ਮੇਰੇ ਗਾਇਕੀ ਖੇਤਰ ਦੇ ਸਫਰ ਦੀਆਂ ਕੁਝ ਅੱਖੜ ਘਟਨਾਵਾਂ

ਐਸ ਅਸ਼ੋਕ ਭੌਰਾ
ਜ਼ਿੰਦਗੀ ਵਿਚ ਕੁਝ ਘਟਨਾਵਾਂ ਅਜਿਹੀਆਂ ਵਾਪਰ ਜਾਂਦੀਆਂ ਹਨ, ਜਿਨ੍ਹਾਂ ‘ਤੇ ਦੂਜੇ ਘੱਟ ਤੇ ਬੰਦਾ ਆਪ ਵੱਧ ਹੱਸਦਾ ਹੈ। ਜਦੋਂ 1984 ਵਿਚ ਭਾਜੀ ਬਰਜਿੰਦਰ ਸਿੰਘ ਹਮਦਰਦ ਨੇ ਅਖਬਾਰ ‘ਪੰਜਾਬੀ ਟ੍ਰਿਬਿਊਨ’ ਛੱਡ ਕੇ ‘ਅਜੀਤ’ ਦੀ ਵਾਗਡੋਰ ਸੰਭਾਲੀ ਤਾਂ ਟ੍ਰਿਬਿਊਨ ਟਰੱਸਟ ਨੇ ਸੰਪਾਦਕ ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ ਸਨ। 22 ਸਾਲ ਦੀ ਉਮਰ ਵਿਚ ਮੈਂ ਇਸ ਅਹੁਦੇ ਲਈ ਬਿਨੈ ਪੱਤਰ ਭੇਜ ਦਿੱਤਾ ਸੀ। 1980-81 ਦੇ ਅਰਸੇ ‘ਚ ਜੋ ‘ਕੁੱਤਾ ਮਾਰਕਾ’ ਕੰਪਨੀ ਨੇ ਨਾਮੀ ਗਾਇਕਾਂ ਦੇ ਸੰਗੀਤਕ ਸੰਗਮ ਨਾਲ ਐਚæ ਐਮæ ਵੀæ ਨਾਈਟ ਐਲ਼ਪੀæ ਰਿਕਾਰਡ ਰਿਲੀਜ਼ ਕੀਤਾ ਤਾਂ ਮੈਂ ਦੂਸਰੀ ਨਾਈਟ ਲਈ ਕੰਪਨੀ ਦੇ ਮੈਨੇਜਰ ਜਹੀਰ ਅਹਿਮਦ ਕੋਲ ਇਸ ਦੇ ਸੰਚਾਲਨ ਲਈ ਪਹੁੰਚ ਗਿਆ।

ਉਨ੍ਹਾਂ ਦਿਨਾਂ ‘ਚ ਮੈਂ ਫਗਵਾੜੇ ਦੇ ਇੰਜੀਨੀਅਰਿੰਗ ਕਾਲਜ ਵਿਚ ਪੜ੍ਹਦਾ ਸਾਂ। ਸਮਰੱਥਾ ਭਾਵੇਂ ਨਾ ਵੀ ਹੋਵੇ ਪਰ ਯਤਨ ਠੀਕ ਸੀ। ਜਹੀਰ ਅਹਿਮਦ ਦੇ ਦਫਤਰ ਮੇਰੇ ਤੋਂ ਪਹਿਲਾਂ ਕੇæ ਦੀਪ ਤੇ ਜਗਮੋਹਨ ਕੌਰ ਬੈਠੇ ਸਨ। ਮੇਰੀ ਪੇਸ਼ਕਸ਼ ਸੁਣ ਕੇ ਜਹੀਰ ਹੱਸ ਪਿਆ ਅਤੇ ਜਗਮੋਹਣ ਤੇ ਕੇæ ਦੀਪ ਨੇ ਤਾੜੀ ਵਜਾ ਦਿੱਤੀ। ਮੈਂ ਸ਼ਰਮਿੰਦਾ ਜਿਹਾ ਹੋ ਗਿਆ। ਇਵੇਂ ਜਿਵੇਂ ਅੱਖਾਂ ਦਾ ਮਰੀਜ ਦੰਦਾਂ ਦੇ ਡਾਕਟਰ ਕੋਲ ਆ ਗਿਆ ਹੋਵੇ। ਕੇæ ਦੀਪ ਨੇ ਆਪਣੇ ਟਿੱਚਰੀ ਸੁਭਾਅ ਮੁਤਾਬਕ ਮੇਰੇ ‘ਤੇ ਵਿਅੰਗ ਕੱਸਿਆ, “ਕਾਕਾ ਹਾਲੇ ਤਾਂ ਤੂੰ ਰਿੜ੍ਹਨਾ ਵੀ ਨਹੀਂ ਸਿੱਖਿਆ, ਜਦੋਂ ਤੁਰਨਾ ਆਇਆ ਉਦੋਂ ਆ ਜਾਵੀਂ, ਇਹ ਐਚæ ਐਮæ ਵੀæ ਕੰਪਨੀ ਹੈ।”
