‘ਪੰਜਾਬ ਵਿਚ ਵਿਗੜਦੇ ਇਸਾਈ-ਸਿੱਖ ਸਬੰਧ’

ਸਤਿਕਾਰਯੋਗ ਸੰਪਾਦਕ ਜੀ,
Ḕਪੰਜਾਬ ਟਾਈਮਜ਼Ḕ ਦੇ 12 ਅਗਸਤ ਦੇ ਅੰਕ ਵਿਚ ਛਪਿਆ ਡਾæ ਹਰਭਜਨ ਸਿੰਘ ਦਾ ਲੇਖ Ḕਪੰਜਾਬ ਵਿਚ ਵਿਗੜਦੇ ਇਸਾਈ-ਸਿੱਖ ਸਬੰਧḔ ਪੜ੍ਹਿਆ। ਮੈਂ ਸਭ ਤੋਂ ਪਹਿਲਾਂ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਂ ਇੱਕ ਕ੍ਰਿਸ਼ਚਨ ਲੜਕੀ ਹਾਂ। ਮੈਂ ਅਤੇ ਹੋਰ ਪੰਜਾਬੀ ਭਾਈ-ਭੈਣ ਬੜੀ ਰੀਝ ਨਾਲ ਤੁਹਾਡਾ ਪੇਪਰ ਪੜ੍ਹਦੇ ਹਾਂ। ਹਰ ਹਫਤੇ ਤੁਹਾਡੇ ਪੇਪਰ ਦਾ ਇੰਤਜ਼ਾਰ ਕਰਦੇ ਹਾਂ।
ਹੁਣ ਮੈਂ ਗੱਲ ਕਰਨ ਲੱਗੀ ਹਾਂ ਡਾæ ਹਰਭਜਨ ਸਿੰਘ ਦੇ ਲੇਖ ਬਾਰੇ।

ਸਭ ਤੋ ਪਹਿਲਾਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪੈਸਾ-ਲਾਲਚ ਦੇ ਕੇ ਇਸਾਈ ਬਣਾਉਂਦੇ ਹਨ। ਫਿਰ ਉਨ੍ਹਾਂ ਨੇ ਹੀ ਇੱਕ ਅਫਸਰ ਦੀ ਗੱਲ ਦੱਸੀ ਜੋ ਇਸਾਈ ਬਣ ਗਿਆ ਸੀ। ਮੈਂ ਡਾæ ਸਾਹਿਬ ਤੋਂ ਪੁੱਛਣਾ ਚਾਹੁੰਦੀ ਹਾਂ ਕਿ ਜਿਸ ਅਫਸਰ ਦੀ ਉਹ ਗੱਲ ਕਰ ਰਹੇ ਹਨ, ਕੀ ਉਸ ਅਫਸਰ ਨੇ ਵੀ ਪੈਸੇ ਲਏ ਸਨ? ਉਹ ਤਾਂ ਖੁਦ ਅਫਸਰ ਸੀ।
ਹੁਣ ਮੈਂ ਤੁਹਾਨੂੰ ਇਥੇ ਅਮਰੀਕਾ ਵਿਚ ਹੀ ਇੱਕ ਲੜਕੀ ਦੀ ਹੱਡਬੀਤੀ ਦੱਸਣ ਲੱਗੀ ਹਾਂ ਜਿਸ ਨੂੰ ਉਸ ਦੇ ਸਹੁਰੇ ਨੇ ਘਰੋਂ ਕੱਢ ਦਿੱਤਾ। ਇਥੇ ਉਸ ਦੇ ਪਰਿਵਾਰ ਦਾ ਕੋਈ ਮੈਂਬਰ ਵੀ ਨਹੀਂ ਸੀ। ਉਸ ਲੜਕੀ ਨੇ ਦੱਸਿਆ ਕਿ ਕਿਸ ਤਰ੍ਹਾਂ ਉਸ ਨੇ ਆਪਣੇ ਦਿਨ ਗੁਜ਼ਾਰੇ, ਰਾਤ ਨੂੰ ਸੜਕਾਂ ‘ਤੇ ਸੌਂਦੀ ਰਹੀ। ਸੈæਲਟਰ ਵਿਚ ਰਹੀ। ਉਸ ਨੇ ਦੱਸਿਆ ਕਿ ਮੈਂ ਗੁਰਦੁਆਰੇ ਜਾ ਕੇ ਮਦਦ ਮੰਗੀ। ਪਰ ਕਿਸੇ ਨੇ ਵੀ ਮੇਰੀ ਮਦਦ ਨਾ ਕੀਤੀ, ਚਰਚ ਦੇ ਲੋਕਾਂ ਨੇ ਮੇਰੀ ਮਦਦ ਕੀਤੀ। ਜਦ ਤੱਕ ਮੈਂ ਪੂਰੀ ਤਰ੍ਹਾਂ ਕੰਮ ਕਰਨ ਦੇ ਯੋਗ ਨਹੀਂ ਹੋਈ, ਮੈਨੂੰ ਪੂਰੀ ਮਦਦ ਦਿੱਤੀ। ਮੇਰੇ ਵਿਛੜੇ ਬੱਚਿਆਂ ਨਾਲ ਮਿਲਵਾਇਆ।
ਮੈਂ ਡਾæ ਸਾਹਿਬ ਨੂੰ ਦੱਸਣਾ ਚਾਹੁੰਦੀ ਹਾਂ ਕਿ ਉਹ ਭੈਣ ਤਾਂ ਅੱਜ ਵੀ ਸਰਦਾਰ ਆ। ਗੁਰਦੁਆਰੇ ਜਾਂਦੀ ਆ। ਉਸ ਨੂੰ ਤਾਂ ਕਿਸੇ ਨੇ ਨਹੀਂ ਕਿਹਾ ਕਿ ਤੂੰ ਪਹਿਲਾਂ ਇਸਾਈ ਬਣ, ਫਿਰ ਤੇਰੀ ਮਦਦ ਕਰਾਂਗੇ। ਪੈਸਾ ਦੇ ਕੇ ਕੋਈ ਕਿਸੇ ਦਾ ਧਰਮ ਤਬਦੀਲ ਨਹੀਂ ਕਰਵਾ ਸਕਦਾ, ਹਾਲਾਂਕਿ ਅਮਰੀਕਾ ਵਿਚ ਪੂਰੀ ਆਜ਼ਾਦੀ ਹੈ ਧਰਮ ਤਬਦੀਲ ਕਰਨ ਦੀ। ਅਸੀਂ ਕ੍ਰਿਸ਼ਚਨ ਜਦ ਕਿਸੇ ਦੀ ਮਦਦ ਕਰਦੇ ਹਾਂ, ਇਨਸਾਨੀਅਤ ਦੇ ਤੌਰ ‘ਤੇ ਕਰਦੇ ਹਾਂ। ਜਦ ਕੋਈ ਗੋਰਾ ਇਸਾਈ ਧਰਮ ਛੱਡ ਕੇ ਸਿੱਖ ਬਣ ਜਾਂਦਾ ਹੈ, ਸਾਨੂੰ ਤਾਂ ਕੋਈ ਤਕਲੀਫ ਨਹੀਂ ਹੁੰਦੀ। ਹਰ ਇਕ ਇਨਸਾਨ ਨੂੰ ਆਜ਼ਾਦੀ ਹੈ, ਆਪਣੇ ਤਰੀਕੇ ਨਾਲ ਜ਼ਿੰਦਗੀ ਜਿਉਣ ਦੀ।
ਡਾæ ਸਾਹਿਬ ਨੇ ਫਿਰ ਨਾਂਵਾਂ ਦੀ ਗੱਲ ਕੀਤੀ। ਨਾਮ ਤਾਂ ਕੋਈ ਵੀ ਰੱਖ ਸਕਦਾ ਹੈ। ਨਾਮ ਉਤੇ ਕੋਈ ਕਾਪੀ ਰਾਈਟ ਨਹੀਂ। ਮੈਂ ਇਹੋ ਕਹਿਣਾ ਚਾਹੁੰਦੀ ਹਾਂ ਕਿ ਹਰ ਇਨਸਾਨ ਲਈ ਉਸ ਦਾ ਧਰਮ ਉਚਾ ਹੀ ਹੁੰਦਾ ਹੈ, ਚਾਹੇ ਉਹ ਕਿਸੇ ਵੀ ਧਰਮ ਨਾਲ ਵਾਸਤਾ ਰੱਖਦਾ ਹੋਵੇ। ਬਾਈਬਲ ਵਿਚ ਯਸੂ ਮਸੀਹ ਨੇ ਸਾਰੀ ਇਨਸਾਨ ਜਾਤੀ ਲਈ ਆਪਣੀ ਜਾਨ ਦਿੱਤੀ। ਸੋ, ਡਾæ ਸਾਹਿਬ ਨੂੰ ਮੈਂ ਕਹਿਣਾ ਚਾਹੁੰਦੀ ਹਾਂ ਕਿ ਅਜਿਹੀਆਂ ਗੱਲਾਂ ਨਾ ਲਿਖੋ ਜਿਸ ਨਾਲ ਕਿਸੇ ਨੂੰ ਤਕਲੀਫ ਹੋਵੇ।
ਧੰਨਵਾਦ ਸਹਿਤ।
-ਰੂਬੀ ਸਿੰਘ
ਚਕਸe267@ਹੋਟਮਅਲਿ।ਚੋਮ