ਗੁਰਬਤ ਦੀ ਜ਼ਿੰਦਗੀ ਜੀਅ ਰਿਹਾ ਨਾਮੀ ਗੀਤਕਾਰ ਦਾ ਪਰਿਵਾਰ

ਸੁਰਜੀਤ ਜੱਸਲ
ਫੋਨ: 91-98146-07737
ਪੁਰਾਣੇ ਗੀਤਕਾਰਾਂ ‘ਚੋਂ ਬਹੁਤੇ ਅਜਿਹੇ ਹੋਏ ਹਨ, ਜਿਨ੍ਹਾਂ ਦੇ ਪੱਲੇ ਸਿਰਫ ਫੋਕੀ ਬੱਲੇ ਬੱਲੇ ਹੀ ਪਈ। ਗਾਇਕਾਂ ਅਤੇ ਕੰਪਨੀਆਂ ਨੇ ਤਾਂ ਪੈਸਾ ਕਮਾਇਆ ਪਰ ਗੀਤਕਾਰਾਂ ਦੀ ਕਲਮ ਨੂੰ ਪੈਸੇ ਪੱਖੋਂ ਬਹੁਤਾ ਕੁਝ ਨਹੀਂ ਮਿਲਿਆ। ਅਜਿਹੇ ਹੀ ਗੀਤਕਾਰਾਂ ‘ਚੋਂ ਇੱਕ ਹੈ, ਮੇਹਰ ਦੁਭਾਲੀ ਵਾਲਾ। ਬਹੁਤ ਘੱਟ ਲੋਕ ਇਸ ਨਾਂ ਤੋਂ ਜਾਣੂੰ ਹੋਣਗੇ ਜਦਕਿ ਮੇਹਰ ਦੇ ਲਿਖੇ ਗੀਤਾਂ ਤੋਂ ਉਸ ਨੂੰ ਹਰ ਕੋਈ ਜਾਣਦਾ ਹੈ। Ḕਭਾਬੀਏ ਨੀਂ ਕਰੇ ਟਿੱਚਰਾਂ ਇਹ ਤਾਂ ਨਿੱਕਲ ਗਿਆ ਨੀਂ ਫੈਰ ਫੋਕਾ’,

Ḕਰਾਤੀਂ ਮੇਰੇ ਵੱਸ ਨਾ ਰਿਹਾ ਵੇ ਮੈਂ ਖੰਡ ਦੇ ਭੁਲੇਖੇ ਗੁੜ ਚੱਟ ਗਈḔ (ਸੁਰਿੰਦਰ ਛਿੰਦਾ-ਗੁਲਸ਼ਨ ਕੋਮਲ); Ḕਜੀਹਦੀ ਮਿੱਤਰੋ ਭਾਲ ਵਿਚ ਦਿਲ, ਉਹ ਨਾ ਕੁੜੀ ਲੱਭਦੀḔ (ਜੈਜ਼ੀ ਬੀ-ਸੁਖਸ਼ਿੰਦਰ ਸ਼ਿੰਦਾ); Ḕਡੁੱਬ ਜਾਣੀ ਦੇ ਬਰੇਕਾਂ ਝੱਟ ਲਾਉਂਦੇḔ (ਕੁਲਦੀਪ ਪਾਰਸ-ਸੁਖਵੰਤ ਸੁੱਖੀ); Ḕਬੋਲ ਸ਼ੀਸ਼ਿਆ ਵੇ ਹਾੜਾ ਬੋਲ ਸ਼ੀਸ਼ਿਆḔ (ਸੁਰਜੀਤ ਖਾਨ); Ḕਗਾਂਧੀ ਵਾਲੇ ਨੋਟ ਸਿਫਾਰਸ਼Ḕ (ਫੌਜੀ ਰਾਜਪੁਰੀ) ਆਦਿ ਅਨੇਕਾਂ ਹਿੱਟ ਗੀਤ ਮੇਹਰ ਦੁਭਾਲੀ ਵਾਲੇ ਦੀ ਪਛਾਣ ਹਨ।