ਇੰਦਰ ਲੋਕ, ਐਮæ ਵੀæ ਆਈæ, ਪੌਲੀਡੋਰ, ਇਨਰੀਕੋ, ਐਮæ ਪੀæ ਆਈæ, ਫਾਈਨਟੋਨ, ਪੈਰੀਟੋਨ, ਟੀæਐਮæਸੀæ, ਮਿਊਜ਼ਿਕ ਮੈਮਰੀਜ਼, ਵੈਸਟਰਨ ਅਤੇ ਹੋਰ ਕਈ ਕੰਪਨੀਆਂ ਮੇਰੇ ਇਸ ਖੇਤਰ ਵਿਚ ਵਿਚਰਦਿਆਂ ਖੁੱਲ੍ਹੀਆਂ, ਜਿਨ੍ਹਾਂ ਨਾਲ ਮੇਰਾ ਸਿੱਧਾ ਜਾਂ ਅਸਿੱਧਾ ਸਬੰਧ ਰਿਹਾ ਹੈ। ਐਚæ ਐਮæ ਵੀæ ਨੇ ਮੇਰੇ ਕੁਝ ਗੀਤ ਰਿਕਾਰਡ ਕੀਤੇ ਪਰ ਮੇਰੇ ਇਸ ਸੁਪਨੇ ਨੂੰ ਬੂਰ ਨਾ ਪੈਣ ਦਿੱਤਾ। ਕੇæ ਦੀਪ ਦੀ ਕਹੀ ਗੱਲ ਮੈਨੂੰ ਯਾਦ ਹੈ ਕਿ ਕਾਕਾ ਤੇਰੇ ਮੂੰਹ ‘ਚ ਅਜੇ ਦੁੱਧ ਦੇ ਦੰਦ ਨੇ ਤੇ ਸਾਡਾ ਵਿਆਹ ਤੇਰੇ ਜੰਮਣ ਦੇ ਦਿਨਾਂ ‘ਚ ਹੋਇਆ ਲੱਗਦਾ ਹੈ। ਹਾਲਾਂਕਿ ਇਸ ਤੋਂ ਬਾਅਦ ਜਹੀਰ ਅਹਿਮਦ ਮੇਰਾ ਗੂੜ੍ਹਾ ਮਿੱਤਰ ਰਿਹੈ, ਕੇæ ਦੀਪ ਨਾਲ ਘੱਟ, ਜਗਮੋਹਨ ਕੌਰ ਨਾਲ ਵੱਧ ਨੇੜਤਾ ਰਹੀ ਹੈ। ਸੰਤ ਰਾਜ ਵਿੱਜ, ਪੰਨਾ ਲਾਲ, ਸੋਹਣ ਲਾਲ, ਕੇਸਰ ਸਿੰਘ ਨਰੂਲਾ, ਵੇਦ ਸੇਠੀ ਆਦਿ ਸੰਗੀਤ ਨਿਰਦੇਸ਼ਕਾਂ ਨਾਲ ਜੇ ਮੈਂ ਕੌੜਾ ਘੁੱਟ ਨਹੀਂ ਸਾਂਝਾ ਕੀਤਾ ਤਾਂ ਚਾਹ ਦੇ ਕੱਪ ਦੀ ਬਹੁਤ ਵਾਰ ਸਾਂਝ ਬਣਾਈ ਰੱਖੀ। ਐਚæ ਐਮæ ਵੀæ ਰਾਮ ਪ੍ਰਕਾਸ਼ ਗੋਇਨਕਾ ਤੋਂ ਹੁੰਦੀ ਹੁਣ ਭਾਵੇਂ ਆਪਣੀ ਕਲਕੱਤਾ ਦੀ ਡਮਡਮ ਪ੍ਰੋਡਕਸ਼ਨ ਸਮੇਤ ਕਈ ਹੋਰ ਹੱਥਾਂ ‘ਚ ਚਲੀ ਗਈ ਹੋਵੇ ਪਰ ਗਾਇਕਾਂ ਦਾ ਮੱਕਾ ਰਿਹਾ ਦਰੀਆਗੰਜ ਦਾ ਭਰਤ ਰਾਮ ਰੋਡ ਵਿਚਲਾ ਐਚæ ਐਮæ ਵੀæ ਦਾ ਅੱਧਾ ਟਰੈਕ ਸਟੂਡੀਓ ਮੇਰੇ ਲਈ ਚੁਬਾਰੇ ਵਾਂਗ ਪੌੜ੍ਹੀਆਂ ਚੜ੍ਹਨ ਵਾਂਗ ਰਿਹਾ ਹੈ, ਭਾਵੇਂ ਉਤਰਨ ਵੇਲੇ ਖੁਸ਼ੀ ਘੱਟ ਤੇ ਮਾਯੂਸੀ ਵੱਧ ਹੋਈ ਹੋਵੇਗੀ।
‘ਹਿਜ਼ ਮਾਸਟਰ’ਜ਼ ਵਾਇਸ’ (ਐਚæ ਐਮæ ਵੀæ) ਨੂੰ ਪੰਜਾਬੀ ਲੋਕ ਕਿਸੇ ਲੋਕ ਗਾਇਕ ਦੇ ਟਰੇਡ ਮਾਰਕ ਵਾਂਗ ‘ਕੁੱਤਾ ਮਾਰਕਾ’ ਕੰਪਨੀ ਦੇ ਨਾਂ ਨਾਲ ਜਾਣਦੇ ਹਨ। ਹੋ ਸਕਦਾ ਹੈ, ਇਸ ਟਰੇਡ ਮਾਰਕ ਦੀ ਪਰਦੇ ਪਿਛਲੀ ਕਹਾਣੀ ਬਹੁਤਿਆਂ ਨੂੰ ਪਤਾ ਹੋਵੇ ਪਰ ਮੈਂ ਫਿਰ ਵੀ ਦੱਸਣਾ ਆਪਣਾ ਫਰਜ਼ ਸਮਝਦਾ ਹਾਂ। ਬਰਤਾਨੀਆਂ ‘ਚ ਇਕ ਫਰਾਂਸਿਸ ਬਰੌਡ ਅਤੇ ਮਾਰਕ ਨਾਂ ਦੇ ਦੋ ਭਰਾ ਸਨ। ਮਾਰਕ ਚੰਗੀ ਨਸਲ ਦੇ ਕੁੱਤੇ ਪਾਲਣ ਦਾ ਬੜਾ ਸ਼ੌਕੀਨ ਸੀ। 1984 ਵਿਚ ਉਸ ਨੇ ਨਿੱਪਰ ਨਾਂ ਦੇ ਇਕ ਕੁੱਤੇ ਨੂੰ ਪੁੱਤਾਂ ਵਾਂਗ ਪਾਲਿਆ। ਕਈ ਵਾਰ ਉਹ ਉਸ ਨੂੰ ਨਾਲ ਹੀ ਪਾ ਕੇ ਸੌਂ ਜਾਂਦਾ ਸੀ। ਐਚæ ਐਮæ ਵੀæ ਦੀ ਜਿਸ ਤਵੇ ਵਾਲੀ ਛੋਟੀ ਮਸ਼ੀਨ ਨੂੰ ਤੁਸੀਂ ਅਕਸਰ ਇਕ ਭੌਂਪੂ (ਹੌਰਨ) ਅੱਗੇ ਮੂੰਹ ਕਰਕੇ ਬੈਠਿਆ ਵੇਖਿਆ ਹੋਵੇਗਾ, ਇਹ ਉਹੀ ਨਿੱਪਰ ਨਾਂ ਦਾ ਕੁੱਤਾ ਹੈ ਜਿਸ ਨੇ ਦੁਨੀਆਂ ਦੇ ਸਭ ਤੋਂ ਵੱਡੇ ਸੰਗੀਤਕ ਟਰੇਡ ਮਾਰਕ ਨੂੰ ਇਕ ਨਿਵੇਕਲੀ ਦਿੱਖ ਦਿੱਤੀ। ਇਤਫਾਕ ਇਹ ਸੀ ਕਿ ਫਰਾਂਸਿਸ ਕਮਾਲ ਦਾ ਚਿੱਤਰਕਾਰ ਸੀ, ਇਕ ਦਿਨ ਉਸ ਨੇ ਦੇਖਿਆ ਕਿ ਨਿੱਪਰ ਭੌਂਪੂ (ਹੌਰਨ) ਦੇ ਮੂੰਹ ਅੱਗੇ ਬੈਠਾ ਰੀਝ ਨਾਲ ਗਾਣਾ ਸੁਣ ਹੀ ਨਹੀਂ ਰਿਹਾ ਸੀ ਸਗੋਂ ਝੂਮ ਵੀ ਰਿਹਾ ਸੀ। ਫਰਾਂਸਿਸ ਦੇ ਦਿਮਾਗ ਦੀ ਕੈਨਵਸ ਵਿਚ ਇਹ ਚਿੱਤਰ ਪੂਰੀ ਤਰ੍ਹਾਂ ਉਤਰ ਗਿਆ। 1899 ਵਿਚ ਉਸ ਨੇ ਇਸ ਚਿੱਤਰ ਨੂੰ ਕੈਨਵਸ ‘ਤੇ ਉਲੀਕਿਆ ਤੇ ਐਡੀਸਨ ਕੰਪਨੀ ਕੋਲ ਲੈ ਗਿਆ। ਭੌਂਪੂ ਮੂਹਰੇ ਬੈਠੇ ਕੁੱਤੇ ਦੀ ਤਸਵੀਰ ਵੇਖ ਕੇ ਐਡੀਸਨ ਕੰਪਨੀ ਦਾ ਮਾਲਕ ਹੱਸ ਪਿਆ ਅਤੇ ਕਹਿਣ ਲੱਗਾ, “ਫਰਾਂਸਿਸ ਤੇਰੀ ਕਲਪਨਾ ਤਾਂ ਕਮਾਲ ਦੀ ਹੈ ਪਰ ਖਿਆਲ ਮੂਰਖਾਂ ਵਾਲਾ ਲੱਗਦਾ ਹੈ। ਭਲਾ ਕਦੇ ਕੁੱਤੇ ਵੀ ਸੰਗੀਤ ਸੁਣਦੇ ਨੇ?”
ਫਰਾਂਸਿਸ ਨੂੰ ਇਸ ਜਵਾਬ ਨੇ ਬਹੁਤ ਝਟਕਾ ਦਿੱਤਾ ਪਰ ਉਸ ਨੇ ਹਿੰਮਤ ਨਾ ਹਾਰੀ। ਉਹ ਇਸੇ ਚਿੱਤਰ ਨੂੰ ਲੈ ਕੇ ਬਰਤਾਨੀਆਂ ਦੀ ਇਕ ਗ੍ਰਾਮੋਫੋਨ ਕੰਪਨੀ ਕੋਲ ਚਲਾ ਗਿਆ। ਕੰਪਨੀ ਨੂੰ ਤਸਵੀਰ ਪਸੰਦ ਆ ਗਈ ਪਰ ਉਨ੍ਹਾਂ ਕਿਹਾ ਕਿ ਜਿਹੜੀ ਤਸਵੀਰ ਕੁੱਤੇ ਨਾਲ ਮਸ਼ੀਨ ਦੀ ਦਿਖਾਈ ਦੇ ਰਹੀ ਹੈ, ਉਹ ਐਡੀਸਨ ਕੰਪਨੀ ਦੀ ਹੈ। ਜੇ ਤੂੰ ਐਡੀਸਨ ਦੀ ਥਾਂ ਸਾਡੀ ਕੰਪਨੀ ਦੀ ਤਸਵੀਰ ਬਣਾ ਦੇਵੇਂ ਤਾਂ ਅਸੀਂ ਇਸ ਨੂੰ ਅਪਨਾ ਸਕਦੇ ਹਾਂ। ਆਖਰ 15 ਸਤੰਬਰ 1899 ਨੂੰ ਫਰਾਂਸਿਸ ਨੇ ਆਪਣੀ ਕਲਾਕ੍ਰਿਤ ਦੇ ਹੱਕ ਇਸ ਗ੍ਰਾਮੋਫੋਨ ਕੰਪਨੀ ਨੂੰ ਪੰਜਾਹ ਪੌਂਡ ਵਿਚ ਵੇਚ ਦਿੱਤੇ ਤੇ ਇਹ ਦੁਨੀਆਂ ਦਾ ਸਭ ਤੋਂ ਵੱਡਾ ਸੰਗੀਤਕ ਟਰੇਡ ਮਾਰਕ ਬਣ ਗਿਆ। ਦੂਜੇ ਅਰਥਾਂ ਵਿਚ ਐਚæ ਐਮæ ਵੀæ ਯਾਨਿ ‘ਹਿਜ਼ ਮਾਸਟਰ’ਜ਼ ਵਾਇਸ’ ਕੰਪਨੀ ਦੀ ਪਛਾਣ ਹੀ, ਜੋ ਅੱਜ ਤੱਕ ਯੁੱਗ ਚਾਹੇ ਤਵਿਆਂ ਦਾ ਸੀ ਚਾਹੇ ਕੈਸਟਾਂ ਦਾ, ਇਹ ਕੁੱਤਾ ਮਾਰਕਾ ਕਲਾਕ੍ਰਿਤ ਨੂੰ ਵੇਖ ਕੇ ਸੰਗੀਤ ਪ੍ਰੇਮੀ ਝੱਟ ਪਹਿਚਾਣ ਲੈਂਦੇ ਨੇ ਕਿ ਇਹ ਸੰਗੀਤਕ ਪੇਸ਼ਕਸ਼ ‘ਐਚæ ਐਮæ ਵੀæ’ ਦੀ ਹੈ।
ਉਨ੍ਹਾਂ ਦਿਨਾਂ ਵਿਚ ਕੰਪਨੀ ਦੀ ਇਕ ਨੀਤੀ ਸੀ, ਜੋ ਪਿਛੋਂ ਜਲੰਧਰ ਦੇ ਗਾਇਕ ਭਰਾਵਾਂ ਦੀ ਇਕ ਰਿਕਾਰਡਿੰਗ ਕੰਪਨੀ ਨੇ ਵੀ ਅਪਨਾਈ। ਅਸਲ ਵਿਚ ਨਾਮੀ ਤੇ ਵਿਕਣ ਵਾਲੇ ਕਲਾਕਾਰਾਂ ਨੂੰ ਐਚæ ਐਮæ ਵੀæ ਦੇ ਇਸ ਮਾਰਕੇ ਨਾਲ ਰਿਲੀਜ਼ ਕੀਤਾ ਜਾਂਦਾ ਸੀ ਤੇ ਜਿਨ੍ਹਾਂ ਨਵਿਆਂ ਨੂੰ ਮੌਕਾ ਦਿੱਤਾ ਜਾਂਦਾ ਸੀ ਜਾਂ ਕਿਤੇ ਕਿਤੇ ਸਿਫਾਰਸ਼ੀ ਸੁਰਾਂ ਨੂੰ ਪ੍ਰੋਮੋਟ ਕਰਨਾ ਹੁੰਦਾ ਸੀ ਤਾਂ ਉਹ ‘ਕੋਲੰਬੀਆ’ ਕੰਪਨੀ ਦੇ ਨਾਂ ਹੇਠ ਤਵਿਆਂ ਦੇ ਰੂਪ ਵਿਚ ਮਾਰਕੀਟ ਵਿਚ ਦਿੱਤੇ ਜਾਂਦੇ ਸਨ। ਮਿਸਾਲ ਵਜੋਂ ਕੁਲਦੀਪ ਮਾਣਕ ਦਾ ‘ਜੀਜਾ ਅੱਖੀਆਂ ਨਾ ਮਾਰ ਵੇ ਮੈਂ ਕੱਲ੍ਹ ਦੀ ਕੁੜੀ’ ਤੇ ਪਹਿਲਿਆਂ ‘ਚ ਆਸਾ ਸਿੰਘ ਮਸਤਾਨਾ ਦਾ ‘ਐਧਰ ਕਣਕਾਂ ਓਧਰ ਕਣਕਾਂ, ਵਿਚ ਕਣਕਾਂ ਦੇ ਬੂਰ ਪਿਆ, ਮੁਟਿਆਰੇ ਜਾਣਾ ਦੂਰ ਪਿਆ’ ਐਚæ ਐਮæ ਵੀæ ਦੀ ਕੋਲੰਬੀਆ ਜ਼ਰੀਏ ਪੇਸ਼ਕਸ਼ ਸੀ। ਨਵੀਆਂ ਨਸਲਾਂ ਲਈ ਤੇ ਸੰਗੀਤ ਦੇ ਖੇਤਰ ‘ਚ ਨਵੇਂ ਪ੍ਰਵੇਸ਼ ਲੋਕਾਂ ਲਈ ਅੱਜ ਵਿਗਿਆਨਕ ਯੁੱਗ ਦੇ ਘੜਮੱਸ ਵਾਲੇ ਹਾਲਾਤ ਵਿਚ ਇਸ ਇਤਿਹਾਸ ਨੂੰ ਯਾਦ ਰੱਖਣਾ ਸ਼ਾਇਦ ਆਉਣ ਵਾਲੇ ਸਮੇਂ ‘ਚ ਔਖਾ ਹੋ ਜਾਵੇਗਾ।
ਬਹੁਤ ਸਾਰੇ ਗਾਇਕਾਂ ਨੂੰ ਮੈਂ ਆਪਣੀਆਂ ਲਿਖਤਾਂ ਜ਼ਰੀਏ, ਪ੍ਰਿੰਟ ਮੀਡੀਏ ਜ਼ਰੀਏ ਤੇ ਫਿਰ ਦੂਰਦਰਸ਼ਨ ਰਾਹੀਂ ਬਰੇਕ ਦੇਣ ਲਈ ਸਫਲ ਯਤਨ ਕੀਤੇ ਹਨ। ਇਸ ਖੇਤਰ ‘ਚ ਵਿਚਰਦਿਆਂ ਕੁਪੱਤ ਕਰਵਾਉਣ ਦੀ ਮੈਂ ਪਹਿਲੀ ਸਥਿਤੀ ਉਦੋਂ ਪੈਦਾ ਕਰ ਲਈ ਸੀ, ‘ਜਦੋਂ ਦਾ ਜੱਟ ਫੇਰ ਗਿਆ ਹੱਥ’ ਗੀਤਾਂ ਨਾਲ ਨਿਆਣੀ ਉਮਰੇ ਦੋ-ਅਰਥੀ ਖਿਆਲਾਂ ਨੂੰ ਸ਼ਬਦਾਂ ‘ਚ ਪਰੋਅ ਕੇ ਪ੍ਰਸਿੱਧੀ ਖੱਟਣ ਦਾ ਘਟੀਆ ਯਤਨ ਕੀਤਾ ਸੀ। ਹਾਲਾਂਕਿ ਇਹ ਗੀਤ ਬਹੁਤਿਆਂ ਦੇ ਧਿਆਨ ਵਿਚ ਨਾ ਹੋਵੇ ਪਰ ਮੈਂ ਆਪਣੇ ਆਪ ਇਸ ਪ੍ਰਤੀ ਸ਼ਰਮਿੰਦਗੀ ਤਾਂ ਮਹਿਸੂਸ ਕਰਦਾ ਹਾਂ, ਪਰ ਕੱਚੀ ਉਮਰ ‘ਚ ਗਲਤੀਆਂ ਸਭ ਤੋਂ ਹੋ ਜਾਂਦੀਆਂ ਨੇ, ਜਦੋਂ ਦਿਮਾਗੀ ਵਿਕਾਸ ਜਵਾਨੀ ਦੇ ਨਸ਼ੇ ਕਰਕੇ ਰੁਕ ਗਿਆ ਹੁੰਦਾ ਹੈ।
