ਡਾæ ਗੁਰਨਾਮ ਕੌਰ ਪਟਿਆਲਾ
ਭਗਤ ਕਬੀਰ ਜੀ ਦਾ ਇਹ ਸ਼ਬਦ ‘ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ’ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 478 ‘ਤੇ ਦਰਜ ਹੈ। ਇਸ ਸ਼ਬਦ ਵਿਚ ਭਗਤ ਜੀ ਨੇ ਪਰਮਾਤਮਾ ਦੇ ਨਾਮ ਦਾ ਸਿਮਰਨ ਸਹਿਜ ਅਵਸਥਾ ਵਿਚ ਟਿਕ ਕੇ ਕਰਨ ਦੀ ਪ੍ਰੇਰਨਾ ਕੀਤੀ ਹੈ ਅਤੇ ਸ਼ਬਦ ਨੂੰ ਵਿਚਾਰ ਨਾਲ ਜੋੜਿਆ ਹੈ। ਇਸ ਸ਼ਬਦ ਵਿਚ ਇਹ ਵੀ ਦੱਸਿਆ ਹੈ ਕਿ ਮਹਿਜ ਕਿਸੇ ਖਜ਼ਾਨੇ ਦੇ ਵਾਰਿਸ ਹੋ ਜਾਣ ਨਾਲ ਕੁਝ ਨਹੀਂ ਹੁੰਦਾ; ਇਹ ਵਿਰਾਸਤ ਭਾਵੇਂ ਸ਼ਬਦ ਜਾਂ ਵਿਚਾਰਾਂ ਦੀ ਹੋਵੇ, ਅਧਿਆਤਮਕ ਹੋਵੇ ਤੇ ਭਾਵੇਂ ਦੁਨਿਆਵੀ।
ਅਧਿਆਤਮਕ ਜਾਂ ਕਹਿ ਲਈਏ ਕਿ ਧਾਰਮਿਕ ਵਿਰਾਸਤ ਦੇ ਸੰਦਰਭ ਵਿਚ ਬ੍ਰਹਮਾ ਦੇ ਪੁੱਤਰਾਂ ਦਾ ਹਵਾਲਾ ਦਿੰਦੇ ਹਨ। ਹਿੰਦੂ ਮਿਥਿਹਾਸ ਅਨੁਸਾਰ ਬ੍ਰਹਮਾ ਨੇ ਚਾਰੇ ਵੇਦਾਂ ਦੀ ਰਚਨਾ ਕੀਤੀ ਸੀ ਅਤੇ ਸਨਕ, ਸਨੰਦਨ ਆਦਿ ਬ੍ਰਹਮਾ ਦੇ ਪੁੱਤਰ ਸਨ ਜਿਨ੍ਹਾਂ ਨੂੰ ਵੇਦ ਵਿਰਸੇ ਵਿਚ ਮਿਲੇ, ਉਹ ਵੈਦਿਕ ਗਿਆਨ ਦੇ ਖਜ਼ਾਨੇ ਦੇ ਵਾਰਿਸ ਬਣੇ ਕਿਉਂਕਿ ਵੇਦ ਉਨ੍ਹਾਂ ਦੇ ਘਰ ਵਿਚ ਹੀ ਸਨ। ਬ੍ਰਹਮਾ ਦੇ ਪੁੱਤਰਾਂ ਨੇ ਵੇਦ ਪੜ੍ਹ ਪੜ੍ਹ ਕੇ ਸਾਰੀ ਉਮਰ ਵਿਅਰਥ ਗੁਆ ਲਈ ਕਿਉਂਕਿ ਉਨ੍ਹਾਂ ਨੇ ਵੇਦ ਪੜ੍ਹਨ ਦੇ ਬਾਵਜੂਦ ਪਰਮਾਤਮਾ ਦੇ ਗੁਣਾਂ ਨੂੰ ਨਹੀਂ ਲੱਭਿਆ ਅਤੇ ਜਾਣਿਆ (ਕਿਉਂਕਿ ਉਨ੍ਹਾਂ ਨੇ ਵਿਚਾਰ ਰਾਹੀਂ ਪਰਮਾਤਮਾ ਦੇ ਗੁਣਾਂ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ)।
ਇਥੇ ਭਗਤ ਕਬੀਰ ਸੰਗੀਆਂ ਨੂੰ, ਲੋਕਾਈ ਨੂੰ ਪਰਮਾਤਮਾ ਦੇ ਨਾਮ ਦਾ ਸਿਮਰਨ ਵਾਰ ਵਾਰ ਕਰਨ ਲਈ ਕਹਿੰਦੇ ਹਨ ਅਤੇ ਸਹਿਜ ਅਵਸਥਾ ਵਿਚ ਟਿਕ ਕੇ ਸ਼ਾਂਤ ਮਨ ਨਾਲ ਉਸ ਦੇ ਗੁਣਾਂ ਨੂੰ ਸਮਝਣ ਦਾ ਉਪਦੇਸ਼ ਕਰਦੇ ਹਨ, ਉਸ ਦੇ ਸਾਰ-ਤੱਤ ਨੂੰ ਜਾਣਨ ਦੀ ਕੋਸ਼ਿਸ਼ ਕਰਨ ਲਈ ਕਹਿੰਦੇ ਹਨ ਕਿਉਂਕਿ ਤੱਤ-ਭੜੱਤੀ ਵਿਚ ਸਿਮਰਨ ਕੀਤਿਆਂ ਉਸ ਦੇ ਗੁਣਾਂ ਦਾ ਤੱਤ ਪਤਾ ਨਹੀਂ ਲੱਗਣਾ। ਭਗਤ ਜੀ ਇਹ ਵੀ ਦੱਸਦੇ ਹਨ ਕਿ ਪਰਮਾਤਮਾ ਦਾ ਨਾਮ, ਉਸ ਦੀ ਜੋਤਿ ਮਨੁੱਖ ਦੇ ਸਰੀਰ ਵਿਚ ਹੀ ਵੱਸਦੀ ਹੈ। ਇਸ ਲਈ ਇਸ ਸਰੀਰ ਨੂੰ ਹੀ ਚਾਟੀ ਬਣਾਉਣ ਲਈ ਕਿਹਾ ਹੈ ਜਿਸ ਵਿਚ ਨਾਮ ਨੂੰ ਰਿੜਕਣਾ ਹੈ ਅਰਥਾਤ ਜੋਤਿ ਨੂੰ ਜਗਾਉਣਾ ਹੈ। ਮਨ ਨੂੰ ਮਧਾਣੀ ਬਣਾਉਣ ਦਾ ਉਪਦੇਸ਼ ਦਿੱਤਾ ਹੈ ਭਾਵ ਮਨ ਨੂੰ ਬਾਹਰ ਦੀ ਭਟਕਣਾ ਵੱਲੋਂ ਮੋੜ ਕੇ ਪਰਮਾਤਮਾ ਦੇ ਨਾਮ ਵਿਚ ਟਿਕਾਉਣ ਲਈ ਕਿਹਾ ਹੈ, ਇਸ ਮਨ ਨਾਲ ਹੀ ਪਰਮਾਤਮਾ ਦਾ ਸਿਮਰਨ-ਰੂਪੀ ਦੁੱਧ ਰਿੜਕਿਆ ਜਾਣਾ ਹੈ। ਇਸ ਸਰੀਰ ਰੂਪੀ ਚਾਟੀ ਵਿਚ ਸ਼ਬਦ-ਰੂਪੀ ਜਾਗ ਲਾਉਣ ਦੀ ਸਿੱਖਿਆ ਦਿੱਤੀ ਹੈ। ਸ਼ਬਦ-ਰੂਪੀ ਜਾਗ ਸਿਮਰਨ-ਰੂਪੀ ਦੁੱਧ ਵਿਚੋਂ ਪਰਮਾਤਮਾ ਨਾਲ ਮੇਲ-ਰੂਪੀ ਤੱਤ ਕੱਢਣ ਵਿਚ ਮਦਦ ਕਰਦਾ ਹੈ। ਉਸੇ ਤਰ੍ਹਾਂ ਜਿਵੇਂ ਦਹੀਂ ਦਾ ਜਾਗ ਲੱਗੇ ਦੁੱਧ ਨੂੰ ਸਹਿਜ ਭਾ ਰਿੜਕਣ ਨਾਲ ਉਸ ਵਿਚੋਂ ਮੱਖਣ ਨਿਕਲਦਾ ਹੈ। ਜੋ ਮਨੁੱਖ ਆਪਣੇ ਮਨ ਵਿਚ ਪਰਮਾਤਮਾ ਦੇ ਇਸ ਸਿਮਰਨ-ਰੂਪੀ ਰਿੜਕਣ ਦਾ ਕਾਰਜ ਕਰਦਾ ਹੈ, ਉਸ ਨੂੰ ਪਰਮਾਤਮਾ ਦੇ ਨਾਮ-ਰੂਪੀ ਅੰਮ੍ਰਿਤ ਦਾ ਸੋਮਾ ਪ੍ਰਾਪਤ ਹੁੰਦਾ ਹੈ। ਭਗਤ ਕਬੀਰ ਕਹਿੰਦੇ ਹਨ ਕਿ ਜਿਸ ‘ਤੇ ਪਾਤਿਸ਼ਾਹ ਦੀ ਮਿਹਰ ਹੁੰਦੀ ਹੈ, ਉਹ ਉਸ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਕੇ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ ਹੈ:
ਸਨਕ ਸਨੰਦ ਅੰਤੁ ਨਹੀ ਪਾਇਆ॥
ਬੇਦ ਪੜੇ ਪੜਿ ਬ੍ਰਹਮੇ ਜਨਮੁ ਗਵਾਇਆ॥੧॥
ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ॥
ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ॥੧॥ਰਹਾਉ॥
ਤਨੁ ਕਰਿ ਮਟੁਕੀ ਮਨ ਮਾਹਿ ਬਿਲੋਈ॥
ਇਸੁ ਮਟੁਕੀ ਮਹਿ ਸਬਦੁ ਸੰਜੋਈ॥੨॥
ਹਰਿ ਕਾ ਬਿਲੋਵਨਾ ਮਨ ਕਾ ਬੀਚਾਰਾ॥
ਗੁਰ ਪ੍ਰਸਾਦਿ ਪਾਵੈ ਅੰਮ੍ਰਿਤ ਧਾਰਾ॥੩॥
ਕਹੁ ਕਬਰਿ ਨਦਰਿ ਕਰੇ ਜੇ ਮਂੀਰਾ॥
ਰਾਮ ਨਾਮ ਲਗਿ ਉਤਰੇ ਤੀਰਾ॥੪॥