ਰਾਜਪੁਰੇ ਦੇ ਗਗਨ ਚੌਂਕ ਨੇੜੇ ਕਿਸੇ ਵਕਤ ਮੇਹਰ ਦਾ ਬੱਸਾਂ-ਟਰੱਕਾਂ ਦੇ ਟਾਇਰਾਂ ਨੂੰ ਪੈਂਚਰ ਲਾਉਣ ਦਾ ਖੋਖਾ ਹੁੰਦਾ ਸੀ। ਚੌਂਕ ਵਿਚੋਂ ਲੰਘਣ ਵਾਲੇ ਸੈਂਕੜੇ ਲੋਕਾਂ ‘ਚੋਂ ਕੋਈ ਨਹੀਂ ਸੀ ਜਾਣਦਾ ਕਿ ਕੰਮ ‘ਚ ਲਿਬੜਿਆ ਮਰੀਅਲ ਜਿਹਾ ਬੰਦਾ ਇੱਕ ਨਾਮੀ ਗੀਤਕਾਰ ਹੈ। ਪੰਜਾਬੀ ਗੀਤਕਾਰੀ ਦਾ ਇਹ ਵੱਡਾ ਦੁਖਾਂਤ ਹੈ ਕਿ ਚੜ੍ਹਦੀ ਉਮਰੇ ਗੀਤ ਲਿਖ ਕੇ ਨਾਮਣਾ ਖੱਟਣ ਵਾਲੇ ਗੀਤਾਂ ਦੇ ਵਣਜਾਰੇ ਪਿਛਲੀ ਉਮਰੇ ਤਰਸਯੋਗ ਜ਼ਿੰਦਗੀ ਜਿਉਣ ਲਈ ਮਜਬੂਰ ਹੋ ਜਾਂਦੇ ਹਨ। ਮੇਹਰ ਨਾਲ ਵੀ ਅਜਿਹਾ ਹੀ ਵਾਪਰਿਆ। ਉਸ ਦੇ ਗੀਤ ਗਾਉਣ ਵਾਲੇ ਤਾਂ ਕਾਰਾਂ ਕੋਠੀਆਂ ਦੇ ਮਾਲਕ ਬਣਦੇ ਗਏ ਪਰ ਮੇਹਰ ਆਪਣਾ ਪੈਂਚਰਾਂ ਵਾਲਾ ਖੋਖਾ ਪੱਕੀ ਦੁਕਾਨ ‘ਚ ਨਾ ਬਦਲ ਸਕਿਆ ਤੇ ਨਾ ਹੀ ਘਰ ਦੀਆਂ ਚੋਂਦੀਆਂ ਛੱਤਾਂ ਪੱਕੀਆਂ ਕਰ ਸਕਿਆ।
ਰਾਜਪੁਰਾ-ਚੰਡੀਗੜ੍ਹ ਮਾਰਗ ‘ਤੇ ਪੈਂਦੇ ਪਿੰਡ ਦੁਭਾਲੀ (ਨੇੜੇ ਢਕਾਨਸੂ) ਵਿਖੇ 13 ਨਵੰਬਰ 1956 ਨੂੰ ਪਿਤਾ ਦੌਲਤ ਰਾਮ ਤੇ ਮਾਤਾ ਰਤਨੀ ਦੇ ਘਰ ਜਨਮੇ ਮੇਹਰ ਨੂੰ ਗੀਤ-ਸੰਗੀਤ ਨਾਲ ਸਕੂਲ ਪੜ੍ਹਦਿਆਂ ਹੀ ਮੋਹ ਹੋ ਗਿਆ ਸੀ। ਸਕੂਲ ਸਮਾਗਮਾਂ ਵਿਚ ਉਹ ਲਾਲ ਚੰਦ ਯਮਲੇ ਦੇ ਗੀਤ ਗਾਉਂਦਾ। ਦਸਵੀਂ ਕਰਕੇ ਉਹ ਪਿੰਡ ਦੇ ਹੀ ਇੱਕ ਕਵੀਸ਼ਰੀ ਜਥੇ ਨਾਲ ਰਲ ਗਿਆ। ਕੰਮ ਕਾਰ ਦੀ ਤਲਾਸ਼ ਵਿਚ ਉਹ ਸਾਹਨੇਵਾਲ ਨੇੜੇ ਜੀæਟੀæ ਰੋਡ ‘ਤੇ ਪੈਂਦੇ ਪਿੰਡ ਜੋਗੀਆਣਾ ਜਾ ਟਿਕਿਆ, ਜਿੱਥੇ ਉਸ ਨੇ ਕੁਝ ਸਾਲ ਟਾਇਰਾਂ ਨੂੰ ਪੈਂਚਰ ਲਾਉਣ ਦਾ ਕੰਮ ਕੀਤਾ। ਕਲਾਕਾਰੀ ਦਾ ਸ਼ੌਂਕ ਵੀ ਬਰਾਬਰ ਜਵਾਨ ਹੁੰਦਾ ਗਿਆ। ਜਦ ਵੀ ਮੇਹਰ ਨੂੰ ਮੌਕਾ ਮਿਲਦਾ, ਉਹ ਗਾਉਣ ਵਾਲਿਆਂ ਦੇ ਦਫਤਰਾਂ ਵਿਚ ਗੇੜਾ ਮਾਰਦਾ। ਇੱਥੇ ਹੀ ਉਸ ਦਾ ਮੇਲ ਗੀਤਕਾਰ ਮਿਰਜ਼ਾ ਸੰਗੋਵਾਲੀਆਂ ਨਾਲ ਹੋਇਆ ਜਿਸ ਤੋਂ ਪ੍ਰਭਾਵਿਤ ਹੋ ਕੇ ਗੀਤ ਲਿਖਣ ਲੱਗਿਆ। ਗੀਤਕਾਰੀ ਦੇ ਗੁਰ ਵੀ ਮੇਹਰ ਨੇ ਮਿਰਜ਼ੇ ਤੋਂ ਹੀ ਸਿੱਖੇ। ਗੀਤ ਦੇ ਵਿਸ਼ੇ ਮੁਤਾਬਕ ਸ਼ਬਦ-ਜੋੜ ਦਾ ਉਸ ਨੇ ਡੂੰਘਾ ਗਿਆਨ ਲਿਆ।
ਜਦ ਮੇਹਰ ਆਪਣੇ ਗੀਤ ਲੈ ਕੇ ਪਹਿਲੀ ਵਾਰ ਸੁਰਿੰਦਰ ਛਿੰਦੇ ਕੋਲ ਗਿਆ ਤਾਂ ਉਥੇ ਇੱਕ ਦੋ ਹੋਰ ਕਲਾਕਾਰ ਵੀ ਬੈਠੇ ਸਨ ਜੋ ਮੇਹਰ ਦੇ ਪਾਏ ਬੇਢੰਗੇ ਜਿਹੇ ਕੱਪੜੇ ਵੇਖ ਕੇ ਹੈਰਾਨ ਹੋਏ। ਛਿੰਦੇ ਨੇ ਜਦ ਗੀਤ ਵੇਖੇ ਤਾਂ ਉਸ ਨੂੰ ਕਲਮ ‘ਚ ਦਮ ਲੱਗਿਆ। ਉਸ ਨੇ ਕੁਝ ਗੀਤ ਗਾਉਣ ਲਈ ਰੱਖ ਲਏ।