ਦੂਜੀ ਘਟਨਾ ਬੜੀ ਅਜੀਬ ਹੈ। ਇਕ ਗਾਇਕ ਦੋਸਤ ਦੇ ਪ੍ਰੇਮ ਵਿਆਹ ‘ਚ ਅਸੀਂ ਪਿਆ ਰੋੜਾ ਚੁੱਕਣ ਲਈ ਲਗਭਗ ਜੁੱਤੀਆਂ ਖਾਣ ਵਾਲੀ ਸਥਿਤੀ ਪੈਦਾ ਕਰ ਲਈ ਸੀ। ਘਟਨਾ ਇਓਂ ਸੀ, ਕਪੂਰਥਲੇ ਜਿਲ੍ਹੇ ਦੇ ਇਕ ਸਨਅਤੀ ਸ਼ਹਿਰ ਦਾ ਇਕ ਗਵੱਈਆ ਸ਼ਹਿਰ ਦੀ ਹੀ ਇਕ ਕੁੜੀ ਨਾਲ ਪ੍ਰੇਮ ਕਰ ਬੈਠਾ। ਗਾਉਂਦਾ ਵੀ ਬਹੁਤ ਅੱਛਾ ਸੀ, ਮੇਰੇ ਵੀ ਕੁਝ ਗੀਤ ਉਸ ਨੇ ਗਾਏ। ਇਕ ਦਿਨ ਇਸੇ ਸ਼ਹਿਰ ਦੀ ਇਕ ਰਿਕਾਰਡਿੰਗ ਕੰਪਨੀ ਦੇ ਦਫਤਰ ‘ਚ ਬੈਠੇ ਸਾਂ ਕਿ ਉਹ ਗਾਇਕ ਵੀ ਆ ਗਿਆ। ਕੰਪਨੀ ਦਾ ਮਾਲਕ ਮੈਨੂੰ ਕਹਿਣ ਲੱਗਾ, ਇਹ ਗਾਉਂਦਾ ਤਾਂ ਵਧੀਆ ਹੈ ਹੀ ਪਰ ਅੱਜ ਕੱਲ ਇਕ ਸਮੱਸਿਆ ‘ਚ ਉਲਝਿਆ ਹੋਇਆ ਹੈ, ਜਿੱਥੇ ਇਹਨੇ ਪ੍ਰੇਮ ਦੀਆਂ ਡੋਰੀਆਂ ਸੁੱਟੀਆਂ ਹਨ, ਉਹ ਪਰਿਵਾਰ ਅੱਧਾ ਕੁ ਵਿਦੇਸ਼ਾਂ ‘ਚ ਹੈ, ਅੱਧਾ ਕੁ ਇੱਥੇ ਹੈ ਤੇ ਇਹ ਗਰੀਬ ਘਰ ਦਾ ਮੁੰਡਾ ਹੋਣ ਕਰਕੇ ਪਿਆਰ ਦੀ ਕਹਾਣੀ ਵਿਆਹ ਦੀ ਪੂਣੀ ਕੱਤਣ ‘ਚ ਸਫਲ ਨਹੀਂ ਹੋ ਰਿਹਾ। ਮੈਂ ਕੰਪਨੀ ਮਾਲਕ ਨੂੰ ਸ਼ੇਖੀ ਮਾਰਦਿਆਂ ਕਿਹਾ ਕਿ ਇਹ ਕਿਹੜੀ ਗੱਲ ਹੈ, ਚੱਲ ਆਪਾਂ ਹੁਣੇ ਹੀ ਕੁੜੀ ਵਾਲਿਆਂ ਦੇ ਘਰ ਚੱਲਦੇ ਹਾਂ। ਗਾਇਕ ਉਸ ਦੇ ਦਫਤਰ ਬੈਠਾ ਰਿਹਾ ਤੇ ਅਸੀਂ ਦੋਵੇਂ ਸਕੂਟਰ ‘ਤੇ ਕੁੜੀ ਵਾਲਿਆਂ ਦੇ ਘਰ ਚਲੇ ਗਏ। ਸਮਾਂ ਕੋਈ ਦੁਪਹਿਰ ਬਾਰਾਂ ਕੁ ਵਜੇ ਦਾ ਸੀ। ਕੁੜੀ ਦੀ ਮਾਂ ਨੇ ਜਾਂਦਿਆਂ ਹੀ ਪਹਿਲਾ ਸਵਾਲ ਕੀਤਾ, “ਤੁਸੀਂ ਕੌਣ ਹੋ?” ਬੈਠਣ ਲਈ ਉਸ ਨੇ ਕਿਹਾ ਨਹੀਂ ਪਰ ਅਸੀਂ ਆਪ ਹੀ ਬੈਠ ਗਏ। ਬਾਅਲੇ ਮਾਣ ‘ਚ ਗੱਲ ਸ਼ੁਰੂ ਕੀਤੀ ਕਿ ਸਾਡਾ ਇਕ ਮਿੱਤਰ ਗਾਇਕ ਤੁਹਾਡੀ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। ਕਰ ਦਿਓ, ਬੜਾ ਉਜਲ ਭਵਿੱਖ ਹੈ ਉਸ ਦਾ।
ਇੰਨੇ ‘ਚ ਹੀ ਕੁਪੱਤ ਦੀ ਵਾਛੜ ਹੋਣ ਲੱਗੀ। ਉਹ ਕਹਿਣ ਲੱਗੀ, “ਸ਼ਰਮ ਆਉਣੀ ਚਾਹੀਦੀ ਹੈ, ਪੜ੍ਹੇ-ਲਿਖੇ ਲੱਗਦੇ ਹੋ, ਤੁਹਾਡੇ ਘਰ ਧੀਆਂ ਨਹੀਂ ਕਿ ਭੈਣਾਂ ਨਹੀਂ। ਸਾਡਾ ਉਹਦੇ ਨਾਲ ਕੀ ਮੇਲ?” ਇਸੇ ਵਾਰਤਾਲਾਪ ‘ਚ ਕੁੜੀ ਦਾ ਬਾਪ ਆ ਕੇ ਸੋਫੇ ‘ਤੇ ਬੈਠ ਗਿਆ ਪਰ ਉਹਦੀਆਂ ਅੱਖਾਂ ਦੱਸਦੀਆਂ ਸਨ ਕਿ ਮਾਹੌਲ ਗਰਮੀ ਵਾਲਾ ਹੈ। ਕੁੜੀ ਦੀ ਮਾਂ ਉਠ ਕੇ ਅੰਦਰ ਚਲੀ ਗਈ। ਸਾਹਮਣੇ ਪੌੜੀਆਂ ‘ਚੋਂ ਉਤਰਦਾ ਮੈਨੂੰ ਲੱਗਾ ਕਿ ਕੁੜੀ ਦਾ ਭਰਾ ਹੀ ਹੈ ਪਰ ਹੈ ਇਹ ਪ੍ਰੇਮੀ ਦਾ ਹੋਣ ਵਾਲਾ ਸਾਂਢੂ ਸੀ। ਉਹਨੇ ਸੱਸ ਨੂੰ ਪੁੱਛਿਆ, ਇਹ ਕੌਣ ਨੇ? ਉਹ ਆਇਆ ਵੀ ਕਿਸੇ ਬਾਹਰਲੇ ਦੇਸ਼ ਤੋਂ ਸੀ। ਉਹ ਤਾਂ ਹੋ ਗਿਆ ਕੱਪੜਿਆਂ ਤੋਂ ਬਾਹਰ। ਮਾਂ ਉਹਨੂੰ ਰੋਕੇ, ਪਰ ਉਹ ਕਹੇ ਮੈਨੂੰ ਫੜਾ ਦਿਓ ਅੱਜ ਜੋ ਵੀ ਘਰ ਵਿਚ ਹੈ, ਇਨ੍ਹਾਂ ਦੇ ਅੱਜ ਸਿਰ ਖੋਲ੍ਹ ਦੇਣੇ ਹਨ।
ਮੈਨੂੰ ਲੱਗਾ ਕਿ ਕੁੜੀ ਦਾ ਬਾਪ ਦਰਵਾਜ਼ੇ ਦਾ ਬਾਹਰੋਂ ਕੁੰਡਾ ਲਾਏਗਾ। ਮੈਂ ਅਗਲੀ ਗੱਲ ਸੁਣਨ ਤੋਂ ਪਹਿਲਾਂ ਹੀ ਕੰਪਨੀ ਮਾਲਕ ਦਾ ਹੱਥ ਫੜ ਕੇ ਕਿਹਾ, ਹੋਣ ਲੱਗੀ ਛਿਤਰੌਲ, ਆ ਜਾ ਭੱਜ ਚੱਲੀਏ। ਅਸੀਂ ਸਕੂਟਰ ਸਟਾਰਟ ਕੀਤੇ ਬਿਨਾ ਹੀ ਧੂਹ ਕੇ ਨੱਠ ਪਏ। ਪਿੱਛੋਂ ਆਵਾਜ਼ਾਂ ਸੁਣਦੀਆਂ ਸਨ, ਠਹਿਰੋ ਤੁਹਾਨੂੰ ਦਿੰਨੇਂ ਆ ਰਿਸ਼ਤਾæææ। ਪਤਾ ਨਹੀਂ ਉਸ ਗਾਇਕ ਦਾ ਉਸ ਕੁੜੀ ਨਾਲ ਵਿਆਹ ਹੋਇਆ ਕਿ ਨਹੀਂ ਪਰ ਇਸ ਘਟਨਾ ਪਿਛੋਂ ਭਾਗਾਂ ਵਾਲੇ ਆਪਣੇ ਆਪ ਨੂੰ ਹੁਣ ਇਸ ਕਰਕੇ ਸਮਝਦੇ ਰਹਿੰਦੇ ਹਾਂ ਕਿ ਛਿੱਤਰਾਂ ਦੀ ਬਰਸਾਤ ‘ਚ ਭਿੱਜਣੋਂ ਬਚ ਗਏ। ਅਸਲ ‘ਚ ਪੰਜਾਬੀ ਗਾਇਕੀ ਦੇ ਖੇਤਰ ‘ਚ ਤਿੰਨ ਦਹਾਕੇ ਵਿਚਰਦਿਆਂ ਅਜਿਹਾ ਬਹੁਤ ਕੁਝ ਮੇਰੇ ਨਾਲ ਜੁੜਿਆ ਹੋਇਆ ਹੈ ਜਿਸ ਦੀ ਪਿੱਠ ਭੂਮੀ ਵਰਤਮਾਨ ਯੁੱਗ ਵਿਚ ਦਿਖਾਉਣੀ ਕਈ ਵਾਰ ਔਖੀ ਹੋ ਜਾਂਦੀ ਹੈ। ਕਿਉਂਕਿ ਮੈਨੂੰ ਹੀ ਨਹੀਂ ਜਵਾਨੀ ਦੇ ਕਈ ਕਾਰਨਾਮੇ, ਕਰਤੂਤਾਂ, ਕੰਮ, ਢਲਦੀ ਉਮਰੇ ਬਹੁਤਿਆਂ ਨੂੰ ਪ੍ਰੇਸ਼ਾਨ ਹੀ ਕਰਦੇ ਹਨ।
