ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮਾਂ ਦੀਆਂ ਰਹਿਮਤਾਂ ਦਾ ਕੋਈ ਮੁੱਲ ਨਹੀਂ ਪਾ ਸਕਦਾ। ਕੁਝ ਹਫਤੇ ਪੰਜਾਬ ਟਾਈਮਜ਼ ਵਿਚ ਛਪੇ ਆਪਣੇ ਇਕ ਲੇਖ ਵਿਚ ਡਾæ ਭੰਡਾਲ ਨੇ ਜਗ ਜਨਨੀ ਮਾਂ ਦੀਆਂ ਰਹਿਮਤਾਂ ਦੀ ਗੱਲ ਕਰਦਿਆਂ ਕਿਹਾ ਸੀ ਕਿ
ਮਾਂ ਬੱਚਿਆਂ ਦੀ ਸਭ ਤੋਂ ਵੱਡੀ ਰਹਿਨੁਮਾ। ਉਨ੍ਹਾਂ ਦੀ ਮਾਰਗ ਦਰਸ਼ਕ, ਉਨ੍ਹਾਂ ਦੇ ਰਾਹਾਂ ਵਿਚੋਂ ਕੰਡੇ ਚੁਗ ਕੇ ਆਪਣੇ ਪੋਟਿਆਂ ਨੂੰ ਪੀੜ-ਪੀੜ ਕਰਨ ਵਾਲੀ ਅਤੇ ਲਾਡਲਿਆਂ ਨੂੰ ਰੋੜਾਂ ਦੀ ਚੁਭਣ ਤੋਂ ਬਚਾਉਣ ਲਈ ਮਲੂਕ ਪੈਰਾਂ ਹੇਠ ਤਲੀਆਂ ਧਰਨ ਵਾਲੀ। ਹਥਲੇ ਲੇਖ ਵਿਚ ਉਨ੍ਹਾਂ ਮਾਂ ਦੇ ਤੁਰ ਜਾਣ ਪਿਛੋਂ ਪੈਦਾ ਹੋਏ ਖਲਾਅ ਦੀ ਗੱਲ ਕੀਤੀ ਹੈ। ਉਨ੍ਹਾਂ ਹਉਕਾ ਭਰਿਆ ਹੈ, ਮਾਂ, ਬੱਚਿਆਂ ਲਈ ਨਿੱਘੀ ਗੋਦੜੀ ਦਾ ਪੁਰ-ਖਲੂਸ ਅਹਿਸਾਸ, ਠੰਢੜੀ ਛਾਂ ਦਾ ਰੂਹਾਨੀ ਹੁਲਾਸ ਅਤੇ ਉਸ ਦੀਆਂ ਮੱਤਾਂ ਤੇ ਸਲਾਹੂਤਾਂ ਸਦਕਾ, ਹੁੰਦਾ ਏ ਸੰਤੁਲਤ ਸ਼ਖਸੀਅਤ ਦਾ ਵਿਕਾਸ।æææਮਾਂ ਦੀਆਂ ਗੱਲਾਂ ਯਾਦ ਆਉਂਦੀਆਂ ਤਾਂ ਮਨ ਉਦਾਸ ਹੋ ਜਾਂਦਾ। -ਸੰਪਾਦਕ
ਡਾæ ਗੁਰਬਖਸ਼ ਸਿੰਘ ਭੰਡਾਲ
