ਭਾਰਤ ਵਿਚ ਸੜਕ ਹਾਦਸਿਆਂ ਨਾਲ ਰੋਜ਼ਾਨਾ ਹੁੰਦੀਆਂ ਹਨ 417 ਮੌਤਾਂ

ਨਵੀਂ ਦਿੱਲੀ: ਭਾਰਤ ਵਿਚ ਪਿਛਲੇ ਸਾਲ ਹਰ ਘੰਟੇ ਵਿਚ 55 ਸੜਕ ਹਾਦਸੇ ਹੋਏ। ਇਨ੍ਹਾਂ ਵਿਚ 17 ਲੋਕਾਂ ਦੀ ਮੌਤ ਹੋਈ। ਮਤਲਬ ਰੋਜ਼ਾਨਾ 1317 ਹਾਦਸੇ ਤੇ 417 ਮੌਤਾਂ। ਸੜਕ ਆਵਾਜਾਈ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਰਿਪੋਰਟ ‘ਚ ਇਹ ਖੁਲਾਸੇ ਹੋਏ ਹਨ।

ਰਿਪੋਰਟ ਵਿਚ 2015 ਮੁਕਾਬਲੇ ਸੜਕ ਹਾਦਸੇ ਘਟੇ ਹਨ ਪਰ ਮਰਨ ਵਾਲਿਆਂ ਦੀ ਗਿਣਤੀ ਵਧੀ ਹੈ। 2016 ਵਿਚ ਦੇਸ਼ ਭਰ ਵਿਚ 4,80,652 ਸੜਕ ਹਾਦਸੇ ਹੋਏ। ਇਨ੍ਹਾਂ ਵਿਚ 1,50,785 ਲੋਕਾਂ ਨੇ ਆਪਣੀ ਜਾਨ ਗੁਆਈ। ਹਰ ਸਾਢੇ ਤਿੰਨ ਮਿੰਟ ਵਿਚ ਕਿਸੇ ਇਨਸਾਨ ਨੂੰ ਆਪਣੀ ਜਾਣ ਤੋਂ ਹੱਥ ਧੋਣਾ ਪਿਆ।
ਹਾਦਸਿਆਂ ਵਿਚ 4,94,624 ਲੋਕ ਜ਼ਖਮੀ ਵੀ ਹੋਏ। ਚੰਗੀ ਗੱਲ ਇਹ ਹੈ ਕਿ 2015 ਦੇ ਮੁਕਾਬਲੇ 2016 ਵਿਚ ਸੜਕ ਹਾਦਸਿਆਂ ‘ਚ 4æ1 ਫੀਸਦੀ ਦੀ ਕਮੀ ਹੋਈ ਹੈ ਪਰ ਬੁਰੀ ਗੱਲ ਇਹ ਹੈ ਕਿ ਹਾਦਸੇ ਤਾਂ ਘਟੇ ਪਰ ਮਰਨ ਵਾਲਿਆਂ ਦੀ ਗਿਣਤੀ ਵਧੀ ਹੈ। 2015 ਵਿਚ ਜਿਥੇ ਹਰ 100 ਹਾਦਸਿਆਂ ਵਿਚ 29 ਲੋਕ ਮਰੇ ਉਥੇ 2016 ਵਿਚ 100 ਹਾਦਸਿਆਂ ਪਿੱਛੇ 31 ਲੋਕਾਂ ਦੀ ਜਾਣ ਗਈ। ਨੈਸ਼ਨਲ ਹਾਈਵੇ ‘ਤੇ ਇਕ ਸਾਲ ਵਿਚ 1,42,359 ਹਾਦਸੇ ਹੋਏ। ਇਨ੍ਹਾਂ 52,075 ਲੋਕਾਂ ਦੀ ਮੌਤ ਹੋਈ। ਰਿਪੋਰਟ ਮੁਤਾਬਕ ਸੜਕਾਂ ਉਤੇ ਬਣੇ ਮੋੜਾਂ ‘ਤੇ ਵੱਧ ਹਾਦਸੇ ਹੋਏ।
ਟੀ-ਪੁਆਇੰਟ ਤੇ ਵਾਈ ਪੁਆਇੰਟ ‘ਤੇ ਸਭ ਤੋਂ ਵੱਧ ਹਾਦਸੇ ਹੋਏ। ਇਨ੍ਹਾਂ ਮੋੜਾਂ ਉਤੇ 37 ਫੀਸਦੀ ਹਾਦਸੇ ਹੋਏ। ਇਸ ਤੋਂ ਇਲਾਵਾ ਰੇਲਵੇ ਕ੍ਰਾਸਿੰਗ ‘ਤੇ ਪਿਛਲੇ ਸਾਲ 3316 ਹਾਦਸਿਆਂ ਵਿਚ 1326 ਲੋਕਾਂ ਦੀ ਜਾਣ ਗਈ।
ਉਂਜ ਸਭ ਤੋਂ ਵੱਧ ਅਬਾਦੀ ਵਾਲਾ ਸੂਬਾ ਉਤਰ ਪ੍ਰਦੇਸ਼ ਹਾਦਸਿਆਂ ਵਿਚ ਵੀ ਨੰਬਰ ਇਕ ‘ਤੇ ਹੈ। ਹਾਦਸਿਆਂ ਦੇ ਮਾਮਲੇ ‘ਚ ਤਾਂ ਛੇਵੇਂ ਨੰਬਰ ਉਤੇ ਪਰ ਮੌਤਾਂ ਵਿਚ ਪਹਿਲੇ ਉਤੇ। ਯੂæਪੀæ ਵਿਚ 35,612 ਹਾਦਸੇ ਹੋਏ ਤੇ 19,320 ਮੌਤਾਂ। ਦੂਜੇ ‘ਤੇ ਤਮਿਲਨਾਡੂ ਤੇ ਮਹਾਰਾਸ਼ਟਰ ਤੀਜੇ ਨੰਬਰ ਉਤੇ ਹੈ। ਮੈਟਰੋ ਸ਼ਹਿਰਾਂ ‘ਚ ਦਿੱਲੀ ਦੇ ਹਾਲਾਤ ਸਭ ਤੋਂ ਖਰਾਬ ਹਨ। 2016 ‘ਚ ਇਥੇ 1591 ਲੋਕਾਂ ਦੀ ਮੌਤ ਹੋਈ ਜਦਕਿ ਚੇਨਈ ਵਿਚ 1183 ਮੌਤਾਂ, ਮੁੰਬਈ ‘ਚ 562 ਤੇ ਕੋਲਕਾਤਾ ਵਿਚ 407 ਦਾ ਅੰਕੜਾ ਹੈ।
_____________________________
ਸੜਕ ਸੁਰੱਖਿਆ ਦੀ ਅਣਦੇਖੀ
ਸੁਪਰੀਮ ਕੋਰਟ ਨੇ ਹਾਈਵੇਅ ਉਤੇ ਚੱਲਣ ਵਾਲੇ ਕਮਰਸ਼ਲ ਵਾਹਨਾਂ ਲਈ ਵੱਧ ਤੋਂ ਵੱਧ ਗਤੀ ਸੀਮਾ 80 ਕਿਲੋਮੀਟਰ ਪ੍ਰਤੀ ਘੰਟਾ ਨਿਰਧਾਰਤ ਕੀਤੀ ਹੋਈ ਹੈ। ਇਹ ਰਫਤਾਰ ਯਕੀਨੀ ਬਣਾਉਣ ਲਈ ਹੀ ਸਪੀਡ ਗਵਰਨਰ ਫਿੱਟ ਕੀਤੇ ਜਾਂਦੇ ਹਨ ਤਾਂ ਜੋ ਗੱਡੀ 80 ਕਿਲੋਮੀਟਰ ਦੀ ਰਫਤਾਰ ਤੋਂ ਅੱਗੇ ਨਾ ਜਾ ਸਕੇ, ਪਰ ਪੰਜਾਬ ਤੇ ਹਰਿਆਣਾ ਸਰਕਾਰਾਂ ਨੇ ਸੜਕ ਸੁਰੱਖਿਆ ਸਬੰਧੀ ਸੁਪਰੀਮ ਕੋਰਟ ਦੀ ਕਮੇਟੀ ਦੀਆਂ ਸੇਧਾਂ ਵੱਲ ਧਿਆਨ ਨਾ ਦੇਣ ਦਾ ਰਾਹ ਚੁਣਿਆ ਹੋਇਆ ਹੈ। ਕਮੇਟੀ ਨੇ ਇਕੱਲੇ ਪੰਜਾਬ ਵਿਚ ਹਾਦਸਿਆਂ ਦੇ ਗੰਭੀਰ ਖਤਰੇ ਵਾਲੀਆਂ 350 ‘ਕਾਲੀਆਂ’ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਸੀ, ਪਰ ਇਨ੍ਹਾਂ ਥਾਵਾਂ ਉਤੇ ਵੀ ਸੜਕਾਂ ਵਿਚ ਢੁਕਵੀਂਆਂ ਸੋਧਾਂ ਨਹੀਂ ਕੀਤੀਆਂ ਗਈਆਂ।
_______________________________
ਤਮਿਲਨਾਡੂ ਤੇ ਯੂæਪੀæ ਸਭ ਤੋਂ ਅੱਗੇ
ਪੂਰੇ ਸਾਲ ‘ਚ ਹੋਏ ਹਾਦਸਿਆਂ ਵਿਚ 86æ5 ਫੀਸਦੀ ਹਾਦਸੇ ਤਾਂ 13 ਸੂਬਿਆਂ ਵਿਚ ਹੀ ਹੋਏ ਹਨ। 13 ਸੂਬਿਆਂ ਵਿਚ ਸਭ ਤੋਂ ਵੱਧ ਹਾਦਸੇ 4,15,734 ਤਮਿਲਨਾਡੂ ਵਿਚ ਹੋਏ। ਕੁੱਲ ਮੌਤਾਂ ਦਾ 83 ਫੀਸਦੀ ਇਥੇ ਹੀ ਮਰੇ। ਮੱਧ ਪ੍ਰਦੇਸ਼ 53,972 ਹਾਦਸਿਆਂ ਨਾਲ ਦੂਜੇ ਤੇ ਕਰਨਾਟਕ 44,403 ਹਾਦਸਿਆਂ ਨਾਲ ਤੀਜੇ ਨੰਬਰ ‘ਤੇ ਹੈ।