ਨਾਇਕ ਦੇ ਨਿਵੇਕਲੇ ਨੈਣ-ਨਕਸ਼ ਘੜਦਾ ਆਯੂਸ਼ਮਾਨ

ਚੰਡੀਗੜ੍ਹ ਦੇ ਜੰਮ-ਪਲ ਆਯੂਸ਼ਮਾਨ ਖੁਰਾਣਾ ਨੇ ਹਿੰਦੀ ਫਿਲਮ ਜਗਤ ਵਿਚ ਆਪਣਾ ਵੱਖਰਾ ਮੁਕਾਮ ਬਣਾਇਆ ਹੈ। ਫਿਲਮਾਂ ਵਿਚ ਉਹ 2012 ਵਿਚ ਆਇਆ ਸੀ ਅਤੇ ਹੁਣ ਤੱਕ ਉਸ ਦੀਆਂ ਸਿਰਫ 8 ਫਿਲਮਾਂ ਰਿਲੀਜ਼ ਹੋਈਆਂ ਹਨ, ਪਰ ਉਸ ਨੇ ਆਪਣੀ ਅਦਾਕਾਰੀ ਅਤੇ ਸਮਝ ਦੇ ਆਧਾਰ ‘ਤੇ ਹਿੰਦੀ ਫਿਲਮ ਨਾਇਕ ਦਾ ਇਕ ਵੱਖਰਾ ਹੀ ਰੂਪ ਦਰਸ਼ਕਾਂ ਸਾਹਮਣੇ ਲਿਆਂਦਾ ਹੈ। ਉਹ ਆਪਣੇ ਢੰਗ ਨਾਲ ਨਵਾਂ ਫਿਲਮੀ ਨਾਇਕ ਸਿਰਜ ਰਿਹਾ ਹੈ। ਉਹਦੀਆਂ ਫਿਲਮਾਂ ਵਿਚ ਖਾਸ ਸੁਨੇਹਾ ਹੁੰਦਾ ਹੈ

ਅਤੇ ਉਹ ਅਦਾਕਾਰੀ ਦੇ ਸਿਰ ਉਤੇ ਇਸ ਸੁਨੇਹੇ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਲਈ ਟਿੱਲ ਲਾ ਦਿੰਦਾ ਹੈ। ਆਪਣੀ ਪਲੇਠੀ ਫਿਲਮ ‘ਵਿੱਕੀ ਡੋਨਰ’ ਨਾਲ ਹੀ ਉਹ ਚਰਚਾ ਵਿਚ ਆ ਗਿਆ ਸੀ। ਉਸ ਦੀ ਹਰ ਫਿਲਮ ਵੱਖਰੇ ਵਿਸ਼ੇ ਬਾਰੇ ਗਹਿ-ਗੱਚ ਸੰਵਾਦ ਰਚਾਉਣ ਵਾਲੀ ਹੋ ਨਿਬੜੀ ਹੈ।
ਉਂਜ, 14 ਸਤੰਬਰ 1984 ਨੂੰ ਜਨਮੇ ਆਯੂਸ਼ਮਾਨ ਨੂੰ ਫਿਲਮੀ ਨਾਇਕ ਵਾਲੇ ਮੁਕਾਮ ਤੱਕ ਪਹੁੰਚਣ ਲਈ ਕਈ ਸਾਲ ਲੱਗ ਗਏ। 