ਗੀਤਕਾਰ ਬਣਨ ਦਾ ਮੈਂ ਸੁਪਨਾ ਬਹੁਤ ਵੱਡਾ ਲੈ ਕੇ ਬੈਠਾ ਸਾਂ, ਪਰ ਸਾਹਿਤਕ ਖੇਤਰ ਵਿਚ ਪ੍ਰਵੇਸ਼ ਨੇ ਮੈਨੂੰ ਕਾਫੀ ਜਿੰਮੇਵਾਰ ਬਣਾਇਆ ਹੈ। ਇਸ ਕਰਕੇ ਸਸਤੀ ਸ਼ੋਹਰਤ ਦੇ ਕਈ ਫੈਸਲੇ ਮੈਂ ਸੱਚੀਂ ਛੋਟੀ ਉਮਰੇ ਹੀ ਤਿਆਗ ਦਿੱਤੇ। ਅੰਮ੍ਰਿਤਸਰ ਦੀ ਇਕ ਪ੍ਰਕਾਸ਼ਨਾ ਕੰਪਨੀ ਨੇ ਮੈਨੂੰ ਪੇਸ਼ਕਸ਼ ਕੀਤੀ ਸੀ ਕਿ ਤੱਤੇ ਗੀਤ ਲਿਖ, ਰਮਲੇ ਵਰਗੇ ਗਾਇਕਾਂ ਤੋਂ ਰਿਕਾਰਡ ਕਰਵਾ, ਕਿਤਾਬ ਦੇ ਮੁੱਖ ਪੰਨੇ ‘ਤੇ ਤੇਰੀ ਫੋਟੋ ਲਾ ਕੇ ਤੈਨੂੰ ਸਟਾਰ ਬਣਾ ਦਿਆਂਗੇ। ਪਰ ਚੰਗਾ ਹੋਇਆ ਇਸ ਫੈਸਲੇ ‘ਚ ਫਸਿਆ ਨਹੀਂ ਕਿਉਂਕਿ ਤੱਤੇ ਗੀਤ ਲਿਖਣ ਵਾਲਿਆਂ ਦੀ ਮੌਤ ਨਾਲ ਦੀ ਨਾਲ ਹੀ ਹੋ ਚੁਕੀ ਹੁੰਦੀ ਹੈ।
ਕਰਤਾਰ ਰਮਲਾ ਮੇਰਾ ਬਹੁਤ ਮਿੱਤਰ ਰਿਹਾ, ਮੇਰੇ ਘਰ ਵੀ ਆਉਂਦਾ ਜਾਂਦਾ ਰਿਹਾ। ਕੁੱਕੜਾਂ ਬੀਹੜਾਂ ਦਾ ਇਕ ਜਗੀਰ ਸਿੰਘ ਪੁਲਿਸ ‘ਚ ਨੌਕਰੀ ਕਰਦਾ ਸੀ। ਉਹਦੇ ਨਾਲ ਰਮਲਾ ਸਾਡੇ ਘਰ ਅਕਸਰ ਆਉਂਦਾ ਜਾਂਦਾ ਰਿਹਾ। ਇਕ ਛੋਟਾ ਚਿੱਟੇ ਰੰਗ ਦਾ ਪੈਮੇਰੀਅਨ ਕੁੱਤਾ ਮੈਨੂੰ ਜਗੀਰ ਸਿੰਘ ਨੇ ਇਸ ਦੋਸਤੀ ਦੇ ਇਵਜ਼ਾਨੇ ਵਿਚ ਦਿੱਤਾ ਸੀ। ਗਾਇਆ ਚੰਗਾ ਹੋਵੇ ਜਾਂ ਮਾੜਾ ਪਰ ਪੰਜਾਬੀ ਸੰਗੀਤ ਨੂੰ ਜਾਣਨ ਵਾਲੇ ਮੰਨਦੇ ਹਨ ਕਿ ਰਮਲੇ ਵਰਗਾ ਦੋਗਾਣਿਆਂ ਵਿਚਲਾ ‘ਵੌਇਸ ਬੇਸ’ ਜਿਸ ਨੂੰ ਸੰਗੀਤ ਦੀ ਤਕਨੀਕੀ ਭਾਸ਼ਾ ਵਿਚ ‘ਗਰਾਮ’ ਵੀ ਕਹਿੰਦੇ ਹਨ, ਕਿਸੇ ਕੋਲ ਹੈ ਹੀ ਨਹੀਂ। ਇਸ ਦੀ ਮਿਸਾਲ ਫਿਲਮ Ḕਸੈਦਾ ਜੋਗਣḔ ਵਿਚ ਕੁਲਦੀਪ ਮਾਣਕ ਦੇ ਗੀਤ ‘ਆਹ ਲੈ ਸਾਂਭ ਲੈ ਨੀਂ ਸੈਦੇ ਦੀਏ ਨਾਰੇ, ਸਾਥੋਂ ਨੀਂ ਮੱਝੀਂ ਚਾਰ ਹੁੰਦੀਆਂ’ ਤੋਂ ਪਹਿਲਾਂ ‘ਅੱਛਾ ਜਾਹ ਤੇ ਅਸਾਂ ਦਾ ਰੱਬ ਰਾਖਾ’ ਵਾਲਾ ਸ਼ਿਅਰ ਕਰਤਾਰ ਰਮਲੇ ਨੇ ਬਹੁਤ ਖੂਬ ਗਾਇਆ ਹੈ। ਰਮਲੇ ਦਾ ਜਦੋਂ ਸੁਖਵੰਤ ਕੌਰ ਨਾਲੋਂ ਸੈਟ ਟੁੱਟਿਆ ਤਾਂ ਉਹ ਕਹਿੰਦਾ ਸੀ ਕਿ ਕਿਤੇ ਸੁਖਵੰਤ ਨੂੰ ਪੁੱਛੀਂ ਮੁੜ ਕੇ ਸੈਟ ਤਾਂ ਨ੍ਹੀਂ ਬਣਾਉਣਾ? ਤੇ ਫੇਰ ਜਦੋਂ ਪਰਮਜੀਤ ਸੰਧੂ ਨਾਲ ਵਿਆਹ ਵਰਗਾ ਸੈਟ ਬਣਿਆ ਤਾਂ ਉਹ ਮਾਣ ਨਾਲ ਕਿਹਾ ਕਰੇ, “ਵੇਖ ਲੈ ਹੋ ਗਈ ਨਾ ਕਮਾਲ?” ਚਲੋ! ਕਰਤਾਰ ਰਮਲੇ ਨੇ ਕਈ ਗਾਇਕਾਵਾਂ ਨਾਲ ਗਾਇਆ। ਉਹ ਭਾਵੇਂ ਵਿਹਲੀਆਂ ਹੋ ਗਈਆਂ ਹੋਣ ਪਰ ਉਹ ਕਦੇ ਤੇਜ਼ ਕਦੇ ਹੌਲੀ ਚੱਲੀ ਹੀ ਜਾ ਰਿਹਾ ਹੈ।
