ਰੂਪੀ

ਸੁਰਜੀਤ ਕੌਰ ਕਲਪਨਾ
ਉਹ ਬੜੀ ਬੇਸਬਰੀ ਨਾਲ ਫਰੰਟ ਰੂਮ ਦੇ ਜਾਲੀਦਾਰ ਪਰਦਿਆਂ ਵਿਚੋਂ ਖਿੜਕੀ ਦੇ ਬਾਹਰ ਝਾਕਦਾ, ਐਂਬੂਲੈਂਸ ਦੀ ਉਡੀਕ ਕਰ ਰਿਹਾ ਸੀ। ਐਂਬੂਲੈਂਸ ਹੁਣੇ ਆਈ ਕਿ ਆਈ। ਐਂਬੂਲੈਂਸ ਆਉਂਦਿਆਂ ਹੀ ਆਪਣੀ ‘ਜੇਠੀ ਆਸਵੰਦ ਧੀ’ ਨੂੰ ਝੱਬਦੇ ਹਸਪਤਾਲ ਪੁਜਦਾ ਕਰੂ। ਪਰ ਐਂਬੂਲੈਂਸ ਸੀ ਕਿ ਆ ਹੀ ਨਹੀਂ ਸੀ ਰਹੀ। ਉਪਰਲੇ ਬੈਡਰੂਮ ਵਿਚੋਂ ਦਰਦ ਭਰੀ ‘ਹਾਏ ਹਾਏ’ ਦੀ ਆਵਾਜ਼ ਜਿਵੇਂ ਉਸ ਦੇ ਕਾਲਜੇ ਦਾ ਰੁੱਗ ਭਰ ਕੇ ਲਈ ਜਾ ਰਹੀ ਸੀ। ਰੂਪੀ, ਉਸ ਦੀ ਜੇਠੀ ਧੀ ਦਾ ਪਤੀ ਜਿੰਦਰ ਵੀ ਆਪਣੀ ਪਤਨੀ ਦੀ ਹਾਲਤ ਦੇਖ ਕੇ ਤਰਲੋਮੱਛੀ ਹੋ ਰਿਹਾ ਸੀ। ਇਕ ਪਾਸੇ ਪੀੜਾਂ ਨਾਲ ਕਰਾਹ ਰਹੀ ਰੂਪੀ ਸੀ ਤੇ ਦੂਜੇ ਪਾਸੇ ਵ੍ਹੀਲ ਚੇਅਰ ‘ਤੇ ਬੈਠਾ ਚਿੰਤਤ ਰੂਪੀ ਦਾ ਪਿਤਾ, ਜਿੰਦਰ ਕਰੇ ਤਾਂ ਕੀ ਕਰੇ? ਐਂਬੂਲੈਂਸ ਨੇ ਪਤਾ ਨਹੀਂ ਇੰਨੀ ਦੇਰ ਕਿਉਂ ਲਾ ਦਿਤੀ!

ਰੂਪੀ ਦੇ ਪਿਤਾ ਨੇ ਆਪਣੇ ਜਵਾਈ ਜਿੰਦਰ ਦੇ ਚਿਹਰੇ ਵਲ ਵੇਖਿਆ। ਉਸ ਝਟ ਪੜ੍ਹ ਲਿਆ ਕਿ ਜਿੰਦਰ ਪਿਤਾ ਬਣਨ ਲਈ ਅਧੀਰ ਅਤੇ ਫਿਕਰਮੰਦ ਹੈ। ਉਹ ਘਬਰਾਇਆ ਕਦੇ ਪੌੜੀਆਂ ਚੜ੍ਹ ਕੇ ਉਪਰਲੇ ਕਮਰੇ ਵਿਚ ਰੂਪੀ ਨੂੰ ਦਿਲਾਸਾ ਦਿੰਦਾ ਅਤੇ ਕਦੇ ਬਾਹਰਲੇ ਦਰਵਾਜ਼ੇ ਵਲ ਝਾਕਦਾ। ਉਸ ਨੂੰ ਰੂਪੀ ਪ੍ਰਤੀ ਜਿੰਦਰ ਦੀ ਅਪਣਤ ਭਰੀ ਬੌਖਲਾਹਟ ਚੰਗੀ ਲੱਗੀ। ਆਪਣੀ ਧੀ ਦੀ ਕਦਰ, ਉਸ ਦੇ ਪਤੀ ਜਿੰਦਰ ਦੀਆਂ ਨਜ਼ਰਾਂ ਵਿਚ ਭਾਂਪਦਿਆਂ, ਉਸ ਨੂੰ ਕੁਝ ਸਕੂਨ ਜਿਹਾ ਮਿਲਿਆ। ਐਬੂਲੈਂਸ ਸੀ ਕਿ ਆ ਹੀ ਨਹੀਂ ਸੀ ਰਹੀ। ਇੰਤਜ਼ਾਰ ਕਰਨੀ ਕਿੰਨੀ ਔਖੀ ਹੋ ਗਈ ਸੀ।
ਕੰਧ ‘ਤੇ ਲੱਗੀ ਘੜੀ ਦੀਆਂ ਸੂਈਆਂ ਜਿਵੇਂ ਚਲਣਾ ਭੁਲ ਕੇ ਉਂਘਲਾ ਰਹੀਆਂ ਸਨ। ਉਸ ਦੀਆਂ ਬੇਸਬਰ ਨਜ਼ਰਾਂ ਜਿਵੇਂ ਘੜੀ ਨੂੰ ਘੂਰਦੀਆਂ ਸੁਸਤ ਘਿਸਰਦੀਆਂ ਸੂਈਆਂ ਦਾ ਮਾਤਮ ਕਰ ਰਹੀਆਂ ਸਨ। ਪੰਦਰਾਂ ਮਿੰਟ, ਪੰਦਰਾਂ ਸਾਲ ਵਾਂਗ ਬੀਤੇ। ਜਿੰਦਰ ਨੇ ਸੁਖ ਦਾ ਸਾਹ ਲਿਆ ਜਦੋਂ ‘ਐਂਬੂਲੈਂਸ ਮੈਨ’ ਨੇ ਦਰਵਾਜ਼ਾ ਖੜਕਾਇਆ। ਰੂਪੀ ਤੇ ਜਿੰਦਰ ਨੂੰ ਲੈ ਕੇ ਐਂਬੂਲੈਂਸ ਤੁਰ ਪਈ। ਉਸ ਨੂੰ ਲੱਗਾ ਕਿ ਰੂਪੀ ਦੇ ਨਾਲ ਹੀ ਉਸ ਦੀ ਜਾਨ ਚਲੀ ਗਈ ਹੋਵੇ ਅਤੇ ਉਸ ਦੀ ਸਾਹ ਸਤਹੀਣ ਲੋਥ ਵ੍ਹੀਲ ਚੇਅਰ ਉਤੇ ਰਹਿ ਗਈ ਹੋਵੇ। ਉਹੀ ਰੂਪੀ ਆਪੂੰ ਹਸਪਤਾਲ ਗਈ ਸੀ ਜਿਸ ਨੂੰ ਡਾਕਟਰ ਤੇ ਨਰਸਾਂ ‘ਤੇ ਯਕੀਨ ਨਹੀਂ ਸੀ। ਇਸੇ ਲਈ ਉਹ ਆਪਣੇ ਅਪਾਹਜ ਪਿਤਾ ਨੂੰ ਹਸਪਤਾਲ ਨਹੀਂ ਸੀ ਜਾਣ ਦਿੰਦੀ। ਘਰ ਰੱਖ ਕੇ ਆਪਣੇ ਹੱਥੀਂ ਤਨੋਂ ਮਨੋਂ ਇੰਨੀ ਸੇਵਾ ਕਰਦੀ ਕਿ ਕਈ ਵਾਰ ਉਹ ਆਪਣੇ ਆਪ ਵਿਚ ਸ਼ਰਮ ਹਯਾ ਨਾਲ ਪਾਣੀ ਪਾਣੀ ਹੋਇਆ ਰੂਪੀ ਨਾਲ ਅੱਖਾਂ ਮਿਲਾਉਣੋਂ ਵੀ ਝਿਜਕਦਾ।