2004 ਵਿਚ ਉਸ ਨੇ ਐਮæਟੀæਵੀæ ਦਾ ਰੋਡੀਜ਼ (ਸੀਜ਼ਨ-2) ਮੁਕਾਬਲਾ ਜਿੱਤਿਆ ਸੀ। ਇਸ ਤੋਂ ਬਾਅਦ ਉਹ ਟੀæਵੀæ ਸਟਾਰ ਤਾਂ ਬਣ ਗਿਆ, ਪਰ ਫਿਲਮ ਤੱਕਾਂ ਪਹੁੰਚਣ ਲਈ ਉਸ ਨੂੰ ਅੱਠ ਸਾਲ ਉਡੀਕ ਕਰਨੀ ਪਈ। ਫਿਰ ਤਾਂ ਚੱਲ ਸੋ ਚੱਲ਼ææ ਪਲੇਠੀ ਫਿਲਮ ‘ਵਿੱਕੀ ਡੋਨਰ’ ਉਘੇ ਫਿਲਮਸਾਜ਼ ਸ਼ੂਜੀਤ ਸਿਰਕਾਰ ਨੇ ਬਣਾਈ ਸੀ। ਛੋਟੇ ਬਜਟ ਵਾਲੀ ਇਸ ਫਿਲਮ ਉਤੇ 5 ਕਰੋੜ ਰੁਪਏ ਲੱਗੇ ਸਨ, ਪਰ ਇਹ ਫਿਲਮ ਬਾਕਸ ਆਫਿਸ ਉਤੇ 65 ਹਜ਼ਾਰ ਰੁਪਏ ਕਮਾਉਣ ਵਿਚ ਸਫਲ ਰਹੀ। ਇਸ ਫਿਲਮ ਨਾਲ ਚੰਡੀਗੜ੍ਹ ਦੀ ਹੀ ਇਕ ਹੋਰ ਅਦਾਕਾਰਾ ਯਾਮੀ ਗੌਤਮ ਦਾ ਕਰੀਅਰ ਵੀ ਪਰਵਾਜ਼ ਭਰ ਗਿਆ ਸੀ।
ਇਸ ਤੋਂ ਬਾਅਦ ‘ਨੌਟੰਕੀ ਸਾਲਾ’, ‘ਬੇਵਕੂਫੀਆਂ’, ‘ਹਵਾਈਜ਼ਾਦਾ’, ‘ਦਮ ਲਗਾ ਕੇ ਹਾਈਸ਼ਾ’, ‘ਮੇਰੀ ਪਿਆਰੀ ਬਿੰਦੂ’, ‘ਬਰੇਲੀ ਕੀ ਬਰਫੀ’ ਅਤੇ ‘ਸ਼ੁਭ ਮੰਗਲ ਸਾਵਧਾਨ’ ਫਿਲਮਾਂ ਰਿਲੀਜ਼ ਹੋਈਆਂ। ‘ਨੌਟੰਕੀ ਸਾਲਾ’, ‘ਬੇਵਕੂਫੀਆਂ’ ਤੇ ‘ਹਵਾਈਜ਼ਾਦਾ’ ਭਾਵੇਂ ਕੁਝ ਖਾਸ ਅਸਰ ਨਹੀਂ ਛੱਡ ਸਕੀਆਂ, ਪਰ ਇਨ੍ਹਾਂ ਫਿਲਮਾਂ ਵਿਚ ਆਯੂਸ਼ਮਾਨ ਦੀ ਅਦਾਕਾਰੀ ਦੀ ਚਰਚਾ ਹੋਈ। ਫਿਰ ਜਦੋਂ ਭੂਮੀ ਪੜਨੇਕਰ ਨਾਲ ਉਸ ਦੀ ਫਿਲਮ ‘ਦਮ ਲਗਾ ਕੇ ਹਾਈਸ਼ਾ’ ਰਿਲੀਜ਼ ਹੋਈ ਤਾਂ ਉਹ ਪਹਿਲੀ ਕਤਾਰ ਦੇ ਅਦਾਕਾਰਾਂ ਵਿਚ ਸ਼ੁਮਾਰ ਹੋ ਗਿਆ। ਹੁਣੇ ਹੁਣੇ ਭੂਮੀ ਪੜਨੇਕਰ ਨਾਲ ਹੀ ਰਿਲੀਜ਼ ਹੋਈ ਉਸ ਦੀ ਫਿਲਮ ‘ਸ਼ੁਭ ਮੰਗਲ ਸਾਵਧਾਨ’ ਸੁਪਰਹਿੱਟ ਸਾਬਤ ਹੋਈ ਹੈ। ਇਸ ਫਿਲਮ ਉਤੇ ਕੁਲ 10 ਕਰੋੜ ਰੁਪਏ ਲੱਗੇ ਹਨ ਅਤੇ ਇਹ ਹੁਣ ਤੱਕ 50 ਕਰੋੜ ਤੋਂ ਉਪਰ ਕਮਾ ਚੁੱਕੀ ਹੈ ਤੇ ਅਜੇ ਵੀ ਕਮਾ ਰਹੀ ਹੈ। ਫਿਲਮ ਦੀ ਕਹਾਣੀ ਵੀ ਬੜੀ ਸਾਧਾਰਨ ਅਤੇ ਘਰੇਲੂ ਕਿਸਮ ਦੀ ਹੈ, ਪਰ ਦਿਲ ਨੂੰ ਟੁੰਬਣ ਵਾਲੀ ਹੈ। ਭੂਮੀ ਪੜਨੇਕਰ ਅਤੇ ਆਯੂਸ਼ਮਾਨ ਖੁਰਾਣਾ ਨੇ ਫਿਲਮ ਵਿਚ ਜੀਅ ਜਾਨ ਨਾਲ ਅਦਾਕਾਰੀ ਦੇ ਜਲਵੇ ਦਿਖਾਏ ਹਨ। ਇਸ ਨਾਲ ਫਿਲਮ ਦਾ ਮੂੰਹੋਂ-ਮੂੰਹ ਪ੍ਰਚਾਰ ਬਹੁਤ ਹੋਇਆ ਹੈ। ਜਿਹੜਾ ਵੀ ਦਰਸ਼ਕ ਇਹ ਫਿਲਮ ਦੇਖ ਕੇ ਆਉਂਦਾ ਹੈ, ਉਹ ਹੋਰਾਂ ਨੂੰ ਵੀ ਇਹ ਫਿਲਮ ਦੇਖਣ ਬਾਰੇ ਆਖ ਛੱਡਦਾ ਹੈ। ਇਹੀ ਆਯੂਸ਼ਮਾਨ ਖੁਰਾਣਾ ਅਤੇ ਭੂਮੀ ਪੜਨੇਕਰ ਵਰਗੇ ਘੱਟ ਬਜਟ ਵਾਲੇ ਅਦਾਕਾਰਾਂ ਦੀ ਖੂਬੀ ਅਤੇ ਖੂਬਸੂਰਤੀ ਹੈ।
ਅਸਲ ਵਿਚ 100 ਕਰੋੜੀ ਫਿਲਮਾਂ ਦੇ ਘੜਮੱਸ ਵਿਚ, ਇਹੀ ਅਦਾਕਾਰ ਤੇ ਅਜਿਹੀਆਂ ਫਿਲਮਾਂ ਬਣਾਉਣ ਵਾਲੇ ਫ਼ਿਲਮਸਾਜ਼ ਹਨ ਜੋ ਕਲਾ ਦਾ ਚਿਰਾਗ ਜਗਦਾ ਰੱਖ ਰਹੇ ਹਨ; ਨਹੀਂ ਤਾਂ 100 ਕਰੋੜੀ ਫਿਲਮਸਾਜ਼ਾਂ ਦਾ ਮੁਖ ਮਕਸਦ ਮਸਾਲਾ ਫਿਲਮਾਂ ਬਣਾ ਕੇ ਕਮਾਈ ਕਰਨਾ ਹੀ ਹੈ। ਆਯੂਸ਼ਮਾਨ ਵਰਗੇ ਕਲਾਕਾਰਾਂ ਨੇ ਸਾਬਤ ਕੀਤਾ ਹੈ ਕਿ ਘੱਟ ਬਜਟ ਨਾਲ ਵਧੀਆ ਅਤੇ ਸੁਨੇਹਾ ਮੁਖੀ ਫਿਲਮਾਂ ਬਣਾਈਆਂ ਜਾ ਸਕਦੀਆਂ ਹਨ।
-ਗੁਰਜੰਟ ਸਿੰਘ