ਸੱਚੀਂ ਗਾਇਕੀ ਦੇ ਇਤਿਹਾਸ ਨੂੰ ਮਾਣਨ ਦਾ ਮੇਰਾ ਅਨੁਭਵ ਅਨੰਦਮਈ ਰਿਹਾ ਹੈ, ਚਲੋ ਨਾਰਾਜ਼ਗੀਆਂ, ਗਿਲੇ-ਸ਼ਿਕਵੇ ਤੇ ਨਿਹੋਰੇ ਜ਼ਿੰਦਗੀ ਦਾ ਹਿੱਸਾ ਹਨ ਤੇ ਕਦੀ ਵੱਧ-ਘੱਟ ਹੁੰਦੇ ਹੀ ਰਹਿੰਦੇ ਹਨ।
ਮਾਣ ਨਾਲ ਕਹਾਂਗਾ ਕਿ ਪੰਜਾਬੀ ਸੰਗੀਤ ਕਰੀਬ 30 ਸਾਲ ਮੇਰੇ ਨਾਲ ਉਵੇਂ ਜੁੜਿਆ ਹੋਇਆ ਹੈ ਜਿਵੇਂ ਮਨੁੱਖ ਦੇ ਸਰੀਰ ‘ਚ ਰੀੜ੍ਹ ਦੀ ਹੱਡੀ ਹੁੰਦੀ ਹੈ।
ਹੁਣ ਮੈਂ ਇਹ ਪੌੜੀਆਂ ਉਤਰ ਆਇਆ ਹਾਂ ਕਿਉਂਕਿ ਵਧਦੀ ਉਮਰ ਦੇ ਪ੍ਰਭਾਵਾਂ ਨੂੰ ਕਬੂਲ ਕਰਨਾ ਸਿਆਣਪ ਦੀ ਨਿਸ਼ਾਨੀ ਹੁੰਦੀ ਹੈ।

ਗੱਲ ਬਣੀ ਕਿ ਨਹੀਂ
ਘੁੰਮ ਚਰਖਿਆ ਵੇæææ
ਘੁੰਮ ਚਰਖਿਆ ਵੇ, ਕਾਹਤੋਂ ਘੁੰਮਦਾ ਹੁਣ ਖਲੋ ਗਿਆ।
ਏਥੇ ਲੋਕੀਂ ਬਦਲ ਗਏ, ਚਿੱਟਾ ਖੂਨ ਬੰਦੇ ਦਾ ਹੋ ਗਿਆ।

ਵੇਖ ਧਰਤੀ ਤਪਣ ਲੱਗੀ, ਕਰਦਾ ਸੂਰਜ ਹੱਥ ਕਰਾਰੇ।
ਕਿਤੇ ਸਰਦ ਸੁਭਾਅ ਅਪਨਾ, ਬਦਲ ਨਾ ਜਾਣ ਚੰਨ-ਤਾਰੇ।
ਲੋਕੀਂ ਹੁਣ ਚੱਲਦੇ ਨੇ, ਸੱਚੀਂ ਨਾਲ ਬੈਸਾਖੀਆਂ ਸਾਰੇ।
ਇਹ ਡਰ ਤੇ ਸਹਿਮ ਵਾਲਾ ਮੁੜ੍ਹਕਾ, ਗਿੱਟਿਆਂ ਤੱਕ ਚੋਅ ਗਿਆæææ।

ਪਾ ਲੰਘਦਾ ਵੇਖਿਆ ਸੀ, ਚਿੱਟੇ ਲੀੜੇ ਤੇ ਝੱਗੀ ਕਾਲੀ।
ਲੱਗੇ ਇਹਨੂੰ ਯਾਦ ਨਹੀਂ, ਨਾ ਸੰਨ ਚੁਰਾਸੀ, ਨਾ ਸੰਤਾਲੀ।
ਇਨ੍ਹਾਂ ਤਖਤਾਂ ਵਾਲਿਆਂ ਤੋਂ, ਅੱਕੀ ਪਈ ਏ ਖਲਕਤ ਬਾਹਲੀ।
ਵੋਟਾਂ ਦੀ ਬੁਰਕੀ ਨਾਲ, ਫੁੱਲ ਕੇ ਢਿੱਡ ਭੜੋਲਾ ਹੋ ਗਿਆæææ।

ਪੁੱਤ ਨਾਲੋਂ ਧੀ ਜੰਮਦੀ, ਪਾਉਂਦੇ ਮਾਪੇ ਰੋਜ਼ ਦੁਹਾਈਆਂ।
ਪਰ ਲੁੱਚਿਆਂ-ਬਦਮਾਸ਼ਾਂ ਨੇ, ਚੀਖਾਂ ਅਬਲਾ ਦੀਆਂ ਕਢਾਈਆਂ।
ਬਚਦੇ-ਖੁਚਦੇ ਭੋਲਿਆਂ ਨੂੰ, ‘ਭੌਰੇ’ ਲੁੱਟ ਲਿਆ ਸਾਧਾਂ ਸਾਈਆਂ।
ਇਸ ਗਮ ਦੀ ਮਾਲਾ ਵਿਚ ਮੋਤੀ ਹਾਕਮ ਰੋਜ਼ ਪਰੋ ਗਿਆæææ।