ਕੁਝ ਸਮੇਂ ਬਾਅਦ ਜਦ ਮੇਹਰ ਦਾ ਲਿਖਿਆ ਪਹਿਲਾ ਦੋਗਾਣਾ Ḕਇਹ ਤਾਂ ਨਿੱਕਲ ਗਿਆ ਨੀਂ ਫੈਰ ਫੋਕਾ, ਭਾਬੀਏ ਨੀਂ ਕਰੇ ਟਿੱਚਰਾਂ’ ਸੁਰਿੰਦਰ ਛਿੰਦਾ ਤੇ ਗੁਲਸ਼ਨ ਕੋਮਲ ਦੀ ਆਵਾਜ਼ ਵਿਚ ਐਚæਐਮæਵੀæ ਦੇ ਤਵੇ ‘ਤੇ ਰਿਕਾਰਡ ਹੋ ਕੇ ਸਪੀਕਰਾਂ ‘ਤੇ ਵੱਜਣ ਲੱਗਾ ਤਾਂ ਉਸ ਤੋਂ ਚਾਅ ਨਾ ਚੱਕਿਆ ਜਾਵੇ। ਛੇਤੀ ਹੀ ਮੇਹਰ ਦਾ ਦੂਸਰਾ ਦੋਗਾਣਾ Ḕਵੇ ਮੈਂ ਖੰਡ ਦੇ ਭੁਲੇਖੇ ਗੁੜ ਚੱਟ ਗਈ’ ਵੀ ਇੱਕ ਸਾਂਝੇ ਐਲ਼ਪੀæ ਰਿਕਾਰਡ ਵਿਚ ਆ ਗਿਆ। ਇਨ੍ਹਾਂ ਗੀਤਾਂ ਦੀ ਪ੍ਰਸਿੱਧੀ ਨੇ ਮੇਹਰ ਨੂੰ ਉਸ ਵੇਲੇ ਦੇ ਚਰਚਿਤ ਗੀਤਕਾਰਾਂ ਵਿਚ ਲਿਆ ਖੜ੍ਹਾਇਆ। ਗੀਤਾਂ ਵਿਚ ਜੇਠ-ਭਰਜਾਈ ਦੀ ਠੇਠ ਸ਼ਬਦਾਵਲੀ ‘ਚ ਦਿਲਚਸਪ ਵਾਰਤਾਲਾਪ ਸੀ ਜਿਸ ਨੂੰ ਸੁਰਿੰਦਰ ਛਿੰਦਾ ਅਤੇ ਗੁਲਸ਼ਨ ਕੋਮਲ ਨੇ ਬਾ-ਕਮਾਲ ਗਾਇਆ। ਇਸ ਤੋਂ ਬਾਅਦ ਮੇਹਰ ਦੇ ਹੋਰ ਵੀ ਕਈ ਗੀਤ ਇਸ ਜੋੜੀ ਨੇ ਅਖਾੜਿਆਂ ਵਿਚ ਗਾਏ। ਛਿੰਦੇ ਦੇ ਚੇਲੇ ਕੁਲਦੀਪ ਪਾਰਸ ਨੇ ਵੀ ਮੇਹਰ ਦੇ ਅਨੇਕਾਂ ਗੀਤ ਰਿਕਾਰਡ ਕਰਵਾਏ। ਪਾਰਸ ਦੀ ਬੰਤ ਰਾਮਪੁਰੇ ਵਾਲੇ ਨਾਲ ਗੂੜ੍ਹੀ ਮਿੱਤਰਤਾ ਰਹੀ। ਉਹ ਜਦ ਵੀ ਬੰਤ ਕੋਲ ਰਾਮਪੁਰੇ (ਨੇੜੇ ਬਨੂੜ) ਜਾਂਦਾ ਤਾਂ ਮੇਹਰ ਕੋਲ ਪਿੰਡ ਦੁਭਾਲੀ ਵੀ ਜਾਂਦਾ। ਦੋਵੇਂ ਖਾਣ-ਪੀਣ ਦੇ ਸ਼ੌਕੀਨ ਸਨ।