ਰੂਪੀ ਬਾਲੜੀ ਉਮਰ ਵਿਚ ਹੀ ਆਪਣੀਆਂ ਨੰਨੀਆਂ-ਮੁੰਨੀਆਂ ਭੈਣਾਂ ਦੀ ਜ਼ਿੰਮੇਵਾਰੀ ਮਾਂ ਵਾਂਗ ਆਪਣੇ ਕੋਮਲ ਕੰਧਿਆਂ ‘ਤੇ ਚੁਕੀ ਫਿਰਦੀ। ਪਰ ਕਦੇ ਵੀ ਉਹਦੇ ਮੱਥੇ ਉਤੇ ਵੱਟ ਨਹੀਂ ਸੀ ਪਿਆ। ਬਚਪਨ ਤੋਂ ਜਵਾਨੀ ਵਿਚ ਉਸ ਨੇ ਕਦੋਂ ਪੈਰ ਧਰਿਆ, ਰੂਪੀ ਨੂੰ ਪਤਾ ਹੀ ਨਾ ਲੱਗਾ। ਉਸ ਵਿਚਾਰੀ ਨੂੰ ਤਾਂ ਕੰਮ ਅਤੇ ਗਮ ਤੋਂ ਬਿਨਾ ਕਦੇ ਕੁਝ ਆਪਣੇ ਬਾਰੇ ਸੋਚਣ ਦੀ ਫੁਰਸਤ ਹੀ ਨਹੀਂ ਸੀ ਮਿਲੀ। ਜਿਸ ਉਮਰੇ ਕੁੜੀਆਂ ਆਪਣੇ ਨੈਣੀਂ ਕੱਜਲ ਦੀ ਧਾਰ ਪਾਉਣੀ ਸਿੱਖਦੀਆਂ ਹਨ, ਉਸ ਉਮਰ ਤਕ ਤਾਂ ਸਮੇਂ ਦੀ ਧਾਰਾ ਨੇ ਉਸ ਨੂੰ ਘਰ ਦੀ ਪੂਰਨ ਸੁਘੜ ਸਿਆਣੀ ਬਣਾ ਦਿਤਾ ਸੀ।
ਰੂਪੀ ਨੂੰ ਜੋ ਵੀ ਵੇਖਦਾ, ਇਹੀ ਕਹਿੰਦਾ ਕਿ ਇਹ ਤਾਂ ਆਪਣੀ ਮਾਂ ਉਤੇ ਗਈ ਹੈ। ਉਸ ਦੀ ਨੁਹਾਰ, ਡੀਲ-ਡੌਲ ਅਤੇ ਕੱਦ-ਕਾਠ ਨਿਰਾ-ਪੁਰਾ ਆਪਣੀ ਮਾਂ ਵਰਗਾ ਹੀ ਸੀ। ਭੋਲੀ-ਭਾਲੀ ਨਿਰਛਲ ਮਾਸੂਮੀਅਤ ਦੀ ਸਾਖਸ਼ਾਤ ਮੂਰਤ। ਉਸ ਦੀਆਂ ਮੁਸਕਾਨਾਂ ਵਿਚੋਂ ਜਿਵੇਂ ਬਸੰਤ ਬਹਾਰ ਆਉਣ ਦਾ ਹੀਆ ਕਰਦੀ। ਬੋਲਦੀ ਤਾਂ ਕੋਮਲ ਜਿਹੇ ਸੋਹਲ ਕਲੀਆਂ ਵਰਗੇ ਹੋਠ ਜਿਵੇਂ ਕੋਈ ਸੰਗੀਤ ਛੋਂਹਦੇ ਮੋਤੀ ਬਿਖੇਰਦੇ। ਉਹ ਸਿਰਫ ਨਾਂ ਦੀ ਹੀ ਰੂਪੀ ਨਹੀਂ ਸੀ, ਉਹ ਤਾਂ ਅਰਸ਼ੋਂ ਉਤਰੀ ਕੋਈ ਦੇਵੀ ਵਾਂਗ ਰੂਪ ਦਾ ਭੰਡਾਰ ਸੀ। ਨਾਗਣ ਕਾਲੀਆਂ ਜ਼ੁਲਫਾਂ, ਸਾਵਣ ਭਾਦਰੋਂ ਦੀ ਉਠਦੀ ਕਾਲੀ ਘਟਾ ਨੂੰ ਮਾਤ ਪਾਉਂਦੀਆਂ। ਰੂਪੀ ਦੀ ਸ਼ਕਲ ਦੇ ਆਇਨੇ ਵਿਚ, ਪਾਰਬਤੀ ਦਾ ਅਕਸ ਵੇਖਦਿਆਂ ਹੀ ਉਸ ਦੀ ਵ੍ਹੀਲ ਚੇਅਰ ਦੇ ਵ੍ਹੀਲ ਥਾਂ ਹੀ ਜਾਮ ਹੋ ਗਏ। ਉਸ ਦੀ ਨੀਝ ਸਲੇਟੀ ਰੰਗ ਦੀ ਸੁਰਮਈ ਜਿਹੀ ਸੁੰਨੀ ਸੜਕ ਨੂੰ ਵਿਹੰਦਿਆਂ ਉਚੀਆਂ ਨੀਵੀਆਂ ਕਾਲੀ ਲੁਕ ਵਿਚ ਖੁਭੀਆਂ ਬਜਰੀ ਦੀਆਂ ਬੱਟੀਆਂ ਵਾਂਗ ਵਿਚੇ ਹੀ ਗੁੰਮ ਗਈ।
ਪਾਰਬਤੀ, ਉਸ ਦੀ ਪਤਨੀ, ਜਿਸ ਦੀ ਜੁਦਾਈ ਉਸ ਨੂੰ ਜਲ ਬਿਨ ਮਛਲੀ ਵਾਂਗ ਤੜਫਾਉਂਦੀ ਸੀ, ਉਹ ਉਸ ਦੇ ਪਰੀ ਵਰਗੇ ਹੁਸਨ ਉਤੇ ਸਦਕੇ ਜਾਂਦਾ ਸੀ, ਵੇਖ ਵੇਖ ਨਾ ਰਜਦਾ। ਪਾਰਬਤੀ ਦੇ ਮ੍ਰਿਗ ਨੈਣਾਂ ਦੀ ਸ਼ਰਾਬ ਭਰੇ ਪਿਆਲਿਆਂ ਵਿਚੋਂ ਜਾਮ ਪੀ ਜਾਣਾ ਚਾਹੁੰਦਾ ਵੀ, ਉਸ ਦੀਆਂ ਰੇਸ਼ਮੀ ਜ਼ੁਲਫਾਂ ਵਿਚ ਜਿਵੇਂ ਕੈਦ ਹੋ ਗਿਆ ਸੀ। ਪਾਰਬਤੀ ਦੇ ਪੈਰ ਭਾਰੇ ਹੋਣ ‘ਤੇ ਉਸ ਦਾ ਚਾਅ ਨਾ ਥੰਮਦਾ। ਉਹ ਉਸੇ ਪਲ ਤੋਂ ਮੱਖਣ ਦੇ ਪੇੜੇ ਵਰਗੇ ਗੋਭਲ੍ਹ ਜਿਹੇ ਪੁੱਤਰ ਦਾ ਕਿਆਸ ਕਰਦਾ ਖੁਆਬ ਵੇਖਦਾ।
