ਸਿੱਖ ਸੰਸਥਾਵਾਂ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿਚ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਡੇਰਾ ਸਿਰਸਾ ਦੇ ਪ੍ਰੇਮੀ ਬਣੇ ਸਿੱਖਾਂ ਵੱਲੋਂ ਕੀਤੇ ਕੁਝ ਖੁਲਾਸੇ ਜਥੇਦਾਰਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ ‘ਤੇ ਵੱਡੇ ਸਵਾਲ ਖੜ੍ਹੇ ਕਰ ਰਹੇ ਹਨ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀਆਂ ਨਾਲ ਜਬਰ ਜਨਾਹ ਦੇ ਦੋਸ਼ ਵਿਚ 20 ਸਾਲ ਦੀ ਸਜ਼ਾ ਪਿੱਛੋਂ ਇਨ੍ਹਾਂ ਪ੍ਰੇਮੀਆਂ ਨੇ ਪੰਥ ਵਾਪਸੀ ਦੀ ਇੱਛਾ ਜ਼ਾਹਰ ਕਰਦਿਆਂ ਇਹੀ ਕਿਹਾ ਹੈ ਕਿ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਸੀ ਤੇ ਉਨ੍ਹਾਂ ਅਣਸਰਦੇ ਨੂੰ ਡੇਰੇ ਦਾ ਰੁਖ ਕੀਤਾ ਸੀ।

ਡੇਰੇ ਨੇ ਉਨ੍ਹਾਂ ਦੀ ਹਰ ਲੋੜ ਪੂਰੀ ਕੀਤੀ। ਉਨ੍ਹਾਂ ਦੇ ਬੱਚਿਆਂ ਨੂੰ ਸਸਤੀ ਸਿੱਖਿਆ, ਸਿਹਤ ਸਹੂਲਤਾਂ, ਸਸਤਾ ਭੋਜਨ, ਰੁਜ਼ਗਾਰ ਤੇ ਮਾਣ ਸਨਮਾਨ ਦਿੱਤਾ। ਹੁਣ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਭਾਵੇਂ ਇਨ੍ਹਾਂ ਪ੍ਰੇਮੀਆਂ ਨੂੰ Ḕਘਰ ਵਾਪਸੀ’ ਦਾ ਸੱਦਾ ਦੇ ਰਹੇ ਹਨ, ਪਰ ਇਹ ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਤੋਂ ਭੱਜ ਰਹੇ ਹਨ ਕਿ ਇੰਨੇ ਵੱਡੇ ਬਜਟ ਵਾਲੀ ਇਹ ਸਿੱਖ ਸੰਸਥਾ ਆਰਥਿਕ ਪੱਖੋਂ ਥੁੜ੍ਹੇ ਅਜਿਹੇ ਸਿੱਖ ਪਰਿਵਾਰਾਂ ਦੀ ਬਾਂਹ ਫੜਨ ਵਿਚ ਕਿਉਂ ਨਾਕਾਮ ਰਹੀ?
ਅਸਲ ਵਿਚ, ਸ਼੍ਰੋਮਣੀ ਕਮੇਟੀ ਹਰ ਸਾਲ ਕਰੋੜਾਂ ਰੁਪਏ ਧਰਮ ਪ੍ਰਚਾਰ ‘ਤੇ ਖਰਚ ਕਰਨ ਦਾ ਦਾਅਵਾ ਕਰਦੀ ਹੈ, ਪਰ ਭਾਈਚਾਰੇ ਦੇ ਲੋੜਵੰਦਾਂ ਵੱਲ ਇਸ ਦਾ ਧਿਆਨ ਘੱਟ ਹੀ ਗਿਆ ਹੈ। ਇਹੀ ਕਾਰਨ ਹੈ ਕਿ ਪਿਛਲੇ ਵਰ੍ਹੇ ਸਿਕਲੀਗਰ ਸਿੱਖ ਨੇ ਸ਼੍ਰੋਮਣੀ ਕਮੇਟੀ ਕੋਲ ਡਾਢਾ ਗਿਲਾ ਕਰਦਿਆਂ ਕਿਹਾ ਸੀ ਕਿ ਇਕੱਲੇ ਧਰਮ ਪ੍ਰਚਾਰ ਨਾਲ ਉਨ੍ਹਾਂ ਦਾ ਢਿੱਡ ਨਹੀਂ ਭਰਨਾ, ਸਿੱਖ ਸੰਸਥਾ ਉਨ੍ਹਾਂ ਦੇ ਗੁਰਬਤ ਮਾਰੇ ਪਰਿਵਾਰਾਂ ਦੀ ਬਾਂਹ ਫੜੇ। ਇਸ ਪਿੱਛੋਂ ਸ਼੍ਰੋਮਣੀ ਕਮੇਟੀ ਦੀ ਜਾਗ ਖੁੱਲ੍ਹੀ ਤੇ ਕੁਝ ਪਰਿਵਾਰਾਂ ਦੀ ਆਰਥਿਕ ਮਦਦ ਦੇ ਨਾਲ-ਨਾਲ ਉਨ੍ਹਾਂ ਦੀ ਸਿੱਖਿਆ ਤੇ ਹੋਰ ਲੋੜਾਂ ਦਾ ਜ਼ਿੰਮਾ ਚੁੱਕਿਆ। ਸ਼੍ਰੋਮਣੀ ਕਮੇਟੀ ਹਮੇਸ਼ਾ ਇਨ੍ਹਾਂ ਦੋਸ਼ਾਂ ਵਿਚ ਘਿਰੀ ਰਹੀ ਹੈ ਕਿ ਉਹ ਲੋੜਵੰਦਾਂ ਦੀ ਮਦਦ ਦੀ ਥਾਂ ਸਿਆਸੀ ਪੁਸ਼ਤਪਨਾਹੀ ਵੱਧ ਕਰਦੀ ਆਈ ਹੈ। ਇਸ ਦੇ ਸਿੱਖਿਆ ਅਦਾਰਿਆਂ ਵਿਚ ਲੋੜਵੰਦਾਂ ਦੀ ਥਾਂ ਸਿਫਾਰਸ਼ੀਆਂ ਦੇ ਬੱਚੇ ਵੱਧ ਪੜ੍ਹਦੇ ਹਨ। ਇਥੋਂ ਤੱਕ ਕਿ ਗੁਰਦੁਆਰਾ ਕਮੇਟੀਆਂ ਵਿਚ ਵੀ ਪ੍ਰਧਾਨਗੀਆਂ ਇਸ ਅਹੁਦੇ ਹੱਕਦਾਰਾਂ ਦੀ ਥਾਂ ਰਸੂਖਦਾਰਾਂ ਹਿੱਸੇ ਆਉਂਦੀਆਂ ਹਨ। ਅਕਾਲ ਤਖਤ ਵੱਲੋਂ ਡੇਰਾ ਸਿਰਸਾ ਦੇ ਬਾਈਕਾਟ ਦਾ ਹੁਕਮਨਾਮਾ ਜਾਰੀ ਕੀਤਾ ਹੋਇਆ ਹੈ, ਪਰ ਜਥੇਦਾਰਾਂ ‘ਤੇ ਇਹ ਕਦੇ ਲਾਗੂ ਨਹੀਂ ਹੋਇਆ। ਇਹੀ ਕਾਰਨ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਵਾਲੇ ਡੇਰਾ ਮੁਖੀ ਨੂੰ ਸਿਰਫ ਇਕ ਸਿਆਸੀ ਇਸ਼ਾਰੇ ‘ਤੇ ਹੀ ਮੁਆਫ ਕਰ ਦਿੱਤਾ ਗਿਆ।
ਹੁਣ ਭਾਵੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੱਖ ਪਰਿਵਾਰਾਂ ਨੂੰ Ḕਘਰ ਵਾਪਸੀ’ ਦਾ ਸੱਦਾ ਦੇ ਰਹੇ ਹਨ, ਪਰ ਪੰਥਕ ਹਲਕਿਆਂ ਵਿਚ ਉਨ੍ਹਾਂ ਦੀ ਰੱਜ ਕੇ ਨੁਕਤਾਚੀਨੀ ਹੋ ਰਹੀ ਹੈ। ਪੰਥਕ ਤੇ ਸਿਆਸੀ ਗਲਿਆਰਿਆਂ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਡੇਰਾ ਵਿਵਾਦ ਸਬੰਧੀ ਅਕਾਲੀ ਦਲ ਤੇ ਖਾਸ ਕਰ ਕੇ ਜਥੇਦਾਰ ਦੀ ਭੂਮਿਕਾ ‘ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਪੰਥਕ ਧਿਰਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਜਥੇਦਾਰ ਨੂੰ ਅਹੁਦੇ ਤੋਂ ਹਟਾਏ ਜਾਣ ਦੀ ਮੰਗ ਫਿਰ ਜ਼ੋਰ ਫੜ ਰਹੀ ਹੈ। ਯੂਨਾਈਟਿਡ ਅਕਾਲੀ ਦਲ, ਬਰਖਾਸਤ ਕੀਤੇ ਗਏ ਪੰਜ ਪਿਆਰਿਆਂ ਅਤੇ ਦਲ ਖਾਲਸਾ ਤੋਂ ਇਲਾਵਾ ਕਈ ਗਰਮਖਿਆਲ ਧੜੇ ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਜਥੇਦਾਰ ਖਿਲਾਫ ਤਿੱਖੀ ਬਿਆਨਬਾਜ਼ੀ ਕਰ ਰਹੇ ਹਨ। ਦਰਅਸਲ, ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਮਗਰੋਂ ਜਥੇਦਾਰ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਹੁਣ ਆਪਣੀ Ḕਘਰ ਵਾਪਸੀ’ ਕਰਨ ਤੇ ਡੇਰੇ ਨੂੰ ਛੱਡ ਕੇ ਗੁਰੂ ਦੇ ਲੜ ਲੱਗ ਜਾਣ।
ਇਸ ਅਪੀਲ ਪਿੱਛੋਂ ਸਿੱਖ ਜਥੇਬੰਦੀਆਂ ਨੇ ਆਖਿਆ ਹੈ ਕਿ ਲੋਕਾਂ ਦੀ Ḕਘਰ ਵਾਪਸੀ’ ਕਰਵਾਉਣ ਤੋਂ ਪਹਿਲਾਂ ਜਥੇਦਾਰ ਖੁਦ ਆਪਣੀ ਘਰ ਵਾਪਸੀ ਕਰਨ ਤੇ ਲੋਕਾਂ ਨੂੰ ਜਵਾਬ ਦੇਣ ਕਿ ਡੇਰਾ ਮੁਖੀ ਵੱਲੋਂ ਭੇਜੀ ਚਿੱਠੀ ਤੋਂ ਬਾਅਦ ਉਸ ਨੂੰ ਮੁਆਫੀ ਦੇਣਾ ਉਨ੍ਹਾਂ ਦੀ ਕੀ ਮਜਬੂਰੀ ਸੀ। ਸਿੱਖ ਜਥੇਬੰਦੀਆਂ ਦਾ ਇਲਜ਼ਾਮ ਹੈ ਕਿ ਡੇਰਾ ਮੁਖੀ ਨੂੰ ਮੁਆਫੀ ਦੇਣ ਤੋਂ ਬਾਅਦ ਸਮੁੱਚਾ ਸਿੱਖ ਪੰਥ ਮੌਜੂਦਾ ਜਥੇਦਾਰਾਂ ਨੂੰ ਨਕਾਰ ਚੁੱਕਿਆ ਹੈ। ਇਸ ਲਈ ਹੁਣ ਸਮਾਂ ਹੈ ਕਿ ਜਥੇਦਾਰ ਖੁਦ ਡੇਰਾ ਮੁਖੀ ਦੇ ਮੁਆਫੀਨਾਮੇ ਦੀ ਸੱਚਾਈ ਲੋਕਾਂ ਤੱਕ ਲਿਆਉਣ ਤੇ ਸਿੱਖ ਪੰਥ ਕੋਲੋਂ ਮੁਆਫੀ ਮੰਗ ਕੇ ਜਥੇਦਾਰ ਦੇ ਅਹੁਦੇ ਤੋਂ ਅਸਤੀਫਾ ਦੇ ਦੇਣ ਨਹੀਂ ਤਾਂ ਲੋਕਾਂ ਵੱਲੋਂ ਕੀਤਾ ਜਾ ਰਿਹਾ ਵਿਰੋਧ ਹੁਣ ਹੋਰ ਵਧ ਸਕਦਾ ਹੈ।