ਸਿਨੇਮਾ, ਵਿਚਾਰਧਾਰਾ ਤੇ ਮੁਹੱਬਤ ਦੀ ਪੇਚੀਦਗੀ

ਕੁਲਦੀਪ ਕੌਰ
ਫੋਨ: +91-98554-04330
ਸਿਨੇਮਾ ਤੇ ਵਿਚਾਰਧਾਰਾ ਦਾ ਆਪਸੀ ਰਿਸ਼ਤਾ ਪੇਚੀਦਾ ਹੈ। ਇਸ ਪੇਚਦਗੀ ਨੂੰ ਉਦੋਂ ਕਈ ਗੁਣਾ ਜ਼ਰਬ ਆ ਜਾਂਦੀ ਹੈ ਜਦੋਂ ਕਿਸੇ ਕਲਾ ਮਾਧਿਅਮ ਨਾਲ ਜੁੜਿਆ ਸਿਰਜਕ ਇਸ ਰਿਸ਼ਤੇ ਦੀਆਂ ਹੱਦਾਂ ਤੇ ਬੰਦਿਸ਼ਾਂ ਪਰਖਣ ਦਾ ਤਹੱਈਆ ਕਰਦਾ ਹੈ। ਮੁੰਬਈ ਦੇ ਇਕ ਸਿਨੇਮਾ ਵਿਚ ਜਦੋਂ ਮ੍ਰਿਣਾਲ ਸੇਨ ਦੀ ਚੌਥੀ ਫਿਲਮ ‘ਖੰਡਹਰ’ ਦਾ ਪਹਿਲਾ ਸ਼ੋਅ ਦਰਸ਼ਕਾਂ ਲਈ ਖੋਲ੍ਹਿਆ ਗਿਆ ਤਾਂ ਦਰਸ਼ਕਾਂ ਨੇ ਦੰਦਾਂ ਥੱਲੇ ਜੀਭ ਲੈ ਲਈ। ਉਦੋਂ ਤੱਕ ਮ੍ਰਿਣਾਲ ਖੱਬੇ-ਪੱਖੀ ਫਿਲਮਸਾਜ਼ ਅਤੇ ਕਲਾ ਚਿੰਤਕ ਦੇ ਤੌਰ ‘ਤੇ ਆਪਣੀ ਜਗ੍ਹਾ ਬਣਾ ਚੁੱਕਾ ਸੀ। ਉਨ੍ਹਾਂ ਦੀਆਂ ਪਹਿਲੀਆਂ ਤਿੰਨ ਫਿਲਮਾਂ ‘ਭੁਵਨ ਸ਼ੋਮ’, ‘ਕਲਕੱਤਾ-71’ ਅਤੇ ‘ਮ੍ਰਿਗਿਆ’ ਨੇ ਉਹ ਨੂੰ ਮਾਰਕਸਵਾਦੀ ਚਿੰਤਕ ਵਜੋਂ ਚਰਚਿਤ ਕਰ ਦਿੱਤਾ ਸੀ।

ਫਿਲਮ ‘ਖੰਡਹਰ’ ਨੇ ਉਹਦੀ ਫਿਲਮਸਾਜ਼ੀ ਦਾ ਅਣਛੂਹਿਆ ਪਹਿਲੂ ਸਾਹਮਣੇ ਲਿਆਂਦਾ ਜਿਥੇ ਉਹਨੇ ਜਜ਼ਬਾਤ ਅਤੇ ਭਾਵਨਾਵਾਂ ‘ਤੇ ਆਧਾਰਿਤ ਅਜਿਹੀ ਪ੍ਰੇਮ ਕਹਾਣੀ ਪਰਦੇ ਉਤੇ ਸਾਕਾਰ ਕੀਤੀ ਜਿਸ ਦੀ ਅਸਫਲਤਾ ਦਰਸ਼ਕਾਂ ਨੂੰ ਧੁਰ ਅੰਦਰ ਤੱਕ ਉਦਾਸ ਕਰ ਦਿੰਦੀ ਹੈ। ਇਸ ਸਾਧਾਰਨ ਜਿਹੀ ਪ੍ਰੇਮ ਕਹਾਣੀ ਨੂੰ ਮ੍ਰਿਣਾਲ ਆਪਣੀ ਬੌਧਿਕ ਕਲਾਤਮਿਕਤਾ ਅਤੇ ਤੀਖਣ ਫਿਲਮਸਾਜ਼ੀ ਰਾਹੀਂ ਸਮੇਂ ਅਤੇ ਸਥਾਨ ਦੀਆਂ ਹੱਦਾਂ ਤੋਂ ਪਾਰ ਲੈ ਜਾਂਦਾ ਹੈ। ਫਿਲਮ ਵਿਚ ਕੋਈ ਸਿਆਸੀ ਘੁਣਤਰ ਨਹੀਂ, ਸਗੋਂ ਇਹ ਪ੍ਰੇਮ ਦੇ ਆਰ- ਪਾਰ ਦੇਖਣ ਦੀ ਇਮਾਨਦਾਰ ਕੋਸ਼ਿਸ਼ ਕਰਦੀ ਹੈ। ਫਿਲਮ ਪ੍ਰੇਮ ਦੀਆਂ ਮਿਥੀਆਂ ਧਾਰਨਾਵਾਂ ਤੋਂ ਪਾਰ ਇਸ ਦੇ ਨਵੇਂ ਕੋਣਾਂ ਅਤੇ ਤ੍ਰਿਕੋਣਾਂ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰਦੀ ਹੈ। ਫਿਲਮ ਦੀ ਕਹਾਣੀ ਮੁਤਾਬਿਕ ਸ਼ਹਿਰੀ ਫੋਟੋਗ੍ਰਾਫਰ ਸੁਭਾਸ਼ (ਨਸੀਰੂਦੀਨ ਸ਼ਾਹ) ਆਪਣੇ ਦੋ ਦੋਸਤਾਂ ਨਾਲ ਅਜਿਹੇ ਪਿੰਡ ਵਿਚ ਘੁੰਮਣ ਜਾਂਦਾ ਹੈ ਜਿਥੇ ਬਿਜਲੀ-ਪਾਣੀ ਵਰਗੀਆਂ ਮੁੱਢਲੀਆਂ ਸਹੂਲਤਾਂ ਤੋਂ ਬਿਨਾਂ ਜ਼ਿੰਦਗੀ ਦੀ ਉਮੀਦ ਵੀ ਸੰਸਿਆਂ ਵਿਚ ਘਿਰੀ ਹੋਈ ਹੈ। ਕਿਸੇ ਸਮੇਂ ਕਿਸੇ ਰਈਸ ਦੀ ਹਵੇਲੀ ਰਹੀ ਇਹ ਜਗ੍ਹਾ ਇਸ ਸਮੇਂ ਢਹਿ-ਢੇਰੀ ਹੋਣ ਕੰਢੇ ਹੈ। ਹੁਣ ਹਵੇਲੀ ਵਿਚ ਦੋ ਪਰਿਵਾਰ ਰਹਿ ਰਹੇ ਹਨ। ਪਹਿਲਾ ਪਰਿਵਾਰ ਚੌਕੀਦਾਰ ਤੇ ਉਸ ਦੀ ਬੇਟੀ (ਸ਼ੀਲਾ ਮਜੂਮਦਾਰ) ਦਾ ਹੈ ਜੋ ਕਦੀ-ਕਦੀ ਚੱਕਰ ਮਾਰਦੀ ਹੈ। ਦੂਜੇ ਪਰਿਵਾਰ ਵਿਚ ਬਿਮਾਰ ਤੇ ਅੱਖਾਂ ਤੋਂ ਵਿਰਵੀਂ ਬਜ਼ੁਰਗ ਔਰਤ (ਗੀਤਾ ਸੇਨ) ਤੇ ਉਸ ਦੀ ਸਾਊ ਕੁੜੀ ਜੈਮਿਨੀ (ਸ਼ਬਾਨਾ ਆਜ਼ਮੀ) ਹਨ। ਜੈਮਿਨੀ ਨੂੰ ਸ਼ਹਿਰ ਦਾ ਕੋਈ ਮੁੰਡਾ ਵਿਆਹ ਕਰ ਕੇ ਛੱਡ ਗਿਆ ਹੈ ਅਤੇ ਉਸ ਦੀ ਮਾਂ ਦੇ ਸਾਹ ਉਸ ਦਿਨ ਦੇ ਇੰਤਜ਼ਾਰ ਵਿਚ ਅਟਕੇ ਪਏ ਹਨ ਜਦੋਂ ਉਹ ਜੈਮਿਨੀ ਨੂੰ ਆਪਣੇ ਨਾਲ ਲੈ ਜਾਵੇਗਾ। ਉਸ ਬਜ਼ੁਰਗ ਔਰਤ ਦੀ ਜ਼ਿੰਦਗੀ ਵਿਚ ਖੁਸ਼ੀ ਦੇ ਕੁਝ ਪਲ ਸ਼ਾਮਿਲ ਕਰਨ ਦੇ ਚੱਕਰ ਵਿਚ ਸ਼ੁਭਾਸ ਡਰਾਮਾ ਕਰਦਾ ਹੈ ਕਿ ਅਸਲ ਵਿਚ ਉਹੀ ਜੈਮਿਨੀ ਦਾ ਪਤੀ ਹੈ। ਉਥੇ ਮੌਜੂਦ ਸਾਰਿਆਂ ਨੂੰ ਇਹ ਝੂਠ ਨਾਗਵਾਰ ਗੁਜ਼ਰਦਾ ਹੈ, ਪਰ ਉਹ ਇਸ ਨੂੰ ਅਣਦੇਖਿਆ ਕਰ ਦਿੰਦੇ ਹਨ। ਫਿਲਮਸਾਜ਼ ਅਨੁਸਾਰ ਅਸੀਂ ਵੀ ਤਾਂ ਇੱਦਾਂ ਹੀ ਜ਼ਿੰਦਗੀ ਵਿਚ ਬਹੁਤ ਸਾਰੇ ਨਾਗਵਾਰ ਹਾਲਾਤ ਨੂੰ ਅਣਦੇਖਿਆ ਕਰ ਜਾਂਦੇ ਹਾਂ!
ਦੋਵਾਂ ਕਿਰਦਾਰਾਂ ਵਿਚ ਮਾੜੀ-ਮੋਟੀ ਗੱਲਬਾਤ ਹੁੰਦੀ ਹੈ ਤੇ ਫਿਰ ਵਿਛੜ ਜਾਂਦੇ ਹਨ। ਇਹ ਫਿਲਮ ਉਨ੍ਹਾਂ ਦੇ ਮਿਲਣ ਨਾਲੋਂ ਵਿਛੜਨ ਦੀ ਕਹਾਣੀ ਜ਼ਿਆਦਾ ਹੈ। ਦਰਸ਼ਕ ਇਸ ਗੱਲ ਤੋਂ ਭਲੀ-ਭਾਂਤ ਜਾਣੂ ਹੈ ਕਿ ਕਹਾਣੀ ਅਸਲ ਵਿਚ ਉਨ੍ਹਾਂ ਦੇ ਵਿਛੋੜੇ ਤੋਂ ਬਾਅਦ ਸ਼ੁਰੂ ਹੁੰਦੀ ਹੈ ਤੇ ਕਹਾਣੀ ਦੀ ਸ਼ੁਰੂਆਤ ਤੋਂ ਹੀ ਪਤਾ ਹੈ ਕਿ ਇਹ ਖੰਡਰਾਤ ਦੀ ਕਹਾਣੀ ਹੈ, ਇਸ ਦਾ ਅੰਤ ਕਿਸੇ ਨਵੇਂ ਖੰਡਰਾਤ ਵਿਚ ਨਿਕਲਣ ਵਾਲਾ ਹੈ। ਫਿਲਮਸਾਜ਼ ਇਥੇ ਕਈ ਜ਼ਰੂਰੀ ਸਵਾਲਾਂ ਨੂੰ ਜਨਮ ਦਿੰਦਾ ਹੈ। ਕੀ ਅਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਆਪਣੀ ਚੇਤਨਾ ਅਨੁਸਾਰ ਕਰਦੇ ਹਾਂ, ਜਾਂ ਆਪਣੇ-ਆਪ ਨੂੰ ਵਕਤ ਦੀ ਧਾਰਾ ਵਿਚ ਬੇਰੋਕ ਵਹਿੰਦੇ ਚਲੇ ਜਾਣ ਦੀ ਇਜਾਜ਼ਤ ਦੇ ਦਿੰਦੇ ਹਾਂ? ਫਿਲਮਸਾਜ਼ ਅਨੁਸਾਰ, ਬਹੁਗਿਣਤੀ ਲੋਕ ਬਿਨਾਂ ਕੋਈ ਉਜ਼ਰ ਕੀਤਿਆਂ, ਆਪਣੇ ਮਨਾਂ ਨੂੰ ਆਪਣੀਆਂ ਖਾਹਿਸ਼ਾਂ ਦੇ ਖੰਡਰਾਤ ਵਿਚ ਤਬਦੀਲ ਹੁੰਦਿਆਂ ਦੇਖਦੇ ਰਹਿੰਦੇ ਹਨ। ਕਿੰਨੇ ਹੀ ਲੋਕਾਂ ਦੀਆਂ ਸਮਰੱਥਾਵਾਂ ਤੇ ਸੰਭਾਵਨਾਵਾਂ ਉਨ੍ਹਾਂ ਦੇ ਹਾਲਾਤ ਨਾਲ ਹੁੰਦੇ ਟਕਰਾਓ ਵਿਚ ਗੁੰਮ-ਗੁਆਚ ਜਾਂਦੀਆਂ ਹਨ। ਇਸ ਫਿਲਮ ਦੀ ਖੂਬਸੂਰਤੀ ਕੈਮਰੇ ਰਾਹੀਂ ਉਸ ਅਣਕਹੀ ਮੁਹੱਬਤ ਦੇ ਅਨੰਤ ਪਰਛਾਵੇਂ ਫੜਨ ਵਿਚ ਹੈ ਜਿਸ ਨੂੰ ਜ਼ੁਬਾਨ ਦੇਣ ਵਿਚ ਕਈ ਵਾਰ ਸ਼ਬਦ ਵੀ ਅਸਫਲ ਹੋ ਜਾਂਦੇ ਹਨ। ਫਿਲਮ ਵਿਚ ਬਹੁਤ ਸਾਰਾ ਬਿਰਤਾਂਤ ਖੰਡਰਾਂ ਵਿਚ ਵਾਪਰਦਾ ਹੈ। ਇਸ ਪ੍ਰਕਿਰਿਆ ਵਿਚ ਅੱਖਾਂ ਦੀ ਜ਼ੁਬਾਨ ਅਤੇ ਚੁੱਪ ਦੀ ਭਾਸ਼ਾ ਸੂਤਰਧਾਰ ਦਾ ਕੰਮ ਕਰਦੀਆਂ ਹਨ।
ਫਿਲਮ ਦੇਖਦਿਆਂ ਸੁਭਾਵਿਕ ਹੀ ਮ੍ਰਿਣਾਲ ਸੇਨ ਦੀਆਂ ਪਹਿਲੀਆਂ ਫਿਲਮਾਂ ਦੇ ਦ੍ਰਿਸ਼ ਅੱਖਾਂ ਅੱਗੇ ਘੁੰਮਦੇ ਹਨ। ਦਰਸ਼ਕਾਂ ਦੀ ਅੱਖ ਇਸ ਫਿਲਮ ਵਿਚ ਵੀ ਵਿਚਾਰਧਾਰਾ, ਸਿਆਸਤ, ਸਮਾਜਿਕ ਤਰਾਸਦੀਆਂ ਲੱਭਣ ਦੀ ਕੋਸ਼ਿਸ਼ ਕਰਦੀ ਹੈ, ਪਰ ਇਸ ਵਾਰ ਫਿਲਮਸਾਜ਼ ਕੈਮਰਾ ਲੈ ਕੇ ਆਪਣੇ ਹੀ ਅੰਦਰ ਲੱਥ ਗਿਆ ਲਗਦਾ ਹੈ। ਦਰਸ਼ਕ ਉਸ ਦੇ ਆਪੇ ਤੋਂ ਭੈਅ-ਭੀਤ ਵੀ ਹੁੰਦਾ ਹੈ ਅਤੇ ਉਸ ਉਤੇ ਉਸ ਨੂੰ ਮਣਾਂ-ਮੂੰਹੀਂ ਪਿਆਰ ਵੀ ਆਉਂਦਾ ਹੈ। ਇਕ ਫਿਲਮਸਾਜ਼ ਇਸ ਤੋਂ ਵੱਧ ਆਪਣੇ ਲਈ ਹੋਰ ਮੰਗ ਵੀ ਕੀ ਸਕਦਾ ਹੈ?