ਚਿਰ ਬਾਅਦ ਪਿੰਡ ਆਇਆ ਹਾਂ। ਪਿੰਡ ਦੀਆਂ ਗਲੀਆਂ ਅਤੇ ਰਾਹ ਉਹੀ ਨੇ। ਗਰਾਂ ਵਿਚ ਪਹਿਲਾਂ ਵਰਗੀ ਚਹਿਲ-ਪਹਿਲ, ਘੁੱਗ ਵਸਦਾ ਏ ਪਿੰਡ। ਪਰ ਮਨ ਉਖੜਿਆ ਹੋਇਆ ਏ। ਚਿੱਤ ਉਦਾਸ ਏ। ਮਾਂ ਦੀ ਘਾਟ ਘਰ ਵਿਚ ਰੜਕਦੀ ਏ। ਸਦੀਵੀ ਯਾਤਰਾ ‘ਤੇ ਤੁਰ ਗਈ ਮਾਂ ਨੂੰ ਸਾਲ ਹੋਣ ਵਾਲਾ ਏ ਅਤੇ ਉਸ ਤੋਂ ਬਾਅਦ ਮਾਂ ਵਾਲੇ ਰੋਅਬ ਨਾਲ ਪਿੰਡ ਆਉਣ ਲਈ ਕੋਈ ਨਹੀਂ ਕਹਿਣ ਵਾਲਾ। ਭਰਾ ਤਾਂ ਭਰਾ ਹੀ ਹੁੰਦੇ ਨੇ। ਸਿਰਫ ਮਾਂ ਹੀ ਹੁੰਦੀ ਏ ਜੋ ਤੁਹਾਨੂੰ ਉਡੀਕਦੀ, ਤੁਹਾਡੇ ਲਈ ਤੁਹਾਡੀਆਂ ਮਨਪਸੰਦ ਚੀਜਾਂ ਤਿਆਰ ਕਰਨ ਵਿਚ ਸੁਖਨ ਮਹਿਸੂਸ ਕਰਦੀ ਏ।
ਮਾਂ ਤੋਂ ਬਿਨਾ ਘਰ ਵਿਚ ਇਕ ਬੇਰੌਣਕੀ। ਉਸ ਦੀ ਡੰਗੋਰੀ ਦੀ ਠਕ-ਠਕ, ਉਸ ਦਾ ਹਰ ਕਾਰਜ ਵਿਚ ਰੋਹਬ ਪਾਉਣਾ, ਇਕ ਬੀਤਿਆ ਸੁਪਨਾ।
ਖਾਮੋਸ਼ ਏ ਉਸ ਦਾ ਰੀਝਾਂ ਨਾਲ ਸਾਂਭਿਆ ਚਰਖਾ। ਇਸ ‘ਤੇ ਚੜ੍ਹੀ ਘੱਟੇ ਦੀ ਪਰਤ ਦਿਨ-ਬ-ਦਿਨ ਹੋਰ ਮੋਟੀ ਹੁੰਦੀ ਜਾਵੇਗੀ ਅਤੇ ਆਖਰ ਨੂੰ ਇਕ ਦਿਨ ਇਹ ਘਰ ਦੇ ਕਬਾੜ ਦਾ ਹਿੱਸਾ ਬਣ, ਚੁੱਲ੍ਹੇ ਦਾ ਸੇਕ ਬਣ ਜਾਵੇਗਾ।
ਮਾਂ ਦੀ ਛੋਹ ਨੂੰ ਤਰਸਦੇ ਸੰਦੂਕ ਨੂੰ ਕੌਣ ਫਰੋਲੇ? ਕਿਹੜਾ ਗੁੱਥਲੀਆਂ ਅਤੇ ਗੰਢਾਂ ਦੀ ਸਾਰ ਲਵੇ? ਹੁਣ ਨਹੀਂ ਮਾਂ ਨੂੰ ਖਿਝਾਉਣ ਲਈ, ਉਸ ਦੀਆਂ ਪੋਤਰੀਆਂ ਨੇ ਸਾਂਭ ਸਾਂਭ ਕੇ ਰੱਖੀਆਂ ਵਸਤਾਂ ਨੂੰ ਫਰੋਲਣਾ। ਆਪਣੀਆਂ ਨੂੰਹਾਂ ਅਤੇ ਧੀਆਂ ਤੋਂ ਵੱਧ ਪੋਤਰੀਆਂ ਦਾ ਮੋਹ ਪਾਲਣ ਵਾਲੀ ਦਾਦੀ ਨੂੰ ਲੱਭਦੀਆਂ ਮਾਯੂਸ ਨੇ ਉਸ ਦੀਆਂ ਪੋਤਰੀਆਂ।
ਮਾਂ ਦਾ ਤੁਰ ਜਾਣਾ, ਜੀਵਨ ਦੀ ਅਟੱਲ ਸੱਚਾਈ। ਮਾਂ ਨੂੰ ਹੱਥੀਂ ਸਮੇਟ ਕੇ ਇਸ ਨੂੰ ਮੰਨ ਵੀ ਲਿਆ ਏ ਪਰ ਜਦ ਵੀ ਪਿੰਡ ਜਾਈਏ ਤਾਂ ਮਾਂ ਨਾਲ ਜੁੜੀਆਂ ਯਾਦਾਂ ਦਾ ਇਕ ਵੱਡਾ ਕਾਫਲਾ ਚੇਤਿਆਂ ਦੀ ਬਰੂਹੀਂ ਆ ਡੇਰਾ ਲਾਉਂਦਾ।
ਮਾਂ ਜਿਉਂਦੀ ਸੀ ਤਾਂ ਬਾਪ ਨਾਲ ਅਕਸਰ ਹੀ ਨੋਕ-ਝੋਕ ਹੁੰਦੀ ਰਹਿੰਦੀ। ਪਰ ਮਾਂ ਦੇ ਤੁਰ ਜਾਣ ਬਾਅਦ ਬਾਪ ਨੇ ਵੀ ਚੁੱਪ ਦਾ ਗਿਲਾਫ ਤਾਣ ਲਿਆ ਏ। ਜੀਵਨ-ਸਾਥੀ ਦੇ ਤੁਰ ਜਾਣ ਤੋਂ ਬਾਅਦ ਬੜਾ ਕੁਝ ਬਦਲ ਜਾਂਦਾ ਏ ਅਤੇ ਇਸ ਬਦਲਾਅ ਵਿਚ ਬਹੁਤੀ ਵਾਰ ਬੰਦੇ ਨੂੰ ਆਪਣਾ ਅੰਦਰਲਾ ਮਨ ਮਾਰਨਾ ਪੈਂਦਾ ਏ। ਬਾਪ ਕੋਸ਼ਿਸ਼ ਤਾਂ ਕਰਦਾ ਏ ਕਿ ਉਹ ਮਾਂ ਦਾ ਬਦਲ ਬਣ ਸਕੇ ਪਰ ਬੜਾ ਔਖਾ ਏ। ਬਾਪ ਦੀ ਮਾਯੂਸੀ ਕਈ ਵਾਰ ਬਹੁਤ ਉਦਾਸ ਕਰ ਜਾਂਦੀ ਏ।
ਮਾਂਵਾਂ ਤੁਰ ਜਾਣ ਤਾਂ ਪਰਿਵਾਰ ਦੇ ਆਪੋ-ਆਪਣੇ ਰਾਹ। ਆਪ ਮੁਹਾਰਾਪਣ ਹਾਵੀ। ਗੁੰਮ ਜਾਂਦਾ ਏ ਆਪਸ ਵਿਚ ਮਿਲਾਉਣ ਵਾਲਾ ਕੇਂਦਰ ਬਿੰਦੂ। ਮਾਂ ਦੇ ਕੋਲ ਹੀ ਧੀਆਂ ਨੂੰ ਆਉਣ ਦਾ ਚਾਅ। ਉਨ੍ਹਾਂ ਨੂੰ ਲੋਹੜੀ, ਤੀਆਂ ਅਤੇ ਸੰਧਾਰੇ ਦੀ ਬੜੀ ਬੇਸਬਰੀ ਨਾਲ ਉਡੀਕ। ਬੇਗਾਨੇ ਕਿਥੇ ਪਾਉਂਦੇ ਨੇ ਧੀਆਂ ਧਿਆਣੀਆਂ ਦੇ ਘਰੀਂ ਫੇਰਾ?
ਮਾਂਵਾਂ ਹੀ ਕੁੱਖੋਂ ਜਾਇਆਂ ਦੇ ਲਾਡ ਲਡਾਉਂਦੀਆਂ, ਅਸੀਸਾਂ ਅਤੇ ਦੁਆਵਾਂ ਦੀਆਂ ਝੜੀ ਲਾਉਂਦੀਆਂ ਅਤੇ ਰੱਬ ਦਾ ਸ਼ੁਕਰ ਮਨਾਉਂਦੀਆਂ ਨੇ।
ਮਾਂਵਾਂ ਪੀਰਾਂ-ਫਕੀਰਾਂ ਤੋਂ ਉਚੀਆਂ, ਫੁੱਲਾਂ ‘ਤੇ ਡਲ੍ਹਕਦੇ ਤ੍ਰੇਲ-ਤੁਪਕਿਆਂ ਤੋਂ ਸੁੱਚੀਆਂ ਅਤੇ ਮਾਨਵੀ ਰਹਿਤਲ ਵਿਚ ਰੰਗੀਆਂ ਸਰਬ ਧਰਮਾਂ ਤੋਂ ਉਚੀਆਂ।
ਮਾਂ ਬਣਨਾ ਸਭ ਤੋਂ ਵੱਡਾ ਧਰਮ। ਮਾਂ ਦੇ ਫਰਜਾਂ ਦੀ ਤਫਸੀਲ ਸਾਹਵੇਂ ਬੌਣੇ ਨੇ ਦੁਨਿਆਵੀ ਫਰਜ਼ਾਂ ਦੇ ਅੰਬਾਰ, ਮਾਂ ਦੀ ਕਰਨੀ ਤੇ ਕਹਿਣੀ ਵਿਚ ਹੁੰਦਾ ਏ ਸੱਚੀ-ਸੁੱਚੀ ਸੋਚ ਦਾ ਵਿਸਥਾਰ ਅਤੇ ਮਾਂ ਦੀਆਂ ਸ਼ੁਭ ਭਾਵਨਾਵਾਂ ਵਿਚ ਪਨਪਦਾ ਏ ਯੁੱਗ ਜਿਉਣਾ ਮਾਣ ਅਤੇ ਸਤਿਕਾਰ।
ਮਾਂ, ਬੱਚਿਆਂ ਲਈ ਨਿੱਘੀ ਗੋਦੜੀ ਦਾ ਪੁਰ-ਖਲੂਸ ਅਹਿਸਾਸ, ਠੰਢੜੀ ਛਾਂ ਦਾ ਰੂਹਾਨੀ ਹੁਲਾਸ ਅਤੇ ਉਸ ਦੀ ਮੱਤਾਂ ਤੇ ਸਲਾਹੂਤਾਂ ਸਦਕਾ, ਹੁੰਦਾ ਏ ਸੰਤੁਲਤ ਸ਼ਖਸੀਅਤ ਦਾ ਵਿਕਾਸ।
ਮਾਂ ਦਾ ਹੱਥੀਂ ਦਿੱਤਾ ਪਾਣੀ ਦਾ ਘੁੱਟ, ਇਲਾਹੀ ਅੰਮ੍ਰਿਤ। ਹੱਥੀਂ ਪਕਾਈਆਂ ਰੋਟੀਆਂ ਵਿਚ ਕੋਧਰੇ ਦੀ ਰੋਟੀ ਦਾ ਸਵਾਦ। ਰਿੜਕੀ ਲੱਸੀ ਵਿਚ ਮਿਠਾਸ ਦੀ ਲਜ਼ੀਜ਼ਤਾ ਅਤੇ ਸਾਗ ਵਿਚ ਦੇਸੀ ਘਿਉ ਵਰਗੀ ਮਹਿਕੀਲੀ ਤਾਜਗੀ।
ਮਾਂ ਦੇ ਤੁਰ ਜਾਣ ਪਿਛੋਂ ਪੱਲੇ ਵਿਚ ਰਹਿ ਗਈਆਂ ਨੇ ਕੁਝ ਪਿਆਰੀਆਂ ਅਤੇ ਮਿੱਠੀਆਂ ਯਾਦਾਂ। ਇਹ ਯਾਦਾਂ ਬੀਤਿਆ ਇਤਿਹਾਸ। ਸਾਡੀ ਸਿਰਜਣਾ ਵਿਚ ਅਹਿਮ ਰੋਲ ਦਾ ਜਾਮਨ। ਮਾਂ ਦੀਆਂ ਇਨ੍ਹਾਂ ਯਾਦਾਂ ਵਿਚ ਘੁਲੀ ਬਚਪਨ ਦੀ ਮਾਸੂਮੀਅਤ, ਪੜ੍ਹਾਈ ਦੀ ਲਗਨ, ਜੀਵਨ ਦੀ ਜਦੋਜਹਿਦ ਅਤੇ ਸਥਾਪਤੀ ਦੀ ਸੰਵੇਦਨਾ। ਜੀਵਨ ਦੇ ਹਰ ਮੋੜ ‘ਤੇ ਹੱਲਾ-ਸ਼ੇਰੀ ਦੇਣ ਵਾਲੀ ਅਤੇ ਜੀਵਨ ਦੀਆਂ ਕਦਰਾਂ-ਕੀਮਤਾਂ ਨੂੰ ਅਪਨਾਉਣ ਦੀ ਨਸੀਹਤ ਦੇਣ ਵਾਲੀ ਮਾਂ ਨੇ ਪਰਤ ਕੇ ਤਾਂ ਨਹੀਂ ਆਉਣਾ, ਪਰ ਜਦ ਵੀ ਕਦੇ ਕਦਮ ਡਗਮਗਾਉਂਦੇ, ਪੈਰ ਤਿਲਕਦੇ ਜਾਂ ਸੋਚਾਂ ਵਿਚ ਭਟਕਣ ਉਪਜਦੀ ਤਾਂ ਮਾਂ ਦੀਆਂ ਰਮਜ਼ਾਂ ਭਰੀਆਂ ਗੱਲਾਂ ਮਸਤਕ ਦਾ ਦਰ ਖੜਕਾ ਸੁਚੇਤ ਕਰ ਜਾਂਦੀਆਂ ਨੇ।
ਮਾਂ ਦੀਆਂ ਗੱਲਾਂ ਯਾਦ ਆਉਂਦੀਆਂ ਤਾਂ ਮਨ ਉਦਾਸ ਹੋ ਜਾਂਦਾ। ਮਾਂ ਕਦੇ ਨਹੀਂ ਸੀ ਚਾਹੁੰਦੀ ਕਿ ਵਧੀਆ ਨੌਕਰੀ ਛੱਡ ਕੇ ਪੁੱਤ ਕੈਨੇਡਾ ਜਾਵੇ। ਕੈਨੇਡਾ ਆਉਣ ‘ਤੇ ਜਦ ਵੀ ਫੋਨ ਕਰਨਾ, ਦੇਸ਼ ਪਰਤ ਆਉਣ ਲਈ ਕਹਿੰਦੀ। ਹੱਥੀਂ ਆਪਣੀ ਮਾਂ ਨੂੰ ਸਮੇਟ ਕੇ ਵਾਪਸ ਕੈਨੇਡਾ ਆ ਗਿਆ ਹਾਂ। ਹੁਣ ਕਦੇ ਨਹੀਂ ਕਿਸੇ ਨੇ ਕਿਹਾ ਕਿ ਪੁੱਤ ਕਦੋਂ ਆਵੇਂਗਾ?
ਮਾਂ ਸਿਰਫ ਮਾਂ ਹੁੰਦੀ ਏ। ਦੁਨੀਆਂ ਲਈ ਉਸ ਦੇ ਅਰਥ ਵਿਸ਼ਾਲ, ਵਡਿੱਤਣ, ਸਹਿਜ, ਸਮਰਪਣ ਅਤੇ ਸਿਰਜਣਾਤਮਕ। ਆਪਣੇ ਲਾਡਲਿਆਂ ਰਾਹੀਂ ਕੁਲ ਲੋਕਾਈ ਦੀਆਂ ਖੈਰਾਂ ਮੰਗਣ ਵਾਲੀਆਂ ਮਾਂਵਾਂ ਸਦਕਾ ਹੀ ਜੀਵਨ ਤੋਰ ਵਿਚ, ਸਰਲਤਾ ਅਤੇ ਸਹਿਜ ਦਾ ਸੁਖਾਵੇਂ ਰੂਪ ਵਿਚ ਸੰਚਾਰ ਹੋ ਰਿਹਾ ਏ।
ਮਾਂ ਹੁੰਦੀ ਸੀ ਤਾਂ ਸਮਾਜਿਕ ਫਰਜ਼ਾਂ, ਰਿਸ਼ਤਿਆਂ ਦੇ ਨਿਭਾ ਜਾਂ ਪਰਿਵਾਰਕ ਜਿੰਮੇਵਾਰੀਆਂ ਵੰਨੀਂ ਧਿਆਨ ਕਦੇ ਨਹੀਂ ਸੀ ਗਿਆ। ਮਾਂ ਨੂੰ ਸਭ ਦਾ ਫਿਕਰ ਹੁੰਦਾ ਸੀ ਅਤੇ ਮਾਂ ਦੇ ਤੁਰ ਜਾਣ ਤੋਂ ਬਾਅਦ ਸਮਾਜਿਕ ਤਾਣੇ-ਬਾਣੇ ਨੂੰ ਸਮਝਣਾ ਅਤੇ ਇਸ ਦੀਆਂ ਜਿੰਮੇਵਾਰੀਆਂ ਨੂੰ ਨਿਭਾਉਣਾ ਇਕ ਕਠਨ ਕਾਰਜ।
