ਨਿਊ ਯਾਰਕ: ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਪਰਵਾਸੀਆਂ ਦੀ ਬਾਲਵਰੇਸ ਆਮਦ ਨਾਲ ਜੁੜੇ ਪ੍ਰੋਗਰਾਮ (ਡੈਫਰਡ ਐਕਸ਼ਨ ਫਾਰ ਚਾਈਲਡਹੁੱਡ ਅਰਾਈਵਲਜ਼ ਜਾਂ ‘ਡੈਕਾ’ ਕਿਹਾ ਜਾਂਦਾ ਹੈ) ਦੀ ਸਮਾਪਤੀ ਬਾਰੇ ਹੁਕਮਾਂ ਨਾਲ ਬੇਚੈਨੀ ਦਾ ਮਾਹੌਲ ਵਧ ਗਿਆ ਹੈ। ‘ਡੈਕਾ’ ਪ੍ਰੋਗਰਾਮ ਉਨ੍ਹਾਂ ਪਰਵਾਸੀਆਂ ਦਾ ਜੱਦੀ ਮੁਲਕ ਵਾਪਸ ਭੇਜੇ ਜਾਣ ਤੋਂ ਬਚਾਅ ਕਰਦਾ ਸੀ ਜੋ ਬੱਚਿਆਂ ਵਜੋਂ ਅਮਰੀਕਾ ਵਿਚ ਗੈਰਕਾਨੂੰਨੀ ਤੌਰ ‘ਤੇ ਲਿਆਂਦੇ ਗਏ ਸਨ। ਇਨ੍ਹਾਂ ਅੱਠ ਲੱਖ ਦੇ ਕਰੀਬ ਯੁਵਾ ਪਰਵਾਸੀਆਂ ਨੂੰ ਹੁਣ ਅਮਰੀਕਾ ਤੋਂ ਖਾਰਜ ਕੀਤੇ ਜਾਣ ਦਾ ਖਤਰਾ ਹੈ।
ਭਾਵੇਂ ਰਾਸ਼ਟਰਪਤੀ ਟਰੰਪ ਨੇ ਆਪਣੇ ਫੁਰਮਾਨ ‘ਤੇ ਅਮਲ ਤੋਂ ਪਹਿਲਾਂ ਅਮਰੀਕੀ ਕਾਂਗਰਸ (ਸੰਸਦ) ਨੂੰ ਛੇ ਮਹੀਨਿਆਂ ਦੀ ਮੋਹਲਤ ਦਿੱਤੀ ਹੈ, ਪਰ ਇਹ ਯੁਵਾ ਪਰਵਾਸੀ ਰਾਹਤ ਦੀ ਘੱਟ ਹੀ ਉਮੀਦ ਕਰ ਰਹੇ ਹਨ। ਸਾਊਥ ਏਸ਼ੀਅਨ ਅਮੈਰਿਕਨਜ਼ ਲੀਡਿੰਗ ਟੂਗੈਦਰ (ਸਾਲਟ) ਦੇ ਅੰਦਾਜ਼ੇ ਮੁਤਾਬਕ ਬਾਲ ਅਵਸਥਾ ‘ਚ ਅਮਰੀਕਾ ਆਉਣ ਵਾਲੇ ਭਾਰਤੀਆਂ ਦੀ ਗਿਣਤੀ 20 ਹਜ਼ਾਰ ਤੋਂ ਵੱਧ ਹੋ ਸਕਦੀ ਹੈ।
ਦੱਸਿਆ ਜਾ ਰਿਹਾ ਹੈ ਕਿ 5500 ਭਾਰਤੀ ਤੇ ਪਾਕਿਸਤਾਨੀਆਂ ਸਮੇਤ 27 ਹਜ਼ਾਰ ਤੋਂ ਵੱਧ ਏਸ਼ੀਅਨ ਅਮੈਰਿਕਨਾਂ ਨੂੰ ਪਹਿਲਾਂ ਹੀ ‘ਡਾਕਾ’ ਬਾਰੇ ਨੋਟਿਸ ਮਿਲ ਚੁੱਕਾ ਹੈ। 