‘ਜੇ ਭਲਾ ਆਪ ਦੀ ਆਸ ਦੇ ਉਲਟ ਪੁੱਤਰ ਦੀ ਥਾਂ ਧੀ ਆ ਗਈ ਤਾਂ ਫਿਰ…? ਪਾਰਬਤੀ ਉਸ ਦੀ ਖੁਸ਼ੀ ਨੂੰ ਮਹਿਸੂਸ ਕਰਦਿਆਂ ਡਰਦੀ ਪੁਛਦੀ। ਫਿਰ ਆਪ ਹੀ ਉਸ ਦੇ ਚਿਹਰੇ ਵੱਲ ਟਿਕਟਿਕੀ ਲਾ ਕੇ ਉਸ ਦੇ ਹਾਵ-ਭਾਵ ਦੇਖਣ ਲਗਦੀ। ‘ਇਹ ਨਹੀਂ ਹੋ ਸਕਦਾ। ਮੇਰੇ ਘਰ ਰਾਜ ਦੁਲਾਰਾ ਪੁੱਤ ਪਧਾਰੇਗਾ, ਤੂੰ ਦੇਖੀਂ ਤਾਂ ਸਹੀ!’ ਉਸ ਦੇ ਮੂੰਹ ਉਤੇ ਲਾਲੀ ਭਰੀ ਮੁਸਕਾਨ ਟੱਲੀ ਵਾਂਗ ਟਾਹ ਟਾਹ ਕਰਦੀ।
ਅੰਤ ਉਸ ਪਲ ਨੇ ਆਣ ਬੂਹੇ ਉਤੇ ਦਸਤਕ ਦਿੱਤੀ ਜਿਸ ਦੀ ਉਹ ਬੇਚੈਨੀ ਨਾਲ ਉਡੀਕ ਕਰ ਰਿਹਾ ਸੀ। ਪਾਰਬਤੀ ਦੇ ਇਕ ਇਕ ਸਾਹ ਨੂੰ ਉਹ ਕੰਨ ਲਾ ਕੇ ਸੁਣ ਰਿਹਾ ਸੀ। ਹਸਪਤਾਲ ਦੇ ਖਾਲੀ ਬੈਂਚ ਉਤੇ ਬੈਠਿਆਂ ਉਸ ਦੇ ਕੰਨੀਂ ‘ਕੌਂਗਰੈਚੂਲੇਸ਼ਨਜ਼’ ਦੀਆਂ ਆਵਾਜ਼ਾਂ ਮੰਦਿਰ ਦੀਆਂ ਟੁਣਕਦੀਆਂ ਟਲੀਆਂ ਵਾਂਗ ਅਗੰਮੋਂ ਸੁਣਾਈ ਦੇਣ ਲੱਗੀਆਂ। ਉਹ ਗੱਜ-ਵੱਜ ਕੇ ਪਾਰਟੀ ਕਰੇਗਾ, ਭੰਗੜੇ ਪੈਣਗੇ। ਉਸ ਜਾਗਦੇ ਹੀ ਜਿਵੇਂ ਸੁਪਨੇ ਦੇਖ ਰਹੇ ਨੂੰ, ਇਕ ਛਮਕ ਛੱਲੋ ਜਿਹੀ ਸੁੰਦਰ ਨਢੀ ਨਰਸ ਨੇ ‘ਕੌਂਗਰੈਚੂਲੇਸ਼ਨਜ਼’ ਆਣ ਕਹੀ। ਉਹ ਜਿਵੇਂ ਨੀਂਦ ਵਿਚ ਉਭੜਵਾਹਿਆ ਜਾਗਿਆ ਹੋਵੇ। ਚਾਅ ਨਾਲ ਉਸ ਦਾ ਚਿਹਰਾ ਗੁਲਾਬ ਦੇ ਫੁਲ ਵਾਂਗ ਖਿੜ ਗਿਆ ਜਿਵੇਂ ਕੋਈ ਅਣਮੁਲਾ ਖਜ਼ਾਨਾ ਨਸੀਬ ਹੋਇਆ ਹੋਵੇ। ਉਸ ਨੂੰ ਖੁਸ਼ੀ ਵਿਚ ਕੁਝ ਸੁਝ ਹੀ ਨਹੀਂ ਸੀ ਰਿਹਾ। ਉਸ ਮਸਾਂ ਹੀ ‘ਥੈਂਕ ਯੂ’ ਕਿਹਾ।
‘ਯੂਅਰ ਬੇਬੀ ਗਰਲ ਇਜ਼ ਸੋ ਸਵੀਟ, ਸੋ ਬਿਊਟੀਫੁੱਲ, ਸੋ ਹੈਲਦੀ, ਏ ਲਿਟਲ ਏਂਜਲ’, ਨਰਸ ਨੇ ਉਸ ਦੇ ਹਸੂੰ ਹਸੂੰ ਕਰਦੇ ਡੁਲ੍ਹ ਡੁਲ੍ਹ ਪੈਂਦੇ ਚਿਹਰੇ ਨੂੰ ਤਾੜਦਿਆਂ, ਬੱਚੀ ਦੀਆਂ ਸਿਫਤਾਂ ਦੇ ਪੁਲ ਬੰਨ੍ਹ ਦਿਤੇ। ‘ਵੱਟ੍ਹ? ਵੱਟ੍ਹ? ਮਾਈ ਬੇਬੀ ਇਜ਼ ਏ ਗਰਲ? ਆਰ ਯੂ ਸ਼ੋਅਰ?’ ਇਕ ਦਮ ਹੀ ਉਸ ਦੇ ਚਿਹਰੇ ਦੀ ਲਾਲੀ ਕਿਤੇ ਉਡ ਗਈ ਤੇ ਉਸ ਨੇ ਹੈਰਾਨੀ ਭਰੀ ਨਜ਼ਰ ਨਰਸ ਦੇ ਚਿਹਰੇ ‘ਤੇ ਸੁੱਟਦਿਆਂ ਪੁਛਿਆ। ‘ਯੈਸ ਮਿਸਟਰ’ ਕਹਿੰਦਿਆਂ ਨਰਸ ਵੀ ਉਸ ਦੇ ਬਦਲਦੇ ਚਿਹਰੇ ਨੂੰ ਵੇਖ ਜਾਣ ਗਈ ਸੀ ਕਿ ਏਸ਼ੀਆਈ ਲੋਕ ਧੀਆਂ ਦੇ ਜੰਮਣ ਸਮੇਂ ਖੁਸ਼ੀ ਦੀ ਥਾਂ ਮਾਤਮ ਮਨਾਉਂਦੇ ਹਨ। ਉਸ ਨੇ ਸੁਣਿਆ ਹੋਇਆ ਸੀ, ਅੱਜ ਆਪਣੇ ਅੱਖੀਂ ਦੇਖ ਲਿਆ ਸੀ। ‘ਨਾਉ ਯੂ ਕੈਨ ਸੀ ਯੂਅਰ ਲਵਲੀ ਡੌਟਰ ਐਂਡ ਵਾਈਫ’, ਨਰਸ ਨੇ ਕਿਹਾ ਅਤੇ ਉਥੋਂ ਤੁਰ ਪਈ।
ਉਸ ਨੂੰ ਲੱਗਾ ਜਿਵੇਂ ਨਰਸ ਨੇ ਉਸ ਨੂੰ ਪਤੰਗ ਵਾਂਗ ਅਸਮਾਨ ਵਿਚ ਉਡਾ ਕੇ ਮੁੜ ਡੋਰ ਕੱਟਦਿਆਂ, ਹੇਠਾਂ ਪਟਕਾ ਮਾਰਿਆ ਹੋਵੇ। ਉਸ ਦੀਆਂ ਰਾਂਗਲੀਆਂ ਸੱਧਰਾਂ ਦਾ ਖੂਨ ਇਕੋ ਹੀ ਵਾਰ ਨਾਲ ਕਰ ਦਿਤਾ ਹੋਵੇ। ਉਹ ਬੇਬਾਕ ਸੀ, ਜਿਵੇਂ ਉਸ ਦੀ ਜੀਭ ਘੰਡੀ ਤੋਂ ਹੇਠਾਂ ਉਤਰ ਗਈ ਹੋਵੇ ਅਤੇ ਮੋਰ ਵਾਂਗ ਪੈਲਾਂ ਪਾਉਂਦੀ ਖੁਸ਼ੀ ਕਿਸੇ ਨੇ ਚੁਰਾ ਲਈ ਹੋਵੇ। ਜਿਵੇਂ ਉਸ ਦੇ ਸਿਰ ਵਿਚ ਸੌ ਘੜੇ ਠੰਡਾ ਪਾਣੀ ਪਾ ਦਿਤਾ ਹੋਵੇ। ਉਹ ਛਿੱਥਾ ਜਿਹਾ ਪੈ ਕੇ ਪੈਰ ਘੜੀਸਣ ਲੱਗਾ ਜਿਵੇਂ ਨਰਸ ਨੇ ਉਸ ਨੂੰ ਭਬੰਤਰੀ ਲਾ ਦਿਤੀ ਹੋਵੇ। ਉਸ ਨੇ ਉਦਾਸ ਲੰਬਾ ਹਉਕਾ ਲਿਆ ਤੇ ਪਾਰਬਤੀ ਨੂੰ ਵੇਖ ਕੇ ਮੁੜ ਆਇਆ। ਪਰ ਉਸ ਤੋਂ ਆਪਣੀ ਬੱਚੀ ਵੱਲ ਨਿਗਾਹ ਭਰ ਕੇ ਦੇਖਿਆ ਵੀ ਨਾ ਗਿਆ।
ਰੱਬ ਦਾ ਸ਼ੁਕਰ ਕੀਤਾ, ਮਸਾਂ ਹੀ ਉਸ ਦਾ ਮਨ ਟਿਕਾਣੇ ਆਇਆ। ਭਵਿਖ ਵਿਚੋਂ ਜਿਵੇਂ ਉਸ ਫਿਰ ਕਿਸੇ ਨਵੀਂ ਆਸ ਦਾ ਲੜ ਫੜਿਆ ਹੋਵੇ। ਵਰਤਮਾਨ ਨੂੰ ਭੁਲ ਉਹ ਆਉਣ ਵਾਲੇ ਸੁਨਹਿਰੀ ਕਲ੍ਹ ਦੀ ਆਸ ਵਿਚ ਜਿਉਣ ਲੱਗਾ। ਪਰ ਫਿਰ ਵੀ ਦੋ ਸਾਲਾਂ ਦੇ ਫਰਕ ਨਾਲ ਤਿੰਨ ਧੀਆਂ ਨੇ ਹੀ ਜਨਮ ਲਿਆ। ਅਖੀਰਲੀ ਵਾਰੀ ਤਾਂ ਉਸ ਅਰਜੋਈਆਂ ਕੀਤੀਆਂ, ਸੁਖਣਾਂ ਸੁਖੀਆਂ। ਪਰ ਪੱਥਰ ‘ਤੇ ਪੱਥਰ ਹੀ ਡਿਗਦੇ ਰਹੇ। ਇਸ ਵਾਰ ਤਾਂ ਜਿਵੇਂ ਕਹਿਰ ਦਾ ਪਹਾੜ ਹੀ ਉਸ ਉਤੇ ਡਿਗ ਪਿਆ ਹੋਵੇ। ਪਾਰਬਤੀ ਨੂੰ ਉਹ ਹਸਪਤਾਲ ਛੱਡ ਜ਼ਰੂਰ ਆਇਆ ਸੀ ਪਰ ਮੁੜ ਉਹ ਬੱਚੀ ਪੈਦਾ ਹੋਣ ਤੋਂ ਬਾਅਦ ਉਸ ਦੀ ਜਿਉਂਦੀ-ਮੋਈ ਦੀ ਖਬਰ ਲੈਣ ਤਕ ਨਹੀਂ ਸੀ ਗਿਆ।
ਪਾਰਬਤੀ ਟੈਕਸੀ ਕਰਕੇ ਬੱਚੀ ਨੂੰ ਕੁਛੜ ਚੁੱਕੀ ਭਰੇ ਦਿਲ ਨਾਲ ਘਰ ਆਈ। ਉਸ ਦਾ ਉਤਰਿਆ ਚਿਹਰਾ ਵੇਖ ਕੇ ਉਸ ਆਉਂਦਿਆਂ ਹੀ ਘਰ ਦਾ ਸਾਰਾ ਕੰਮ ਕਰਨਾ ਸ਼ੁਰੂ ਕਰ ਦਿਤਾ। ਘਰ ਆਈ ਪਾਰਬਤੀ ਨੂੰ ਉਸ ਝੂਠੇ-ਸੱਚਿਉਂ ਬੁਲਾਇਆ ਤਕ ਨਹੀਂ ਸੀ। ਪੱਥਰਾਂ ਦੀ ਭੀੜ ਵਿਚ ਉਸ ਨੂੰ ਉਹ ਵੀ ਇਕ ਪੱਥਰ ਹੀ ਲਗਦੀ ਸੀ। ਹੌਲੀ ਹੌਲੀ ਉਸ ਦੀ ਹੋਂਦ ਵੀ ਕਿਧਰੇ ਉਨ੍ਹਾਂ ਵਿਚ ਹੀ ਗੁੰਮ ਗਈ। ਉਸ ਨੂੰ ਆਸ ਦੀ ਕਿਰਨ ਹੁਣ ਭਵਿੱਖ ਦੇ ਘੋਰ ਅੰਧੇਰੇ ਵਿਚੋਂ, ਲੈਂਪ ਦੇ ਤੇਲ ਮੁਕਣ ਵਾਂਗ ਮੁਕਦੀ ਲਗਦੀ ਸੀ। ਪੁੱਤਰ ਭਾਲਦਿਆਂ-ਭਾਲਦਿਆਂ ਉਸ ਦਾ ਧੀਆਂ ਨਾਲ ਵਿਹੜਾ ਭਰ ਗਿਆ ਸੀ। ਉਹ ਪਾਰਬਤੀ ਤੋਂ ਇੰਜ ਦੂਰ ਰਹਿੰਦਾ ਜਿਵੇਂ ਉਹ ਕਿਸੇ ਛੂਤ ਦੀ ਬਿਮਾਰੀ ਦੀ ਸ਼ਿਕਾਰ ਹੋਵੇ। ਬੱਚੀਆਂ ਤਾਂ ਉਸ ਨੂੰ ਲੇਹ ਦੇ ਕੰਡਿਆਂ ਵਾਂਗ ਚੁਭਦੀਆਂ। ਉਨ੍ਹਾਂ ਨੂੰ ਵੇਖਦਿਆਂ ਹੀ ਉਸ ਦਾ ਦਿਲ ਲੀਰੋ ਲੀਰ ਹੋ ਜਾਂਦਾ।