ਗਾਇਕ ਜੈਜ਼ੀ ਬੀæ ਅਤੇ ਸੁਖਸ਼ਿੰਦਰ ਸ਼ਿੰਦਾ ਦੀ ਆਵਾਜ਼ ਵਿਚ ਮੇਹਰ ਦਾ ਲਿਖਿਆ ਗੀਤ Ḕਜੀਹਦੀ ਮਿੱਤਰੋ ਭਾਲ ਵਿਚ ਦਿਲ, ਉਹ ਨਾ ਕੁੜੀ ਲੱਭਦੀ’ ਰਿਕਾਰਡ ਹੋਣਾ ਇੱਕ ਵੱਡੀ ਪ੍ਰਾਪਤੀ ਰਹੀ। ਇਸ ਨਾਲ ਮੇਹਰ ਦੀ ਨਵੀਂ ਪੀੜ੍ਹੀ ਦੇ ਸਰੋਤਿਆਂ, ਪ੍ਰਸ਼ੰਸਕਾਂ ਵਿਚ ਦੁਨੀਆਂ ਪੱਧਰ ‘ਤੇ ਪਛਾਣ ਬਣੀ। ਮੇਹਰ ਦੇ ਗੀਤ ਉਕਤ ਨਾਮੀ ਕਲਾਕਾਰਾਂ ਤੋਂ ਇਲਾਵਾ ਰਾਜਪੁਰਾ ਇਲਾਕੇ ਦੇ ਨਵੇਂ ਕਲਾਕਾਰਾਂ ਤਰਲੋਕ ਚਹਿਲ-ਹਰਜੀਤ ਮੱਟੂ, ਸੁਖਵਿੰਦਰ ਸ਼ਿੰਮਾ, ਕਰਨੈਲ ਫੱਕਰ, ਮੇਵਾ ਰੌਣਕ, ਲੱਛਾ ਉਗਾਣਾ, ਬੂਟਾ ਚੌਹਾਨ, ਹਰਭਜਨ ਨਡਿਆਲੀ ਆਦਿ ਨੇ ਵੀ ਰਿਕਾਰਡ ਕਰਵਾਏ।
ਬਹੁਤ ਦੁੱਖ ਹੁੰਦਾ ਹੈ ਜਦ ਕੋਈ ਲਿਖਾਰੀ ਨਸ਼ਿਆਂ ਦੇ ਦਰਿਆ ਵਿਚ ਰੁੜ੍ਹਦਾ ਹੈ। ਨਿੱਕੀ ਉਮਰੇ ਹੱਡੀਂ ਰਚੇ ਐਬਾਂ ਕਰਕੇ ਚੰਦਰੀ ਮੌਤ ਨੇ ਛੇਤੀ ਹੀ ਮੇਹਰ ਨੂੰ ਆਪਣੇ ਕਲਾਵੇ ਵਿਚ ਲੈ ਲਿਆ। ਮੇਹਰ ਦੇ ਮਗਰ ਹੀ ਉਸ ਦਾ ਜਵਾਨ ਪੁੱਤ ਵੀ ਕਬੀਲਦਾਰੀ ਦੇ ਬੋਝ ਹੇਠ ਆਇਆ ਆਤਮ ਹੱਤਿਆ ਕਰ ਗਿਆ। ਮੌਤਾਂ ‘ਚ ਘਿਰਿਆ ਇਸ ਮਰਹੂਮ ਗੀਤਕਾਰ ਦਾ ਪਰਿਵਾਰ ਅੱਜ ਦੋ ਡੰਗ ਦੀ ਰੋਟੀ ਦਾ ਮੁਥਾਜ ਹੈ। ਮੇਹਰ ਦੀ ਮੌਤ ਵੇਲੇ ਜਦ ਕੁਝ ਨਾਮੀ ਗਾਇਕਾਂ ਅੱਗੇ ਇਸ ਪਰਿਵਾਰ ਨੇ ਮਦਦ ਦੀ ਗੁਹਾਰ ਲਾਈ ਤਾਂ ਉਨ੍ਹਾਂ ਪੂਰੀ ਮਦਦ ਕਰਨ ਦਾ ਭਰੋਸਾ ਦਿੱਤਾ ਪਰ ਅਫਸੋਸ ਅੱਜ ਤੱਕ ਕਿਸੇ ਵੀ ਗਾਇਕ ਕਲਾਕਾਰ ਨੇ ਮੇਹਰ ਦੇ ਪਰਿਵਾਰ ਦੀ ਸਾਰ ਨਹੀਂ ਲਈ।
ਮੇਹਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਪੀਣ ਖਾਣ ਦਾ ਆਦੀ ਸੀ। ਉਸ ਦੀ ਇਸੇ ਕਮਜ਼ੋਰੀ ਦਾ ਗਾਉਣ ਵਾਲੇ ਫਾਇਦਾ ਲੈਂਦੇ ਰਹੇ। ਉਸ ਨੂੰ ਅਧੀਆ-ਪਊਆ ਪਿਆ ਕੇ ਗੀਤ ਲੈ ਲੈਂਦੇ। ਕੋਠੇ ਜਿੱਡੀਆਂ ਹੋਈਆਂ ਧੀਆਂ ਦੇ ਹੱਥ ਪੀਲੇ ਕਰਨ ਵੇਲੇ ਇਲਾਕੇ ਦੇ ਇੱਕ ਗਾਇਕ ਅਤੇ ਉਸ ਦੇ ਸ਼ਾਗਿਰਦ ਰਾਜੂ ਨਾਹਰ ਚੁੰਨੀ, ਜੱਸੀ ਧਮੌਲੀ, ਪਾਲੀ ਮਿਰਜਾਪੁਰੀਆ, ਮਲਕੀਤ ਸੇਹਰੇਵਾਲਾ, ਜੱਸੀ ਰਾਮਨਗਰੀਆ ਉਸ ਦੇ ਨਾਲ ਖੜ੍ਹੇ। ਉਸ ਵੇਲੇ ਵੀ ਕੋਈ ਨਾਮੀ ਕਲਾਕਾਰ ਉਸ ਦੀ ਮਦਦ ਲਈ ਅੱਗੇ ਨਾ ਆਇਆ।
ਮੇਹਰ ਦੀ ਗੀਤਕਾਰੀ ਅੱਜ ਉਸ ਦੇ ਪਰਿਵਾਰ ਨੂੰ ਸਰਾਪ ਜਿਹੀ ਲੱਗਦੀ ਹੈ ਕਿਉਂਕਿ ਉਸ ਦੇ ਗੀਤਾਂ ਨੇ ਪਰਿਵਾਰ ਦੇ ਪੱਲੇ ਕੁਝ ਨਹੀਂ ਪਾਇਆ, ਸਾਰੀ ਉਮਰ ਘੱਟਾ ਹੀ ਢੋਇਆ। ਅੱਜ ਉਸ ਦੇ ਪਰਿਵਾਰ ਦੀਆਂ ਔਰਤਾਂ ਘਰ ਦੇ ਗੁਜ਼ਾਰੇ ਲਈ ਲੋਕਾਂ ਦੇ ਘਰ ਕੰਮ ਕਰਨ ਜਾਂਦੀਆਂ ਹਨ। ਛੋਟਾ ਮੁੰਡਾ ਅੱਜ ਵੀ ਉਸੇ ਖੋਖੇ ‘ਚ ਪੈਂਚਰ ਲਾਉਂਦਾ ਹੈ, ਜਿੱਥੇ ਕਿਸੇ ਵੇਲੇ ਦਿਨ ਢਲਦਿਆਂ ਹੀ ਗਾਉਣ ਵਾਲਿਆਂ ਦੀ ਮਹਿਫਿਲ ਜੁੜਦੀ ਸੀ ਪਰ ਹੁਣ ਕਿਸੇ ਗਾਉਣ ਵਾਲੇ ਦੀ ਗੱਡੀ ਉਥੇ ਨਹੀਂ ਰੁਕਦੀ।