ਇਸ ਲੇਖ ਦਾ ਮੁੱਖ ਮਕਸਦ ਸ਼ਬਦ ਅਤੇ ਵਿਚਾਰ ਨਾਲ ਸਬੰਧਤ ਹੈ। ਜਦੋਂ ਮਨੁੱਖ ਸ਼ਬਦ ਅਤੇ ਸ਼ਬਦ ਉਤੇ ਵਿਚਾਰ ਨਾਲੋਂ ਟੁੱਟ ਜਾਂਦਾ ਹੈ ਤਾਂ ਉਹ ਕਿਸੇ ਵੀ ਪਖੰਡ ਦਾ, ਪਖੰਡੀ ‘ਬਾਬੇ’ ਜਾਂ ਸਾਧ ਦਾ ਨਿਸ਼ਾਨਾ ਛੇਤੀ ਹੀ ਬਣ ਜਾਂਦਾ ਹੈ। ਪਿਛਲੇ ਲੇਖ ਵਿਚ ਡੇਰਿਆਂ ਦੇ ਸਫਲ ਹੋਣ ਜਾਂ ਆਮ ਲੋਕਾਂ ਦਾ ਡੇਰਿਆਂ ਵੱਲ ਖਿੱਚੇ ਜਾਣ ਦੇ ਕੁਝ ਕਾਰਨਾਂ ਵਿਚ ਜਾਣ ਦੀ ਕੋਸ਼ਿਸ਼ ਕੀਤੀ ਸੀ। ਗਰੀਬੀ, ਥੁੜ੍ਹਾਂ ਮਾਰਿਆ ਆਮ ਮਨੁੱਖ ਅਤੇ ਉਸ ਦੇ ਨਾਲ ਹੀ ਪ੍ਰਮੁਖ ਧਰਮਾਂ ਦੇ ਆਗੂਆਂ ਤੇ ਧਾਰਮਿਕ ਰਸੂਖ ਵਾਲੇ ਲੋਕਾਂ ਦਾ ਦੁਨਿਆਵੀ ਤੌਰ ‘ਤੇ ਆਪ ਤੋਂ ਘੱਟ ਰਸੂਖ ਵਾਲੇ ਲੋਕਾਂ ਪ੍ਰਤੀ ਨਜ਼ਰੀਆ, ਪੰਜਾਬ ਵਿਚ ਨਸ਼ਿਆਂ ਦੀ ਮਾਰ-ਅਜਿਹੇ ਕੁਝ ਕਾਰਨ ਹਨ ਜੋ ਲੋਕਾਂ ਨੂੰ ਡੇਰਿਆਂ ਵੱਲ ਧੱਕਣ ਦੀ ਵਜ੍ਹਾ ਬਣਦੇ ਹਨ। ਇਸ ਦੇ ਨਾਲ ਹੀ ਇੱਕ ਹੋਰ ਅਹਿਮ ਕਾਰਨ ਅਗਿਆਨ ਅਤੇ ਲਾਈਲੱਗ ਹੋਣਾ ਵੀ ਹੈ। ਕਈ ਸਾਲ ਹੋਏ ਜਦੋਂ ਨੂਰਮਹਿਲੀਏ ਆਸ਼ੁਤੋਸ਼ ਦਾ ਰੱਫੜ ਪੰਜਾਬ ਵਿਚ ਵਧ ਗਿਆ ਸੀ ਤਾਂ ਪੰਜਾਬ ਸਰਕਾਰ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਜਿਸ ਵਿਚ ਸਿੱਖ ਜਗਤ ਵੱਲੋਂ ਉਠਾਏ ਗਏ ਇਤਰਾਜ਼ਾਂ ਨੂੰ ਧਿਆਨ ਵਿਚ ਰੱਖ ਕੇ ਅਸ਼ੁਤੋਸ਼ੀਆਂ ਦਾ ਸਾਹਿਤ, ਉਨ੍ਹਾਂ ਦੇ ਸਮਾਗਮਾਂ ਦੀਆਂ ਵੀਡੀਓ ਅਤੇ ਹੋਰ ਪੁਣ-ਛਾਣ ਕਰਨੀ ਸੀ। ਇਸ ਕਮੇਟੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਦੀ ਮੁਖੀ ਹੋਣ ਦੇ ਨਾਤੇ ਮੈਂ ਵੀ ਸ਼ਾਮਲ ਸਾਂ। ਮੈਨੂੰ ਉਦੋਂ ਵੀ ਪ੍ਰੇਸ਼ਾਨੀ ਹੁੰਦੀ ਸੀ, ਇਹ ਸੋਚ ਕੇ ਕਿ ਗੁਰੂਆਂ ਦੀ ਬਖਸ਼ਿਸ਼ ਨਾਲ ਪੰਜਾਬੀਆਂ ਕੋਲ ਆਮ ਕਰਕੇ ਅਤੇ ਸਿੱਖਾਂ ਕੋਲ ਖਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਸ਼ਬਦ ਦਾ, ਬਾਣੀ ਦਾ ਬਹੁਤ ਵੱਡਾ ਖਜ਼ਾਨਾ ਹੈ ਜਿਸ ਦੇ ਲੜ ਲੱਗਣ ਲਈ ਕਿਸੇ ਵਿਚੋਲੇ ਦੀ ਲੋੜ ਵੀ ਹੈ ਨਹੀਂ, ਫਿਰ ਕਿਉਂ ਲੋਕ ਇਸ ਤਰ੍ਹਾਂ ਆਸ਼ੁਤੋਸ਼ ਦੇ ਮਗਰ ਲੱਗੇ ਫਿਰਦੇ ਹਨ? ਜੇ ਉਨ੍ਹਾਂ ਦੀਆਂ ਵੀਡੀਓ ਧਿਆਨ ਨਾਲ ਦੇਖੀਆਂ ਜਾਣ, ਤਾਂ ਹੱਟੇ ਕੱਟੇ ਪਲੇ ਹੋਏ ਸਾਧ ਨਜ਼ਰ ਆਉਂਦੇ ਹਨ। ਅਜਿਹੇ ਲੋਕਾਂ ਵਿਚ ਕਿਉਂ ਕੁੜੀਆਂ ਪ੍ਰਚਾਰਕ ਬਣ ਕੇ ਜਾਂਦੀਆਂ ਹਨ?