ਉਸ ਲਈ ਧੀਆਂ ਪੱਥਰਾਂ ਨਿਆਈਂ ਸਨ ਪਰ ਮਾਂ ਦੀਆਂ ਤਾਂ ਉਹ ਆਦਰਾਂ, ਆਪਣੇ ਲਹੂ ਮਾਸ ਦੀਆਂ ਬੋਟੀਆਂ ਸਨ। ਉਹ ਚਿੜੀਆਂ ਦੇ ਬੋਟਾਂ ਵਾਂਗ ਉਨ੍ਹਾਂ ਨੂੰ ਖੁਆਉਂਦੀ ਪਿਲਾਉਂਦੀ। ਕਦੀ ਹਿਕ ਨਾਲ ਲਾ ਕੇ ਆਪੇ ਹੀ ਸੋਚਦੀ, ਕਿਤੇ ਤੁਹਾਡੇ ਵਿਚੋਂ ਇਕ ਵੀ ਪੁੱਤਰ ਬਣ ਕੇ ਆਉਂਦੀ! ਫਿਰ ਠੰਡਾ ਹਉਕਾ ਭਰਦੀ ਆਪਣੇ ਘਰ ਦੇ ਕੰਮ ਵਿਚ ਜੁਟ ਜਾਂਦੀ। ਉਹ ਤਾਂ ਇਸ ਚੀਂਗੜ ਬੋਟ ਦੇ ਮੱਥੇ ਲੱਗਣੋਂ ਵੀ ਕਤਰਾਉਂਦਾ, ਰਾਤ ਵੇਲੇ ਫਿਸ਼ ਚਿਪਸ ਹੀ ਖਾ ਕੇ ਨਸ਼ੇ ਵਿਚ ਧੁਤ, ਖਾੜ ਖਾੜ ਬੂਹੇ ਭੰਨਦਾ ਸਿਧਾ ਬਿਸਤਰੇ ਵਿਚ ਜਾ ਵੜਦਾ। ਜਿਵੇਂ ਕਿਸੇ ਨਾਲ ਉਸ ਦਾ ਕੋਈ ਵਾਸਤਾ ਹੀ ਨਾ ਹੋਵੇ।
ਪਾਰਬਤੀ ਝੂਰਦੀ, ਦਿਨ-ਰਾਤ ਆਪਣਾ ਆਪ ਖਪਾਉਂਦੀ ਰਹਿੰਦੀ। ਆਪਣੇ ਸਾਜਨ ਦੇ ਐਸੇ ਰੁੱਖੇ ਵਤੀਰੇ ਬਾਰੇ ਤਾਂ ਉਸ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ। ਉਸ ਨੂੰ ਐਸਾ ਬੇਇਲਾਜਾ ਘੁਣ ਲੱਗਾ ਕਿ ਉਸ ਦੀ ਕੁੰਦਨ ਵਰਗੀ ਦੇਹੀ ਦਿਨਾਂ ਵਿਚ ਹੀ ਅੰਦਰੋਂ ਅੰਦਰੀ ਨਿਘਰਨ ਲੱਗੀ। ਸੋਚ ਸੋਚ ਉਸ ਦਾ ਦਰਦ ਨਾਲ ਮੱਥਾ ਫਟਦਾ, ਸਿਰ ਵਿਚ ਜਿਵੇਂ ਹਥੌੜੇ ਪੈਂਦੇ। ਗੋਲੀਆਂ ਖਾ ਖਾ ਹੈਰਾਨ ਹੋ ਜਾਂਦੀ। ਦੋਹੀਂ ਹੱਥੀਂ ਆਪਣਾ ਸਿਰ ਨੱਪਦੀ। ਵੱਡੀ ਪਲੇਠੀ ਦੀ ਧੀ ਰੂਪੀ, ਮਾਂ ਨੂੰ ਦਰਦ ਵਿਚ ਦੇਖਦੀ ਅਤੇ ਆਪਣੀਆਂ ਅੱਖਾਂ ਵਿਚ ਅੱਥਰੂ ਭਰ ਕੇ ਆਪਣੇ ਨਿੱਕੇ ਹੱਥੀਂ ਮਾਂ ਦਾ ਸਿਰ ਘੁਟਦੀ। ਉਸ ਦੀ ਕੋਮਲ ਜਿਹੀ ਸੂਰਤ ਮਾਂ ਨੂੰ ਹੋਰ ਵੀ ਲਾਡਲੀ ਲਗਦੀ। ਆਪਣੇ ਦਿਲ ਦੇ ਟੁਕੜੇ ਨੂੰ ਹਿਰਦੇ ਨਾਲ ਘੁਟ ਲੈਂਦੀ। ਉਸ ਦੀ ਹੂਕ ਜਿਹੀ ਨਿਕਲ ਜਾਂਦੀ।
ਪਾਰਬਤੀ ਨਿਕਰਮਣ ਕੀ ਜਾਣੇ ਕਿ ਮੰਗਿਆਂ ਤਾਂ ਮੌਤ ਵੀ ਨਹੀਂ ਮਿਲਦੀ ਤੇ ਉਸ ਨੂੰ ਜ਼ਿੰਦਗੀ ਕਿਵੇਂ ਮਿਲੂ? ਕੱਚੇ ਰੰਗਾਂ ਵਾਂਗ ਉਸ ਦਾ ਡੁਲ੍ਹ ਡੁਲ੍ਹ ਪੈਂਦਾ ਜੋਬਨ ਦਿਨਾਂ ਵਿਚ ਹੀ ਖੁਰ ਗਿਆ। ਪਤੀ ਦੇ ਬੋਲ ਕਦੇ ਅੰਮ੍ਰਿਤ ਵਰਸਾਉਂਦੇ ਸਨ, ਹੁਣ ਜ਼ਹਿਰ ਭਰੇ ਤੀਰਾਂ ਵਾਂਗ ਸੀਨਾ ਚੀਰਦੇ ਲੰਘ ਜਾਂਦੇ। ਉਸ ਦੇ ਆਉਣ ਤੋਂ ਪਹਿਲਾਂ ਉਹ ਬਥੇਰਾ ਕੋਸ਼ਿਸ਼ ਕਰਦੀ ਕਿ ਬੱਚੀਆਂ ਨੂੰ ਸੁਆ ਦੇਵੇ ਪਰ ਫਿਰ ਵੀ ਕੋਈ ਜਾਗਦੀ ਹੁੰਦੀ, ਰੋਂਦੀ ਹੁੰਦੀ। ‘ਇੱਟਾਂ ਪੱਥਰਾਂ ਨਾਲ ਮੇਰਾ ਘਰ ਭਰ ਦਿਤਾ। ਟੈਂ ਟੈਂ ਲੁਆ ਰੱਖੀ ਐ। ਰਾਤ ਵੇਲੇ ਵੀ ਇਨ੍ਹਾਂ ਨੂੰ ਮੌਤ ਨਹੀਂ ਪੈਂਦੀ’, ਉਹ ਖਿਝਦਾ ਸੜੂੰ ਸੜੂੰ ਕਰਦਾ, ਨਫਰਤ ਦੀ ਮੋਹਲੇਧਾਰ ਕਰਦਾ ਪਤਾ ਨਹੀਂ ਦਿਲੋਂ ਕਿੰਨਾ ਕੁ ਦੂਰ ਹੋ ਗਿਆ ਸੀ। ‘ਪੱਥਰਾਂ ਦੀ ਥਾਂ ਤੂੰ ਮੇਰੀ ਝੋਲੀ ਲਾਲ ਜਵਾਹਰ ਪਾ ਦਿੰਦਾ, ਮੈਂ ਕਦੋਂ ਨਾਂਹ ਕੀਤੀ ਸੀ। ਇਹ ਵੀ ਤੇਰੀ ਹੀ ਕੀਤੀ ਹੋਈ ਬਖਸ਼ਿਸ਼ ਹੈ’, ਪਾਰਬਤੀ ਦੀ ਆਤਮਾ ਅੰਦਰੋਂ ਅੰਦਰੀ ਸੋਚਦੀ ਰਹਿੰਦੀ। ਪਰ ਦੰਦ ਮੋਤੀਆਂ ਨੂੰ ਹੋਠਾਂ ਹੇਠਾਂ ਸਾਂਭ, ਉਹ ਮੂੰਹ ਤੇ ਚੁਪ ਦੀ ਪੱਟੀ ਬੰਨ੍ਹੀ ਰੱਖਦੀ।
ਆਥਣ ਵੇਲੇ ਇਕ ਦਿਨ ਜਦ ਉਹ ਪਬ ਨੂੰ ਜਾਣ ਲਈ ਤਿਆਰ ਹੋ ਰਿਹਾ ਸੀ ਤਾਂ ਉਸ ਹੌਸਲਾ ਕਰਕੇ ਕਿਹਾ: ‘ਮੇਰਾ ਕਈ ਦਿਨਾਂ ਤੋਂ ਸਿਰ ਪਾਟ ਰਿਹੈ, ਮੈਂ ਗੋਲੀਆਂ ਖਾ ਖਾ ਅੱਕ ਗਈ ਹਾਂ। ਜੇ ਇਨ੍ਹਾਂ ਪਾਸ ਘੜੀ ਪਲ ਬੈਠੋ ਤਾਂ ਮੈਂ ਜ਼ਰਾ ਲੇਟ ਲਵਾਂ!’ ਪਾਰਬਤੀ ਨੇ ਸਹਿਮੀ ਜਿਹੀ ਆਵਾਜ਼ ਵਿਚ ਤਰਲਾ ਮਾਰਿਆ। ‘ਤੂੰ ਇਨ੍ਹਾਂ ਨੂੰ ਖਾਹ, ਇਹ ਤੈਨੂੰ ਖਾਣ, ਮੈਂ ਇਨ੍ਹਾਂ ਦੀ ਚੈਂ ਚੈਂ ਨਹੀਂ ਸੁਣਨੀ’, ਉਸ ਪਾਰਬਤੀ ਦੇ ਤਰਲੇ ਨੂੰ ਕਰੋਧ ਦਾ ਠੁਡਾ ਮਾਰਦਿਆਂ ਬਾਹਰ ਦਾ ਦਰਵਾਜ਼ਾ ਬੰਦ ਕਰ ਦਿਤਾ ਅਤੇ ਪਿਛੇ ਮੁੜ ਕੇ ਨਾ ਵੇਖਿਆ।
ਪਾਰਬਤੀ ਪਾਸੋਂ ਖੜੋਤਾ ਨਾ ਗਿਆ। ਉਸ ਸਿਰਦਰਦ ਦੀਆਂ ਗੋਲੀਆਂ ਦੀ ਅਧੀ ਸ਼ੀਸ਼ੀ ਖਤਮ ਕਰ ਦਿਤੀ ਸੀ। ਉਸ ਦੀਆਂ ਅੱਖਾਂ ਵਿਚੋਂ ਹਿਰਖ, ਦਰਦ ਅਤੇ ਬੱਚੀਆਂ ਲਈ ਮਮਤਾ ਭਰੇ ਹੰਝੂ ਨਿਕਲ ਆਏ। ਕਦੇ ਉਹ ਸੋਚਦੀ ਕਿ ਹਸਪਤਾਲ ਜਾਵਾਂ ਤਾਂ ਇਨ੍ਹਾਂ ਦਾ ਕੀ ਹੋਊ। ਰੂਪੀ ਨੱਸ ਕੇ ਮਾਂ ਦੇ ਗਲੇ ਆਣ ਲੱਗੀ ਤੇ ਉਸ ਦਾ ਸਿਰ ਦਬਣ ਲੱਗੀ। ‘ਮੰਮੀ ਪਾਣੀ ਲਿਆਵਾਂ, ਗੋਲੀ ਕਾ ਲਵੋ’ ਰੂਪੀ ਦੇ ਪਿਆਰ ਭਰੇ ਬੋਲ ਸਨ। ਰੂਪੀ ਦੇ ਬੋਲ ਸੁਣ ਕੇ ਉਸ ਦਾ ਦਿਲ ਮੋਮ ਵਾਂਗ ਪਿਘਲ ਕੇ ਵਹਿ ਤੁਰਿਆ। ਰੂਪੀ ਨੂੰ ਅਨੋਖੀ ਜਿਹੀ ਤਕਣੀ ਤਕਦਿਆਂ ਉਸ ਕਿਹਾ, ‘ਜੇ ਮੈਨੂੰ ਕੁਸ਼ ਹੋ ਗਿਆ ਤਾਂ ਤੁਹਾਨੂੰ ਕੌਣ ਕਾਲਜੇ ਲਾਊ?’ ਬੱਚੀਆਂ ਨੂੰ ਕੁਝ ਖੁਆਣ ਲਈ ਸੋਚਦਿਆਂ ਹਿੰਮਤ ਕਰਕੇ ਉਸ ਖੜੀ ਹੋਣ ਦਾ ਯਤਨ ਕੀਤਾ। ਪਰ ਐਸਾ ਜ਼ੋਰ ਦਾ ਚੱਕਰ ਆਇਆ ਕਿ ਉਹ ਥਾਏਂ ਹੀ ਡਿਗ ਪਈ। ਰੂਪੀ ਭੈਅ ਭੀਤ ਹੋਈ ਕੰਬਣ ਲੱਗੀ। ਨਿਕੀਆਂ ਨੇ ਡਰਦਿਆਂ ਮਾਂ ਨੂੰ ਚੰਬੜ ਕੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿਤੀਆਂ।