17 ਹਜ਼ਾਰ ਭਾਰਤੀਆਂ ਅਤੇ 6 ਹਜ਼ਾਰ ਪਾਕਿਸਤਾਨੀਆਂ ਦੇ ‘ਡਾਕਾ’ ਦੀ ਮਾਰ ਹੇਠ ਆਉਣ ਦੀ ਸੰਭਾਵਨਾ ਹੈ। ਯਾਦ ਰਹੇ ਕਿ ਰਾਸ਼ਟਰਪਤੀ ਬਣਨ ਪਿੱਛੋਂ ਪਰਵਾਸੀਆਂ ਬਾਰੇ ਟਰੰਪ ਦਾ ਇਹ ਕੋਈ ਪਹਿਲਾ ਫਰਮਾਨ ਨਹੀਂ ਹੈ। ਟਰੰਪ ਨੇ ਰਾਸ਼ਟਰਪਤੀ ਚੋਣਾਂ ਵਿਚ ਪਰਵਾਸੀਆਂ ਦੀ ਆਮਦ ਨੂੰ ਲਗਾਮ ਲਾਉਣ ਨੂੰ ਮੁੱਖ ਮੁੱਦਾ ਬਣਾਇਆ ਸੀ ਤੇ ਤਰਕ ਦਿੱਤਾ ਸੀ ਕਿ ਗੈਰਕਾਨੂੰਨੀ ਪਰਵਾਸੀ ਨਾ ਸਿਰਫ ਅਮਰੀਕੀ ਨਾਗਰਿਕਾਂ ਦੀ ਰੋਜ਼ੀ ਖੋਹ ਰਹੇ ਹਨ ਸਗੋਂ ਘੱਟ ਉਜਰਤ ਉਤੇ ਕੰਮ ਕਰ ਕੇ ਉਨ੍ਹਾਂ ਨੇ ਕਿਰਤ ਬਾਜ਼ਾਰ ਵਿਚ ਮਿਹਨਤਾਨੇ ਦੀਆਂ ਦਰਾਂ ਵੀ ਡੇਗ ਦਿੱਤੀਆਂ ਹਨ। ਅਸਲ ਵਿਚ ਪਰਵਾਸੀ ਕਿਰਤੀਆਂ ਦਾ ਵਿਰੋਧ ਪਿਛਲੇ ਕਈ ਸਾਲਾਂ ਤੋਂ ਵਧਦਾ ਜਾ ਰਿਹਾ ਹੈ ਤੇ ਇਸ ਨੂੰ ਮੁੱਖ ਮੁੱਦਾ ਬਣਾ ਕੇ ਟਰੰਪ ਨੇ ਲਿਆ ਸੀ।
ਹੁਣ ਟਰੰਪ ਖੁਦ ਸਹੇੜੀ ਮੁਸੀਬਤ ਵਿਚ ਫਸੇ ਹੋਏ ਹਨ। ਇਕ ਪਾਸੇ ਆਪਣੇ ਵੋਟ ਬੈਂਕ ਨੂੰ ਬਰਕਰਾਰ ਰੱਖਣ ਦੀ ਲਾਲਸਾ ਹੈ, ਦੂਜੇ ਪਾਸੇ ਸਿਖਲਾਈਯਾਫਤਾ ਜਾਂ ਹੁਨਰਮੰਦ ਕਾਮੇ ਨਾ ਮਿਲਣ ਕਾਰਨ ਕੌਮੀ ਅਰਥਚਾਰੇ ਲਈ ਮੁਸੀਬਤਾਂ ਪੈਦਾ ਹੋਣ ਦਾ ਖਤਰਾ ਬਣਿਆ ਹੋਇਆ ਹੈ। ਅਮਰੀਕੀ ਕਾਰਪੋਰੇਟ ਜਗਤ ਦਾ ਹੁਣ ਵੀ ਇਹੋ ਮੱਤ ਹੈ ਕਿ ਦੇਸ਼ ਨੂੰ ਹੁਨਰਮੰਦ ਤੇ ਪ੍ਰਤਿਭਾਸ਼ਾਲੀ ਕਾਮਿਆਂ ਦੀਆਂ ਸੇਵਾਵਾਂ ਤੋਂ ਵਿਹੂਣਾ ਕਰਨਾ ਕੌਮੀ ਹਿੱਤ ਵਿਚ ਨਹੀਂ ਹੋਵੇਗਾ, ਖਾਸ ਤੌਰ ‘ਤੇ ਜਦੋਂ ਇਨ੍ਹਾਂ ਕਾਮਿਆਂ ਵਿਚੋਂ ਬਹੁਤੇ ਅਮਰੀਕਾ ਵਿਚ ਹੀ ਵੱਡੇ ਹੋਏ ਹਨ ਅਤੇ ਇਥੇ ਹੀ ਪੜ੍ਹੇ ਹਨ।
__________________________________
ਪਰਵਾਸੀਆਂ ਨੂੰ ਵਾਪਸ ਭੇਜਣ ਬਾਰੇ ਹੁਕਮਾਂ ਖਿਲਾਫ ਰੋਹ