ਮਾਂ ਸਦਾ ਲਈ ਤੁਰ ਜਾਣ ‘ਤੇ ਵੀ ਬੜਾ ਕੁਝ ਦੇ ਕੇ ਜਾਂਦੀ। ਉਸ ਦਾ ਮੁਹਾਂਦਰਾ, ਸੋਚ ਦੀਆਂ ਚਾਨਣ-ਕਾਤਰਾਂ, ਕਰਮ ਦੇ ਰੌਸ਼ਨ-ਪੱਖ, ਜੀਵਨ-ਜਾਚ ਦੇ ਮਾਨਵੀ-ਸਰੋਕਾਰ, ਅਗਲੀ ਪੀੜ੍ਹੀ ਗ੍ਰਹਿਣ ਕਰਦੀ ਅਤੇ ਸਮਾਜ, ਨਵੀਆਂ ਨਸਲਾਂ ਵਿਚ ਤੁਰ ਗਿਆਂ ਦੇ ਨਕਸ਼ ਪਛਾਣਦਾ, ਸ਼ੁਕਰਗੁਜ਼ਾਰ ਹੁੰਦਾ ਏ ਜੀਵਨ-ਮਾਰਗਾਂ ਨੂੰ ਉਜਵਲ ਕਰਨ ਵਾਲੀਆਂ ਰੂਹਾਂ ਦਾ।
ਮਾਂ ਸੱਚੀਂ ਦੱਸਾਂ, ਹੁਣ ਵਿਦੇਸ਼ ਨੂੰ ਤੁਰਨ ਵੇਲੇ ਸਿਰਫ ਤੂੰ ਹੀ ਹਾਜ਼ਰ ਨਹੀਂ ਸੀ। ਅੱਖਾਂ ਵਿਚ ਹੰਝੂਆਂ ਦਾ ਸਮੁੰਦਰ ਡੱਕੀ ਖੜੋਤੇ ਬਾਪ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹ ਮਾਂ ਅਤੇ ਬਾਪ ਬਣ ਕੇ ਆਪਣੇ ਲਾਡਲੇ ਨੂੰ ਵਿਦੇਸ਼ ਤੋਰੇ। ਸਾਰਾ ਰਸਤਾ ਮੇਰੇ ਨੈਣ ਤੁਰ ਗਈ ਮਮਤਾ ਨੂੰ ਭਾਲਦੇ, ਖਾਰੇ ਪਾਣੀਆਂ ਵਿਚ ਖੁਰਦੇ ਰਹੇ। ਹੁਣ ਬਾਪ ਬਹੁਤੀ ਵਾਰ ਫੋਨ ਕਰਦਿਆਂ ਰਸੀਵਰ ਵਿਚ ਹਉਕਾ ਭਰ ਜਾਂਦਾ ਏ ਕਿਉਂਕਿ ਬਹੁਤ ਔਖਾ ਹੁੰਦਾ ਏ ਜੀਵਨ ਸਾਥੀ ਤੋਂ ਬਗੈਰ ਢਲਦੀ ਸ਼ਾਮ ਦਾ ਸਫਰ ਤੈਅ ਕਰਨਾ।
ਮਾਂ ਮਨ ਵਿਚ ਅਰਦਾਸ ਨਿਕਲਦੀ ਏ ਕਿ ਸਦਾ ਜਿਉਂਦੀਆਂ ਰਹਿਣ, ਇਹ ਜਿਉਣਯੋਗ ਮਾਂਵਾਂ ਕਿਉਂਕਿ ਮਾਂਵਾਂ ਤੋਂ ਬਗੈਰ ਰੁੱਸ ਜਾਂਦਾ ਏ ਆਪਣਾ ਹੀ ਪਰਛਾਵਾਂ, ਗੈਰਾਂ ਦੇ ਕਬਜੇ ਵਿਚ ਆ ਜਾਂਦੀਆਂ ਨੇ ਛਾਂਵਾਂ, ਪਰਾਈਆਂ ਜਾਪਣ ਲੱਗਦੀਆਂ ਨੇ ਘਰ ਵਰਗੀਆਂ ਥਾਂਵਾਂ, ਗੁੰਮ ਜਾਂਦੀਆਂ ਨੇ ਮਾਂਵਾਂ ਦੇ ਪਿੰਡ ਨੂੰ ਜਾਂਦੀਆਂ ਰਾਹਵਾਂ ਅਤੇ ਸਿਰਫ ਮਾਂਵਾਂ ਹੀ ਹੁੰਦੀਆਂ ਨੇ ਮਾਂਵਾਂ।
ਮਾਂ, ਤੇਰੀਆਂ ਯਾਦਾਂ ਦਾ ਕਰਜ਼ ਮੈਂ ਕਿੰਜ ਚੁਕਾਵਾਂ, ਕਿਹੜੇ ਪੀਰ ਮੂਹਰੇ ਫਰਿਆਦ ਲਗਾਵਾਂ ਅਤੇ ਕਿਹੜੇ ਹੁਜਰੇ ਨੂੰ ਆਪਣਾ ਰੈਣ-ਬਸੇਰਾ ਬਣਾਵਾਂ ਕਿ ਪਰਤ ਆਉਣ ਮਾਣੀਆਂ ਨਿੱਘੀਆਂ ਗੋਦਾਂ ਅਤੇ ਠੰਢੀਆਂ ਛਾਂਵਾਂ।
ਮਾਂ ਸੱਚ ਜਾਣੀਂ, ਕੁਝ ਦਿਨਾਂ ਤੋਂ ਮਨ ਬਹੁਤ ਉਦਾਸ ਏ ਕਿਉਂਕਿ ਤੂੰ ਇਨ੍ਹੀਂ ਦਿਨੀਂ ਹੀ ਸਦੀਵੀ ਉਡਾਰੀ ਮਾਰ ਇਕ ਮੂਕ ਵਿਲਕਣੀ ਪਰਿਵਾਰ ਦੇ ਨਾਮ ਕਰ ਗਈ ਸੀ। ਉਸ ਮੂਕ ਵੇਦਨਾ ਦਾ ਮੱਠਾ-ਮੱਠਾ ਦਰਦ ਜਦ ਵੀ ਕਸਕਦਾ ਏ ਤਾਂ ਤੇਰੀ ਤਸਵੀਰ ਅੱਖਾਂ ਸਾਹਵੇਂ ਆ ਜਾਂਦੀ ਏ ਜਦ ਤੂੰ ਸਹਿਜੇ ਸਹਿਜੇ ਸਦਾ ਲਈ ਪ੍ਰਭੂ ਚਰਨਾਂ ਵਿਚ ਲੀਨ ਹੋ ਗਈ ਸੀ ਅਤੇ ਇਕ ਖਾਲੀਪਣ ਸਾਡੇ ਪੱਲੇ ਰਹਿ ਗਿਆ ਸੀ।
ਮਾਂ, ਤੇਰੇ ਤੁਰ ਜਾਣ ‘ਤੇ ਕੁਝ ਅੱਥਰੂ ਭੇਟ ਕਰਦਾ ਇਹ ਅਹਿਦ ਕਰਦਾ ਹਾਂ ਕਿ ਜੀਵਨ ਦੀਆਂ ਸੁੱਚੀਆਂ ਕਮਾਈਆਂ ਨੂੰ ਤੇਰੇ ਨਾਮ ਕਰਦਾ ਅਤੇ ਤੇਰੀ ਜਾਚਨਾ ‘ਚੋਂ ਜੀਵਨ ਦਾ ਸੁੱਚਮ ਤਲਾਸ਼ਦਾ ਰਹਾਂਗਾ। ਕੋਸ਼ਿਸ਼ ਕਰਦਾ ਰਹਾਂਗਾ ਕਿ ਕਿਰਤ-ਕਮਾਈ ਦੀ ਦਿੱਤੀ ਹੋਈ ਤੇਰੀ ਦਾਤ, ਅਗਲੀਆਂ ਪੀੜ੍ਹੀਆਂ ਨੂੰ ਦੇ ਕੇ ਜਾਵਾਂ ਤਾਂ ਕਿ ਉਹ ਵੀ ਕਿਰਤ-ਸਾਧਨਾ ਨਾਲ ਜੀਵਨ ਦੇ ਰੌਸ਼ਨ-ਪੱਖਾਂ ਦੀ ਨਿਸ਼ਾਨਦੇਹੀ ਕਰਨ ਅਤੇ ਸਮਾਜ ਦਾ ਇਕ ਨਰੋਇਆ ਅੰਗ ਬਣਨ।
ਤੁਰ ਗਈਆਂ ਮਾਂਵਾਂ ਨੂੰ ਇਸ ਤੋਂ ਵੱਡੀ ਅਕੀਦਤ ਕੀ ਹੋ ਸਕਦੀ ਏ!