ਘਾਬਰੀ ਰੂਪੀ ਗੁੰਮ ਸੁੰਮ ਹੋਈ ਮਾਂ ਨੂੰ ਡਿਗੀ ਨੂੰ ਵੇਖਦੀ ਰਹੀ। ਉਹ ਦੇਰ ਨਾਲ ਪਬ ਤੋਂ ਮੁੜਿਆ। ਬੂਹੇ ਨੂੰ ਚਾਬੀ ਲਾਉਂਦਿਆਂ, ਬੱਚੀਆਂ ਦਾ ਰੋਣਾ ਸੁਣ ਕੇ ਉਸ ਦੇ ਮੂੰਹੋਂ ਅੰਗਾਰ ਵਰ੍ਹਨ ਲੱਗੇ, ‘ਕੀਹਨੂੰ ਕੀਰਨੇ ਪਾਉਂਦੀਆਂ ਹੋ, ਕੀ ਤੁਹਾਡੀ ਮਾਂ ਮਰ ਗਈ? ਕਿਥੇ ਉਜੜੀ ਹੈ ਇਸ ਵੇਲੇ? ਕਿਹੜਾ ਤੁਹਾਨੂੰ ਸੱਪ ਲੜ ਗਿਆ?’ ਉਸ ਦੇ ਡਾਇਨਿੰਗ ਰੂਮ ਵਿਚ ਵੜ੍ਹਦਿਆਂ ਹੀ ਬੱਚੀਆਂ ਦੇ ਸਾਹ ਸੂਤੇ ਗਏ। ਛੋਟੀਆਂ ਮਾਂ ਨੂੰ ਛਡ ਕੇ ਰੂਪੀ ਦੁਆਲੇ ਝੁਰਮਟ ਪਾ ਕੇ ਖੜ੍ਹ ਗਈਆਂ। ‘ਇਹ ਤੀਵੀਂ ਵੀ ਨਵੇਂ ਹੀ ਢਕਵੰਜ ਘੜਦੀ ਆ। ਕਦੀ ਸਿਰ ਦਾ ਨਖਰਾ, ਕਦੇ ਕੋਈ ਨਵਾਂ ਚਲਿਤਰ!’ ਉਸ ਡਿੱਗੀ ਪਾਰਬਤੀ ਨੂੰ ਬੜੇ ਬੇਰਹਿਮ ਹੱਥਾਂ ਨਾਲ ਝੰਜੋੜਿਆ। ਠੰਡਾ ਪਾਣੀ ਉਸ ਦੇ ਮੂੰਹ ਉਤੇ ਡੋਲ੍ਹਿਆ। ਪਰ ਉਹ ਟਸ ਤੋਂ ਮਸ ਨਾ ਹੋਈ। ਉਸ ਨੇ ਅੱਕ ਕੇ ਐਂਬੂਲੈਂਸ ਬੁਲਾ ਲਈ ਪਰ ਉਸ ਦਾ ਖੇਖਣਾਂ ਵਾਲਾ ਸ਼ਕ ਹੁਣ ਕੁਝ ਅਸਲੀਅਤ ਵਿਚ ਬਦਲਣ ਲੱਗਾ।
ਪਾਰਬਤੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਠੰਡੀ ਨੀਂਦੇ ਸੌਂ ਗਈ। ਥੋੜੀ ਦੇਰ ਬਾਦ ਇਕ ਡਾਕਟਰ ਨੇ ਨੀਵੀਂ ਪਾਈ, ਮੂੰਹ ਲਟਕਾਈ ਉਸ ਦੇ ਮੋਢੇ ‘ਤੇ ਹੱਥ ਰੱਖਦਿਆਂ ਕਿਹਾ, ‘ਸੌਰੀ ਸਰ, ਵੀ ਕਾਂਟ ਸੇਵ ਯੂਅਰ ਵਾਈਫ। ਸ਼ੀ ਹੈਡ ਬਰੇਨ ਹੈਮਰੇਜ, ਯੂ ਕੈਨ ਸੀ ਹਰ’ ਕਹਿ ਕੇ ਡਾਕਟਰ ਅਗੇ ਵਲ ਨੂੰ ਤੁਰ ਗਿਆ ਤੇ ਉਹ ਪਿਛੇ ਪਿਛੇ। ਡਾਕਟਰ ਨੇ ਪਾਰਬਤੀ ਦੇ ਮੂੰਹ ਤੋਂ ਚਿੱਟਾ ਕਪੜਾ ਚੁਕ ਦਿਤਾ। ਉਹ ਗੂੜ੍ਹੀ ਨੀਂਦੇ ਸੁੱਤੀ ਪਈ ਸੀ। ਉਹ ਪੱਥਰ ਦਾ ਬੁਤ ਬਣਿਆ ਉਸ ਦੀ ਬਾਹੀ ਫੜ ਕੇ ਖੜਾ ਉਸ ਦੇ ਪੀਲੇ ਭੂਕ ਚਿਹਰੇ ਵਲ ਇੰਜ ਤਕ ਰਿਹਾ ਸੀ ਜਿਵੇਂ ਬਹੁਤ ਦਿਨਾਂ ਬਾਅਦ ਅਜ ਫਿਰ ਉਸ ਨੂੰ ਮਿਲਿਆ ਹੋਵੇ।
ਉਸ ਨੂੰ ਲੱਗਾ ਜਿਵੇਂ ਉਹ ਉਸ ਅਗੇ ਤਰਲਾ ਪਾ ਕੇ ਕਹਿ ਰਹੀ ਹੋਵੇ, ‘ਭਲਿਆ ਲੋਕਾ, ਹੁਣ ਪਲ ਭਰ ਨਹੀਂ, ਸਦਾ ਲਈ ਸਾਂਭੇਂਗਾ। ਤੇਰੇ ਲਈ ਤਾਂ ਇਹ ਪੱਥਰ ਹੀ ਹਨ ਪਰ ਮੇਰੀਆਂ ਇਹ ਆਂਦਰਾਂ ਹਨ। ਵਾਸਤਾ ਈ ਰੱਬ ਦਾ, ਇਨ੍ਹਾਂ ਕੰਜਕਾਂ ਨੂੰ ਨਾ ਰੋਲੀਂ!’ ਹਾਲੇ ਵੀ ਉਸ ਦੀ ਜਿਵੇਂ ਆਤਮਾ ਰਹਿਮ ਦੀ ਭੀਖ ਮੰਗ ਰਹੀ ਹੋਵੇ। ਡਾਕਟਰ ਨੇ ਮੁੜ ਮੂੰਹ ਕਜ ਦਿਤਾ ਤੇ ਉਸ ਨੂੰ ਬਾਹਰ ਜਾਣ ਦਾ ਇਸ਼ਾਰਾ ਕਰ ਦਿਤਾ।