ਨਿਊ ਯਾਰਕ: ਨੌਜਵਾਨ ਪਰਵਾਸੀਆਂ ਨੂੰ ਵਾਪਸ ਭੇਜਣ ਬਾਰੇ ਹੁਕਮਾਂ ਖਿਲਾਫ਼ ਹਜ਼ਾਰਾਂ ਲੋਕਾਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਕੌਮਾਂਤਰੀ ਹੋਟਲ ਤੇ ਟਾਵਰ ਦੇ ਬਾਹਰ ਰੈਲੀ ਕੱਢੀ ਤੇ ਪ੍ਰਦਰਸ਼ਨ ਕੀਤਾ। ਰੈਲੀ ਵਿਚ ਸ਼ਾਮਲ ਵੱਡੀ ਗਿਣਤੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਪ੍ਰੋਗਰਾਮ ਡੀæਏæਸੀæਏæ (ਬੱਚਿਆਂ ਦੇ ਦਾਖਲੇ ‘ਤੇ ਕੋਈ ਕਾਰਵਾਈ ਨਹੀਂ) ਦਾ ਫਾਇਦਾ ਹੋਇਆ ਹੈ। ਰੈਲੀ ਦੌਰਾਨ ਜਿਥੇ ਪ੍ਰਦਰਸ਼ਨਕਾਰੀਆਂ ਨੇ ‘ਕੋਈ ਵੀ ਗੈਰਕਾਨੂੰਨੀ ਨਹੀਂ’ ਤੇ ‘ਪਰਵਾਸੀਆਂ ਦਾ ਸਵਾਗਤ’ ਲਿਖੀਆਂ ਤਖਤੀਆਂ ਚੁੱਕੀਆਂ ਹੋਈਆਂ ਸੀ, ਉਥੇ ਉਨ੍ਹਾਂ ‘ਡੋਨਲਡ ਟਰੰਪ ਨੂੰ ਵਾਪਸ ਭੇਜੋ’ ਦੇ ਨਾਅਰੇ ਵੀ ਲਾਏ।
ਰੈਲੀ ਵਿਚ ਸ਼ਾਮਲ ਇੰਟੀਰੀਅਰ ਡਿਜ਼ਾਇਨਰ ਸਾਂਦਰਾ ਸਿਲਵਾ (28) ਨੇ ਕਿਹਾ ਕਿ ਉਹ 12 ਸਾਲ ਦੀ ਉਮਰੇ ਮੈਕਸਿਕੋ ਤੋਂ ਅਮਰੀਕਾ ਆਈ ਸੀ ਅਤੇ ਉਦੋਂ ਤੋਂ ਅਮਰੀਕਾ ‘ਚ ਹੈ। ਉਸ ਨੇ ਘਰਾਂ ਦੀ ਸਾਫ ਸਫਾਈ ਤੇ ਰੇਸਤਰਾਂ ‘ਚ 40 ਘੰਟੇ ਕੰਮ ਕਰ ਕੇ ਸਿਟੀ ਕਾਲਜ ‘ਚੋਂ ਆਰਕੀਟੈਕਚਰ ਦੀ ਡਿਗਰੀ ਹਾਸਲ ਕੀਤੀ ਹੈ। ਉਸ ਨੇ ਕਿਹਾ ਕਿ ਡੀæਏæਸੀæਏæ ਪ੍ਰੋਗਰਾਮ ਨੇ ਉਸ ਨੂੰ ਮੌਕਾ ਦਿੱਤਾ ਹੈ। ਸਿਲਵਾ ਨੇ ਕਿਹਾ ਕਿ ਉਹ ਪ੍ਰੋਗਰਾਮ ਖਤਮ ਕੀਤੇ ਜਾਣ ਤੋਂ ਗੁੱਸੇ ‘ਚ ਹੈ।
__________________________________
ਫੈਸਲੇ ਖਿਲਾਫ ਕਾਨੂੰਨੀ ਮਾਹਰਾਂ ਦਾ ਤਰਕ