ਡੇਰਿਆਂ ‘ਤੇ ਕੀ ਕੁਝ ਹੁੰਦਾ ਹੈ, ਇਹ ਪਹਿਲਾਂ ਵੀ ਉਜਾਗਰ ਹੁੰਦਾ ਰਿਹਾ ਹੈ ਅਤੇ ਸਿਰਸਾ ਡੇਰੇ ਦੀ ਕਾਰਗੁਜ਼ਾਰੀ ਨੇ ਹੋਰ ਉਜਾਗਰ ਕਰ ਦਿੱਤਾ ਹੈ। ਕੋਈ ਵੀ ਇਸ ਤੱਥ ਤੋਂ ਮੁੱਕਰ ਨਹੀਂ ਸਕਦਾ ਕਿ ਬਹੁਤੇ ਡੇਰਿਆਂ ਵਿਚ ਅਜਿਹੀਆਂ ਗੱਲਾਂ ਦਾ ਵਾਪਰਨਾ ਆਮ ਗੱਲ ਹੈ ਭਾਵੇਂ ਇਹ ਉਜਾਗਰ ਹੋ ਸਕਣ ਜਾਂ ਨਾ ਹੋ ਸਕਣ। ਇੱਕ ਗੱਲ ਹੋਰ ਜੋ ਪ੍ਰੇਸ਼ਾਨ ਕਰਦੀ ਹੈ, ਉਹ ਇਹ ਕਿ ਆਸ਼ੁਤੋਸ਼ ਯੂæਪੀæ/ਬਿਹਾਰ ਵਿਚ ਜੰਮਿਆ-ਪਲਿਆ ਜਿਸ ਬਾਰੇ ਕਈ ਤਰ੍ਹਾਂ ਦੇ ਖੁਲਾਸੇ ਕਰਦੇ ਲਿਖਤੀ ਸਬੂਤ ਸ਼ਿਕਾਇਤ ਕਰਨ ਵਾਲਿਆਂ ਵੱਲੋਂ ਕਮੇਟੀ ਸਾਹਮਣੇ ਪੇਸ਼ ਕੀਤੇ ਗਏ। ਇਹ ਕਿਉਂ ਹੋਇਆ ਕਿ ਉਸ ਨੇ ਆ ਕੇ ਨੂਰ ਮਹਿਲ ਵਿਚ ਆਪਣਾ ਡੇਰਾ ਬਣਾ ਲਿਆ ਅਤੇ ਸਥਾਨਕ ਲੋਕਾਂ ਦੇ ਵਿਰੋਧ ਦੇ ਬਾਵਜੂਦ ਏਨੇ ਪੰਜਾਬੀ ਉਸ ਦੇ ਮਗਰ ਲੱਗ ਤੁਰੇ? ਇਹ ਕੋਈ ਮਹਿਜ ਆਮ ਲੋਕ ਹੀ ਨਹੀਂ ਸਨ ਬਲਕਿ ਚੰਗੇ ਭਲੇ, ਮੇਜਰਾਂ, ਕਰਨਲਾਂ, ਅਧਿਆਪਕਾਂ ਤੱਕ ਪੜ੍ਹੇ-ਲਿਖੇ ਲੋਕ ਉਸ ਦੇ ਚੇਲੇ ਸਨ।
ਇਸੇ ਤਰ੍ਹਾਂ ਸਿਰਸੇ ਵਾਲਾ ਸਾਧ ਭਾਵੇਂ ਜਾਤ-ਗੋਤ ਤੋਂ ਪੰਜਾਬੀ ਹੀ ਨਜ਼ਰ ਆਉਂਦਾ ਹੈ ਪਰ ਜੰਮਿਆਂ-ਪਲਿਆ ਰਾਜਸਥਾਨ ਵਿਚ, ਡੇਰਾ ਕਾਇਮ ਕੀਤਾ ਸਿਰਸੇ ਵਿਚ ਅਤੇ ਪੰਜਾਬ ਦੇ ਮਾਲਵੇ ਦਾ ਸਾਰਾ ਇਲਾਕਾ ਉਸ ਦੇ ਮਗਰ ਤੁਰਿਆ ਫਿਰਦਾ ਸੀ? ਇਸ ਤੋਂ ਪੰਜਾਬੀਆਂ ਦੇ ਸੁਭਾਅ ਉਤੇ ਥੋੜ੍ਹਾ ਸ਼ੱਕ ਹੋਣ ਲਗਦਾ ਹੈ ਕਿ ਸ਼ਾਇਦ ਇਹ ਇਨ੍ਹਾਂ ਦੇ ਲਾਈਲੱਗ ਸੁਭਾਅ ਦਾ ਹਿੱਸਾ ਹੈ ਕਿ ਜਿਧਰ ਨੂੰ ਇੱਕ ਤੁਰਦਾ ਹੈ, ਬਿਨਾ ਕਿਸੇ ਲੰਮੀ-ਚੌੜੀ ਸੋਚ-ਵਿਚਾਰ ਦੇ ਸਾਰਾ ਲਾਣਾ ਉਸੇ ਪਾਸੇ ਤੁਰ ਪੈਂਦਾ ਹੈ। ਪੰਜਾਬ ਵਿਚ ਚੱਪੇ ਚੱਪੇ ਡੇਰੇ ਹਨ ਜੋ ਕਹਿਣ ਨੂੰ ਤਾਂ ਓਟ-ਆਸਰਾ ਬਾਣੀ ਦਾ ਹੀ ਲੈਂਦੇ ਹਨ ਪਰ ਹਰ ਇੱਕ ਨੇ ਆਪਣੀ ਆਪਣੀ ਰਹਿਤ-ਮਰਿਆਦਾ ਅਤੇ ਆਪਣੇ ਆਪਣੇ ਢਕਵੰਜ ਬਣਾਏ ਹੋਏ ਹਨ। ਕਹਿਣ ਨੂੰ ਬੇਸ਼ੱਕ ਧਾਰਮਿਕ ਨੇਤਾ ਕਹੀ ਜਾਣ ਕਿ ਡੇਰਿਆਂ ਨੇ ਕੋਈ ਨੁਕਸਾਨ ਨਹੀਂ ਕੀਤਾ ਪਰ ਸੂਖਮ ਢੰਗ ਨਾਲ ਡੇਰੇ ਸਿੱਖੀ ਦਾ ਵੀ ਨੁਕਸਾਨ ਕਰ ਰਹੇ ਹਨ ਅਤੇ ਸਮਾਜ ਦਾ ਵੀ। ਵੱਡਾ ਨੁਕਸਾਨ ਇਹ ਕਿ ਰਾਜਨੀਤੀ ‘ਤੇ ਅਸਰ ਅੰਦਾਜ਼ ਹੋ ਰਹੇ ਹਨ। ਨੇਤਾ ਲੋਕਾਂ ਨੂੰ ਬਣੇ-ਬਣਾਏ ਵੋਟ-ਬੈਂਕ ਮਿਲ ਜਾਂਦੇ ਹਨ ਜਿਸ ਕਰਕੇ ਉਹ ਡੇਰਿਆਂ ਦੀ ਹਰ ਤਰ੍ਹਾਂ ਨਾਲ ਪੁਸ਼ਤਪਨਾਹੀ ਕਰਦੇ ਹਨ ਅਤੇ ਇੱਕ ਤਰ੍ਹਾਂ ਨਾਲ ਗੈਰ-ਸਮਾਜਿਕ ਕੰਮ ਕਰਨ ਵਿਚ ਉਨ੍ਹਾਂ ਦੀ ਸਹਾਇਤਾ ਕਰਦੇ ਹਨ। ਕਿਸ ਤਰ੍ਹਾਂ ਹਰਿਆਣਾ ਸਰਕਾਰ ਨੇ ਸਿਰਸੇ ਵਾਲੇ ਸਾਧ ਦੀ ਮਦਦ ਕੀਤੀ ਹੈ, ਇਹ ਹੁਣ ਕੋਈ ਲੁਕਿਆ ਹੋਇਆ ਤੱਥ ਨਹੀਂ ਹੈ। ਇੱਕ ਮਾਮੂਲੀ ਸਾਧ ਨੂੰ ਅਤੇ ਉਸ ਦੇ ਚੇਲਿਆਂ ਨੂੰ ਹਰ ਤਰ੍ਹਾਂ ਨਾਲ ਮਨਮਾਨੀ ਕਰਨ ਦਿੱਤੀ ਗਈ। ਖਬਰਾਂ ਅਨੁਸਾਰ ਕਿੰਨੇ ਦਿਨਾਂ ਤੱਕ ਫੌਜ ਨੂੰ ਡੇਰੇ ਦੇ ਅੰਦਰ ਜਾਣ ਦੇ ਅਤੇ ਤਲਾਸ਼ੀ ਲੈਣ ਦੇ ਹੁਕਮ ਨਹੀਂ ਦਿੱਤੇ ਤਾਂ ਕਿ ਉਹ ਆਪਣਾ ਸਾਜੋ-ਸਮਾਨ ਅਤੇ ਹਰ ਤਰ੍ਹਾਂ ਦੇ ਰਿਕਾਰਡ ਉਥੋਂ ਕੱਢ ਕੇ ਲੈ ਜਾ ਸਕਣ। ਮਰਨ ਲਈ ਆਮ ਲੋਕਾਂ ਨੂੰ ਇਕੱਠੇ ਹੋਣ ਦਿੱਤਾ ਗਿਆ ਪਰ ਡੇਰੇ ਨਾਲ ਜੁੜੇ ਖਾਸ ਖਾਸ ਬੰਦਿਆਂ ਨੂੰ ਭੱਜ ਜਾਣ ਦਾ ਹਰ ਤਰ੍ਹਾਂ ਨਾਲ ਮੌਕਾ ਦਿੱਤਾ ਗਿਆ। ਕੋਈ ਇੱਕ ਵੀ ਪ੍ਰਬੰਧਕੀ ਬੰਦਾ ਨਹੀਂ ਮਰਿਆ, ਮਰਨ ਵਾਲੇ ਸਭ ਆਮ ਗਰੀਬ ਅਤੇ ਨਤੀਜਿਆਂ ਤੋਂ ਅਣਜਾਣ ‘ਪ੍ਰੇਮੀ’ ਲੋਕ ਸਨ। ਇਹ ਸਭ ਹਰਿਆਣਾ ਸਰਕਾਰ ਅਤੇ ਡੇਰੇ ਦੀ ਮਿਲੀਭੁਗਤ ਨਾਲ ਵਾਪਰਿਆ ਹੈ।
ਗੁਰੂ ਨਾਨਕ ਸਾਹਿਬ ਨੇ ਜੋ ਧਰਮ ਸਥਾਪਤ ਕੀਤਾ ਸੀ, ਉਹ ਆਮ ਲੋਕਾਂ ਦੇ ਉਧਾਰ ਲਈ, ਉਨ੍ਹਾਂ ਨੂੰ ਚੰਗੀ ਜੀਵਨ ਜਾਚ ਸਿਖਾਉਣ ਲਈ ਕੀਤਾ ਸੀ। ਇਸ ਆਦਰਸ਼ ਦੀ ਪੂਰਤੀ ਲਈ ਉਨ੍ਹਾਂ ਨੇ ਕਰਤਾਰਪੁਰ ਨੂੰ ਜਦੋਂ ਕੇਂਦਰ ਬਣਾਇਆ ਤਾਂ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਦੀ ਜੀਵਨ ਜਾਚ ਦੀ ਸਿਖਲਾਈ ਵਾਸਤੇ ਆਪ ਅੱਗੇ ਹੋ ਕੇ ਖੇਤਾਂ ਵਿਚ ਸਭ ਨਾਲ ਰਲ ਕੇ ਕੰਮ ਕਰਦੇ। ਸਾਂਝੇ ਲੰਗਰ ਰਾਹੀਂ ਸੇਵਾ ਕਰਨ ਤੇ ਵੰਡ ਛਕਣ ਅਤੇ ਸੰਗਤੀ ਰੂਪ ਵਿਚ ਨਾਮ ਜਪਣ ਦੀ ਪਰੰਪਰਾ ਸ਼ੁਰੂ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਸਿੱਖਾਂ ਦੀ ਮਿਨੀ ਪਾਰਲੀਮੈਂਟ ਕਰਕੇ ਜਾਣੀ ਜਾਂਦੀ ਹੈ ਅਤੇ ਹਰ ਤਰ੍ਹਾਂ ਦੇ ਧਾਰਮਿਕ ਪ੍ਰਬੰਧਾਂ ਲਈ ਜਿੰਮੇਵਾਰ ਹੈ, ਦਾ ਸਾਲਾਨਾ ਬਜਟ ਕਰੋੜਾਂ ਵਿਚ ਹੈ। ਖਬਰਾਂ ਤੋਂ ਪਤਾ ਲਗਦਾ ਹੈ ਕਿ ਗਰੀਬ ਪ੍ਰੇਮੀਆਂ ਦੇ ਬੱਚਿਆਂ ਨੂੰ ਮੁਫਤ ਵਿੱਦਿਆ ਅਤੇ ਸਿਹਤ ਸਹੂਲਤਾਂ ਮਿਲਦੀਆਂ ਸਨ। ਡੇਰੇ ਦੇ ਸਾਧ ਦੇ ਫਿਕਰ ਨਾਲੋਂ ਉਨ੍ਹਾਂ ਨੂੰ ਆਪਣੇ ਬੇਰੁਜ਼ਗਾਰ ਹੋ ਜਾਣ ਦਾ ਵੱਧ ਫਿਕਰ ਹੈ ਕਿਉਂਕਿ ਬਹੁਤੇ ਡੇਰੇ ਵਿਚ ਨੌਕਰੀ ਕਰਦੇ ਸਨ। ਸ਼੍ਰੋਮਣੀ ਕਮੇਟੀ ਕਿਉਂ ਅਜਿਹੇ ਸਕੂਲ ਨਹੀਂ ਖੋਲ੍ਹ ਸਕਦੀ ਜਿਸ ਵਿਚ ਗਰੀਬ ਬੱਚਿਆਂ ਨੂੰ ਮੁਫਤ ਵਿੱਦਿਆ ਮਿਲ ਸਕੇ? ਮੁਢਲੀਆਂ ਸਿਹਤ ਸਹੂਲਤਾਂ ਦਾ ਪ੍ਰਬੰਧ ਕਿਉਂ ਨਹੀਂ ਕੀਤਾ ਜਾ ਸਕਦਾ? ਕਿਉਂ ਇਹ ਨਹੀਂ ਕੀਤਾ ਜਾ ਸਕਦਾ ਕਿ ਇੱਕ ਪਿੰਡ ਵਿਚ ਇੱਕ ਹੀ ਗੁਰਦੁਆਰਾ ਹੋਵੇ ਜਿੱਥੇ ਸਭ ਦੀ ਬਰਾਬਰ ਦੀ ਸ਼ਮੂਲੀਅਤ ਹੋਵੇ? ਕਿਉਂ ਪਿੰਡ ਪਿੰਡ ਇਸ ਕਿਸਮ ਦੀਆਂ ਇਕਾਈਆਂ ਸਥਾਪਤ ਨਹੀਂ ਕੀਤੀਆਂ ਜਾ ਸਕਦੀਆਂ ਜੋ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਅਤੇ ਨਸ਼ੇ ਛੁਡਾਉਣ ਲਈ ਵਿਸ਼ੇਸ਼ ਕੇਂਦਰ ਕਿਉਂ ਨਹੀਂ ਸਥਾਪਤ ਕੀਤੇ ਜਾ ਸਕਦੇ? ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਕਿਸੇ ਦਾ ਧਿਆਨ ਗੁਰੂ ਨਾਨਕ ਦੇ ਪਾਏ ਪੂਰਨਿਆਂ ਵੱਲ ਹੋਵੇ। ਸਾਰਾ ਧਿਆਨ ਤਾਂ ਪੈਸੇ ਅਤੇ ਰਾਜਨੀਤੀ ‘ਤੇ ਖਰਚ ਹੁੰਦਾ ਹੈ।
ਸ਼੍ਰੋਮਣੀ ਕਮੇਟੀ ਇੱਕ ਸਾਧਨ ਬਣ ਗਈ ਹੈ, ਅੱਗੋਂ ਅਸੈਂਬਲੀ ਅਤੇ ਪਾਰਲੀਮੈਂਟ ਦੀ ਮੈਂਬਰੀ ਤੱਕ ਪਹੁੰਚਣ ਦੀ। ਇਹ ਸਮੂਹ ਸਿੱਖਾਂ ਦੀ ਨੁਮਾਇੰਦਾ ਨਾ ਹੋ ਕੇ ਮਹਿਜ ਅਕਾਲੀ ਦਲ (ਬਾਦਲ) ਦੀ ਨੁਮਾਇੰਦਾ ਹੋ ਗਈ ਹੈ। ਧਰਮ ਅਤੇ ਰਾਜਨੀਤੀ ਦੇ ਇਕੱਠਿਆਂ ਹੋਣ ਦੀ ਵਰਤੋਂ ਸਿਰਫ ਤੇ ਸਿਰਫ ਰਾਜਨੀਤੀ ਲਈ ਕੀਤੀ ਜਾਂਦੀ ਹੈ, ਧਰਮ ਨੂੰ ਰਾਜਨੀਤੀ ਲਈ ਹੀ ਵਰਤਿਆ ਜਾਂਦਾ ਹੈ। ਸ਼ਬਦ ਗੁਰੂ ਦੀ ਵਿਰਾਸਤ ਦੇ ਸਿੱਖ ਸੇਵਾਦਾਰ ਹਨ, ਮਾਲਕ ਨਹੀਂ। ਵਿਰਾਸਤ ਨੂੰ ਸਹੀ ਮਾਅਨਿਆਂ ਵਿਚ ਸੰਭਾਲਣਾ ਸਿੱਖਾਂ ਦੀ ਨੁਮਾਇੰਦਾ ਸੰਸਥਾ ਦਾ ਪਹਿਲਾ ਫਰਜ਼ ਬਣਦਾ ਹੈ ਅਤੇ ਇਹ ਫਰਜ਼ ਤਾਂ ਹੀ ਪੂਰਾ ਹੁੰਦਾ ਹੈ ਜੇ ਗੁਰੂਆਂ ਦੇ ਪਾਏ ਪੂਰਨਿਆਂ ‘ਤੇ ਸਹੀ ਢੰਗ ਨਾਲ ਚੱਲਿਆ ਜਾਵੇ। ਗੁਰੂ ਨੇ ਸਿੱਖ ਨੂੰ ਮਾਲਕ ਬਣਨਾ ਨਹੀਂ, ਸੇਵਕ ਬਣਨਾ ਸਿਖਾਇਆ ਹੈ। ਸੇਵਾ ਰਾਹੀਂ ਹੀ ਸੱਚੇ ਨੂੰ ਧਿਆਇਆ ਅਤੇ ਪਾਇਆ ਜਾ ਸਕਦਾ ਹੈ।
ਡੇਰੇ ਕਿਉਂਕਿ ਬਣਿਆ-ਬਣਾਇਆ ਵੋਟ-ਬੈਂਕ ਹਨ, ਇਸ ਲਈ ਵੋਟਾਂ ਬਦਲੇ ਇਨ੍ਹਾਂ ਦੀ ਹਰ ਜਾਇਜ਼-ਨਾਜਾਇਜ਼ ਮਦਦ ਵੀ ਹੁੰਦੀ ਰਹੇਗੀ। ਅਸਲੀਅਤ ਵਿਚ ਤਾਂ ਸਿਆਸੀ ਪਾਰਟੀਆਂ ਅਤੇ ਲੀਡਰਾਂ ਦੀ ਮਰਜ਼ੀ ਤੋਂ ਬਿਨਾ ਕੁਝ ਹੋ ਹੀ ਨਹੀਂ ਸਕਦਾ ਪਰ ਫਿਰ ਵੀ ਚੋਣ-ਕਮਿਸ਼ਨ ਅਤੇ ਨਿਆਂਪਾਲਿਕਾ ਨੂੰ ਅੱਗੇ ਆਉਣਾ ਚਾਹੀਦਾ ਹੈ। ਜੇ ਧਰਮ ਦੇ ਨਾਂ ‘ਤੇ ਵੋਟ ਮੰਗਣਾ ਮਨ੍ਹਾਂ ਹੈ, ਧਾਰਮਿਕ ਡੇਰਿਆਂ ਵਿਚ ਸਿਆਸੀ ਪਾਰਟੀਆਂ ਵੱਲੋਂ ਜਾ ਕੇ ਵੋਟ ਮੰਗਣ ਦੀ ਵੀ ਮਨਾਹੀ ਹੋਣੀ ਚਾਹੀਦੀ ਹੈ। ਇਹ ਸਿਰਫ ਕਾਨੂੰਨ ਹੀ ਨਹੀਂ ਹੋਣਾ ਚਾਹੀਦਾ, ਇਸ ਦੀ ਉਲੰਘਣਾ ਕਰਨ ਵਾਲੀਆਂ ਪਾਰਟੀਆਂ ਅਤੇ ਉਮੀਦਵਾਰਾਂ-ਦੋਵਾਂ ਨੂੰ ਅਯੋਗ ਕਰਾਰ ਦੇ ਕੇ ਇਸ ਕਾਨੂੰਨ ਦੀ ਸਖਤੀ ਨਾਲ ਪਾਲਣਾ ਹੋਣੀ ਚਾਹੀਦੀ ਹੈ। ਕੁਝ ਇਸ ਕਿਸਮ ਦੇ ਕਾਨੂੰਨ ਬਣਨੇ ਚਾਹੀਦੇ ਹਨ ਕਿ ਡੇਰਿਆਂ ਦੀ ਕਾਰਜਵਿਧੀ ਵਿਚ ਪਾਰਦਰਸ਼ਤਾ ਹੋਵੇ ਤਾਂ ਕਿ ਅਧਿਆਤਮਕਤਾ ਦੀ ਆੜ ਵਿਚ ਲੋਕਾਂ ਦੀ ਕਿਸੇ ਤਰ੍ਹਾਂ ਨਾਲ ਵੀ ਲੁੱਟ-ਖਸੁੱਟ ਨਾ ਕਰ ਸਕਣ। ਡੇਰੇਦਾਰ ਵੀ ਆਮ ਮਨੁੱਖਾਂ ਵਾਂਗ ਸਮਾਜ ਦਾ ਅੰਗ ਹਨ, ਕੋਈ ਵੀ ਵਿਅਕਤੀ ਕਾਨੂੰਨ ਤੋਂ ਉਤੇ ਨਹੀਂ ਹੋ ਸਕਦਾ। ਕਾਨੂੰਨ ਸਭ ਲਈ ਇੱਕੋ ਜਿਹੇ ਹਨ। ਇਸ ਲਈ ਹਰ ਡੇਰੇਦਾਰ ‘ਤੇ ਆਮ ਲੋਕਾਂ ਵਾਂਗ ਹੀ ਕਾਨੂੰਨ ਲਾਗੂ ਹੁੰਦੇ ਹਨ ਅਤੇ ਕਾਨੂੰਨ ਦੀ ਉਲੰਘਣਾ ਕਰਨ ‘ਤੇ ਸਜ਼ਾ ਵੀ ਕਾਨੂੰਨ ਮੁਤਾਬਿਕ ਹੀ ਹੋਣੀ ਚਾਹੀਦੀ ਹੈ। ਆਮ ਲੋਕਾਂ ਨੂੰ ਇਨ੍ਹਾਂ ਡੇਰਿਆਂ ਪ੍ਰਤੀ ਚੇਤੰਨ ਹੋਣਾ ਚਾਹੀਦਾ ਹੈ। ਇਹ ਵਿਗਿਆਨਕ ਯੁੱਗ ਹੈ। ਚੇਤੰਨ ਅਤੇ ਪੜ੍ਹੇ-ਲਿਖੇ ਵਰਗ ਨੂੰ ਲੋਕਾਂ ਵਿਚ ਇਸ ਕਿਸਮ ਦੀ ਚੇਤਨਾ ਪੈਦਾ ਕਰਨੀ ਚਾਹੀਦੀ ਹੈ ਕਿ ਇਹ ਡੇਰੇਦਾਰ ਕੋਈ ‘ਰੱਬ’ ਨਹੀਂ ਹਨ, ਆਮ ਮਨੁੱਖਾਂ ਵਰਗੇ ਮਨੁੱਖ ਹਨ, ਬਲਕਿ ਅਧਿਆਤਮਿਕਤਾ ਦੀ ਆੜ ਹੇਠ ਇਹ ਮਨੁੱਖਤਾ ਤੋਂ ਗਿਰ ਕੇ ਆਮ ਮਨੁੱਖ ਵੀ ਨਹੀਂ ਰਹਿੰਦੇ। ਅਜਿਹੇ ਘਿਨਾਉਣੇ ਕਾਰੇ ਕਰ ਸਕਦੇ ਹਨ, ਜਿਨ੍ਹਾਂ ਨੂੰ ਕਰਦਿਆਂ ਆਮ ਮਨੁੱਖ ਸ਼ਰਮਸਾਰ ਹੋ ਜਾਂਦਾ ਹੈ; ਕਿਉਂਕਿ ਇਨ੍ਹਾਂ ਨੂੰ ਇਹ ਭਰਮ ਹੁੰਦਾ ਹੈ ਕਿ ਇਹ ਸਮਾਜ, ਕਾਨੂੰਨ ਅਤੇ ‘ਰੱਬ’ ਤੋਂ ਵੀ ਉਪਰ ਹਨ। ਸਿਆਸੀ ਆਗੂਆਂ ਨੂੰ ਸਮਝ ਹੋਣੀ ਚਾਹੀਦੀ ਹੈ ਕਿ ਉਹ ਕਿੰਨੀ ਕੁ ਦੇਰ ਤੱਕ ਅਜਿਹੇ ਠੁੰਮਣਿਆਂ ਨਾਲ ਚੱਲਦੇ ਰਹਿਣਗੇ? ਆਖਰਕਾਰ ਲੋਕ-ਭਲਾਈ ਦੇ ਕੀਤੇ ਕੰਮ ਹੀ ਕਿਸੇ ਨੇਤਾ ਦੀ ਪਛਾਣ ਬਣਾਉਂਦੇ ਹਨ। ਲੋਕਾਂ ਨੂੰ ਵੀ ਇਸ ਤੱਥ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਹ ਕਿਸੇ ਡੇਰੇਦਾਰ ਜਾਂ ਸਾਧ ਦੀਆਂ ‘ਭੇਡਾਂ’ ਨਹੀਂ ਹਨ, ਜਿਨ੍ਹਾਂ ਨੂੰ ਮਰਜੀ ਨਾਲ ਹੱਕਿਆ ਜਾ ਸਕਦਾ ਹੈ। ਉਹ ਸਿਰਫ ਤਾਂ ਹੀ ਨੇਤਾ ਲੋਕਾਂ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਾ ਸਕਦੇ ਹਨ ਜੇ ਆਪ ਆਪਣੀ ਤਾਕਤ ਦਾ ਅਹਿਸਾਸ ਕਰਨਗੇ। ਆਪਣਾ ਕਾਰਜ ਆਪਣੇ ਹੱਥੀਂ ਹੀ ਸੁਆਰਨਾ ਚਾਹੀਦਾ ਹੈ:
ਜਿਸ ਕੇ ਜੀਅ ਪਰਾਣ ਹਹਿ ਕਿਉ ਸਾਹਿਬੁ ਮਨਹੁ ਵਿਸਾਰੀਐ॥
ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥੨੦॥
ਇਹ ਚੇਤਨਾ ਸ਼ਬਦ ਦੇ ਵਿਚਾਰ ਰਾਹੀਂ ਹੀ ਆਉਣੀ ਹੈ। ਸ਼ਬਦ-ਗੁਰੂ ਦੇ ਲੜ ਲੱਗਿਆਂ ਆਉਣੀ ਹੈ ਅਤੇ ਇਸ ਦੇ ਲੜ ਲੱਗਣ ਲਈ ਕਿਸੇ ਵਿਚੋਲੇ ਦੀ ਜ਼ਰੂਰਤ ਨਹੀਂ ਹੈ।