ਜੋ ਕੁਝ ਵਾਪਰ ਗਿਆ ਸੀ, ਉਸ ਨੂੰ ਉਸ ਬਾਰੇ ਕਦੀ ਤੌਖਲਾ ਹੀ ਨਹੀਂ ਸੀ ਹੋਇਆ। ਪਹਿਲੀ ਵਾਰ ਉਸ ਨੇ ਬੱਚੀਆਂ ਨੂੰ ਗਲ ਨਾਲ ਲਾਇਆ। ਪਛਤਾਵੇ ਦੀ ਅੱਗ ਵਿਚ ਲਹੂ ਚੋਣ ਲੱਗਾ। ਮਾਂ ਮਸ਼ੋਹਰ ਧੱਕੇ ਧੋੜੇ ਖਾਂਦੀਆਂ ਬੱਚੀਆਂ, ਰੁਲ ਖੁਲ ਪਲ ਗਈਆਂ। ਆਪ ਅਪਾਹਜ ਹੋ ਕੇ ਹੁਣ ਦਿਨ ਰਾਤ ਵ੍ਹੀਲ ਚੇਅਰ ਦਾ ਮੁਥਾਜ ਬਣਿਆ ਬੈਠਾ ਸੀ। ਉਹੀ ਉਸ ਦੇ ਅਗੇ ਪਿਛੇ ਨੱਸੀਆਂ ਫਿਰਦੀਆਂ। ਪੱਥਰਾਂ ਵਿਚੋਂ ਹੁਣ ਉਸ ਨੂੰ ਸੁੱਚੇ ਮੋਤੀ ਦਿਸਦੇ, ਪੋਹਲੀ ਦੇ ਕੰਡੇ ਨਹੀਂ। ਉਹਨੂੰ ਦੁਖ ਦੀਆਂ ਸਾਂਝਣਾਂ ਧੀਆਂ ਮੋਹ ਮਾਰੀਆਂ ਮਾਪਿਆਂ ਦੀਆਂ ਧਿਰਾਂ ਦਿਸਦੀਆਂ। ਉਹ ਚੰਡਾਲ ਵਾਂਗ ਆਪਣੇ ਆਪ ਨੂੰ ਹੀਣਤਾ ਦੀ ਭਾਵਨਾ ਨਾਲ ਗਰਕ ਜਾਣਾ ਚਾਹੁੰਦਾ। ਉਸ ਨੂੰ ਲਗਦਾ ਉਸ ਨੂੰ ਪਾਰਬਤੀ ਦੀ ਹਾਅ ਲੱਗੀ ਹੈ। ਉਸ ਦਾ ਹੀ ਸਰਾਪ ਲੱਗਾ ਹੈ। ਕਮੀਨੇ ਵਤੀਰੇ ਦਾ ਰੱਬ ਨੇ ਠੀਕ ਹੀ ਖਮਿਆਜ਼ਾ ਉਸ ਨੂੰ ਦਿਤਾ ਹੈ। ਪਾਰਬਤੀ ਦੇ ਕਦਮਾਂ ਉਤੇ ਡਿਗ ਕੇ ਮਾਫੀ ਮੰਗਣ ਲਈ ਤਰਸਦਾ। ਪਰ ਉਹ ਤਾਂ ਕਿਸੇ ਦੇਵੀ ਵਾਂਗ ਖਾਮੋਸ਼ ਜਬਰ ਜ਼ੁਲਮ ਨੂੰ ਸਹਿੰਦੀ ਕੂਚ ਕਰ ਗਈ ਸੀ। ਦਰਿਆ ਦੇ ਵਹਿਣ ਵਾਂਗ ਹੰਝੂ ਵਹਿ ਤੁਰੇ। ਉਸ ਦਾ ਧਾਹਾਂ ਮਾਰਨ ਨੂੰ ਜੀਅ ਕੀਤਾ। ਤੂਫਾਨ ਨੇ ਜਿਵੇਂ ਉਸ ਨੂੰ ਬੇਗਿਣਤ ਟੁਕੜਿਆਂ ਵਿਚ ਵੰਡ ਦਿਤਾ ਹੋਵੇ।
‘ਕੌਂਗਰੈਚੂਲੇਸ਼ਨਜ਼ ਡੈਡ’, ਜਿੰਦਰ ਮਠਿਆਈ ਦਾ ਡੱਬਾ ਉਸ ਵੱਲ ਅਗੇ ਵਧਾਉਂਦਿਆਂ ਬੋਲਿਆ। ਗੁਟਕੂੰ ਗੁਟਕੂੰ ਕਰਦੀ ਖੁਸ਼ੀ ਭਰੀ ਆਵਾਜ਼ ਨੇ ਉਸ ਨੂੰ ਜਿਵੇਂ ਪਤਾਲ ਤੋਂ ਧਰਤੀ ਉਤੇ ਲੈ ਆਂਦਾ ਹੋਵੇ। ਜਿੰਦਰ ਕਹਿ ਰਿਹਾ ਸੀ, ‘ਡੈਡ, ਬੇਬੀ ਗਰਲ ਇਜ਼ ਸੋ ਸਵੀਟ, ਸੋ ਨਾਈਸ, ਵੈਰੀ ਬਿਊਟੀਫੁੱਲ, ਲਾਈਕ ਏ ਲਿਟਲ ਏਂਜਲ!’ ਉਸ ਦੇ ਮੂੰਹੋਂ ਜਿਵੇਂ ਖੁਸ਼ੀ ਭਰੇ ਫੁੱਲ ਕਿਰ ਰਹੇ ਸਨ। ਉਸ ਨੂੰ ਲੱਗਾ ਜਿਵੇਂ ਉਸ ਸੁੰਦਰ ਨਰਸ ਦੇ ਬੋਲ ਜਿੰਦਰ ਨੇ ਅੱਜ ਦੁਹਰਾਏ ਹਨ।
ਆਪਣੀ ਸੌੜੀ ਸੋਚ ਉਤੇ ਉਸ ਨੂੰ ਸ਼ਰਮ ਆਈ। ਜਿੰਦਰ ਦੀ ਨਵੀਂ ਪੀੜ੍ਹੀ ਦੀ ਅਗਾਂਹਵਧੂ ਸੋਚਣੀ ਨਾਲ ਉਹ ਦਿਲੋਂ ਸਹਿਮਤ ਹੋਇਆ। ‘ਸਦਾ ਖੁਸ਼ ਰਹੋ, ਜਿਉਂਦੇ ਵਸਦੇ ਰਹੋ, ਮੇਰੇ ਵਰਗੇ ਉਜੱਡ, ਮੂੜ੍ਹ ਮੱਤੇ ਮਨੁੱਖ ਆਪਣੇ ਹੱਥੀਂ ਸਭ ਕੁਝ ਸਾੜ ਕੇ ਸੁਆਹ ਕਰ ਦਿੰਦੇ ਹਨ। ਧੀਆਂ ਨੂੰ ਮਾਣ ਬਖਸ਼ਣ ਵਾਲਿਉ, ਤੁਸੀਂ ਹੀ ਇਸ ਦੁਨੀਆਂ ਵਿਚ ਜਿਉਣ ਦੇ ਕਾਬਲ ਹੋ। ਨਵੀਂ ਸੋਚ ਦੇ ਮਾਲਕੋ, ਸਦਾ ਜੀਉ!’ ਉਸ ਨੇ ਪੈਰਾਂ ਵੱਲ ਉਲਰ ਰਹੇ ਜਿੰਦਰ ਦੀ ਪਿੱਠ ਉਤੇ ਥਾਪੀ ਦਿਤੀ।