ਨਿਊ ਯਾਰਕ: ਟਰੰਪ ਦੇ ਫੈਸਲੇ ‘ਤੇ ਕਾਨੂੰਨੀ ਮਾਹਰ ਵੀ ਸਵਾਲ ਚੁੱਕ ਰਹੇ ਹਨ। ਉਨ੍ਹਾਂ ਦਾ ਤਰਕ ਹੈ ਕਿ ਬਚਪਨ ਵਿਚ ਇਸ ਧਰਤੀ ਉਤੇ ਪੈਰ ਧਰਨ ਸਮੇਂ ਇਨ੍ਹਾਂ ਯੁਵਾ ਅਵਾਸੀਆਂ ਨੇ ਕੋਈ ਕਾਨੂੰਨ ਨਹੀਂ ਤੋੜਿਆ ਸੀ। ਇਨ੍ਹਾਂ ਵਿਚੋਂ ਜ਼ਿਆਦਾਤਰ ਜਵਾਨ ਮੁੰਡੇ ਤੇ ਕੁੜੀਆਂ ਕਦੇ ਆਪਣੇ ਜਨਮ ਵਾਲੇ ਮੁਲਕ ਨਹੀਂ ਗਏ ਹਨ ਅਤੇ ਕਈਆਂ ਨੂੰ ਤਾਂ ਉਥੋਂ ਦੀ ਭਾਸ਼ਾ ਵੀ ਨਹੀਂ ਆਉਂਦੀ। ਇਸ ਤਰ੍ਹਾਂ ਇਹ ਇਨ੍ਹਾਂ ਜਵਾਨ ਲੋਕਾਂ ਤੋਂ ਉਸ ਮੁਲਕ ਵਿਚੋਂ ਰਹਿਣ ਦਾ ਅਧਿਕਾਰ ਖੋਹਣਾ ਹੈ, ਜੋ ਸਿਰਫ ਉਸ ਨੂੰ ਹੀ ਜਾਣਦੇ ਹਨ।
__________________________________
ਟਰੰਪ ਖਿਲਾਫ 15 ਅਮਰੀਕੀ ਸੂਬਿਆਂ ਵੱਲੋਂ ਮੁਕੱਦਮਾ
ਨਿਊ ਯਾਰਕ: ਅਮਰੀਕੀ ਸਦਰ ਡੋਨਲਡ ਟਰੰਪ ਦੇ ਫੈਸਲੇ ਖਿਲਾਫ਼ ਮੁਲਕ ਦੇ 15 ਸੂਬਿਆਂ ਅਤੇ ਕੋਲੰਬੀਆ ਜ਼ਿਲ੍ਹੇ ਨੇ ਮੁਕੱਦਮਾ ਦਾਇਰ ਕੀਤਾ ਹੈ। ਨਿਊ ਯਾਰਕ ਸੂਬੇ ਦੇ ਅਟਾਰਨੀ ਜਨਰਲ ਨੇ ਇਨ੍ਹਾਂ ਪਰਵਾਸੀਆਂ ਨੂੰ ‘ਅਮਰੀਕਾ ਲਈ ਬਹੁਤ ਵਧੀਆ’ ਕਰਾਰ ਦਿੱਤਾ ਹੈ। ਬਰੂਕਲਿਨ ਦੀ ਫੈਡਰਲ ਅਦਾਲਤ ਵਿਚ ਦਾਇਰ ਮੁਕੱਦਮੇ ਵਿਚ ਇਸ ਗੈਰਕਾਨੂੰਨੀ ਫੈਸਲੇ ਨੂੰ ਰੱਦ ਕਰਨ ਦੀ ਬੇਨਤੀ ਕੀਤੀ ਗਈ ਹੈ। ਇਹ ਮੁਕੱਦਮਾ ਦਾਇਰ ਕਰਨ ਵਾਲੇ ਸਾਰੇ ਸੂਬੇ ਡੈਮੋਕ੍ਰੈਟਿਕ ਪਾਰਟੀ ਦੀ ਹਕੂਮਤ ਵਾਲੇ ਹਨ, ਜਿਥੇ ਅਜਿਹੇ ਪਰਵਾਸੀਆਂ ਦੀ ਗਿਣਤੀ ਹਜ਼ਾਰਾਂ ਤੋਂ ਲੱਖਾਂ ਤੱਕ ਵਿੱਚ ਹੈ। ਇਨ੍ਹਾਂ ਸੂਬਿਆਂ ਵਿਚ ਨਿਊ ਯਾਰਕ ਤੋਂ ਇਲਾਵਾ ਮੈਸਾਚਿਊਸੈਟਸ, ਵਾਸ਼ਿੰਗਟਨ, ਕਨੈਕਟੀਕਟ, ਡੈਲਾਵੇਅਰ, ਕੋਲੰਬੀਆ ਜ਼ਿਲ੍ਹਾ, ਹਵਾਈ, ਇਲੀਨੋਇਸ, ਨਿਊ ਮੈਕਸਿਕੋ, ਉਤਰੀ ਕੈਰੋਲਾਈਨਾ, ਇਓਵਾ, ਓਰੇਗੌਨ, ਪੈਨਸਿਲਵੇਨੀਆ, ਰੋਡ ਆਈਲੈਂਡ, ਵਰਮੌਂਟ ਤੇ ਵਰਜੀਨੀਆ ਸ਼ਾਮਲ ਹਨ।