਉਸ ਨੂੰ ਦਾਰੂ ਪੀ ਕੇ ਕੁੱਟਦਾ। ਉਸ ਦੀ ਜੂਨ ਬਦ ਤੋਂ ਬਦਤਰ ਹੋ ਗਈ।
ਜੀਤਾ ਤੇ ਮੀਤਾ ਸੋਹਣੇ ਜਵਾਨ ਨਿਕਲੇ। ਤੇਜਾ ਤੇ ਮੁਨਸ਼ੀ ਦੋਹਾਂ ਨੂੰ ਦੇਖ-ਦੇਖ ਜਿਉਂਦੇ। ਹੁਣ ਇਨ੍ਹਾਂ ਕੋਲ ਕੁੱਲ ਛੇ ਕਿੱਲੇ ਜਮੀਨ ਸੀ। ਪੰਜ ਕਿਲੇ ਤੇਜੇ ਦੀ ਅਤੇ ਕਿੱਲਾ ਮੁਨਸ਼ੀ ਦਾ। ਤੇਜਾ ਤੇ ਪ੍ਰੀਤੋ ਆਪਣੀ ਵੱਡੀ ਧੀ ਕੋਲ ਕੈਲੀਫੋਰਨੀਆ ਆ ਗਏ।
ਨਾਜ਼ਰ ਪੁੱਤ ਦਾ ਸਤਾਇਆ ਪਿਛੇ ਜੀਤੇ ਤੇ ਮੀਤੇ ਕੋਲ ਚਲਿਆ ਗਿਆ। ਦੋਹਾਂ ਨੇ ਨਾਜ਼ਰ ਨੂੰ ਪਿਓ ਨਾਲੋਂ ਵੱਧ ਇੱਜਤ ਦਿੱਤੀ। ਪਿੰਡ ਸਾਰਾ ਦੇਖਦਾ ਸੀ ਕਿ ਜਿਨ੍ਹਾਂ ਨੂੰ ਨਾਜ਼ਰ ਉਗਣ ਨਹੀਂ ਸੀ ਦੇਣਾ ਚਾਹੁੰਦਾ, ਉਹੀ ਅੱਜ ਉਸ ਨੂੰ ਹੱਥੀਂ ਛਾਂ ਕਰ ਰਹੇ ਹਨ। ਅਖੀਰ ਸ਼ਰਾਬ ਜ਼ਿਆਦਾ ਪੀਣ ਕਰ ਕੇ ਨਾਜ਼ਰ ਦਾ ਲੀਵਰ ਖਰਾਬ ਹੋ ਗਿਆ ਤੇ ਜਾਨ ਗੁਆ ਬੈਠਾ। ਜਾਂਦੀ ਵਾਰ ਉਹਨੇ ਦੋਹਾਂ ਭਤੀਜਿਆਂ ਤੋਂ ਮੁਆਫੀ ਮੰਗੀ, “ਪੁੱਤਰੋ! ਮੈਨੂੰ ਮੁਆਫ ਕਰ ਦਿਓ। ਮੈਂ ਲਾਲਚੀ ਹੋ ਗਿਆ ਸੀ। ਆਪਣੇ ਲਈ ਆਪ ਕੰਡੇ ਬੀਜਦਾ ਰਿਹਾ। ਮੈਨੂੰ ਨਹੀਂ ਸੀ ਪਤਾ ਕਿ ਪਿਛਲੀ ਉਮਰੇ ਮੇਰੇ ਨਾਲ ਇੱਦਾਂ ਹੋਣੀ ਐ। ਜੇ ਪਤਾ ਹੁੰਦਾ, ਅਜਿਹਾ ਨਾ ਕਰਦਾ।” ਨਾਜ਼ਰ ਦੇ ਸਾਰੇ ਕ੍ਰਿਆ-ਕਰਮ ਉਸ ਦੇ ਭਤੀਜਿਆਂ ਨੇ ਕੀਤੇ।
ਕਰਮ ਸਿਉਂ ਅਤੇ ਨਿੱਕਾ ਸਿਉ ਨੇ ਗੱਲਾਂ ਕਰਦਿਆਂ ਇਸ ਟੱਬਰ ਦੀ ਸਾਰੀ ਕਹਾਣੀ ਅੱਖਾਂ ਅੱਗਿਓਂ ਲੰਘਾ ਦਿੱਤੀ ਸੀ।